Saturday, 29 April 2017

ਤੀਹਰੇ ਤਲਾਕ ਦਾ ਮਾਮਲਾ

ਤੀਹਰੇ ਤਲਾਕ ਦਾ ਮਾਮਲਾ:
ਮੋਦੀ ਨੂੰ ਮੁਸਲਿਮ ਔਰਤਾਂ ਦੇ ਹੱਕਾਂ ਦਾ ਦੰਭੀ ਹੇਜ

-ਸਮਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਘ ਲਾਣੇ ਵੱਲੋਂ ਮੁਸਲਿਮ ਭਾਈਚਾਰੇ ਵਿੱਚ ਪ੍ਰਚੱਲਤ ਤੀਹਰੇ ਤਲਾਕ ਖਿਲਾਫ ਖੁਬ ਹੋ ਹੱਲਾ ਮਚਾਇਆ ਹੋਇਆ ਹੈ। ਯੂ.ਪੀ. ਅਤੇ ਉੱਤਰਾਖੰਡ ਦੀਆਂ ਚੋਣਾਂ ਦੌਰਾਨ ਉਹਨਾਂ ਵੱਲੋਂ ਬਾਹਾਂ ਉਲਾਰ ਉਲਾਰ ਕੇ ਬੋਲਿਆ ਗਿਆ ਕਿ ਤੀਹਰਾ ਤਲਾਕ ਮੁਸਲਿਮ ਮਰਦੋਂ ਕਾ ਮੁਸਲਿਮ ਔਰਤੋਂ ਸੇ ਧੱਕਾ ਹੈ, ਉਹਨਾਂ ਦੇ ਹੱਕਾਂ 'ਤੇ ਛਾਪਾ ਹੈ ਆਦਿ ਆਦਿ।
ਜਿੱਥੋਂ ਤੱਕ ਤੀਹਰੇ ਤਲਾਕ ਦਾ ਸਬੰਧ ਹੈ, ਮੁਸਲਿਮ ਭਾਈਚਾਰੇ ਵਿੱਚ ਪ੍ਰਚੱਲਤ ਇਹ ਪ੍ਰਥਾ ਰੂੜੀਵਾਦੀ ਹੀ ਨਹੀਂ, ਇਹ ਔਰਤ ਵਿਰੋਧੀ ਹੈ ਅਤੇ ਇੱਕ ਔਰਤ ਪਤਨੀ ਨੂੰ ਮਰਦ ਦੇ ਰਹਿਮੋਕਰਮ ਦਾ ਪਾਤਰ ਵੀ ਬਣਾਉਂਦੀ ਹੈ। ਇਹ ਪ੍ਰਥਾ ਇੱਕ ਮਰਦ ਵੱਲੋਂ ਜਦੋਂ ਮਰਜੀ ਤਿੰਨ ਵਾਰ ਤਲਾਕ-ਤਲਾਕ-ਤਲਾਕ ਕਹਿ ਕੇ ਪਹਿਲੀ ਪਤਨੀ ਨੂੰ ਛੱਡਣ ਅਤੇ ਫਿਰ ਦੂਜਾ, ਇਸੇ ਤਰ੍ਹਾਂ ਤੀਜਾ, ਚੌਥਾ ਵਿਆਹ ਕਰਵਾਉਣ ਲਈ ਰਾਹ ਪੱਧਰਾ ਕਰਦੀ ਹੈ। ਬਿਨਾ ਸ਼ੱਕ, ਔਰਤ ਮਰਦ ਬਰਾਬਰਤਾ ਅਤੇ ਔਰਤਾਂ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਅੰਦਰ ਘੱਟੋ ਘੱਟ ਜਮਹੂਰੀ ਅਧਿਕਾਰਾਂ ਅਤੇ ਮਾਹੌਲ ਦੀ ਜਾਮਨੀ ਦੇ ਤਕਾਜਿਆਂ ਦੀ ਮੰਗ ਇਸ ਮੱਧਯੁੱਗੀ ਜਾਗੀਰੂ ਪ੍ਰਥਾ ਨੂੰ ਪਰ੍ਹਾਂ ਵਗਾਹ ਮਾਰਨ ਦੀ ਮੰਗ ਕਰਦੀ ਹੈ। ਪਰ ਇਹ ਮਹਿਜ਼ ਇੱਕ ਸਮਾਜਿਕ ਮਾਮਲਾ ਨਾ ਹੋ ਕੇ ਧਾਰਮਿਕ ਮਾਮਲਾ ਵੀ ਹੈ। ਜਿਸ ਕਰਕੇ ਇਹ ਧਾਰਮਿਕ ਜਜ਼ਬਾਤਾਂ ਨਾਲ ਜੁੜ ਕੇ ਇੱਕ ਨਾਜ਼ੁਕ ਅਤੇ ਸੰਵੇਦਨਸ਼ੀਲ ਮਾਮਲਾ ਬਣਦਾ ਹੈ। ਇਸ ਲਈ, ਮੁਸਲਿਮ ਭਾਈਚਾਰੇ ਨੂੰ ਇਸ ਪ੍ਰਥਾ ਨੂੰ ਤਿਆਗਣ ਲਈ ਰਜ਼ਾਮੰਦ ਕਰਨ ਲਈ ਸਮਝਣ-ਸਮਝਾਉਣ ਅਤੇ ਜਚਾਉਣ-ਮਨਾਉਣ ਦੀ ਦੋਸਤਾਨਾ ਅਤੇ ਭਾਈਚਾਰਕ ਪਹੁੰਚ ਅਖਤਿਆਰ ਕਰਦਿਆਂ, ਇਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ। ਇਸ ਨੂੰ ਕਾਨੂੰਨੀ ਅਤੇ ਸਿਆਸੀ ਢੰਗ-ਤਰੀਕਿਆਂ ਨਾਲ ਮੁਸਲਿਮ ਭਾਈਚਾਰੇ 'ਤੇ ਠੋਸਣ ਦੀਆਂ ਕੋਸ਼ਿਸ਼ਾਂ ਨਾ ਸਿਰਫ ਪਹਿਲੋਂ ਇੱਕ ਧਾਰਮਿਕ ਘੱਟਗਿਣਤੀ ਵਜੋਂ ਸੰਘ ਲਾਣੇ ਦੀਆਂ ਫਿਰਕੂ-ਫਾਸ਼ੀ ਕਾਰਵਾਈਆਂ ਦੀ ਮਾਰ ਝੱਲ ਰਹੇ ਇਸ ਭਾਈਚਾਰੇ ਵਿੱਚ ਤਿੱਖੇ ਬਚਾਓਮੁਖੀ ਭੜਕਾਊ ਪ੍ਰਤੀਕਰਮ ਨੂੰ ਪਲੀਤਾ ਲਾਉਣ ਦਾ ਕੰਮ ਕਰਨਗੀਆਂ ਅਤੇ ਇਹ ਅੱਗੇ ਮੁਸਲਿਮ ਭਾਈਚਾਰੇ ਅੰਦਰ ਨਾ ਸਿਰਫ ਇਸ ਪ੍ਰਥਾ ਨੂੰ ਪ੍ਰਚਲਿਤ ਰੱਖਣ ਦੀ ਵਕਾਲਤ ਕਰਦੀਆਂ ਮੁੱਠੀਭਰ ਕੱਟੜ ਤਾਕਤਾਂ ਨੂੰ ਮੁਸਲਿਮ ਜਨਤਾ ਦੇ ਧਾਰਮਿਕ ਜਜ਼ਬਾਤਾਂ ਨੂੰ ਪਲੀਤਾ ਲਾਉਣ ਅਤੇ ਇਉਂ ਉਹਨਾਂ ਦੇ ਹੋਰ ਪੈਰ ਲਾਉਣ ਦਾ ਮੌਕਾ ਮੁਹੱਈਆ ਕਰਨ ਦਾ ਸਬੱਬ ਬਣਨਗੀਆਂ, ਸਗੋਂ ਮੁਸਲਿਮ ਭਾਈਚਾਰੇ ਦੇ ਇਸ ਪ੍ਰਤੀਕਰਮ ਨੂੰ ਆਪਣੇ ਵੋਟ ਬੈਂਕ ਵਿੱਚ ਢਾਲਣ ਲਈ ਸਰਗਰਮ ਮੌਕਾਪ੍ਰਸਤ ਸਿਆਸੀ ਤਾਕਤਾਂ ਨੂੰ ਵੀ ਮੱਚਦੀ 'ਤੇ ਤੇਲ ਛਿੜਕਣ ਦਾ ਮੌਕਾ ਮੁਹੱਈਆ ਕਰਨਗੀਆਂ।
