Saturday, 29 April 2017

ਹਿੰਦੂਤਵੀ ਫਾਸ਼ੀਵਾਦੀਆਂ ਵੱਲੋਂ ਘੱਟ ਗਿਣਤੀਆਂ 'ਤੇ ਹਮਲੇ

ਹਿੰਦੂਤਵੀ ਫਾਸ਼ੀਵਾਦੀਆਂ ਵੱਲੋਂ ਘੱਟ ਗਿਣਤੀਆਂ 'ਤੇ ਹਮਲੇ ਜਾਰੀ
ਜੈਪੁਰ ਵਿੱਚ ਇੱਕ ਹੋਰ ਦਾਦਰੀ ਕਾਂਡ ਰਚਣ ਦੀ ਸਾਜਿਸ਼

-ਚੇਤਨ
ਜੈਪੁਰ ਵਿੱਚ 19 ਮਾਰਚ ਐਤਵਾਰ ਨੂੰ ਹਿੰਦੂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਹੋਟਲ 'ਹਯਾਤ ਰੱਬਾਨੀ'' 'ਤੇ ਹਮਲਾ ਕਰ ਦਿੱਤਾ। 3 ਦਰਜ਼ਨ ਤੋਂ ਵੱਧ ਭੜਕੇ ਕਾਰਕੁੰਨ ਹੋਟਲ ਵਿੱਚ ਵੜ ਕੇ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਲੱਗੇ ਕਿ ਉਹ ਗਊ ਮਾਸ ਪਰੋਸ ਰਹੇ ਹਨ। ਸੇਵਾ ਮੱਠ ਦੀ ਆਪੇ ਸਜੀ ਪ੍ਰਧਾਨ ਸਾਧਵੀ ਕਮਲ ਦੀਦੀ ਅਤੇ ਚੇਲਿਆਂ ਸਮੇਤ ਨਰਿੰਦਰ ਮੋਦੀ ਜ਼ਿੰਦਾਬਾਦ, ਹਯਾਤ ਰੱਬਾਨੀ ਮੁਰਦਾਬਾਦ, ਭਾਰਤ ਮਾਤਾ ਦੀ ਜੈ ਅਤੇ ਜੈ ਸ੍ਰੀ ਰਾਮ ਦੇ ਨਾਅਰਿਆਂ ਵਿੱਚ ਰਾਸ਼ਟਰੀ ਗਊ ਰਕਸ਼ਕ ਦਲ ਦੇ ਭੂਤਰੇ ਕਾਰਕੁੰਨਾਂ ਨੇ ਰਿਪੈਸ਼ਨਿਸਟ (ਸਵਾਗਤ ਕਰਤਾ) ਵਸੀਮ ਅਤੇ ਹੋਰਨਾਂ ਦੇ ਚਪੇੜਾਂ ਮਾਰੀਆਂ। ਸੜਕ 'ਤੇ ਧੂਹਿਆ ਅਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਮੰਗ ਸੀ ਕਿ ਮਾਲਕ  ਨਯੀਮ ਰੱਬਾਨੀ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਵੇ। ਪੁਲਸ ਨੇ ਵਸੀਮ ਅਹਿਮਦ ਅਤੇ ਸਫਾਈ ਕਰਮਚਾਰੀ ਕਾਸਿਮ ਨੂੰ ਗ੍ਰਿਫਤਾਰ ਕਰਕੇ ਧਾਰਾ 151 ਤਹਿਤ ਕੇਸ ਦਰਜ਼ ਕਰ ਦਿੱਤਾ। ਦੁਬਾਰਾ ਹੋਟਲ ਲਿਆਉਣ 'ਤੇ ਕਾਰਪੋਰੇਟਰ ਅਤੇ ਕੌਂਸਲਰ ਨਿਰਮਲਾ ਸ਼ਰਮਾ ਨੇ ਪੁਲਸ ਹਾਜ਼ਰੀ ਵਿੱਚ ਮਾਰ-ਕੁੱਟ ਕੀਤੀ। ਰੱਬਾਨੀ ਨੇ ਦੱਸਿਆ ਕਿ ਉਹ ਪਹਿਲਾਂ ਹੀ ਬਾਹਰ ਸੀ, ਵਰਨਾ ਅਖਲਾਕ ਮੁਹੰਮਦ ਵਰਗੀ ਦਾਦਰੀ ਘਟਨਾ ਵਾਪਰ ਗਈ ਹੁੰਦੀ। ਵਾਟਸਅੱਪ 'ਤੇ ਫੈਲਾਈ ਗਊ ਮਾਸ ਦੀ ਅਫਵਾਹ ਥੋਥੀ ਸੀ ਅਤੇ ਇਹ ਮੁਰਗੇ ਦਾ ਮੀਟ ਨਿਕਲਿਆ, ਜੋ ਸਟਾਫ ਮੈਂਬਰਾਂ ਲਈ ਸਪੈਸ਼ਲ ਬਣਾਇਆ ਗਿਆ ਸੀ।
ਗਊ ਮਾਸ ਨਾ ਮਿਲਣ 'ਤੇ ਪੁਲਸ ਅਧਿਕਾਰੀਆਂ ਵੱਲੋਂ ਹੋਟਲ ਸੀਲ ਕਰਨ ਅਤੇ ਪਰਚੇ ਦਰਜ਼ ਕਰਨ ਨੂੰ ਵਾਜਬ ਦੱਸਦਿਆਂ ਕਿਹਾ ਗਿਆ ਕਿ ਆਖਰ ਕਿਸੇ ਨੂੰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦਾ ਕੋਈ ਹੱਕ ਨਹੀਂ। ਬਿਲਕੁੱਲ ਅਜਿਹਾ ਬਿਆਨ ਮੇਅਰ ਲਾਹੋਟੀ ਨੇ ਦਿੱਤਾ ਕਿ ''ਗਊ ਮਾਤਾ ਕਾ ਬੀਫ ਖਿਲਾਨੇ ਕਾ ਦੁਸਾਹਸ ਕਰਨੇ ਪਰ ਹੋਟਲ ਹਯਾਤ ਨੂੰ ਸੀਜ (ਬੰਦ) ਕੀਆ ਗਯਾ।'' ਉਪਰੋਕਤ ਘਟਨਾ ਵਿੱਚ ਆਰ.ਐਸ.ਐਸ. ਜਥੇਬੰਦੀਆਂ ਅਤੇ ਪੁਲਸ ਪ੍ਰਸਾਸ਼ਨ ਦੀ ਸੁਰ ਵਿੱਚ ਕੀ ਫਰਕ ਹੈ?
ਪਹਿਲੂ ਖਾਂ ਦਾ ਦਰਦਨਾਕ ਕਤਲ ਅਤੇ ਸਰਕਾਰੀ ਰਵੱਈਆ
ਹਿੰਦੂਤਵਵਾਦੀਆਂ ਵੱਲੋਂ ਵੱਡੀ ਘਟਨਾ ਜਿਸਨੇ ਹਰ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ, ਉਹ ਹੇ ਅਲਵਰ ਵਿੱਚ ਦਰਦਨਾਕ ਤਰੀਕੇ ਨਾਲ ਇੱਕ ਮੁਸਲਿਮ ਡੇਅਰੀ ਮਾਲਕ ਅਤੇ ਦੁੱਧ ਦੇ ਵਪਾਰੀ ਪਹਿਲੂ ਖਾਂ ਦੀ ਹੱਤਿਆ ਜੋ ਮੇਵਾਤ ਦੀ ਨੂਹ ਤਹਿਸੀਲ ਦੇ ਪਿੰਡ ਜੈ ਸਿੰਘਪੁਰ ਦਾ ਵਾਸੀ ਸੀ। ਉਹ ਜੈਪੁਰ ਪਸ਼ੂ ਮੇਲੇ ਵਿੱਚੋਂ ਪਸ਼ੂਆਂ ਸਮੇਤ ਕੁੱਝ ਦੁਧਾਰੂ ਗਾਵਾਂ ਅਤੇ ਵੱਛੜੇ ਲੈ ਕੇ ਜਾ ਰਿਹਾ ਸੀ। ਪਹਿਲੂ ਖਾਂ ਨੇ ਉਹਨਾਂ ਨੂੰ ਗਾਵਾਂ ਖਰੀਦਣ ਦੀਆਂ ਰਸੀਦਾਂ ਅਤੇ ਦਸਤਾਵੇਜ਼ ਵੀ ਵਿਖਾਏ, ਪਰ ਗਊ ਰਾਖੇ ਬੜੀ ਸੂਰਬੀਰਤਾ ਨਾਲ ਆਪਣੇ ਕੰਮ ਨੂੰ ਅੰਜ਼ਾਮ ਦਿੰਦੇ ਰਹੇ। ਉਹਨਾਂ ਦੇ ਹੌਸਲੇ ਐਨੇ ਬੁਲੰਦ ਸਨ ਕਿ ਆਪਣੀ ਇਸ ਕਰਤੂਤ ਦੀਆਂ ਵੀਡੀਓ ਬਣਾਉਂਦੇ ਰਹੇ ਅਤੇ ਸੋਸ਼ਲ ਮੀਡੀਏ 'ਤੇ ਸ਼ੇਅਰ ਕਰਦੇ ਰਹੇ।
ਉਹਨਾਂ ਦੀਆਂ ਪਿੱਕ-ਅੱਪ ਗੱਡੀਆਂ ਨੂੰ ਜਾਗੂਵਾਸ ਫਾਟਕ ਬਹਿਰੋਰ (ਅਲਵਰ) ਵਿੱਚ 50 ਤੋਂ ਵੱਧ ਲੋਕਾਂ ਨੇ ਰੋਕ ਕੇ ਡਰਾਈਵਰ ਨੂੰ ਨਾਂ ਪੁੱਛਣ 'ਤੇ ਜਦੋਂ ਉਸਨੇ ਹਿੰਦੂ ਨਾਂ ਲਿਆ ਤਾਂ ਉਸ ਨੂੰ ਥੱਪੜ ਮਾਰ ਕੇ ਭਜਾ ਦਿੱਤਾ। ਦੂਸਰੇ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਬੂ ਕਰ ਲਏ ਗਏ। ਪਹਿਲੂ ਖਾਂ ਸਭ ਤੋਂ ਬਜ਼ੁਰਗ ਸੀ, ਉਸਨੇ ਇੱਕ ਵਾਰ ਕੁੱਟੇ ਜਾਣ ਤੋਂ ਬਾਅਦ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕਿਹਾ, ''ਤੂੰ ਬੁੱਢਾ ਹੈਂ ਭੱਜ'' ਤੇ ਦੁਬਾਰਾ ਹਮਲਾ ਕਰ ਦਿੱਤਾ। ਅਸਮਤ ਦੀ ਪਿੱਠ ਤੇ ਰੀੜ 'ਤੇ ਸੱਟਾਂ ਮਾਰੀਆਂ ਅਤੇ ਆਰਿਫ ਦੀ ਅੱਖ ਵਿੱਚ ਜਖਮ ਹੋ ਗਏ। ਗੱਡੀਆਂ ਭੰਨ ਦਿੱਤੀਆਂ। ਸ਼ੀਸ਼ੇ ਅਤੇ ਇੰਜਨ ਪੱਥਰਾਂ ਨਾਲ ਤੋੜ ਦਿੱਤੇ। ਉਹਨਾਂ ਤੋਂ ਘੜੀਆਂ, ਮੋਬਾਇਲ ਅਤੇ ਇਰਸ਼ਾਦ ਕੋਲ ਕਰਜ਼ੇ 