Saturday, 29 April 2017

ਵਿਦਿਆਰਥੀ ਜਥੇਬੰਦੀਆਂ ਵੱਲੋਂ ਰੋਸ ਮਾਰਚ


ਵਿਦਿਆਰਥੀ ਜਥੇਬੰਦੀਆਂ ਵੱਲੋਂ ਰੋਸ ਮਾਰਚ
ਬਰਨਾਲਾ, 14 ਅਪਰੈਲ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਫੀਸਾਂ ਦੇ ਵਾਧੇ ਦੇ ਚਲਦਿਆਂ ਵਿਰੋਧ ਕਰ ਰਹੇ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ, ਗ੍ਰਿਫ਼ਤਾਰੀ ਅਤੇ ਉਨ੍ਹਾਂ 'ਤੇ ਦਰਜ ਕੀਤੇ ਝੂਠੇ ਕੇਸਾਂ ਦੇ ਵਿਰੋਧ ਵਿੱਚ ਪੈਗਾਮ ਥੀਏਟਰ ਬਰਨਾਲਾ, ਇਨਕਲਾਬੀ ਨੌਜੁਆਨ ਵਿਦਿਆਰਥੀ ਮੰਚ ਅਤੇ ਆਜ਼ਾਦ ਰੰਗਮੰਚ ਬਰਨਾਲਾ ਵੱਲੋਂ ਸਾਂਝੇ ਤੌਰ 'ਤੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਜਾ ਕੇ ਖ਼ਤਮ ਕੀਤਾ ਗਿਆ। ਇਸ ਸਮੇਂ ਇਨਕਲਾਬੀ ਨੌਜੁਆਨ ਵਿਦਿਆਰਥੀ ਮੰਚ ਦੇ ਆਗੂ ਗੁਰਜਿੰਦਰ ਵਿਦਿਆਰਥੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਫੀਸਾਂ ਵਿੱਚ ਇਹ ਵਾਧਾ ਸਿੱਖਿਆ ਦੇ ਭਗਵੇਂਕਰਨ, ਵਪਾਰੀਕਰਨ ਤੇ ਨਿੱਜੀ ਹੱਥਾਂ ਵਿੱਚ ਦੇਣ  ਦੀ ਸਾਜਿਸ਼ ਤਹਿਤ ਕੀਤਾ ਗਿਆ ਹੈ। ਇਸ ਨੂੰ ਹਰ ਹਾਲਤ ਵਿੱਚ ਵਾਪਸ ਕਰਵਾਉਣਾ ਹਰ ਇਨਸਾਫ਼ਪਸੰਦ ਮਨੁੱਖ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਸਮੇਂ ਪੈਗਾਮ ਥੀਏਟਰ ਬਰਨਾਲਾ ਦੀ ਨਿਰਦੇਸ਼ਕਾ ਸਰਵੀਰ ਸਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਫੀਸਾਂ ਦਾ 11 ਗੁਣਾ ਹੋਇਆ ਵਾਧਾ ਮਿਹਨਤਕਸ਼ ਲੋਕਾਂ ਦੇ ਹੱਥਾਂ ਵਿੱਚੋਂ ਸਿੱਖਿਆ ਤੇ ਰੁਜ਼ਗਾਰ ਨੂੰ ਪੂਰੀ ਤਰ੍ਹਾਂ ਖੋਹਣ ਦੀ ਸਾਜਿਸ਼ ਹੈ। ਇਸ ਦੇ ਤਹਿਤ ਵਿੱਦਿਆ ਦੇ ਉੱਚੇ ਅਦਾਰਿਆਂ ਨੂੰ ਪੂਰੀ ਤਰ੍ਹਾਂ ਗੁੰਡਾ-ਗਰੋਹਾਂ ਤੇ ਸਿਆਸੀ ਸਰਪ੍ਰਸਤੀ ਹੇਠ ਕਰਨਾ ਹੈ। ਇਸ ਸਮੇਂ ਆਜ਼ਾਦ ਰੰਗਮੰਚ ਬਰਨਾਲਾ ਦੇ ਨਿਰਦੇਸ਼ਕ ਰਣਜੀਤ ਚੌਹਾਨ ਨੇ ਗ੍ਰਿਫ਼ਤਾਰ ਕੀਤੇ ਵਿਦਿਆਰਥੀਆਂ ਨੂੰ ਬਿਨ੍ਹਾਂ ਸ਼ਰਤ ਰਿਹਾ ਕਰਨ ਦੀ ਮੰਗ 'ਤੇ ਜ਼ੋਰ ਦਿੱਤਾ। ਇਸ ਸਮੇਂ ਜਮਹੂਰੀ ਅਧਿਕਾਰ ਸਭਾ, ਬੀਕੇਯੂ ਡਕੌਦਾ ਤੇ ਲੋਕ-ਪੱਖੀ ਰੰਗਮੰਚ ਠੀਕਰੀਵਾਲ ਦੇ ਕਾਰਕੁਨ ਮੌਜੂਦ ਸਨ। ਰੋਸ ਮਾਰਚ ਵਿੱਚ ਗਗਨ ਆਜ਼ਾਦ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਇਸ ਸਮੇਂ ਹਾਜ਼ਰ ਸਮੂਹ ਇਨਸਾਫ਼ਪਸੰਦ ਧਿਰਾਂ ਵੱਲੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ  ਦਾ ਸਮਰਥਨ ਦੇਣ ਦਾ ਐਲਾਨ ਕੀਤਾ।

No comments:

Post a Comment