Saturday, 29 April 2017

ਕਸ਼ਮੀਰੀ ਕੌਮ ਨੂੰ ਮੋਦੀ ਦੀ ਧਮਕੀ

ਕੌਮੀ ਆਜ਼ਾਦੀ ਦੀ ਲੜਾਈ 'ਤੇ ਡਟੀ
ਕਸ਼ਮੀਰੀ ਕੌਮ ਨੂੰ ਮੋਦੀ ਦੀ ਧਮਕੀ

-ਨਾਜ਼ਰ ਸਿੰਘ ਬੋਪਾਰਾਏ
ਭਾਰਤੀ ਹਕੂਮਤ ਵੱਲੋਂ ਜੰਮੂ-ਕਸ਼ਮੀਰ ਵਿੱਚ ਊਧਮਪੁਰ ਤੋਂ ਲੈ ਕੇ ਰਾਮਬਣ ਤੱਕ ਬਣਾਈ ਗਈ ਸੁਰੰਗ ਦਾ ਉਦਘਾਟਨ ਕਰਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਕਸ਼ਮੀਰੀ ਖਾੜਕੂਆਂ ਨੂੰ ''ਟੂਰਿਜ਼ਮ'' ਅਤੇ ''ਟੈਰੇਰਿਜ਼ਮ'' ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਪਵੇਗੀ।  ਮੋਦੀ ਨੇ ''ਟੂਰਿਜ਼ਮ'' ਅਤੇ ''ਟੈਰੇਰਿਜ਼ਮ'' ਆਦਿ ਦੇ ਜਿਹੜੇ ''ਸੈਰ-ਸਪਾਟਾ'' ਅਤੇ ''ਅੱਤਵਾਦ'' ਸ਼ਬਦਾਂ ਦੀ ਵਰਤੋਂ ਕੀਤੀ ਹੈ, ਇਹ ਮਹਿਜ਼ ਕੋਈ ਜੁਮਲੇਬਾਜ਼ੀ ਨਹੀਂ, ਬਲਕਿ ਇਹ ਕਸ਼ਮੀਰੀ ਲੋਕਾਂ ਨੂੰ ਦਿੱਤੀ ਗਈ ਇੱਕ ਧਮਕੀ ਹੈ ਕਿ ਕਸ਼ਮੀਰ ਦੀ ਇਸ ਖੂਬਸੂਰਤ ਵਾਦੀ ਵਿੱਚ ''ਸੈਰ-ਸਪਾਟਾ'' ਸਨਅੱਤ ਦਾ ਉਹੋ ਜਿਹਾ ਵਿਕਾਸ ਹੀ ਪ੍ਰਵਾਨ ਕਰਨਾ ਹੋਵੇਗਾ ਜਿਹੋ ਜਿਹਾ ਵਿਕਾਸ ਭਾਰਤੀ ਹਾਕਮ ਕਰਨਾ ਚਾਹੁੰਦੇ ਹਨ। ਜੇਕਰ ਕਸ਼ਮੀਰ ਦੇ ਲੋਕ ਭਾਰਤੀ ਹਾਕਮਾਂ ਤੋਂ ਨਾਬਰ ਹੁੰਦੇ ਹੋਏ ਹਥਿਆਰਬੰਦ ਸੰਘਰਸ਼ ਦੇ ਰਾਹ 'ਤੇ ਡਟੇ ਰਹਿਣਗੇ ਤਾਂ ਉਹਨਾਂ ਦਾ ਹਸ਼ਰ ਉਹੀ ਕੀਤਾ ਜਾਵੇਗਾ, ਜੋ ''ਅੱਤਵਾਦੀਆਂ'' ਦਾ ਕੀਤਾ ਜਾਂਦਾ ਹੈ।
