Saturday, 29 April 2017

ਨਕਸਲਬਾੜੀ ਦੀ 50ਵੀਂ ਵਰ੍ਹੇਗੰਢ

ਨਕਸਲਬਾੜੀ ਦੀ 50ਵੀਂ ਵਰ੍ਹੇਗੰਢ:
ਡੀ.ਵੀ. ਰਾਓ-ਨਾਗੀ ਰੈਡੀ ਮਾਰਕਾ ਸੱਜੇ ਸੋਧਵਾਦ ਖਿਲਾਫ ਲੜਦਿਆਂ
ਨਕਸਲਬਾੜੀ ਹਥਿਆਰਬੰਦ ਘੋਲ ਦੀ ਸ਼ਾਨਾਂਮੱਤੀ ਵਿਰਾਸਤ ਨੂੰ ਬੁਲੰਦ ਕਰੋ

-ਨਵਜੋਤ
25 ਮਈ 2017 ਨੂੰ ਨਕਸਲਬਾੜੀ ਦੀ 50ਵੀਂ ਵਰ੍ਹੇਗੰਢ ਹੈ। ਇਸ ਦਿਨ ਬੰਗਾਲ ਦੇ ਨਕਸਲਬਾੜੀ ਇਲਾਕੇ ਵਿੱਚ ਉੱਠੀ ਲਮਕਵੇਂ ਲੋਕ-ਯੁੱਧ ਦੀ ਗਰਜ਼ ਨੇ ਸਾਮਰਾਜੀ-ਦਲਾਲ ਭਾਰਤੀ ਹਾਕਮਾਂ ਅਤੇ ਉਹਨਾਂ ਨਾਲ ਘਿਓ-ਖਿਚੜੀ ਸਭਨਾਂ ਕਿਸਮਾਂ ਦੇ ਸੋਧਵਾਦੀਆਂ ਨੂੰ ਮੌਤ-ਕੰਬਣੀ ਛੇੜੀ ਸੀ। ਨਕਸਲਬਾੜੀ ਦੀ ਹਥਿਆਰਬੰਦ ਉਠਾਣ ਚਾਹੇ ਇੱਕ ਛੋਟੇ ਇਲਾਕਾਈ ਦਾਇਰੇ ਵਿੱਚੋਂ ਉੱਠੀ ਸੀ, ਪਰ ਇਹ ਭਾਰਤ ਦੀ ਕਮਿਊਨਿਸਟ ਲਹਿਰ ਦੇ ਸਮੁੱਚੇ ਇਤਿਹਾਸਕ ਸਫਰ-ਮਾਰਗ 'ਤੇ ਅਜਿਹੀ ਅਹਿਮੀਅਤ ਰੱਖਦਾ ਇੱਕ ਮੀਲ-ਪੱਥਰ ਹੈ, ਜਿਸ ਵੱਲੋਂ ਮੁਲਕ ਦੀ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਸੋਧਵਾਦ-ਨਵ ਸੋਧਵਾਦ ਦੀ ਦਲਦਲ ਵਿੱਚ ਛਲਾਂਗ ਲਾ ਕੇ ਦਰੁਸਤ ਇਨਕਲਾਬੀ ਪ੍ਰੋਲੇਤਾਰੀ ਰਾਹ 'ਤੇ ਜਾ ਪੈਣ ਲਈ ਹੁਲਾਰ-ਪੈੜੇ ਦਾ ਰੋਲ ਅਦਾ ਕੀਤਾ ਗਿਆ। ਤਿਲੰਗਾਨਾ ਦਾ ਹਥਿਆਰਬੰਦ ਘੋਲ ਆਕਾਰ ਪੱਖੋਂ ਨਕਸਲਬਾੜੀ ਦੇ ਹਥਿਆਰਬੰਦ ਘੋਲ ਨਾਲੋਂ ਕਿਤੇ ਵੱਡਾ ਸੀ। ਉਸ ਘੋਲ ਵੱਲੋਂ ਚਾਹੇ ਸਮੇਂ ਦੀ ਪੀ.ਸੀ. ਜੋਸ਼ੀ ਮਾਰਕਾ ਸੱਜੀ ਮੌਕਾਪ੍ਰਸਤ (ਅਤੇ ਰੰਧੀਵੇ ਦੀ ਖੱਬੀ ਮੌਕਾਪ੍ਰਸਤ) ਲੀਹਾਂ ਨਾਲੋਂ ਬੁਨਿਆਦੀ ਨਿਖੇੜੇ ਦੀ ਲਕੀਰ ਖਿੱਚੀ ਗਈ, ਪਰ ਇਸ ਘੋਲ ਦਾ ਕਾਫੀ ਹੱਦ ਤੱਕ ਆਪਮੁਹਾਰਤਾ ਦਾ ਸ਼ਿਕਾਰ ਹੋਣ ਕਰਕੇ ਅਤੇ ਲਮਕਵੇਂ ਲੋਕ-ਯੁੱਧ (ਤੇ  ਗੁਰੀਲਾ ਯੁੱਧ) ਬਾਰੇ ਅਸਪੱਸ਼ਟਤਾ ਅਤੇ ਘਚੋਲੇ ਦਾ ਸ਼ਿਕਾਰ ਹੋਣ ਕਰਕੇ ਇਹ ਕਮਿਊਨਿਸਟ ਇਨਕਲਾਬੀ ਘੁਲਾਟੀਆਂ ਲਈ ਅਜਿਹਾ ਨਿੱਤਰਵਾਂ, ਸਪੱਸ਼ਟ ਅਤੇ ਪਾਏਦਾਰ ਵਿਚਾਰਧਾਰਕ-ਸਿਆਸੀ ਆਧਾਰ ਮੁਹੱਈਆ ਨਹੀਂ ਕਰ ਸਕਿਆ, ਜਿਸ 'ਤੇ ਨਿਹਚਾ ਅਤੇ ਦ੍ਰਿੜ੍ਹਤਾ ਨਾਲ ਖੜ੍ਹਦਿਆਂ, ਉਹ ਉਸ ਵਕਤ ਸੱਜੀ ਮੌਕਾਪ੍ਰਸਤ ਲੀਹ ਅਤੇ ਸੱਜੇ ਸੋਧਵਾਦ ਨਾਲੋਂ ਬੁਨਿਆਦੀ ਨਿਖੇੜੇ ਦੀ ਸਪੱਸ਼ਟ ਲਕੀਰ ਖਿੱਚਣ ਦੀ ਹਾਲਤ ਵਿੱਚ ਹੋ ਸਕਦੇ, ਜਦੋਂ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਇਸ ਸ਼ਾਨਾਂਮੱਤੇ ਘੋਲ ਦੀ ਪਿੱਠ ਵਿੱਚ ਛੁਰਾ ਮਾਰਦਿਆਂ, ਇਸ ਨੂੰ ਵਾਪਸ ਲੈ ਲਿਆ ਗਿਆ ਅਤੇ ਮੁਲਕ ਦੀ ਨਕਲੀ ਆਜ਼ਾਦੀ ਨੂੰ ਅਸਲੀ ਅਜ਼ਾਦੀ ਐਲਾਨਦਿਆਂ, ਕਮਿਊਨਿਸਟ ਪਾਰਟੀ ਨੂੰ ਪਿਛਾਖੜੀ ਪਾਰਲੀਮਾਨੀ ਸਿਆਸਤ ਦੀ ਪਟੜੀ 'ਤੇ ਚਾੜ੍ਹ ਦਿੱਤਾ ਗਿਆ। ਅਜਿਹੀ ਹਾਲਤ ਵਿੱਚ ਨਾ ਹੋਣ ਕਾਰਨ ਹੀ ਚਾਹੇ ਤਿਲੰਗਾਨਾ ਹਥਿਆਰਬੰਦ ਘੋਲ ਜਾਰੀ ਰੱਖਣਾ ਚਾਹੁੰਦੇ ਮੁਲਕ ਭਰ ਦੇ ਕਮਿਊਨਿਸਟ ਇਨਕਲਾਬੀ ਕਾਰਕੁੰਨਾਂ ਅਤੇ ਇਸ ਘੋਲ ਨਾਲ ਜੁੜੇ ਕਮਿਊਨਿਸਟ ਇਨਕਲਾਬੀ ਘੁਲਾਟੀਆਂ ਵੱਲੋਂ ਇਸ ਨੂੰ ਵਾਪਸ ਲੈਣ ਦੇ ਲੀਡਰਸ਼ਿੱਪ ਦੇ ਫੈਸਲੇ 'ਤੇ ਵੱਖ ਵੱਖ ਸ਼ਕਲਾਂ ਵਿੱਚ ਔਖ ਅਤੇ ਰੋਸ ਪ੍ਰਤੀਕਰਮ ਦਾ ਇਜ਼ਹਾਰ ਤਾਂ ਕੀਤਾ ਗਿਆ, ਪਰ ਇਹ ਔਖ ਅਤੇ ਰੋਸ ਪ੍ਰਤੀਕਰਮ ਵਿਚਾਰਧਾਰਕ-ਸਿਆਸੀ ਅਸਪਸ਼ੱਟਤਾ ਦਾ ਗ੍ਰਹਿਣਿਆ ਹੋਣ ਕਰਕੇ ਸੱਜੀ ਮੌਕਾਪ੍ਰਸਤ ਲੀਹ ਦੀ ਪੈਰੋਕਾਰ ਸੋਧਵਾਦੀ ਕੇਂਦਰੀ ਲੀਡਰਸ਼ਿੱਪ ਖਿਲਾਫ ਪਾਰਟੀ ਦੇ ਅੰਦਰ (ਜਾਂ ਬਾਹਰ) ਨਿੱਤਰਵੇਂ ਅਤੇ ਸਪੱਸ਼ਟ ਨਿਖੇੜੇ ਅਤੇ ਪਾਲਾਬੰਦੀ ਦੇ ਅਮਲ ਦੀ ਸ਼ਕਲ ਵਿੱਚ ਸਾਹਮਣੇ ਨਹੀਂ ਆ ਸਕਿਆ।
ਇਹ ਸਿਰਫ ਅਤੇ ਸਿਰਫ ਨਕਸਲਬਾੜੀ ਦੀ ਹਥਿਆਰਬੰਦ ਉਠਾਣ ਹੀ ਹੈ, ਜਿਹੜੀ ਸਭ ਕਿਸਮ ਦੇ ਸੋਧਵਾਦ ਨਾਲੋਂ ਬੁਨਿਆਦੀ ਅਤੇ ਸਪੱਸ਼ਟ ਨਿਖੇੜੇ ਲਈ ਹਵਾਲੇ ਦਾ ਪ੍ਰਮੁੱਖ ਨੁਕਤਾ ਹੈ। ਇਹ ਸਿਰਫ ਅਤੇ ਸਿਰਫ ਨਕਸਲਬਾੜੀ ਦੀ ਹਥਿਆਰਬੰਦ ਉਠਾਣ ਹੀ ਹੈ, ਜਿਸ ਨੂੰ ਆਪਣੇ ਆਪ ਨੂੰ ਕਮਿਊਨਿਸਟ ਇਨਕਲਾਬੀ ਹੋਣ ਦਾ ਦਾਅਵਾ ਕਰਦੀ ਹਰ ਧਿਰ/ਜਥੇਬੰਦੀ ਆਪਣੀ ਪਛਾਣ ਦੇ ਚਿੰਨ੍ਹ (ਇਨਸਿਗਨੀਆ ਆਫ ਆਡੈਂਟੀਫੀਕੇਸ਼ਨ) ਵਜੋਂ ਵਰਤਦੀ ਹੈ। ਇਸੇ ਕਰਕੇ, ਅੱਜ ਤੱਕ ਕਮਿਊਨਿਸਟ ਇਨਕਲਾਬੀ ਹੋਣ ਦਾ ਦਾਅਵਾ ਕਰਦੀ ਕਿਸੇ ਵੀ ਧਿਰ/ਜਥੇਬੰਦੀ ਵੱਲੋਂ ਨਕਸਲਬਾੜੀ ਨੂੰ  ਆਪਣੀ ਪਛਾਣ ਦੇ ਹਵਾਲੇ ਵਜੋਂ ਮੰਨਣ ਤੋਂ ਮੁਨਕਰ ਹੋਣ ਦਾ ਮਤਲਬ ਹੀ ਖੁਦ-ਬ-ਖੁਦ ਸੱਜੀ/ਖੱਬੀ ਮੌਕਾਪ੍ਰਸਤੀ ਅਤੇ ਸੋਧਵਾਦ ਦੀ ਦਲਦਲ ਵਿੱਚ ਡਿੱਗਣ ਦਾ ਐਲਾਨ ਬਣਦਾ ਹੈ। ਨਕਸਲਬਾੜੀ ਦੀ ਇਹ ਸ਼ਾਨਾਂਮੱਤੀ ਇਤਿਹਾਸਕ ਅਹਿਮੀਅਤ ਹੀ ਹੈ, ਜਿਸ ਕਰਕੇ, ਹਰ ਵਰ੍ਹੇ ਇਸਦੇ ਹਕੀਕੀ ਵਾਰਸਾਂ ਵੱਲੋਂ ਤਾਂ ਇਸਦੀ ਵਰ੍ਹੇਗੰਢ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ ਹੀ ਜਾਂਦੀ ਹੈ, ਸਗੋਂ ਆਪਣੇ ਆਪ ਨੂੰ ਇਸਦੇ ਵਾਰਸਾਂ ਵਜੋਂ ਪੇਸ਼ ਕਰਨ ਦਾ ਦੰਭ ਕਰਦੀਆਂ, ਪਰ ਅਸਲ ਵਿੱਚ ਇਸ ਸ਼ਾਨਾਂਮੱਤੀ ਵਿਰਾਸਤ ਦੇ ਵਿਰੋਧ ਵਿੱਚ ਖੜ੍ਹੀਆਂ ਧਿਰਾਂ/ਜਥੇਬੰਦੀਆਂ ਵੱਲੋਂ ਵੀ ਮਨਾਈ ਜਾਂਦੀ ਹੈ। ਐਤਕਾਂ ਨਕਸਲਬਾੜੀ ਦੀ ਪੰਜਾਹਵੀਂ ਵਰ੍ਹੇਗੰਢ ਵੀ ਇਸੇ ਤਰ੍ਹਾਂ ਇਸਦੇ ਹਕੀਕੀ ਵਾਰਸਾਂ ਅਤੇ ਦੰਭੀ ਵਾਰਸਾਂ ਵੱਲੋਂ ਆਪੋ ਆਪਣੇ ਢੰਗ ਨਾਲ ਮਨਾਈ ਜਾ ਰਹੀ ਹੈ।
ਨਕਸਲਬਾੜੀ ਦੀ ਉਠਾਣ ਦੀ ਵਿਚਾਰਧਾਰਕ-ਸਿਆਸੀ ਨੀਂਹ
ਨਕਸਲਬਾੜੀ ਦੀ ਸ਼ਾਨਾਂਮੱਤੀ ਸੂਹੀ ਵਿਰਾਸਤ ਦੇ ਅਸਲੀ ਵਾਰਸ ਕੌਣ ਹਨ ਅਤੇ ਨਕਲੀ ਵਾਰਸ ਕੌਣ ਹਨ? ਇਸਦੇ ਅਸਲੀ ਅਤੇ ਨਕਲੀ ਵਾਰਸਾਂ ਵਿੱਚ ਬੁਨਿਆਦੀ ਨਿਖੇੜੇ ਦਾ ਪੈਮਾਨਾ ਕੀ ਹੈ?