'ਤੇ ਲਏ 75 ਹਜ਼ਾਰ ਰੁਪਏ ਖੋਹ ਲਏ। ਪੁਲਿਸ ਨੇ ਗਊਆਂ ਨਿੱਜੀ ਗਊ ਸ਼ਾਲਾ ਵਿੱਚ ਭੇਜ ਦਿੱਤੀਆਂ ਅਤੇ ਪਹਿਲੂ ਖਾਂ ਨੂੰ ਕੈਲਾਸ਼ ਹਸਪਤਾਲ ਵਿੱਚ ਭਰਤੀ ਕਰ ਦਿੱਤਾ, ਜਿਥੇ 3 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ।
ਪੁਲੀਸ ਦਾ ਰੋਲ
ਘਟਨਾ ਉਪਰੰਤ ਪੁਲਸ ਨੇ ਸਭ ਤੋਂ ਪਹਿਲਾਂ ਪਹਿਲੂ ਖਾਂ ਅਤੇ ਉਸਦੇ ਸਾਥੀਆਂ ਖਿਲਾਫ ਰਾਜਸਥਾਨ ਪਸ਼ੂ ਕਤਲ ਅਤੇ ਸਮੱਗਲਿੰਗ ਐਕਟ ਅਧੀਨ ਕੇਸ ਦਰਜ ਕੀਤਾ, ਜਿਸ ਤਹਿਤ ਕੋਈ ਵਿਅਕਤੀ ਗਊ ਜਾਤੀ ਦੇ ਪਸ਼ੂ ਨੂੰ ਰਾਜ ਦੇ ਕਿਸੇ ਹਿੱਸੇ 'ਚੋਂ ਰਾਜ ਦੇ ਬਾਹਰ ਨਹੀਂ ਲਿਜਾ ਸਕਦਾ, ਜਿਸ ਦਾ ਮਕਸਦ ਉਹਨਾਂ ਨੂੰ ਕਤਲ ਕਰਨਾ ਹੋਵੇ। ਤੇ ਇਹਨਾਂ ਜੁਰਮਾਂ ਲਈ 10 ਸਾਲ ਦੀ ਕੈਦ ਹੋ ਸਕਦੀ ਹੈ। ਇਹ ਕੇਸ ਵੀ ਪਾਇਆ ਕਿ ਪਸ਼ੂਆਂ 'ਤੇ ਅੱਤਿਆਚਾਰ ਹੋ ਰਿਹਾ ਸੀ। (ਇੱਕ ਗੱਡੀ ਵਿੱਚ 3-3 ਪਸ਼ੂ ਲੱਦਣ ਕਰਕੇ, ਪਸ਼ੂਆਂ 'ਤੇ ਜੁਰਮ ਸਬੰਧੀ ਐਕਟ ਅਧੀਨ। ਦੂਸਰੇ ਪਾਸੇ ਦੋਸ਼ੀ ਗਊ ਰਕਸ਼ਕਾਂ 'ਚੋਂ (ਐਫ.ਆਈ.ਆਰ.) 6 ਦੋਸ਼ੀਆਂ (ਨਾਮ ਦੇ ਆਧਾਰ 'ਤੇ) ਤੇ 200 ਹੋਰਾਂ ਤੇ ਮੁਕਾਬਲਤਨ ਨਰਮ ਧਾਰਾਵਾਂ (ਸੈਕਸ਼ਨ 147 (ਦੰਗਾ ਕਰਨ), 143 (ਗੈਰ-ਕਾਨੂੰਨੀ ਇਕੱਠੇ ਹੋਣ ਆਦਿ ਤਹਿਤ ਕੇਸ ਦਰਜ ਕੀਤੇ ਗਏ। 30 ਧਾਰਾ (ਮਨੁੱਖੀ ਘਾਤ) ਨੂੰ ਉਦੋਂ 302 ਵਿੱਚ ਬਦਲਿਆ ਗਿਆ, ਜਦੋਂ ਪਹਿਲੂ ਖਾਂ ਦੀ ਮੌਤ ਹੋ ਗਈ। ਪਰ ਅੱਜ ਤੱਕ ਦੋਸ਼ੀਆਂ 'ਚੋਂ ਗ੍ਰਿਫਤਾਰ ਕੋਈ ਵੀ ਨਹੀਂ ਕੀਤਾ ਗਿਆ।
