Thursday, 31 October 2019

ਮਨਜੀਤ ਧਨੇਰ ਨੂੰ ਸਜ਼ਾ ਦਾ ਮਸਲਾ

ਮਨਜੀਤ ਧਨੇਰ ਨੂੰ ਸਜ਼ਾ ਦਾ ਮਸਲਾ
ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫੈਸਲੇ ਨੂੰ ਦਰੁਸਤ ਮੰਨਦੇ ਹੋਏ ਮਨਜੀਤ ਧਨੇਰ ਨੂੰ ਦਿੱਤੀ ਸਜ਼ਾ 'ਤੇ ਮੋਹਰ ਲਾ ਦਿੱਤੀ ਹੈ। ਮਨਜੀਤ ਧਨੇਰ ਨੂੰ ਦਿੱਤੀ ਗਈ ਸਜ਼ਾ ਮੂਲੋਂ ਹੀ ਗਲਤ ਹੈ। ਜਿਹੜਾ ਬੰਦਾ ਕਿਸੇ ਦੋਸ਼ ਵਿੱਚ ਸ਼ਾਮਲ ਹੀ ਨਹੀਂ, ਉਸ ਨੂੰ ਸਜ਼ਾ ਦਿੱਤੀ ਜਾਣੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਈ ਜਾ ਸਕਦੀ। ਪਰ ਭਾਰਤ ਦੇ ਮੌਜੂਦਾ ਰਾਜ ਵਿੱਚ ''ਅੰਨ੍ਹੀਂ ਪੀਂਹਦੀ ਅਤੇ ਕੁੱਤਾ ਚੱਟਦਾ'' ਹੈ। ਮਨਜੀਤ ਧਨੇਰ ਨੂੰ ਦਿੱਤੀ ਸਜ਼ਾ ਇਹ ਸਾਬਤ ਕਰਦੀ ਹੈ ਕਿ ਲੋਕਾਂ ਦੇ ਹੱਕ ਵਿੱਚ ਇਨਸਾਫ ਦੀ ਆਵਾਜ਼ ਉਠਾਉਣ ਵਾਲਿਆਂ ਨੂੰ ਭਾਰਤੀ ਰਾਜ ਅਕਸਰ ਹੀ ਦੋਸ਼ੀ ਮੰਨ ਕੇ ਸਜ਼ਾਵਾਂ ਦਿੰਦਾ ਹੈ ਤਾਂ ਕਿ ਕੋਈ ਵੀ ਹੋਰ ਇਸ ਰਾਜ ਵਿਰੁੱਧ ਕੋਈ ਬਗਾਵਤ ਤਾਂ ਕੀ ਬੋਲਣ-ਕੂਣ ਦੀ ਹਿੰਮਤ ਤੱਕ ਨਾ ਕਰ ਸਕੇ।
ਮਨਜੀਤ ਧਨੇਰ ਨੂੰ ਦਿੱਤੀ ਗਈ ਸਜ਼ਾ ਬਾਰੇ ਭਾਵੇਂ ਅਨੇਕਾਂ ਹੀ ਤਰ੍ਹਾਂ ਜਨਤਕ ਜਮਹੂਰੀ ਜਥੇਬੰਦੀਆਂ, ਇਨਸਾਫਪਸੰਦ ਲੋਕ ਸੜਕਾਂ 'ਤੇ ਨਿੱਤਰੇ ਹਨ, ਪਰ ਇੱਥੋਂ ਦਾ ਰਾਜ-ਭਾਗ ਲੋਕਾਂ ਦੀ ਹੱਕ, ਸੱਚ ਅਤੇ ਇਨਸਾਫ ਦੀ ਆਵਾਜ਼ ਪ੍ਰਤੀ ਅੰਨ੍ਹਾ, ਬੋਲਾ ਅਤੇ ਗੂੰਗਾ ਬਣਿਆ ਹੋਇਆ ਹੈ। ਮਨਜੀਤ ਧਨੇਰ ਨੂੰ ਕਤਲ ਦੇ ਜਿਸ ਕੇਸ ਵਿੱਚ ਫਸਾਇਆ ਗਿਆ ਹੈ, ਇਹ ਉਸ ਕਤਲ ਵਿੱਚ ਉੱਕਾ ਹੀ ਸ਼ਾਮਲ ਨਹੀਂ ਸੀ। ਹੋਰਨਾਂ ਵਿੱਚੋਂ ਦੋ ਧਿਰਾਂ ਨੂੰ ਵੱਖ ਵੱਖ ਸਜ਼ਾਵਾਂ ਹੋਈਆਂ ਹਨ। ਉਹ ਸਜ਼ਾਵਾਂ ਕੱਟ ਕੇ ਆਪੋ ਆਪਣੇ ਘਰੀਂ ਬੈਠੇ ਹਨ। ਮਨਜੀਤ ਦੇ ਨਾਲ ਮੁਲਜ਼ਮ ਪ੍ਰੇਮ ਕੁਮਾਰ ਅਤੇ ਨਰਾਇਣ ਦੱਤ ਬਰੀ ਹੋ ਚੁੱਕੇ ਹਨ। ਇਹ ਸੁਪਰੀਮ ਕੋਰਟ ਜਿਹੜੀ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੇ ਵਰਵਰਾ ਰਾਓ, ਪ੍ਰੋ. ਸਾਈਬਾਬਾ, ਸੁਧਾ ਭਾਰਦਵਾਜ, ਰੋਨਾ ਵਿਲਸਨ, ਆਨੰਦ ਤੇਲ ਤੁੰਬੜੇ ਆਦਿ ਨੂੰ ਨਿਰਦੋਸ਼ ਹੁੰਦੇ ਹੋਏ ਵੀ ਜੇਲ੍ਹਾਂ ਵਿੱਚ ਡੱਕਣ ਉੱਪਰ ਮੋਹਰਾਂ ਲਾ ਰਹੀ ਹੈ, ਉਸ ਕੋਲੋਂ ਇਹ ਆਸ ਵੀ ਨਹੀਂ ਰੱਖੀ ਜਾ ਸਕਦੀ ਕਿ ਉਹ ਲੋਕਾਂ ਦੇ ਪੱਖ ਵਿੱਚ ਗੱਲ ਕਰਨ ਵਾਲੇ ਮਨਜੀਤ ਧਨੇਰ ਵਰਗੇ ਕਿਸੇ ਵਿਅਕਤੀ ਨੂੰ ਛੇਤੀ ਕਿਤੇ ਬਰੀ ਕਰ ਦੇਵੇ, ਉਹ ਵੀ ਖਾਸ ਕਰਕੇ ਉਦੋਂ ਜਦੋਂ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਹਿੰਦੂਤਵੀ ਫਾਸ਼ੀਵਾਦ ਨੂੰ ਪ੍ਰਣਾਈ ਮੋਦੀ ਹਕੂਮਤ ਕਾਬਜ਼ ਹੋਈ ਹੋਈ ਹੋਵੇ।
ਮਨਜੀਤ ਧਨੇਰ ਜਦੋਂ ਕਿਸੇ ਕੇਸ ਵਿੱਚ ਸ਼ਾਮਲ ਹੀ ਨਹੀਂ ਸੀ ਤਾਂ ਉਸ ਨੂੰ ਦਿੱਤੀ ਗਈ ਸਜ਼ਾ ਰੱਦ ਕਰਵਾਉਣ ਲਈ ਘੋਲ ਕਰਨਾ ਆਪਣੇ ਆਪ ਵਿੱਚ ਦਰੁਸਤ ਹੈ ਅਤੇ ਪੰਜਾਬ ਦੇ ਲੋਕਾਂ ਵੱਲੋਂ ਇਸ ਮਸਲੇ ਸਬੰਧੀ ਚਲਾਏ ਜਾ ਰਹੇ ਘੋਲ ਵਿੱਚ ਵਧ-ਚੜ੍ਹ ਕੇ ਆਪ-ਮੁਹਾਰੇ ਸ਼ਮੂਲੀਅਤ ਵੀ ਕੀਤੀ ਜਾ ਰਹੀ ਹੈ। ਭਾਜਪਾ ਦੇ ਰਾਜ ਵਿੱਚ ਜਦੋਂ ਕਠੂਆ ਅਤੇ ਉਨਾਓ ਵਰਗੇ ਬਲਾਤਕਾਰਾਂ ਦੇ ਕੇਸਾਂ ਵਿੱਚ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦੇਣ ਦੀ ਥਾਂ ਉਲਟਾ ਅਜਿਹੀਆਂ ਘਟਨਾਵਾਂ ਦੇ ਪੀੜਤਾਂ ਨੂੰ ਟਰੱਕਾਂ ਹੇਠਾਂ ਦਰੜ ਕੇ ਮਾਰਨਾ ਜਾਂ ਅਨੇਕਾਂ ਤਰ੍ਹਾਂ ਦੀਆਂ ਧੌਂਸ-ਧਮਕੀਆਂ ਦੇ ਕੇ ''ਨਾਲੇ ਕੁੱਟਣਾ, ਨਾਲੇ ਰੋਣ ਵੀ ਨਹੀਂ ਦੇਣਾ'' ਵਰਗੇ ਕੁਕਰਮ ਕੀਤੇ ਜਾ ਰਹੇ ਹਨ ਅਤੇ ਇਸ ਰਾਜ ਵਿੱਚ ਵਧਦੀਆਂ ਬਲਾਤਕਾਰਾਂ ਦੀਆਂ ਘਟਨਾਵਾਂ, ਮੁਸਲਿਮ ਅਤੇ ਦਲਿਤਾਂ ਹਿੱਸਿਆਂ ਨੂੰ ਹਿੰਦੂ ਜਨੂੰਨ ਤਹਿਤ ਭੜਕਾਈਆਂ ਭੀੜਾਂ ਵੱਲੋਂ ਕੁੱਟ ਕੁੱਟ ਕੇ ਮਾਰਿਆ ਜਾ ਰਿਹਾ ਹੈ ਤਾਂ ਲੋਕਾਂ ਵਿੱਚ ਅਜਿਹੇ ਮਾਮਲਿਆਂ ਖਿਲਾਫ ਗੁੱਸਾ ਅਤੇ ਰੋਹ ਪਹਿਲਾਂ ਦੇ ਕਿਸੇ ਸਮੇਂ ਦੇ ਮੁਕਾਬਲੇ ਵਧੇਰੇ ਪ੍ਰਚੰਡ ਹੋ ਰਿਹਾ ਹੈ। ਅਜਿਹਾ ਕੁੱਝ ਹੀ ਮਨਜੀਤ ਧਨੇਰ ਨੂੰ ਦਿੱਤੀ ਗਈ ਸਜ਼ਾ ਦੇ ਖਿਲਾਫ ਵੀ ਜ਼ਾਹਰ ਹੋਇਆ ਹੈ।
ਮਨਜੀਤ ਧਨੇਰ ਨੂੰ ਦਿੱਤੀ ਗਈ ਗਲਤ ਸਜ਼ਾ ਨੂੰ ਰੱਦ ਕਰਵਾਉਣ ਦੀ ਮੰਗ ਕਰਨਾ ਇੱਕ ਵਾਜਬ ਅਤੇ ਹੱਕੀ ਮੰਗ ਹੈ, ਪਰ ਇਸ ਸਬੰਧੀ ਜਿਹੜੀ ਚਿੱਠੀ ਗਵਰਨਰ ਨੂੰ ਭੇਜੀ ਗਈ ਹੈ, ਉਸ ਵਿੱਚ ਇਸ ਸਜ਼ਾ ਨੂੰ ਰੱਦ ਕਰਵਾਉਣ ਦੀ ਮੰਗ ਕਰਨ ਦੀ ਥਾਂ ਮਨਜੀਤ ਨੂੰ ਦਿੱਤੀ ਗਈ ਸਜ਼ਾ ਮੁਆਫ ਕਰਨ ਦੀ ਮੰਗ ਕੀਤੀ ਗਈ ਹੈ। ਸਜ਼ਾ ਰੱਦ ਕਰਵਾਉਣ ਦੀ ਮੰਗ ਦਾ ਮਤਲਬ ਹੈ ਜਦੋਂ ਕੋਈ ਦੋਸ਼ ਕੀਤਾ ਹੀ ਨਹੀਂ ਤਾਂ ਫੇਰ ਸਜ਼ਾ ਕਾਹਦੀ? ਇਹ ਰੱਦ ਕੀਤੀ ਜਾਣੀ ਚਾਹੀਦੀ ਹੈ। ਪਰ ਜਦੋਂ ਮੁਆਫੀ (ਪਾਰਡਨ) ਮੰਗੀ ਜਾਂਦੀ ਹੈ ਤਾਂ ਇਸ ਦਾ ਅਰਥ ਆਪਣੇ ਵਿੱਚ ਗਲਤੀ ਨੂੰ ਸਵਿਕਾਰਦੇ ਹੋਏ ਉਸ ਦੀ  ਮੁਆਫੀ ਦੀ ਮੰਗ ਕਰਨਾ ਬਣ ਜਾਂਦਾ ਹੈ। ਅੰਗਰੇਜ਼ੀ ਸ਼ਬਦ ਪਾਰਡਨ ਦਾ ਅਰਥ ਮੁਆਫੀ, ਸਜ਼ਾ ਮੁਕਤੀ ਜਾਂ ਪਾਪ ਮੁਕਤੀ ਹੈ। ਇਸ ਦਾ ਮਤਲਬ ਹੈ ਕਿ ਕਿਸੇ ਵਿਅਕਤੀ ਕੋਲੋਂ ਗਲਤੀ ਹੋ ਗਈ ਹੈ, ਪਰ ਜਦੋਂ ਧੁਰ ਅੰਦਰਲੇ ਮਨੋਂ ਆਪਣੀ ਗਲਤੀ ਦਾ ਅਹਿਸਾਸ ਕਰਦਾ ਹੋਇਆ ਰਹਿਮ ਦੀ ਅਪੀਲ ਕਰਦਾ ਹੋਇਆ ਤਰਸ ਦਾ ਪਾਤਰ ਬਣਦਾ ਹੈ ਤਾਂ ਕਿਸੇ ਵੀ ਉੱਪਰਲੇ ਅਧਿਕਾਰੀ ਨੂੰ ਚਾਹੀਦਾ ਹੈ ਕਿ ਉਸ ਵੱਲੋਂ ਅੰਦਰਲੇ ਮਨੋਂ ਕੀਤੇ ਗਏ ਪਛਤਾਵੇ ਨੂੰ ਸਵਿਕਾਰਦੇ ਹੋਏ, ਉਸ ਦੇ ਗੁਨਾਹਾਂ ਨੂੰ ਮੁਆਫ ਕਰ ਦੇਵੇ। ਹੋਰ ਭਾਸ਼ਾ ਵਿੱਚ ਆਖਣਾ ਹੋਵੇ ਤਾਂ ਉਸ ਨੇ ਪਾਪ ਤਾਂ ਕੀਤਾ ਹੈ, ਪਰ ਹੁਣ ਉਸ ਨੂੰ ਆਪਣੇ ਗੁਨਾਹਾਂ ਦਾ ਅਹਿਸਾਸ ਹੋ ਗਿਆ ਹੈ, ਇਸ ਕਰਕੇ ਉਸ ਨੂੰ ਮੁਆਫ ਕਰ ਦੇਣਾ ਹੀ ਚਾਹੀਦਾ ਹੈ। ਇੱਥੇ ਦਲੀਲ ਨਿਰਦੋਸ਼ ਹੋਣ ਦੀ ਨਹੀਂ ਦਿੱਤੀ ਗਈ ਬਲਕਿ ਪਹਿਲਾਂ ਹੀ ਕੀਤੇ ਦੀ ਗਲਤੀ ਨੂੰ ਸਵਿਕਾਰਨ ਅਤੇ ਫੇਰ ਮੁਆਫੀ ਮੰਗਣ ਦਾ ਸਵਾਲ ਉਭਾਰਿਆ ਗਿਆ ਹੈ। ਯਾਨੀ ਜਦੋਂ ਮੁਆਫੀ ਹੀ ਮੰਗ ਲਈ ਤਾਂ ਫੇਰ ਸਜ਼ਾ ਕਾਹਦੀ ਤੇ ਕਿਉਂ? ਰਹਿਮ-ਦਿਲ ਇਨਸਾਨ ਅਜਿਹੀ ਮੁਆਫੀ ਮੰਗਣ ਵਾਲਿਆਂ ਨੂੰ ਮੁਆਫ ਕਰ ਹੀ ਦਿੰਦੇ ਹਨ। ਗਵਰਨਰ ਨੂੰ ਭੇਜੀ ਗਈ ਚਿੱਠੀ ਵਿੱਚ ਮੁਆਫੀ ਸ਼ਬਦ ਇੱਕ ਵਾਰ ਹੀ ਨਹੀਂ ਵਰਤਿਆ ਗਿਆ ਬਲਕਿ ਤਕਰੀਬਨ ਹਰ ਪਹਿਰੇ ਵਿੱਚ ਅਜਿਹੇ ਦਰਦ-ਭਰੇ ਲਹਿਜ਼ੇ ਵਿੱਚ ਬਿਆਨ ਕੀਤਾ ਗਿਆ ਹੈ ਕਿ ਗਵਰਨਰ ਦਾ ਮਨ ਮੁਜਰਿਮ ਦੀ ਤਰਸਯੋਗ ਹਾਲਤ ਦੇਖ ਕੇ ਪਸੀਜ ਜਾਵੇ। ਮਨਜੀਤ ਧਨੇਰ ਦੇ ਵਕੀਲਾਂ ਵੱਲੋਂ ਗਵਰਨਰ ਅੱਗੇ ਕਦੇ ਧੀਆਂ ਦੇ ਵਾਸਤੇ ਪਾਏ ਗਏ ਹਨ ਅਤੇ ਆਪਣੇ ਪੁੱਤਰ ਦੇ ਕੱਟੇ ਹੋਏ ਹੱਥ ਨੂੰ ਅੱਗੇ ਕਰਕੇ ਆਪਣੀ ਰਿਹਾਈ ਲਈ ਤਰਲੇ ਕੱਢੇ ਗਏ ਹਨ। ਉਸ ਨੂੰ ਜੇਲ੍ਹ ਦੇ ਸਮੇਂ ਦੌਰਾਨ ਅਧਿਕਾਰੀਆਂ ਦਾ ਬਹੁਤ ਹੀ ਆਗਿਆਕਾਰ, ਜਬਤਬੱਧ ਅਤੇ  ਸਾਊ ਬਣਾ ਕੇ ਪੇਸ਼ ਕੀਤਾ ਗਿਆ ਹੈ ਜਿਹੜਾ ਉਹਨਾਂ ਦੇ ਹਰ ਹੁਕਮ ਨੂੰ ਸਤਿਬਚਨ ਆਖ ਕੇ ਸਵਿਕਾਰਦਾ ਹੋਵੇ। ਜੇਕਰ ਕੋਈ ਵੀ ਇਨਕਲਾਬੀ ਜਮਹੂਰੀ ਲਹਿਰ ਦਾ ਝੰਡਾਬਰਦਾਰ ਅਖਵਾਉਣ ਵਾਲਾ ਬੰਦਾ ਹਾਕਮਾਂ ਅੱਗੇ ਇਸ ਹੱਦ ਤੱਕ ਲੇਲ੍ਹਕੜੀਆਂ ਕੱਢਣ ਤੱਕ ਜਾਂਦਾ ਹੋਵੇ ਤਾਂ ਉਹ ਬਾਹਰ ਆ ਕੇ ਹੋਰ ਕੁੱਝ ਕਰ ਸਕੇ ਜਾਂ ਨਾ ਪਰ ਹਾਕਮਾਂ ਅੱਗੇ ਅੱਖ ਚੁੱਕ ਕੇ ਗੱਲ ਨਹੀਂ ਕਰ ਸਕਦਾ।