ਫਿਰਕੂ ਹਿੰਦੂਤਵਾ ਫਾਸ਼ੀ ਲਾਣੇ ਦੇ ਸਰਗਣੇ ਮੋਦੀ ਅਤੇ ਸਮੁੱਚੇ ਸੰਘ ਲਾਣੇ ਵੱਲੋਂ ਤੀਹਰੇ ਤਲਾਕ ਖਿਲਾਫ ਪਾਈ ਜਾ ਰਹੀ ਕਾਵਾਂਰੌਲੀ ਮਰਦਾਵੇ ਦਾਬੇ ਅਤੇ ਵਿਤਕਰੇ ਦਾ ਸ਼ਿਕਾਰ ਔਰਤਾਂ ਪ੍ਰਤੀ ਕਿਸੇ ਖਰੇ ਹੇਜ ਅਤੇ ਸਰੋਕਾਰ ਦੀ ਉਪਜ ਨਹੀਂ ਹੈ। ਇਹ ਅਸਲ ਵਿੱਚ ਮੁਸਲਿਮ ਘੱਟ ਗਿਣਤੀਆਂ ਖਿਲਾਫ ਆਰ.ਐਸ.ਐਸ. ਦੀ ਅਗਵਾਈ ਹੇਠ ਸੰਘ ਲਾਣੇ ਵੱਲੋਂ ਵਿੱਢੀ ਉਸੇ ਫਿਰਕੂ-ਫਾਸ਼ੀ ਮੁਹਿੰਮ ਦਾ ਇੱਕ ਅੰਗ ਹੈ, ਜਿਸ ਤਹਿਤ ਉਹ ਮੁਸਲਿਮ ਘੱਟਗਿਣਤੀ (ਸਮੇਤ ਸਭਨਾਂ ਧਾਰਮਿਕ ਘੱਟ ਗਿਣਤੀਆਂ) ਨੂੰ ਇੱਕ ਇਕਸਾਰ ਅਤੇ ਸਾਂਝੇ ਸਿਵਲ ਕੋਡ ਦੇ ਬੰਧੇਜ ਵਿੱਚ ਲਿਆਉਣਾ ਚਾਹੁੰਦੇ ਹਨ। ਅਜਿਹਾ ਸਿਵਲ ਕੋਡ ਇਸ ਲਾਣੇ ਦੇ ਅਖੌਤੀ ਹਿੰਦੂ ਰਾਸ਼ਟਰ ਦੇ ਸੰਕਲਪ ਦੇ ਮੇਚ ਬਹਿੰਦਾ ਹੈ। ਇਸ ਸਾਂਝੇ ਸਿਵਲ ਕੋਡ ਦੇ ਬੰਧੇਜ ਵਿੱਚ ਮੁਸਲਿਮ ਭਾਈਚਾਰੇ ਨੂੰ ਲਿਆਉਣ ਪਿੱਛੇ ਇਸ ਫਿਰਕੂ-ਫਾਸ਼ੀ ਲਾਣੇ ਦਾ ਛੁਪਿਆ ਅਸਲ ਮਕਸਦ ਮੁਸਲਿਮ ਆਬਾਦੀ ਦੀ ਅਖੌਤੀ ਤੇਜ਼ ਵਾਧਾ-ਦਰ ਨੂੰ ਘਟਾਉਣਾ ਹੈ। ਇਹ ਫਿਰਕੂ-ਫਾਸ਼ੀ ਲਾਣਾ ਅਤੇ ਖੁਦ ਮੋਦੀ ਗੁਜਰਾਤ ਚੋਣਾਂ ਵਿੱਚ ਕਹਿੰਦਾ ਰਿਹਾ ਹੈ ਕਿ ਮੁਸਲਮਾਨਾਂ ਦਾ ਨਾਹਰਾ ਹੈ ''ਹਮ-ਪਾਂਚ, ਹਮਾਰੇ ਪੱਚੀਸ'' ਯਾਨੀ ਮੁਸਲਮਾਨ ਮਰਦ ਚਾਰ ਚਾਰ ਵਿਆਹ ਕਰਵਾ ਕੇ ਹਰੇਕ ਪਤਨੀ ਤੋਂ ਕਈ ਕਈ ਬੱਚੇ ਪੈਦਾ ਕਰਦੇ, ਮੁਸਲਿਮ ਆਬਾਦੀ ਨੂੰ ਜਰਬਾਂ ਦਿੰਦੇ ਹਨ। ਉਹ ਦਲੀਲ ਦਿੰਦੇ ਹਨ ਕਿ ਜੇ ਮੁਸਲਿਮ ਆਬਾਦੀ ਇਸੇ ਦਰ ਨਾਲ ਵਧਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਇੱਕ ਬਹੁਗਿਣਤੀ ਮੁਸਲਿਮ ਦੇਸ਼ ਬਣ ਜਾਵੇਗਾ। ਉਹਨਾਂ ਵੱਲੋਂ ਮੁਸਲਿਮ ਆਬਾਦੀ ਦੇ ਅਖੌਤੀ ਵਾਧੇ ਨੂੰ ਅਖੌਤੀ ''ਹਿੰਦੂ ਕੌਮ'' 'ਤੇ ਮੁਸਲਮਾਨਾਂ ਵੱਲੋਂ ਪਿਛਲੇ ਇੱਕ ਹਜ਼ਾਰ ਸਾਲ ਤੋਂ ਜਾਰੀ ਹਮਲੇ ਦਾ ਹੀ ਇੱਕ ਰੂਪ ਗਰਦਾਨਿਆ ਜਾ ਰਿਹਾ ਹੈ।