ਸਿਤਮ ਜ਼ਰੀਫੀ ਇਹ ਹੈ ਕਿ ਸੂਬੇ ਦਾ ਗ੍ਰਹਿ ਮੰਤਰੀ ਗੁਲਾਬ ਚੰਦ ਕਹਿੰਦਾ ਹੈ ਕਿ ''ਗਲਤੀ ਦੋਵਾਂ ਪਾਸਿਆਂ ਤੋਂ ਹੋਈ ਹੈ। ਲੋਕ ਜਾਣਦੇ ਹਨ ਕਿ ਗਊਆਂ ਦੀ ਤਸਕਰੀ ਗੈਰ-ਕਾਨੂੰਨੀ ਹੈ, ਪਰ ਫਿਰ ਵੀ ਕਰਦੇ ਹਨ। ਗਊ ਭਗਤ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ।'' ਉਸ ਵੱਲੋਂ ਕਾਤਲਾਂ ਨੂੰ ਗਊ ਭਗਤ ਜਾਂ ਗਊ ਪੂਜਕ ਬਿਆਨਣਾ ਰਾਜ ਵੱਲੋਂ ਅਜਿਹੇ ਕਾਰਨਾਮਿਆਂ ਦੀ ਪੁਸ਼ਤਪਨਾਹੀ ਬਾਰੇ ਕੀ ਸ਼ੱਕ ਰਹਿਣ ਦਿੰਦੇ ਹਨ। ਭਾਜਪਾ ਨੇਤਾ ਮੁਖਤਾਰ ਅੱਬਾਸ ਤਾਂ ਰਾਜ ਸਭਾ ਵਿੱਚ ਕਹਿੰਦਾ ਹੈ ਕਿ ਅਜਿਹੀ ਕੋਈ ਘਟਨਾ ਹੀ ਨਹੀਂ ਹੋਈ। ਪਹਿਲੂ ਖਾਂ ਦੇ ਪਿੰਡ ਵਾਸੀ ਸੱਚ ਹੀ ਕਹਿੰਦੇ ਹਨ ਕਿ ਸਾਡੇ ਹਰ ਘਰ ਵਿੱਚ ਗਊਆਂ ਹਨ ਅਤੇ ਅਸੀਂ ਇਹਨਾਂ ਨੂੰ ਖੂਬ ਪਿਆਰ ਕਰਦੇ ਹਾਂ ਅਤੇ ਦੁੱਧ ਵੇਚਦੇ ਹਾਂ, ਸਾਡੇ ਪੁਰਖਿਆ ਨੇ ਦੇਸ਼ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ, ਅਸੀਂ ਬਾਬਰ ਦੀ ਫੌਜ ਖਿਲਾਫ ਰਾਣਾ ਸਾਂਘਾ ਵੱਲੋਂ ਲੜੇ ਤੇ ਅੱਜ ਅਸੀਂ ਦੇਸ਼ ਧਰੋਹੀ ਹੋ ਗਏ ਤੇ ਗਊ ਰਕਸ਼ਕ ਦੇਸ਼ ਭਗਤ। ਸਾਡੇ ਵਾਸਤੇ ਇਸ ਦੇਸ਼ ਵਿੱਚ ਹੁਣ ਜਗਾਹ ਕਿੱਥੇ ਹੈ?
ਹਿੰਦੂਤਵੀ ਤਾਕਤਾਂ ਵੱਲੋਂ ਭਦਰਕ ਉੜੀਸਾ ਵਿੱਚ ਵੀ ਵਿਆਪਕ ਤਬਾਹੀ