ਜਿੱਥੋਂ ਤੱਕ ਆਮ ਲੋਕਾਂ ਦਾ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਦੀ ਜੱਦੋਜਹਿਦ ਦਾ ਸਵਾਲ ਹੈ ਇਹ ਤਾਂ ਦਰੁਸਤ ਹੈ— ਪਰ ਜਿੱਥੋਂ ਤੱਕ ਮੁਆਫੀਆਂ ਮੰਗਣ ਲਈ ਇਸ ਘੋਲ ਨੂੰ ਚਲਾਉਣ ਅਤੇ ਮਘਦਾ ਰੱਖਣ ਲਈ ਉਗਰਾਹਾਂ ਧਿਰ ਵੱਲੋਂ ਜਿੰਨਾ ਤਿੰਘਿਆ ਜਾ ਰਿਹਾ ਹੈ, ਇਹ ਬਾਹਰਮੁਖੀ ਹਕੀਕਤ ਦੀ ਸਚਾਈ ਨੂੰ ਬੁੱਝਦੇ ਹੋਏ ਜਮਾਤੀ ਘੋਲ ਨੂੰ ਤਿੱਖਾ ਕਰਕੇ ਲੋਕ-ਦੁਸ਼ਮਣਾਂ ਨੂੰ ਹਰਾਉਣ ਦੇ ਰਾਹ ਤੋਂ ਤਿਲ੍ਹਕਾਊ ਕਾਰਵਾਈ ਹੈ। ਇਹ ਘੋਲ ਬੀ.ਕੇ.ਯੂ. (ਡਕੌਂਦਾ) ਵੱਲੋਂ ਲੜਿਆ ਜਾ ਰਿਹਾ ਸੀ, ਬੀ.ਕੇ.ਯੂ. (ਉਗਰਾਹਾਂ) ਧਿਰ ਇਸ ਘੋਲ ਦੀ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੀ ਹੈ। ਇਹਨਾਂ ਦਾ ਅਜਿਹਾ ਅਮਲ ਪਹਿਲੀ ਵਾਰ ਦਾ ਵਰਤਾਰਾ ਨਹੀਂ ਹੈ। ਪਹਿਲਾਂ ਇਹਨਾਂ ਝਲੂਰ ਪਿੰਡ ਵਿੱਚ ਖੇਤ ਮਜ਼ਦੂਰਾਂ ਦੇ ਪੰਚਾਇਤੀ ਜ਼ਮੀਨ ਵਿੱਚੋਂ  ਆਪਣਾ ਹਿੱਸਾ ਹਾਸਲ ਕਰਨ ਲਈ ਚੱਲੇ ਘੋਲ ਨੂੰ ਵੀ ਅਗਵਾ ਕਰਨਾ ਚਾਹਿਆ ਸੀ। ਪਰ ਲੰਮੇ ਸਮੇਂ ਦੀ ਜੱਦੋਜਹਿਦ ਉਪਰੰਤ ਉਸ ਵਿੱਚੋਂ ਇਹਨਾਂ ਨੂੰ ਕੁੱਝ ਹਾਸਲ ਨਹੀਂ ਸੀ ਹੋਇਆ। ਇਹਨਾਂ ਨੇ ਮਨਜੀਤ ਭੁੱਚੋ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਚਾਰ ਮਹੀਨੇ ਬਾਅਦ ''ਟਿੰਡ ਵਿੱਚ ਕਾਨਾ'' ਪਾਇਆ ਸੀ ਪਰ ਉਸ ਦੇ ਰੌਲੇ ਗੌਲੇ ਵਿੱਚ ਇਹਨਾਂ ਨੂੰ ਕੁੱਝ ਵੀ ਹਾਸਲ ਨਹੀਂ ਸੀ ਹੋਇਆ। ਇਹਨਾਂ ਦੇ ਦਮਗਜ਼ੇ ਫੋਕੀਆਂ ਬੜਕਾਂ ਸਾਬਤ ਹੋਈਆਂ ਸਨ। ਇਹ ਕਦੇ ਚੰਡੀਗੜ੍ਹ ਵੱਲ ਵਹੀਰਾਂ ਘੱਤਣ ਦੇ ਬਿਆਨ ਦਾਗਦੇ ਹਨ ਅਤੇ ਕਦੇ ਮਟਕਾ ਚੌਕ ਘੇਰਨ ਦੇ ਪਰ ਇਹ ਹਾਕਮਾਂ ਦੀ ਇੱਕ ਘੁਰਕੀ ਅੱਗੇ ਥਾਏਂ ਹੀ ਬੈਠ ਜਾਂਦੇ ਹਨ। ਇਹਨਾਂ ਦੀ ਕਾਰਗੁਜਾਰੀ ਹੁਣ ''ਉੱਚੀ ਦੁਕਾਨ ਫਿੱਕਾ ਪਕਵਾਨ'' ਬਣ ਕੇ ਰਹਿ ਗਈ ਹੈ।
ਮਨਜੀਤ ਧਨੇਰ ਦੀ ਸਜ਼ਾ ਨੂੰ ਰੱਦ ਕਰਵਾਉਣ ਦਾ ਮਾਮਲਾ ਵੀ ਹੋਵੇ ਤਾਂ ਵੀ ਇਹ ਕੁੱਲ ਸਮੁੱਚਤਾ ਦਾ ਇੱਕ ਛੋਟਾ ਅੰਸ਼ ਬਣਦਾ ਹੈ। ਕਿਸਾਨਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਕਿਸਾਨ ਜਥੇਬੰਦੀ ਦੇ ਆਗੂ ਦੀ ਹੈਸੀਅਤ ਵਿੱਚ ਮਨਜੀਤ ਧਨੇਰ ਦਾ ਕਾਜ਼ ਇਹ ਬਣਦਾ ਸੀ ਕਿ ਉਹ ਕਿਸਾਨੀ ਦੇ ਹੱਕਾਂ ਅਤੇ ਹਿੱਤÎਾਂ ਲਈ ਆਪਣਾ ਤਾਣ ਲਾਉਂਦਾ। ਉਹ ਕਿਸਾਨਾਂ ਨੂੰ ਜਥੇਬੰਦ ਕਰਕੇ ਸੰਘਰਸ਼ਾਂ ਦੇ ਰਾਹ ਤੋਰਦਾ। ਇਸ ਰਾਹ 'ਤੇ ਤੁਰਦੇ ਹੋਏ ਨੂੰ ਜੋ ਮੁਸ਼ਕਲਾਂ, ਮੁਸੀਬਤਾਂ, ਔਖਿਆਈਆਂ, ਦੁੱਖ-ਤਕਲੀਫਾਂ ਆਦਿ ਝੱਲਣੀਆਂ ਪੈਂਦੀਆਂ ਉਹ ਝੱਲਦਾ। ਉਹ ਅਦਾਲਤ ਵਿੱਚ ਪੇਸ਼ ਹੋ ਕੇ ਜੇਲ੍ਹਾਂ ਵਿੱਚ ਜਾਣ ਦੀ ਥਾਂ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਚੇਤਨ ਕਰਨ ਅਤੇ ਸੰਘਰਸ਼ਾਂ ਦੇ ਰਾਹ ਪਾਉਂਦਾ। ਪਰ ਉਸਦੀ ਜਥੇਬੰਦੀ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਮੁਆਫੀਆਂ ਮੰਗ ਕੇ ਗੋਡੇ ਟੇਕਣ ਦੇ ਰਾਹ ਪਾ ਦਿੱਤਾ ਗਿਆ। ਜਿੱਥੋਂ ਤੱਕ ਉਗਰਾਹਾਂ ਧਿਰ ਦਾ ਮਾਮਲਾ ਬਣਦਾ ਸੀ ਉਸ ਨੂੰ ਕਿਸਾਨੀ ਦੇ ਬੁਨਿਆਦੀ ਮਸਲਿਆਂ- ਜ਼ਮੀਨ ਦੀ ਰਾਖੀ, ਕਰਜ਼ਿਆਂ ਤੋਂ ਮੁਕਤੀ ਲਈ ਤਿੱਖਾ ਅਤੇ ਖਾੜਕੂ ਸੰਘਰਸ਼ ਅਤੇ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਕੋਈ ਪਾਏਦਾਰ ਉਪਰਾਲੇ ਕਰਦੀ। ਪਰ ਉਸ ਨੇ ਬੁਨਿਆਦੀ ਮਸਲਿਆਂ ਤੋਂ ਪਾਸਾ ਵੱਟ ਕੇ ਦੋਮ ਦਰਜ਼ੇ ਦੇ ਮਾਮਲਿਆਂ ਨੂੰ ਹੱਥ ਲੈ ਕੇ ਆਪਣੀ ਫੋਕੀ ਭਲ ਬਣਾਈ ਰੱਖਣ ਦਾ ਯਤਨ ਕੀਤਾ ਹੈ। ਕਿਸਾਨੀ ਦੇ ਗੁੱਸੇ ਅਤੇ ਰੋਹ ਨੂੰ ਬੁਨਿਆਦੀ ਮਸਲਿਆਂ 'ਤੇ ਲਾਉਣ ਦੀ ਥਾਂ ਉਹਨਾਂ ਨੂੰ ਦੋਮ ਦਰਜੇ ਦੇ ਮਸਲਿਆਂ ਵੱਲ ਉਲਝਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਆਪਣੇ ਹੱਕਾਂ ਅਤੇ ਹਿੱਤਾਂ ਲਈ ਜੇਲ੍ਹਾਂ ਤਾਂ ਕੀ ਆਪਣੀਆਂ ਜਾਨਾਂ ਤੱਕ ਵੀ ਵਾਰਨੀਆਂ ਪੈ ਸਕਦੀਆਂ ਹਨ। ਪਰ ਤਿੱਖੇ ਅਤੇ ਖਾੜਕੂ ਘੋਲ ਕਰਨੇ ਨਾ ਮਨਜੀਤ ਧਨੇਰ ਦੀ ਧਿਰ ਦਾ ਮਾਮਲਾ ਹੈ ਅਤੇ ਨਾ ਹੀ ਉਗਰਾਹਾਂ ਧਿਰ ਦਾ।
ਮਨਜੀਤ ਧਨੇਰ ਨੂੰ ਹਜ਼ਾਰਾਂ ਲੋਕਾਂ ਦਾ ਇਕੱਠ ਕਰਕੇ ਜੇਲ੍ਹ ਵਿੱਚ ਭੇਜਣ ਦੀ ਥਾਂ ਲੋਕਾਂ ਦੇ ਜੰਗਲ ਵਿੱਚ ਲਿਜਾਣਾ ਚਾਹੀਦਾ ਸੀ, ਜਿੱਥੇ ਉਹ ਆਪਣੀ ਸਮਰੱਥਾ ਅਤੇ ਯੋਗਤਾ ਨੂੰ ਵਰਤੋਂ ਲਿਆਉਂਦੇ ਹੋਏ ਜਮਾਤੀ ਘੋਲਾਂ ਨੂੰ ਤਿੱਖਾ ਕਰਨ ਦੇ ਰਾਹ ਪੈਂਦਾ। ਪਰ ਅਜਿਹਾ ਹੋਣ ਨਾਲ ਉਸਦੇ ਵਾਰੰਟ ਨਿਕਲਣੇ ਸਨ। ਪੁਲਸ ਨੇ ਉਸਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਇਹਨਾਂ ਦੇ ਸਿਆਸੀ ਆਕਾਵਾਂ ਦੇ ਘਰੇ ਛਾਪੇ ਮਾਰਨੇ ਸਨ। ਪਰ ਅਜਿਹੀਆਂ ਕਿਸਾਨ ਜਥੇਬੰਦੀਆਂ ਅਤੇ ਇਹਨਾਂ ਨਾਲ ਸਬੰਧਤ ਸਿਆਸੀ ਧਿਰਾਂ ਦੇ ਆਗੂਆਂ ਵਿੱਚ ਹੁਣ ਇਹ ਤੰਤ ਅਤੇ ਦਮ ਨਹੀਂ ਰਿਹਾ ਕਿ ਉਹ ਤਿੱਖੇ ਜਮਾਤੀ ਘੋਲਾਂ ਦੇ ਰਾਹ ਪੈਂਦੇ ਹੋਏ ਗੁਪਤਵਾਸ ਜੀਵਨ ਬਤੀਤ ਕਰਨ ਵੱਲ ਨੂੰ ਤੁਰਨ ਬਲਕਿ ਉਹਨਾਂ ਨੂੰ ਇਸ ਸਮਾਜ ਦੇ ਰਵਾਇਤੀ ਰਿਸ਼ਤਿਆਂ ਵਿੱਚੋਂ ਜੋ ਸੁੱਖ-ਆਰਾਮ ਮਿਲਦਾ ਹੈ ਉਹ ਉਸੇ ਨੂੰ ਹੀ ਤਰਜੀਹ ਦਿੰਦੇ ਹੋਏ ਸਿਰਫ ਖੁੱਲ੍ਹੇ, ਕਾਨੂੰਨੀ ਅਤੇ ਜਨਤਕ ਘੋਲਾਂ ਦੇ ਮੁਦੱਈ ਹਨ, ਜਿਹਨਾਂ 'ਤੇ ਚੱਲਦੇ ਹੋਏ ਉਹਨਾਂ ਦੀ ਆਮ ਜ਼ਿੰਦਗੀ ਦੀ ਰਵਾਨਗੀ ਨੂੰ ਕੋਈ ਆਂਚ ਤੱਕ ਨਾ ਆਉਂਦੀ ਹੋਵੇ।