ਚੇਨਾਨੀ-ਨਾਸ਼ਰੀ ਨਾਂ ਦੀ ਇਹ 9.2 ਕਿਲੋਮੀਟਰ ਲੰਮੀ ਸੁਰੰਗ, ਭਾਰਤ ਸਰਕਾਰ ਵੱਲੋਂ ਬਣਾਈ ਹੁਣ ਤੱਕ ਦੀ ਸਭ ਤੋਂ ਲੰਮੀ ਸੁਰੰਗ ਹੈ, ਜਿਸ 'ਤੇ 3720 ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਸ ਨਾਲ ਜੰਮੂ-ਸ੍ਰੀਨਗਰ ਦਾ ਸਫਰ 31 ਕਿਲੋਮੀਟਰ ਘਟੇਗਾ। ਇਹ ਬਣਾਏ ਜਾਣ ਨਾਲ ਖਰਾਬ ਮੌਸਮ ਦੀ ਵਜਾਹ ਕਾਰਨ ਰੁਕਣ ਵਾਲੀ ਆਵਾਜਾਈ ਨੂੰ ਜਾਰੀ ਰੱਖਿਆ ਜਾ ਸਕੇਗਾ। ਇਸ ਦੇ ਬਣਾਏ ਜਾਣ ਨਾਲ ਰੋਜ਼ਾਨਾ 37 ਲੱਖ ਰੁਪਏ ਦੀ ਬੱਚਤ ਹੋਵੇਗੀ। ਪ੍ਰਧਾਨ ਮੰਤਰੀ ਨੇ ਨਾਲ ਹੀ ਆਖਿਆ ਕਿ ਜੰਮੂ-ਕਸ਼ਮੀਰ ਵਿੱਚ ਅਜਿਹੀਆਂ 9 ਹੋਰ ਸੁਰੰਗਾਂ ਬਣਾਈਆਂ ਜਾਣਗੀਆਂ। ਉਹ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਦੀ ਤਰੱਕੀ ਦੇ ਗੋਗੇ ਗਾਉਂਦਾ ਹੋਇਆ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰੀਆਂ ਨੂੰ ਆਖ ਰਿਹਾ ਸੀ ਕਿ ਦੇਖੋ ਤੁਹਾਡੇ ਵੱਲ ਦੇ ਖੇਤਰ ਵਿੱਚ ਪਾਕਿਸਤਾਨ ਨੇ ਕੋਈ ਤਰੱਕੀ ਨਹੀਂ ਕੀਤੀ ਜਦੋਂ ਕਿ ਇਧਰਲੇ ਕਸ਼ਮੀਰ ਵਿੱਚ ਸੜਕਾਂ-ਰੇਲਾਂ-ਸੁਰੰਗਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਇਸ ਸੁਰੰਗ ਦੇ ਬਣਾਏ ਜਾਣ ਨਾਲ ਇਕੱਲੀ ''ਸੈਰ-ਸਪਾਟਾ'' ਸਨਅੱਤ ਦਾ ਹੀ ਦੁੱਗਣਾ ਵਿਕਾਸ ਨਹੀਂ ਹੋਵੇਗਾ ਬਲਕਿ ਇਸ ਦੇ ਬਣਾਏ ਜਾਣ ਨਾਲ ਕਸ਼ਮੀਰ ਦੇ ਕਿਸਾਨਾਂ ਦੀ ਜਿਨਸ ਛੇਤੀ ਮੰਡੀਆਂ ਵਿੱਚ ਪਹੁੰਚਾਈ ਜਾ ਸਕੇਗੀ, ਜਿਸ ਨਾਲ ਉਹਨਾਂ ਦੀ ਆਮਦਨ ਵਧੇਗੀ। ਅਜਿਹੀ ਵਿਆਖਿਆ ਕਰਦੇ ਕਰਦੇ ਉਸਨੇ ਪਿਛਲੇ ਸਾਲ ਵਾਦੀ ਵਿੱਚ ਵਾਪਰੀਆਂ ਘਟਨਾਵਾਂ 'ਤੇ ਤਨਜ ਕਸਦੇ ਹੋਏ ਆਖਿਆ ਕਿ ''ਇੱਕ ਪਾਸੇ ਜਿੱਥੇ ਕਸ਼ਮੀਰੀ ਨੌਜਵਾਨ ਪੱਥਰਬਾਜ਼ੀ ਵਿੱਚ ਲੱਗੇ ਹੋਏ ਸਨ, ਉੱਥੇ ਦੂਸਰੇ ਪਾਸੇ ਕਿੰਨੇ ਹੀ ਅਜਿਹੇ ਨੌਜਵਾਨ ਸਨ, ਜੋ ਇਹ ਸੁਰੰਗ ਬਣਾਉਣ ਦੀ ਖਾਤਰ ਪੱਥਰ ਤੋੜ ਰਹੇ ਸਨ।''
ਭਾਰਤੀ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਭਾਸ਼ਣ ਭਾਵੇਂ ਕਿੰਨਾ ਹੀ ਸਰਲ ਅਤੇ ਸਿੱਧਾ-ਸਾਦਾ ਕਿਉਂ ਨਾ ਜਾਪੇ, ਅਸਲ ਵਿੱਚ ਇਹ ਕਸ਼ਮੀਰੀ ਲੋਕਾਂ ਨੂੰ ਦਿੱਤੀ ਗਈ ਧਮਕੀ ਹੈ ਕਿ ਜੇਕਰ ਉਹ ਭਾਰਤੀ ਹਾਕਮਾਂ ਦੀ ਰਜ਼ਾ ਅਨੁਸਾਰ ਨਹੀਂ ਚੱਲਦੇ ਤਾਂ ਉਹਨਾਂ ਨੂੰ ''ਦਹਿਸ਼ਤਗਰਦ'' ਸਮਝਦਿਆਂ ਜਬਰ-ਤਸ਼ੱਦਦ ਰਾਹੀਂ ਕੁਚਲ ਕੇ ਰੱਖ ਦਿੱਤਾ ਜਾਵੇਗਾ। ਇਸ ਧੌਂਸ ਰਾਹੀਂ ਉਹ ਕਸ਼ਮੀਰੀ ਨੌਜਵਾਨਾਂ ਅਤੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਹਨ ਕਿ ਇਹ ਚੋਣ ਹੁਣ ਉਹਨਾਂ ਨੇ ਕਰਨੀ ਹੈ ਕਿ ਉਹਨਾਂ ਨੇ ਭਾਰਤੀ ਹਾਕਮਾਂ ਦੀ ਤਾਬੇਦਾਰੀ ਕਬੂਲਦਿਆਂ, ਸੈਰ-ਸਪਾਟਾ ਸਨਅੱਤ ਦੇ ਵਿਕਾਸ ਵਜੋਂ ਨੌਕਰਾਂ-ਚਾਕਰਾਂ, ਕੁਲੀਆਂ ਅਤੇ ਸੇਵਾਦਾਰਾਂ ਤੇ ਪੱਥਰਤੋੜ ਅਤੇ ਰੋੜੀਕੁੱਟ ਮਜ਼ਦੂਰ ਬਣਨਾ ਹੈ ਜਾਂ ਫਿਰ ''ਅੱਤਵਾਦੀ'' ਬਣ ਕੇ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਕਸ਼ਮੀਰ ਦੀ ਧਰਤੀ 'ਤੇ ਮਾਰਧਾੜ, ਤਸ਼ੱਦਦ, ਬਲਾਤਕਾਰਾਂ, ਕਤਲੇਆਮ ਦੀ ਸ਼ਕਲ ਵਿੱਚ ਖੇਡੇ ਜਾ ਰਹੇ ਤਾਂਡਵਨਾਚ ਦਾ ਸ਼ਿਕਾਰ ਬਣਨਾ ਹੈ।