ਇਹ ਪੈਮਾਨਾ ਉਹ ਵਿਚਾਰਧਾਰਕ-ਸਿਆਸੀ ਲੀਹ ਹੈ, ਜਿਸ ਨੂੰ ਕਾਮਰੇਡ ਚਾਰੂ ਮਾਜ਼ੂਮਦਾਰ ਦੀ ਅਗਵਾਈ ਹੇਠ ਬੰਗਾਲ ਦੇ ਸੀ.ਪੀ.ਆਈ.(ਐਮ.) ਵਿਚਲੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਨਕਸਲਬਾੜੀ  ਇਲਾਕੇ ਵਿੱਚ ਲਾਗੂ ਕਰਨ ਅਤੇ ਸਾਕਾਰ ਕਰਨ ਦਾ ਹੰਭਲਾ ਵਿੱਢਿਆ ਗਿਆ ਸੀ ਅਤੇ ਨਕਸਲਬਾੜੀ ਹਥਿਆਰਬੰਦ ਘੋਲ ਦੀ ਲਾਟ ਇਸ ਚੇਤਨ ਅਤੇ ਵਿਉਂਤਬੱਧ ਜੱਦੋਜਹਿਦ ਦਾ ਨਤੀਜਾ ਸੀ। ਇਹ ਮੁਲਕ ਦੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ, ਵਿਸ਼ੇਸ਼ ਕਰਕੇ ਮਾਓ ਵਿਚਾਰਧਾਰਾ ਅਤੇ ਲਮਕਵੇਂ ਲੋਕ-ਯੁੱਧ ਦੀ ਸਿਆਸਤ ਨੂੰ ਸਪੱਸ਼ਟ ਅਤੇ ਨਿੱਤਰਵੇਂ ਰੂਪ ਵਿੱਚ ਗ੍ਰਹਿਣ ਕਰਦਿਆਂ, ਅਭਿਆਸ ਵਿੱਚ ਸਫਲਤਾ ਨਾਲ ਲਾਗੂ ਕਰਨ ਪਲੇਠਾ ਯਤਨ ਸੀ। ਕਾਮਰੇਡ ਚਾਰੂ ਮਾਜ਼ੂਮਦਾਰ ਵੱਲੋਂ ਨਕਸਲਬਾੜੀ ਵਿੱਚ ਹਥਿਆਰਬੰਦ ਜ਼ਰੱਈ ਲਹਿਰ ਦਾ ਵਿਚਾਰਧਾਰਕ-ਸਿਆਸੀ ਪੈੜਾ ਬੰਨ੍ਹਣ ਲਈ ਸੋਧਵਾਦ ਅਤੇ ਨਵ-ਸੋਧਵਾਦ ਖਿਲਾਫ ਅੱਠ ਦਸਤਾਵੇਜ਼ਾਂ ਦੀ ਰਚਨਾ ਕੀਤੀ ਗਈ। ਇਹ ਉਹ ਸਮਾਂ ਸੀ, ਜਦੋਂ ਇੱਕ ਪਾਸੇ ਬੰਗਾਲ ਅੰਦਰ ਕਾਮਰੇਡ ਚਾਰੂ ਦੀ ਅਗਵਾਈ ਹੇਠਲੇ ਕਮਿਊਨਿਸਟ ਇਨਕਲਾਬੀਆਂ (ਕਾਮਰੇਡ ਕਾਨੂ ਸਾਨਿਆਲ, ਕਾਮਰੇਡ ਸੁਰੇਨ ਬੋਸ, ਕਾਮਰੇਡ ਜੰਗਲ ਸੰਥਾਲ, ਕਾਮਰੇਡ ਸੁਸੀਤਲ ਰਾਏ ਚੌਧਰੀ, ਕਾਮਰੇਡ ਅਸੀਮ ਚੈਟਰਜੀ ਆਦਿ) ਵੱਲੋਂ ਸੋਧਵਾਦ ਅਤੇ ਨਵ-ਸੋਧਵਾਦ ਨਾਲੋਂ ਨਾ ਸਿਰਫ ਵਿਚਾਰਧਾਰਕ-ਸਿਆਸੀ ਤੌਰ 'ਤੇ ਸਪੱਸ਼ਟ ਨਿਖੇੜੇ ਦੀ ਲਕੀਰ ਖਿੱਚੀ ਜਾ ਰਹੀ ਸੀ, ਸਗੋਂ ਨਕਸਲਬਾੜੀ ਇਲਾਕੇ ਵਿੱਚ ਅਮਲੀ ਪੱਧਰ 'ਤੇ ਨਿਖੇੜੇ ਦੀ ਲਕੀਰ ਖਿੱਚਦਿਆਂ, ਠੋਸ ਇਨਕਲਾਬੀ ਬਦਲ ਦੀ ਸਿਰਜਣਾ ਕੀਤੀ ਜਾ ਰਹੀ ਸੀ। ਪਰ ਆਪਣੇ ਆਪ ਨੂੰ ਦਰੁਸਤ ਪ੍ਰੋਲੇਤਾਰੀ ਰੁਝਾਨ ਦੇ ਇੱਕੋ ਇੱਕ ਝੰਡਾਬਰਦਾਰ ਹੋਣ ਦਾ ਦਾਅਵਾ ਕਰਨ ਵਾਲਾ ਆਂਧਰਾ ਦਾ ਡੀ.ਵੀ. ਰਾਓ-ਨਾਗੀ ਰੈਡੀ ਗੁੱਟ ਨਵ-ਸੋਧਵਾਦੀਆਂ ਵੱਲੋਂ ਅਖਤਿਆਰ ਕੀਤੀ ਮੌਕਾਪ੍ਰਸਤ ਪਾਰਲੀਮਾਨੀ ਸਿਆਸਤ ਦੇ ਝੂਟੇ ਲੈ ਰਿਹਾ ਸੀ ਅਤੇ ਨਾਗੀ ਰੈੱਡੀ ਆਂਧਰਾ ਵਿਧਾਨ ਸਭਾ ਵਿੱਚ ਭਾਰਤੀ ਇਨਕਲਾਬ ਦੀ 'ਪੇਸ਼ਕਦਮੀ' ਲਈ ਪਸੀਨੋ-ਪਸੀਨਾ ਹੋ ਰਿਹਾ ਸੀ।
ਨਕਸਲਬਾੜੀ ਉਠਾਣ ਦਾ ਪੈੜਾ ਬੰਨ੍ਹਣ ਵਾਲੀ ਵਿਚਾਰਧਾਰਕ ਸਿਆਸੀ ਲੀਹ ਦੇ ਠੋਸ ਨਕਸ਼ ਕਿਹੜੇ ਹਨ? ਇਸ ਵਿਚਾਰਧਾਰਕ-ਸਿਆਸੀ ਲੀਹ ਦਾ ਇੱਕ ਪੱਖ ਉਹ ਆਮ ਨੁਕਤੇ ਬਣਦੇ ਹਨ, ਜਿਹੜੇ 1967 ਵਿੱਚ ਸੋਧਵਾਦ ਅਤੇ ਨਵ-ਸੋਧਵਾਦ ਨਾਲੋਂ ਬੁਨਿਆਦੀ ਨਿਖੇੜੇ ਦਾ ਆਧਾਰ ਬਣੇ ਸਨ। ਇਹ ਨੁਕਤੇ ਹਨ—
—ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਕਮਿਊਨਿਸਟ ਇਨਕਲਾਬੀਆਂ ਲਈ ਰਾਹ-ਦਰਸਾਊ ਪ੍ਰੋਲੇਤਾਰੀ ਵਿਚਾਰਧਾਰਾ ਹੈ।
—ਮਹਾਨ ਬਹਿਸ ਦੌਰਾਨ ਚੀਨੀ ਕਮਿਊਨਿਸਟ ਪਾਰਟੀ ਵੱਲੋਂ 25 ਸੁਝਾਵਾਂ ਦੀ ਸ਼ਕਲ ਵਿੱਚ ਸਾਹਮਣੇ ਲਿਆਂਦੀ ਆਮ ਸੇਧ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਆਮ ਲੀਹ ਹੈ।
—1947 ਵਿੱਚ ਭਾਰਤ ਨੂੰ ਮਿਲੀ ਅਖੌਤੀ ਆਜ਼ਾਦੀ ਨਕਲੀ ਆਜ਼ਾਦੀ ਹੈ, ਜਿਸਦੇ ਪਰਦੇ ਓਹਲੇ ਅੰਗਰੇਜ਼ ਸਾਮਰਾਜੀਆਂ ਵੱਲੋਂ ਸੱਤ੍ਹਾ ਆਪਣੀਆਂ ਦੇਸੀ ਦਲਾਲ ਹਾਕਮ ਜਮਾਤਾਂ (ਦਲਾਲ ਸਰਮਾਏਦਾਰੀ, ਜਾਗੀਰਦਾਰੀ) ਨੂੰ ਸੌਂਪੀ ਗਈ ਸੀ।
—ਭਾਰਤ ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ ਹੈ।
—ਭਾਰਤੀ ਇਨਕਲਾਬ ਦਾ ਪੜਾਅ ਪ੍ਰੋਲੇਤਾਰੀ ਦੀ ਅਗਵਾਈ ਵਿੱਚ ਹੋਣ ਵਾਲੇ ਨਵ-ਜਮਹੂਰੀ ਇਨਕਲਾਬ ਦਾ ਪੜਾਅ ਹੈ।
—ਜ਼ਰੱਈ ਇਨਕਲਾਬ ਭਾਰਤੀ ਇਨਕਲਾਬ ਦਾ  ਧੁਰਾ ਅਤੇ ਤੱਤ ਹੈ ਅਤੇ ਕਿਸਾਨੀ ਇਨਕਲਾਬ ਦੀ ਮੁੱਖ ਸ਼ਕਤੀ ਹੈ।
—ਭਾਰਤੀ ਇਨਕਲਾਬ ਪ੍ਰੋਲੇਤਾਰੀ ਦੀ ਅਗਵਾਈ ਹੇਠ ਲਮਕਵੇਂ ਹਥਿਆਰਬੰਦ ਯੁੱਧ ਰਾਹੀਂ ਨੇਪਰੇ ਚਾੜ੍ਹਿਆ ਜਾਵੇਗਾ ਆਦਿ।
ਇਹ ਆਮ ਅਤੇ ਬੁਨਿਆਦੀ ਨੁਕਤੇ ਸੋਧਵਾਦ ਅਤੇ ਨਵ-ਸੋਧਵਾਦ ਨਾਲੋਂ ਨਿਖੇੜੇ ਦਾ ਲੋੜੀਂਦਾ ਬੁਨਿਆਦੀ ਅਤੇ ਸਪੱਸ਼ਟ ਵਿਚਾਰਧਾਰਕ ਆਧਾਰ ਮੁਹੱਈਆ ਕਰਦੇ ਸਨ। ਸੋਧਵਾਦੀਏ ਅਤੇ ਨਵ-ਸੋਧਵਾਦੀਏ ਇਹਨਾਂ ਸਭਨਾਂ ਨੁਕਤਿਆਂ ਦਾ ਵਿਰੋਧ ਕਰਦੇ ਸਨ। ਇਹ ਨੁਕਤੇ ਸੋਧਵਾਦ ਅਤੇ ਨਵ-ਸੋਧਵਾਦ ਨਾਲੋਂ ਵਿਚਾਰਧਾਰਕ-ਸਿਆਸੀ ਪੱਧਰ 'ਤੇ ਤਾਂ ਨਿਖੇੜੇ ਦਾ ਬਣਦਾ ਆਧਾਰ ਮੁਹੱਈਆ ਕਰਦੇ ਸਨ, ਪਰ ਅਭਿਆਸ ਅੰਦਰ ਅਜਿਹੀ ਨਿਖੇੜੇ ਦੀ ਲਕੀਰ ਖਿੱਚਣ ਦਾ ਠੋਸ ਆਧਾਰ ਮੁਹੱਈਆ ਨਹੀਂ ਸਨ ਕਰਦੇ। ਹੋਰ ਲਫਜ਼ਾਂ ਵਿੱਚ ਗੱਲ ਕਰਨੀ ਹੋਵੇ— ਇਹ ਆਮ ਵਿਚਾਰਧਾਰਕ-ਸਿਆਸੀ ਲੀਹ, ਅਭਿਆਸ ਅੰਦਰ ਮੂਰਤ ਰੂਪ ਇਨਕਲਾਬੀ ਬਦਲ ਉਸਾਰਨ (ਹਥਿਆਰਬੰਦ ਜ਼ਰੱਈ ਇਨਕਲਾਬੀ ਲਹਿਰ ਉਸਾਰਨ) ਲਈ ਕਾਫੀ ਨਹੀਂ ਹੈ। ਇਸ ਮਕਸਦ ਲਈ ਇਸ ਆਮ ਵਿਚਾਰਧਾਰਕ-ਸਿਆਸੀ ਲੀਹ ਦੇ ਵੱਖ ਵੱਖ ਪੱਖਾਂ ਦੇ ਹੋਰ ਵਿਸਥਾਰੀ ਨੁਕਤਿਆਂ ਨੂੰ ਠੋਸ ਰੂਪ ਵਿੱਚ ਪ੍ਰਭਾਸ਼ਿਤ ਕਰਨ ਅਤੇ ਠੋਸ ਸ਼ਕਲ ਦੇਣ ਦੀ ਜ਼ਰੂਰਤ ਖੜ੍ਹੀ ਹੁੰਦੀ ਹੈ। ਯਾਨੀ ਇਸ ਆਮ ਵਿਚਾਰਧਾਰਕ-ਸਿਆਸੀ ਲੀਹ ਨੂੰ ਠੋਸ ਵਿਚਾਰਧਾਰਕ-ਸਿਆਸੀ ਲੀਹ (ਸਪੈਸੇਫਿਕ ਆਡੀਆਲੌਜੀਕਲ ਪੁਲੀਟੀਕਲ ਲਾਈਨ) ਵਿੱਚ ਢਾਲਣ ਦੀ ਲੋੜ ਬਣਦੀ ਹੈ। ਕਾਮਰੇਡ ਚਾਰੂ ਮਾਜ਼ੂਮਦਾਰ ਹੋਰਾਂ ਵੱਲੋਂ ਸੋਧਵਾਦੀ ਅਤੇ ਨਵ-ਸੋਧਵਾਦੀ ਅਭਿਆਸ ਨਾਲੋਂ ਸਪੱਸ਼ਟ ਨਿਖੇੜਾ ਕਰਨ ਲਈ ਆਮ ਵਿਚਾਰਧਾਰਕ-ਸਿਆਸੀ ਲੀਹ ਨੂੰ ਠੋਸ ਵਿਚਾਰਧਾਰਕ-ਸਿਆਸੀ ਲੀਹ ਵਿੱਚ ਢਾਲਣ ਲਈ ਤਾਣ ਲਾਇਆ ਗਿਆ ਅਤੇ ਇਸਦੇ ਆਧਾਰ 'ਤੇ ਸੋਧਵਾਦੀ ਅਭਿਆਸ ਦਾ ਇਨਕਲਾਬੀ ਬਦਲ ਮੁਹੱਈਆ ਕਰਨ ਲਈ ਨਕਸਲਬਾੜੀ ਹਥਿਆਰਬੰਦ ਜ਼ਰੱਈ ਘੋਲ ਦੀ ਉਸਾਰੀ ਦਾ ਅਮਲ ਵਿੱਢਿਆ ਗਿਆ।
ਨਕਸਲਬਾੜੀ ਉਠਾਣ ਦਾ ਆਧਾਰ ਬਣਦੀ ਠੋਸ ਵਿਚਾਰਧਾਰਕ-ਸਿਆਸੀ ਲੀਹ ਦੇ ਉੱਭਰਵੇਂ ਬੁਨਿਆਦੀ ਅੰਸ਼ ਕਿਹੜੇ ਸਨ? ਇਹਨਾਂ ਅੰਸ਼ਾਂ ਵਿੱਚ ਸਭ ਤੋਂ ਪਹਿਲਾ ਅੰਸ਼ ਇਹ ਸੀ ਕਿ ਉਹਨਾਂ ਵੱਲੋਂ ਕਾਮਰੇਡ ਮਾਓ ਦੇ ਲਮਕਵੇਂ ਲੋਕ-ਯੁੱਧ ਦਾ ਆਮ ਰੂਪ ਵਿੱਚ ਦੁਹਰਾਓ ਕਰਨ ਦੀ ਬਜਾਇ, ਇਸਦੀ ਗਿਰੀ ਨੂੰ ਮਜਬੂਤੀ ਨਾਲ ਫੜਦਿਆਂ ਕਿਹਾ ਗਿਆ ਕਿ ਭਾਰਤ ਵਿੱਚ ਘੋਲ ਦੀ ਪ੍ਰਮੁੱਖ ਸ਼ਕਲ ਹਥਿਆਰਬੰਦ ਘੋਲ ਹੈ ਅਤੇ ਜਥੇਬੰਦੀ ਦੀ ਪ੍ਰਮੁੱਖ ਸ਼ਕਲ ਫੌਜ ਹੈ। ਇਸ ਨੂੰ ਬੁੱਝਦਿਆਂ ਉਹਨਾਂ ਵੱਲੋਂ ਕਿਹਾ ਗਿਆ, ''ਸਾਡੇ ਯੁੱਧ ਦੀ ਵਿਸ਼ੇਸ਼ ਸਿਫਤ ਇਹ ਹੈ ਕਿ ਸਰਕਾਰ ਹਰ ਲਹਿਰ ਦਾ ਸਾਹਮਣਾ ਖੂਨੀ ਹਮਲਿਆਂ ਨਾਲ ਕਰ ਰਹੀ ਹੈ। ਇਸ ਲਈ ਜਨਤਾ ਸਨਮੁੱਖ ਸਭ ਤੋਂ ਅਹਿਮ ਜ਼ਰੂਰਤ ਹਥਿਆਰਬੰਦ ਟਾਕਰਾ ਘੋਲ ਦੀ ਖੜ੍ਹੀ ਹੁੰਦੀ ਹੈ। ਇਸ ਲਈ ਅੱਜ ਜਨਤਕ ਲਹਿਰ ਦੇ ਹਿੱਤ ਵਿੱਚ ਮਜ਼ਦੂਰ ਜਮਾਤ ਅਤੇ ਲੜਾਕੂ ਕਿਸਾਨ ਜਮਾਤ ਅਤੇ ਹੋਰ ਲੜਾਕੂ ਜਨਤਾ ਨੂੰ ਸੱਦਾ ਦੇਣਾ ਹੋਵੇਗਾ-