ਪਹਿਲਾਂ ਮਨਜੀਤ ਧਨੇਰ ਨੂੰ ਹਜ਼ਾਰਾਂ ਲੋਕਾਂ ਦੇ ਇਕੱਠ ਕਰਕੇ ਜੇਲ੍ਹ ਭੇਜਣਾ ਅਤੇ ਬਾਅਦ ਵਿੱਚ ਉਸਦੀ ਰਿਹਾਈ ਲਈ ਜੇਲ੍ਹ ਅੱਗੇ ਧਰਨੇ ਲਾਉਣੇ ਆਪਣੇ ਆਪ ਵਿੱਚ ਹੀ ਆਪਾ-ਵਿਰੋਧੀ ਮਾਮਲਾ ਬਣ ਜਾਂਦਾ ਹੈ। ਜੇਕਰ ਉਸਦੀ ਰਿਹਾਈ ਹੀ ਕਰਵਾਉਣੀ ਸੀ ਤਾਂ ਉਸ ਨੂੰ ਪੇਸ਼ ਹੀ ਕਿਉਂ ਕੀਤਾ ਗਿਆ? ਫੇਰ ਉਸ ਨੂੰ ਕੋਈ ਸਜ਼ਾ ਕਿਸੇ ਜੇਲ੍ਹ ਅਧਿਕਾਰੀ ਨੇ ਤਾਂ ਦਿੱਤੀ ਨਹੀਂ ਇਸ ਕਰਕੇ ਕਿਸੇ ਜੇਲ੍ਹ ਅੱਗੇ ਧਰਨਾ ਲਾਉਣ ਦੀ ਵੀ ਕੋਈ ਤੁਕ ਨਹੀਂ ਬਣਦੀ। ਜੇ ਕਿਸੇ ਧਿਰ ਨੇ ਅਦਾਲਤੀ ਫੈਸਲੇ ਖਿਲਾਫ ਧਰਨਾ ਲਾਉਣਾ ਸੀ ਤਾਂ ਉਸ ਨੂੰ ਚਾਹੀਦਾ ਸੀ ਕਿ ਉਹ ਦਿੱਲੀ ਸੁਪਰੀਮ ਕੋਰਟ ਅੱਗੇ ਧਰਨਾ ਲਾਉਂਦੀ ਜਾਂ ਚੰਡੀਗੜ੍ਹ ਹਾਈਕੋਰਟ ਅੱਗੇ ਧਰਨਾ ਲਾਉਂਦੀ। ਜੇਕਰ ਉਥੇ ਜਾਣ ਦੀ ਸਮਰੱਥਾ ਨਹੀਂ ਸੀ ਤਾਂ ਫੇਰ ਉਹ ਧਰਨਾ ਕਿਸੇ ਸੈਸਨ ਜੱਜ ਜਾਂ ਜ਼ਿਲ੍ਹਾ ਜੱਜ ਦੀ ਅਦਾਲਤ ਅੱਗੇ ਲਗਾਉਂਦੀ ਜਾਂ ਫੇਰ ਕਿਸੇ ਐਸ.ਡੀ.ਐਮ. ਦਫਤਰ ਅੱਗੇ ਹੀ ਲਾਉਂਦੀ ਕਿਸੇ ਨੂੰ ਸਮਝ ਆ ਸਕਦੀ ਕਿ ਕਿਸੇ ਅਦਾਲਤ ਦੇ ਕੀਤੇ ਗਲਤ ਫੈਸਲੇ ਦੇ ਵਿਰੁੱਧ ਕੋਈ ਰੋਸ ਪ੍ਰਗਟਾਇਆ ਜਾ ਰਿਹਾ ਹੈ। ਜੇਕਰ ਕਿਸੇ ਧਿਰ ਨੂੰ ਸਿਰਫ ਜੇਲ੍ਹ ਅੱਗੇ ਹੀ ਧਰਨਾ ਦੇਣਾ ਹੈ, ਕੱਲ੍ਹ ਨੂੰ ਜੇਕਰ ਅਧਿਕਾਰੀ ਮਨਜੀਤ ਧਨੇਰ ਦੀ ਬਦਲੀ ਪਠਾਣਕੋਟ ਜੇਲ੍ਹ ਵਿੱਚ ਕਰ ਦੇਣ ਤਾਂ ਕਿ ਇਹ ਧਿਰਾਂ ਪਠਾਣਕੋਟ ਜਾ ਕੇ ਧਰਨਾ ਲਾਉਣਗੀਆਂ? ਜਾਂ ਫੇਰ ਕਸ਼ਮੀਰੀ ਖਾੜਕੂਆਂ ਵਾਂਗ ਜੇਕਰ ਯੂ.ਪੀ., ਬਿਹਾਰ ਜਾਂ ਮੱਧ ਪ੍ਰਦੇਸ਼ ਦੀਆਂ  ਜੇਲ੍ਹਾਂ ਜਾਂ ਕਾਲੇ ਪਾਣੀ ਲਿਜਾ ਸੁੱਟਿਆ ਕੀ ਉੱਥੇ ਜਾ ਕੇ ਵੀ ਇਹ ਧਰਨੇ ਲਾਉਣਗੀਆਂ? ਇਹ ਉੱਚ ਅਧਿਕਾਰੀਆਂ ਨੂੰ ਵੀ ਪਤਾ ਹੈ ਕਿ ਧਰਨੇ ਲਾਉਣ ਵਰਗੀਆਂ ਅਜਿਹੀਆਂ ਧਿਰਾਂ ਦੀ ਭਾਰੂ ਲੀਡਰਸ਼ਿੱਪ ਮਹਿਜ਼ ਖਾਨਾਪੂਰਤੀ ਕਰ ਰਹੀ ਹੈ, ਇਸ ਕਰਕੇ ਉਹ ਇਸ ਮਾਮਲੇ ਨੂੰ ਕੋਈ ਬਹੁਤੀ ਗੰਭੀਰਤਾ ਨਾਲ ਨਹੀਂ ਲੈ ਰਹੇ।
ਕਰੋੜਾਂ ਰੁਪਏ ਖਰਚ ਕੇ ਧਰਨੇ ਲਾਉਣ ਵਾਲੀਆਂ ਧਿਰਾਂ ਮਹਿਜ਼ ਪ੍ਰਚਾਰ ਜ਼ਰੀਏ ਹੀ ਮਨਜੀਤ ਧਨੇਰ ਦੀ ਰਿਹਾਈ ਕਰਵਾਉਣਾ ਚਾਹੁੰਦੀਆਂ ਹਨ। ਪਰ ਸੂਬਾਈ ਕਾਂਗਰਸ ਸਰਕਾਰ ਚੋਣਾਂ ਨੇੜੇ ਹੋਣ ਕਾਰਨ ਅਜੇ ਕਿਸੇ ਕਿਸਮ ਦੇ ਸਿਆਸੀ ਹਰਜ਼ੇ ਦੀ ਕੋਈ ਗੁੰਜਾਇਸ਼ ਨਹੀਂ ਹੈ, ਇਸ ਕਰਕੇ ਉਹ ਅਜਿਹੇ ਧਰਨੇ ਲਾਉਣ ਵਾਲੀਆਂ ਧਿਰਾਂ ਨੂੰ ਲਾਰੇ ਲਾ ਕੇ ਮਸਲੇ ਨੂੰ ਲਮਕਾਉਣਾ ਅਤੇ ਟਰਕਾਉਣਾ ਚਾਹੁੰਦੀ ਹੈ। ਜਾਂ ਫੇਰ ਝਲੂਰ ਮਸਲੇ ਜਾਂ ਮਨਜੀਤ ਭੁੱਚੋ ਦੇ ਕੇਸ ਵਾਂਗ ਲੰਮੇ ਸਮੇਂ ਦੇ ਅਰਸੇ ਵਿੱਚ ਕਿਸਾਨ ਸਰਗਰਮੀ ਫੂਕ ਕੱਢ ਕੇ ਇਸ ਦੀ ਤਾਕਤ ਦਾ ਥੋਥ ਨੰਗਾ ਕਰਕੇ ਲੋਕਾਂ ਵਿੱਚ ਬੇਦਿਲੀ, ਨਿਰਾਸ਼ਾ, ਉਪਰਾਮਤਾ ਦਾ ਅਹਿਸਾਸ ਲੱਦਣਾ ਚਾਹੁੰਦੀ ਹੈ। ਉਂਝ ਵੀ ਜੇਕਰ ਐਨਾ ਖਰਚਾ ਅਤੇ ਖੇਚਲ ਝੱਲ ਕੇ ਸਿਰਫ ਇੱਕ ਵਿਅਕਤੀ ਦੀ ਰਿਹਾਈ ਹੀ ਕਰਵਾਈ ਕਿਸੇ ਬੁਨਿਆਦੀ ਮਸਲੇ ਨੂੰ ਹੱਥ ਤੱਕ ਨਾ ਪਾਇਆ ਤਾਂ ਇਹ ਕੁੱਝ ਸਮੁੱਚਤਾ ਵਿੱਚ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਸਮਝੀ ਜਾ ਸਕਦੀ। ਲੋਕਾਂ ਦੀ ਖਰੀ ਧਿਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਉਹਨਾਂ ਦੇ ਬੁਨਿਆਦੀ ਮਸਲਿਆਂ 'ਤੇ ਲਾਮਬੰਦ ਕਰਕੇ ਹਾਕਮਾਂ ਦੇ ਨਾਸਂੀਂ ਧੂੰਆਂ ਲਿਆਉਣ ਦੇ ਸੰਘਰਸ਼ਾਂ ਦੇ ਰਾਹ ਪੈਣ। ਫੇਰ ਜੇਲ੍ਹਾਂ ਵਿੱਚ ਇਕੱਲਾ ਮਨਜੀਤ ਧਨੇਰ ਹੀ ਨਹੀਂ ਹੋਵੇਗਾ ਬਲਕਿ ਸੈਂਕੜੇ-ਹਜ਼ਾਰਾਂ ਹੀ ਹੋਰ ਕਿਸਾਨ-ਮਜ਼ਦੂਰ ਵੀ ਉਸਦੇ ਹਮਸਫਰ ਬਣਨਗੇ। ਪਰ ਅਜਿਹਾ ਕੁੱਝ ਕਰ ਸਕਣਾ ਮੌਜੂਦਾ ਭਾਰੂ ਲੀਡਰਸ਼ਿੱਪਾਂ ਦੇ ਵਸ ਦਾ ਰੋਗ ਨਹੀਂ ਜਾਪਦਾ।

ਮਨਜੀਤ ਭੁੱਚੋ ਦੀ ਖੁਦਕੁਸ਼ੀ ਉਪਰੰਤ ਦਿੱਤੇ ਧਰਨੇ

ਮਨਜੀਤ ਭੁੱਚੋ ਦੀ ਖੁਦਕੁਸ਼ੀ ਉਪਰੰਤ ਦਿੱਤੇ ਧਰਨੇ
ਦਿਸ਼ਾ ਕਿੱਧਰ ਨੂੰ?
ਮਨਜੀਤ ਸਿੰਘ ਭੁੱਚੋਂ ਕਿਸਾਨ ਜਥੇਬੰਦੀ ਦਾ ਅਣਥੱਕ ਵਰਕਰ ਸੀ। ਉਹ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਖਤਰਿਆਂ ਨੂੰ ਮੁੱਲ ਲੈ ਜਾਂਦਾ ਰਿਹਾ ਹੈ। ਉਸ ਨੇ ਕਿਸਾਨ ਹਿਤਾਂ ਦੀ ਖਾਤਰ ਦੀ ਜੇਲ੍ਹ ਯਾਤਰਾ ਵੀ ਕੀਤੀ ਸੀ। ਉਹ ਅਡੋਲ ਰਹਿਣ ਵਾਲਾ ਬੰਦਾ ਸੀ। ਉਸ ਵਿੱਚ ਕੁੱਝ ਕਰ ਗੁਜ਼ਰਨ ਦੀ ਭਾਵਨਾ ਸੀ। ਉਸ ਵਿੱਚ ਸਾਫਗੋਈ ਸੀ। ਉਹ ਆਮ ਕਿਸਾਨਾਂ ਵਿੱਚ ਘੁਲਿਆ-ਮਿਲਿਆ ਰਹਿਣ ਵਾਲਾ ਬੰਦਾ ਸੀ। ਅਨੇਕਾਂ ਦੇ ਦੁੱਖਾਂ-ਤਕਲੀਫਾਂ ਦਾ ਸਾਹਮਣਾ ਵੀ ਉਹ ਕਰਦਾ ਰਿਹਾ ਸੀ ਪਰ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰਿਆ ਹੋਇਆ ਪ੍ਰਤੀਤ ਕਰਦਾ ਕਰਦਾ ਆਖਰ ਖੁਦਕੁਸ਼ੀ ਕਰ ਗਿਆ। ਲੋਕਾਂ ਦੀ ਖਾਤਰ ਖਤਰੇ ਸਹੇੜਨ ਵਾਲਾ ਮਨਜੀਤ ਭੁੱਚੋਂ ਖੁਦ ਹੀ ਖੁਦਕੁਸ਼ੀ ਕਰ ਗਿਆ ਹੋਵੇ ਇਹ ਆਪਣੇ ਆਪ ਵਿੱਚ ਸੋਚਣ ਵਾਲਾ ਮਸਲਾ ਬਣ ਜਾਂਦਾ ਹੈ ਖਾਸ ਕਰਕੇ ਉਦੋਂ ਜਦੋਂ ਕਿਸਾਨ ਜਥੇਬੰਦੀ ਦਾ ਇਲਾਕੇ ਪੱਧਰਾ ਆਗੂ ਹੋਵੇ ਅਤੇ ਉਸ ਦੇ ਨਾਂ ਦੀ ਚਰਚਾ ਦੂਰ ਦੂਰ ਤੱਕ ਫੈਲੀ ਹੋਵੇ। 
45 ਸਾਲ ਨੂੰ ਢੁਕਿਆ ਮਨਜੀਤ ਭੁੱਚੋ ਪਿਛਲੇ 25 ਸਾਲਾਂ ਤੋਂ ਕਿਸਾਨ ਜਥੇਬੰਦੀ ਵਿੱਚ ਸਰਗਰਮੀ ਨਾਲ ਕੰਮ ਕਰਦਾ ਰਿਹਾ। ਉਸ ਦਾ ਜਨਮ ਹੋਇਆ ਹੀ ਅਜਿਹੇ ਪਿੰਡ ਵਿੱਚ ਸੀ ਜਿੱਥੇ ਨਕਸਲਬਾੜੀ ਲਹਿਰ ਦਾ ਪੁਰਾਣਾ ਅਸਰ ਰਿਹਾ ਹੈ। ਆਪਣੇ ਆਪ ਨੂੰ ਨਕਸਲਬਾੜੀ ਲਹਿਰ ਦਾ ਝੰਡਾਬਰਦਾਰ ਅਖਵਾਉਣ ਵਾਲਾ ਹਰਭਜਨ ਸੋਹੀ ਇਸੇ ਹੀ ਪਿੰਡ ਵਿੱਚ ਵਿਆਹਿਆ ਹੋਇਆ ਸੀ। ਯਾਨੀ ਇੱਕ ਤਰ੍ਹਾਂ ਨਾਲ ਮਨਜੀਤ ਭੁੱਚੋਂ ਦਾ ਬਚਪਨ ਇਨਕਲਾਬੀ ਸਰਗਰਮੀਆਂ ਦੇ ਮਾਹੌਲ ਵਿੱਚ ਵਿਚਰਿਆ। ਇਸੇ ਪਿੰਡ ਦਾ ਦਲੀਪ ਸਿੰਘ ਆਪਣੇ ਸਮਿਆਂ ਵਿੱਚ ਨਾਟਕਾਂ ਰਾਹੀਂ ਇਨਕਲਾਬੀ ਲਹਿਰ ਦਾ ਪ੍ਰਚਾਰ ਕਰਿਆ ਕਰਦਾ ਸੀ। ਇਸੇ ਹੀ ਤਰ੍ਹਾਂ ਹੋਰ ਵੀ ਅਨੇਕਾਂ ਕਮਿਊਨਿਸਟ ਅਖਵਾਉਣ ਵਾਲੇ ਇਸ ਪਿੰਡ ਵਿੱਚ ਆਉਂਦੇ-ਜਾਂਦੇ ਰਹੇ ਹਨ। ਉਂਝ ਇਹ ਵੀ ਇੱਕ ਦੁਖਾਂਤ ਹੀ ਆਖੋ ਕਿ ਦਲੀਪ ਸਿੰਘ ਵੀ ਆਪਣੇ ਆਖਰੀ ਸਮਿਆਂ ਵਿੱਚ ਖੁਦਕੁਸ਼ੀ ਕਰਕੇ ਹੀ ਮਰਿਆ ਸੀ।
ਮਨਜੀਤ ਸਿੰਘ ਭੁੱਚੋ ਨੇ ਆਪਣੇ ਹਿੱਸੇ ਦੀ ਕੁੱਝ ਜ਼ਮੀਨ-ਜਾਇਦਾਦ ਵੇਚ ਕੇ ਉਸਦੇ ਪੈਸੇ ਆੜ੍ਹਤੀਏ ਕੋਲ ਰੱਖੇ ਹੋਏ ਸਨ। ਪਰ ਇਹਨਾਂ ਪੈਸਿਆਂ ਸਬੰਧੀ ਲਿਖਾ-ਪੜ੍ਹੀ ਕੋਈ ਨਹੀਂ ਸੀ ਹੋਈ ਹੋਈ। ਜਦੋਂ ਉਸ ਨੂੰ ਪੈਸਿਆਂ ਦੀ ਲੋੜ ਪਈ ਉਹ ਆਪਣੇ ਇੱਕ ਹੋਰ ਸਾਥੀ ਨਾਲ ਆੜ੍ਹਤੀਆਂ ਕੋਲ ਪੈਸੇ ਲੈਣ ਗਿਆ। ਆੜ੍ਹਤੀਆਂ ਦੀ ਨੀਤ ਵਿੱਚ ਖੋਟ ਸੀ। ਉਹ ਪੈਸੇ ਦੇਣ ਦੀ ਥਾਂ ਮਨਜੀਤ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਲੱਗੇ। ਉਹਨਾਂ ਨੇ ਇਸ 'ਤੇ ਹਮਲਾ ਕਰਨ ਲਈ ਪਿੱਛਾ ਵੀ ਕੀਤਾ। ਪਰ ਮਨਜੀਤ ਉਹਨਾਂ ਹੱਥੋਂ ਬਚ ਕੇ ਨਿਕਲ ਆਇਆ। ਉਸ ਨੇ ਆਉਂਦੀ ਸਾਰ ਹੀ ਥਾਣੇ ਵਿੱਚ ਆਪਣੇ ਉੱਪਰ ਹੋਏ ਹਮਲੇ ਦੀ ਰਿਪੋਰਟ ਵੀ ਦਰਜ਼ ਕਰਵਾਈ। ਪਰ ਪੁਲਸ ਨੇ ਫੌਰੀ ਤੌਰ 'ਤੇ ਕੋਈ ਕਾਰਵਾਈ ਨਹੀਂ ਕੀਤੀ। 