ਜਿੱਥੇ ਭਾਰਤੀ ਹਾਕਮਾਂ ਨੇ ਕਸ਼ਮੀਰੀ ਲੋਕਾਂ ਦੀ ਕੌਮੀ ਆਜ਼ਾਦੀ ਅਤੇ ਸਵੈ-ਨਿਰਣੇ ਦੇ ਅਧਿਕਾਰ ਨੂੰ ਫੌਜੀ ਬੂਟਾਂ ਹੇਠਾਂ ਦਰੜ ਦੇਣ ਦਾ ਭਰਮ ਪਾਲਿਆ ਹੋਇਆ ਹੈ, ਉੱਥੇ ਆਮ ਕਸ਼ਮੀਰੀ ਲੋਕਾਂ ਅਤੇ ਨੌਜਵਾਨਾਂ ਨੇ ਖਾਸ ਕਰਕੇ ਆਪਣੀ ਆਜ਼ਾਦੀ ਅਤੇ ਖੁਦਮੁਖਤਾਰੀ ਦੀ ਖਾਤਰ ਜੂਝ-ਮਰਨ ਦਾ ਰਾਹ ਚੁਣਿਆ ਹੋਇਆ ਹੈ। ਉਹ ਆਏ ਰੋਜ਼ ਸੜਕਾਂ 'ਤੇ ਆ ਕੇ ਪੱਥਰਬਾਜ਼ੀ ਕਰਦੇ ਹਨ ਜਾਂ ਹੱਥਾਂ ਵਿੱਚ ਹਥਿਆਰ ਲੈ ਕੇ ਭਾਰਤੀ ਫੌਜਾਂ ਦਾ ਟਾਕਰਾ ਕਰ ਰਹੇ ਹਨ। ਜਿੱਥੇ ਪਹਿਲਾਂ ਕਸ਼ਮੀਰੀ ਨੌਜਵਾਨ ਹੀ ਅਜਿਹੀ ਪੱਥਰਬਾਜ਼ੀ ਵਿੱਚ ਹਿੱਸਾ ਲੈਂਦੇ ਸਨ, ਉੱਥੇ ਹੁਣ ਉਹਨਾਂ ਦੇ ਨਾਲ ਉਹਨਾਂ ਦੀਆਂ ਮਾਵਾਂ-ਭੈਣਾਂ ਅਤੇ ਸਕੂਲਾਂ-ਕਾਲਜਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਵੀ ਜੂਝਣ ਲਈ ਸੰਘਰਸ਼ ਦੇ ਮੈਦਾਨ ਵਿੱਚ ਆ ਰਹੀਆਂ ਹਨ। ਇਹ ਅਕਸਰ ਹੀ ਹੋ ਰਿਹਾ ਹੈ ਕਿ ਜਿੱਥੇ ਕਿਤੇ ਵੀ ਪੁਲਸ ਨੇ ਹਥਿਆਰਬੰਦ ਖਾੜਕੂਆਂ ਨੂੰ ਘੇਰਾ ਪਾ ਕੇ ਮੁਕਾਬਲੇ ਰਾਹੀਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਆਮ ਕਸ਼ਮੀਰੀ ਆਵਾਮ ਨੇ ਆ ਕੇ ਪੱਥਰਬਾਜ਼ੀ ਕਰਕੇ ਉਹਨਾਂ ਖਾੜਕੂਆਂ ਨੂੰ ਛੁਡਾਉਣ ਜਾਂ ਬਚ ਨਿਕਲਣ ਵਿੱਚ ਮੱਦਦ ਕੀਤੀ ਹੈ।
ਭਾਰਤੀ ਹਾਕਮ ਪਿਛਲੇ 6-7 ਦਹਾਕਿਆਂ ਤੋਂ ਇਹ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਤੇ ਹਰਬੇ ਵਰਤਦੇ ਆ ਰਹੇ ਹਨ ਪਰ ਆਮ ਕਸ਼ਮੀਰੀ ਲੋਕ ਇਹਨਾਂ ਦੀਆਂ ਧੌਂਸ ਧਮਕੀਆਂ ਕੋਲੋਂ ਡਰਨ ਤੋਂ ਇਨਕਾਰੀ ਹਨ। ਭਾਰਤੀ ਹਾਕਮਾਂ ਨੇ ਕਸ਼ਮੀਰੀ ਹਾਕਮ ਜਮਾਤਾਂ ਦੇ ਇੱਕ ਹਿੱਸੇ ਨੂੰ ਆਪਣੇ ਨਾਲ ਗੰਢਿਆ ਹੋਇਆ ਹੈ- ਉਹ ਹਿੱਸਾ ਤਾਂ ਇਹਨਾਂ ਦੀ ਤਾਬੇਦਾਰੀ ਕਰਨ ਵਿੱਚ ਲੱਗਿਆ ਹੀ ਰਹਿੰਦਾ ਹੈ, ਪਰ ਆਮ ਕਸ਼ਮੀਰੀ  ਆਪਣੀ ਆਜ਼ਾਦੀ ਅਤੇ ਖੁਦਮੁਖਤਾਰੀ ਦੀ ਲੜਾਈ ਨੂੰ ਜਾਰੀ ਰੱਖਦੇ ਆ ਰਹੇ ਹਨ।
ਭਾਰਤੀ ਹਕੂਮਤ ਵੱਲੋਂ ਭਾਵੇਂ ਵੱਡੀ ਸੁਰੰਗ ਬਣਾਈ ਗਈ ਹੋਵੇ ਜਾਂ ਬਨਿਹਾਲ ਸੁਰੰਗ ਰਾਹੀਂ ਰੇਲ ਸੇਵਾ ਦੀ ਸ਼ੁਰੂਆਤ ਦਾ ਮਸਲਾ ਹੋਵੇ— ਇਹਨਾਂ ਦਾ ਮਨੋਰਥ ਕਸ਼ਮੀਰੀ ਲੋਕਾਂ ਦੀ ਹਕੀਕੀ ਤਰੱਕੀ, ਉੱਨਤੀ ਅਤੇ ਖੁਸ਼ਹਾਲੀ ਕਰਨਾ ਨਹੀਂ ਬਲਕਿ ਇਹਨਾਂ ਦਾ ਮਨੋਰਥ ਕਸ਼ਮੀਰੀ ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ਅਤੇ ਕਸ਼ਮੀਰੀ ਲੋਕਾਂ 'ਤੇ ਧੌਂਸ ਅਤੇ ਦਾਬੇ ਨੂੰ ਵਧਾਉਣ ਲਈ ਭਾਰਤੀ ਫੌਜਾਂ ਲਈ ਰਾਹ ਮੋਕਲੇ ਕਰਨਾ ਹੈ। ਜਿੱਥੇ ਭਾਰਤੀ ਹਾਕਮਾਂ ਨੇ ਕਸ਼ਮੀਰ ਵਿੱਚ ਦੁਨੀਆਂ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਫੌਜੀ ਜਮਾਵੜਾ ਕੀਤਾ ਹੋਇਆ ਹੈ, ਉੱਥੇ ਉਹ ਹੋਰ ਵੱਧ ਫੌਰੀ ਮਾਰ ਕਰ ਸਕਣ ਵਾਲੀਆਂ ਫੌਜੀ ਸ਼ਕਤੀਆਂ ਦੀ ਤਾਇਨਾਤੀ ਲਈ ਰੱਸੇ-ਪੈੜੇ ਵੱਟ ਰਹੇ ਹਨ। ਜਿਹੜੀਆਂ ਨੌਂ ਸੁਰੰਗਾਂ ਦੀ ਗੱਲ ਕੀਤੀ ਗਈ ਹੈ, ਉਹ ਸਭ ਕੁੱਝ ਇਸੇ ਸੰਦਰਭ ਵਿੱਚ ਹੀ ਲਿਆ ਜਾਣਾ ਚਾਹੀਦਾ ਹੈ।