1. ਹਥਿਆਰਬੰਦ ਹੋ ਜਾਓ
2. ਟਾਕਰੇ ਲਈ ਹਥਿਆਰਬੰਦ ਦਲ ਤਿਆਰ ਕਰੋ
3. ਹਰ ਹਥਿਆਰਬੰਦ ਦਲ ਨੂੰ ਸਿਆਸੀ ਸਿੱਖਿਆ ਨਾਲ ਲੈਸ ਕਰੋ, (ਦਸਤਾਵੇਜ਼, ਪੰਜਵੀਂ)
ਦੂਜਾ ਅਹਿਮ ਅੰਸ਼ ਸੀ ਜਨਤਕ ਜਥੇਬੰਦੀਆਂ ਅਤੇ ਜਨਤਕ ਲਹਿਰ ਦੇ ਰੋਲ ਅਤੇ ਅਹਿਮੀਅਤ ਨੂੰ ਟਿੱਕਣਾ। ਉਹਨਾਂ ਵੱਲੋਂ ਜਨਤਕ ਜਥੇਬੰਦੀਆਂ ਰਾਹੀਂ ਸ਼ਾਂਤਮਈ ਜਨਤਕ ਲਹਿਰ ਖੜ੍ਹੀ ਕਰਨ ਦੇ ਆਰਥਿਕਵਾਦੀ-ਸੁਧਾਰਵਾਦੀ ਜਿਲ੍ਹਣ ਵਿੱਚ ਖੁਭੇ ਸੋਧਵਾਦੀਆਂ ਦੇ ਮੁਕਾਬਲੇ ਜਨਤਕ ਜਥੇਬੰਦੀਆਂ ਨੂੰ ਪਾਰਟੀ ਦੇ ਮੁੱਖ ਉਦੇਸ਼ (ਹਥਿਆਰਬੰਦ ਜ਼ਰੱਈ ਲਹਿਰ ਖੜ੍ਹੀ ਕਰਨ) ਦੇ ਮਕਸਦ ਦੀ ਪੂਰਤੀ ਦੇ ਇੱਕ ਅੰਗ ਵਜੋਂ ਦੇਖਦਿਆਂ ਕਿਹਾ ਗਿਆ, ''ਆਉਣ ਵਾਲੇ ਦਿਨਾਂ (ਭਵਿੱਖ) ਦੀਆਂ ਜਥੇਬੰਦੀਆਂ ਦੇ ਸਾਰੇ ਕੰਮ ਪਾਰਟੀ ਦੇ ਪੂਰਕ ਦੇ ਰੂਪ ਵਿੱਚ ਕਰਨੇ ਹੋਣਗੇ ਯਾਨੀ ਪਾਰਟੀ ਦੇ ਪ੍ਰਮੁੱਖ ਉਦੇਸ਼ ਦੀ ਪੂਰਤੀ ਦੇ ਅੰਗ ਵਜੋਂ ਜਨਤਕ ਜਥੇਬੰਦੀਆਂ 'ਤੇ ਅਗਵਾਈ ਸਥਾਪਤ ਕਰਨੀ ਹੋਵੇਗੀ।'' (ਦੂਜੀ ਦਸਤਾਵੇਜ਼) ਵਿਸ਼ੇਸ਼ ਤੌਰ 'ਤੇ ਕਿਸਾਨਾਂ ਦੇ ਜਨਤਕ ਘੋਲ ਉਸਾਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ''ਕਿਸਾਨੀ ਭਾਰਤ ਦੇ ਲੋਕ ਜਮਹੂਰੀ ਇਨਕਲਾਬ ਦੀ ਸਭ ਤੋਂ ਵੱਡੀ ਤਾਕਤ ਹੈ.... ਅਸੀਂ ਕਿਸਾਨ ਲਹਿਰ 'ਤੇ ਗਰੀਬ, ਬੇਜ਼ਮੀਨੇ ਕਿਸਾਨਾਂ ਦੀ ਅਗਵਾਈ ਜਿੰਨੀ ਸਥਾਪਤ ਕਰ ਲਵਾਂਗੇ, ਓਨੀ ਹੀ ਕਿਸਾਨ ਲਹਿਰ ਸੰਗਰਾਮੀ ਸ਼ਕਲ ਅਖਤਿਆਰ ਕਰੇਗੀ। ਧਿਆਨ ਰੱਖਣਾ ਹੋਵੇਗਾ ਕਿ ਵਿਸ਼ਾਲ ਕਿਸਾਨ ਜਮਾਤ ਦੀ ਹਮਾਇਤ ਦੇ ਆਧਾਰ 'ਤੇ ਜੋ ਵੀ ਰਣਨੀਤੀ ਅਖਤਿਆਰ ਕੀਤੀ ਜਾਵੇਗੀ, ਉਹ ਕਿਸੇ ਤਰ੍ਹਾਂ ਵੀ ਮਾਅਰਕੇਬਾਜ਼ੀ ਨਹੀਂ ਹੋਵੇਗੀ।'' (ਦਸਤਾਵੇਜ਼ ਚੌਥੀ) ਉਹਨਾਂ ਵੱਲੋਂ ਪੁਰਅਮਨ, ਕਾਨੂੰਨੀ ਅਤੇ ਖੁੱਲ੍ਹੀਆਂ ਘੋਲ ਸ਼ਕਲਾਂ ਦੀ ਦੋਮ ਸ਼ਕਲ ਵਜੋਂ ਵਰਤੋਂ ਦੀ ਵਕਾਲਤ ਕਰਦਿਆਂ, ਇਹਨਾਂ ਨੂੰ ਘੋਲ ਦੇ ਮੁੱਖ ਰੂਪ ਵਜੋਂ ਲੈਣ ਦੀ ਸਮਝ ਨੂੰ ਰੱਦ ਕਰਦਿਆਂ ਕਿਹਾ ਗਿਆ ਕਿ ''ਉਹਨਾਂ (ਨਵ-ਸੋਧਵਾਦੀਆਂ -ਲੇਖਕ) ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਸ਼ਾਂਤਮਈ ਜਨਤਕ ਲਹਿਰ ਹੀ ਇਸ ਸਮੁੱਚੇ ਘੋਲ ਦਾ ਮੁੱਖ ਦਾਅਪੇਚ ਹੈ। ....ਅਸੀਂ ਸੁਪਨੇ ਦੇਖ ਰਹੇ ਹਾਂ ਕਿ ਸਾਡੀ ਅਗਵਾਈ ਹੇਠ ਜਥੇਬੰਦ ਸ਼ਾਂਤਮਈ ਜਨਤਕ ਲਹਿਰ ਦੀ ਉਸਾਰੀ ਹੋ ਜਾਵੇਗੀ। ਇਹ ਸੋਧਵਾਦ ਦਾ ਇੱਕ ਬੇਸ਼ਰਮ ਨਮੂਨਾ ਹੈ...।'' ਪਰ ਨਾਲ ਹੀ ਅੰਸ਼ਿਕ ਜਨਤਕ ਘੋਲ ਦੀ ਲੋੜ ਬਾਰੇ ਕਿਹਾ ਗਿਆ ''ਕੀ ਇਸ ਯੁੱਗ ਵਿੱਚ ਅੰਸ਼ਿਕ ਮੰਗਾਂ 'ਤੇ ਕਿਸਾਨਾਂ ਦੇ ਜਨਤਕ ਘੋਲ ਦੀ ਲੋੜ ਨਹੀਂ ਹੈ? ਨਿਸ਼ਚੇ ਹੀ ਇਹ ਲੋੜ ਹੈ ਅਤੇ ਭਵਿੱਖ ਵਿੱਚ ਵੀ ਇਹ ਲੋੜ ਹੋਵੇਗੀ। ਕਿਉਂਕਿ ਭਾਰਤ ਇੱਕ ਵਿਸ਼ਾਲ ਮੁਲਕ ਹੈ ਅਤੇ ਕਿਸਾਨ ਵੀ ਕਈ ਜਮਾਤਾਂ ਵਿੱਚ ਵੰਡੇ ਹੋਏ ਹਨ। ਇਸ ਲਈ, ਸਭਨਾਂ ਇਲਾਕਿਆਂ ਅਤੇ ਸਭਨਾਂ ਜਮਾਤਾਂ ਵਿੱਚ ਸਿਆਸੀ ਚੇਤਨਾ ਇਕਸਾਰ ਨਹੀਂ ਹੋਵੇਗੀ। ਇਸ ਲਈ, ਅੰਸ਼ਿਕ ਮੰਗਾਂ 'ਤੇ ਹਮੇਸ਼ਾਂ ਹੀ ਕਿਸਾਨੀ ਦੇ ਜਨਤਕ ਘੋਲ ਦਾ ਮੌਕਾ ਅਤੇ ਗੁੰਜਾਇਸ਼ ਮੌਜੂਦ ਹੋਵੇਗੀ ਅਤੇ ਕਮਿਊਨਿਸਟਾਂ ਨੂੰ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣਾ ਹੋਵੇਗਾ... ਅੰਸ਼ਿਕ ਮੰਗ ਲਈ ਘੋਲ ਚਾਹੇ ਕੋਈ ਸ਼ਕਲ ਅਖਤਿਆਰ ਕਰਨ , ਪਰ ਕਮਿਊਨਿਸਟ ਕਿਸਾਨਾਂ ਵਿੱਚ ਹਮੇਸ਼ਾਂ ਹੀ ਉੱਚੀਆਂ ਘੋਲ-ਸ਼ਕਲਾਂ ਦਾ ਪ੍ਰਚਾਰ ਕਰਨਗੇ।'' (ਅੱਠਵੀਂ ਦਸਤਾਵੇਜ਼, ਸਫਾ 29)
ਤੀਜਾ ਅਹਿਮ ਅੰਸ਼ ਇਨਕਲਾਬ ਦੇ ਤਿੰਨ ਪ੍ਰਮੁੱਖ ਜਾਦੂਮਈ ਹਥਿਆਰਾਂ ਦੇ ਅਨਿੱਖੜਵੇਂ ਅਤੇ ਇੱਕਦੇਹ ਰਿਸ਼ਤੇ ਨੂੰ ਬੁੱਝਣਾ ਅਤੇ ਉਭਾਰਨਾ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ''ਇਹ ''ਤਿੰਨ ਬੁਨਿਆਦੀ ਗੱਲਾਂ ਹਨ: 1. ਮਜ਼ਦੂਰ ਜਮਾਤ ਦੀ ਅਗਵਾਈ ਹੇਠ ਮਜ਼ਦੂਰਾਂ-ਕਿਸਾਨਾਂ ਦੀ ਏਕਤਾ’’; 2. ਹਥਿਆਰਬੰਦ ਘੋਲ ਨੂੰ ਚੇਤਨ ਰੂਪ ਵਿੱਚ ਜਨਤਕ ਆਧਾਰ 'ਤੇ ਉਸਾਰਨਾ; (3) ਕਮਿਊਨਿਸਟ ਪਾਰਟੀ ਦੀ ਅਗਵਾਈ ਦੀ ਉਸਾਰੀ ਕਰਨਾ। ਇਹਨਾਂ ਕਾਰਜਾਂ 'ਚੋਂ ਕਿਸੇ ਇੱਕ ਨੂੰ ਛੱਡਣ ਨਾਲ ਕੰਮ ਨਹੀਂ ਚੱਲੇਗਾ।'' (ਦਸਤਾਵੇਜ਼, ਸੱਤਵੀਂ)
ਇੱਥੇ (1.) ਨੁਕਤੇ ਦੀ ਵਿਆਖਿਆ ਕਰਦਿਆਂ ਉਹ ਮਜ਼ਦੂਰ-ਕਿਸਾਨ ਗੱਠਜੋੜ ਦੁਆਲੇ ਦਰਮਿਆਨੀ ਜਮਾਤ, ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਜੋੜਨ ਦੀ ਗੱਲ ਕਰਦੇ ਹਨ, ਇਉਂ, ਉਹਨਾਂ ਵੱਲੋਂ ਕਮਿਊਨਿਸਟ ਪਾਰਟੀ, ਹਥਿਆਰਬੰਦ ਘੋਲ ਅਤੇ ਸਾਂਝੇ ਮੋਰਚੇ ਦੇ ਪ੍ਰਸਪਰ, ਅਨਿੱਖੜਵੇਂ ਅਤੇ ਨਾਲੋ ਨਾਲ ਵਿਕਾਸ ਅਮਲ ਨੂੰ ਚਿਤਵਿਆ ਗਿਆ। ਚੌਥਾ ਅਹਿਮ ਅੰਸ਼ ਸੀ, ਤਿੰਨ ਜਾਦੂਮਈ ਹਥਿਆਰਾਂ ਦੇ ਇੱਕ ਅਨਿੱਖੜਵੇਂ ਅੰਗ ਵਜੋਂ ਗੁਪਤ ਕਮਿਊਨਿਸਟ ਪਾਰਟੀ ਢਾਂਚੇ ਅਤੇ ਕੰਮ-ਢੰਗ ਦੀ ਉਸਾਰੀ ਦੀ ਅਹਿਮੀਅਤ ਨੂੰ ਉਭਾਰਿਆ ਗਿਆ। ਉਹਨਾਂ ਵੱਲੋਂ ਮੁੱਖ ਉਦੇਸ਼ ਦੀ ਪੂਰਤੀ ਦੇ ਅੰਗ ਵਜੋਂ ''ਜਨਤਕ ਜਥੇਬੰਦੀ ਦੀ ਵਰਤੋਂ'' ਅਤੇ ''ਜਨਤਕ ਜਥੇਬੰਦੀਆਂ 'ਤੇ ਅਗਵਾਈ ਕਾਇਮ'' ਕਰਨ ਦੀ ਗੱਲ ਕਰਦਿਆਂ, ਕਿਹਾ ਗਿਆ ਕਿ ''ਹੁਣੇ ਤੋਂ ਹੀ ਪਾਰਟੀ ਦੀ ਸਾਰੀ ਤਾਕਤ ਨਵੇਂ ਕਾਡਰਾਂ ਨੂੰ ਇਕੱਤਰ ਕਰਨ ਅਤੇ ਉਹਨਾਂ ਦੇ ਸਰਗਰਮ ਗਰੁੱਪ ਬਣਾਉਣ ਲਈ ਝੋਕਣੀ ਹੋਵੇਗੀ। ਯਾਦ ਰੱਖਣਾ ਹੋਵੇਗਾ ਕਿ ਆਉਣ ਵਾਲੇ ਘੋਲਾਂ ਵਿੱਚ ਗੈਰ-ਕਾਨੂੰਨੀ ਢਾਂਚੇ ਦੀ ਮੱਦਦ ਨਾਲ ਜਨਤਾ ਨੂੰ ਸਿੱਖਿਆ ਦੇਣੀ ਹੋਵੇਗੀ। ਇਸ ਲਈ ਪਾਰਟੀ ਦੇ ਹਰ ਮੈਂਬਰ ਨੂੰ ਹੁਣੇ ਤੋਂ ਹੀ ਗੈਰ-ਕਾਨੂੰਨੀ ਕੰਮ ਵਿੱਚ ਆਦੀ ਬਣਾਉਣਾ ਹੋਵੇਗਾ।'' (ਦਸਤਾਵੇਜ਼ ਦੂਜੀ) ਸਪੱਸ਼ਟ ਹੈ— ਉਹਨਾਂ ਵੱਲੋਂ ਗੁਪਤ ਪਾਰਟੀ ਢਾਂਚੇ ਅਤੇ ਕੰਮ-ਢੰਗ ਦੀ ਨਾਲੋ-ਨਾਲ ਉਸਾਰੀ ਨੂੰ ਕਮਿਊਨਿਸਟ ਪਾਰਟੀ ਦੀ ਰੀੜ੍ਹ ਦੀ ਹੱਡੀ ਵਜੋਂ ਉਭਾਰਿਆ ਗਿਆ ਅਤੇ ਇਸ ਨੂੰ ਹਥਿਆਰਬੰਦ ਘੋਲ ਦੀ ਉਸਾਰੀ ਦੇ ਅਮਲ ਦੇ ''ਥੰਮ੍ਹ ਵਜੋਂ'' ਟਿੱਕਿਆ ਗਿਆ।