ਮੋਦੀ ਜੁੰਡਲੀ ਅਤੇ ਫਾਸ਼ੀ ਸੰਘ ਲਾਣੇ ਵੱਲੋਂ ਹਿੰਦੂ ਭਾਈਚਾਰੇ ਅੰਦਰ ਮੁਸਲਿਮ ਆਬਾਦੀ ਦੀ ਵਾਧਾ ਦਰ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦਾ ਫੈਲਾਇਆ ਜਾ ਰਿਹਾ ਭਰਮ ਉਹਨਾਂ ਦੀ ਪਿਛਾਖੜੀ ਫਾਸ਼ੀ ਸੋਚ ਦੀ ਪੈਦਾਇਸ਼ ਹੈ। ਮੁਸਲਿਮ ਆਬਾਦੀ ਦੀ ਵਾਧਾ ਦਰ ਹਿੰਦੂ ਧਰਮ ਨਾਲ ਸਬੰਧਤ ਭਾਈਚਾਰੇ ਦੀ ਆਬਾਦੀ ਦੀ ਵਾਧਾ ਦਰ ਨਾਲੋਂ ਜ਼ਿਆਦਾ ਨਹੀਂ ਹੈ। ਅੱਜਕੱਲ੍ਹ ਮੁਸਲਿਮ ਭਾਈਚਾਰੇ ਅੰਦਰ ਤੀਹਰੇ ਤਲਾਕ ਦੀ ਪ੍ਰਥਾ ਪ੍ਰਚੱਲਤ ਹੋਣ ਦੇ ਬਾਵਜੂਦ ਬਹੁ-ਪਤਨੀ ਜਾਂ ਬਹੁ-ਸ਼ਾਦੀਆਂ ਦਾ ਰਿਵਾਜ ਆਮ ਪ੍ਰਚੱਲਤ ਪ੍ਰਥਾ ਨਹੀਂ ਹੈ। ਇਹ ਪ੍ਰਥਾ ਧਨਾਢ ਅਤੇ ਰੱਜਦੇ-ਪੁੱਜਦੇ ਘਰਾਣਿਆਂ ਦੀ ਇੱਕ ਨਿਗੂਣੀ ਗਿਣਤੀ ਤੱਕ ਸੀਮਤ ਹੈ। ਮਿਹਨਤਕਸ਼ ਮੁਸਲਿਮ ਭਾਈਚਾਰੇ ਦੇ ਵੱਡੇ ਹਿੱਸੇ ਦੀ ਜ਼ਿੰਦਗੀ ਵਿੱਚ ਇਸ ਪ੍ਰਥਾ ਦੀ ਅਜਿਹੀ ਥਾਂ ਨਹੀਂ ਹੈ। ਇਸ ਲਈ ਮੁਸਲਿਮ ਭਾਈਚਾਰੇ ਦੀ ਵੱਡੀ ਭਾਰੀ ਗਿਣਤੀ ਪਹਿਲੋਂ ਹੀ ਇਸ ਪ੍ਰਥਾ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਨਹੀਂ ਹੈ।
ਪਰ ਮੋਦੀ ਜੁੰਡਲੀ ਅਤੇ ਸਮੁੱਚਾ ਸੰਘ ਲਾਣਾ ਮੁਸਲਿਮ ਭਾਈਚਾਰੇ ਦੀ ਇਸ ਸਮੱਸਿਆ ਨੂੰ ਆਪਣੇ ਫਿਰਕੂ-ਫਾਸ਼ੀ ਮਨਸੂਬਿਆਂ ਦੀ ਪੂਰਤੀ ਵਜੋਂ ਵਰਤਣ 'ਤੇ ਤੁਲੇ ਹੋਏ ਹਨ। ਉਹਨਾਂ ਦਾ ਔਰਤ ਦੀ ਮਰਦ ਬਰਾਬਰ ਹੈਸੀਅਤ, ਔਰਤ ਅਧਿਕਾਰਾਂ ਅਤੇ ਔਰਤ ਭਲਾਈ ਨਾਲ ਕੋਈ ਲਾਗਾਦੇਗਾ ਨਹੀਂ ਹੈ। ਜੇ ਇਸ ਲਾਣੇ ਨੂੰ ਔਰਤ ਹੱਕਾਂ ਅਤੇ ਔਰਤ ਭਲਾਈ ਨਾਲ ਸੱਚਿਉਂ ਕੋਈ ਭੋਰਾ ਭਰ ਵੀ ਸਰੋਕਾਰ ਹੁੰਦਾ ਤਾਂ ਇਹ ਲਾਣਾ ਉਸ ਅਖੌਤੀ ਹਿੰਦੂ ਕੌਮ ਦੀਆਂ ਔਰਤਾਂ ਦੇ ਹੱਕਾਂ ਅਤੇ ਭਲੇ ਲਈ ਆਵਾਜ਼ ਕਿਉ ਨਹੀਂ ਉਠਾਉਂਦਾ, ਜਿਹੜੀਆਂ ਤੀਹਰੇ ਤਲਾਕ ਕਾਰਨ ਹੁੰਦੇ ਧੱਕੇ ਤੇ ਵਿਤਕਰੇ ਦਾ ਸ਼ਿਕਾਰ ਮੁਸਲਿਮ ਔਰਤਾਂ ਨਾਲੋਂ ਕਿਤੇ ਵੱਧ ਤ੍ਰਿਸਕਾਰ, ਦੁਰਦਸ਼ਾ ਅਤੇ ਜਲਾਲਤ ਹੰਢਾਉਂਦੀਆਂ ਹਨ। ਹਿੰਦੂ ਤੀਰਥ ਅਸਥਾਨ ਵਜੋਂ ਜਾਣੇ ਜਾਂਦੇ ਵਰਿੰਦਾਵਣ ਦੀਆਂ ਵਿਧਵਾਵਾਂÎ ਦੀ ਦੁਰਦਸ਼ਾ ਭਾਰਤੀ ਅਖਬਾਰਾਂ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਸੁਪਰੀਮ ਕੋਰਟ ਦਾ ਇੱਕ ਮੁੱਦਾ ਬਣੀ ਹੋਈ ਹੈ। ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਇੱਕ ਬੈਂਚ ਵੱਲੋਂ ਕੇਂਦਰੀ ਹਕੂਮਤ ਨੂੰ ਝਾੜ ਪਾਉਂਦਿਆਂ ਕਿਹਾ ਗਿਆ ਹੈ ਕਿ ''..ਤੁਸੀਂ ਭਾਰਤ ਦੀਆਂ ਵਿਧਵਾਵਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ'', ''ਜੇ ਤੁਸੀਂ ਕੁੱਝ ਕਰਨਾ ਨਹੀਂ ਚਾਹੁੰਦੇ, ਤਾਂ ਇੱਕ ਹਲਫਨਾਮਾ ਦਰਜ ਕਰਵਾਓ ਅਤੇ ਕਹੋ ਕਿ ਤੁਹਾਡਾ ਇਹਨਾਂ ਵਿਧਵਾਵਾਂ ਨਾਲ ਕੋਈ ਸਰੋਕਾਰ ਨਹੀਂ ਹੈ। ਹਕੂਮਤ ਇਸ ਬਾਰੇ ਕੁੱਝ ਵੀ ਨਹੀਂ ਕਰਨਾ ਚਾਹੁੰਦੀ।'' (ਦਾ ਟ੍ਰਿਬਿਊਨ, 24 ਅਪ੍ਰੈਲ 2017) ਸੁਪਰੀਮ ਕੋਰਟ ਵੱਲੋਂ ਇਹ ਝਾੜਝੰਬ ਕਰਦਿਆਂ ਕੇਂਦਰੀ ਹਕੂਮਤ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ। ਕਿਉਂਕਿ ਸੁਪਰੀਮ ਕੋਰਟ ਵੱਲੋਂ ਇਸ ਤੋਂ ਪਹਿਲਾਂ ਮੋਦੀ ਹਕੂਮਤ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਉਹ ਇੱਕ ਮੀਟਿੰਗ ਸੱਦੇ, ਜਿਸ ਵਿੱਚ ਔਰਤਾਂ ਬਾਰੇ ਕੌਮੀ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਬਾਰੇ ਵਿਚਾਰ ਕਰੇ ਅਤੇ ਚਾਰ ਹਫਤਿਆਂ ਦੇ ਅੰਦਰ ਉਹਨਾਂ ਸੇਧਾਂ ਬਾਰੇ ਦੱਸੇ, ਜਿਹੜੀਆਂ ਇਹ ਪਾਸ ਕਰਨਾ ਚਾਹੁੰਦੀ ਹੈ। ਪਰ ਮੁਸਲਿਮ ਔਰਤਾਂ ਦੇ ਹੱਕਾਂ ਬਾਰੇ ਅੱਡੀਆਂ ਚੁੱਕ ਚੁੱਕ ਕੇ ਹੋਕਰੇਬਾਜ਼ੀ ਕਰਦੇ ਮੋਦੀ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪ੍ਰਵਾਹ ਕੀ ਹੋਣੀ ਸੀ?
ਭਾਰਤ ਦੇ ਮਿਹਨਤਕਸ਼ ਲੋਕਾਂ ਦੀਆਂ ਲੱਖਾਂ ਔਰਤਾਂ ਗੁਰਬਤ ਅਤੇ ਭੁੱਖਮਰੀ ਦਾ ਸ਼ਿਕਾਰ ਹੋਣ ਕਰਕੇ, ਜ਼ਰਵਾਣਿਆਂ, ਦੇਹ-ਵਪਾਰੀਆਂ ਅਤੇ ਧੋਖੇਬਾਜ਼ਾਂ ਦੇ ਪੰਜਿਆਂ ਵਿੱਚ ਫਸਣ ਕਰਕੇ ਵੇਸ਼ਵਾਗਮਨੀ ਦੇ ਧੰਦੇ ਵਿੱਚ ਧੱਕੀਆਂ ਗਈਆਂ ਹਨ ਅਤੇ ਧੱਕੀਆਂ ਜਾ ਰਹੀਆਂ ਹਨ। ਕੇਂਦਰੀ ਹਕੂਮਤ ਦੇ ਨੱਕ ਹੇਠ ਦਿੱਲੀ ਵਿਖੇ ਬਦਨਾਮ ਜੀ.ਬੀ. ਰੋਡ 'ਤੇ ਵਿਸ਼ਾਲ ਰੈੱਡ ਲਾਈਟ ਏਰੀਆ (ਵੇਸ਼ਵਾਗਮਨੀ ਦੀ ਮੰਡੀ) ਹੈ। ਭਾਰਤ ਦੇ ਸਭਨਾਂ ਵੱਡੇ ਸ਼ਹਿਰਾਂ (ਮੁੰਬਈ, ਕੋਲਕਤਾ, ਮਦਰਾਸ, ਬੰਗਲੌਰ, ਪੂਨਾ ਆਦਿ) ਵਿੱਚ ਅਜਿਹੇ ਬਦਨਾਮ ਰੈਡ ਲਾਈਟ ਏਰੀਏ ਹਨ, ਜਿੱਥੇ ਮੋਦੀ ਜੁੰਡਲੀ ਦੇ ਅਖੌਤੀ ਹਿੰਦੂ ਰਾਸ਼ਟਰ ਦੀਆਂ ਮਾਸੂਮ ਅਤੇ ਨਿਹੱਥੀਆਂ ਔਰਤਾਂ ਨੂੰ ਦੇਹ ਵਪਾਰੀਆਂ ਦੇ ਜਲਾਲਤ ਭਰੇ ਸੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਇਸ ਤੋਂ ਇਲਾਵਾ, ਖੁਦ ਹਿੰਦੂ ਧਰਮ ਅੰਦਰ ਦੇਵਦਾਸੀ ਪ੍ਰਥਾ ਅਜ ਤੱਕ ਪ੍ਰਚਲਿਤ ਹੈ। ਚਾਹੇ ਪਹਿਲਾਂ ਨਾਲੋਂ ਇਸਦਾ ਆਕਾਰ ਸੁੰਗੜਿਆ ਹੈ, ਪਰ ਦੱਖਣ ਦੇ ਕਈ ਮੰਦਰਾਂ ਵਿੱਚ ਇਹ ਪ੍ਰਥਾ ਬਾਦਸਤੂਰ ਜਾਰੀ ਹੈ।
ਜੇ ਮੋਦੀ ਜੁੰਡਲੀ ਅਤੇ ਸੰਘ ਲਾਣੇ ਨੂੰ ਔਰਤ ਹੱਕਾਂ, ਔਰਤਾਂ ਦੀ ਸ਼ਾਨ ਅਤੇ ਔਰਤ ਭਲਾਈ ਨਾਲ ਮਾੜਾ-ਮੋਟਾ ਵੀ ਹਕੀਕੀ ਸਰੋਕਾਰ ਹੁੰਦਾ, ਤਾਂ ਉਹ ਸਭ ਤੋਂ ਪਹਿਲਾਂ ਵਰਿੰਦਾਵਣ ਦੀਆਂ ਵਿਧਵਾਵਾਂ ਨੂੰ ਉਸ ਨਰਕੀ ਜ਼ਿੰਦਗੀ ਤੋਂ ਛੁਟਕਾਰਾ ਦਿਵਾਉਣ ਦਾ ਹੀਲਾ-ਵਸੀਲਾ ਕਰਦਾ। ਵੇਸ਼ਵਾਗਮਨੀ ਦੇ ਗੁਲਾਮਾਨਾ ਅਤੇ ਜਲਾਲਤ ਭਰੇ ਪੇਸ਼ੇ ਵਿੱਚ ਫਸੀਆਂ ਮੁਲਕ ਦੀਆਂ ਦਹਿ ਲੱਖਾਂ ਔਰਤਾਂ ਨੂੰ ਇਸ ਨਰਕ ਤੋਂ ਮੁਕਤ ਕਰਨ ਅਤੇ ਬਾਵਕਾਰ, ਇਨਸਾਨੀ ਜ਼ਿੰਦਗੀ ਜੀਣ ਦੀਆਂ ਹੱਕਦਾਰ ਬਣਾਉਣ ਲਈ ਯਤਨ ਕਰਦਾ। ਧਰਮ ਦੇ ਪਰਦੇ ਓਹਲੇ ਮੱਧਯੁੱਗੀ ਦੇਵਦਾਸੀ ਪ੍ਰਥਾ ਦੇ ਨਾਂ ਹੇਠ ਲੋਕਾਂ ਦੀਆਂ ਧੀਆਂ-ਭੈਣਾਂ ਦੀ ਹੋ ਰਹੀ ਦੁਰਗਤੀ ਨੂੰ ਬੰਦ ਕਰਵਾਉਣ ਲਈ ਹੰਭਲਾ ਮਾਰਦਾ। ਪਰ ਨਹੀਂ— ਮੋਦੀ ਹਕੂਮਤ ਅਤੇ ਫਾਸ਼ੀ ਹਿੰਦੂਤਵਾ ਲਾਣੇ ਨੂੰ ਔਰਤ ਭਲਾਈ, ਔਰਤ ਹੱਕਾਂ ਅਤੇ ਔਰਤ ਸਰੋਕਾਰ ਨਾਲ ਕੋਈ ਲਾਗਾਦੇਗਾ ਨਹੀਂ ਹੈ, ਉਹ ਤਾਂ ਮੁਸਲਿਮ ਔਰਤਾਂ ਦੇ ਹੱਕਾਂ ਦੇ ਸ਼ੋਰੋਗੁਲ ਓਹਲੇ ਆਪਣੇ ਫਿਰਕੂ ਫਾਸ਼ੀ ਮਨਸੂਬਿਆਂ ਦੀ ਪੂਰਤੀ ਦੀ ਬਦਨੀਤੀ ਨੂੰ ਅਮਲ ਵਿੱਚ ਲਿਆਉਣਾ ਚਾਹ ਰਹੀ ਹੈ।

No comments:

Post a Comment