ਸੱਤ ਸਾਲ ਪਹਿਲਾਂ ਛੱਤੀਸਗੜ੍ਹ ਵਿੱਚ ਰਚਾਏਝੂਠੇ ਪੁਲਸ ਮੁਕਾਬਲੇ ਦੀ ਅਸਲੀਅਤ
28-29 ਜੁਨ 2012 ਦੀ ਦਰਮਿਆਨੀ ਰਾਤ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਸਰਕੇਗੁੜਾ ਪਿੰਡ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਅਤੇ ਸੂਬਾਈ ਪੁਲਸ ਦੇ ਅਮਲੇ ਵੱਲੋਂ ''ਖੁਫੀਆ'' ਜਾਣਕਾਰੀ 'ਤੇ ਆਧਾਰਤ 200 ਜਵਾਨਾਂ ਵੱਲੋਂ ਕੀਤੇ ਹਮਲੇ ਵਿੱਚ 17 ''ਮਾਓਵਾਦੀ'' ਮਾਰੇ ਜਾਣ ਦਾ ਦਾਅਵਾ ਕੀਤਾ ਗਿਆ। ਇਸ ਅਪ੍ਰੇਸ਼ਨ ਦੀ ਅਗਵਾਈ ਡੀ.ਆਈ.ਜੀ. ਐਸ.ਏਨਾਗੋ ਕਰ ਰਿਹਾ ਸੀ। ਇਸ ਮੁਕਾਬਲੇ ਵਿੱਚ ਮਾਰੇ ਗਏ ''ਚੋਟੀ'' ਦੇ ''ਨਕਸਲੀਆਂ'' ਵਿੱਚ ਕੇਂਦਰੀ ਗ੍ਰਹਿ ਮੰਤਰੀ ਚਿਦੰਬਰਮ ਅਨੁਸਾਰ ਮਹੇਸ਼, ਨਗੇਸ਼ ਅਤੇ ਸੁਮੂਲੂ ਸ਼ਾਮਲ ਸਨ। ਇਸ 'ਮੁਕਾਬਲੇ' ਨੂੰ ਸੂਬਾਈ ਭਾਰਤੀ ਜਨਤਾ ਪਾਰਟੀ ਦੀ ਰਮਨ ਸਿੰਘ ਦੀ ਅਗਵਾਈ ਸਰਕਾਰ ਅਤੇ ਕੇਂਦਰੀ ਹਕੂਮਤ ''ਵੱਡੇ ਮਾਓਵਾਦੀ ਮੁਕਾਬਲੇ'' ਵਜੋਂ ਦਰਸਾਇਆ ਸੀ। ਇਹ ਗੱਲ ਵੱਖਰੀ ਹੈ ਕਿ ਜਦੋਂ ਹਕੀਕਤ ਸਾਹਮਣੇ ਆਈ ਤਾਂ ਚਿਦੰਬਰਮ ਨੂੰ ਮੁਆਫੀ ਮੰਗਣੀ ਪਈ, ਕਿਉਂਕਿ ਮਰਨ ਵਾਲਿਆਂ ਵਿੱਚ ਮਹੇਸ਼ ਨਾਂ ਦਾ ਕੋਈ ਵਿਅਕਤੀ ਹੈ ਹੀ ਨਹੀਂ ਸੀ। ਕਾਕਾ ਨਗੇਸ਼ 10ਵੀਂ ਵਿੱਚ ਪੜ੍ਹਦਾ ਵਿਦਿਆਰਥੀ ਸੀ, ਜਿਸ 'ਤੇ ਇੱਕ ਪੁਲਸ ਕੇਸ 12 ਸਾਲ ਦੀ ਉਮਰ ਵਿੱਚ ਤੇ ਦੂਸਰਾ ਕੇਸ 14 ਸਾਲ ਦੀ ਉਮਰ ਵਿੱਚ ਪਾਇਆ ਗਿਆ ਸੀ। ਮਾਰੇ ਗਏ ''ਨਕਸਲੀਆਂ'' ਵਿੱਚ ਬੀਜ ਉਤਸਵ ਮਨਾਉਣ ਲਈ ਢੋਲ ਵਜਾਉਣ ਆਇਆ 32 ਸਾਲਾਂ ਦੀ ਉਮਰ ਦਾ ਢੋਲੀ ਮਦਕਮ ਨਗੇਸ਼ ਵੀ ਸ਼ਾਮਲ ਸੀ।ਭਾਰਤ ਦੇ ਫੌਜੀ ਬਲਾਂ ਨੇ ਸਰਕੇਗੁੜਾ ਦਾ ਜਿਹੜਾ ਝੂਠਾ ਪੁਲਸ ਮੁਕਾਬਲਾ ਰਚਿਆ ਵਿੱਚ ਮਰਨ ਵਾਲਿਆਂ ਵਿੱਚ ਕਾਕਾ ਸਰਸਵਤੀ ਅਤੇ ਕਾਕਾ ਨਗੇਸ਼ ਦੇ 12 ਸਾਲਾਂ ਦੀ ਉਮਰ ਦੇ ਦੋ ਲੜਕੇ, ਇਰਪਾ ਸੁਰੇਸ਼ ਅਤੇ ਹਪਕਾ ਮਿੱਟੂ ਦੋਵੇਂ 15 ਸਾਲ ਦੇ ਸਨ। 17 ਸਾਲਾਂ ਦੇ ਕੁੰਜਮ ਮਾਲਾ ਅਤੇ 16 ਸਾਲਾਂ ਦੇ ਕੋਰਸਾ ਬਿਕਮ ਨੂੰ ਵੀ ਹੋਰਨਾਂ ''ਚੋਟੀ'' ਦੇ ਨਕਸਲੀਆਂ ਵਿੱਚ ਦਰਸਾਇਆ ਗਿਆ ਸੀ। ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਸੰਘਣੇ ਜੰਗਲ ਵਿੱਚ ਪਹੁੰਚੇ ਤਾਂ ਉੱਥੇ ਨਕਸਲੀਆਂ ਦੀ ਮੀਟਿੰਗ ਚੱਲ ਰਹੀ ਸੀ। ਸੁਰੱਖਿਆ ਬਲਾਂ ਨੂੰ ਦੇਖ ਕੇ ਉਹਨਾਂ ਗੋਲੀ ਚਲਾ ਦਿੱਤੀ, ਜਿਸ ਕਾਰਨ 6 ਜਵਾਨ ਜਖਮੀ ਹੋ ਗਏ। ਸੁਰੱਖਿਆ ਬਲਾਂ ਵੱਲੋਂ ਸਵੈ-ਰਾਖੀ ਵਿੱਚ ਕੀਤੀ ਗਈ ਗੋਲੀਬਾਰੀ ਵਿੱਚ ਸਾਰੇ ਨਕਸਲੀ ਮਾਰੇ ਗਏ।
ਸੁਰੱਖਿਆ ਬਲਾਂ ਵੱਲੋਂ ਘੜੇ ਮੁਕਾਬਲੇ ਦੀ ਛੱਤੀਸਗੜ੍ਹ ਵਿੱਚ ਬਹੁਤ ਚਰਚਾ ਹੋਈ ਸੀ। ਰਮਨ ਸਿੰਘ ਦੀ ਭਾਜਪਾ ਹਕੂਮਤ ਨੇ ਤਾਂ ਇਸ ਦੀ ਅਸਲੀਅਤ ਉੱਤੇ ਮਿੱਟੀ ਹੀ ਪਾ ਰੱਖੀ ਸੀ, ਪਰ ਪਿਛਲੀ ਅਸੈਂਬਲੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਸਥਾਨਕ ਆਗੂ ਇਸ ਮੁਕਾਬਲੇ ਦੀ ਚਰਚਾ ਕਰਦੇ ਹੋਏ ਇਸ ਦੀ ਉੱਚ-ਪੱਧਰੀ ਜਾਂਚ ਕਰਵਾਉਣ ਦੇ ਐਲਾਨ ਕਰਦੇ ਰਹੇ। ਇਸ ਸਮੇਂ ਭੁਪੇਸ਼ ਬਘੇਲ ਦੀ ਅਗਵਾਈ ਵਾਲੀ ਸਥਾਨਕ ਕਾਂਗਰਸ ਹਕੂਮਤ ਨੇ ਮੱਧ ਪ੍ਰਦੇਸ਼ ਦੇ ਸਾਬਕਾ ਜੱਜ ਵੀ.