ਪੰਜਵਾਂ- ਉਹਨਾਂ ਵੱਲੋਂ ਜ਼ਮੀਨਾਂ ਦੀ ਕਾਣੀ ਵੰਡ ਅਤੇ ਜਾਗੀਰਦਾਰਾਂ ਦੀਆਂ ਜ਼ਮੀਨਾਂ ਬੇਜ਼ਮੀਨਿਆਂ ਅਤੇ ਗਰੀਬ ਕਿਸਾਨਾਂ ਵਿੱਚ ਵੰਡਣ ਦੀ ਮੰਗ ਦੁਆਲੇ ਉਸਰਨ ਵਾਲੀ ਕਿਸਾਨ (ਜ਼ਰੱਈ) ਲਹਿਰ ਨੂੰ ਇਨਕਲਾਬੀ ਸਿਆਸੀ ਲੋਕ ਸੱਤਾ ਦੀ ਉਸਾਰੀ ਦੇ ਨਿਸ਼ਾਨੇ ਨਾਲ ਹੀ ਨਹੀਂ ਜੋੜਿਆ ਗਿਆ, ਸਗੋਂ ਜ਼ਮੀਨ ਦੀ ਵੰਡ ਕਰਨ ਅਤੇ ਰਾਜਸੀ ਸੱਤਾ 'ਤੇ ਕਬਜ਼ਾ ਕਰਨ ਦੇ ਸਬੰਧ ਦੇ ਸੁਆਲ ਨੂੰ ਹੱਲ ਕਰਦਿਆਂ, ਇਹ ਗੱਲ ਉਭਾਰੀ ਗਈ ਕਿ ਕਿਸੇ ਇਲਾਕੇ/ਇਲਾਕਿਆਂ ਵਿੱਚ ਗੁਰੀਲਾ-ਯੁੱਧ ਰਾਹੀਂ ਇਨਕਲਾਬੀ ਲੋਕ-ਸੱਤਾ ਦੀ ਉਸਾਰੀ ਕਰਨ ਤੋਂ ਬਾਅਦ ਹੀ ਜ਼ਮੀਨ ਦੀ ਵੰਡ ਕੀਤੀ ਜਾ ਸਕਦੀ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ''ਅਸੀਂ ਲੋਕ-ਜਮਹੂਰੀ ਇਨਕਲਾਬ ਦਾ ਪ੍ਰੋਗਰਾਮ ਉਲੀਕਿਆ ਹੈ ਅਤੇ ਇਸ ਇਨਕਲਾਬ ਦਾ ਕੰਮ ਹੀ ਕਿਸਾਨਾਂ ਦੇ ਹਿੱਤ ਵਿੱਚ ਜ਼ਮੀਨੀ ਸੁਧਾਰ ਕਰਨਾ ਹੈ। ਕਿਸਾਨਾਂ ਦੇ ਹਿੱਤ ਵਿੱਚ ਜ਼ਮੀਨੀ ਸੁਧਾਰ ਤਾਂ ਹੀ ਹੋ ਸਕਦੇ ਹਨ, ਜਦੋਂ ਅਸੀਂ ਪੇਂਡੂ ਇਲਾਕਿਆਂ ਵਿੱਚ ਜਾਗੀਰੂ ਸੱਤਾ ਨੂੰ ਖਤਮ ਕਰ ਸਕਾਂਗੇ।
ਛੇਵਾਂ- ਉਹਨਾਂ ਵੱਲੋਂ ਭਾਰਤੀ ਇਨਕਲਾਬ ਦੇ ਤਿੰਨ ਪ੍ਰਮੁੱਖ ਜਾਦੂਮਈ ਹਥਿਆਰਾਂ ਦੀ ਉਸਾਰੀ ਦੇ ਅਮਲ ਦੇ ਠੋਸ ਰੂਪ— ਜਾਦੂਮਈ ਹਥਿਆਰ ਦੀ ਉਸਾਰੀ ਦੇ ਅਮਲ ਦੇ ਠੋਸ ਰੂਪ- ਨਕਸਲਬਾੜੀ ਹਥਿਆਰਬੰਦ ਜ਼ਰੱਈ ਉਠਾਣ ਦੀ ਉਸਾਰੀ ਲਈ ਜੱਦੋਜਹਿਦ ਅਤੇ ਸੋਧਵਾਦ ਅਤੇ ਨਵ-ਸੋਧਵਾਦ ਦੀਆਂ ਠੋਸ ਸ਼ਕਲਾਂ ਖਿਲਾਫ ਵਿਚਾਰਧਾਰਕ-ਸਿਆਸੀ ਜੱਦੋਜਹਿਦ ਨੂੰ ਸੁਮੇਲਵੇਂ ਰੂਪ ਵਿੱਚ ਚਲਾਇਆ ਗਿਆ। ਉਹਨਾਂ ਵੱਲੋਂ ਸੋਧਵਾਦ ਅਤੇ ਨਵ-ਸੋਧਵਾਦ ਦੀਆਂ ਨਾ ਸਿਰਫ ਆਮ ਤੌਰ 'ਤੇ ਬੁਨਿਆਦੀ ਸ਼ਕਲਾਂ ਨੂੰ ਮਾਰ ਹੇਠ ਲਿਆਂਦਾ ਗਿਆ, ਸਗੋਂ ਇਨਕਲਾਬੀ ਅਭਿਆਸ ਵਿੱਚ ਅੜਿੱਕੇ ਖੜ੍ਹੇ ਕਰਦੀਆਂ, ਵਿਘਨ ਪਾਉਂਦੀਆਂ ਅਤੇ ਇਸ ਨੂੰ ਆਰਥਿਕਵਾਦੀ-ਸੁਧਾਰਵਾਦੀ ਪਟੜੀ ਪਾਉਣ ਦਾ ਕਾਰਨ ਬਣਦੀਆਂ ਠੋਸ ਸ਼ਕਲਾਂ ਨੂੰ ਵੀ ਘੋਲ ਦਾ ਨਿਸ਼ਾਨਾ ਬਣਾਇਆ ਗਿਆ। ਉਸ ਵੱਲੋਂ ਰਚੀਆਂ ਅੱਠ ਦਸਤਾਵੇਜ਼ਾਂ ਦੀ ਜਿੱਥੇ ਇੱਕ ਬੁਨਿਆਦੀ ਧੁੱਸ ਸੋਧਵਾਦੀ ਅਤੇ ਨਵ-ਸੋਧਵਾਦੀ ਅਭਿਆਸ ਦੇ ਇਨਕਲਾਬੀ ਬਦਲ ਦੀ ਸ਼ਕਲ ਵਜੋਂ ਨਕਸਲਬਾੜੀ ਵਿੱਚ ਹਥਿਆਰਬੰਦ ਜ਼ਰੱਈ ਉਠਾਣ ਦੀ ਉਸਾਰੀ ਅਤੇ ਇਲਾਕਾ ਪੱਧਰ 'ਤੇ ਲਮਕਵੇਂ ਗੁਰੀਲਾ ਯੁੱਧ ਰਾਹੀਂ ਇਨਕਲਾਬੀ ਲੋਕ ਸੱਤਾ ਦੀ ਉਸਾਰੀ ਕਰਨਾ ਸੀ, ਉੱਥੇ ਦੂਜੀ ਧੁੱਸ— ਵਿਚਾਰਧਾਰਕ-ਸਿਆਸੀ ਜੱਦੋਜਹਿਦ ਦੇ ਖੇਤਰ ਵਿੱਚ ਸੋਧਵਾਦ ਅਤੇ ਨਵ-ਸੋਧਵਾਦ ਦੇ ਕਿੰਗਰਿਆਂ ਨੂੰ ਭੰਨਦਿਆਂ ਤੇ ਤਹਿਸ਼-ਨਹਿਸ਼ ਕਰਦਿਆਂ, ਮਾਓ ਵਿਚਾਰਧਾਰਾ ਅਤੇ ਲਮਕਵੇਂ ਲੋਕ-ਯੁੱਧ ਦੀ ਅਜਿੱਤ ਸਿਆਸਤ ਨੂੰ ਬੁਲੰਦ ਕਰਨਾ ਅਤੇ ਸਾਬਤ ਕਰਨਾ ਸੀ। ਸੋਧਵਾਦ ਖਿਲਾਫ ਮਚੂੰ-ਮੱਚੂੰ ਕਰਦੀ ਨਫਰਤ ਅਤੇ ਲੜਾਈ ਦੀ ਅਹਿਮੀਅਤ ਕਿਸ ਹੱਦ ਤੱਕ ਉਹਨਾਂ ਦੇ ਦਿਮਾਗ ਵਿੱਚ ਉੱਸਲਵੱਟੇ ਲੈ ਰਹੀ ਸੀ, ਇਸਦਾ ਅੰਦਾਜ਼ਾ ਇਸ ਤੱਥ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਉਹਨਾਂ ਵੱਲੋਂ ਲਿਖੀਆਂ ਅੱਠ ਦਸਤਾਵੇਜ਼ਾਂ 'ਚੋਂ ਪੰਜ ਦਸਤਾਵੇਜ਼ਾਂ ਦੇ ਮੁੱਖ ਸਿਰਲੇਖਾਂ ਵਿੱਚ ਸੋਧਵਾਦ ਖਿਲਾਫ ਲੜਾਈ ਦੀ ਅਹਿਮੀਅਤ ਨੂੰ ਉਭਾਰਿਆ ਗਿਆ ਹੈ।
ਕਾਮਰੇਡ ਚਾਰੂ ਮਾਜ਼ੂਮਦਾਰ ਦੀਆਂ ਅੱਠ ਦਸਤਾਵੇਜ਼ਾਂ ਵਿੱਚ ਉਪਰੋਕਤ 6 ਉੱਭਰਵੇਂ ਅਤੇ ਅਹਿਮ ਬੁਨਿਆਦੀ ਨੁਕਤੇ ਆਮ ਵਿਚਾਰਧਾਰਕ-ਸਿਆਸੀ ਲੀਹ ਦਾ ਠੋਸ ਰੂਪ ਬਣਦੇ ਹਨ ਯਾਨੀ ਇਹ ਠੋਸ ਵਿਚਾਰਧਾਰਕ-ਸਿਆਸੀ ਲੀਹ ਦੀ ਉਸ ਮੌਕੇ ਅਭਿਆਸ ਵਿੱਚ ਲਾਗੂ ਹੁੰਦੀ ਸ਼ਕਲ ਬਣਦੇ ਹਨ। ਇਹੀ ਬੁਨਿਆਦੀ ਨੁਕਤੇ ਹਨ, ਜਿਹਨਾਂ ਵੱਲੋਂ ਨਕਸਲਬਾੜੀ ਦੀ ਹਥਿਆਰਬੰਦ ਜ਼ਰੱਈ ਲਹਿਰ ਨੂੰ ਠੋਸ ਸੇਧ ਮੁਹੱਈਆ ਕੀਤੀ ਗਈ, ਇਸ ਲਹਿਰ ਦਾ ਪੈੜਾ ਬੰਨ੍ਹਿਆ ਗਿਆ ਅਤੇ ਇਸਨੂੰ ਹਥਿਆਰਬੰਦ ਘੋਲ ਦੀ ਲਾਟ ਵਿੱਚ ਢਾਲਿਆ ਗਿਆ। ਜੇਕਰ ਆਪਣੇ ਆਪ ਨੂੰ ਨਕਸਲਬਾੜੀ ਕਮਿਊਨਿਸਟ ਇਨਕਲਾਬੀ ਅਖਵਾਉਣ ਦਾ ਦਾਅਵਾ ਕਰਦੀ ਕੋਈ ਧਿਰ/ਜਥੇਬੰਦੀ ਇਹਨਾਂ ਛੇ ਬੁਨਿਆਦੀ ਨੁਕਤਿਆਂ ਨੂੰ ਦਰਕਿਨਾਰ ਕਰਦੀ ਹੈ, ਪਰ ਨਕਸਲਬਾੜੀ ਵੱਲੋਂ ਉਭਾਰੀ ਆਮ ਵਿਚਾਰਧਾਰਕ-ਸਿਆਸੀ ਲੀਹ ਦੇ ਆਮ ਬੁਨਿਆਦੀ ਨੁਕਤਿਆਂ ਦਾ ਰਟਣਮੰਤਰ ਕਰਦਿਆਂ ਅਤੇ ਨਕਸਲਬਾੜੀ ਲਫਾਜ਼ੀ ਦਾ ਮੁਖੌਟਾ ਸਜਾਉਂਦਿਆਂ, ਆਪਣੇ ਆਪ ਨੂੰ ਨਕਸਲਬਾੜੀ ਦੀ ਵਿਰਾਸਤ ਦੀ ਦਾਅਵੇਦਾਰ ਵਜੋਂ ਪੇਸ਼ ਕਰਦੀ ਹੈ, ਤਾਂ ਉਸਦਾ ਇਹ ਦਾਅਵਾ ਧੋਖੇ ਅਤੇ ਫਰੇਬ ਤੋਂ ਬਿਨਾ ਕੁੱਝ ਨਹੀਂ ਹੈ।
ਪੁਰਾਣੇ ਸੋਧਵਾਦ ਖਿਲਾਫ ਪਾਲਾਬੰਦੀ ਵਿੱਚ ਲੁਕਵੇਂ ਸੋਧਵਾਦ ਦੀ ਘੁਸਪੈਂਠ
ਨਕਸਲਬਾੜੀ ਦੀ ਲਾਟ ਨੇ ਸੋਧਵਾਦ ਅਤੇ ਨਵ-ਸੋਧਵਾਦ ਦੇ ਦੰਭੀ ਕਮਿਊਨਿਸਟ ਮੁਖੌਟਿਆਂ ਨੂੰ ਲੂਹ ਸੁੱਟਿਆ ਸੀ। ਸਿੱਟੇ ਵਜੋਂ ਸੋਧਵਾਦੀ ਅਤੇ ਨਵ-ਸੋਧਵਾਦੀ, ਵਿਸ਼ੇਸ਼ ਕਰਕੇ ਨਵ-ਸੋਧਵਾਦੀ ਸਫਾਂ 'ਚ ਦੋ ਲੀਹਾਂ ਦਰਮਿਆਨ ਘੋਲ ਅਤੇ ਪਾਲਾਬੰਦੀ ਦਾ ਅਮਲ ਛਿੜ ਗਿਆ। ਇਸ ਪਾਲਾਬੰਦੀ ਦੇ ਨਤੀਜੇ ਵਜੋਂ ਕਾਮਰੇਡ ਚਾਰੂ ਮਾਜ਼ੂਮਦਾਰ ਦੀ ਅਗਵਾਈ ਹੇਠ ਕਮਿਊਨਿਸਟ ਇਨਕਲਾਬੀਆਂ ਦੀ ਸਰਬ-ਭਾਰਤ ਤਾਲਮੇਲ ਕਮੇਟੀ (ਏ.ਆਈ.ਸੀ.ਸੀ.ਸੀ.ਆਰ.) ਹੋਂਦ ਵਿੱਚ ਆਈ ਸੀ। ਪਰ ਸੋਧਵਾਦੀਆਂ ਅਤੇ ਨਵ-ਸੋਧਵਾਦੀਆਂ ਅਤੇ ਨਕਸਲਬਾੜੀ ਘੋਲ ਨੂੰ ਉਚਿਆਉਣ ਵਾਲੇ ਕਮਿਊਨਿਸਟ ਇਨਕਲਾਬੀਆਂ ਦਰਮਿਆਨ ਨਿਖੇੜੇ ਅਤੇ ਪਾਲਾਬੰਦੀ ਦੇ ਚੱਲ ਰਹੇ ਇਸ ਅਮਲ ਵਿੱਚੋਂ ਇਹ ਆਸ ਨਹੀਂ ਸੀ ਕੀਤੀ ਜਾ ਸਕਦੀ, ਕਿ ਹੁਣ ਨਕਸਲਬਾੜੀ ਦੇ ਝੰਡੇ ਹੇਠ ਲਕੀਰ ਦੇ ਇੱਕ ਪਾਸੇ ਇਕੱਠੇ ਹੋ ਰਹੇ ਕਮਿਊਨਿਸਟ ਇਨਕਲਾਬੀਆਂ ਦਾ ਕੈਂਪ ਕਿਸੇ ਵੀ ਵਿਚਾਰਧਾਰਕ-ਸਿਆਸੀ ਖੋਟ ਤੋਂ ਮੁਕਤ ਖਾਲਸ ਕਮਿਊਨਿਸਟ ਇਨਕਲਾਬੀ ਕੈਂਪ ਹੋਵੇਗਾ। ਜਿਵੇਂ ਮਾਓ-ਜ਼ੇ-ਤੁੰਗ ਵੱਲੋਂ ਕਿਹਾ ਗਿਆ ਹੈ ਕਿ ''ਹਰ ਇੱਕ ਚੀਜ਼ ਦੋ ਵਿੱਚ ਵੰਡੀ ਜਾਂਦੀ ਹੈ'', ''ਹਰ ਚੀਜ਼ ਵਿਰੋਧਾਂ ਦੀ ਏਕਤਾ ਹੁੰਦੀ ਹੈ'' ਇਸ ਮੁਤਾਬਿਕ ਕਮਿਊਨਿਸਟ ਇਨਕਲਾਬੀ ਕੈਂਪ ਅੰਦਰ ਵਖਰੇਵਿਆਂ ਤੇ ਵਿਰੋਧਾਂ ਦਾ ਸਿਰ ਚੁੱਕਣਾ ਕੁਦਰਤੀ ਸੀ। ਇਸਦਾ ਇੱਕ ਕਾਰਨ ਤਾਂ ਇਹ ਸੀ ਕਿ ਕਮਿਊਨਿਸਟ ਇਨਕਲਾਬੀ ਕੈਂਪ ਚਾਹੇ ਸੋਧਵਾਦ ਅਤੇ ਨਵ-ਸੋਧਵਾਦ ਨਾਲ ਘਮਸਾਣੀ ਭੇੜ 'ਚੋਂ ਉੱਭਰਿਆ ਸੀ, ਪਰ ਉਹ ਸੋਧਵਾਦ ਅਤੇ ਨਵ-ਸੋਧਵਾਦ ਦੀ ਕੁੱਝ ਨਾ ਕੁੱਝ ਲੱਗ-ਲਬੇੜ ਨਾਲ ਲੈ ਕੇ ਆਇਆ ਸੀ। ਦੂਜਾ ਕਾਰਨ ਇਹ ਸੀ ਕਿ ਸਮਾਜ ਵਿੱਚ ਮੌਜੂਦ ਗੈਰ-ਪ੍ਰੋਲੇਤਾਰੀ ਜਮਾਤਾਂ ਦੇ ਵਿਚਾਰਾਂ ਦਾ ਪ੍ਰਛਾਵਾਂ ਕਮਿਊਨਿਸਟ ਇਨਕਲਾਬੀ ਕੈਂਪ ਅੰਦਰ ਵੀ ਪੈਣਾ ਸੀ, ਜਿਸ ਨੇ ਇਸਦੀਆਂ ਸਫਾਂ ਦਰਮਿਆਨ ਛੋਟੇ-ਵੱਡੇ ਵਿਚਾਰਧਾਰਕ-ਸਿਆਸੀ ਵਖਰੇਵਿਆਂ ਅਤੇ ਮੱਤਭੇਦਾਂ ਦੀ ਸ਼ਕਲ ਵਿੱਚ ਸਾਹਮਣੇ ਆਉਣਾ ਸੀ।
ਤਾਲਮੇਲ ਕਮੇਟੀ ਵਿੱਚ ਇਕੱਠੇ ਹੋਏ ਅਤੇ ਬਾਹਰ ਰਹੇ ਕੁੱਝ ਗਰੁੱਪਾਂ ਦਰਮਿਆਨ ਉਸ ਵਕਤ ਸਾਹਮਣੇ ਆਏ ਅਤੇ ਬਾਅਦ ਵਿੱਚ ਵੀ ਜਾਰੀ ਰਹੇ ਵਖਰੇਵਿਆਂ ਅਤੇ ਮੱਤਭੇਦਾਂ ਨੇ ਉਪਰੋਕਤ ਮਾਰਕਸੀ-ਲੈਨਿਨੀ ਸਮਝ ਦੀ ਪੁਸ਼ਟੀ ਕੀਤੀ ਹੈ। ਵਖਰੇਵੇਂ ਅਤੇ ਮੱਤਭੇਦ ਦੋ ਕਿਸਮਾਂ ਦੇ ਸਨ: ਇੱਕ- ਗੈਰ-ਬੁਨਿਆਦੀ ਅਤੇ ਸਾਥੀਆਨਾ ਵਖਰੇਵੇਂ ਅਤੇ ਮੱਤਭੇਦ; ਦੂਜੀ- ਬੁਨਿਆਦੀ ਅਤੇ ਗੈਰ-ਸਾਥੀਆਨਾ ਮੱਤਭੇਦ। ਪਹਿਲੀ ਕਿਸਮ ਦੇ ਵਖਰੇਵੇਂ ਅਤੇ ਮੱਤਭੇਦ ਤਾਲਮੇਲ ਕਮੇਟੀ ਅਤੇ ਕਮਿਊਨਿਸਟ ਇਨਕਲਾਬੀ ਕੈਂਪ ਅੰਦਰ ਹੱਲ ਦੀ ਮੰਗ ਕਰਦੇ ਸਨ, ਪਰ ਦੂਜੀ ਕਿਸਮ ਦੇ ਮੱਤਭੇਦਾਂ ਦਾ ਹੱਲ ਕੈਂਪ ਅੰਦਰਲੀ ਸਾਥੀਆਨਾ ਬਹਿਸ-ਭੇੜ ਰਾਹੀਂ ਨਹੀਂ ਸੀ ਹੋ ਸਕਦਾ। ਕਿਉਂਕਿ ਬੁਨਿਆਦੀ ਅਤੇ ਗੈਰ-ਸਾਥੀਆਨਾ ਮੱਤਭੇਦਾਂ ਦਾ ਮਤਲਬ ਹੀ ਦੋ ਆਪਸ-ਵਿਚੀਂ ਟਕਰਾਵੀਆਂ ਵਿਚਾਰਧਾਰਕ-ਸਿਆਸੀ ਲੀਹਾਂ ਦਰਮਿਆਨ ਭੇੜ ਬਣਦਾ ਸੀ। ਦੂਜੇ ਲਫਜ਼ਾਂ ਵਿੱਚ- ਇਹ ਇਨਕਲਾਬੀ ਪ੍ਰੋਲੇਤਾਰੀ ਲੀਹ ਅਤੇ ਮੌਕਾਪ੍ਰਸਤ ਅਤੇ ਸੋਧਵਾਦੀ ਲੀਹ ਦਰਮਿਆਨ ਭੇੜ ਦਾ ਮਾਮਲਾ ਬਣਦਾ ਸੀ।
ਨਕਸਲਬਾੜੀ ਕਮਿਊਨਿਸਟ ਇਨਕਲਾਬੀ ਕੈਂਪ ਨੂੰ ਉਦੋਂ ਅਜਿਹੀ ਹਾਲਤ ਦਾ ਸਾਹਮਣਾ ਕਰਨਾ ਪਿਆ, ਜਦੋਂ ਸੱਜੀ ਮੌਕਾਪ੍ਰਸਤ ਅਤੇ ਸੋਧਵਾਦੀ ਲੀਹ ਨੂੰ ਪ੍ਰਣਾਇਆ ਡੀ.ਵੀ. ਰਾਓ-ਨਾਗੀ ਰੈਡੀ ਟੋਲਾ ਨਕਸਲਬਾੜੀ ਹੋਣ ਦਾ ਭੇਖ ਧਾਰ ਕੇ ਕਮਿਊਨਿਸਟ ਇਨਕਲਾਬੀ ਕੈਂਪ ਵਿੱਚ ਘੁਸਪੈਂਠ ਕਰ ਗਿਆ। ਇਹ ਨਕਸਲਬਾੜੀ ਦੇ ਗਿਲਾਫ ਵਿੱਚ ਸਜਿਆ ਸੋਧਵਾਦ ਦਾ ਨਵ-ਅਵਤਾਰੀ ਰੂਪ ਸੀ। ਇਸ ਟੋਲੇ ਵੱਲੋਂ ਐਨ ਸ਼ੁਰੂ ਤੋਂ ਇੱਕ ਹੱਥ ਨਕਸਲਬਾੜੀ ਵੱਲੋਂ ਉਭਾਰੀ ਆਮ ਵਿਚਾਰਧਾਰਕ-ਸਿਆਸੀ ਲੀਹ ਦੇ ਆਮ ਲਕਬਾਂ ਦੀ ਜੈ ਜੈਕਾਰ ਕੀਤੀ ਗਈ, ਪਰ ਦੂਜੇ ਹੱਥ ਨਕਸਲਬਾੜੀ ਹਥਿਆਰਬੰਦ ਘੋਲ ਦਾ ਠੋਸ ਆਧਾਰ ਬਣਦੀ ਠੋਸ ਵਿਚਾਰਧਾਰਕ-ਸਿਆਸੀ ਲੀਹ (ਉਪਰੋਕਤ ਜ਼ਿਕਰ ਕੀਤੇ 6 ਨੁਕਤਿਆਂ) ਅਤੇ ਇਹਨਾਂ ਦੇ ਆਧਾਰ 'ਤੇ ਉਸਾਰੇ ਠੋਸ ਇਨਕਲਾਬੀ ਬਦਲ ਨੂੰ ਦਰੁਸਤ ਮੰਨਣ ਅਤੇ ਮਾਨਤਾ ਦੇਣ ਤੋਂ ਇਨਕਾਰ ਕੀਤਾ ਗਿਆ ਅਤੇ ਇਹਨਾਂ ਨਾਲੋਂ ਬੁਨਿਆਦੀ ਨਿਖੇੜੇ ਦੀ ਲਕੀਰ ਖਿੱਚਦਿਆਂ, ਤਿਲੰਗਾਨਾ ਹਥਿਆਰਬੰਦ ਘੋਲ ਦੇ ਤਜਰਬੇ ਨੂੰ ਆਪਣੇ ਹਿਸਾਬ ਨਾਲ ਉਭਾਰਨ ਤੇ ਪੇਸ਼ ਕਰਨਾ ਦਾ ਬੀੜਾ ਚੁੱਕ ਲਿਆ ਗਿਆ। ਡੀ.ਵੀ. ਰਾਓ ਵੱਲੋਂ ਤਿਲੰਗਾਨਾ ਹਥਿਆਰਬੰਦ ਘੋਲ ਦੇ ਤਜਰਬੇ ਨੂੰ ਪੇਸ਼ ਕਰਦਿਆਂ ਇਉਂ ਵੀ ਦਾਅਵਾ ਕੀਤਾ ਗਿਆ ਕਿ ਉਹਨਾਂ ਕੋਲ ਨਕਸਲਬਾੜੀ ਦੀ ਉਠਾਣ ਤੋਂ ਪਹਿਲਾਂ ਹੀ ਦਰੁਸਤ ਪ੍ਰੋਲੇਤਾਰੀ ਲੀਹ ਮੌਜੂਦ ਹੈ, ਜਿਸਦੇ ਦਰੁਸਤ ਹੋਣ ਦੀ ਪੁਸ਼ਟੀ ਤਿਲੰਗਾਨਾ ਹਥਿਆਰਬੰਦ ਘੋਲ ਵੱਲੋਂ ਕੀਤੀ ਜਾ ਚੁੱਕੀ ਹੈ। ਇਉਂ, ਇਸ ਟੋਲੇ ਵੱਲੋਂ ਨਕਸਲਬਾੜੀ ਦੀ ਆਮ ਅਹਿਮੀਅਤ ਨੂੰ ਰਸਮੀ ਤੌਰ 'ਤੇ ਪ੍ਰਵਾਨ ਕਰਦਿਆਂ, ਨਕਸਲਬਾੜੀ ਦੇ ਹਥਿਆਰਬੰਦ ਘੋਲ, ਇਸਦਾ ਆਧਾਰ ਬਣਦੀ ਠੋਸ ਵਿਚਾਰਧਾਰਕ-ਸਿਆਸੀ ਲੀਹ ਅਤੇ ਇਸਦੀ ਲੀਡਰਸ਼ਿੱਪ ਨੂੰ ਤੁੱਛ ਸਮਝਦਿਆਂ ਅਤੇ ਬੇਦਾਵਾ ਦਿੰਦਿਆਂ, ਤਿਲੰਗਾਨਾ ਹਥਿਆਰਬੰਦ ਘੋਲ ਦੀ ਆਪਣੇ ਵੱਲੋਂ ਕੀਤੀ ਪੇਸ਼ਕਾਰੀ ਨੂੰ ਆਪਣੀ ਅਖੌਤੀ ਪ੍ਰੋਲੇਤਾਰੀ ਲੀਹ ਦੀ ਪੁਸ਼ਟੀ ਅਤੇ ਆਪਣੀ ਪਛਾਣ ਵਜੋਂ ਉਭਾਰਨ ਦਾ ਰਾਹ ਅਖਤਿਆਰ ਕਰ ਲਿਆ ਗਿਆ।
ਇਉਂ ਇਸ ਟੋਲੀ ਵੱਲੋਂ ਕਾਮਰੇਡ ਮਾਓ ਦੇ ਲਮਕਵੇਂ ਲੋਕ-ਯੁੱਧ ਦਾ ਰਸਮੀ ਰਟਣ ਮੰਤਰ ਕਰਦਿਆਂ, ਅਮਲ ਵਿੱਚ ਇਸ ਨੂੰ ਸੋਧਣ ਦਾ ਰਾਹ ਫੜ ਲਿਆ ਗਿਆ।
ਪਹਿਲਾ— ਘੋਲ ਦੀ ਮੁੱਖ ਸ਼ਕਲ ਹਥਿਆਰਬੰਦ ਅਤੇ ਜਥੇਬੰਦੀ ਦੀ ਮੁੱਖ ਸ਼ਕਲ ਫੌਜ ਹੋਣ ਦੀ ਸਮਝ ਰੱਦ ਕਰਦਿਆਂ, ਨਕਸਲਬਾੜੀ ਹਥਿਆਰਬੰਦ ਘੋਲ ਦੀ ਸੇਧ ਨਾਲੋਂ ਟਕਰਾਵੀਂ ਸੇਧ ਦੀ ਵਕਾਲਤ ਹੀ ਨਹੀਂ ਕੀਤੀ ਗਈ, ਸਗੋਂ ਇਸ ਟੋਲੀ ਵੱਲੋਂ ਅਰਧ-ਬਸਤੀ ਅਰਧ-ਜਾਗੀਰੂ ਮੁਲਕਾਂ ਅੰਦਰ ਕਾਮਰੇਡ ਮਾਓ ਦੀ ''ਜੰਗ ਘੋਲ ਦੀ ਮੁੱਖ ਸ਼ਕਲ ਹੈ ਅਤੇ ਫੌਜ ਜਥੇਬੰਦੀ ਦੀ ਮੁੱਖ ਸ਼ਕਲ ਹੈ''  ਦੀ ਧਾਰਨਾ ਨੂੰ ਵੀ ਰੱਦ ਕਰ ਦਿੱਤਾ ਗਿਆ। ਇਹਨਾਂ ਵੱਲੋਂ ਹਥਿਆਰਬੰਦ ਘੋਲ ਦੀ ਤਿਆਰੀ ਨੂੰ ਆਪਣੀ ਕਾਰਜ-ਵਿਉਂਤ ਦਾ ਫੌਰੀ ਕੇਂਦਰੀ ਕਾਰਜ ਬਣਾਉਣ ਦੀ ਬਜਾਇ ਸਰਬ-ਭਾਰਤ ਪਾਰਟੀ ਮੁੜ-ਜਥੇਬੰਦ ਕਰਨ ਦੇ ਕਾਰਜ ਨੂੰ ਆਪਣਾ ਕੇਂਦਰੀ ਕਾਰਜ ਬਣਾ ਲਿਆ ਗਿਆ।
ਦੂਜਾ— ਉਹਨਾਂ ਵੱਲੋਂ ਇਕ ਅਰਧ-ਬਸਤੀਵਾਦੀ, ਅਰਧ-ਜਾਗੀਰੂ ਮੁਲਕ ਅੰਦਰ ਜਨਤਕ ਜਥੇਬੰਦੀਆਂ ਅਤੇ ਜਨਤਕ ਘੋਲਾਂ ਦੇ ਰੋਲ ਬਾਰੇ ਕਾਮਰੇਡ ਮਾਓ ਵੱਲੋਂ ਵਿਕਸਤ ਕੀਤੀ ਧਾਰਨਾ ਰੱਦ ਕਰਦਿਆਂ, ਇਹਨਾਂ ਨੂੰ ਪ੍ਰਮੁੱਖ ਰੋਲ ਬਖਸ਼ਿਆ ਗਿਆ। ਇਸ ਟੋਲੀ ਵੱਲੋਂ ਜਨਤਕ ਜਥੇਬੰਦੀਆਂ ਅਤੇ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠਲੀ ਜਨਤਕ ਲਹਿਰ ਨੂੰ ਦਰੁਸਤ ਜਨਤਕ ਲੀਹ ਦਾ ਇੱਕੋ ਇੱਕ ਪੈਮਾਨਾ ਬਣਾ ਕੇ ਪੇਸ਼ ਕੀਤਾ ਗਿਆ। ਉਹਨਾਂ ਮੁਤਾਬਕ ਜਦੋਂ ਮਾਓ-ਜ਼ੇ-ਤੁੰਗ ਇਹ ਕਹਿੰਦੇ ਹਨ ਕਿ ''ਚੀਨ ਇੱਕ ਅਰਧ-ਬਸਤੀਵਾਦੀ  ਅਰਧ-ਜਾਗੀਰੂ ਮੁਲਕ ਹੈ... '' ਇਸ ਲਈ ''ਚੀਨ ਅੰਦਰ ਜੰਗ ਘੋਲ ਦੀ ਮੁੱਖ ਸ਼ਕਲ ਹੈ ਅਤੇ ਫੌਜ ਜਥੇਬੰਦੀ ਦੀ ਮੁੱਖ ਸ਼ਕਲ ਹੈ...।'' ਤਾਂ ਉਹ ਜਨਤਕ ਲੀਹ ਲਾਗੂ ਨਹੀਂ ਕਰ ਰਹੇ। ਇਸ ਟੋਲੀ ਮੁਤਾਬਕ ਮਾਓ-ਜ਼ੇ-ਤੁੰਗ ਵੱਲੋਂ ''ਖੱਬੀ ਮਾਅਰਕੇਬਾਜ਼'' ਅਤੇ ''ਖੱਬੀ ਮੌਕਾਪ੍ਰਸਤ'' ਲੀਹ ਘੜੀ ਗਈ ਸੀ ਅਤੇ ਚੀਨ ਵਿੱਚ ਲਾਗੂ ਕੀਤੀ ਗਈ ਸੀ।
ਤੀਜਾ— ਇਸ ਟੋਲੀ ਵੱਲੋਂ ਮਾਓ-ਜ਼ੇ-ਤੁੰਗ ਵੱਲੋਂ ਵਿਕਸਤ ਕੀਤੀ ਅਤੇ ਅਭਿਆਸ ਵਿੱਚ ਪਰਖੀ ਗਈ, ਤਿੰਨ ਜਾਦੂਮਈ ਹਥਿਆਰਾਂ ਦੀ ਸਮਝ ਨੂੰ ਰਸਮੀ ਤੌਰ 'ਤੇ ਤਾਂ ਦੁਹਰਾਇਆ ਗਿਆ, ਪਰ ਹਕੀਕਤ ਵਿੱਚ ਇਸ ਸਮਝ ਨੂੰ ਐਨ ਸ਼ੁਰੂ ਵਿੱਚ ਹੀ ਰੱਦ ਕਰਕੇ ਚੱਲਿਆ ਗਿਆ। ਇਹਨਾਂ ਵੱਲੋਂ ਤਿੰਨ ਜਾਦੂਮਈ ਹਥਿਆਰਾਂ ਦੇ ਅਨਿੱਖੜਵੇਂ ਅੰਤਰ-ਨਿਰਭਰ, ਅੰਤਰ-ਕਰਮ ਅਤੇ ਅੰਤਰ-ਪੂਰਕ ਰਿਸ਼ਤੇ ਵਿੱਚ ਬੱਝੇ ਵਿਕਾਸ ਅਮਲ ਦੀ ਸਮਝ ਨੂੰ ਤਰੋੜਦਿਆਂ-ਮਰੋੜਦਿਆਂ, ਆਪਣੇ ਹੀ ਤਿੰਨ ਜਾਦੂਮਈ ਹਥਿਆਰਾਂ ਦਾ ਫਾਰਮੂਲਾ ਘੜ ਲਿਆ ਗਿਆ। ਇਹਨਾਂ ਵੱਲੋਂ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠਲੀ ਲਹਿਰ ਨੂੰ ਵੀ ਜਾਦੂਮਈ ਹਥਿਆਰਾਂ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਟੋਲੀ ਵੱਲੋਂ ਇਹ ਸਮਝ ਪੇਸ਼ ਕੀਤੀ ਗਈ ਕਿ ਪਹਿਲਾਂ ਸ਼ਾਂਤਮਈ, ਕਾਨੂੰਨੀ ਅਤੇ ਖੁੱਲ੍ਹੀਆਂ ਜਨਤਕ ਜਥੇਬੰਦੀਆਂ ਅਤੇ ਜਨਤਕ ਘੋਲ ਰਾਹੀਂ ਸਰਬ-ਭਾਰਤ ਪਾਰਟੀ ਅਤੇ ਸਾਂਝੇ ਮੋਰਚੇ ਦਾ ਵਿਕਾਸ ਅਤੇ ਉਸਾਰੀ ਕੀਤੀ ਜਾਵੇਗੀ। ਫਿਰ ਜਾ ਕੇ ਕਿਤੇ ਹਥਿਆਰਬੰਦ ਘੋਲ ਸ਼ੁਰੂ ਕਰਨ ਦਾ ਏਜੰਡਾ ਹੱਥ ਲਿਆ ਜਾਵੇਗਾ। ਇਉਂ ਇਸ ਟੋਲੀ ਵੱਲੋਂ ਸਰਬ-ਭਾਰਤੀ ਕਮਿਊਨਿਸਟ ਪਾਰਟੀ, ਜਨਤਕ ਲਹਿਰ ਅਤੇ ਸਾਂਝੇ ਮੋਰਚੇ ਨੂੰ ਹਥਿਆਰਬੰਦ ਘੋਲ ਸ਼ੁਰੂ ਕਰਨ ਦੀ ਪੂਰਵ-ਸ਼ਰਤ ਬਣਾ ਦਿੱਤਾ ਗਿਆ ਅਤੇ ਮਾਓ-ਜ਼ੇ-ਤੁੰਗ ਦੀ ਇਸ ਧਾਰਨਾ ਤੋਂ ਮੁਨਕਰ ਹੋਣ ਦਾ ਕਦਮ ਲੈ ਲਿਆ ਗਿਆ ਕਿ ''ਸਾਂਝਾ ਮੋਰਚਾ, ਹਥਿਆਰਬੰਦ ਘੋਲ ਅਤੇ ਪਾਰਟੀ ਉਸਾਰੀ ਚੀਨੀ ਇਨਕਲਾਬ ਵਿੱਚ ਪਾਰਟੀ ਲਈ ਤਿੰਨ ਬੁਨਿਆਦੀ ਸੁਆਲ ਹਨ। ਇਹਨਾਂ ਸੁਆਲਾਂ ਅਤੇ ਇਹਨਾਂ ਦੇ ਅੰਤਰ-ਸਬੰਧਾਂ ਬਾਰੇ ਦਰੁਸਤ ਪਕੜ ਹੋਣ ਦਾ ਮਤਲਬ ਸਮੁੱਚੇ ਚੀਨੀ ਇਨਕਲਾਬ ਨੂੰ ਦਰੁਸਤ ਅਗਵਾਈ ਮੁਹੱਈਆ ਕਰਨਾ ਹੈ।'' ''ਇਸਦਾ ਅਰਥ ਇਹ ਵੀ ਹੈ ਕਿ ਸਾਡੇ ਅਠਾਰਾਂ ਸਾਲਾਂ ਦੇ ਅਭਿਆਸ ਵੱਲੋਂ ਸਾਨੂੰ ਸਿਖਾਇਆ ਗਿਆ ਹੈ ਕਿ ਸਾਂਝਾ ਮੋਰਚਾ, ਹਥਿਆਰਬੰਦ ਘੋਲ ਅਤੇ ਪਾਰਟੀ ਉਸਾਰੀ ਚੀਨੀ ਇਨਕਲਾਬ ਵਿੱਚ ਦੁਸ਼ਮਣ ਨੂੰ ਹਰਾਉਣ ਲਈ ਚੀਨੀ ਕਮਿਊਨਿਸਟ ਪਾਰਟੀ ਦੇ ਤਿੰਨ ਜਾਦੂਮਈ ਹਥਿਆਰ, ਇਸਦੇ ਤਿੰਨ ਪ੍ਰਮੁੱਖ ਜਾਦੂਮਈ ਹਥਿਆਰ ਹਨ।'' (ਮਾਓ-ਜ਼ੇ-ਤੁੰਗ, ਕਮਿਊਨਿਸਟ ਨਾਲ ਜਾਣ-ਪਛਾਣ, ਗ੍ਰੰਥ, ਸਫਾ 288)
ਚੌਥਾ ਇਸ ਟੋਲੀ ਵੱਲੋਂ ਜਾਗੀਰਦਾਰਾਂ ਦੀਆਂ ਜ਼ਮੀਨਾਂ ਦੀ ਬੇਜ਼ਮੀਨੇ ਅਤੇ ਥੁੜ੍ਹ-ਜ਼ਮੀਨੇ ਕਿਸਾਨਾਂ ਵਿੱਚ ਵੰਡ ਕਰਨ ਦੇ ਸੁਆਲ ਅਤੇ ਹਥਿਆਰਬੰਦ ਗੁਰੀਲਾ ਯੁੱਧ ਦੇ ਸੁਆਲ ਦਰਮਿਆਨ ਰਿਸ਼ਤੇ ਨੂੰ ਤੋੜ ਕੇ ਦੇਖਦਿਆਂ,  ਜ਼ਰੱਈ ਇਨਕਲਾਬੀ ਲਹਿਰ ਦਾ ਅਜਿਹਾ ਸੇਧ ਖਾਕਾ ਪੇਸ਼ ਕੀਤਾ ਗਿਆ, ਜਿਸ ਮੁਤਾਬਿਕ ਇਹ ਸਮਝ ਉਭਾਰੀ ਗਈ ਕਿ ਜ਼ਮੀਨਾਂ ਵੰਡਣ ਲਈ ਹਥਿਆਰਬੰਦ ਗੁਰੀਲਾ ਘੋਲ ਦੀ ਜ਼ਰੂਰਤ ਨਹੀਂ ਹੈ। ਜ਼ਮੀਨਾਂ ਤਾਂ ਕਿਸਾਨ ਜਥੇਬੰਦੀ ਦੀ ਅਗਵਾਈ ਹੇਠ ਕਿਸਾਨ ਲਹਿਰ ਜਥੇਬੰਦ ਕਰਦਿਆਂ, ਕਿਸਾਨਾਂ ਵੱਲੋਂ ਆਪਣੇ ਆਪ ਕਬਜ਼ੇ ਵਿੱਚ ਕਰ ਲਈਆਂ ਜਾਣਗੀਆਂ। ਜਾਗੀਰਦਾਰਾਂ ਦੇ ਗੁੰਡਿਆਂ ਨੂੰ ਕਿਸਾਨ ਜਥੇਬੰਦੀ ਵੱਲੋਂ ਜਥੇਬੰਦ ਕੀਤੇ ਵਾਲੰਟੀਅਰਾਂ ਵੱਲੋਂ ਦਬੱਲ ਦਿੱਤਾ ਜਾਵੇਗਾ। ਇਸ ਤੋਂ ਬਾਅਦ ਜਦੋਂ ਰਾਜ ਦੀਆਂ ਹਥਿਆਰਬੰਦ ਤਾਕਤਾਂ ਜਾਗੀਰਦਾਰਾਂ ਦੀਆਂ ਜ਼ਮੀਨਾਂ 'ਤੇ ਮੁੜ-ਕਬਜ਼ਾ ਕਰਨ ਜਾਂ ਕਰਾਉਣ ਲਈ ਲੋਕਾਂ 'ਤੇ ਟੁੱਟ ਪੈਣਗੀਆਂ, ਉਸ ਵਕਤ ਇਹਨਾਂ ਜ਼ਮੀਨਾਂ ਦੀ ਰਾਖੀ ਲਈ ਹਥਿਆਰਬੰਦ ਗੁਰੀਲਾ ਘੋਲ ਦੀ ਜ਼ਰੂਰਤ ਹੋਵੇਗੀ।
ਇਉਂ, ਇਸ ਟੋਲੀ ਵੱਲੋਂ ਗੁਰੀਲਾ ਯੁੱਧ ਦੀ ਲੋੜ ਨੂੰ ਰਾਜ ਸੱਤਾ ਦੇ ਸੁਆਲ ਨਾਲੋਂ ਤੋੜ ਦਿੱਤਾ ਗਿਆ ਅਤੇ ਇਸਦੀ ਲੋੜ ਨੂੰ ਸਿਰਫ ਜਾਗੀਰਦਾਰਾਂ ਦੀਆਂ ਖੋਹੀਆਂ ਗਈਆਂ ਜ਼ਮੀਨਾਂ 'ਤੇ ਕਿਸਾਨਾਂ ਦੇ ਕਬਜ਼ੇ ਦੀ ਰਾਖੀ ਦੀ ਲੋੜ ਬਣਾ ਦਿੱਤਾ ਗਿਆ ਹੈ, ਜਦੋਂ ਕਿ ਇਹ ਇੱਕ ਸਾਧਾਰਨ ਬੁੱਧੀ ਦਾ ਮਾਲਕ ਕਿਸਾਨ ਵੀ ਸਮਝ ਸਕਦਾ ਹੈ ਕਿ ਬਾਦਲਾਂ-ਸ਼ਾਦਲਾਂ ਵਰਗੇ ਜਾਗੀਰਦਾਰਾਂ ਕੋਲ ਹਜ਼ਾਰਾਂ ਏਕੜ ਜ਼ਮੀਨ ਦੀ ਮਾਲਕੀਅਤ ਬਰਕਰਾਰ ਰਹਿਣ ਦਾ ਕਾਰਨ ਕੋਈ ਵਿਅਕਤੀਗਤ ਜਾਂ ਬਤੌਰ ਇੱਕ ਜਾਗੀਰੂ ਜਮਾਤ ਦੀ ਤਾਕਤ ਨਹੀਂ ਹੈ, ਇਸਦਾ ਕਾਰਨ ਨੱਕੋ-ਨੱਕ ਹਥਿਆਰਬੰਦ ਮੁਲਕ ਦਾ ਜਾਬਰ ਰਾਜ ਹੈ, ਜਿਹੜਾ ਹਾਕਮ ਜਮਾਤਾਂ ਵੱਲੋਂ ਮੁਲਕ ਦੇ ਕੁੱਲ ਪੈਦਾਵਾਰੀ ਵਸੀਲਿਆਂ (ਸਮੇਤ ਜ਼ਮੀਨ) 'ਤੇ ਮਾਰੇ ਜਕੜ-ਜੱਫੇ ਨੂੰ ਕਾਇਮ ਰੱਖਦਾ ਹੈ, ਇਸ 'ਤੇ ਪਹਿਰੇਦਾਰੀ ਕਰਦਾ ਹੈ। ਕਿਸੇ ਇਲਾਕੇ ਵਿੱਚ ਰਾਜ ਦੀ ਹਥਿਆਰਬੰਦ ਸੱਤਾ ਦਾ ਬਦਲ ਖੜ੍ਹਾ ਕਰੇ ਬਿਨਾ ਯਾਨੀ ਗੁਰੀਲਾ ਹਥਿਆਰਬੰਦ ਤਾਕਤ ਉਸਾਰੇ ਬਿਨਾ ਅਤੇ ਪਿਛਾਖੜੀ ਰਾਜਸੀ ਸੱਤਾ ਨੂੰ ਭੰਨੇ ਬਿਨਾ ਜਾਗੀਰਦਾਰਾਂ ਦੀ ਜ਼ਮੀਨ ਦੀ ਵੰਡ ਤਾਂ ਇੱਕ ਪਾਸੇ ਰਹੀ ਇਸ ਜ਼ਮੀਨ ਵੱਲ ਝਾਕਣ ਦੀ ਵੀ ਇਜਾਜ਼ਤ ਹਾਕਮਾਂ ਨੂੰ ਗਵਾਰਾ ਨਹੀਂ ਹੈ। ਸੀ.ਪੀ.ਆਈ. ਵੱਲੋਂ ਪੰਜਾਵਿਆਂ ਅਤੇ ਸੱਠਵਿਆਂ ਵਿੱਚ  ਅਜਿਹੀਆਂ ਪੁਰਅਮਨ ਜਨਤਕ ਲਹਿਰਾਂ ਰਾਹੀਂ ਜਾਗੀਰਦਾਰਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ ਦੀਆਂ ਦੰਭੀ ਮੁਹਿੰਮਾਂ ਚਲਾਈਆਂ ਗਈਆਂ ਸਨ।
ਇਉਂ, ਇਹ ਟੋਲੀ ਚੀਨੀ ਇਨਕਲਾਬ ਦੌਰਾਨ ਕਾਮਰੇਡ ਮਾਓ ਹੋਰਾਂ ਵੱਲੋਂ ਖੜ੍ਹੇ ਕੀਤੇ ਹਥਿਆਰਬੰਦ ਜ਼ਰੱਈ ਘੋਲ ਨੂੰ ਰੱਦ ਕਰਦੀ ਹੈ। ਕਿਉਂਕਿ, ਚੀਨ ਅੰਦਰ ਮਾਓ-ਜ਼ੇ-ਤੁੰਗ ਹੋਰਾਂ ਵੱਲੋਂ ਜ਼ਰੱਈ ਇਨਕਲਾਬੀ ਪ੍ਰੋਗਰਾਮ 'ਤੇ ਆਧਾਰਤ  ਹੁੰਦਿਆਂ ਹਥਿਆਰਬੰਦ ਘੋਲ ਨੂੰ ਘੋਲ ਦੀ ਪ੍ਰਮੁੱਖ ਸ਼ਕਲ ਅਤੇ ਗੁਰੀਲਾ ਫੌਜ ਨੂੰ ਜਥੇਬੰਦੀ ਦੀ ਪ੍ਰਮੁੱਖ ਸ਼ਕਲ ਬਣਾਉਂਦਿਆਂ, ਗੁਰੀਲਾ ਯੁੱਧ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਗੁਰੀਲਾ ਯੁੱਧ ਰਾਹੀਂ ਇਲਾਕਾ-ਦਰ-ਇਲਾਕਾ ਪਹਿਲਾਂ ਪਿਛਾਖੜੀ ਰਾਜ ਦੀ ਸੱਤਾ ਨੂੰ ਭੰਨਿਆ ਗਿਆ ਅਤੇ ਫਿਰ ਜ਼ਮੀਨਾਂ ਵੰਡਣ ਦੇ ਅਮਲ ਨੂੰ ਨੇਪਰੇ ਚਾੜ੍ਹਿਆ ਗਿਆ।