ਭਾਜਪਾ ਸ਼ਾਸ਼ਿਤ ਰਾਜਾਂ ਤੋਂ ਬਾਅਦ ਹੁਣ ਆਰ.ਐਸ.ਐਸ. ਨੇ ਇੱਕ ਵਾਰ ਫਿਰ ਉੜੀਸਾ ਨੂੰ ਆਪਣਾ ਅਗਲਾ ਨਿਸ਼ਾਨਾ ਬਣਾ ਲਿਆ ਹੈ। ਸੂਬੇ ਵਿੱਚ ਰਾਜਸੀ ਸੱਤਾ ਹਾਸਲ ਕਰਨ ਲਈ ਆਰ.ਐਸ.ਐਸ. ਆਪਣੇ ਪਰਖੇ ਪਰਤਿਆਏ ਤਰੀਕੇ ਵਰਤ ਰਹੀ ਹੈ। ਭਦਰਕ ਜੋ ਇੱਕ ਵਪਾਰਕ ਕਸਬਾ ਹੈ ਅਤੇ 40 ਫੀਸਦੀ ਵਸੋਂ ਮੁਸਲਮਾਨਾਂ ਦੀ ਹੈ ਤੇ ਵੱਡੀ ਗਿਣਤੀ ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਹੈ।
ਹਮੇਸ਼ਾਂ ਵਾਂਗ ਕਹਾਣੀ ਇਵੇਂ ਹੀ ਸ਼ੁਰੂ ਹੋਈ ਕਿ ਆਰ.ਐਸ.ਐਸ. ਭਾਜਪਾ ਵਰਕਰ  ਰਾਮ ਨੌਮੀ ਤੋਂ 2 ਦਿਨ ਬਾਅਦ ਆਪਣੀ ਪਾਰਟੀ ਦੀ ਸਥਾਪਨਾ ਦਿਵਸ 'ਤੇ ਇਕੱਠੇ ਹੋਏ ਸਨ, ਉਹਨਾਂ ਨੇ ਦੋਸ਼ ਲਾਇਆ ਕਿ ਕੁੱਝ ਮੁਸਲਿਮ ਨੌਜਵਾਨਾਂ ਨੇ ਰਾਮ ਅਤੇ ਸੀਤਾ ਬਾਰੇ ਫੇਸਬੁੱਕ 'ਤੇ ਇਤਰਾਜ਼ਯੋਗ ਗੱਲਾਂ ਪੋਸਟ ਕੀਤੀਆਂ ਹਨ। ਇਸ ਤੋਂ ਪਹਿਲਾਂ ਕਿ ਪੁਲਸ ਕੋਈ ਕਾਰਵਾਈ ਕਰਦੀ ਆਰ.ਐਸ.ਐਸ. ਦੀ ਭੀੜ ਨੇ ਮੁਸਲਿਮ ਭਾਈਚਾਰੇ ਦੀਆਂ ਦੁਕਾਨਾਂ ਸਾੜ ਦਿੱਤੀਆਂ ਅਤੇ ਮੁਸਲਿਮਾਂ ਵੱਲੋਂ ਹਿੰਦੂ ਦੁਕਾਨਾਂ ਫੂਕਣ ਦੀਆਂ ਅਫਵਾਹਾਂ ਫੈਲਾ ਦਿੱਤੀਆਂ ਗਈਆਂ, ਜਿਸ ਨੇ ਹੋਰ ਹਿੰਸਾ ਵਾਸਤੇ ਭੀੜ ਨੂੰ ਭੜਕਾਉਣ ਦਾ ਕੰਮ ਕੀਤਾ।
ਪ੍ਰਸਾਸ਼ਨ ਵੱਲੋਂ ਸੱਦੀ ਅਮਨ ਕਮੇਟੀ ਦੀ ਮੀਟਿੰਗ ਵਿੱਚ ਮੁਸਲਮਾਨਾਂ ਨੇ ਕਿਸੇ ਹਿੰਸਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ। ਜਿਵੇਂ ਹੀ ਇਹ ਮੀਟਿੰਗ ਖਤਮ ਹੋਈ ਆਰ.ਐਸ.