ਕੇ. ਅਗਰਵਾਲ ਕੋਲੋਂ ਇਸ ਕੇਸ ਦੀ ਜਾਂਚ ਕਰਵਾਉਣ ਲਈ ਇੱਕ ਮੈਂਬਰੀ ਕਮਿਸ਼ਨ ਬਣਾਇਆ ਗਿਆ। ਪਿੰਡ ਦੇ ਲੋਕਾਂ ਦੀ ਨੁਮਾਇੰਦਗੀ ਜਗਲਾਗ (ਜਗਦਲਪੁਰ ਲੀਗਲ ਏਡ ਗਰੁੱਪ) ਦੇ ਯੁੱਗ ਚੌਧਰੀ, ਸ਼ਾਲਿਨੀ ਗੇਰਾ ਅਤੇ ਵਕੀਲ ਸੁਧਾ ਭਾਰਦਵਾਜ ਨੇ ਕੀਤੀ, ਜਿਸ ਨੂੰ ਹੁਣ ਭੀਮਾ ਕੋਰੇਗਾਉਂ ਕੇਸ ਵਿੱਚ ਫਸਾਇਆ ਹੋਇਆ ਹੈ।
ਹਕੂਮਤ ਨੇ ਕਮਿਸ਼ਨ ਕੋਲੋਂ ਇਹਨਾਂ ਸੱਤ ਸਵਾਲਾਂ ਦੀ ਵਿਆਖਿਆ ਮੰਗੀ ਸੀ ਕਿ ''ਕੀ 28 ਅਤੇ 29 ਜੂਨ 2012 ਦੀ ਰਾਤ ਨੂੰ ਬੀਜਾਪੁਰ ਜ਼ਿਲ੍ਹੇ ਦੇ ਬਰਸਾਗੁੜਾ ਪੁਲਸ ਥਾਣੇ ਦੇ ਪਿੰਡ ਸਰਕੇਗੁੜਾ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ ਸੀ? ਇਹ ਘਟਨਾ ਕਦੋਂ ਤੇ ਕਿਵੇਂ ਵਾਪਰੀ ਸੀ? ਕੀ ਸੁਰੱਖਿਆ ਬਲਾਂ, ਨਕਸਲੀਆਂ ਜਾਂ ਇਹਨਾਂ ਤੋਂ ਬਿਨਾ ਕੋਈ ਹੋਰ ਮਰਿਆ ਜਾਂ ਜਖ਼ਮੀ ਹੋਇਆ ਸੀ? ਉਹ ਕਿਹੜੀਆਂ ਹਾਲਤਾਂ ਸਨ, ਜਿਹਨਾਂ ਵਿੱਚ ਉਸ ਰਾਤ ਸੁਰੱਖਿਆ ਬਲਾਂ ਨੂੰ ਇਹ ਕਾਰਵਾਈ ਕਰਨੀ ਪਈ? ਇਹ ਕਾਰਵਾਈ/ਅਪ੍ਰੇਸ਼ਨ ਕਰਨ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਕੀ ਢੁਕਵੇਂ ਕਦਮ ਚੁੱਕੇ ਸਨ ਅਤੇ ਸਾਵਧਾਨੀਆਂ ਵਰਤੀਆਂ ਸਨ? ਉਹ ਕਿਹੜੀਆਂ ਹਾਲਤਾਂ ਸਨ, ਜਿਹਨਾਂ ਵਿੱਚ ਸੁਰੱਖਿਆ ਬਲਾਂ ਨੂੰ ਗੋਲੀ ਚਲਾਉਣੀ ਪਈ, ਜਾਂ ਇਸ ਨੂੰ ਰੋਕਿਆ ਕਿਉਂ ਨਹੀਂ ਜਾ ਸਕਿਆ? ਭਵਿੱਖ ਲਈ ਕਿਹੋ ਜਿਹੀਆਂ ਸਿਫਾਰਸ਼ਾਂ ਦੀ ਜ਼ਰੂਰਤ ਹੈ?''