ਪੰਜਵਾਂ— ਇਸ ਟੋਲੀ ਵੱਲੋਂ ਮਾਓ-ਜ਼ੇ-ਤੁੰਗ ਵੱਲੋਂ ਵਿਕਸਤ ਕੀਤੇ ਲੋਕ ਮੁਕਤੀ ਸੈਨਾ ਦੇ ਸੰਕਲਪ ਨੂੰ ਸੋਧ ਕੇ ਪੇਸ਼ ਕੀਤਾ ਗਿਆ। ਇਸ ਵੱਲੋਂ ਇਸੇ ਤਰ੍ਹਾਂ, ਮਾਓ-ਜ਼ੇ-ਤੁੰਗ ਵੱਲੋਂ ਵਿਕਸਤ ਕੀਤੇ ''ਗੁਰੀਲਾ ਵਿਦਰੋਹ'' ਦੇ ਸੰਕਲਪ ਨੂੰ ਸੋਧਦਿਆਂ, ਇਸ ਨੂੰ ''ਕਿਸਾਨ ਵਿਦਰੋਹ'' ਦੇ ਸੰਕਲਪ ਵਜੋਂ ਪੇਸ਼ ਕੀਤਾ ਗਿਆ। ਲੋਕ ਮੁਕਤੀ ਸੈਨਾ ਨੂੰ ਸਿਰਫ ਤੇ ਸਿਰਫ ਇੱਕ ਰਵਾਇਤੀ ਫੌਜ ਵਾਂਗੂੰ ਲੜਨ ਤੱਕ ਸੀਮਤ ਰਹਿਣ ਵਾਲੀ ਫੌਜੀ ਤਾਕਤ ਬਣਾ ਕੇ ਪੇਸ਼ ਕਰਦਿਆਂ, ਇਸ ਵੱਲੋਂ ਕੀਤੇ ਜਾਣ ਵਾਲੇ ਸਿਆਸੀ ਕੰਮ (ਕਿਸਾਨ ਜਨਤਾ ਨੂੰ ਉਭਾਰਨ ਅਤੇ ਜਥੇਬੰਦ ਕਰਨ, ਹਥਿਆਰਬੰਦ ਕਰਨ, ਪੈਦਾਵਾਰ ਕਰਨ ਆਦਿ ਕੰਮ) ਦੇ ਲੱਛਣ ਤੋਂ ਵਿਰਵਾ ਕਰਕੇ ਪੇਸ਼ ਕੀਤਾ ਗਿਆ। ਮਾਓ ਦੇ ਜ਼ਰੱਈ ਹਥਿਆਰਬੰਦ ਘੋਲ ਦੀ ਉਠਾਣ ਦੇ ''ਗੁਰੀਲਾ ਵਿਦਰੋਹ'' ਵਜੋਂ ਆਗਾਜ਼ ਦੀ ਸਮਝ ਨੂੰ ਕਿਸਾਨ ਜਥੇਬੰਦੀ ਦੀ ਅਗਵਾਈ ਹੇਠਲੇ ਮਹਿਜ਼ ਕਿਸਾਨਾਂ ਦੇ ਜਨਤਕ ਉਭਾਰ ''ਕਿਸਾਨ ਵਿਦਰੋਹ'' ਦੀ ਸਮਝ ਬਣਾ ਕੇ ਪੇਸ਼ ਕੀਤਾ ਗਿਆ।
ਛੇਵਾਂ— ਇਸ ਟੋਲੀ ਵੱਲੋਂ ਪਹਿਲਾਂ 1951 ਵਿੱਚ ਜਦੋਂ ਸੱਜੀ ਮੌਕਾਪ੍ਰਸਤ ਲੀਹ 'ਤੇ ਚੜ੍ਹੀ ਸੋਧਵਾਦੀ ਲੀਡਰਸ਼ਿੱਪ ਵੱਲੋਂ ਤਿਲੰਗਾਨਾ ਹਥਿਆਰਬੰਦ ਘੋਲ ਨੂੰ ਵਾਪਸ ਲਿਆ ਗਿਆ ਅਤੇ ਕਮਿਊਨਿਸਟ ਪਾਰਟੀ ਨੂੰ ਪਿਛਾਖੜੀ ਪਾਰਲੀਮਾਨੀ ਸਿਆਸਤ ਦੀ ਪਟੜੀ ਚਾੜ੍ਹਿਆ ਗਿਆ, ਉਦੋਂ ਤੋਂ ਲੈ ਕੇ ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਛਿੜੀ ਮਹਾਨ ਬਹਿਸ ਤੱਕ ਕੋਈ ਵੀ ਨਿੱਤਰਵੀਂ, ਸਪੱਸ਼ਟ ਅਤੇ ਵਿਚਾਰਧਾਰਕ ਪੁਜੀਸ਼ਨਾਂ 'ਤੇ ਖੜ੍ਹ ਕੇ ਵਿਚਾਰਧਾਰਕ ਸਿਆਸੀ ਜੱਦੋਜਹਿਦ ਨਹੀਂ ਕੀਤੀ ਗਈ। ਜਦੋਂ ਮਹਾਨ ਬਹਿਸ ਨਾਲ ਮੁਲਕ ਅੰਦਰ ਕਮਿਊਨਿਸਟ ਪਾਰਟੀ ਵਿੱਚ ਪਾਲਾਬੰਦੀ ਦਾ ਅਮਲ ਛਿੜਿਆ ਤਾਂ ਇਸ ਟੋਲੀ ਵੱਲੋਂ ਸੀ.ਪੀ.ਆਈ. (ਐਮ.) ਦੀ ਲੀਡਰਸ਼ਿੱਪ ਨਾਲ ਪੁਜੀਸ਼ਨ ਲੈ ਲਈ ਗਈ। 1951 ਤੋਂ ਲੈ ਕੇ 1967 ਵਿੱਚ ਨਕਸਲਬਾੜੀ ਹਥਿਆਰਬੰਦ ਉਠਾਣ ਤੱਕ ਦੇ ਐਡੇ ਲੰਮੇ ਅਰਸੇ ਵਿੱਚ ਇਸ ਟੋਲੀ ਵੱਲੋਂ ਉਸ ਲੀਹ ਨੂੰ ਸੋਧਵਾਦੀ ਅਤੇ ਨਵ-ਸੋਧਵਾਈ ਲੀਹ ਦੇ ਮੁਕਾਬਲੇ ਉਭਾਰਨ ਅਤੇ ਅਮਲ ਵਿੱਚ ਲਿਆਉਣ ਲਈ ਨਾ ਸਿਰਫ ਕੋਈ ਜੱਦੋਜਦਿ ਨਹੀਂ ਕੀਤੀ, ਸਗੋਂ ਚੁੱਪ ਕਰਕੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼ਮੂਲੀਅਤ ਕੀਤੀ ਗਈ। ਜਦੋਂ ਨਕਸਲਬਾੜੀ ਇਲਾਕੇ ਵਿੱਚ- ਖੁਦ ਸੀ.ਪੀ.ਆਈ.(ਐਮ.) ਦੇ ਗ੍ਰਹਿਮੰਤਰੀ ਜੋਤੀ ਬਾਸੂ ਦੇ ਫੁਰਮਾਨਾਂ 'ਤੇ ਪੁਲਸ ਵੱਲੋਂ ਨਕਸਲੀ  ਕਾਰਕੁੰਨਾਂ ਨੂੰ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਸੀ, ਤਾਂ ਅਖੌਤੀ ਦਰੁਸਤ ਪਰੋਲੇਤਾਰੀ ਰੁਝਾਨ ਦਾ ਗੁਰੂ ਘੰਟਾਲ ਟੀ.ਨਾਗੀ ਰੈਡੀ ਆਂਧਰਾ ਪ੍ਰਦੇਸ਼ ਦੀ ਵਿਧਾਨ ਸਭਾ ਅੰਦਰ ਪਾਰਲੀਮਾਨੀ ਕਸਰਤ ਵਿੱਚ ਖਫਾ ਖ਼ੂਨ ਹੋ ਰਿਹਾ ਸੀ।
ਇਹ ਟੋਲੀ ਦਾਅਵਾ ਕਰਦੀ ਹੈ ਕਿ ਇਸ ਵੱਲੋਂ ਆਪਣੀ ਅਖੌਤੀ ਪ੍ਰੋਲੇਤਾਰੀ ਲੀਹ ਕਾਮਰੇਡ ਚਾਰੂ ਮਾਜ਼ੂਮਦਾਰ ਹੋਰਾਂ ਦੇ ਦ੍ਰਿਸ਼ 'ਤੇ ਆਉਣ ਯਾਨੀ ਨਕਸਲਬਾੜੀ ਹਥਿਆਰਬੰਦ ਘੋਲ ਦੀ ਉਠਾਣ ਤੋਂ ਬਹੁਤ ਲੰਮਾ ਅਰਸਾ ਪਹਿਲਾਂ ਹੀ ਘੜ ਲਈ ਸੀ। ਦੇਖੋ ਇਹ ਕਹਿੰਦੀ ਹੈ ''ਅਸੀਂ ਦਾਅਵਾ ਕਰਦੇ ਹਾਂ ਕਿ ਸਾਡੀ ਲੀਹ ਬੁਨਿਆਦੀ ਤੌਰ 'ਤੇ ਸਹੀ ਹੈ। ਇਹ ਦਾਅਵਾ ਜਤਲਾਉਣਾ ਵੀ ਦਰੁਸਤ ਹੈ, ਕਿਉਂਕਿ ਇਹ ਬੁਨਿਆਦੀ ਤੌਰ 'ਤੇ ਐਨ ਸਹੀ ਹੈ। ਇਸਦਾ ਮਤਲਬ ਹੈ ਕਿ ਦੋਮ ਦਰਜ਼ੇ ਦੇ ਪੱਖਾਂ ਤੋਂ ਸੁਧਾਰ ਕਰਨ ਦੀ ਗੁੰਜਾਇਸ਼ ਮੌਜੂਦ ਹੈ, ਬਸ਼ਰਤੇ ਇਸ ਤਰ੍ਹਾਂ ਕਰਨ ਦਾ ਨਿੱਗਰ ਆਧਾਰ ਹੋਵੇ। ਅਸੀਂ ਸੀ.ਪੀ.ਆਈ.(ਮ.ਲ.) ਅਤੇ ਇਸਦੇ ਗਰੁੱਪਾਂ ਵੱਲੋਂ ਸਹੀ ਲੀਹ ਮੁਹੱਈਆ ਕਰਨ ਦਾ ਨਾ ਕਦੇ ਇੰਤਜ਼ਾਰ ਕੀਤਾ ਹੈ ਅਤੇ ਨਾ ਹੀ ਅਜਿਹੀ ਉਮੀਦ ਕੀਤੀ ਹੈ। ਅਸਲ ਵਿੱਚ ਅਸੀਂ ਤਾਂ ਉਹਨਾਂ ਦੇ ਦ੍ਰਿਸ਼ 'ਤੇ ਸਾਹਮਣੇ ਆਉਣ ਤੋਂ ਲੰਮਾ ਸਮਾਂ ਪਹਿਲਾਂ ਹੀ ਲੀਹ ਘੜ ਲਈ ਸੀ।'' (ਟੀ. ਨਾਗੀ ਰੈਡੀ ਅਤੇ ਡੀ.ਵੀ. ਰਾਓ ਦੀ ਅਗਵਾਈ ਹੇਠ ''ਆਂਧਰਾ ਪ੍ਰਦੇਸ਼ ਕਮੇਟੀ ਆਫ ਕਮਿਊਨਿਸਟ ਰੈਵੋਲੂਸ਼ਨਰਜ਼ੀ'' ਏ.ਪੀ.ਸੀ.ਸੀ.ਆਰ. ਵੱਲੋਂ ਜਾਰੀ ''ਕੁੱਝ ਦਸਤਾਵੇਜ਼ਾਂ ਅਤੇ ਆਰਟੀਕਲਾਂ 'ਚੋਂ'' ਸਫਾ 273)
ਭਲਾ- ਜੇ ਇਹ ਅਖੌਤੀ ਪਰੋਲੇਤਾਰੀ ਲੀਹ ਨਕਸਲਬਾੜੀ ਦੀ ਲੀਡਰਸ਼ਿੱਪ ਤੋਂ ਬਹੁਤ ਲੰਮਾਂ ਸਮਾਂ ਪਹਿਲਾਂ ਹੀ ਘੜ-ਤਰਾਸ਼ ਲਈ ਸੀ, ਤਾਂ ਇਸ ਟੋਲੀ ਵੱਲੋਂ ਪੇਸ਼ ਕਿਉਂ ਨਹੀਂ ਕੀਤੀ ਗਈ। ਇਸੇ ਲੀਹ 'ਤੇ ਖੜ੍ਹ ਕੇ ਸੋਧਵਾਦ ਅਤੇ ਨਵ-ਸੋਧਵਾਦ ਖਿਲਾਫ ਵਿਚਾਰਧਾਰਕ-ਸਿਆਸੀ ਜੱਦੋਜਹਿਦ ਕਿਉਂ ਨਹੀਂ ਕੀਤੀ ਗਈ। ਇਸ ਲੀਹ 'ਤੇ ਖੜ੍ਹ ਕੇ ਸੋਧਵਾਦੀ ਅਤੇ ਨਵ-ਸੋਧਵਾਦੀ ਅਭਿਆਸ ਦੇ ਮੁਕਾਬਲੇ ਉਵੇਂ ਅਮਲ ਕਰਨ ਦਾ ਯਤਨ ਕਿਉਂ ਨਾ ਕੀਤਾ, ਜਿਵੇਂ ਕਾਮਰੇਡ ਚਾਰੂ ਮਾਜ਼ੂਮਦਾਰ ਹੋਰਾਂ ਵੱਲੋਂ ਨਕਸਲਬਾੜੀ ਇਲਾਕੇ ਵਿੱਚ ਕੀਤਾ ਗਿਆ ਸੀ।
ਅਸਲੀਅਤ ਇਹ ਹੈ ਕਿ ਇਸ ਟੋਲੀ ਵੱਲੋਂ 1951 ਤੋਂ ਲੈ ਕੇ 1967 ਤੱਕ ਸੋਧਵਾਦ ਅਤੇ ਨਵ-ਸੋਧਵਾਦ ਖਿਲਾਫ ਨਾ ਕੋਈ ਵਿਚਾਰਧਾਰਕ-ਸਿਆਸੀ ਜੱਦੋਜਹਿਦ ਕੀਤੀ ਗਈ ਅਤੇ ਨਾ ਹੀ ਉਹਨਾਂ ਨਾਲੋਂ ਪਾਟਵਾਂ ਕੋਈ ਅਭਿਆਸ ਕੀਤਾ। ਉਹਨਾਂ ਦੇ ਪਿਛਾਖੜੀ ਪਾਰਲੀਮਾਨੀ ਰਾਹ ਦਾ ਵੀ ਕੋਈ ਸਪੱਸ਼ਟ ਅਤੇ ਡਟਵਾਂ ਵਿਰੋਧ ਨਹੀਂ ਕੀਤਾ। ਇਹ ਟੋਲੀ ਉਸ ਵਕਤ ਹੀ ਦ੍ਰਿਸ਼ 'ਤੇ ਪ੍ਰਗਟ ਹੋਈ ਹੈ ਅਤੇ ਉਸ ਵਕਤ ਹੀ ਇਸ ਨੂੰ ਨਵੀਂ ਸੱਜੀ ਮੌਕਾਪ੍ਰਸਤ ਅਤੇ ਸੋਧਵਾਦੀ ਲੀਹ ਨੂੰ ਘੜਨ-ਤਰਾਸ਼ਣ ਦਾ ਫੁਰਨਾ ਫੁਰਿਆ ਹੈ, ਜਦੋਂ ਨਕਸਲਬਾੜੀ ਵਿੱਚ ਉੱਠੀ ''ਬਸੰਤ ਦੀ ਗਰਜ'' ਨੇ ਭਾਰਤੀ ਹਾਕਮਾਂ ਦੇ ਧੌਲਰਾਂ ਨੂੰ ਕੰਬਣੀਆਂ ਛੇੜ ਦਿੱਤੀਆਂ ਸਨ ਅਤੇ ਸੋਧਵਾਦੀਆਂ ਅਤੇ ਨਵ-ਸੋਧਵਾਦੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਸੀ। ਐਨ ਉਸੇ ਵਕਤ ਇਸ ਟੋਲੀ ਵੱਲੋਂ ਇੱਕ ਹੱਥ ਮਾਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦਾ ਪਰਚਮ ਲਹਿਰਾਉਣ ਦਾ ਖੇਖਣ ਕੀਤਾ ਗਿਆ, ਅਤੇ ਦੂਜੇ ਹੱਥ- ਨਕਸਲਬਾੜੀ ਹਥਿਆਰਬੰਦ ਘੋਲ, ਇਸ ਘੋਲ ਦਾ ਆਧਾਰ ਬਣੀ ਵਿਚਾਰਧਾਰਕ-ਸਿਆਸੀ ਲੀਹ ਅਤੇ ਇਸ ਘੋਲ ਦੀ ਲੀਡਰਸ਼ਿੱਪ 'ਤੇ ਘਿਨਾਉਣਾ ਹਮਲਾ ਵਿੱਢ ਦਿੱਤਾ ਗਿਆ। ਭਾਰਤ ਦੀ ਕਮਿਊਨਿਸਟ ਲਹਿਰ ਅਤੇ ਭਾਰਤੀ ਇਨਕਲਾਬ ਦੇ ਇਤਿਹਾਸ ਅੰਦਰ ਨਕਸਲਬਾੜੀ ਹਥਿਆਰਬੰਦ ਘੋਲ ਖਿਲਾਫ ਇਸ ਨਵ-ਅਵਤਾਰੀ ਸੋਧਵਾਦੀ ਟੋਲੀ ਵੱਲੋਂ ਆਪਣੇ ਮਨ ਅੰਦਰ ਕਿੰਨਾ ਵਿਹੁ ਘੋਲਿਆ ਜਾ ਰਿਹਾ ਸੀ, ਇਹ ਇਹਨਾਂ ਦੇ ਹੇਠਲੇ ਪ੍ਰਵਚਨ ਵਿੱਚੋਂ ਦੇਖਿਆ ਜਾ ਸਕਦਾ ਹੈ: ''ਸੁਆਲ- ਪਹਿਲਾ— ਨਕਸਲਬਾੜੀ ਦੀ ਕੀ ਮਹੱਤਤਾ ਹੈ?
