Saturday, 29 April 2017

ਪਿੰਡ ਮਹਿਰਾਜ (ਬਠਿੰਡਾ) ਦੇ ਦੋ ਸੀਵਰੇਜ ਸਫਾਈ ਮਜ਼ਦੂਰਾਂ ਦੀ ਹੋਈ ਮੌਤ

ਅੱਤ ਦੀ ਅਣਗਹਿਲੀ ਅਤੇ ਰੰਜਿਸ਼ ਕਾਰਨ, ਪਿੰਡ ਮਹਿਰਾਜ (ਬਠਿੰਡਾ) ਦੇ ਦੋ ਸੀਵਰੇਜ ਸਫਾਈ ਮਜ਼ਦੂਰਾਂ ਦੀ ਹੋਈ ਮੌਤ ਦੇ ਖਿਲਾਫ ਸੰਘਰਸ਼ ਦੀ ਰਿਪੋਰਟ
18 ਮਾਰਚ ਨੂੰ ਸਵੇਰੇ, ਪਿੰਡ ਮਹਿਰਾਜ ਦੇ ਸੀਵਰੇਜ ਟੈਂਕ ਅੰਦਰਲੀ ਖਰਾਬ ਹੋਈ ਮੋਟਰ, ਉਪਰੋਂ ਆਏ ਹੁਕਮ ਤਹਿਤ, ਰਵੀ ਕੁਮਾਰ ਨਾਂ ਦਾ ਸਫਾਈ ਮਜ਼ਦੂਰ ਖੂਹੀ-ਨੁਮਾ ਟੈਂਕ ਵਿੱਚ ਉੱਤਰਿਆ। ਮੋਟਰ ਦੇ ਨਟ ਖੋਲ੍ਹ ਕੇ ਤੇ ਪੀਂਘੇ ਵਿੱਚ ਮੋਟਰ ਰੱਖ ਕੇ ਜਦ ਪੌੜੀਆਂ ਰਾਹੀਂ ਟੈਂਕ ਵਿੱਚ ਬਾਹਰ ਨਿਕਲਣ ਲੱਗਿਆ ਤਾਂ ਅੱਧ ਵਿਚਾਲਿਉਂ ਹੀ ਜ਼ਹਿਰੀਲੀ ਗੈਸ ਦੇ ਅਸਰ ਕਾਰਨ ਹੇਠਾਂ ਡਿਗ ਪਿਆ। ਬਾਹਰ ਖੜ੍ਹਾ ਜਗਦੀਸ਼ ਨਾਂ ਦਾ ਦੂਸਰਾ ਮਜ਼ਦੂਰ ਜਦ ਉਸ ਨੂੰ ਕੱਢਣ ਲਈ ਹੇਠਾਂ ਉੱਤਰਿਆ ਤਾਂ ਉਤੋਂ ਸੀਵਰੇਜ ਪਾਈਪ ਦਾ ਪਾਣੀ ਟੈਂਕ ਵਿੱਚ ਡਿਗਣਾ ਸ਼ੁਰੂ ਹੋ ਗਿਆ ਤਾਂ ਦੋਵੇਂ ਪਾਣੀ ਵਿੱਚ ਡੁੱਬ ਕੇ, ਬੜੀ ਦਰਦਨਾਕ ਮੌਤ ਦਾ ਸ਼ਿਕਾਰ ਹੋ ਗਏ।
ਹੁਣ ਸੁਆਲ ਪੈਦਾ ਹੁੰਦਾ ਹੈ ਕਿ ਸੀਵਰੇਜ ਪਾਈਪ ਦਾ ਪਾਣੀ, ਜਦ ਟੈਂਕ ਵਿੱਚੋਂ ਬੰਦ ਕੀਤਾ ਹੋਇਆ ਸੀ ਤਾਂ ਇਹ ਖਰਾਬ ਮੋਟਰ ਬਾਹਰ ਕੱਢੀ ਜਾ ਸਕੇ ਤਾਂ ਫਿਰ ਮੇਨ ਸੀਵਰੇਜ ਪਾਈਪ ਵਿੱਚ ਪਾਣੀ ਕਿਸ ਨੇ, ਕਿਉਂ ਛੱਡ ਦਿੱਤਾ, ਜਿਸ ਕਾਰਨ ਦੋ ਮਜ਼ਦੂਰ ਡੁੱਬ ਕੇ ਮਰ ਗਏ। ਮਰਨ ਵਾਲੇ ਜਗਦੀਸ਼ ਦੇ ਭਾਈ ਭਗਤ ਰਾਮ ਦੇ ਦੱਸਣ ਮੁਤਾਬਕ ਉਸਨੇ ਮੋਬਾਇਲ ਫੋਨ ਰਾਹੀਂ ਦੱਸਿਆ ਵੀ ਸੀ ਕਿ ਅਸੀਂ ਮੋਟਰ ਬਾਹਰ ਕੱਢ ਰਹੇ ਹਾਂ, ਸਾਡੇ ਕਹਿਣ ਤੱਕ ਮਹਿਰਾਜ ਵਿਚਲੇ ਮੇਨ ਸੀਵਰੇਜ ਪਲਾਂਟ ਦੀ ਮੋਟਰ ਨਾ ਚਲਾਈ ਜਾਵੇ। ਇਸ ਦੇ ਬਾਵਜੂਦ ਵੀ ਮੇਨ ਪਲਾਂਟ ਵਾਲੀ ਮੋਟਰ ਚਾਲੂ ਕਰ ਦਿੱਤੀ ਗਈ। ਚੇਤਨ ਤੌਰ 'ਤੇ ਕੀਤੀ ਇਸ ਲਾਪ੍ਰਵਾਹੀ ਲਈ ਸੀਵਰੇਜ ਪਲਾਂਟ ਦਾ ਠੇਕੇਦਾਰ, ਨਗਰ ਪੰਚਾਇਤ ਦਾ ਪ੍ਰਧਾਨ, ਈ.