Saturday, 29 April 2017

ਮਾਰੂਤੀ ਦੇ 13 ਮੁਲਾਜ਼ਮਾਂ ਨੂੰ ਕਤਲ ਕੇਸ 'ਚ ਉਮਰ ਕੈਦ

ਮਾਰੂਤੀ ਦੇ 13  ਮੁਲਾਜ਼ਮਾਂ ਨੂੰ ਕਤਲ ਕੇਸ 'ਚ ਉਮਰ ਕੈਦ
ਗੁੜਗਾਉਂ ਦੀ ਇੱਕ ਅਦਾਲਤ ਨੇ 18 ਮਾਰਚ ਨੂੰ ਮਾਰੂਤੀ-ਸੁਜ਼ੂਕੀ ਦੇ 13 ਸਾਬਕਾ ਮੁਲਾਜ਼ਮਾਂ ਨੂੰ ਕੰਪਨੀ ਦੇ ਮਾਨੇਸਰ ਪਲਾਂਟ ਵਿੱਚ ਹਿੰਸਾ ਦੌਰਾਨ ਇਕ ਅਧਿਕਾਰੀ ਦੀ ਮੌਤ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਆਰ.ਪੀ. ਗੋਇਲ ਨੇ ਆਪਣੇ ਫ਼ੈਸਲੇ ਵਿੱਚ 18 ਹੋਰ ਮੁਲਾਜ਼ਮਾਂ ਵਿੱਚੋਂ ਚਾਰ ਨੂੰ ਹਿੰਸਾ, ਫ਼ਸਾਦ, ਇਰਾਦਾ ਕਤਲ ਆਦਿ ਦੇ ਦੋਸ਼ ਤਹਿਤ ਪੰਜ-ਪੰਜ ਸਾਲ ਕੈਦ ਕੀਤੀ ਹੈ। ਬਾਕੀ 14 ਦੋਸ਼ੀਆਂ ਨੂੰ 25-25 ਸੌ ਰੁਪਏ ਜੁਰਮਾਨਾ ਭਰਨ 'ਤੇ ਰਿਹਾਅ ਕਰ ਦਿੱਤਾ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਪਹਿਲਾਂ ਹੀ ਕਰੀਬ ਸਾਢੇ ਚਾਰ ਸਾਲ ਕੈਦ ਕੱਟ ਚੁੱਕੇ ਹਨ। ਇਸ ਤਰ੍ਹਾਂ ਕੁੱਲ 31 ਕਾਮਿਆਂ ਨੂੰ ਸਜ਼ਾ ਸੁਣਾਈ ਗਈ ਹੈ। ਜਿਨ੍ਹਾਂ 13 ਜਣਿਆਂ ਨੂੰ ਉਮਰ ਕੈਦ ਕੀਤੀ ਗਈ ਹੈ, ਉਨ੍ਹਾਂ ਵਿੱਚ ਯੂਨੀਅਨ ਦਾ ਮੌਕੇ ਦਾ ਪ੍ਰਧਾਨ ਰਾਮ ਮਿਹਰ ਅਤੇ ਸੰਦੀਪ ਢਿੱਲੋਂ, ਰਾਮ ਬਿਲਾਸ, ਸਰਬਜੀਤ ਸਿੰਘ, ਪਵਨ ਕੁਮਾਰ, ਸੋਹਨ ਕੁਮਾਰ, ਪ੍ਰਦੀਪ ਕੁਮਾਰ, ਅਜਮੇਰ ਸਿੰਘ, ਜੀਆ ਲਾਲ, ਅਮਰਜੀਤ, ਧਨਰਾਜ ਭਾਂਬੀ, ਯੋਗੇਸ਼ ਕੁਮਾਰ ਅਤੇ ਪ੍ਰਦੀਪ ਗੁੱਜਰ ਸ਼ਾਮਲ ਹਨ। ਅਦਾਲਤ ਨੇ ਬੀਤੀ 10 ਮਾਰਚ ਨੂੰ 31 ਕਾਮਿਆਂ ਨੂੰ ਦੋਸ਼ੀ ਕਰਾਰ ਤੇ 117 ਨੂੰ ਬਰੀ ਕਰ ਦਿੱਤਾ ਸੀ। ਇਹ ਘਟਨਾ ਅਗਸਤ 2012 ਵਿੱਚ ਮਾਰੂਤੀ ਪ੍ਰਬੰਧਕਾਂ ਵੱਲੋਂ ਮੁਲਾਜ਼ਮਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਉਤੇ ਵਾਪਰੀ ਸੀ।
ਜੋ ਕੁੱਝ ਅਦਾਲਤ ਨੇ ਹੁਣ ਸਾਢੇ ਚਾਰ ਸਾਲਾਂ ਬਾਅਦ ਕੀਤਾ ਹੈ, ਇਸ ਦਾ ਪੈੜਾ ਤਾਂ ਉਦੋਂ ਤੋਂ ਹੀ ਬੰਨ੍ਹਿਆ ਗਿਆ ਸੀ, ਜਦੋਂ ਫੈਕਟਰੀ ਅੰਦਰ ਇਹ ਘਟਨਾ ਵਾਪਰੀ ਸੀ। ਅਦਾਲਤ ਨੇ ਸੰਘਰਸ਼ਸ਼ੀਲ ਮਜ਼ਦੂਰਾਂ ਨੂੰ ਸਜ਼ਾ ਦੇਣੀ ਸੀ ਦੇ ਦਿੱਤੀ। ਇੱਥੇ ਜੋ ਕੁੱਝ  ਵੀ ਕਾਨੂੰਨੀ ਕਾਰਵਾਈ ਦੇ ਤੌਰ 'ਤੇ ਕੀਤਾ ਗਿਆ ਹੈ, ਇਹ ਮਹਿਜ਼ ਵਿਖਾਵੇ ਦੀ ਕਾਰਵਾਈ ਹੈ। ਇਸਦਾ ਕਾਰਨ ਬਹੁਤ ਸਪੱਸ਼ਟ ਹੈ ਕਿ ਜਦੋਂ ਤੋਂ ਹੀ ਫੈਕਟਰੀ ਦੇ ਮਾਲਕਾਂ ਨੇ ਫੈਕਟਰੀ ਵਿੱਚ ਕੋਈ ਵੀ ਯੂਨੀਅਨ ਨਾ ਬਣਨ ਦੇਣ ਦੇ ਐਲਾਨ ਕੀਤੇ ਸਨ, ਉਦੋਂ ਤੋਂ ਹੀ ਉਹਨਾਂ ਦੇ ਮਨਸ਼ਿਆਂ ਬਾਰੇ ਸਪੱਸ਼ਟ ਹੋ ਚੁੱਕਾ ਸੀ ਕਿ ਉਹ ਹੋਰ ਕੁੱਝ ਭਾਵੇਂ ਕਰਨ ਜਾਂ ਨਾ ਕਰਨ ਪਰ ਉਹ ਇਸ ਅਦਾਰੇ ਵਿੱਚ ਕੋਈ ਮਜ਼ਦੂਰ ਯੂਨੀਅਨ ਨਹੀਂ ਬਣਨ ਦੇਣਗੇ। ਪਰ ਇਹ ਉਥੋਂ ਦੇ ਮਜ਼ਦੂਰਾਂ ਦੀ ਤਕੜਾਈ ਸੀ ਕਿ ਉਹਨਾਂ ਨੇ ਨਾ ਸਿਰਫ ਆਪਣੀ ਯੂਨੀਅਨ ਹੀ ਬਣਾਈ ਬਲਕਿ ਇਸ ਰਾਹੀਂ ਸੰਘਰਸ਼ ਲੜ ਕੇ ਅਨੇਕਾਂ ਮੰਗਾਂ ਵੀ ਮਨਵਾਈਆਂ ਸਨ। ਬਹੁਕੌਮੀ ਘਰਾਣੇ ਦੀ ਫੈਕਟਰੀ ਵਿੱਚ ਮਜ਼ਦੂਰਾਂ ਦੀ ਕੋਈ ਪੁੱਗਤ ਸਥਾਪਤ ਹੋਣ ਲੱਗੇ, ਇਹ ਕੁੱਝ ਫੈਕਟਰੀ ਮਾਲਕਾਂ ਤੋਂ ਉੱਕਾ ਹੀ ਬਰਦਾਸ਼ਤ ਨਹੀਂ ਸੀ ਹੋ ਰਿਹਾ, ਇਸ ਕਰਕੇ ਉਨ੍ਹਾਂ ਨੇ ਫੈਕਟਰੀ ਮਜ਼ਦੂਰਾਂ ਨੂੰ ਬਾਹਰ ਕੱਢ ਮਾਰਨ ਲਈ ਲੰਮੇ ਸਮੇਂ ਦੀ ਵਿਉਂਤ ਅਖਤਿਆਰ ਕੀਤੀ ਜਿਸ ਤਹਿਤ ਉਹਨਾਂ ਨੇ ਪਹਿਲਾਂ ਆਪਣੀ ਇੱਕ ਹਥਿਆਰਬੰਦ ਗੁੰਡਾ ਤਾਕਤ ਨੂੰ ਜਥੇਬੰਦ ਕੀਤਾ। ਫੇਰ ਉਨ੍ਹਾਂ ਨੇ ਸਰਕਾਰੀ ਅਤੇ ਪ੍ਰਸਾਸ਼ਕੀ ਅਧਿਕਾਰੀਆਂ ਨਾਲ ਪੂਰੀ ਗੰਢ-ਤੁੱਪ ਕਰਕੇ ਮਜ਼ਦੂਰਾਂ ਦੀ ਸ਼ਕਤੀ ਨੂੰ ਮਲੀਆਮੇਟ ਕਰਨ ਦੀ ਤਿਆਰੀ ਖਿੱਚੀ।
ਇਸ ਦਿਨ ਜਦੋਂ ਮਜ਼ਦੂਰ ਯੂਨੀਅਨ ਦੇ ਆਗੂ ਫੈਕਟਰੀ ਦੀ ਮੈਨੇਜਮੈਂਟ ਨਾਲ ਗੱਲਬਾਤ ਕਰਨ ਵਿੱਚ ਰੁਝੇ ਹੋਏ ਸਨ ਤਾਂ ਮੈਨੇਜਮੈਂਟ ਨੇ ਆਪਣੀ ਪਹਿਲਾਂ ਹੀ ਮਿਥੀ ਸਕੀਮ ਅਨੁਸਾਰ ਮੀਟਿੰਗ ਦੇ ਫੈਸਲੇ ਦੀ ਉਡੀਕ ਕਰ ਰਹੇ ਮਜ਼ਦੂਰਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਤਕਰਾਰ ਵਧਦਾ ਗਿਆ ਤਾਂ ਮੈਨੇਜਮੈਂਟ ਦੇ ਗੁੰਡਿਆਂ ਨੇ ਮਜ਼ਦੂਰਾਂ 'ਤੇ ਹਮਲਾ ਕਰ ਦਿੱਤਾ। ਗੁੰਡਿਆਂ ਨੇ ਮਜ਼ਦੂਰਾਂ ਨਾਲ ਕੀ ਕੁੱਝ ਕੀਤਾ, ਇਹ ਕੁੱਝ ਫੈਕਟਰੀ ਦੇ ਸੀ.ਸੀ.ਟੀ.