Sunday, 5 January 2020

ਫੈਜ਼ ਦਾ ''ਹਮ ਦੇਖੇਂਗੇ'' ਗੀਤ ਹਿੰਦੂਤਵੀ ਜਨੂੰਨੀਆਂ ਦੇ ਸੀਨੇ ਖੰਜਰ ਬਣ ਖੁੱਭਿਆ

ਫੈਜ਼ ਦਾ ''ਹਮ ਦੇਖੇਂਗੇ'' ਗੀਤ ਹਿੰਦੂਤਵੀ ਜਨੂੰਨੀਆਂ ਦੇ ਸੀਨੇ ਖੰਜਰ ਬਣ ਖੁੱਭਿਆ
ਕਾਨਪੁਰ ਦੀ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਦੇ ਇੱਕ ਪ੍ਰੋਫੈਸਰ ਨੇ ਪੁਲਸ ਕੋਲ ਰਪਟ ਦਰਜ਼ ਕਰਵਾਈ ਹੈ ਕਿ ਇੱਥੋਂ ਦੇ ਵਿਦਿਆਰਥੀ ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਕੇ ''ਦੇਸ਼ ਵਿਰੁੱਧ ਨਫਰਤ ਫੈਲਾ'' ਰਹੇ ਹਨ। ਸ਼ਿਕਾਇਤ ਕਰਤਾ ਨੂੰ ਵਿਦਿਆਰਥੀਆਂ ਵੱਲੋਂ ਫੈਜ਼ ਅਹਿਮਦ ਫੈਜ਼ ਦੇ ਲਿਖੇ ਗੀਤ ਦੇ ਬੋਲ ਰੜਕ ਰਹੇ ਸਨ। ਫੈਜ਼ ਦੇ ਗੀਤ ਦੇ ਬੋਲ ਸਨ:
''ਜਬ ਅਰਜ-ਏ-ਖੁਦਾ ਕੇ ਕਾਅਬੇ ਸੇ, ਸਭ ਬੁੱਤ ਉਠਵਾਏ ਜਾਏਂਗੇ
ਹਮ ਅਹਿਲ-ਏ-ਸਫਾ ਮਰਦੂਦ-ਏ-ਹਰਮ, ਮਸਨਦ ਪੇ ਬਿਠਾਏ ਜਾਏਂਗੇ
ਸਭ ਤਾਜ ਉਛਾਲੇ ਜਾਏਂਗੇ, ਸਬ ਤਖ਼ਤ ਗਿਰਾਏ ਜਾਏਂਗੇ''
''ਹਮ ਦੇਖੇਂਗੇ!''
1986 ਵਿੱਚ ਇਕਬਾਲ ਬਾਨੋ ਵੱਲੋਂ ਗਾਇਆ ਇਹ ਦੁਨੀਆਂ ਭਰ ਦੇ ਵਿਦਰੋਹੀਆਂ ਲਈ ਇੱਕ ਕੌਮਾਂਤਰੀ ਗੀਤ ਬਣ ਗਿਆ ਸੀ। ਲਾਹੌਰ ਦੀ ਅੱਲਾਮਰਾ ਆਰਟਸ ਕੌਂਸਲ ਵਿਖੇ ਇਕਬਾਲ ਬਾਨੋਂ ਇਹ ਗੀਤ 13 ਫਰਵਰੀ 1986 ਨੂੰ ਸਟੇਜ ਤੋਂ ਫੈਜ਼ ਦੇ ਪੋਤਰੇ ਅਲੀ ਮਦੀਹ ਹਾਸ਼ਮੀ ਦੀ ਸਿਫਾਰਸ਼ 'ਤੇ ਗਾਇਆ ਸੀ। ਇਹ ਗੀਤ ਐਨਾ ਖਿੱਚ-ਪਾਊ ਸਾਬਤ ਹੋਇਆ ਕਿ ਲੋਕਾਂ ਨੇ ਵਾਰ ਵਾਰ ਇਸ ਗੀਤ ਨੂੰ ਸੁਣਨ ਦੀਆਂ ਸਿਫਾਰਸ਼ਾਂ ਕੀਤੀਆਂ। ਇਕਬਾਲ ਬਾਨੋ ਨੇ ਇਹ ਗੀਤ ਹਰ ਵਾਰ ਵੱਧ ਸ਼ਿੱਦਤ ਨਾਲ ਪੇਸ਼ ਕੀਤਾ। ਇੱਕ ਤਾਂ ਗੀਤ ਦਾ ਲੇਖਕ ਸਿਰੇ ਦਾ ਮੰਨਿਆ ਹੋਇਆ ਵਿਦਵਾਨ ਸੀ, ਦੂਸਰੇ ਜਦੋਂ ਗਾਇਕਾ ਨੂੰ ਲੋਕਾਂ ਦੀਆਂ ਤਾੜੀਆਂ ਦੀ ਗੂੰਜ ਦਾ ਰਿਦਮ ਮਿਲਿਆ ਤਾਂ ਇਹ ਗੀਤ ਹੋਰ  ਤੋਂ ਕੁੱਝ ਹੋਰ ਬਣ ਗਿਆ। ਲੋਕਾਂ ਦੀਆਂ ਤਾੜੀਆਂ ਨਾਲ ਧਰਤੀ ਅਸਮਾਨ ਝੂਮਦੇ ਪ੍ਰਤੀਤ ਹੁੰਦੇ ਸਨ। ਚੱਲਦੇ ਗੀਤ ਵਿੱਚ ਲੋਕ ''ਇਨਕਲਾਬ-ਜ਼ਿੰਦਾਬਾਦ'' ਦੇ ਨਾਹਰੇ ਲਾਉਣ ਲੱਗ ਪੈਂਦੇ। ਕਿੰਨੀ ਕਿੰਨੀ ਦੇਰ ਤੱਕ ਨਾਹਰੇ ਗੂੰਜਦੇ ਰਹਿੰਦੇ। ਜਦੋਂ ਇਕਬਾਲ ਬਾਨੋ ਫੇਰ ਗੀਤ ਸ਼ੁਰੂ ਕਰਦੀ ਤਾਂ ਹਰੇਕ ਫਿਕਰੇ 'ਤੇ ਤਾੜੀਆਂ ਹੀ ਤਾੜੀਆਂ ਗੂੰਜਦੀਆਂ, ਨਾਹਰੇ ਹੀ ਨਾਹਰੇ ਗੂੰਜਦੇ ਰਹੇ। ਕਿੰਨੀ ਹੀ ਦੇਰ ਲੋਕਾਂ ਨੇ ਇਸ ਗੀਤ ਨੂੰ ਆਪਣਾ ਗੀਤ ਮੰਨ ਗਾਇਆ। ਇਸ ਸਮੇਂ ਦੀ ਸੁਰ-ਤਾਲ ਸੁਣਨ ਵਾਲਿਆਂ ਲਈ ਵੱਖਰਾ ਨਜ਼ਾਰਾ ਅਤੇ ਆਨੰਦ ਪੇਸ਼ ਕਰਦੀ ਸੀ। ਇਸ ਗੀਤ ਦਾ ਜਦੋਂ ਇਹ ਫਿਕਰਾ ਸਾਹਮਣੇ ਆਇਆ ਕਿ ''ਸਭ ਤਾਜ ਉਛਾਲੇ ਜਾਏਂਗੇ, ਸਬ ਤਖ਼ਤ ਗਿਰਾਏ ਜਾਏਂਗੇ'' ਤਾਂ ਲੋਕਾਂ ਦਾ ਜੋਸ਼ ਸਭ ਤੋਂ ਉੱਪਰਲੀਆਂ ਬੁਲੰਦੀਆਂ 'ਤੇ ਪਹੁੰਚਿਆ ਸੀ। ਕਿਸੇ ਨੇ ਇਹ ਗੀਤ ਰਿਕਾਰਡ ਕਰ ਲਿਆ। 
ਲਾਹੌਰ ਦੇ ਹਾਲ ਵਿੱਚ ਗੀਤ ਦੀਆਂ ਉੱਠੀਆਂ ਗੂੰਜਾਂ ਪਾਕਿਸਤਾਨ ਦੀ ਰਾਜਧਾਨੀ ਤੱਕ ਪਹੁੰਚ ਗਈਆਂ। ਫੌਜੀ ਹਾਕਮਾਂ ਨੇ ਹੁਕਮ ਚਾੜ੍ਹ ਦਿੱਤੇ ਕਿ ਜਿਹਨਾਂ ਪ੍ਰਬੰਧਕਾਂ ਨੇ ਇਸ ਸਮਾਗਮ ਦਾ ਆਯੋਜਨ ਕੀਤਾ ਸੀ, ਉਹਨਾਂ ਨੂੰ ਸਬਕ ਸਿਖਾਇਆ ਜਾਵੇ। ਕਿੰਨੇ ਹੀ ਲੋਕਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਤਾੜ ਦਿੱਤਾ ਗਿਆ ਸੀ। ਇਸ ਗੀਤ ਦੀਆਂ ਲਿਖਤਾਂ ਕਿਤੇ ਵੀ ਹਾਸਲ ਹੋਈਆਂ ਸਭ ਨਸ਼ਟ ਕਰ ਦਿੱਤੀਆਂ ਗਈਆਂ। ਇਕਬਾਲ ਬਾਨੋ ਦੇ ਹੋਰਨਾਂ ਗੀਤਾਂ ਦੀਆਂ ਕੈਸਿਟਾਂ ਵੀ ਤਬਾਹ ਕਰ ਦਿੱਤੀਆਂ ਗਈਆਂ। ਫੈਜ਼ ਅਹਿਮਦ ਫੈਜ਼ ਨੇ ਇਹ ਗੀਤ ਪਾਕਿਸਤਾਨ ਵਿੱਚ ਫੌਜੀ ਰਾਜ ਦੇ ਖਿਲਾਫ ਲਿਖਿਆ ਸੀ ਜਿੱਥੇ ਲੋਕਾਂ ਦੇ ਲਿਖਣ, ਬੋਲਣ, ਵਿਚਾਰ ਪ੍ਰਗਟ ਕਰਨ, ਜਲਸੇ-ਜਲੂਸ ਕੱਢਣ 'ਤੇ ਪਾਬੰਦੀਆਂ ਲਾਈਆਂ ਹੋਈਆਂ ਸਨ। ਪਾਕਿਸਤਾਨ ਦੇ ਫੌਜੀ ਸਾਸ਼ਕ ਜ਼ਿਆ-ਉੱਲ ਹੱਕ ਨੇ 1977 ਇੱਕ ਫੌਜੀ ਰਾਜ ਪਲਟਾ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ ਨੂੰ ਫਾਸੀ ਚਾੜ੍ਹ ਦਿੱਤਾ ਸੀ। ਸਤੰਬਰ 1978 ਵਿੱਚ ਉਸ ਨੇ ਆਪਣੇ ਆਪ ਨੂੰ ਪਾਕਿਸਤਾਨ ਦਾ ਰਾਸ਼ਟਰਪਤੀ ਐਲਾਨ ਦਿੱਤਾ ਸੀ। 
''ਹਮ ਦੇਖੇਂਗੇ''  ਗੀਤ ਨੂੰ ਪਾਕਿਸਤਾਨ ਵਿੱਚ ਗਾਉਣ, ਛਪਵਾਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਪਰ ਇਸ ਗੀਤ ਦੀ ਰਿਕਾਡਿੰਗ ਜਦੋਂ ਕਿਸੇ ਰਾਹੀਂ ਡੁਬਈ ਪਹੁੰਚੀ ਤਾਂ ਇਸ ਕੈਸਿਟ ਦੀਆਂ ਕਾਪੀਆਂ ਕਰਵਾ ਕੇ ਵੰਡੀਆਂ ਗਈਆਂ ਅਤੇ ਅਗਾਂਹ ਲੋਕਾਂ ਨੇ ਇੱਕ-ਦੂਜੇ ਕੋਲੋਂ ਕਾਪੀਆਂ ਕਰਕੇ ਇਸ ਗੀਤ ਨੂੰ ਅਮਰ ਕਰ ਦਿੱਤਾ। ਪਾਕਿਸਤਾਨ ਸਮੇਤ ਉਰਦੂ ਭਾਸ਼ੀ ਲੋਕਾਂ ਵੱਲੋਂ ਦੱਖਣੀ ਏਸ਼ੀਆ ਦੇ ਸਾਰੇ ਦੇਸ਼ਾਂ ਵਿੱਚ ਇਹ ਗੀਤ ਆਪਣੇ ਗੀਤ ਵਜੋਂ ਗਾਇਆ ਜਾਂਦਾ ਹੈ। 