ਓ. ਅਤੇ ਮੋਟਰ ਚਾਲੂ ਕਰਨ ਵਾਲਾ ਕਰਿੰਦਾ ਸਪੱਸ਼ਟ ਤੌਰ 'ਤੇ ਜੁੰਮੇਵਾਰ ਹਨ।
ਜਿਉਂ ਹੀ ਇਸ ਘਟਨਾ ਦੀ ਖਬਰ ਪਿੰਡ ਵਿੱਚ ਅਤੇ ਰਾਮਪੁਰੇ ਮੰਡੀ ਦੇ ਸਫਾਈ ਮਜ਼ਦੂਰਾਂ ਕੋਲ ਪਹੁੰਚੀ ਤਾਂ ਸਾਰੇ ਹਾਹਾਕਾਰ ਮੱਚ ਗਈ। ਸਿਵਲ ਹਸਪਤਾਲ ਵਿੱਚ ਮ੍ਰਿਤਕ ਦੇਹਾਂ ਆਉਣ ਉਪਰੰਤ, ਉੱਥੇ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਪੁਲਸ ਅਧਿਕਾਰੀ ਛੇਤੀ ਪੋਸਟ-ਮਾਰਟਮ ਕਰਵਾ ਕੇ, ਤੇ ਸਸਕਾਰ ਕਰਵਾ ਕੇ ਆਪਣੇ ਗਲੋਂ-ਗਲਾਵਾਂ ਲਹਾਉਣਾ ਚਾਹੁੰਦੇ ਸਨ। ਪਰ ਮੌਕੇ 'ਤੇ ਇਕੱਠੇ ਹੋਏ ਯੂਨੀਅਨ ਆਗੁਆਂ ਅਤੇ ਇਨਸਾਫਪਸੰਦ ਲੋਕਾਂ ਨੇ ਪੁਲਸ ਪ੍ਰਸਾਸ਼ਨ ਦੀ ਇਸ ਚਾਲ ਨੂੰ ਸਫਲ ਨਹੀਂ ਹੋਣ ਦਿੱਤਾ ਅਤੇ ਫੈਸਲਾ ਕਰਕੇ ਐਲਾਨ ਕਰ ਦਿੱਤਾ ਕਿ ਜਦ ਤੱਕ ਮੌਤਾਂ ਲਈ ਜਿੰਮੇਵਾਰ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਅਤੇ ਪੀੜਤ ਪਰਿਵਾਰਾਂ ਨੂੰ 10 ਲੱਖ ਪ੍ਰਤੀ ਪਰਿਵਾਰ ਮੁਆਵਜਾ ਅਤੇ ਪੱਕੀ ਨੌਕਰੀ ਦਾ  ਆਰਡਰ ਨਹੀਂ ਹੁੰਦਾ, ਓਨਾ ਚਿਰ ਨਾ ਪੋਸਟ ਮਾਰਟਮ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ ਅਤੇ ਸਫਾਈ ਕਾਮੇ ਹੜਤਾਲ 'ਤੇਂ ਰਹਿਣਗੇ।
