Sunday, 5 January 2020

ਹਿੰਦੂਤਵੀ ਜਨੂੰਨੀਆਂ ਨੇ ਨਾਰਵੇ ਦੀ ਯਾਤਰੀ ਨੂੰ ਭਾਰਤ 'ਚੋਂ ਕੱਢਿਆ

ਹਿੰਦੂਤਵੀ ਜਨੂੰਨੀਆਂ ਨੇ ਨਾਰਵੇ ਦੀ ਯਾਤਰੀ ਨੂੰ ਭਾਰਤ 'ਚੋਂ ਕੱਢਿਆ
27 ਦਸੰਬਰ ਨੂੰ ਕੇਰਲਾ ਦੇ ਕੋਚੀ ਸਥਿਤ ਰੀਜਨਲ ਰਜਿਸਟਰੇਸ਼ਨ ਆਫਿਸ ਵੱਲੋਂ ਨਾਰਵੇ ਦੀ ਯਾਤਰੀ ਨੂੰ ''ਵੀਜ਼ਾ ਕਾਨੂੰਨਾਂ ਦੀ ਉਲੰਘਣਾ'' ਦੇ ਦੋਸ਼ ਤਹਿਤ ਭਾਰਤ 'ਚੋਂ ਬਾਹਰ ਕੱਢ ਦਿੱਤਾ ਗਿਆ। ਨਾਰਵੇ ਦੀ 74 ਸਾਲਾ ਨਰਸ ਜੰਨੇ-ਮੇਟੈ ਜੌਹਨਸਨ ਅਕਤੂਬਰ ਮਹੀਨੇ ਭਾਰਤ ਆਈ ਸੀ। ਉਸਨੇ ਕੇਰਲਾ ਦੇ ਕੋਚੀ ਹਵਾਈ ਅੱਡੇ ਦੇ ਨਜ਼ਦੀਕ ਨਾਗਰਿਕਾ ਸੋਧ ਕਾਨੂੰਨ ਦੇ ਖਿਲਾਫ ''ਲੋਕਾਂ ਦਾ ਲੰਮਾ ਕੂਚ'' ਮੁਜਾਹਰੇ ਵਿੱਚ ਹਿੱਸਾ ਲਿਆ ਸੀ। ਉਸ ਨੇ ਇਸ ਮੁਜਾਹਰੇ ਦੀਆਂ ਫੋਟੋਆਂ ਖਿੱਚ ਕੇ ਆਪਣੇ ਦੋਸਤਾਂ ਨੂੰ ਭੇਜੀਆਂ ਤੇ ਆਪਣੀ ਫੇਸਬੁੱਕ 'ਤੇ ਚਾੜ੍ਹ ਦਿੱਤੀਆਂ ਤੇ ਹੇਠਾਂ ਲਿਖ ਦਿੱਤਾ ਕਿ ਮੁਜਾਹਰਾਕਾਰੀ ''ਬਾਹਾਂ ਚੁੱਕ ਚੁੱਕ ਕੇ ਨਾਹਰੇ ਲਾ ਰਹੇ ਸਨ''। ਪੁਲਸ ਨੇ ਉਸ ਦੇ ਹੋਟਲ ਵਾਲੇ ਕਮਰੇ ਨੂੰ ਘੇਰ ਲਿਆ ਅਤੇ ਉਸ ਦੀਆਂ ਖਿੱਚੀਆਂ ਫੋਟੋਆਂ ਨੂੰ ਨਸ਼ਟ ਕਰ ਦਿੱਤਾ ਅਤੇ ਉਸ ਨੂੰ ਹੁਕਮ ਚਾੜ੍ਹਿਆ ਕਿ ਉਹ ਫੌਰੀ ਤੌਰ 'ਤੇ ਦੇਸ਼ ਛੱਡ ਜਾਵੇ। ਜਦੋਂ ਉਸ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਨੂੰ ਦੇਸ਼ ਛੱਡਣ ਦਾ ਹੁਕਮ ਲਿਖਤੀ ਤੌਰ 'ਤੇ ਦਿੱਤਾ ਜਾਵੇ ਤਾਂ ਅਧਿਕਾਰੀਆਂ ਨੇ ਲਿਖਤੀ ਤੌਰ 'ਤੇ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ। ਜਦੋਂ ਉਸ ਨੇ ਲਿਖਤੀ ਰੂਪ ਵਿੱਚ ਦੇਣ ਬਾਰੇ ਜ਼ੋਰ ਪਾਇਆ ਤਾਂ ਉਸ ਨੂੰ ਧਮਕੀ ਦਿੱਤੀ ਕਿ ਉਹ ਜਾਂ ਤਾਂ ਦੇਸ਼ ਛੱਡ ਜਾਵੇ ਨਹੀਂ ਤਾਂ ਉਸ ਨੂੰ ਫੜ ਕੇ ਜੇਲ੍ਹ ਵਿੱਚ ਡੱਕ ਦਿੱਤਾ ਜਾਵੇਗਾ। ਇੱਕ ਪੁਲਸ ਅਫਸਰ ਦੀ ਉਸ 'ਤੇ ਡਿਊਟੀ ਲਾ ਦਿੱਤੀ ਕਿ ਜਿੰਨੀ ਦੇਰ ਤੱਕ ਉਹ ਦੇਸ਼ ਨਹੀਂ ਛੱਡਦੀ ਓਨੀ ਦੇਰ ਤੱਕ ਉਸਦਾ ਖਹਿੜਾ ਨਹੀਂ ਛੱਡਣਾ। ਜੌਹਨਸਨ 2014 ਤੋਂ ਹੁਣ ਤੱਕ ਪੰਜ ਵਾਰੀ ਭਾਰਤ ਆਈ ਹੈ। ਇਸ ਵਾਰ ਉਸ ਨੇ ਕੇਰਲਾ ਵਿੱਚ ਕੋਚੀ ਵਿਖੇ ਕਰਿਸਮਸ ਮੌਕੇ ਮਨਾਏ ਜਾ ਰਹੇ ਇੱਕ ਸਭਿਆਚਾਰਕ ਮੇਲੇ ਨੂੰ ਵੇਖਣ ਦਾ ਮਨ ਬਣਾਇਆ ਹੋਇਆ ਸੀ। ਲੋਕਾਂ ਦਾ ਮੁਜਾਹਰਾ ਵੇਖ ਕੇ ਉਸ ਨੇ ਇਸ ਵਿੱਚ ਹਿੱਸਾ ਲਿਆ। ਭਾਰਤ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਤੋਂ ਉਹ ਹੈਰਾਨ ਸੀ ਕਿ ਲੋਕ ਨਾਗਰਿਕਤਾ ਸੋਧ ਕਾਨੂੰਨ ਦਾ ਐਨਾ ਵਿਰੋਧ ਕਿਉਂ ਕਰ ਰਹੇ ਹਨ। ਉਸ ਨੇ ਆਪਣੀ ਫੇਸਬੁੱਕ 'ਤੇ ਨਾਜ਼ੀਵਾਦੀਆਂ ਵੱਲੋਂ ਅਪਣਾਏ ਅੰਨ੍ਹੇ ਕੌਮਵਾਦ ਵਿੱਚੋਂ ਫੁੱਟੇ ਫਾਸ਼ੀਵਾਦ ਸਬੰਧੀ ਗਰੇਗੋਰੀ ਸਟਾਨਟਨ ਦੀ ਇੱਕ ਟੂਕ ਚਾੜ੍ਹੀ ਹੋਈ ਸੀ, ''ਕੌਮਵਾਦ ਜਦੋਂ ਸਿਖਰਾਂ ਛੂਹ ਜਾਂਦਾ ਹੈ ਤਾਂ ਇਹ ਫਾਸ਼ੀਵਾਦ ਅਤੇ ਨਾਜ਼ੀਵਾਦ ਬਣ ਜਾਂਦਾ ਹੈ। ਹੁਣ ਹਰ ਮੁਸਲਿਮ, ਅਮੀਰ ਹੋਵੇ ਜਾਂ ਗਰੀਬ ਫਿਕਰਮੰਦ ਹੈ।''

No comments:

Post a Comment