ਮਨਜੀਤ ਸਿੰਘ ਨੇ ਘਰ ਆ ਕੇ ਇਹ ਸਾਰੀ ਘਟਨਾ ਆਪਣੇ ਜ਼ਿਲ੍ਹੇ ਦੇ ਆਗੂਆਂ ਨੂੰ ਦੱਸੀ, ਜਿਹਨਾਂ 'ਤੇ ਇਸ ਨੂੰ ਵਿਸ਼ਵਾਸ਼ ਸੀ ਕਿ ਸ਼ਾਇਦ ਉਹ ਇਸਦੀ ਕੁੱਝ ਨਾ ਕੁੱਝ ਫੌਰੀ ਮੱਦਦ ਕਰ ਸਕਣ। ਪਰ ਨਾ ਜ਼ਿਲ੍ਹੇ ਅਤੇ ਨਾ ਹੀ ਬਲਾਕ ਦੇ ਆਗੂਆਂ ਨੇ ਉਸਦੀ ਕਿਸੇ ਗੱਲ ਨੂੰ ਕੋਈ ਵਜ਼ਨ ਦਿੱਤਾ। ਦੂਸਰੇ ਦਿਨ ਸਵੇਰੇ ਵੀ ਉਸਨੇ ਆਪਣੀ ਮੱਦਦ ਲਈ ਅਨੇਕਾਂ ਪਾਸੇ ਅਰਜੋਈ ਕੀਤੀ, ਪਰ ਜਦੋਂ ਕਿਸੇ ਪਾਸਿਉਂ ਕੋਈ ਢਾਰਸ ਨਾ ਮਿਲੀ ਤਾਂ ਬਦਜ਼ਨ ਹੋਏ ਮਨਜੀਤ ਨੇ ਦੁਪਹਿਰ ਵੇਲੇ ਜ਼ਹਿਰ ਪੀ ਕੇ ਆਪੇ ਨੂੰ ਮਾਰਨ ਦਾ ਰਾਹ ਅਖਤਿਆਰ ਕਰ ਲਿਆ। ਕਈ ਦਿਨ ਹਸਪਤਾਲ ਰਹਿਣ ਉਪਰੰਤ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। 
ਮਨਜੀਤ ਸਿੰਘ ਭੁੱਚੋ ਦਾ ਚੁੱਪ-ਚਾਪ ਸਸਕਾਰ ਕਰ ਦਿੱਤਾ ਗਿਆ। ਉਸ ਦਾ ਸ਼ਰਧਾਂਜਲੀ ਸਮਾਗਮ ਵੀ ਕਰ ਦਿੱਤਾ ਗਿਆ। ਉੱਥੇ ਜ਼ਿਲ੍ਹੇ ਦੇ ਆਗੂਆਂ ਸਮੇਤ ਸੂਬੇ ਦੇ ਆਗੂ ਵੀ ਪਹੁੰਚੇ ਹੋਏ ਸਨ। ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਭੇਟ ਕੀਤੀ। ਪਰ ਕਿਸੇ ਨੇ ਇਹ ਭਾਫ ਤੱਕ ਨਹੀਂ ਸੀ ਕੱਢੀ ਕਿ ਮਨਜੀਤ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਕੀ ਕੀ ਅਰਜੋਈਆਂ ਕਰਦਾ ਰਿਹਾ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਰਗਿਆਂ ਨੇ ਤਾਂ ਉਸ ਸਮੇਂ ਇਹ ਸਵਿਕਾਰਿਆ ਸੀ ਕਿ ਕੁੱਝ ਨਾ ਕੁੱਝ ਤੇ ਕਿਤੇ ਨਾ ਕਿਤੇ ਉਹਨਾਂ ਕੋਲੋਂ ਮਨਜੀਤ ਨੂੰ ਸਮਝਣ ਵਿੱਚ ਫਰਕ ਰਿਹਾ ਪਰ 'ਸੁਰਖ ਲੀਹ' ਵਾਲਿਆਂ ਇਸ ਘਟਨਾ ਪਿੱਛੋਂ ਜੋ ਲੇਖ ਲਿਖਿਆ ਉਸਦਾ ਸਾਰਤੱਤ ਇਹ ਸੀ ਕਿ ਮਨਜੀਤ ਮਨ-ਮੱਤੀਆ ਸੀ। ਉਹ ਆਪਣੇ ਵਿਅਕਤੀਵਾਦ ਵਿੱਚੋਂ ਅਜਿਹਾ ਕਦਮ ਚੁੱਕ ਗਿਆ। ਉਸ ਨੂੰ ਇਉਂ ਪੇਸ਼ ਕੀਤਾ ਗਿਆ ਜਿਵੇਂ ਕਿਤੇ ਉਸਦਾ ਇਨਕਲਾਬੀ ਲਹਿਰ ਨਾਲ ਕੋਈ ਵਾਸਤਾ ਨਹੀਂ ਸੀ। ਉਹ ਆਪਣੀ ਹੀ ਅੰਤਰਮੁਖਤਾ ਅਤੇ ਵਿਚਾਰਧਾਰਕ-ਸਿਆਸੀ ਕਮਜ਼ੋਰੀ ਵਿੱਚੋਂ ਖੁਦਕੁਸ਼ੀ ਕਰ ਗਿਆ ਹੋਵੇ। 
ਇਸ ਘਟਨਾ ਦੀ ਚਰਚਾ ਜਿਵੇਂ ਅਖਬਾਰਾਂ ਅਤੇ ਸੋਸ਼ਲ ਮੀਡੀਏ 'ਤੇ ਹੋਈ ਅਤੇ ਪੰਜਾਬੀ ਟ੍ਰਿਬਿਊਨ ਨੇ ਤਾਂ ਸੰਪਾਦਕੀ ਤੱਕ ਵੀ ਲਿਖਿਆ ਸੀ ਤਾਂ ਇਹ ਘਟਨਾ ਪੰਜਾਬ ਦੇ ਇਨਕਲਾਬੀ-ਜਮਹੂਰੀ ਹਲਕਿਆਂ ਸਮੇਤ ਸਭਨਾਂ ਹੀ ਕਿਰਤੀ-ਕਮਾਊ ਲੋਕਾਂ ਵਿੱਚ ਵਾਦ-ਵਿਵਾਦ ਚੱਲਦਾ ਰਿਹਾ। ਸਵਾਲ ਇਹੋ ਜਿਹੇ ਉੱਠਣ ਲੱਗੇ ਕਿ ਜੇਕਰ ਕਿਸਾਨਾਂ ਦੀ ਅਗਵਾਈ ਕਰਨ ਵਾਲਾ ਮਨਜੀਤ ਭੁੱਚੋ ਖੁਦਕੁਸ਼ੀ ਕਰ ਗਿਆ ਜਾਂ ਇਸ ਤੋਂ ਪਹਿਲਾਂ ਨਥਾਣੇ ਬਲਾਕ ਦਾ ਕਿਸਾਨ ਆਗੂ ਖੁਦਕੁਸ਼ੀ ਕਰ ਗਿਆ ਹੋਵੇ ਜਾਂ ਫੇਰ ਬਠਿੰਡੇ ਅਤੇ ਘਰਾਚੋਂ ਆਦਿ ਥਾਵਾਂ 'ਤੇ ਕਿਸਾਨ ਜਥੇਬੰਦੀ ਵੱਲੋਂ ਖੁਦਕੁਸ਼ੀਆਂ ਅਤੇ ਕਰਜ਼ਿਆਂ ਦੇ ਸਬੰਧ ਵਿੱਚ ਲਾਏ ਜਾ ਰਹੇ ਧਰਨਿਆਂ ਵਿੱਚ ਹੀ ਕਿਸਾਨ ਖੁਦਕੁਸ਼ੀਆਂ ਕਰ ਗਏ ਹੋਣ ਤਾਂ ਇਹ ਸਵਾਲ ਅਤੇ ਸੰਸੇ ਉੱਠਣੇ ਸੁਭਾਵਿਕ ਹੀ ਹਨ ਕਿ ਕਿਸਾਨਾਂ ਦੇ ਕਰਜ਼ਿਆਂ ਦੀ ਮੁਕਤੀ ਅਤੇ ਆੜ੍ਹਤੀਆਂ ਸੂਦਖੋਰਾਂ ਦੀ ਜਲਾਲਤ ਕਦੋਂ ਤੇ ਕਿਵੇਂ ਖਤਮ ਹੋਵੇਗੀ? 
ਕਿਸਾਨ ਜਥੇਬੰਦੀ ਵੱਲੋਂ ਪਹਿਲਾਂ ਪਹਿਲ ਮਨਜੀਤ ਭੁੱਚੋ ਦੀ ਖੁਦਕੁਸ਼ੀ ਨੂੰ ਹਾਰਟ ਅਟੈਕ ਦਾ ਨਾਂ ਦੇ ਕੇ ਆਪਣੀਆਂ ਸਫਾਂ ਕੋਲੋਂ ਇਹ ਗੱਲ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਵੱਲੋਂ ਖੁਦਕੁਸ਼ੀ ਕੀਤੇ ਨੂੰ ਚਾਰ ਕੁ ਮਹੀਨੇ ਬੀਤ ਚੁੱਕੇ ਸਨ ਤਾਂ ਬੀ.ਕੇ.ਯੂ. (ਉਗਰਾਹਾਂ) ਧਿਰ ਨੂੰ ਇਹ ਖਿਆਲ ਆ ਗਿਆ ਕਿ ਉਸਦੀ ਖੁਦਕੁਸ਼ੀ ਲਈ ਜੁੰਮੇਵਾਰ ਆੜ੍ਹਤੀਏ ਹਨ। ਉਹਨਾਂ ਨੇ ਆੜ੍ਹਤੀਏ ਦੀ ਗ੍ਰਿਫਤਾਰੀ ਲਈ ਐਫ.ਆਈ.ਆਰ. ਦਰਜ਼ ਕਰਨ ਦੀ ਮੰਗ ਕੀਤੀ। ਮੰਗ ਪੂਰੀ ਨਾ ਹੋਣ ਦੀ ਸੂਰਤ ਵਿੱਚ ਬਠਿੰਡਾ ਜ਼ਿਲ੍ਹਾ ਕਮੇਟੀ ਵੱਲੋਂ ਧਰਨਾ ਦੇਣ ਦਾ ਪ੍ਰੋਗਰਾਮ ਉਲੀਕ ਦਿੱਤਾ ਤੇ ਅਣ-ਮਿਥੇ ਸਮੇਂ ਧਰਨਾ ਸ਼ੁਰੂ ਵੀ ਕਰ ਦਿੱਤਾ। ਸਥਾਨਕ ਲੇਡੀ-ਥਾਣੇਦਾਰ 'ਤੇ ਇਹ ਦਬਾਅ ਪਾਇਆ ਗਿਆ ਕਿ ਉਹ ਮੁਢਲੀ ਰਿਪੋਰਟ ਦਰਜ਼ ਕਰੇ। ਪਰ ਉਹ ਕਹਿੰਦੀ ਕਿ ਜੇਕਰ ਰਿਪੋਰਟ ਦਰਜ਼ ਕਰਵਾਉਣੀ ਸੀ ਤਾਂ ਇਹ ਉਦੋਂ ਹੀ ਕਰਵਾਉਣੀ ਚਾਹੀਦੀ ਸੀ। ਉਦੋਂ ਕਿਉਂ ਨਹੀਂ ਕਰਵਾਈ। ਹੁਣ ਇਹ ਤਫਤੀਸ਼ ਦਾ ਮਾਮਲਾ ਬਣਦਾ ਹੈ। ਕਈ ਦਿਨ ਇਹ ਮਾਮਲਾ ਲਟਕਿਆ ਰਿਹਾ। ਕਿਸਾਨਾਂ ਦੇ ਮੁਕਾਬਲੇ ਆੜ੍ਹਤੀਆਂ ਨੇ ਵੀ ਧਰਨਾ ਲਾ ਦਿੱਤਾ। ਉਹ ਕਿਸਾਨ ਜਥੇਬੰਦੀ ਵੱਲੋਂ  ਪਾਏ ਜਾ ਰਹੇ ਦਬਾਅ ਨੂੰ 'ਧੱਕੇਸ਼ਾਹੀ' ਦੇ ਰੂਪ ਪੇਸ਼ ਕਰ ਰਹੇ ਸਨ। ਖੈਰ ਜਦੋਂ ਕਈ ਦਿਨ ਕਿਸਾਨ ਧਰਨਾ ਚੱਲਦਾ ਰਿਹਾ ਤਾਂ ਐਸ.ਐਸ.ਪੀ. ਨੇ ਮੁਢਲੀ ਰਿਪੋਰਟ ਦਰਜ਼ ਕਰਨ ਦਾ ਭਰੋਸਾ ਦੇ ਕੇ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਅਣ-ਮਿਥੇ ਸਮੇਂ ਦਾ ਧਰਨਾ ਚੌਥੇ ਕੁ ਦਿਨ ਚੁਕਵਾ ਦਿੱਤਾ। 
ਅਜੇ ਦੋ ਕੁ ਮਹੀਨੇ ਨਹੀਂ ਸਨ ਬੀਤੇ ਕਿ ਪੁਲਸ ਨੇ ਅਦਾਲਤ ਵਿੱਚ ਮਨਜੀਤ ਭੁੱਚੋ ਦੇ ਕੇਸ ਸਬੰਧੀ ਆੜ੍ਹਤੀਆਂ ਦੇ ਖਿਲਾਫ ਦਿੱਤੀ ਮੁਢਲੀ ਰਿਪੋਰਟ ਨੂੰ ਵਾਪਸ ਲੈ ਲਿਆ। ਕਿਸਾਨ ਜਥੇਬੰਦੀ ਲਈ ਇਹ ਉਂਝ ਹੀ ਨਮੋਸ਼ੀ ਦਾ ਸਵਾਲ ਬਣ ਗਿਆ ਕਿ ਜੇਕਰ ਅਸੀਂ ਕੁੱਝ ਕਰਵਾ ਹੀ ਨਾ ਸਕੇ ਤਾਂ ਫੇਰ ਸਾਡੀ ਕੀ ਰਹੂ? ਹੁਣ ਉਹਨਾਂ ਨੇ ਐਸ.ਐਸ.ਪੀ. ਬਠਿੰਡਾ ਦੇ ਖਿਲਾਫ ਸੂਬਾ ਪੱਧਰੀ ਧਰਨਾ ਲਾ ਦਿੱਤਾ ਕਿ ਐਸ.ਐਸ.ਪੀ. ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਉਸ ਨੇ ਮੁਢਲੀ ਰਿਪੋਰਟ ਵਾਪਸ ਕਿਉਂ ਲਈ ਹੈ। ਬਠਿੰਡਾ ਵਿੱਚ ਦਿੱਤਾ ਜਾਣ ਵਾਲਾ ਧਰਨਾ ਪੁਲਸ ਬਠਿੰਡੇ ਲੱਗਣ ਹੀ ਨਾ ਦਿੱਤਾ। ਭੁੱਚੋ ਵਿਖੇ ਧਰਨੇ ਉਪਰੰਤ ਡੀ.ਆਈ.ਜੀ. ਪੁਲਸ ਨੇ ਆ ਕੇ ਐਸ.ਐਸ.ਪੀ. ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਧਰਨਾ ਚੁਕਵਾ ਦਿੱਤਾ। ਉਸ ਤੋਂ ਬਾਅਦ ਕੀ ਹੋਇਆ? ਇਹ ਕੁੱਝ ਅਖਬਾਰਾਂ ਜਾਂ ਪ੍ਰਚਾਰ ਮੀਡੀਏ ਵਿੱਚ ਤਾਂ ਆਇਆ ਨਹੀਂ। ਕੀ ਕਿਸਾਨ ਜਥੇਬੰਦੀ ਅੰਦਰ ਹੀ ਅੰਦਰ ਸਰਕਾਰ ਨਾਲ ਕੋਈ ਗਿੱਟ-ਮਿੱਟ ਕਰ ਗਈ ਹੈ? ਜਾਂ ਵੈਸੇ ਹੀ ਨਿਸੱਤੀ ਹੋ ਕੇ ਦੜ ਵੱਟ ਗਈ? 