ਐਸ. ਨੇ ਇੱਕ ਵੱਡਾ ਮੋਟਰਸਾਈਕਲ ਮਾਰਚ ਮੁਸਲਿਮਾਂ ਨੂੰ ਡਰਾਉਣ ਲਈ ਕੱਢਿਆ, ਜਿਸ ਤੋਂ ਬਾਅਦ ਫਿਰ ਤਬਾਹੀ ਤੇ ਹਿੰਸਾ ਦਾ ਨਵਾਂ ਦੌਰ ਵਾਪਰਿਆ। ਅਫਵਾਹਾਂ ਫੈਲਾਈਆਂ ਗਈਆਂ ਕਿ ਕੁੱਝ ਮੁਸਲਿਮ ਨੌਜਵਾਨਾਂ ਨੇ ਥਾਣੇ ਸਾਹਮਣੇ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਾਏ ਹਨ। ਜੇ.ਐਨ.ਯੂ. ਵਾਂਗ ਇਹ ਤਰੀਕਾ ਵੀ ਹਿੰਸਾ ਭੜਕਾਉਣ ਲਈ ਚਤਰਾਈ ਨਾਲ ਵਰਤਿਆ ਗਿਆ। ਭਦਰਕ ਨੂੰ ਹਿੰਸਾ ਅਤੇ ਕਰਫਿਊ ਵਿੱਚ ਫਸਾ ਕੇ ਆਰ.ਐਸ.ਐਸ. ਨੇ ਆਪਣੇ ਅਗਾਂਹ ਦੇ ਸਫਰ ਲਈ ਰਾਹ ਪੱਧਰ ਕਰ ਲਿਆ ਹੈ। ਉੜੀਸਾ ਜੋ ਜਮਹੂਰੀ ਤੇ ਲੋਕ ਸੰਘਰਸ਼ਾਂ ਦਾ ਭਖਵਾਂ ਕੇਂਦਰ ਰਿਹਾ ਹੈ ਤੇ ਆਦਿਵਾਸੀਆਂ ਤੇ ਕਿਸਾਨਾਂ ਦੇ 7 ਵਿਰੋਧੀs sਸੰਘਰਸ਼ਾਂ ਦਾ ਕੇਂਦਰ ਹੈ, ਇੱਥੇ ਰਾਜਸੱਤਾ ਹਾਸਲ ਕਰਨ ਲਈ ਆਰ.ਐਸ.ਐਸ. ਵੱਲੋਂ ਫਿਰਕੂ ਭਾਂਬੜ ਭੜਕਾਉਣ ਲਈ ਵਰਤਿਆ ਜਾ ਰਿਹਾ ਹੈ। ਬੰਗਾਲ ਵਿੱਚ ਵੀ ਰਾਮ ਨੌਮੀ 'ਤੇ ਆਰ.ਐਸ.ਐਸ. ਕਾਡਰ ਨੇ ਹਥਿਆਰਬੰਦ ਹੋ ਕੇ ਪ੍ਰਦਰਸ਼ਨ ਕੀਤੇ ਹਨ ਤੇ ਕਿਹਾ ਕਿ ਉਹਨਾਂ ਦੇ ਦੇਵੀ-ਦੇਵਤੇ ਹਥਿਆਰਬੰਦ ਹੋ ਕੇ ਵਿਚਰਦੇ ਸਨ। ਪਹਿਲਾਂ ਕੰਧਮਾਲ ਵਿੱਚ ਸਵਾਮੀ ਲੱਖਾ ਨੰਦ ਸਰਸਵਤੀ ਦੇ ਕਤਲ ਨੂੰ ਲੈ ਕੇ ਇਸਾਈਆਂ ਖਿਲਾਫ ਤਸ਼ੱਦਦ ਦਾ ਵੱਡਾ ਦੌਰ ਚਲਾਇਆ ਗਿਆ ਸੀ। ਘੱਟ ਗਿਣਤੀਆਂ ਨੂੰ ਮਾਰ ਹੇਠ ਲਿਆਉਣ ਤੇ ਨਿਸ਼ਾਨਾ ਬਣਾਉਣ ਲਈ ਆਰ.ਐਸ.ਐਸ. ਦੇ ਨੀਤੀ ਘਾੜੇ ਸਾਜਿਸ਼ਾਂ ਘੜਦੇ ਹੀ ਰਹਿੰਦੇ ਹਨ।
ਲਖਨਊ ਵਿੱਚ ਚਰਚ 'ਤੇ ਹਮਲਾ