ਵੀ, ਕੈਮਰਿਆਂ ਵਿੱਚ ਰਿਕਾਰਡ ਹੋਇਆ ਹੋਇਆ ਸੀ। ਪਰ ਜਦੋਂ ਨਿਰਦੋਸ਼ ਮਜ਼ਦੂਰਾਂ ਨੂੰ ਜਬਰ-ਜ਼ੁਲਮ ਅਤੇ ਧੌਂਸ-ਧਮਕੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ ਤਾਂ ''ਜਬੈ ਬਾਣ ਲਾਗੈ ਤਬੈ ਰੋਸ ਜਾਗੈ'' ਮੁਤਾਬਕ ਉਹਨਾਂ ਨੇ ਗੁੰਡਿਆਂ 'ਤੇ ਮੋੜਵਾਂ ਧਾਵਾ ਕਰ ਦਿੱਤਾ। ਮਜ਼ਦੂਰਾਂ ਦੀ ਤਾਕਤ ਅਤੇ ਰੋਹ ਦੇ ਅੱਗੇ ਮੈਨੇਜਮੈਂਟ ਦੇ ਗੁੰਡੇ ਪੱਤਰੇ ਵਾਚ ਗਏ। ਇਸ ਸਮੇਂ ਮਜ਼ਦੂਰਾਂ ਦੇ ਰੋਹ ਦਾ ਨਿਸ਼ਾਨਾ ਗੁੰਡਿਆਂ ਦੀ ਧਾੜ ਬੁਲਾਉਣ ਵਾਲਾ ਮੈਨੇਜਰ ਬਣ ਗਿਆ। ਫੈਕਟਰੀ ਮਾਲਕਾਂ ਨੇ ਇੱਕ ਮਹੀਨੇ ਵਾਸਤੇ ਫੈਕਟਰੀ ਬੰਦ ਕਰਕੇ ਡੇਢ ਸੌ ਦੇ ਕਰੀਬ ਮਜ਼ਦੂਰਾਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਬੰਦ ਕਰਵਾ ਦਿੱਤਾ। ਇਹਨਾਂ ਸਾਰੇ ਸਾਲਾਂ ਦੌਰਾਨ ਉਹਨਾਂ ਦੀਆਂ ਜਮਾਨਤਾਂ ਵੀ ਨਹੀਂ ਹੋਣ ਦਿੱਤੀਆਂ ਗਈਆਂ। 117 ਮਜ਼ਦੂਰਾਂ ਨੂੰ ਕੋਈ ਸਬੂਤ ਹੀ ਪੇਸ਼ ਨਾ ਕਰ ਸਕਣ ਦੀ ਵਜਾਹ ਕਾਰਨ ਅਦਾਲਤ ਨੂੰ ਵੀ ਬਰੀ ਕਰਨਾ ਪਿਆ। ਪਰ ਜਿਹੜੇ ਮਜ਼ਦੂਰਾਂ ਨੂੰ ਸਜ਼ਾ ਸੁਣਾਈ ਗਈ, ਉਹਨਾਂ ਦੇ ਵਕੀਲਾਂ ਨੇ ਪੁਲਸ ਨੂੰ ਆਖਿਆ ਕਿ ਉਸ ਦਿਨ ਫੈਕਟਰੀ ਵਿਚਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਵਿਖਾਈ ਜਾਵੇ ਤਾਂ ਪੁਲਸ ਅਤੇ ਮੈਨੇਜਮੈਂਟ ਇਸ ਤੋਂ ਮੁੱਕਰ ਗਏ। ਜੇਕਰ ਕੋਈ ਪੁੱਛੇ ਕਿ ਜਿਹੜੇ ਮਜ਼ਦੂਰ ਬਰੀ ਕਰਨੇ ਪਏ ਹਨ, ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਦਾ ਦੋਸ਼ੀ ਕੌਣ ਹੋਇਆ? ਕੀ ਅਜਿਹੇ ਮਜਰਿਮਾਂ ਨੂੰ ਕੋਈ ਸਜ਼ਾ ਮਿਲੇਗੀ? ਕੀ ਉਹਨਾਂ ਨੂੰ ਕੋਈ ਮੁਆਵਜਾ ਮਿਲੇਗਾ? ਜਾਂ ਉਹਨਾਂ ਨੂੰ ਮੁੜ ਫੈਕਟਰੀ ਵਿੱਚ ਹੀ ਪਿਛਲੇ ਸਾਰੇ ਬਕਾਏ ਦੇ ਕੇ ਨੌਕਰੀ 'ਤੇ ਬਹਾਲ ਕੀਤਾ ਜਾਵੇਗਾ? ਨਹੀਂ ਅਜਿਹਾ ਕੁੱਝ ਨਹੀਂ ਕੀਤਾ ਜਾਵੇਗਾ। ਕਿਉਂਕਿ ਜੇਕਰ ਅਜਿਹਾ ਕੁੱਝ ਕਰਨਾ ਹੁੰਦਾ ਤਾਂ ਫੈਕਟਰੀ ਮਜ਼ਦੂਰਾਂ ਦੀ ਯੂਨੀਅਨ ਨਾਲ ਚੱਲੀ ਗੱਲਬਾਤ ਅਨੁਸਾਰ ਹੀ ਤਹਿ ਕਰ-ਕਰਵਾ ਲਿਆ ਜਾਣਾ ਸੀ।
ਅਸਲ ਵਿੱਚ ਮਾਰੂਤੀ ਸੁਜ਼ੂਕੀ ਵਿਖੇ ਜੋ ਕੁੱਝ ਹੋਇਆ, ਇਹ ਕੁੱਝ ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਲਾਜ਼ਮੀ ਸਿੱਟਾ ਸੀ, ਮੈਨੇਜਮੈਂਟਾਂ ਨੇ ਮਜ਼ਦੂਰਾਂ-ਮੁਲਾਜ਼ਮਾਂ ਦੇ ਹੱਕਾਂ ਅਤੇ ਹਿੱਤਾਂ 'ਤੇ ਡਾਕੇ ਮਾਰਨੇ ਹਨ, ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਵਾਸਤੇ ਉਹ ਕਿਸੇ ਅਦਾਲਤੀ ਜੁਆਬਦੇਹੀ ਦੀ ਪਾਬੰਦ ਨਹੀਂ। ਇਹ ਫੈਕਟਰੀ ਮਾਲਕਾਂ ਦੀ ਸਰੀਂਹਣ ਧੱਕੇਸ਼ਾਹੀ ਹੈ। ਇਹ ਮਾਲਕਾਂ ਦਾ ਅਤੇ ਸਮੇਂ ਦੀ ਲੋਟੂ ਸ਼ਕਤੀਆਂ ਦਾ ਮਹਿਜ਼ ਭਰਮ ਹੀ ਹੈ ਕਿ ਜਬਰ-ਤਸ਼ੱਦਦ ਰਾਹੀਂ ਮਜ਼ਦੂਰਾਂ ਦੀ ਹੱਕੀ ਆਵਾਜ਼ ਨੂੰ ਕੁਚਲ ਕੇ ਰੱਖ ਦਿੱਤਾ ਜਾਵੇਗਾ। ਜੇਕਰ ਇਹ ਸੰਭਵ ਹੁੰਦਾ ਤਾਂ ਮਈ 1885 ਵਿੱਚ ਅਮਰੀਕਾ ਵਿਖੇ ਸ਼ਹੀਦ ਹੋਣ ਵਾਲੇ ਮਈ ਦਿਹਾੜੇ ਦੇ ਸ਼ਹੀਦਾਂ ਦੀ ਆਵਾਜ਼ ਨੂੰ ਕਦੋਂ ਦਾ ਕੁਚਲਿਆ ਜਾ ਚੁੱਕਾ ਹੁੰਦਾ। ਪਰ ਆਪਣੀਆਂ ਮੰਗਾਂ ਉਦੋਂ ਵੀ ਮਜ਼ਦੂਰ ਜਮਾਤ ਨੇ ਮਨਵਾਈਆਂ ਸਨ ਅਤੇ ਬਾਅਦ ਵਿੱਚ ਰੂਸੀ ਅਤੇ ਚੀਨੀ ਇਨਕਲਾਬਾਂ ਉਪਰੰਤ ਤਾਂ ਇਹ ਖੁਦ ਰਾਜਭਾਗ ਦੀ ਮਾਲਕ ਵੀ ਬਣਦੀ ਰਹੀ ਹੈ। ਹੁਣ ਵੀ ਮਜ਼ਦੂਰਾਂ ਨੂੰ ਅਣਮਿਥੇ ਸਮੇਂ ਲਈ ਲਾਠੀ-ਗੋਲੀ, ਜੇਲ੍ਹਾਂ ਕਾਨੂੰਨਾਂ ਨਾਲ ਨਹੀਂ ਦਬਾਇਆ ਜਾ ਸਕੇਗਾ ਬਲਕਿ ਉਹ ਹੇਠਲੀ ਉੱਤੇ ਲਿਆ ਕੇ ਹੀ ਰਹਿਣਗੇ। ਚੱਲਦੇ ਯੁੱਧ ਵਿੱਚ ਤਿਆਗ-ਕੁਰਬਾਨੀਆਂ, ਜੇਲ੍ਹਾਂ-ਫਾਂਸੀਆਂ ਦਾ ਹੋਣਾ ਅਤੇ ਮੌਤ ਦਾ ਇੱਕ ਆਮ ਘਟਨਾ ਬਣ ਜਾਣਾ ਸੁਭਾਵਿਕ ਹੀ ਹੁੰਦਾ ਹੈ। ਪਰ ਇਸ ਸਮੇਂ ਦੀਆਂ ਕੀਤੀਆਂ ਕੁਰਬਾਨੀਆਂ ਆਉਣ ਵਾਲੇ ਸਮੇਂ ਵਿੱਚ ਲਾਜ਼ਮੀ ਹੀ ਆਪਣਾ ਰੰਗ ਵਿਖਾਉਣਗੀਆਂ।

ਮਾਰੂਤੀ ਸਾਜ਼ੂਕੀ: ਮਜ਼ਦੂਰਾਂ ਅੰਦਰ ਜਮ੍ਹਾਂ ਹੋਏ ਗੁੱਸੇ ਦਾ ਵਿਸਫੋਟ
''ਮਾਰੂਤੀ ਸਾਜ਼ੂਕੀ, ਮਾਨੇਸਰ ਵਿੱਚ ਪਿਛਲੀ 18 ਜੁਲਾਈ ਨੂੰ ਹੋਈ ਘਟਨਾ ਤੋਂ ਬਾਅਦ ਕੰਪਨੀ ਮੈਨੇਜਮੈਂਟ, ਸਰਕਾਰ ਅਤੇ ਪੂੰਜੀਵਾਦੀ ਮੀਡੀਏ ਵੱਲੋਂ ਮਜ਼ਦੂਰਾਂ ਨੂੰ ''ਹਤਿਆਰੇ'' ਅਤੇ ''ਅਪਰਾਧੀ'' ਸਾਬਤ ਕਰਨ ਲਈ ਕੀਤੇ ਜਾ ਰਹੇ ਸ਼ੋਰ-ਸ਼ਰਾਬੇ ਦਾ ਮਕਸਦ ਸਪਸ਼ਟ ਹੋ ਗਿਆ ਹੈ। ਇੱਕ ਮਹੀਨੇ ਦੀ ਤਾਲਾਬੰਦੀ ਤੋਂ ਬਾਅਦ, ਕੰਪਨੀ ਨੇ 21 ਅਗਸਤ ਤੋਂ ਫੈਕਟਰੀ ਚਾਲੂ ਕਰਨ ਦੇ ਐਲਾਨ ਦੇ ਨਾਲ ਹੀ 500 ਪੱਕੇ ਮਜ਼ਦੂਰਾਂ ਨੂੰ ਬਰਖਾਸਤ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਹੈ। 