ਜਾਂਚ ਕਮਿਸ਼ਨ ਨੇ ਇਹ ਆਖਿਆ ਹੈ ਕਿ ਛੱਤੀਸਗੜ੍ਹ ਵਿੱਚ ਫਸਲ ਦੀ ਬਿਜਾਈ ਤੋਂ ਪਹਿਲਾਂ ਅਕਸਰ ਹੀ ਬੀਜ ਉਤਸਵ ਮਨਾਏ ਜਾਂਦੇ ਹਨ। ਇਸ ਕਬਾਇਲੀ ਇਲਾਕੇ ਵਿੱਚ ਕੋਟਾਗੁੜਾ, ਰਾਜਪੇਂਟਾ ਅਤੇ ਸਰਕੇਗੁੜਾ ਪਿੰਡਾਂ ਦੇ ਲੋਕ ਇਹਨਾਂ ਪਿੰਡਾਂ ਦੇ ਵਿਚਕਾਰਲੀ ਸਾਂਝੀ ਥਾਂ 'ਤੇ ਅਗਲੇ ਦਿਨ ਬੀਜ ਉਤਸਵ ਮਨਾਉਣ ਰਾਤ ਨੂੰ ਤਿਆਰੀ ਕਰ ਰਹੇ ਸਨ। ਇਸ ਸਬੰਧੀ ਇੱਕ ਸਮਾਜ ਵਿਗਿਆਨੀ ਨੰਦਨੀ ਸੁੰਦਰ ਨੇ ਆਪਣੀ ਕਿਤਾਬ ''ਬਰਨਿੰਗ ਫਾਰੈਸਟ: ਇੰਡੀਆਜ਼ ਵਾਰ ਇਨ ਬਸਤਰ'' ਵਿੱਚ ਲਿਖਿਆ ਹੈ, ''28 ਦੀ ਰਾਤ ਨੂੰ ਉਹਨਾਂ ਦੀ ਮੀਟਿੰਗ ਕੀਤੀ ਜਾ ਰਹੀ ਸੀ, ਜਿਹਨਾਂ ਕੋਲ ਕੋਈ ਡੰਗਰ-ਪਸ਼ੂ ਨਹੀਂ ਹਨ, ਜਾਂ ਜਿਹਨਾਂ ਘਰਾਂ ਨੂੰ ਸਿਰਫ ਔਰਤਾਂ ਹੀ ਸਾਂਭਦੀਆਂ ਹਨ ਤਾਂ ਕਿ ਉਹ ਅਗਲੀ ਫਸਲ ਬੀਜ ਸਕਣ।'' 2005 ਵਿੱਚ ਜਦੋਂ ਇਸ ਇਲਾਕੇ ਵਿੱਚ ਹਕੂਮਤੀ ਗਲਿਆਰਿਆਂ ਵੱਲੋਂ ਸਲਵਾ ਜੁਦਮ ਚਲਾ ਕੇ ਪਿੰਡਾਂ ਨੂੰ ਸਾੜ ਦਿੱਤਾ ਗਿਆ ਸੀ ਤਾਂ ਲੋਕ 2009 ਵਿੱਚ ਵਾਪਸ ਆਏ ਸਨ, ਜਿਹਨਾਂ ਕੋਲ ਖੇਤੀ ਕਰਨ ਵਾਲੇ ਡੰਗਰ-ਪਸ਼ੂ ਨਹੀਂ ਸਨ।
ਇਸ ਕਮਿਸ਼ਨ ਨੇ ਆਪਣੀ ਜਾਂਚ ਵਿੱਚ ਮੰਨਿਆ ਕਿ ਸੁਰੱਖਿਆ ਬਲਾਂ ਵੱਲੋਂ ਵਿਖਾਇਆ ਮੁਕਾਬਲਾ ਕੋਰਾ ਝੂਠ ਹੈ। ਕਿਸੇ ਵੀ ਕਿਸਮ ਦਾ ਕੋਈ ਸਬੂਤ ਅਜਿਹਾ ਨਹੀਂ ਮਿਲਿਆ ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਮਰਨ ਜਾਂ ਜਖ਼ਮੀ ਹੋਣ ਵਾਲਿਆਂ ਵਿੱਚੋਂ ਕੋਈ ਇੱਕ ਵੀ ਨਕਸਲੀ ਹੋਵੇ। ਜਿਹੜੇ ਸੁਰੱਖਿਆ ਅਮਲੇ ਦੇ ਜਵਾਨ ਜਖ਼ਮੀ ਹੋਏ ਹਨ, ਉਹ ਰਾਤ ਦੇ ਹਨੇਰੇ ਵਿੱਚ ਬੁਖਲਾਹਟ ਵਿੱਚ ਕੀਤੀ ਆਪਸੀ ਗੋਲੀਬਾਰੀ ਦਾ ਨਤੀਜਾ ਹੀ ਸਨ। ਸੁਰੱਖਿਆ ਬਲਾਂ ਦੇ ਦਾਅਵਿਆਂ ਦੇ ਉਲਟ ਮਾਰੇ ਗਏ ਪੇਂਡੂਆਂ ਵਿੱਚੋਂ 6 ਦੇ ਸਿਰਾਂ ਵਿੱਚ ਗੋਲੀਆਂ ਲੱਗੀਆਂ ਸਨ। 11 ਵਿਅਕਤੀਆਂ ਦੇ ਧੜ ਵਿੱਚ ਗੋਲੀਆਂ ਵੱਜੀਆਂ ਸਨ। 10 ਬੰਦਿਆਂ ਦੀਆਂ ਪਿੱਠਾਂ ਵਿੱਚ ਗੋਲੀਆਂ ਵੱਜੀਆਂ ਸਨ, ਜਿਹੜੇ ਆਤਮ ਰੱਖਿਆ ਦੀ ਖਾਤਰ ਦੌੜੇ ਸਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੌੜੇ ਜਾ ਰਹੇ ਵਿਅਕਤੀਆਂ ਤੋਂ ਕੋਈ ਖਤਰਾ ਨਹੀਂ ਹੁੰਦਾ, ਗੋਲੀ ਚਲਾਉਣੀ ਉੱਕਾ ਹੀ ਵਾਜਬ ਨਹੀਂ ਸੀ। ਕਮਿਸ਼ਨ ਨੇ ਆਖਿਆ ਹੈ ਕਿ ਸੁਰੱਖਿਆ ਬਲਾਂ 'ਤੇ ਪੇਂਡੂਆਂ ਵੱਲੋਂ ਗੋਲੀ ਦੀ ਕਹਾਣੀ ਘੜੀ ਗਈ ਹੈ ਜਿਹੜੀ ਉੱਕਾ ਹੀ ਝੂਠੀ ਹੈ। ਇਸ ਮਾਮਲੇ ਵਿੱਚ ਮੁਢਲੀ ਰਿਪੋਰਟ ਲਿਖਵਾਉਣ ਵਾਲਾ ਇਬਰਾਹੀਮ ਖਾਨ ਪੁਲਸ ਪਾਰਟੀ ਵਿੱਚ ਖੁਦ ਸ਼ਾਮਲ ਸੀ ਅਤੇ ਉਹੀ ਬਾਅਦ ਵਿੱਚ ਜਾਂਚ ਅਫਸਰ ਬਣਾਇਆ ਗਿਆ। ਉਸ ਨੇ ਘਟਨਾ ਦੇ ਪੂਰੇ ਵੇਰਵੇ ਦਰਜ਼ ਨਹੀਂ ਕੀਤੇ ਅਤੇ ਬਰਾਮਦ ਕੀਤੀਆਂ ਵਸਤਾਂ ਨੂੰ ਸੀਲ ਬੰਦ ਕਰਕੇ ਵੀ ਨਹੀਂ ਸੀ ਰੱਖਿਆ ਗਿਆ। ਇਬਰਾਹੀਮ ਖਾਨ ਨੇ ਬਾਅਦ ਵਿੱਚ ਵੀ ਵੇਰਵਿਆਂ ਵਿੱਚ ਰੱਦੋਬਦਲ ਕੀਤੀ ਹੈ। ਮੁਕਾਬਲਾ ਵਿਖਾਇਆ ਗਿਆ ਹੈ, ਇਹ ਇੱਕਪਾਸੜ ਤੇ ਬਿਨਾ ਕਿਸੇ ਭੜਕਾਹਟ ਤੋਂ ਕੀਤੀ ਗਈ ਗੋਲੀਬਾਰੀ ਸੀ। ਜਾਂਚ ਕਮਿਸ਼ਨ ਨੇ ਸੁਰੱਖਿਆ ਬਲਾਂ ਨੂੰ ਕਿਸੇ ਵੀ ਕਿਸਮ ਦੀ ਸਜ਼ਾ ਦੀ ਸਿਫਾਰਸ਼ ਨਹੀਂ ਕੀਤੀ ਬਲਕਿ ਐਨਾ ਕੁ ਸੁਝਾਅ ਜ਼ਰੂਰ ਦਿੱਤਾ ਹੈ ਕਿ ਛੋਟੀ-ਮੋਟੀ ਹਿੱਲਜੁੱਲ ਤੋਂ ਤ੍ਰਿਭਕ ਕੇ ਐਵੇਂ ਗੋਲੀਆਂ ਨਹੀਂ ਸਨ ਚਲਾਉਣੀਆਂ ਚਾਹੀਦੀਆਂ।