ਨਕਸਲਬਾੜੀ ਇੱਕ ਪਿੰਡ/ਪਿੰਡਾਂ ਦਾ ਸਮੂਹ ਹੈ, ਜਿੱਥੇ 1967 ਵਿੱਚ ਇੱਕ ਹਥਿਆਰਬੰਦ ਉਭਾਰ ਉੱਠਿਆ ਸੀ। ਇਹ ਘਟਨਾ ਇੱਕ ਸੰਕੇਤ ਸੀ ਕਿ ਮੁਲਕ ਅੰਦਰ ਹਥਿਆਰਬੰਦ ਘੋਲ ਲਈ ਹਾਲਤ ਤਿਆਰ ਹੈ।
ਇਸਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਨੂੰ ਤਿਆਰ ਕੀਤੇ ਬਿਨਾ ਹੀ ਹਥਿਆਰਬੰਦ ਘੋਲ ਵਿਕਸਤ ਕੀਤਾ ਜਾ ਸਕਦਾ ਹੈ। ਅਰਥਾਤ ਉਸ ਪੱਧਰ ਤੱਕ ਜਨਤਕ ਇਨਕਲਾਬੀ ਲਹਿਰ ਦੀ ਉਸਾਰੀ ਕੀਤੇ ਬਿਨਾ ਜਿੱਥੋਂ ਹਥਿਆਰਬੰਦ ਘੋਲ ਦੀ ਸ਼ਕਲ ਅਖਤਿਆਰ ਕੀਤੀ ਜਾ ਸਕਦੀ ਹੈ। ਇਸ ਉਠਾਣ ਤੋਂ ਪਹਿਲਾਂ ਨਕਸਲਬਾੜੀ ਇਲਾਕੇ ਵਿੱਚ ਕਿਸਾਨ ਲਹਿਰ ਮੌਜੂਦ ਸੀ। ਆਪਮੁਹਾਰੀਆਂ ਉਠਾਣਾਂ ਮੁਮਕਿਨ ਹਨ ਅਤੇ ਮੁਲਕ ਅੰਦਰ ਜਦੋਂ ਕਦੇ ਇਨਕਲਾਬੀ ਹਾਲਤ ਬਣੀ ਹੈ, ਤਾਂ ਅਜਿਹੀਆਂ ਕਈ ਉਠਾਣਾਂ ਵਾਪਰੀਆਂ ਹਨ।
ਭਾਰਤ ਵਿਚਲੀਆਂ ਹਥਿਆਰਬੰਦ ਜੱਦੋਜਹਿਦਾਂ ਅਤੇ ਖਾੜਕੂ ਜੱਦੋਜਹਿਦਾਂ 'ਚੋਂ ਬਹੁਤੀਆਂ ਨੂੰ ਵੱਡੇ ਜਾਂ ਛੋਟੇ ਖਿੱਤਿਆਂ- ਜਿਵੇਂ ਤਿਲੰਗਾਨਾ, ਤ੍ਰਿਪੁਰਾ, ਵੋਰਲੀ ਆਦਿ ਦੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ।
ਨਕਸਲਬਾੜੀ ਅਤੇ ਨਕਸਲਵਾਦੀਏ ਲਫਜ਼ ਇਸ ਵਿਦਰੋਹ ਦੀ ਪੈਦਾਇਸ਼ ਹਨ) ਨਕਸਲਵਾਦ ਕੁੱਝ ਹਲਕਿਆਂ ਬਹੁਤਾ ਕਰਕੇ ਨਿੱਕ-ਬੁਰਜੂਆਜੀ 'ਚੋਂ ਆਏ ਹਿੱਸਿਆਂ ਦਰਮਿਆਨ ਇਨਕਲਾਬੀਪੁਣੇ ਦਾ ਸਮਾਨਾਂਤਰ ਨਾਂ ਹੈ। ਇਹ ਕੁੱਝ ਹਲਕਿਆਂ ਲਈ ਖੱਬੀ-ਮਾਅਰਕੇਬਾਜ਼ੀ ਹੈ। ਲਫਜ਼ ਨਕਸਲਬਾੜੀਏ ਆਦੀ ਕਾਤਲਾਂ ਅਤੇ ਡਾਕੂਆਂ ਸਮੇਤ ਹੋਰਨਾਂ ਫੁਟਕਲ ਮੰਤਵਾਂ ਲਈ ਵੀ ਵਰਤਿਆ ਜਾਂਦਾ ਹੈ। ਨਕਸਲਵਾਦ ਨੂੰ ਮਾਰਕਸਵਾਦ-ਲੈਨਿਨਵਾਦ-ਮਾਓ-ਜ਼ੇ-ਤੁੰਗ ਵਿਚਾਰਧਾਰਾ ਦੇ ਬਰਾਬਰ ਖੜ੍ਹਾ ਨਹੀਂ ਕਰਨਾ ਚਾਹੀਦਾ।'' (ਹਵਾਲਾ ਉਹੀ, ਸਫਾ 272)
ਇਸੇ ਕਰਕੇ ਕਾਮਰੇਡ ਚਾਰੂ ਮਾਜ਼ੂਮਦਾਰ ਦੀ ਅਗਵਾਈ ਹੇਠ ਜੁੜੇ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਨੂੰ ਇਸ ਟੋਲੀ ਵੱਲੋਂ ਚਾਰੂ-ਜੁੰਡਲੀ ਗਰਦਾਨਦਿਆਂ ਕਿਹਾ ਗਿਆ, ''ਚਾਰੂ ਜੁੰਡਲੀ ਅਤੇ ਆਂਧਰਾ ਕਮਿਊਨਿਸਟ ਇਨਕਲਾਬੀਆਂ ਦੀ ਲੀਡਰਸ਼ਿੱਪ ਦਰਮਿਆਨ ਮੱਤਭੇਦ ਸੀ.ਪੀ.ਆਈ.(ਐਮ.) ਤੋਂ ਬਾਹਰ ਆਉਣ ਅਤੇ ਸਰਬ ਭਾਰਤ ਕਮਿਊਨਿਸਟ ਇਨਕਲਾਬੀ ਤਾਲਮੇਲ ਕਮੇਟੀ ਵਿੱਚ ਸ਼ਾਮਲ ਹੋਣ ਦੇ ਮੌਕੇ ਤੱਕ ਸੀਮਤ ਨਹੀਂ ਸਨ...'' ਹਵਾਲਾ ਉਹੀ, ਸਫਾ-85, ਅੰਗਰੇਜ਼ੀ ਐਡੀਸ਼ਨ ਦਾ ਮੁੱਖ ਬੰਦ)
ਉਪਰੋਕਤ ਸੰਖੇਪ ਵਿਆਖਿਆ ਦਰਸਾਉਂਦੀ ਹੈ ਕਿ ਨਕਸਲਬਾੜੀ ਲਹਿਰ ਅਰਥਾਤ ਕਮਿਊਨਿਸਟ ਇਨਕਲਾਬੀਆਂ ਦੇ ਸੋਧਵਾਦ ਅਤੇ ਨਵ-ਸੋਧਵਾਦ ਨਾਲੋਂ ਨਿਖੇੜਾ ਕਰਨ ਸਮੇਂ ਡੀ.ਵੀ. ਰਾਓ-ਨਾਗੀ ਰੈਡੀ ਟੋਲੀ ਦੀ ਅਗਵਾਈ ਹੇਠਲੀ ਨਵ-ਅਵਤਾਰੀ ਸੋਧਵਾਦੀ ਟੋਲੀ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦਾ ਮੁਖੌਟਾ ਪਹਿਨਦਿਆਂ, ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਘੁਸਪੈਠ ਕਰ ਗਿਆ ਸੀ। ਸੱਜੀ ਮੌਕਾਪ੍ਰਸਤ ਅਤੇ ਸੋਧਵਾਦੀ ਲੀਹ ਨੂੰ ਪ੍ਰਣਾਈ ਇਸ ਟੋਲੀ ਵੱਲੋਂ ਐਨ ਸ਼ੁਰੂ ਵਿੱਚ ਉਸ ਵਕਤ ਨਕਸਲਬਾੜੀ ਲਹਿਰ ਖਿਲਾਫ ਵਿਹੁਲਾ ਵਿਚਾਰਧਾਰਕ-ਸਿਆਸੀ ਜਹਾਦ ਛੇੜਿਆ ਗਿਆ, ਜਦੋਂ ਸਾਮਰਾਜੀ ਦਲਾਲ ਭਾਰਤੀ ਹਾਕਮ ਜਮਾਤਾਂ ਦੇ ਖੂੰਖਾਰ ਰਾਜ ਵੱਲੋਂ ਇਸ ਨੂੰ ਖੂਨ ਵਿੱਚ ਡੁਬੋਣ ਲਈ ਹਮਲਾ ਵਿੱਢਿਆ ਹੋਇਆ ਸੀ। ਜਦੋਂ ਭਾਰਤ ਦੇ ਖੂੰਖਾਰ ਰਾਜ ਵੱਲੋਂ ਨਕਸਲਬਾੜੀ ਉਠਾਣ ਨੂੰ ਕੁਚਲਣ ਤੋਂ ਬਾਅਦ ਮੁਲਕ ਭਰ ਅੰਦਰ ਉੱਠੀ ਕਮਿਊਨਿਸਟ ਇਨਕਲਾਬੀ ਲਹਿਰ ਦਾ ਖੁਰਾਖੋਜ ਮਿਟਾਉਣ ਲਈ ਦੰਦ ਕਰੀਚੇ ਜਾ ਰਹੇ ਸਨ, ਜਦੋਂ ਨਵ-ਸੋਧਵਾਦੀਆਂ ਵੱਲੋਂ ਨਕਸਲਬਾੜੀ ਲਹਿਰ ਨੂੰ ਸੀ.ਆਈ.ਏ. ਦੇ ਏਜੰਟ ਗਰਦਾਨਦਿਆਂ ਇਸ ਨੂੰ ਮਲੀਆਮੇਟ ਕਰਨ ਲਈ ਭਾਰਤੀ ਰਾਜ ਦੇ ਮੋਹਰਿਆਂ ਦਾ ਰੋਲ ਨਿਭਾਇਆ ਜਾ ਰਿਹਾ ਸੀ, ਐਨ ਇਸੇ ਮੌਕੇ ਡੀ.ਵੀ. ਰਾਓ-ਨਾਗੀ ਰੈਡੀ ਸੋਧਵਾਦੀ ਜੁੰਡਲੀ ਵੱਲੋਂ ਨਕਸਲਬਾੜੀ ਹਥਿਆਰਬੰਦ ਘੋਲ, ਇਸਦਾ ਆਧਾਰ ਬਣੀ ਲੀਹ ਅਤੇ ਲੀਡਰਸ਼ਿੱਪ ਨੂੰ ਬੱਦੂ ਕਰਨ, ਇਸ ਖਿਲਾਫ ਸੋਧਵਾਦੀ ਕੂੜ-ਪ੍ਰਚਾਰ ਕਰਨ, ਕਮਿਊਨਿਸਟ ਇਨਕਲਾਬੀਆਂ ਅਤੇ ਲੋਕਾਂ ਵਿੱਚ ਨਫਰਤ ਦਾ ਛਿੱਟਾ ਦੇਣ, ਇਸ ਨੂੰ ਉਲਟ-ਇਨਕਲਾਬੀ ਗਰਦਾਨਣ ਅਤੇ ਇਸ ਖਿਲਾਫ ਰਾਜ ਦੇ ਖੂੰਖਾਰ ਹਮਲੇ ਨੂੰ ਗੁੱਝੀ ਹਮਾਇਤ ਮੁਹੱਈਆ ਕਰਨ ਦਾ ਉਲਟ-ਇਨਕਲਾਬੀ ਕੁਕਰਮ ਕੀਤਾ ਜਾ ਰਿਹਾ ਸੀ।
(ਨੋਟ: ਇਹ ਟਿੱਪਣੀ ਸਬੰਧਤ ਵਿਸ਼ੇ ਸਬੰਧੀ ਭਰਵੀਂ ਅਤੇ ਵਿਸਥਾਰੀ ਟਿੱਪਣੀ ਨਹੀਂ ਹੈ। ਇਸ ਕਰਕੇ ਇਹ ਵਿਸ਼ੇ ਨਾਲ ਸਬੰਧਤ ਸਭਨਾਂ ਅੰਸ਼ਾਂ/ਪੱਖਾਂ ਨੂੰ ਕਲਾਵੇ ਵਿੱਚ ਨਾ ਲੈਂਦਿਆਂ, ਕੁੱਝ ਉੱਭਰਵੇਂ ਬੁਨਿਆਦੀ ਅੰਸ਼ਾਂ/ਪੱਖਾਂ ਨੂੰ ਹੀ ਛੂੰਹਦੀ ਹੈ।)   ੦-੦

No comments:

Post a Comment