ਵੈਸੇ ਕਿਸਾਨ ਕਰਜ਼ੇ ਦਾ ਮਸਲਾ ਜਾਂ ਆੜ੍ਹਤੀਆਂ ਖਿਲਾਫ ਕੋਈ ਕਾਰਵਾਈ ਕਰਨ-ਕਰਵਾਉਣ ਦਾ ਮਾਮਲਾ ਹੋਵੇ ਇਹ ਕਿਸਾਨੀ ਦੇ ਜ਼ਮੀਨੀ ਸਵਾਲ ਨਾਲ ਜੁੜਿਆ ਹੋਇਆ ਬੁਨਿਆਦੀ ਸਵਾਲ ਹੈ। ਬੁਨਿਆਦੀ ਸਵਾਲਾਂ ਦਾ ਹੱਲ ਮੀਟਿੰਗਾਂ, ਰੈਲੀਆਂ, ਧਰਨੇ-ਮੁਜਾਹਰਿਆਂ ਜਾਂ ਮਹਿਜ਼ ਪ੍ਰਚਾਰ ਸਰਗਰਮੀਆਂ ਨਾਲ ਹੀ ਨਹੀਂ ਹੋਣਾ ਹੁੰਦਾ। ਇਹਨਾਂ ਦੀ ਖਾਤਰ ਖਾੜਕੂ, ਤਿੱਖੇ, ਲਮਕਵੇਂ ਸੰਘਰਸ਼ਾਂ ਦੇ ਰਾਹ ਪੈਣਾ ਹੁੰਦਾ ਹੈ। ਇਹਨਾਂ ਰਾਹਾਂ 'ਤੇ ਚੱਲਦੇ ਹੋਏ ਗੁੰਡਿਆਂ, ਪੁਲਸੀ ਜਬਰ, ਲਾਠੀਆਂ ਗੋਲੀਆਂ, ਜੇਲ੍ਹਾਂ, ਫਾਂਸੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਿਰ-ਧੜ ਦੀ ਬਾਜ਼ੀ ਦੇ ਮਾਮਲੇ ਬਣਦੇ ਹਨ। ਅਜਿਹੇ ਘੋਲ ਲੜਨ ਲਈ ਤਿਆਗ, ਕੁਰਬਾਨੀ, ਜੂਝ-ਮਰਨ ਦੇ ਚਾਅ ਦੀ ਜ਼ਰੂਰਤ ਹੁੰਦੀ ਹੈ। ਪਰ ਮੌਜੂਦਾ ਕਿਸਾਨ ਜਥੇਬੰਦੀਆਂ ਅਤੇ ਆਪਣੇ ਆਪ ਨੂੰ ਇਨਕਲਾਬੀ ਅਖਵਾਉਣ ਵਾਲੀਆਂ ਬਹੁਤੀਆਂ ਧਿਰਾਂ ਦੀਆਂ ਲੀਡਰਸ਼ਿੱਪਾਂ ਵਿੱਚ ਅਜਿਹੇ ਗੁਣਾਂ ਦੀ ਅਣਹੋਂਦ ਹੈ। ਇਹਨਾਂ ਲੀਡਰਸ਼ਿੱਪਾਂ ਦੇ ਬਹੁਤੇ ਆਗੂ ਆਪਣੀ ਸੁਖ-ਆਰਾਮ ਦੀ ਜ਼ਿੰਦਗੀ ਨੂੰ ਛੱਡਣਾ ਨਹੀਂ ਚਾਹੁੰਦੇ। ਉਹ ਘੜੰਮ-ਚੌਧਰੀ ਬਣੇ ਦੋਮ ਦਰਜ਼ੇ ਦੇ ਮੁੱਦਿਆਂ ਉੱਪਰ ਘੋਲ ਸਰਗਰਮੀਆਂ ਦਾ ਵਿਖਾਵਾ ਕਰਕੇ ਆਪਣੀ ਫੋਕੀ ਭਲ ਬਣਾਈ ਰੱਖਣ ਵਿੱਚ ਲੱਗੇ ਹੋਏ ਹਨ। ਬੁਨਿਆਦੀ ਸਵਾਲਾਂ ਦੀ ਖਾਤਰ ਕਸ਼ਮੀਰ ਦੇ ਲੋਕ ਜੂਝ ਰਹੇ ਹਨ, ਮੱਧ ਭਾਰਤ ਦੇ ਆਦਿਵਾਸੀ ਜੂਝ ਰਹੇ ਹਨ, ਉੱਤਰ-ਪੂਰਬੀ ਸੂਬਿਆਂ ਦੇ ਲੋਕ ਜੂਝ ਰਹੇ ਹਨ, ਦੁਸ਼ਮਣ ਦੀਆਂ ਹਥਿਆਰਬੰਦ ਸ਼ਕਤੀਆਂ ਦਾ ਟਾਕਰਾ ਆਪਣੀ ਹਥਿਆਰਬੰਦ ਤਾਕਤ ਰਾਹੀਂ ਕਰ ਰਹੇ ਹਨ ਤਾਂ ਅਜਿਹੇ ਮਾਮਲਿਆਂ ਵਿੱਚ ਪੈ ਕੇ ਉਹ ਖੁਦਕੁਸ਼ੀਆਂ ਦੇ ਰਾਹ ਪੈਣ ਦੀ ਥਾਂ ਮਰਜੀਵੜੇ ਬਣ ਕੇ ਆਪਣੇ ਹੱਕਾਂ ਅਤੇ ਹਿੱਤਾਂ ਲਈ ਅਮਰ ਹੋ ਰਹੇ ਹਨ। ਪੰਜਾਬ ਦੇ ਲੋਕ ਜਦੋਂ ਤੱਕ ਆੜ੍ਹਤੀਆਂ, ਸੂਦਖੋਰਾਂ, ਜਾਗੀਰਦਾਰਾਂ ਅਤੇ ਇਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਸਿਆਸਤਦਾਨਾਂ ਦੀ ਦਹਿਸ਼ਤ ਦੇ ਮੁਕਾਬਲੇ ਆਪਣੀ ਜੂਝਾਰੂ ਸ਼ਕਤੀ ਉਸਾਰਦੇ ਹੋਏ ਟਾਕਰੇ ਦੇ ਰਾਹ ਨਹੀਂ ਪੈਂਦੇ ਮਨਜੀਤ ਭੁੱਚੋ ਵਰਗਿਆਂ ਦੀਆਂ ਖੁਦਕੁਸ਼ੀਆਂ ਦੇ ਵਰਤਾਰਿਆਂ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ।

ਇੱਕ ਪਰਿਵਾਰ ਦੀਆਂ ਚਾਰ ਪੀੜੀਆਂ 'ਚ ਪੰਜਵੀਂ ਖੁਦਕੁਸ਼ੀ

ਸਿਖਰਾਂ ਛੂਹ ਰਿਹਾ ਕਿਸਾਨੀ ਸੰਕਟ 
ਇੱਕ ਪਰਿਵਾਰ ਦੀਆਂ ਚਾਰ ਪੀੜੀਆਂ 'ਚ ਪੰਜਵੀਂ ਖੁਦਕੁਸ਼ੀ
ਸਤੰਬਰ ਦੇ ਦੂਸਰੇ ਹਫਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦੇ ਨੌਜਵਾਨ ਕਿਸਾਨ ਲਵਪ੍ਰੀਤ ਵੱਲੋਂ ਕੀਤੀ ਗਈ ਖੁਦਕੁਸ਼ੀ ਕਰਜ਼ੇ ਦੀ ਮਾਰ ਹੇਠ ਆਏ ਪੰਜਾਬ ਦੀ ਕਿਸਾਨੀ ਦੀ ਤਰਾਸਦੀ ਦੀ ਉੱਘੜਵੀਂ ਮਿਸਾਲ ਬਣ ਕੇ ਸਾਹਮਣੇ ਆਈ  ਹੈ। ਲਵਪ੍ਰੀਤ ਦੀ ਖੁਦਕੁਸ਼ੀ ਆਪਣੇ ਪਰਿਵਾਰ ਵਿੱਚ ਕਿਸਾਨੀ ਦਾ ਕਿੱਤਾ ਕਰਨ ਵਾਲੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਦੀ ਕਹਾਣੀ ਹੈ। ਲਵਪ੍ਰੀਤ ਵੱਲੋਂ ਖੁਦਕੁਸ਼ੀ ਕਰਨ ਤੋਂ ਡੇਢ ਕੁ ਸਾਲ ਪਹਿਲਾਂ  ਇਸਦੇ ਪਿਤਾ ਕੁਲਵੰਤ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਕਰਜ਼ੇ ਦੀ ਮਾਰ ਹੇਠ ਪਿਓ-ਪੁੱਤ ਵੱਲੋਂ ਹੀ ਖੁਦਕੁਸ਼ੀ ਨਹੀਂ ਕੀਤੀ ਗਈ ਬਲਕਿ ਇਸ ਤੋਂ ਪਹਿਲਾਂ ਲਵਪ੍ਰੀਤ ਦਾ ਦਾਦਾ, ਦਾਦੇ ਦਾ ਭਰਾ ਅਤੇ ਉਸਦੇ ਪੜਦਾਦੇ ਵੱਲੋਂ ਵੀ ਕਰਜ਼ੇ ਦੀ ਮਾਰ ਹੇਠ ਆਏ ਹੋਣ ਕਰਕੇ ਖੁਦਕੁਸ਼ੀਆਂ ਕੀਤੀਆਂ ਗਈਆਂ ਸਨ। ਯਾਨੀ ਪੰਜਾਬ ਦੀ ਕਿਸਾਨੀ ਸਬੰਧੀ ਜਿਹੜਾ ਇਹ ਆਖਿਆ ਜਾਂਦਾ ਹੈ ਕਿ ਪੰਜਾਬ ਦੀ ਕਿਸਾਨੀ ਕਰਜ਼ੇ ਵਿੱਚ ਜੰਮਦੀ ਹੈ, ਕਰਜ਼ੇ ਵਿੱਚ ਪਲਦੀ ਹੈ, ਕਰਜ਼ੇ ਵਿੱਚ ਹੀ ਜ਼ਿੰਦਗੀ ਗੁਜ਼ਾਰਦੀ ਹੈ, ਕਰਜ਼ੇ ਵਿੱਚ ਹੀ ਮਰਦੀ ਹੈ ਅਤੇ ਅਗਾਂਹ ਆਪਣੇ ਬੱਚਿਆਂ ਸਿਰ ਵੀ ਕਰਜ਼ੇ ਦੀ ਪੰਡ ਛੱਡ 
ਜਾਂਦੀ ਹੈ, ਇਹ ਕੁੱਝ ਅੱਜ ਦੇ ਸਮਿਆਂ ਦਾ ਸੱਚ ਬਣਿਆ ਹੋਇਆ ਹੈ। 
ਕਿਸਾਨੀ ਦੀ ਮੰਦਹਾਲੀ ਦਾ ਕਾਰਨ ਦਾ ਇਹ ਨਹੀਂ ਕਿ ਕਿਸਾਨ ਆਪ ਮਿਹਨਤ ਨਹੀਂ ਕਰਦਾ ਬਲਕਿ ਇਹ ਕਿਸਾਨੀ ਦੀ ਹੁੰਦੀ ਅੰਨ੍ਹੀਂ ਲੁੱਟ-ਖਸੁੱਟ ਹੈ, ਜਿਹੜੀ ਉਸ ਨੂੰ ਮੰਦਹਾਲੀ ਦੀ ਦਲਦਲ ਵਿੱਚ ਧੱਕਦੀ ਹੈ। ਜਦੋਂ ਪੀੜ੍ਹੀ ਦਰ ਪੀੜ੍ਹੀ ਕਿਸਾਨੀ ਦੀ ਹਾਲਤ ਨੂੰ ਦੇਖਦੇ ਹਾਂ ਪਤਾ ਲੱਗਦਾ ਹੈ ਕਿ ਕਿਸਾਨਾਂ ਨੇ ਆਪ ਕਦੇ ਚੱਜ ਦਾ ਖਾ-ਪੀ ਕੇ ਜਾਂ ਹੰਢਾ ਕੇ ਨਹੀਂ ਦੇਖਿਆ। ਕਿਸਾਨਾਂ ਨੇ ਸਾਰਾ ਸਾਲ ਮਿੱਟੀ ਨਾਲ ਮਿੱਟੀ ਹੋ ਕੇ, ਕੜਕਦੀਆਂ ਧੁੱਪਾਂ, ਕਕਰਾਲੀਆਂ ਰਾਤਾਂ, ਭਾਦੋਂ ਦੇ ਹੁੰਮਸ ਵਿੱਚ ਮੁੜ੍ਹਕੇ ਨਾਲ ਮੁੜ੍ਹਕਾ ਹੋ ਕੇ ਕੰਮ ਕੀਤਾ ਹੁੰਦਾ ਹੈ। ਡੰਗਰ-ਪਸ਼ੂਆਂ ਨੂੰ ਸਾਂਭਣ ਦੀ ਗੱਲ ਹੋਵੇ ਇਹ ਦੇਖਣ ਵਿੱਚ ਵੀ ਆਉਂਦਾ ਹੈ ਕਿ ਕਿਸਾਨੀ ਆਪਣੇ ਡੰਗਰ-ਪਸ਼ੂਆਂ ਦੀ ਸਾਂਭ ਸੰਭਾਲ ਲਈ ਦਿਨ ਰਾਤ ਇੱਕ ਕਰਦੇ ਹਨ, ਉਹਨਾਂ ਨੂੰ ਕੱਖ-ਪੱਠਾ ਦੇ ਇੰਤਜ਼ਾਮ ਕਰਦੇ ਹਨ, ਗੋਹਾ-ਕੂੜਾ ਕਰਦੇ ਹਨ। ਪਸ਼ੂਆਂ ਵਿੱਚ ਕੰਮ ਕਰਦੇ ਹੋਏ ਪਸ਼ੂਆਂ ਵਰਗੀ ਹਾਲਤ ਨੂੰ ਤਨ 'ਤੇ ਹੰਢਾਉਣਾ ਪੈਂਦਾ ਹੈ। 
ਕਿਸਾਨ ਕਣਕ, ਝੋਨੇ, ਨਰਮੇ, ਗੰਨੇ ਦੇ ਅੰਬਾਰ ਲਗਾ ਦਿੰਦੇ ਹਨ, ਪਰ ਫਸਲਾਂ ਦੇ ਜੋ ਭਾਅ ਮਿਲਦੇ ਹਨ ਉਸ ਤੋਂ ਕਿਤੇ ਜ਼ਿਆਦਾ ਇਹਨਾਂ ਦੀ ਲਾਗਤ ਕੀਮਤ ਵਧਦੀ ਜਾਂਦੀ ਹੈ। ਕਿਸਾਨ ਨਾ ਆਪਣੀ ਮਰਜੀ ਨਾਲ ਆਪਣੀ ਕੀਤੀ ਪੈਦਾਵਾਰ ਨੂੰ ਵੇਚ ਸਕਦਾ ਹੈ ਅਤੇ ਨਾ ਹੀ ਉਸ ਨੂੰ ਲਾਗਤ ਵਸਤਾਂ ਸਸਤੀਆਂ ਜਾਂ ਮੁਨਾਸਬ ਕੀਮਤਾਂ 'ਤੇ ਹਾਸਲ ਹੁੰਦੀਆਂ ਹਨ। ਪੰਜਾਬ ਵਿੱਚ ਅਖੌਤੀ ਹਰੇ ਇਨਕਲਾਬ ਦੀ ਮਾਰ ਹੇਠ ਤਕਰੀਬਨ ਸਾਰੀ ਹੀ ਕਿਸਾਨੀ ਆਈ ਹੋਈ ਹੈ। ਹਰੇ ਇਨਕਲਾਬ ਦੌਰਾਨ ਇੱਥੇ ਪੈਦਾ ਹੋਣ ਵਾਲੀਆਂ ਰਵਾਇਤੀ ਫਸਲਾਂ ਦੀ ਥਾਂ ਜਿਹੜੀਆਂ ਵੀ ਵਪਾਰਕ ਫਸਲਾਂ ਬੀਜੀਆਂ ਗਈਆਂ ਉਹਨਾਂ ਦੇ ਮੋਟੇ ਮੁਨਾਫੇ ਆੜ੍ਹਤੀਆਂ, ਸੂਦਖੋਰਾਂ ਜਾਂ ਸਾਮਰਾਜ ਦੀ ਭਗਤੀ ਕਰਨ ਵਾਲੇ ਵਪਾਰੀਆਂ ਨੂੰ ਹੋਏ ਹਨ। ਜਦੋਂ ਕੋਈ ਵੀ ਫਸਲ ਕਿਸਾਨਾਂ ਕੋਲੋਂ ਖਰੀਦੀ ਜਾਂਦੀ ਹੈ ਤਾਂ ਉਸਦੇ ਭਾਅ ਘੱਟ ਤੋਂ ਘੱਟ ਹੁੰਦੇ ਹਨ ਪਰ ਜਦੋਂ ਉਹ ਆਮ ਕਿਸਾਨ ਦੇ ਹੱਥੋਂ ਨਿੱਕਲ ਜਾਂਦੀ ਹੈ ਤਾਂ ਉਸਦੇ ਭਾਅ ਡੇਢੇ-ਦੁੱਗਣੇ ਹੋ ਕੇ ਖਪਤਕਾਰਾਂ ਦੀ ਅੰਨ੍ਹੀਂ ਲੁੱਟ ਦਾ ਕਾਰਨ ਬਣਦੇ ਹਨ। ਕਿਸਾਨ ਆਮ ਤੌਰ ਜਦੋਂ ਆਖਦੇ ਹਨ ਕਿ ਉਹ ਕਣਕ  ਜਾਂ ਝੋਨਾ ਮੰਡੀ ਵਿੱਚ ਸੁੱਟ ਆਏ ਹਨ ਤਾਂ ਇਸ ਵਿੱਚੋਂ ਹੀ ਉਹਨਾਂ ਦੀ ਮਨੋਦਸ਼ਾ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਆਪਣੀ ਮਰਜੀ ਦੇ ਭਾਅ ਕਦੇ ਵੀ ਹਾਸਲ ਨਹੀਂ ਕਰਦੇ ਬਲਕਿ ਉਹਨਾਂ ਲਈ ਫਸਲ ਵੀ ਇੱਕ ਤਰ੍ਹਾਂ ਦਾ ਭਾਰ ਹੀ ਬਣੀ ਹੁੰਦੀ ਹੈ, ਜਿਸ ਤੋਂ ਜਲਦੀ ਤੋਂ ਜਲਦੀ ਸੁਰਖਰੂ ਹੋਣਾ ਚਾਹੁੰਦੇ ਹੁੰਦੇ ਹਨ। ਕਿਸਾਨ ਦੀ ਫਸਲ ਅਜੇ ਖੇਤਾਂ ਵਿੱਚ ਹੀ ਖੜ੍ਹੀ ਹੁੰਦੀ ਹੈ ਜਦੋਂ ਆੜ੍ਹਤੀਏ, ਸੂਦਖੋਰ ਅਤੇ ਵਪਾਰੀ ਕਦੇ ਉਸਦੇ ਘਰ ਆ ਕੇ ਅਤੇ ਕਦੇ ਉਸ ਨੂੰ ਫੋਨ ਕਰਕੇ ਜਾਂ ਸੁਨੇਹੇ ਭੇਜ ਕੇ ਕਰਜ਼ਈ ਹੋਣ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। 
ਜਦੋਂ ਕਿਸੇ ਕਿਸਾਨ ਨੇ ਪਹਿਲਾਂ ਹੀ ਮਿੰਨਤਾਂ ਤਰਲੇ ਕਰਕੇ ਕਰਜ਼ਾ ਲਿਆ ਹੋਵੇ ਤਾਂ ਉਸਦੀ ਕਾਣੀ ਹੋਈ ਜਮੀਰ ਐਨਾ ਕਹਿਣ ਦੀ ਹਿੰਮਤ ਨਹੀਂ ਪੈਂਦੀ ਕਿ ਜੇਕਰ ਉਹ ਫਸਲ ਦਾ ਵਾਜਬ ਮੁੱਲ ਨਹੀਂ ਪਾਉਂਦਾ ਤਾਂ ਉਹ ਆਪਣੀ ਫਸਲ ਕਿਸੇ ਹੋਰ ਕੋਲ ਵੇਚਣ ਲਈ ਲਿਜਾ ਸਕਦਾ ਹੈ। ਕਿਸਾਨ ਦੀਆਂ ਜਦੋਂ ਮੁਢਲੀਆਂ ਲੋੜਾਂ ਦੀ ਪੂਰਤੀ ਵੀ ਨਹੀਂ ਹੁੰਦੀ ਤਾਂ ਉਸ ਵਿੱਚ ਨਿਰਾਸ਼ਾ ਅਤੇ ਉਦਾਸੀ ਦਾ ਆਲਮ ਛਾ ਜਾਂਦਾ ਹੈ। ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਕੇ ਨਸ਼ਿਆਂ ਅਤੇ ਦਵਾਈਆਂ ਦੀ ਵਰਤੋਂ ਕਰਨ ਦੇ ਆਦੀ ਬਣ ਜਾਂਦੇ ਹਨ। ਉਹਨਾਂ ਦੇ ਮਾਨਸਿਕ ਤਣਾਅ ਦੇ ਅਸਲ ਕਾਰਨਾਂ ਨੂੰ ਟਿੱਕਣ ਦੀ ਥਾਂ ਹਾਕਮ ਜਮਾਤੀ ਪਾਰਟੀਆਂ ਦੇ ਬੁੱਧੀਜੀਵੀ ਅਤੇ ਇਹਨਾਂ ਦਾ ਪ੍ਰਚਾਰ-ਪ੍ਰਸਾਰ ਮੀਡੀਆ ਕਿਸਾਨਾਂ ਵੱਲੋਂ ਸ਼ਰਾਬਾਂ ਪੀਣ ਅਤੇ ਆਪਣੇ ਬੱਚਿਆਂ ਦੇ ਵਿਆਹ-ਸ਼ਾਦੀਆਂ ਉੱਪਰ ਬੇਥਵੇ ਖਰਚ ਕਰਨ ਦੇ ਦੋਸ਼ ਮੜ੍ਹਦੇ ਹਨ। ਇਹ ਕੁੱਝ ਹਾਕਮ ਜਮਾਤੀ ਮੀਡੀਏ ਦਾ ਕੋਰਾ ਝੂਠ ਹੈ, ਜੇਕਰ ਸਿਰਫ ਸ਼ਰਾਬ ਪੀਣ ਨਾਲ ਹੀ ਕੋਈ ਕਰਜ਼ਈ ਹੋ ਜਾਂਦਾ ਹੈ ਤਾਂ ਆੜ੍ਹਤੀਏ, ਉੱਚ-ਅਫਸਰ, ਵੱਡੇ ਹੋਟਲਾਂ ਵਿੱਚ ਹਜ਼ਾਰਾਂ ਰੁਪਏ ਵਾਲੀਆਂ ਬੋਤਲਾਂ ਵਾਲੇ ਸਭ ਤੋਂ ਵੱਡੇ ਕਰਜ਼ਈ ਹੁੰਦੇ। ਅੰਬਾਨੀ-ਅਡਾਨੀ ਅਤੇ ਜੈ ਲਲਿਤਾ ਵਰਗੇ ਸਿਆਸਤਦਾਨ ਜਿਹੜੇ ਆਪਣੇ ਬੱਚਿਆਂ ਦੇ ਵਿਆਹਾਂ 'ਤੇ ਸੈਂਕੜੇ ਕਰੋੜ ਰੁਪਏ ਖਰਚਦੇ ਹਨ, ਉਹ ਸਭ ਤੋਂ ਵੱਡੇ ਕਰਜ਼ਈ ਹੋਣੇ ਸਨ। ਪਰ ਉਹਨਾਂ ਦੀਆਂ ਆਮਦਨਾਂ ਵਿੱਚ ਆਏ ਸਾਲ ਅਰਬਾਂ ਰੁਪਏ ਦੇ ਮੁਨਾਫੇ ਜੁੜਦੇ ਰਹਿੰਦੇ ਹਨ। 
ਕਿਸਾਨੀ ਦੇ ਕਰਜ਼ਈ ਹੋਣ ਦਾ ਕਾਰਨ ਉਹਨਾਂ ਦੇ ਸਿਰ ਚੜ੍ਹੇ ਕਰਜ਼ੇ, ਸੂਦਖੋਰੀ ਲੁੱਟ, ਫਸਲਾਂ ਦੇ ਵਾਜਬ ਭਾਅ ਨਾ ਮਿਲਣੇ ਅਤੇ ਲਾਗਤ ਵਸਤਾਂ (ਖਾਦ, ਤੇਲ, ਬੀਜ, ਮਸ਼ੀਨਰੀ, ਬੀਜ, ਕੀਟ-ਨਾਸ਼ਕ ਤੇ ਨਦੀਨ ਨਾਸਕ ਦਵਾਈਆਂ ਆਦਿ) ਦੀ ਅੰਨ੍ਹੀਂ ਲੁੱਟ-ਖਸੁੱਟ ਹੈ। ਜਦੋਂ ਤੱਕ ਕਿਸਾਨਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਕੋਲੋਂ ਉਹਨਾਂ ਦੀ ਖੁੱਸੀ ਹੋਈ ਜ਼ਮੀਨ ਦੀ ਵਾਪਸੀ ਨਹੀਂ ਹੁੰਦੀ, ਸੂਦਖੋਰੀ ਅਤੇ ਬੈਂਕਿੰਗ ਪ੍ਰਬੰਧ ਦੀ ਲੁੱਟ-ਖੋਹ ਬੰਦ ਨਹੀਂ ਹੁੰਦੀ, ਸਾਮਰਾਜੀ ਕਾਰਪੋਰੇਟ ਘਰਾਣਿਆਂ ਦੀ ਅੰਨ੍ਹੀਂ ਲੁੱਟ ਬੰਦ ਨਹੀਂ ਹੁੰਦੀ ਓਨੀ ਦੇਰ ਤੱਕ ਆਮ ਕਿਸਾਨੀ ਦੇ ਕਰਜ਼ਿਆਂ ਦੀ ਸਮੱਸਿਆ ਬਣੀ ਰਹੇਗੀ। ਅਜਿਹਾ ਕੁੱਝ ਕਰਨ ਲਈ ਕਿਸਾਨ ਜਥੇਬੰਦੀਆਂ ਦੀਆਂ ਰਵਾਇਤੀ ਸਰਗਰਮੀਆਂ ਹੀ ਕਾਫੀ ਨਹੀਂ ਸਗੋਂ ਮਾਮਲੇ ਦੀ ਤਿੱਖ, ਗੰਭੀਰਤਾ ਅਨੁਸਾਰ ਨਾ ਸਿਰਫ ਸਿਰੜੀ ਘੋਲ ਵਿੱਢਣੇ ਪੈਣਗੇ ਸਗੋਂ ਜਥੇਬੰਦੀਆਂ ਦੀ ਇਨਕਲਾਬੀ ਕਾਇਆਪਲਟੀ ਦਾ ਕਾਰਜ ਵੀ ਹੱਥ ਲੈਣਾ ਪਵੇਗਾ। ਜ਼ਰੱਈ ਸੰਘਰਸ਼ਾਂ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੋਵੇਗਾ।  

ਘੋਲਾਂ 'ਚੋਂ ਉੱਭਰੀ ਸੀ ਪੰਜਾਬ ਸਟੂਡੈਂਟਸ ਯੂਨੀਅਨ

5 ਅਤੇ 7 ਅਕਤੂਬਰ ਮੋਗਾ ਘੋਲ ਦੇ ਸ਼ਹੀਦਾਂ ਨੂੰ ਸਮਰਪਤ:
ਘੋਲਾਂ 'ਚੋਂ ਉੱਭਰੀ ਸੀ ਪੰਜਾਬ ਸਟੂਡੈਂਟਸ ਯੂਨੀਅਨ
-ਸੁਖਦੇਵ ਸਿੰਘ ਪਾਂਧੀ
.......ਪੰਜਾਬ ਸਟੂਡੈਂਟਸ ਯੂਨੀਅਨ ਦਾ ਅਸਲੀ ਤੇ ਪਾਏਦਾਰ ਸਰੂਪ 5 ਅਤੇ 7 ਅਕਤੂਬਰ 1972 ਨੂੰ ਵਾਪਰੇ ਮੋਗਾ ਗੋਲੀ ਕਾਂਡ ਦੀ ਬਦੌਲਤ ਹੀ ਉਭਰਿਆ। ਪੰਜਾਬ ਦੇ ਵਿਦਿਆਰਥੀ ਵਰਗ ਵਲੋਂ ਮੋਗੇ ਵਿਖੇ ਹੋਏ ਕਤਲੇਆਮ ਨੂੰ ਆਪਣੀ ਆਨ-ਸ਼ਾਨ ਤੇ ਵਿਰਸੇ ਉੱਪਰ ਹੋਏ ਗੰਭੀਰ ਹਮਲੇ ਵਜੋਂ ਲਿਆ ਗਿਆ। ਵਿਦਿਆਰਥੀ ਵਰਗ ਦਾ ਵਿਦਿਅਕ ਸੰਸਥਾਵਾਂ ਵਿੱਚੋਂ ਨਿਕਲਕੇ ਸੜਕਾਂ, ਚੁਰਾਹਿਆਂ, ਪਿੰਡਾਂ-ਖੇਤਾਂ ਦੀਆਂ ਪਗਡੰਡੀਆਂ ਤੇ ਕੱਚੇ ਰਾਹਾਂ ਵੱਲ ਕੂਚ, ਇਕ ਨਿਵੇਕਲਾ ਤੇ ਸੁਰਖ਼ ਭਾਅ ਮਾਰਦਾ ਵਰਤਾਰਾ ਸੀ, ਜਿਸਨੂੰ ਪੰਜਾਬ ਦੇ ਲੋਕਾਂ ਨੇ ਬੇਗਰਜ਼ ਤੇ ਬੇਖੌਫ਼ ਸ਼ਮੂਲੀਅਤ ਕਰਦੇ ਹੋਏ ਤਾਕਤਵਰ ਕੀਤਾ। ਇਸ ਘੋਲ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਤੋਂ ਇਲਾਵਾ ਲੋਕਾਈ ਦੇ ਹੋਰ ਹਿੱਸਿਆਂ ਨੇ ਵੀ ਜ਼ਰਬਾਂ ਦੇਣ ਵਾਲਾ, ਖ਼ੂਬਸੂਰਤ ਤੇ ਕੁਰਬਾਨੀ ਭਰਿਆ ਰੋਲ ਨਿਭਾਇਆ। ਇਸ ਤਰ੍ਹਾਂ ਇਹ ਵਿਦਿਆਰਥੀਆਂ ਦਾ ਘੋਲ ਨਾ ਰਹਿ ਕੇ ਲੋਕ ਘੋਲ ਦਾ ਰੁਤਬਾ ਪਾ ਚੁੱਕਾ ਸੀ। ਇਸ ਘੋਲ ਨੇ ਪੰਜਾਬ ਦੀਆਂ ਇਨਕਲਾਬੀ ਧਿਰਾਂ ਨੂੰ ਆਪਣੀ-ਆਪਣੀ ਜਨਤਕ ਜਥੇਬੰਦੀਆਂ ਪ੍ਰਤੀ ਜਥੇਬੰਦਕ, ਵਿਚਾਰਧਾਰਕ ਅਤੇ ਐਜ਼ੀਟੇਸ਼ਨਲ ਸਮਝ ਨੂੰ ਘੜਨ, ਤਰਾਸ਼ਣ ਅਤੇ ਅਮੀਰੀ ਬਖ਼ਸ਼ਣ ਵਾਲਾ ਮੌਕਾ ਮੁਹੱਈਆ ਕਰ ਦਿੱਤਾ ਸੀ। ਇਹ ਇਤਿਹਾਸ ਦਾ ਅਜੇਹਾ ਮੌਕਾਮੇਲ ਸੀ ਜਿਥੇ ਇਨਕਲਾਬੀ ਧਿਰਾਂ ਵੱਲੋਂ ਸਿਖਾਉਣ ਵਾਲਾ ਪੱਖ ਦੂਸਰੇ ਦਰਜੇ ਦਾ ਸੀ ਇੱਥੇ ਲਹਿਰ ਤੋਂ ਸਿੱਖਣ ਦਾ ਵਰਤਾਰਾ ਜਾਂ ਘਟਨਾਕ੍ਰਮ ਫੈਸਲਾਕੁੰਨ ਬਣ ਚੁੱਕਿਆ ਸੀ। ਇਹ ਵਿਦਿਆਰਥੀ ਤੇ ਲੋਕ ਰੋਹ ਦਾ ਅਜੇਹਾ ਧੱਕੜ ਫੁਟਾਰਾ ਸੀ ਜਿਸਨੇ ਵਿਦਿਆਰਥੀ ਆਗੂਆਂ ਤੇ ਧੜੱਲੇਦਾਰ ਵਰਕਰਾਂ-ਹਮਦਰਦਾਂ ਦੇ ਪੂਰਾਂ ਦੇ ਪੂਰ ਤਿਆਰ ਕਰਕੇ ਦਿੱਤੇ। ਸਹੀ ਅਰਥਾਂ ਵਿੱਚ ਇਹ ਅਜੇਹਾ ਤਿੱਖਾ ਤੇ ਬੇਪ੍ਰਵਾਹ ਘੋਲ ਸੀ, ਜਿਸਨੇ ਇਨਕਲਾਬੀ ਧਿਰਾਂ ਨੂੰ ਬਹੁਤ ਕੁਝ ਦਿੱਤਾ। 