ਜਿਵੇਂ ਕਿਰਤੀ ਲੋਕਾਂ ਲਈ ਲਿਖੇ ਯੂਜ਼ੀਨ ਪੋਤੀਏ ਦੇ ''ਕੌਮਾਂਤਰੀ'' ਪ੍ਰਸਿੱਧੀ ਹਾਸਲ ਕੀਤੀ ਸੀ ਉਸੇ ਹੀ ਤਰ੍ਹਾਂ ਜਿਹੜੇ ਵੀ ਗੀਤ ਲੁੱਟ-ਜਬਰ, ਅਨਿਆਂ-ਧੱਕੇ ਦੇ ਖਿਲਾਫ ਲਿਖੇ ਜਾਂਦੇ ਰਹੇ ਹਨ, ਉਹ ਲੋਕਾਂ ਵਿੱਚ ਆਪਣੀ ਥਾਂ ਬਣਾ ਜਾਂਦੇ ਰਹੇ ਹਨ। ਅਮਰੀਕੀ ਲੋਕ-ਗਾਇਕ ਅਤੇ ਸਮਾਜੀ ਕਾਰਕੁੰਨ ਪੀਟ ਸੀਗਰ ਨੇ ਅਜਿਹੇ ਗੀਤਾਂ ਸਬੰਧੀ ਲਿਖਿਆ ਸੀ,  ''ਮੇਰੇ ਦੋਸਤੋ, ਗੀਤ ਤਾਂ ਮੂੰਹੋਂ-ਮੂੰਹੀ ਫੈਲਦੇ ਰਹਿੰਦੇ ਹਨ। ਗੀਤ ਸਰਹੱਦਾਂ ਪਾਰ ਕਰ ਜਾਂਦੇ ਹਨ। ਗੀਤ ਜੇਲ੍ਹਾਂ ਵਿੱਚੋਂ ਫੁੱਟ ਪੈਂਦੇ ਹਨ। ਗੀਤ ਪਿੰਜਰੇ ਤੋੜ ਜਾਂਦੇ ਹਨ। ਸਹੀ ਸਮੇਂ 'ਤੇ ਗਾਇਆ ਸਹੀ ਗੀਤ ਇਤਿਹਾਸ ਬਦਲ ਦਿੰਦਾ ਹੈ।'' ਫੈਜ਼ ਦੇ ਗੀਤ ਨੇ ਵੀ ਆਪਣੀ ਥਾਂ ਬਣਾਈ ਸੀ। ਹਰਿਆਣੇ ਸੂਬੇ ਦੇ ਰੋਹਤਕ ਵਿੱਚ ਜਨਮੀ ਇਕਬਾਲ ਬਾਨੋ ਨੇ ਜਦੋਂ ਇਹ ਗੀਤ ਗਾਇਆ ਸੀ ਤਾਂ ਉਸ ਤੋਂ ਦੋ ਸਾਲ  ਬਾਅਦ ਪਾਕਿਸਤਾਨ ਦਾ ਰਾਸ਼ਟਰਪਤੀ ਜ਼ਿਆ-ਉੱਲ ਹੱਕ ਇੱਕ ਜਹਾਜ਼ ਹਾਦਸੇ ਵਿੱਚ ਮਾਰਿਆ ਗਿਆ ਸੀ। 
ਫੈਜ਼ ਦੇ ''ਹਮੇ ਦੇਖੇਂਗੇ'' ਗੀਤ ਦੀ ਚੋਭ ਤੋਂ ਹਿੰਦੂਤਵੀਆਂ ਨੂੰ ਤਿੱਖਾ-ਸੂਲ ਉੱਠਿਆ ਹੈ। ਉਹ ਅਜਿਹੇ ਅਮਰ ਗੀਤ ਨੂੰ ਖਤਮ ਕਰਨ ਦਾ ਭਰਮ ਪਾਲਦੇ ਹਨ, ਪਰ ਇੱਕ ਕਵੀ ਦੇ ਇਹਨਾਂ ਬੋਲਾਂ ਵਾਂਗ ''ਉਹ ਹਟਾਂਦੇ ਬੜਾ ਮੈਨੂੰ ਗੀਤ ਗਾਉਣ ਤੋਂ, ਗੀਤ ਬੁੱਲਾਂ 'ਤੇ ਆਏ ਤਾਂ ਮੈਂ ਕੀ ਕਰਾਂ?'' ਗੀਤ ਗਾਏ ਹੀ ਜਾਂਦੇ ਰਹੇ ਹਨ ਅਤੇ ਗਾਏ ਹੀ ਜਾਂਦੇ ਰਹਿਣਗੇ, ਗੀਤ ਨੂੰ ਗਾਉਣ ਤੋਂ ਹਟਾਉਣ ਵਾਲੇ ਹਟ ਜਾਂਦੇ ਰਹੇ ਹਨ, ਭਾਰਤੀ ਲੋਕ ਹਿੰਦੂਤਵੀਆਂ ਨੂੰ ਸਬਕ ਸਿਖਾ ਕੇ ਹੀ ਰਹਿਣਗੇ।  

No comments:

Post a Comment