ਕਮਿਸ਼ਨ ਨੇ ਇਹ ਦੱਸਿਆ ਹੈ ਕਿ ਛੱਤੀਸਗੜ੍ਹ ਵਿੱਚ ਇਹ ਕੋਈ ਪਹਿਲੀ ਕਿਸਮ ਦਾ ਮੁਕਾਬਲਾ ਨਹੀਂ ਸੀ ਬਲਕਿ ਇਸ ਤੋਂ ਪਹਿਲਾਂ ਵੀ ਅਜਿਹੇ ਮੁਕਾਬਲੇ ਹੁੰਦੇ ਰਹੇ ਹਨ। 2009 ਵਿੱਚ ਜਦੋਂ ਤੋਂ ਅਪਰੇਸ਼ਨ ਗਰੀਨ ਹੰਟ ਸ਼ੁਰੂ ਕੀਤਾ ਗਿਆ ਹੈ, ਉਦੋਂ ਤੋਂ ਸਲਵਾ ਜੁਦਮ ਦੇ ਮੁਕਾਬਲੇ ਕਿਤੇ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ। ਮਾਰਚ 2011 ਵਿੱਚ ਤਦਮੇਤਲਾ, ਤੀਮਾਪੁਰਮ ਅਤੇ ਮੋਰਪੱਲੀ ਪਿੰਡਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ ਸੀ। 2013 ਵਿੱਚ ਬੀਜਾਪੁਰ ਦੇ ਏਦੇਸਮੇਤਾ ਪਿੰਡ ਵਿੱਚ 8 ਵਿਅਕਤੀਆਂ ਨੂੰ ਮਾਰ ਦਿੱਤਾ ਗਿਆ ਸੀ। ਅਕਤੂਬਰ 2015 ਤੋਂ ਮਾਰਚ 2016 ਵਿੱਚ 40 ਦੇ ਕਰੀਬ ਔਰਤਾਂ 'ਤੇ ਜਿਨਸੀ ਹਮਲੇ ਕੀਤੇ ਗਏ। ਅਗਸਤ 2018 ਵਿੱਚ ਸੁਕਮਾ ਦੇ ਨੁਲਕਾਤੋਂਗ ਵਿੱਚ ਡਿਸਟ੍ਰਿਕਟ ਰਿਜ਼ਰਵ ਗਾਰਡ ਅਤੇ ਸਪੈਸ਼ਨ ਟਾਸਕ ਫੋਰਸ ਵੱਲੋਂ 15 ਪੇਂਡੂਆਂ ਨੂੰ ਮਾਰ ਦਿੱਤਾ ਗਿਆ ਸੀ। ਕੋਂਟਾ ਦੇ ਗੋਮਪੜ ਪਿੰਡ ਵਿੱਚ ਕੰਘਾ ਕਰੂ ਮੁਹਿੰਮ ਦੌਰਾਨ 9 ਪੇਂਡੂਆਂ ਨੂੰ ਮਾਰ ਦਿੱਤਾ ਗਿਆ ਸੀ। ਮੁਕਾਬਲੇ ਵਿੱਚ ਮਾਰੀ ਗਈ ਕੱਤਮ ਕੰਨੀ ਨੂੰ ਬੇਪਰਦ ਕਰਕੇ, ਬਲਾਤਕਾਰ ਕੀਤਾ ਗਿਆ ਉਸਦੇ ਦੁੱਧ ਚੁੰਘਦੇ ਬੱਚੇ ਦੇ ਹੱਥ ਦੀਆਂ ਤਿੰਨ ਉਂਗਲਾਂ ਵੱਢਕੇ ਰੋਂਦੇ ਨੂੰ ਮਾਂ ਦੀ ਛਾਤੀ 'ਤੇ ਸੁੱਟ ਦਿੱਤਾ ਗਿਆ ਸੀ।
No comments:
Post a Comment