ਇਸ ਸਮੇਂ ਭਾਰਤੀ ਹਾਕਮਾਂ ਅਤੇ ਕਸ਼ਮੀਰੀ ਲੋਕਾਂ ਨੇ ਆਪਣੇ ਆਪਣੇ ਸਪੱਸ਼ਟ ਰਾਹ ਚੁਣੇ ਹੋਏ ਹਨ। ਭਾਰਤੀ ਹਾਕਮ ਕਸ਼ਮੀਰ ਨੂੰ ਭਾਰਤ ਦਾ ''ਅਟੁੱਟ ਅੰਗ'' ਮੰਨਦੇ ਹੋਏ, ਇੱਥੇ ਆਪਣੀ ਮਰਜ਼ੀ ਠੋਸਣਾ ਚਾਹੁੰਦੇ ਹਨ। ਇਹਨਾਂ ਦੀਆਂ ਧੌਂਸ-ਧਮਕੀਆਂ ਨੂੰ ਜੋ ਵੀ ਚੁਣੌਤੀ ਦੇ ਰਿਹਾ ਹੈ, ਉਸ ਨੂੰ ਬੁਰੀ ਤਰ੍ਹਾਂ ਕੁਚਲ ਸੁੱਟਣਾ ਚਾਹੁੰਦੇ ਹਨ। ਲੋਕਾਂ ਦੀ ਜੁਬਾਨ ਬੰਦੀ ਲਈ ਲਾਠੀ-ਗੋਲੀ ਦੀ ਅੰਨ੍ਹੀਂ ਵਰਤੋਂ, ਝੂਠੇ ਪੁਲਸ ਮੁਕਾਬਲੇ, ਅੰਤਾਂ ਦੇ ਤਸੀਹੇ, ਬਿਨਾ ਕੋਈ ਕੇਸ ਚਲਾਏ ਦਹਾਕਿਆਂ ਲੰਮੀਆਂ ਨਜ਼ਰਬੰਦੀਆਂ ਦੇ ਦੌਰ ਚਲਾਏ ਜਾਂਦੇ ਹਨ। ਅਣਮਿਥੇ ਸਮੇਂ ਲਈ ਮਹੀਨਿਆਂ ਬੱਧੀ ਕਰਫਿਊ ਲਾ ਕੇ ਕਸ਼ਮੀਰੀ ਲੋਕਾਂ ਦੇ ਦਮ-ਖਮ ਨੂੰ ਪਰਖਿਆ ਜਾ ਰਿਹਾ ਹੈ। ਉਹਨਾਂ ਦੇ ਘਰਾਂ-ਬਾਰਾਂ ਦੀਆਂ ਤਲਾਸ਼ੀਆਂ ਲੈ ਕੇ ਉਹਨਾਂ ਨੂੰ ਨਿੱਤ-ਰੋਜ਼ ਜਿੱਚ ਅਤੇ ਜਲੀਲ ਕੀਤਾ ਰਿਹਾ ਹੈ। ਕਸ਼ਮੀਰੀ ਨੌਜਵਾਨਾਂ ਨੂੰ ਇਨਸਾਨ ਨਾ ਮੰਨ ਕੇ ਬਲੀ ਦੇ ਬੱਕਰੇ ਬਣਾ ਮਨੁੱਖੀ ਢਾਲ ਵਜੋਂ ਵਰਤਿਆ ਜਾ ਰਿਹਾ ਹੈ। ਉਹਨਾਂ ਦੇ ਖਾਣ-ਪੀਣ, ਰਹਿਣ-ਸਹਿਣ, ਪਹਿਨਣ-ਪਚਰਨ ਵਿੱਚ ਦਖਲ ਦਿੱਤਾ ਜਾ ਰਿਹਾ ਹੈ। ਉਹਨਾਂ ਨੂੰ ਗਊ ਮਾਸ ਖਾਣ ਵਾਲਿਆਂ ਵਜੋਂ ਪੇਸ਼ ਕਰਕੇ ਨਾ ਸਿਰਫ ਕੁੱਟਮਾਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਬਲਕਿ ਉਹਨਾਂ ਨੂੰ ਸਾੜਿਆ-ਫੂਕਿਆ ਵੀ ਜਾ ਰਿਹਾ ਹੈ।
ਕਸ਼ਮੀਰੀ ਲੋਕਾਂ ਨੂੰ ਵੀ ਆਮ ਦੁਨੀਆਂ ਦੀ ਤਰ੍ਹਾਂ ਹੀ ਸ਼ੁਧ ਹਵਾ, ਪਾਣੀ, ਅਨਾਜ, ਰਿਹਾਇਸ਼, ਦਵਾਈ, ਪੜ੍ਹਾਈ, ਰੁਜ਼ਗਾਰ, ਮਨ-ਪ੍ਰਚਾਵੇ, ਆਜ਼ਾਦੀ ਅਤੇ ਜਮਹੂਰੀਅਤ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਹੋਣੀ ਨਿਹਾਇਤ ਜ਼ਰੂਰੀ ਹੈ ਪਰ ਕਸ਼ਮੀਰੀ ਲੋਕਾਂ ਨੂੰ ਇਹ ਕੁੱਝ ਨਸੀਬ ਨਹੀਂ ਕਰਵਾਇਆ ਜਾ ਰਿਹਾ, ਬਲਕਿ ਭਾਰਤ ਅਤੇ ਪਾਕਿਸਤਾਨੀ ਹਾਕਮਾਂ ਨੇ ਕਸ਼ਮੀਰ ਵਿੱਚ ਬੰਬਾਂ ਅਤੇ ਬਾਰੂਦ ਦੀ ਵਰਤੋਂ ਨਾਲ ਨਾ ਸਿਰਫ ਹਵਾ ਨੂੰ ਹੀ ਜ਼ਹਿਰੀਲੀ ਕੀਤਾ ਜਾ ਰਿਹਾ ਹੈ ਬਲਕਿ ਉਹਨਾਂ ਦੇ ਦਰਿਆਵਾਂ-ਜੰਗਲਾਂ, ਜ਼ਮੀਨਾਂ ਅਤੇ ਪਹਾੜਾਂ ਆਦਿ ਨੂੰ ਵੀ ਖੋਹ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਉਹਨਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਮੋਦੀ ਹਕੂਮਤ ਵੱਲੋਂ ''ਅੱਤਵਾਦ'' ਦੇ ਹਊਏ ਨੂੰ ਖੜ੍ਹਾ ਕਰਕੇ ਕਸ਼ਮੀਰੀ ਲੋਕਾਂ 'ਤੇ ਜਬਰ-ਜ਼ੁਲਮ ਦੇ ਕਟਕ ਚਾੜ੍ਹਨ ਦੇ ਫੁਰਮਾਨ ਜਾਰੀ ਕੀਤੇ ਹੋਏ ਹਨ, ਪਰ ਇਹ ਕਸ਼ਮੀਰੀਆਂ ਸਹਿਤ ਦੁਨੀਆਂ ਭਰ ਦੇ ਸਭਨਾਂ ਹੀ ਲੁੱਟੇ ਅਤੇ ਲਤਾੜੇ ਲੋਕਾਂ ਦੀ ਫਿਤਰਤ ਰਹੀ ਹੈ ਕਿ ਉਹ ਜਬਰ-ਜ਼ੁਲਮ, ਦਾਬੇ, ਧੌਂਸ-ਧਮਕੀਆਂ, ਬੰਬਾਂ-ਬਾਰਦੂ ਦੀ ਵਰਖਾ ਨਾਲ ਨਾ ਤਾਂ ਦਬਾਏ-ਝੁਕਾਏ ਅਤੇ ਮਿਟਾਏ ਗਏ ਹਨ ਅਤੇ ਨਾ ਹੀ ਮਿਟਾਏ ਜਾ ਸਕਣਗੇ— ਭਾਰਤੀ ਹਾਕਮਾਂ ਦੀਆਂ ਧੌਂਸ-ਧਮਕੀਆਂ ਨੂੰ ਠੁੱਡ ਮਾਰਦੇ ਹੋਏ ਕਸ਼ਮੀਰੀ ਲੋਕ ਆਪਣੀ ਆਜ਼ਾਦੀ ਅਤੇ ਖੁਦਮੁਖਤਾਰੀ ਦੀ ਲੜਾਈ ਨੂੰ ਨਾ ਸਿਰਫ ਜਾਰੀ ਹੀ ਰੱਖਣਗੇ ਬਲਕਿ ਇਸ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਉਂਦੇ ਹੋਏ ਆਪਣੀ ਮੁਕਤੀ ਦਾ ਰਾਹ ਰੁਸ਼ਨਾਉਂਦੇ ਰਹਿਣਗੇ।

No comments:

Post a Comment