1500 ਠੇਕਾ ਮਜ਼ਦੂਰਾਂ ਨੂੰ ਵੀ ਫੈਕਟਰੀ 'ਚੋਂ ਕੱਢ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਹੁਣ ਠੇਕਾ ਮਜ਼ਦੂਰਾਂ ਨੂੰ ਨਹੀਂ ਰੱਖੇਗੀ। ਭਾਵੇਂ 2 ਸਤੰਬਰ ਵਾਲੀ ਭਰਤੀ ਵਿੱਚ ਠੇਕਾ ਮਜ਼ਦੂਰਾਂ ਨੂੰ ਵੀ ਭਰਤੀ ਕੀਤਾ ਜਾਵੇਗਾ, ਪਰ ਕੁਝ ਕੁ ''ਜੀ ਹਜ਼ੂਰ'' ਕਹਿਣ ਵਾਲਿਆਂ ਨੂੰ ਛੱਡ ਕੇ ਵੱਡੀ ਗਿਣਤੀ ਨੂੰ ਜੁਆਬ ਹੀ ਮਿਲੇਗਾ।
18 ਜੁਲਾਈ ਤੋਂ ਤੁਰੰਤ ਬਾਅਦ ਹੀ ਕੰਪਨੀ ਮਜ਼ਦੂਰਾਂ ਨੂੰ ''ਹਤਿਆਰੀ ਭੀੜ'' ਅਤੇ ''ਅਪਰਾਧੀ'' ਸਾਬਤ ਕਰਨ ਦੇ ਕੰਮ ਵਿੱਚ ਜੁਟ ਗਈ ਸੀ। ਮੀਡੀਏ ਨੇ ਕੰਪਨੀ ਦਾ ਡਟ ਕੇ ਸਾਥ ਦਿੱਤਾ। ਸਭ ਕਾਨੂੰਨਾਂ ਅਸੂਲਾਂ ਨੂੰ ਛਿੱਕੇ ਟੰਗ ਕੇ ਪੁਲਸ ਮਜ਼ਦੂਰਾਂ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਦਾ ਸ਼ਿਕਾਰ-ਪਿੱਛਾ ਕਰਨ ਵਿੱਚ ਜੁਟੀ ਰਹੀ। ਮਜ਼ਦੂਰਾਂ ਨੇ ਵਾਰ ਵਾਰ ਕਿਹਾ ਕਿ ਕੁੱਟਮਾਰ ਮੈਨੇਜਮੈਂਟ ਦੇ ਗੁੰਡਿਆਂ ਵੱਲੋਂ ਸ਼ੁਰੂ ਕੀਤੀ ਗਈ ਸੀ, ਪਰ ਉਹਨਾਂ ਦੀ ਕਿਸੇ ਨੇ ਇੱਕ ਨਾ ਸੁਣੀ। ਪ੍ਰਸਾਸ਼ਨ ਜਾਂ ਸਰਕਾਰ ਨੇ ਕੋਈ ਜਾਂਚ-ਪੜਤਾਲ ਕਰਨ ਦੀ ਜ਼ਰੂਰਤ ਨਾ ਸਮਝੀ। ਮੀਡੀਆ ਤੋਂ ਲੈ ਕੇ ਸਰਕਾਰ ਤੱਕ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਾ ਕੀਤੀ ਕਿ ਮਜ਼ਦੂਰਾਂ ਵਿੱਚ ਐਨਾ ਗੁੱਸਾ ਤੇ ਰੋਹ ਫੁੱਟ ਪੈਣ ਦਾ ਆਖਰ ਕੀ ਕਾਰਣ ਹੈ!