......ਕੀ ਮੋਗਾ ਘੋਲ ਦੀ ਵਿਰਾਸਤ ਵਜੋਂ ਉਭਰਿਆ ਸਾਂਝੀ ਜਥੇਬੰਦੀ ਦਾ ਮਾਡਲ ਕਾਰਗਰ ਸੀ ਜਾਂ ਹਰ ਧਿਰ ਦੀ ਹਰ ਪੱਧਰ 'ਤੇ ਵੱਖਰੀ ਜਥੇਬੰਦੀ ਦਾ ਜੇਬੀ ਮਾਡਲ ਸਹੀ ਹੈ? ਅਮਲ ਨੇ ਪਹਿਲੇ ਨੂੰ ਸਹੀ ਤੇ ਦੂਸਰੇ ਨੂੰ ਗਲਤ ਸਿੱਧ ਕੀਤਾ ਹੈ। ਸਾਂਝੀ ਜਥੇਬੰਦੀ ਦੇ ਜਾਨਦਾਰ ਅਤੇ ਸ਼ਾਨਦਾਰ ਨਮੂਨੇ ਨੂੰ ਕਾਇਮ ਨਾ ਰੱਖ ਸਕਣ ਦੀ ਕਮਜ਼ੋਰੀ ਸਾਡੀ ਗਲਤ ਸਮਝ ਵਿੱਚ ਘੁਸੀ ਹੋਈ ਹੈ। ਤੋੜਨ ਖਿੰਡਾਉਣ ਅਤੇ ਸਭ ਕੁਝ ਆਪਣੇ ਨਾਂ ਕਰਨ ਵਾਲੀ ਸਮਝ ਦਾ ਤਿਆਗ ਕਰੇ ਬਿਨਾਂ ਜਥੇਬੰਦੀਆਂ ਦਾ ਅੱਗੇ ਵਧਣਾ ਤੇ ਵਿਸ਼ਾਲ ਲੋਕਾਈ ਨੂੰ ਇਕਮੁੱਠ ਕਰਨ ਦਾ ਸੁਪਨਾ ਸਾਕਾਰ ਹੋਣਾ ਅਤੇ ਇਨਕਲਾਬੀ ਲਹਿਰ ਨੂੰ ਅੱਗੇ ਵਧਾਉਣਾ ਕਠਿਨ ਤੇ ਔਖਾ ਬਣਦਾ ਜਾਵੇਗਾ। ਸਮਾਂ ਇਸ ਪਾਸੇ ਜਿੰਨੀ ਜਲਦੀ ਹੋ ਸਕੇ ਧਿਆਨ ਦੇਣ ਦੀ ਮੰਗ ਕਰਦਾ ਹੈ। 
......ਮੋਗਾ ਘੋਲ ਦੀ ਵਿਰਾਸਤ ਵਜੋਂ ਉਭਰੀ ਪੀ.ਐਸ.ਯੂ ਉਸ ਸਮੇਂ ਵਿਚਰ ਰਹੀਆਂ ਇਨਕਲਾਬੀ ਜਮਹੂਰੀ ਧਿਰਾਂ ਦੀ ਉਪਜ ਵਜੋਂ ਨਹੀਂ ਸੀ। ਇਸਦਾ ਮੁਖ ਤੇ ਬਹੁਤ ਹੀ ਅਹਿਮ ਪਹਿਲੂ ਪੰਜਾਬ ਦੇ ਵਿਦਿਆਰਥੀ ਸਨ ਜਿਨ੍ਹਾਂ ਨੇ ਇਸਨੂੰ ਸਵੈਮਾਨ ਦੀ ਲੜਾਈ ਮੰਨਦੇ ਹੋਏ ਵਕਾਰ ਦਾ ਸਵਾਲ ਬਣਾ ਕੇ ਲੜਿਆ। ਇਹੀ ਕਾਰਨ ਸੀ ਕਿ ਇਸ ਨੂੰ ਆਪ ਮੁਹਾਰਾਂ ਲੋਕ-ਵਿਦਿਆਰਥੀ ਘੋਲ ਵੀ ਕਿਹਾ ਜਾਂਦਾ ਹੈ। ਇਥੇ ਇਨਕਲਾਬੀ ਜਮਹੂਰੀ ਧਿਰਾਂ ਦਾ ਪੱਖ ਛੋਟਾ ਸੀ ਅਤੇ ਵਿਦਿਆਰਥੀ ਘੋਲ ਦੇ ਅਧੀਨ ਸੀ। ਇਹ ਵਾਪਰਿਆ ਨਿਵੇਕਲਾ ਘਟਨਾ ਕਰਮ ਸੀ, ਜਿਸ ਨੇ ਪੀ.ਐਸ.ਯੂ ਦੇ ਇਕ ਸਾਂਝੀ ਜਥੇਬੰਦੀ ਬਣਨ ਦਾ ਬਾਨਣੂ ਬੰਨਿਆ। 
(1ਨਵੰਬਰ ਨੂੰ ਜਾਰੀ ਪੁਸਤਕ ''ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ-ਸੰਗ'' 'ਚੋਂ)

ਕੁਠਾਲੇ 'ਚ ਦਲਿਤ ਨੌਜਵਾਨ 'ਤੇ ਹਮਲਾ

ਕੁਠਾਲੇ 'ਚ ਦਲਿਤ ਨੌਜਵਾਨ 'ਤੇ ਹਮਲਾ
ਪਿਛਲੇ ਦਿਨਾਂ ਵਿੱਚ ਪਿੰਡ ਕੁਠਾਲੇ ਵਿੱਚ ਅਖੌਤੀ ਉੱਚ ਜਾਤੀ ਦੇ ਵਿਅਕਤੀਆਂ ਵੱਲੋਂ ਇੱਕ ਦਲਿਤ ਨੌਜਵਾਨ ਉੱਪਰ ਕੀਤੇ ਜਾਨਲੇਵਾ ਹਮਲੇ ਖਿਲਾਫ ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਡੀਐੱਸਪੀ ਮਲੇਰਕੋਟਲਾ ਨੂੰ ਡੈਪੂਟੇਸ਼ਨ ਮਿਲਿਆ ਗਿਆ ।ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸੈਕਟਰੀ ਬਲਜੀਤ ਸਿੰਘ ਨੇ ਦੱਸਿਆ ਕਿ 20 ਜੁਲਾਈ ਨੂੰ ਪੜ੍ਹਨ ਲਈ ਜਾ ਰਹੇ ਦਲਿਤ ਨੌਜਵਾਨ ਨੂੰ ਪਿੰਡ ਜਨਰਲ ਵਰਗ ਦੇ ਨਸ਼ੇੜੀ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਤਾਂ ਥਾਣਾ ਸੰਦੌੜ ਦੇ ਮੁਖੀ ਨੇ ਮਲੇਰਕੋਟਲਾ ਹਸਪਤਾਲ ਵਿੱਚ ਜਾ ਕੇ ਦਲਿਤ ਨੌਜਵਾਨ ਦੇ ਬਿਆਨਾਂ ਆਧਾਰਿਤ ਐੱਫ ਆਈ ਆਰ ਦਰਜ ਕੀਤੀ ।ਪਰ ਮੁਲਜ਼ਮਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਮਜ਼ਦੂਰਾਂ ਦਾ ਇੱਕ ਵਫ਼ਦ ਐਸਐਸਪੀ ਸੰਗਰੂਰ ਨੂੰ ਮਿਲਿਆ ।ਐਸਐਸਪੀ ਨੇ ਡੀਐੱਸਪੀ ਮਲੇਰਕੋਟਲਾ  ਨੂੰ ਮਿਲਣ ਲਈ ਕਿਹਾ ਅੱਜ ਡੀਐੱਸਪੀ ਮਲੇਰਕੋਟਲਾ  ਨੂੰ ਮਿਲਿਆ ਹੈ ਤਾਂ ਉਨ੍ਹਾਂ ਨੇ ਐਸਐਚਓ ਸੰਦੌੜ ਨੂੰ ਮਿਲਣ ਲਈ ਟਾਈਮ  ਰਖਵਾਇਆ ਗਿਆ ਅਤੇ ਕਿਹਾ ਕਿ ਦੋਸ਼ੀਆਂ ਉਪਰ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇਗੀ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਬੇਇਨਸਾਫੀ ਨਹੀਂ ਹੋਵੇਗੀ ।ਅਖੀਰ ਉੱਪਰ ਪਿੰਡ ਆਗੂ ਗੁਰਵਿੰਦਰ ਸਿੰਘ, ਦੀਪ ਸਿੰਘ ਨੇ ਕਿਹਾ ਕਿ ਜੇਕਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤਾਂ ਇਹ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।

ਹਰਭਜਨ ਸੋਹੀ ਦਾ ਨਾਕਾਮ ਅਤੇ ਨਖਿੱਧ ਰੋਲ


ਹਰਭਜਨ ਸੋਹੀ ਦਾ ਨਾਕਾਮ ਅਤੇ ਨਖਿੱਧ ਰੋਲ
('ਸੁਰਖ਼ ਲੀਹ' ਦਾ ਜੂਨ-ਜੁਲਾਈ 2019 ਦੇ ਅੰਕ ਵਿੱਚ ਹਰਭਜਨ ਸੋਹੀ ਦੀ 10ਵੀਂ ਬਰਸੀ 'ਤੇ ਉਸਦੀਆਂ ਉਸਤਤਾਂ ਕਰਦਾ ਵਧਾ-ਚੜ੍ਹਾਅ ਕੇ ਲਿਖਿਆ ਇੱਕ ਵਿਸ਼ੇਸ਼ ਲੇਖ ਛਾਪਿਆ ਗਿਆ ਸੀ, ਪਰ ਅਸਲ ਜ਼ਿੰਦਗੀ ਵਿੱਚ ਹਰਭਜਨ ਸੋਹੀ ਕਿੰਨਾ ਨਾਕਸ ਤੇ ਨਖਿੱਧ ਸੀ, ਇਸ ਸਬੰਧੀ ਸੁਰਖ਼ ਰੇਖਾ ਨੇ ਸਤੰਬਰ 2015 ਵਿੱਚ ਇੱਕ ਪੈਂਫਲਿਟ ਛਾਪਿਆ ਸੀ, ਜਿਸ ਦਾ ਸਿਰਲੇਖ ਸੀ ''ਸਾਥੀ ਜਸਪਾਲ ਜੱਸੀ ਨੂੰ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ ਲਾਂਭੇ ਕਿਉਂ ਕੀਤਾ?'' ਪਾਠਕਾਂ ਦੀ ਜਾਣਕਾਰੀ ਹਿੱਤ ਹਰਭਜਨ ਸੋਹੀ ਨਾਲ ਸਬੰਧਤ ਹਿੱਸਾ ਅਸੀਂ ਇੱਥੇ ਕੁੱਝ ਸੰਖੇਪ ਕਰਕੇ ਮੁੜ ਛਾਪ ਰਹੇ ਹਾਂ।)
