Saturday, 29 April 2017

ਸੁਕਮਾ ਕਾਂਡ ਤੋਂ ਬਾਅਦ ਨਕਸਲੀਆਂ ਦਾ ਬਿਆਨ

ਸੁਕਮਾ ਕਾਂਡ ਤੋਂ ਬਾਅਦ ਨਕਸਲੀਆਂ ਦਾ ਬਿਆਨ
ਨਵੀਂ ਦਿੱਲੀ: ਸੋਮਵਾਰ ਨੂੰ ਛੱਤੀਸਗੜ੍ਹ ਦੇ ਸੁਕਮਾ ਵਿੱਚ 25 ਜਵਾਨਾਂ ਦੇ ਮਾਰੇ ਜਾਣ ਬਾਅਦ ਮਾਓਵਾਦੀਆਂ ਨੇ ਕਿਹਾ ਕਿ ਉਹ ਹਿੰਸਾਵਾਦੀ ਨਹੀਂ ਹਨ। ਬੀ.ਬੀ.ਸੀ. ਹਿੰਦੀ ਵਿੱਚ ਛਪੀ ਇੱਕ ਖਬਰ ਮੁਤਾਬਕ ਮਾਓਵਾਦੀਆਂ ਨੇ ਮੀਡੀਆ ਵਿੱਚ ਆਈਆਂ ਉਹਨਾਂ ਖਬਰਾਂ ਦਾ ਵੀ ਖੰਡਨ ਕੀਤਾ ਹੈ ਕਿ ਮਾਰੇ ਗਏ ਜਵਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਕੀਤੀ ਗਈ ਸੀ ਜਾਂ ਕਥਿਤ ਰੂਪ ਨਾਲ ਉਹਨਾਂ ਦੇ ਗੁਪਤ ਅੰਗ ਕੱਟੇ ਗਏ ਸਨ।
ਸੀ.ਪੀ.ਆਈ.(ਮਾਓਵਾਦੀ) ਦੇ ਦੰਡਾਕਾਰਨੀਆ ਸਪੈਸ਼ਲ ਜ਼ੋਨ ਕਮੇਟੀ ਦੇ ਬੁਲਾਰੇ ਵਿਕਲਪ ਨੇ ਵੀਰਵਾਰ ਨੂੰ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਚਿੰਤਾਗੁਫਾ ਸੀ.ਆਰ.ਪੀ.ਐਫ. ਜੁਆਨਾਂ 'ਤੇ ਕੀਤਾ ਗਿਆ ਤਾਜ਼ਾ ਹਮਲਾ, 11 ਮਾਰਚ ਨੂੰ ਸੁਕਮਾ ਜ਼ਿਲ੍ਹੇ ਦੇ ਹੀ ਭੇਜੀ ਵਿੱਚ 12 ਜਵਾਨਾਂ ਦੇ ਮਾਰੇ ਜਾਣ ਦੀ ਲਗਾਤਾਰਤਾ ਹੈ।
ਮਾਓਵਾਦੀਆਂ ਦੇ ਬੁਲਾਰੇ ਨੇ ਸੁਕਮਾ ਦੇ ਹਮਲੇ ਨੂੰ ਪਿਛਲੇ ਸਾਲ ਵਿੱਚ 9 ਮਾਓਵਾਦੀਆਂ ਅਤੇ ਉੜੀਸਾ ਵਿੱਚ ਕਥਿਤ ਰੂਪ ਵਿੱਚ 9 ਪੇਂਡੂਆਂ ਸਮੇਤ 21 ਮਾਓਵਾਦੀਆਂ ਦੀ ਹੱਤਿਆ ਦੇ ਜੁਆਬ ਵਿੱਚ ਕੀਤੀ ਕਾਰਵਾਈ ਦੱਸਿਆ।
ਮਾਓਵਾਦੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਮਿਸ਼ਨ 2017 ਨੂੰ ਮਲੀਆਮੇਟ ਕਰਨ ਲਈ ਇਹ ਹਮਲਾ ਕੀਤਾ ਗਿਆ ਹੈ।
ਵਿਕਲਪ ਨੇ ਕਿਹਾ ਕਿ ''ਅਸੀਂ ਹਿੰਸਾਵਾਦੀ ਨਹੀਂ ਹਾਂ। ਪਰ ਜਾਗੀਰੂ ਸ਼ਕਤੀਆਂ, ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਹਰ ਵੇਲੇ ਕੀਤੀ ਜਾ ਰਹੀ ਹਿੰਸਾ ਦੇ ਵਿਰੋਧ ਵਿੱਚ ਜਨਤਾ ਦੇ ਪੱਖ ਵਿੱਚ ਖੜ੍ਹੇ ਹੋਣ ਲਈ ਉਹ ਹਿੰਸਾ ਨੂੰ ਅੰਜਾਮ ਦੇਣ ਲਈ ਮਜਬੂਰ ਹਨ।''
ਵਿਕਲਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਦੇ ਹਮਲਿਆਂ ਵਿੱਚ ਮਾਰੇ ਗਏ ਪੁਲਸ ਅਤੇ ਅਰਧ-ਸੈਨਿਕ ਬਲਾਂ ਦੇ ਮ੍ਰਿਤਕ ਜਵਾਨਾਂ ਦੀਆਂ ਦੇਹਾਂ ਨਾਲ ਅਪਮਾਨ-ਜਨਕ ਵਿਵਹਾਰ ਨਹੀਂ ਕਰਦੇ ਹਨ।
ਵਿਕਲਪ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਜਿਹਨਾਂ ਵਿੱਚ ਕਿਹਾ ਗਿਆ ਸੀ ਕਿ ਸੁਕਮਾ ਵਿੱਚ ਮਾਰੇ ਗਏ ਮ੍ਰਿਤਕ ਜਵਾਨਾਂ ਦੀਆਂ ਦੇਹਾਂ ਦੇ ਗੁਪਤ ਅੰਗ ਕੱਟ ਦਿੱਤੇ ਗਏ ਸਨ। ਇਸ ਦੇ ਉਲਟ, ਵਿਕਲਪ ਨੇ ਇਲਜ਼ਾਮ ਲਾਇਆ ਹੈ ਕਿ ਬਸਤਰ ਵਿੱਚ ਮਾਓਵਾਦੀਆਂ ਦੀਆਂ ਦੇਹਾਂ ਨਾਲ ਪੁਲਸ ਹਮੇਸ਼ਾਂ ਦੁਰ-ਵਿਵਹਾਰ ਕਰਦੀ ਰਹੀ ਹੈ।
ਵਿਕਲਪ ਨੇ ਕਿਹਾ ਕਿ ਮਹਿਲਾ ਮਾਓਵਾਦੀਆਂ ਦੀਆਂ ਮ੍ਰਿਤਕ ਦੇਹਾਂ ਨਾਲ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਬਣਾਏ ਜਾਣ ਅਤੇ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਸਾਰਤ ਕਰਨ ਦਾ ਵੀ ਇਲਜ਼ਾਮ ਲਾਇਆ ਹੈ।
ਵਿਕਲਪ ਨੇ ਕਿਹਾ ਕਿ ''ਆਰਮਡ ਫੋਰਸਜ਼ ਦੇ ਜਵਾਨ ਵਿਅਕਤੀਗਤ ਤੌਰ 'ਤੇ ਸਾਡੇ ਦੁਸ਼ਮਣ ਨਹੀਂ ਹਨ ਤੇ ਵਰਗ ਦੁਸ਼ਮਣ ਤਾਂ ਕਦੇ ਵੀ ਨਹੀਂ ਹਨ।''
ਉਹਨਾਂ ਕਿਹਾ ਕਿ ਸੋਸ਼ਣ ਕਰਨ ਵਾਲੇ ਰਾਜ ਦੀ ਦਮਨਕਾਰੀ ਰਾਜ ਮਸ਼ੀਨਰੀ ਦੇ ਹਿੱਸੇ ਦੇ ਤੌਰ 'ਤੇ ਲੋਕਾਂ ਦਾ ਦਮਨ ਕਰਨ ਦੇ ਔਜ਼ਾਰ ਦੇ ਰੂਪ ਵਿੱਚ ਉਹ ਕਰਾਂਤੀਕਾਰੀ ਅੰਦੋਲਨ ਅੱਗੇ ਵਧਣ ਵਿੱਚ ਸਿੱਧੇ ਰੂਪ ਵਿੱਚ ਰੋੜੇ ਬਣ ਰਹੇ ਹਨ।
ਬੁਲਾਰੇ ਨੇ ਕਿਹਾ ਕਿ ਪਾਰਟੀ ਪੀ.ਐਲ.ਜੀ.ਏ., ਜਨਤਾਨਾ ਸਰਕਾਰਾਂ ਅਤੇ ਜਨਤਾ ਉੱਤੇ ਹਮਲਿਆਂ ਨੂੰ ਅੰਜ਼ਾਮ ਦੇ ਰਹੇ ਹਨ। ਇਸ ਲਈ ਜ਼ਰੂਰੀ ਰੂਪ ਵਿੱਚ ਪੀ.ਐਲ.ਜੀ.ਏ. ਦੇ ਹਮਲਿਆਂ ਦਾ ਸ਼ਿਕਾਰ ਬਣ ਰਹੇ ਹਨ। ਵਿਕਲਪ ਨੇ ਸੁਰੱਖਿਆ ਜਵਾਨਾਂ ਨੂੰ ਆਪਣੀਆਂ ਨੌਕਰੀਆਂ ਛੱਡ ਕੇ ਰਾਜ ਖਿਲਾਫ ਖੜ੍ਹੇ ਹੋਣ ਦਾ ਸੱਦਾ ਦਿੱਤਾ ਹੈ।
(ਬੀ.ਬੀ.ਸੀ. ਹਿੰਦੀ ਦੀ ਆਨ-ਲਾਇਨ ਅਖਬਾਰ 'ਚੋਂ ਧੰਨਵਾਦ ਸਹਿਤ)

No comments:

Post a Comment