ਅਗਲੇ ਦਿਨੀਂ ਨਗਰ ਪਾਲਿਕਾ ਰਾਮਪੁਰਾ ਦੇ ਦਫਤਰ, ਭਾਰਤੀ ਕਿਸਾਨ ਯੁਨੀਅਨ ਕ੍ਰਾਂਤੀਕਾਰੀ ਅਤੇ ਸਫਾਈ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਆਗੁਆਂ ਦੀ ਸਾਂਝੀ ਮੀਟਿੰਗ, ਘੋਲ ਦੀ ਅਗਲੀ ਰੂਪ ਰੇਖਾ ਤਹਿ ਕਰਨ ਅਤੇ ਹਾਲਤ ਉੱਤੇ ਵਿਚਾਰ ਕਰਨ ਖਾਤਰ ਹੋਈ। ਇਸ ਮੀਟਿੰਗ ਵਿੱਚ ਪਹਿਲਾਂ ਤਹਿ ਕੀਤੀਆਂ ਤਿੰਨੇ ਮੰਨੀਆਂ ਮੰਗਾਂ ਉੱਤੇ ਸਾਂਝੀ ਸਹਿਮਤੀ ਪ੍ਰਗਟ ਕਰਦਿਆਂ, ਘੋਲ ਦੀ ਅਗਲੀ ਕਾਰਵਾਈ ਵਜੋਂ 22 ਮਾਰਚ ਰਾਮਪੁਰੇ ਸ਼ਹਿਰ ਵਿੱਚ ਰੋਸ ਮੁਜਾਹਰਾ ਕਰਨ ਉਪਰੰਤ, ਬਠਿੰਡਾ-ਚੰਡੀਗੜ੍ਹ ਰੋਡ ਉੱਤੇ ਸੜਕ ਜਾਮ ਕਰਨ ਦਾ ਫੈਸਲਾ ਕੀਤਾ ਗਿਆ। ਇਸ ਪ੍ਰੋਗਰਾਮ ਮੁਤਾਬਕ ਦੋਹਾਂ ਮਜ਼ਦੂਰ-ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦੀਆਂ ਗਲੀਆਂ ਵਿੱਚ ਮੁਜਾਹਰਾ ਕਰਦੇ ਹੋਏ ਅੰਤ ਉੱਤੇ ਨਗਰ ਪੰਚਾਇਤ ਪ੍ਰਧਾਨ ਦੇ ਘਰ ਅੱਗੇ ਰੈਲੀ ਕਰਕੇ, ਗੂੰਜਵੇਂ ਨਾਹਰਿਆਂ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਇਸ ਰੈਲੀ ਵਿੱਚ ਜੁੜੇ ਇਕੱਠ ਨੂੰ ਸਫਾਈ ਮਜ਼ਦੂਰ ਆਗੂ ਬਿੱਟੂ ਕੁਮਾਰ, ਦੀਪਕ ਕੁਮਾਰ, ਕਿਸਾਨ ਆਗੂ ਸੁਰਜੀਤ ਸਿੰਘ ਫੂਲ ਪ੍ਰੋਸ਼ੋਤਮ ਮਹਿਰਾਜ ਅਤੇ ਲੋਕ ਸੰਗਰਾਮ ਮੰਚ ਦੇ ਆਗੁ ਲੋਕ ਰਾਜ ਮਹਿਰਾਜ ਨੇ ਸੰਬੋਧਨ ਕੀਤਾ। ਪ੍ਰਸਾਸ਼ਨ ਫੌਰੀ ਹਰਕਤ ਵਿੱਚ ਆਇਆ ਅਤੇ ਪਿੰਡ ਮਹਿਰਾਜ ਆ ਕੇ, ਦੋਹਾਂ ਪਰਿਵਾਰਾਂ ਨੂੰ 10-10 ਲੱਖ ਰੁਪਏ ਸਹਾਇਤਾ  ਦੇ ਚੈਂਕ ਦੇ ਕੇ ਕੁੱਝ ਠੰਡਾ ਛਿੜਕਣ ਦੇ ਯਤਨ ਕੀਤੇ। ਪਰ ਜਨਤਾ ਦਾ ਗੁੱਸਾ ਛੇਤੀ ਕੀਤਿਆਂ ਠੰਡਾ ਹੋਣ ਵਾਲਾ ਨਹੀਂ ਸੀ। ਇਸ ਲਈ 24 ਮਾਰਚ ਵਾਲੀ ਜੀ.ਟੀ. ਰੋਡ ਜਾਮ ਕਰਨ ਵਾਲਾ ਐਕਸ਼ਨ ਅਜੇ ਪ੍ਰਸਾਸ਼ਨ ਦੇ ਸਿਰ ਉੱਤੇ ਖੜ੍ਹਾ ਸੀ। ਪਰ ਮਸਲੇ ਦੀ ਨਾਜੁਕਤਾ ਅਤੇ ਜਨਤਾ ਦੇ ਰੌਂਅ ਅਤੇ ਰੋਹ ਨੇ, ਪ੍ਰਸਾਸ਼ਨ ਨੂੰ ਫਿਕਰਾਂ ਵਿੱਚ ਪਾਇਆ ਹੋਇਆ ਸੀ। ਇਸ ਲਈ 24 ਮਾਰਚ ਤੋਂ ਪਹਿਲਾਂ ਹੀ ਨੌਕਰੀ ਦੇ ਆਰਡਰ ਵੀ ਲਿਆ ਕੇ ਦੇ ਦਿੱਤੇ। ਰਹਿ ਗਈ ਤੀਸਰੀ ਅਹਿਮ ਮੰਗ; ਮੌਤ ਲਈ ਜਿੰਮੇਵਾਰ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਵਾਲੀ।
ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਵੀ ਅਜੇ ਤੱਕ ਨਹੀਂ ਸੀ ਹੋਇਆ ਅਤੇ ਸਫਾਈ ਕਾਮਿਆਂ ਨੇ ਹੜਤਾਲ ਕਰਕੇ ਸਫਾਈ ਦਾ ਕੰਮ ਵੀ ਬੰਦ ਕੀਤਾ ਹੋਇਆ ਸੀ। ਸੋ, ਪ੍ਰਸਾਸ਼ਨ ਨੇ ਤੀਜੀ ਮੰਗ ਉਪਰ ਇਹ ਵਿਸ਼ਵਾਸ਼ ਦੁਆਇਆ ਕਿ ਪੰਜ ਵੱਖ ਵੱਖ ਅਧਿਕਾਰੀਆਂ ਦੀ ਜਾਂਚ ਕਮੇਟੀ ਬਣਾ ਕੇ ਮਿਥੇ ਸਮੇਂ ਵਿੱਚ ਦੋਸ਼ੀਆਂ ਦੀ ਨਿਸ਼ਾਨਦੇਹੀ  ਕਰਵਾ ਕੇ ਉਹਨਾਂ ਵਿਰੁੱਧ ਪਰਚਾ ਦਰਜ ਕਰਨ ਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ। ਦੋਹਾਂ ਜਥੇਬੰਦੀਆਂ ਵਿੱਚ ਭਾਵੇਂ ਕੁੱਝ ਨੁਕਤਿਆਂ ਉੱਤੇ ਸਹਿਮਤੀ ਨਹੀਂ ਸੀ, ਪਰ ਫਿਰ ਵੀ ਇੱਕ ਆਮ ਸਹਿਮਤੀ ਬਣਾ ਕੇ, ਪ੍ਰਸਾਸ਼ਨ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰਕੇ, ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹਾਂ ਦਾ ਸਸਕਾਰ ਕਰਵਾ ਦਿੱਤਾ ਗਿਆ ਅਤੇ 24 ਮਾਰਚ ਵਾਲਾ ਸੜਕ ਜਾਮ ਵਾਲਾ ਐਕਸ਼ਨ ਵੀ ਮੁਲਤਵੀ ਕਰ ਦਿੱਤਾ ਗਿਆ।
ਹੁਕਮਰਾਨਾ ਦੇ ਜਮਾਤੀ ਕਿਰਦਾਰ ਮੁਤਾਬਕ ਪ੍ਰਸਾਸ਼ਨ ਦਾ ਵਾਅਦਾ ਝੂਠਾ ਨਿਕਲਿਆ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੀ ਚੁਣੌਤੀ, ਲੋਕਾਂ ਦੇ ਸਿਰ ਉੱਤੇ ਖੜ੍ਹੀ ਹੈ। 29 ਮਾਰਚ ਨੂੰ ਹਫਤੇ ਬਾਅਦ ਜਦ ਐਸ.ਡੀ.