Saturday, 29 April 2017

ਮਈ ਦਿਹਾੜੇ ਨੂੰ ਯਾਦ ਕਰਦਿਆਂ

ਇੱਕ ਇਤਿਹਾਸਕ ਮਈ ਦਿਹਾੜੇ ਨੂੰ ਯਾਦ ਕਰਦਿਆਂ
“ਜਦ ਮੁੜ ਸਾਰੇ ਸੰਸਾਰ 'ਚ ਬੱਤੀਆਂ ਜਗਣਗੀਆਂ”

ਵਿਸ਼ਵ ਇਤਿਹਾਸ ਦੀ ਖੂੰਖਾਰ ਜ਼ਾਬਰ ਸ਼ਕਤੀ ਹਿਟਲਰਸ਼ਾਹੀ ਨੂੰ ਰੂਸ ਦੇ ਬਹਾਦਰ ਲੋਕਾਂ ਨੇ ਖੂਬ ਚਣੇ ਚਬਾਏ। ਦੂਸਰੇ ਵਿਸ਼ਵ ਯੁੱਧ 'ਚ ਆਦਮ-ਬੋ ਆਦਮ-ਬੋ ਕਰਦੇ ਫਿਰਦੇ ਇਸ ਜ਼ਾਲਮ ਨੂੰ ਜੇਕਰ ਰੂਸ ਦੀਆਂ ਲਾਲ ਫੌਜਾਂ ਦਾ ਸਾਹਮਣਾ ਨਾ ਕਰਨ ਪੈਂਦਾ ਤਾਂ ਦੁਨੀਆਂ ਦਾ ਨਕਸ਼ਾ ਅੱਜ ਹੋਰ ਹੀ ਹੁੰਦਾ। ਹਿਟਲਰਸ਼ਾਹੀ ਨੂੰ ਮਾਰ ਭਜਾਉਣ ਦੀ ਮਹਾਨ ਘਟਨਾ ਰਾਹੀਂ ਰੂਸੀ ਕਿਰਤੀਆਂ ਨੇ ਸੰਸਾਰ ਭਰ ਦੇ ਮਿਹਨਤਕਸ਼ਾਂ ਅੰਦਰ ਇਹ ਧਾਰਨਾ ਹੋਰ ਪਕੇਰੀ ਕੀਤੀ ਹੈ ਕਿ ਕੋਈ ਵੀ ਲੋਟੂ ਨਿਜ਼ਾਮ ਅਤੇ ਫੌਜ ਅਜਿੱਤ ਨਹੀਂ ਹੈ। ਹਿਟਲਰਸ਼ਾਹੀ ਉੱਪਰ ਫਤਿਹ ਹਾਸਲ ਕਰਨ ਮਗਰੋਂ 1945 ਦੇ ਮਈ ਦਿਹਾੜੇ ਦੀ ਤਿਆਰੀ ਲਈ ਬਲੈਕ-ਆਊਟ ਪਾਬੰਦੀਆਂ ਹਟਾ ਦਿੱਤੀਆਂ ਗਈਆਂ। ਅਪ੍ਰੈਲ 1945 ਦੇ ਪਿਛਲੇ ਹਫ਼ਤੇ ਇਹ ਗੀਤ ਗੂੰਜ ਰਿਹਾ ਸੀ “ਜਦ ਮੁੜ ਸਾਰੇ ਸੰਸਾਰ 'ਚ ਬੱਤੀਆਂ ਜਗਣਗੀਆਂ” .....ਮਈ ਦਿਵਸ ਦੀ ਤਿਆਰੀ 'ਚ ਲੋਕ ਗਲ਼ੀਆਂ 'ਚ ਨਿੱਕਲ਼ ਆਏ। ਸਾਰੀ ਰਾਤ ਗਲ਼ੀਆਂ 'ਚ ਘੁੰਮਦੇ ਰਹੇ। ਸਭ ਨੇ ਖਿੜਕੀਆਂ ਦੇ ਪਰਦੇ ਹਟਾ ਦਿੱਤੇ। ਮਈ ਦਿਵਸ ਦੇ ਮੁਜਾਹਰੇ ਵਿੱਚ ਪਿਛਲੇ ਦਿਨਾਂ ਨੂੰ ਯਾਦ ਕੀਤਾ ਗਿਆ “7ਨਵੰਬਰ 1941 ਨੂੰ ਲਾਲ ਚੌਂਕ ਵਿੱਚ ਪਰੇਡ ਹੋਈ ਸੀ। ਆਸ-ਪਾਸ ਜਰਮਨ ਤੋਪਾਂ ਗਰਜ਼ ਰਹੀਆਂ ਸਨ। ਸਟਾਲਿਨ ਨੇ ਫੌਜਾਂ ਦਾ ਮੁਆਇਨਾ ਕਰਦਿਆਂ ਜਿੱਤ ਦਾ ਵਿਸ਼ਵਾਸ਼ ਦਿਵਾਇਆ ਸੀ।” ਹੁਣ ਲਾਲ ਫੌਜ ਬਰਲਿਨ ਦੇ ਆਸ-ਪਾਸ ਲੜਦੀ ਸੀ ਅਤੇ ਮਾਸਕੋ ਨੇ ਜੰਗ ਦੀ ਪੁਸ਼ਾਕ ਲਾਹ ਕੇ ਮਈ ਦਿਵਸ ਦੀ ਪੁਸ਼ਾਕ ਪਹਿਨ ਲਈ ਸੀ। ਲਾਲ ਝੰਡੇ ਝੁਲ ਰਹੇ ਸਨ। ਆਪਣੇ ਆਗੂਆਂ ਦੀਆਂ ਤਸਵੀਰਾਂ ਫੜੀ, ਲੋਕ ਗਰਜ਼ ਰਹੇ ਸਨ। ਵੱਡੇ ਲਾਲ ਸਿਤਾਰੇ ਕਰੈਮਲਿਨ ਉੱਪਰ ਫਿਰ ਜਗਮਗਾਏ ....ਰੌਸ਼ਨੀ ਦੇ ਗੁਲਦਸਤਿਆਂ ਨੇ ਮਾਸਕੋ ਦੀਆਂ ਗਲ਼ੀਆਂ ਨੂੰ ਫਿਰ ਖੋਜ ਲਿਆ.......

No comments:

Post a Comment