ਉੱਤਰ ਪ੍ਰਦੇਸ਼ ਵਿੱਚ ਮਹਾਰਾਜ ਗੰਜ ਦੇ ਦਾਤੌਲੀ ਵਿਖੇ ਯੋਗੀ ਆਦਿਤਿਆ ਨਾਥ ਦੀ ਅਗਵਾਈ ਵਾਲੀ ਹਿੰਦੂ ਯੁਵਾ ਵਾਹਿਨੀ ਨੇ ਇੱਕ ਚਰਚ 'ਤੇ ਹਮਲਾ ਬੋਲਿਆ ਅਤੇ ਪ੍ਰਾਰਥਨਾ ਵਿੱਚ ਸ਼ਾਮਲ ਲੋਕਾਂ ਤੇ ਕੁੱਝ ਵਿਦੇਸ਼ੀ ਨਾਗਰਿਕਾਂ ਨਾਲ ਗਾਲੀ ਗਲੋਚ ਕੀਤਾ ਅਤੇ ਜਬਰੀ ਤੇ ਲਾਲਚ ਦੇ ਕੇ ਧਰਮ ਪਰਿਵਰਤਨ ਦੇ ਦੋਸ਼ ਲਾਏ। ਵਾਹਿਨੀ ਦੀ ਸ਼ਿਕਾਇਤ 'ਤੇ ਪੁਲਸ ਨੇ ਪ੍ਰਾਰਥਨਾ ਸਭਾ ਬੰਦ ਕਰਵਾ ਦਿੱਤੀ। ਹਿੰਦੂ ਯੁਵਾ ਵਾਹਿਨੀ ਦੇ ਜ਼ਿਲ੍ਹਾ ਜਥੇਬੰਦਕ ਪੱਪੂ ਪੁਰੀ ਦੇ ਕਹਿਣ ਅਨੁਸਾਰ ਗਰੀਬ ਹਿੰਦੂਆਂ ਨੂੰ ਇਸਾਈ ਬਣਾਉਣ ਲਈ ਮਿਸ਼ਨਰੀ ਵੱਖ ਵੱਖ ਤਰ੍ਹਾਂ ਦੇ ਲਾਲਚ ਦੇ ਰਹੇ ਹਨ, ਉਹਨਾਂ ਨੇ ਚਰਚ ਵਿੱਚ ਮੌਜੂਦ ਲੋਕਾਂ ਨੂੰ ''ਜੈ ਸ੍ਰੀ ਰਾਮ'' ਦੇ ਨਾਅਰੇ ਲਾਉਣ ਲਈ ਵੀ ਮਜਬੂਰ ਕੀਤਾ।
ਆਉਣ ਵਾਲੇ ਸਮੇਂ ਵਿੱਚ ਹਿੰਦੂ ਯੁਵਾ ਵਾਹਿਨੀ ਦੇ ਫਾਸ਼ੀ ਕਾਰਨਾਮੇ ਹੋਰ ਵਧਣ ਦੀ ਪ੍ਰਤੱਖ ਸੰਭਾਵਨਾ ਹੈ, ਜਿਵੇਂ ਕਿ ਵਾਹਿਨੀ ਦੇ ਆਗੁ ਦਾਅਵਾ ਕਰ ਰਹੇ ਹਨ ਕਿ ਯੋਗੀ ਸਰਕਾਰ ਬਣਨ ਤੋਂ ਪਹਿਲਾਂ ਜਿੱਥੇ ਸਾਡੀ ਮੈਂਬਰਸ਼ਿੱਪ 500 ਸੀ, ਹੁਣ ਸਾਡੇ ਕੋਲ 5000 ਤੋਂ ਵੱਧ ਅਰਜੀਆਂ ਨਵੇਂ ਮੈਂਬਰ ਬਣਨ ਲਈ ਆਈਆਂ ਹਨ ਅਤੇ ਯੂ.ਪੀ., ਹਰਿਆਣਾ, ਰਾਜਸਥਾਨ ਤੋਂ ਇਲਾਵਾ ਬਿਹਾਰ, ਝਾਰਖੰਡ, ਬੰਗਾਲ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਉੜੀਸਾ ਵਿੱਚ ਵੀ ਜਥੇਬੰਦੀ ਛੇਤੀ ਬਣਨ ਜਾ ਰਹੀ ਹੈ ਤੇ ਇਸ ਦਾ ਮਕਸਦ ਹਿੰਦੂ ਵਿਰੋਧੀ ਰਾਸ਼ਟਰ ਵਿਰੋਧੀ ਤਾਕਤਾਂ ਅਤੇ ਮਾਓਵਾਦੀਆਂ 'ਤੇ ਕਾਬੂ ਪਾਉਣਾ ਹੈ।

No comments:

Post a Comment