ਪਿਛਲੇ ਸਾਲ ਅਕਤੂਬਰ ਵਿੱਚ ਮੈਨੇਜਮੈਂਟ ਨੇ ਤਾਕਤ ਅਤੇ ਪੈਸੇ ਦੇ ਜ਼ੋਰ ਮਜ਼ਦੂਰਾਂ ਦੇ ਸੰਘਰਸ਼ ਨੂੰ ਕੁਚਲ ਦਿੱਤਾ ਸੀ। ਉਸ ਤੋਂ ਬਾਅਦ ਮੈਨੇਜਮੈਂਟ ਨੇ ਲਗਾਤਾਰ ਮਜ਼ਦੂਰਾਂ ਦੀ ਹੋਰ ਵਧੇਰੇ ਜਾਨ ਖਾਣੀ ਸ਼ੁਰੂ ਕਰ ਦਿੱਤੀ। ਪਿਛਲੇ 8 ਮਹੀਨਿਆਂ ਤੋਂ ਸੁਪਰਵਾਇਜ਼ਰਾਂ, ਮੈਨੇਜਰਾਂ ਵੱਲੋਂ ਮਜ਼ਦੂਰਾਂ ਨੂੰ ਗਾਲੀ ਗਲੋਚ, ਕੁੱਟਮਾਰ ਅਤੇ ਜਲੀਲ ਕਰਨ ਦੀਆਂ ਵਾਰ ਵਾਰ ਘਟਨਾਵਾਂ ਵਾਪਰਦੀਆਂ ਰਹੀਆਂ ਸਨ। ਇਹ ਸਿਲਸਿਲਾ ਦਿਨੋਂ ਦਿਨ ਵਧਦਾ ਗਿਆ। ਗੜਗਾਉਂ ਦੀਆਂ ਹੋਰਨਾਂ ਆਟੋ-ਮੋਬਾਈਲ ਫੈਕਟਰੀਆਂ ਵਾਂਗ ਮਾਰੂਤੀ ਦੇ ਮਜ਼ਦੂਰ ਵੀ, ਮੈਨੇਜਮੈਂਟ ਵੱਲੋਂ ਸਕਿਉਰਿਟੀ ਸਟਾਫ ਜਾਂ ਸੁਪਰਵਾਈਜ਼ਰ ਆਦਿ ਨਾਵਾਂ ਹੇਠ ਭਰਤੀ ਕੀਤੇ ਗੁੰਡਿਆਂ ਦੇ ਜ਼ੁਲਮਾਂ ਅਤੇ ਧੱਕੇਸ਼ਾਹੀਆਂ ਦੇ ਦਮਘੋਟੂ ਮਾਹੌਲ ਵਿੱਚ ਕੰਮ ਕਰ ਰਹੇ ਸਨ। ਜਾਨਲੇਵਾ ਮਹਿੰਗਾਈ ਅਲੱਗ ਮਜ਼ਦੂਰਾਂ ਦਾ ਸਾਹ-ਸਤ ਕੱਢ ਰਹੀ ਸੀ। ਮੈਨੇਜਮੈਂਟ ਮਜ਼ਦੂਰਾਂ ਦੀਆਂ ਉਜਰਤਾਂ ਵਧਾਉਣ ਤੋਂ ਲਗਾਤਾਰ ਟਾਲ-ਮਟੋਲ ਕਰਦੀ ਆ ਰਹੀ ਸੀ। 18 ਜੁਲਾਈ ਨੂੰ ਜੋ ਕੁਝ ਵੀ ਹੋਇਆ, ਇਹ ਲੰਮੇ ਸਮੇਂ ਤੋਂ ਮਜ਼ਦੂਰਾਂ ਅੰਦਰ ਜਮ੍ਹਾਂ ਹੋ ਰਹੇ ਗੁੱਸੇ ਦਾ ਵਿਸਫੋਟ ਸੀ, ਜਿਸਨੂੰ ਮੈਨੇਜਮੈਂਟ ਦੀਆਂ ਤਿੱਖੀਆਂ ਦਮਨਕਾਰੀ ਕਾਰਵਾਈਆਂ ਨੇ ਹੀ ਇਥੋਂ ਤੱਕ ਪਹੁੰਚਾਇਆ।…..'' (ਸੁਰਖ਼ ਰੇਖਾ, ਸਤੰਬਰ-ਅਕਤੂਬਰ 2012)

No comments:

Post a Comment