ਐਮ. ਫੂਲ ਨੂੰ ਜਾਂਚ ਕਮੇਟੀ ਦੀ ਜਾਂਚ ਬਾਰੇ ਪੁੱਛਿਆ ਗਿਆ ਤਾਂ ਉਸਦੀ ਗੱਲ ਵਿੱਚੋਂ ਕੱਢਣ-ਪਾਉਣ ਨੂੰ ਕੁੱਝ ਵੀ ਨਹੀਂ ਸੀ। ਅਖੇ; ਅਜੇ ਅਸੀਂ ਕੁੱਝ ਦਿਨ ਉਡੀਕਦੇ ਹਾਂ, ਜੇ ਜਾਂਚ ਰਿਪੋਰਟ ਨਾ ਆਈ ਤਾਂ ਫਿਰ ਅਸੀਂ ਰੀਮਾਈਂਡਰ ਭੇਜਾਂਗੇ। ਨਾਲ ਹੀ ਇਹ ਕਹਿਣ ਲੱਗਾ ਕਿ ਜਦ ਲੈਬਾਰਟਰੀ ਤੋਂ ਵਿਸਰਾ-ਰਿਪੋਰਟ ਡੁੱਬਣ ਕਾਰਨ ਹੋਈ ਹੈ ਜਾਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈ ਹੈ; ਫਿਰ ਹੀ ਦੋਸ਼ੀਆਂ ਦੀ ਛਾਣਬੀਣ ਹੋਵੇਗੀ। ਗੱਲਬਾਤ ਵਿੱਚ ਸਪਸ਼ੱਟ ਸੀ ਕਿ ਅਧਿਕਾਰੀ ਜਾਂਚ ਨੂੰ ਲਮਕਾ ਕੇ ਦੋਸ਼ੀਆਂ ਨੂੰ ਕਾਰਵਾਈ ਤੋਂ ਬਚਾਉਣਾ ਚਾਹੁੰਦੇ ਹਨ।
ਇਸ ਤੋਂ ਵੀ ਅੱਗੇ ਸਬੰਧਤ ਥਾਣੇ ਦੀ ਪੁਲਸ ਨੇ ਅਫਸਰਾਂ ਦੀ ਪੜਤਾਲੀਆ ਕਮੇਟੀ ਦੀ ਜਾਂਚ ਉਡੀਕੇ ਤੋਂ ਬਿਨਾ ਹੀ 174 ਦੀ ਕਾਰਵਾਈ ਕਰਵਾਕੇ ਕੇਸ ਨੂੰ ਇੱਕ ਵਾਰ ਸਮਝੋ ਠੰਡੇ ਬਸਤੇ ਵਿੱਚ ਪਾ ਦਿੱਤਾ। ਬਿਲਕੁੱਲ ਸਪਸ਼ੱਟ ਹੈ ਕਿ ਜਿੰਨਾ ਚਿਰ ਘੋਲ ਦਾ ਦਬਾਅ ਰਿਹਾ, ਅੜਿੱਕੇ ਦੂਰ ਹੁੰਦੇ ਰਹੇ। ਜੇ ਘੋਲ ਦਾ ਦਬਾਅ ਘਟਿਆ ਤਾਂ ਪ੍ਰਸਾਸ਼ਨ ਮੰਨੀਆਂ ਮੰਗਾਂ ਤੋਂ ਵੀ ਹੱਥ ਪਿੱਛੇ ਖਿੱਚਣ ਲੱਗ ਪਿਆ। ਪਰ ਇਸਦੇ ਬਾਵਜੂਦ 2 ਅਪ੍ਰੈਲ ਨੂੰ ਮਜ਼ਦੂਰ ਜਗਦੀਸ਼ ਕੁਮਾਰ ਦੇ ਭੋਗ ਉੱਤੇ ਜੁੜੇ ਇਕੱਠ ਨੇ, ਹੱਥ ਖੜ੍ਹੇ ਕਰਕੇ ਅਹਿਦ ਕੀਤਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਦੂਜੇ ਪਾਸੇ ਕਣਕ ਦੀ ਵਾਢੀ ਇੱਕਦਮ ਸਿਰ ਉੱਤੇ ਆਉਣ ਕਾਰਨ ਸਾਰੇ ਕਿਸਾਨ ਅਤੇ ਮਜ਼ਦੂਰ ਇੱਕ ਵਾਰ ਵਾਢੀ ਦੇ ਕੰਮ ਵਿੱਚ ਜੁਟ ਜਾਣ ਕਾਰਨ ਮਜਬੂਰੀ ਵਸ ਇੱਕ ਵਾਰ ਐਕਸ਼ਨ ਪ੍ਰੋਗਰਾਮ ਕੁੱਝ ਪਿੱਛੇ ਲਿਜਾਣਾ ਪਿਆ, ਪਰ ਸੰਘਰਸ਼ ਅਜੇ ਜਾਰੀ ਹੈ।

No comments:

Post a Comment