ਹਰਭਜਨ ਸੋਹੀ ਦੀ ਜੂਨ 2009 ਵਿੱਚ ਹੋਈ ਮੌਤ ਤੋਂ ਬਾਅਦ ਵਿੱਚ ਸੰਪਾਦਕ ਸਾਥੀ ਵੱਲੋਂ ਉਸਦੇ ਵਿਵਾਦਤ ਰੋਲ ਨੂੰ ਉਭਾਰਨ ਲਈ ਜਿਵੇਂ ਪਰਚੇ ਦੀ ਦੁਰਵਰਤੋਂ ਕੀਤੀ ਗਈ, ਇਹ ਇੱਕ ਸਿਰੇ ਦਾ ਗੈਰ-ਜੁੰਮੇਵਾਰਾਨਾ ਅਤੇ ਨਿੰਦਣਯੋਗ ਕਦਮ ਸੀ। ਸਾਡੀ ਜਾਣਕਾਰੀ ਮੁਤਾਬਿਕ ਉਹ (ਸੋਹੀ) 1994 ਵਿੱਚ ਚਾਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਦੀ ਏਕਤਾ ਤੋਂ ਬਾਅਦ ਹੋਂਦ ਵਿੱਚ ਆਈ ਨਵੀਂ ਜਥੇਬੰਦੀ ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ (ਮ.ਲ.) ਦੀ ਕੇਂਦਰੀ ਕਮੇਟੀ ਦਾ ਸਕੱਤਰ ਬਣਿਆ ਸੀ ਅਤੇ ਮਾਰਚ 2009 ਤੱਕ ਇਸ ਅਹੁਦੇ 'ਤੇ ਬਿਰਾਜਮਾਨ ਰਿਹਾ ਸੀ। ਉਸਦੀ ਸਕੱਤਰਸ਼ਿੱਪ ਹੇਠ ਇਹ ਜਥੇਬੰਦੀ ਬੁਰੀ ਤਰ੍ਹਾਂ ਖੜੋਤ ਅਤੇ ਸੰਕਟ ਦਾ ਸ਼ਿਕਾਰ ਹੋ ਗਈ। ਜਥੇਬੰਦੀ ਵੱਲੋਂ ਆਪਣੀ ਕਾਨਫਰੰਸ 2000 ਵਿੱਚ ਕੀਤੀ ਜਾਣੀ ਸੀ, ਪਰ ਸੋਹੀ ਬਤੌਰ ਸਕੱਤਰ 2009 ਤੱਕ ਕੇਂਦਰੀ ਕਮੇਟੀ ਦੀ ਕਾਰਗੁਜ਼ਾਰੀ ਦਾ ਲੇਖਾਜੋਖਾ ਕਰਨ ਅਤੇ ਕੇਂਦਰੀ ਕਾਨਫਰੰਸ ਨੂੰ ਨੇਪਰੇ ਚਾੜ੍ਹਨ ਵਿੱਚ ਕੇਂਦਰੀ ਕਮੇਟੀ ਦੀ ਅਗਵਾਈ ਕਰਨ ਤੋਂ ਨਾਕਾਮ ਨਿੱਬੜਿਆ। ਉਸ ਵੱਲੋਂ ਕੇਂਦਰੀ ਕਮੇਟੀ ਦੇ ਕਾਰਵਿਹਾਰ ਨੂੰ 6 ਸਾਲਾਂ ਲਈ ਜਾਮ ਕਰਕੇ ਰੱਖਣ ਵਿੱਚ 'ਸਿਰਕੱਢ' ਰੋਲ ਨਿਭਾਇਆ ਗਿਆ ਅਤੇ ਉਹ ਖੁਦ 6 ਸਾਲਾਂ ਲਈ ਉਖੜੇਵੇਂ ਅਤੇ ਗੈਰ-ਸਰਗਰਮੀ ਦੇ ਦੌਰ 'ਚੋਂ ਗੁਜ਼ਰਿਆ। ਸਿੱਟੇ ਵਜੋਂ ਇਹਨਾਂ 6 ਸਾਲਾਂ ਦੌਰਾਨ ਕੇਂਦਰੀ ਕਮੇਟੀ ਵੱਲੋਂ ਹੇਠਾਂ ਜਥੇਬੰਦੀ ਨੂੰ ਅਗਵਾਈ ਦੇਣ ਦਾ ਕਾਰਜ ਠੱਪ ਹੋ ਕੇ ਰਹਿ ਗਿਆ। ਉਸਦੀ ਸਕੱਤਰਸ਼ਿੱਪ ਹੇਠ ਜਦੋਂ ਕੇਂਦਰੀ ਕਮੇਟੀ ਦਾ ਕੰਮ ਕਰਨਾ ਦੁੱਭਰ ਤੇ ਅਸੰਭਵ ਹੋ ਗਿਆ ਤਾਂ ਉਸਨੂੰ ਆਪਣੇ ਇਸ ਨਾਕਸ ਤੇ ਨਖਿੱਧ ਰੋਲ ਸਦਕਾ ਸਕੱਤਰਸ਼ਿੱਪ ਤੋਂ ਅਸਤੀਫਾ ਦੇ ਕੇ ਪਾਸੇ ਹੋਣਾ ਪਿਆ। ਉਸਦੇ ਅਸਤੀਫੇ ਤੋਂ ਬਾਅਦ ਅਤੇ ਨਵੇਂ ਸਕੱਤਰ ਦੀ ਅਗਵਾਈ ਹੇਠ ਹੀ ਜਥੇਬੰਦੀ ਅੰਦਰ ਲੇਖੇਜੋਖੇ ਦਾ ਕੰਮ ਰੇੜ੍ਹੇ ਪਿਆ। 1994 ਤੋਂ ਲੈ ਕੇ 2009 ਤੱਕ ਉਸ ਵੱਲੋਂ ਬਤੌਰ ਕੇਂਦਰੀ ਕਮੇਟੀ ਸਕੱਤਰ ਨਿਭਾਇਆ ਗਿਆ ਰੋਲ ਅਜੇ ਲੇਖੇਜੋਖੇ ਅਧੀਨ ਸੀ। ਉਸਦਾ ਰੋਲ ਅਜੇ ਕੇਂਦਰੀ ਕਮੇਟੀ ਅਤੇ ਜਥੇਬੰਦੀ ਅੰਦਰ ਵਾਦ-ਵਿਵਾਦ ਦਾ ਮੁੱਦਾ ਸੀ। 
ਸੰਪਾਦਕ ਵੱਲੋਂ ਉਪਰੋਕਤ ਬਿਆਨ ਕੀਤੀ ਹਾਲਤ ਤੋਂ ਬੇਪ੍ਰਵਾਹ ਹੁੰਦਿਆਂ, ਹਰਭਜਨ ਸੋਹੀ ਦੀ ਬੇਲੋੜੀ, ਨਿਰਆਧਾਰ, ਮਨਚਾਹੀ ਅਤੇ ਬੜਬੋਲੀ ਪ੍ਰਸੰਸਾ ਦੇ ਪੜੁੱਲ ਬੰਨ੍ਹਣ ਲਈ ਸੁਰਖ਼ ਰੇਖਾ ਨੂੰ ਝੋਕ ਦਿੱਤਾ ਗਿਆ ਅਤੇ ਉਸ ਬਾਰੇ ਇੱਕ ਵਿਸ਼ੇਸ਼ ਅੰਕ ਜਾਰੀ ਕਰ ਮਾਰਿਆ। ਇੱਥੇ ਹੀ ਬੱਸ ਨਹੀਂ, ਉਸ ਵੱਲੋਂ ਪਰਚੇ ਦੇ ਸਫਿਆਂ 'ਤੇ ਸੋਹੀ ਨੂੰ ਕੇਂਦਰੀ ਕਮੇਟੀ ਦੇ ਸਕੱਤਰ ਵਜੋਂ ਪੇਸ਼ ਕਰਨ ਦਾ ਝੂਠ ਵੀ ਬੋਲਿਆ ਗਿਆ। ਇਹ ਸਾਰਾ ਕੁੱਝ ਕਾਮਰੇਡ ਸੋਹੀ ਵੱਲੋਂ 1994 ਤੋਂ 2009 ਤੱਕ ਕੇਂਦਰੀ ਕਮੇਟੀ ਦੇ ਸਕੱਤਰ ਵਜੋਂ ਨਿਭਾਏ ਨਾਕਾਮ ਅਤੇ ਨਖਿੱਧ ਰੋਲ 'ਤੇ ਪਰਦਾ ਪਾਉਣ, ਉਸਦੇ ਇਸ ਰੋਲ ਨੂੰ ਬੜਬੋਲੀ ਅਤੇ ਗੁਮਰਾਹੀ ਲਫਾਜ਼ੀ ਨਾਲ ਸ਼ਿੰਗਾਰਦਿਆਂ ਸਫਾਂ ਵਿੱਚ ਉਸਦੇ ਰੋਲ ਦਾ ਭਰਮਾਊ ਨਕਸ਼ਾ ਬੰਨ੍ਹਣ ਦੀ ਸੋਚੀ-ਸਮਝੀ ਚਾਲ ਵਜੋਂ ਕੀਤਾ ਗਿਆ। ਇਸ ਤਰ੍ਹਾਂ ਪਰਚੇ ਨੂੰ ਸਿਆਸੀ ਜਥੇਬੰਦੀ ਅੰਦਰ ਸੋਹੀ ਦੀ ਧਿਰ ਦਾ ਨੰਗਾ-ਚਿੱਟਾ (ਪਰ ਅਣ-ਐਲਾਨਿਆ) ਬੁਲਾਰਾ ਬਣਾਇਆ ਗਿਆ। ਇਸਦਾ ਮਨੋਰਥ ਕੇਂਦਰੀ ਕਮੇਟੀ ਦੀ ਪਿਛਲੇ ਲੱਗਭੱਗ ਪੰਦਰਾਂ ਸਾਲਾਂ ਦੀ ਕਾਰਗੁਜ਼ਾਰੀ ਤੋਂ ਬਦਜ਼ਨ ਅਤੇ ਬੇਚੈਨ ਸਫਾਂ ਨੂੰ ਅਸਰਅੰਦਾਜ਼ ਕਰਨਾ ਅਤੇ ਸੋਹੀ ਦੀ ਧਿਰ ਨਾਲ ਰੌਲੇ-ਰੱਟੇ ਦਾ ਪ੍ਰਗਟਾਅ ਕਰ ਰਹੀ ਧਿਰ ਖਿਲਾਫ ਮਾਹੌਲ ਤੇ ਨਾ-ਮੁਆਫਿਕ ਹਾਲਤਾਂ ਸਿਰਜਣ ਦੀ ਕੋਸ਼ਿਸ਼ ਕਰਨਾ ਸੀ। ਜੱਸੀ ਦੀ ਇਹ ਚਾਲ ਪਰਚੇ ਦੀ ਦੁਰਵਰਤੋਂ ਦੀ ਇੱਕ ਜ਼ਾਹਰਾ ਮਿਸਾਲ ਸੀ।

ਸੰਘਰਸ਼ ਦੇ ਮੈਦਾਨ 'ਚੋਂਹਰਭਜਨ ਸੋਹੀ ਦਾ ਨਾਕਾਮ ਅਤੇ ਨਖਿੱਧ ਰੋਲ

ਹਰਭਜਨ ਸੋਹੀ ਦਾ ਨਾਕਾਮ ਅਤੇ ਨਖਿੱਧ ਰੋਲ
('ਸੁਰਖ਼ ਲੀਹ' ਦਾ ਜੂਨ-ਜੁਲਾਈ 2019 ਦੇ ਅੰਕ ਵਿੱਚ ਹਰਭਜਨ ਸੋਹੀ ਦੀ 10ਵੀਂ ਬਰਸੀ 'ਤੇ ਉਸਦੀਆਂ ਉਸਤਤਾਂ ਕਰਦਾ ਵਧਾ-ਚੜ੍ਹਾਅ ਕੇ ਲਿਖਿਆ ਇੱਕ ਵਿਸ਼ੇਸ਼ ਲੇਖ ਛਾਪਿਆ ਗਿਆ ਸੀ, ਪਰ ਅਸਲ ਜ਼ਿੰਦਗੀ ਵਿੱਚ ਹਰਭਜਨ ਸੋਹੀ ਕਿੰਨਾ ਨਾਕਸ ਤੇ ਨਖਿੱਧ ਸੀ, ਇਸ ਸਬੰਧੀ ਸੁਰਖ਼ ਰੇਖਾ ਨੇ ਸਤੰਬਰ 2015 ਵਿੱਚ ਇੱਕ ਪੈਂਫਲਿਟ ਛਾਪਿਆ ਸੀ, ਜਿਸ ਦਾ ਸਿਰਲੇਖ ਸੀ ''ਸਾਥੀ ਜਸਪਾਲ ਜੱਸੀ ਨੂੰ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ ਲਾਂਭੇ ਕਿਉਂ ਕੀਤਾ?'' ਪਾਠਕਾਂ ਦੀ ਜਾਣਕਾਰੀ ਹਿੱਤ ਹਰਭਜਨ ਸੋਹੀ ਨਾਲ ਸਬੰਧਤ ਹਿੱਸਾ ਅਸੀਂ ਇੱਥੇ ਕੁੱਝ ਸੰਖੇਪ ਕਰਕੇ ਮੁੜ ਛਾਪ ਰਹੇ ਹਾਂ।)
ਹਰਭਜਨ ਸੋਹੀ ਦੀ ਜੂਨ 2009 ਵਿੱਚ ਹੋਈ ਮੌਤ ਤੋਂ ਬਾਅਦ ਵਿੱਚ ਸੰਪਾਦਕ ਸਾਥੀ ਵੱਲੋਂ ਉਸਦੇ ਵਿਵਾਦਤ ਰੋਲ ਨੂੰ ਉਭਾਰਨ ਲਈ ਜਿਵੇਂ ਪਰਚੇ ਦੀ ਦੁਰਵਰਤੋਂ ਕੀਤੀ ਗਈ, ਇਹ ਇੱਕ ਸਿਰੇ ਦਾ ਗੈਰ-ਜੁੰਮੇਵਾਰਾਨਾ ਅਤੇ ਨਿੰਦਣਯੋਗ ਕਦਮ ਸੀ। ਸਾਡੀ ਜਾਣਕਾਰੀ ਮੁਤਾਬਿਕ ਉਹ (ਸੋਹੀ) 1994 ਵਿੱਚ ਚਾਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਦੀ ਏਕਤਾ ਤੋਂ ਬਾਅਦ ਹੋਂਦ ਵਿੱਚ ਆਈ ਨਵੀਂ ਜਥੇਬੰਦੀ ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ (ਮ.ਲ.) ਦੀ ਕੇਂਦਰੀ ਕਮੇਟੀ ਦਾ ਸਕੱਤਰ ਬਣਿਆ ਸੀ ਅਤੇ ਮਾਰਚ 2009 ਤੱਕ ਇਸ ਅਹੁਦੇ 'ਤੇ ਬਿਰਾਜਮਾਨ ਰਿਹਾ ਸੀ। ਉਸਦੀ ਸਕੱਤਰਸ਼ਿੱਪ ਹੇਠ ਇਹ ਜਥੇਬੰਦੀ ਬੁਰੀ ਤਰ੍ਹਾਂ ਖੜੋਤ ਅਤੇ ਸੰਕਟ ਦਾ ਸ਼ਿਕਾਰ ਹੋ ਗਈ। ਜਥੇਬੰਦੀ ਵੱਲੋਂ ਆਪਣੀ ਕਾਨਫਰੰਸ 2000 ਵਿੱਚ ਕੀਤੀ ਜਾਣੀ ਸੀ, ਪਰ ਸੋਹੀ ਬਤੌਰ ਸਕੱਤਰ 2009 ਤੱਕ ਕੇਂਦਰੀ ਕਮੇਟੀ ਦੀ ਕਾਰਗੁਜ਼ਾਰੀ ਦਾ ਲੇਖਾਜੋਖਾ ਕਰਨ ਅਤੇ ਕੇਂਦਰੀ ਕਾਨਫਰੰਸ ਨੂੰ ਨੇਪਰੇ ਚਾੜ੍ਹਨ ਵਿੱਚ ਕੇਂਦਰੀ ਕਮੇਟੀ ਦੀ ਅਗਵਾਈ ਕਰਨ ਤੋਂ ਨਾਕਾਮ ਨਿੱਬੜਿਆ। ਉਸ ਵੱਲੋਂ ਕੇਂਦਰੀ ਕਮੇਟੀ ਦੇ ਕਾਰਵਿਹਾਰ ਨੂੰ 6 ਸਾਲਾਂ ਲਈ ਜਾਮ ਕਰਕੇ ਰੱਖਣ ਵਿੱਚ 'ਸਿਰਕੱਢ' ਰੋਲ ਨਿਭਾਇਆ ਗਿਆ ਅਤੇ ਉਹ ਖੁਦ 6 ਸਾਲਾਂ ਲਈ ਉਖੜੇਵੇਂ ਅਤੇ ਗੈਰ-ਸਰਗਰਮੀ ਦੇ ਦੌਰ 'ਚੋਂ ਗੁਜ਼ਰਿਆ। ਸਿੱਟੇ ਵਜੋਂ ਇਹਨਾਂ 6 ਸਾਲਾਂ ਦੌਰਾਨ ਕੇਂਦਰੀ ਕਮੇਟੀ ਵੱਲੋਂ ਹੇਠਾਂ ਜਥੇਬੰਦੀ ਨੂੰ ਅਗਵਾਈ ਦੇਣ ਦਾ ਕਾਰਜ ਠੱਪ ਹੋ ਕੇ ਰਹਿ ਗਿਆ। ਉਸਦੀ ਸਕੱਤਰਸ਼ਿੱਪ ਹੇਠ ਜਦੋਂ ਕੇਂਦਰੀ ਕਮੇਟੀ ਦਾ ਕੰਮ ਕਰਨਾ ਦੁੱਭਰ ਤੇ ਅਸੰਭਵ ਹੋ ਗਿਆ ਤਾਂ ਉਸਨੂੰ ਆਪਣੇ ਇਸ ਨਾਕਸ ਤੇ ਨਖਿੱਧ ਰੋਲ ਸਦਕਾ ਸਕੱਤਰਸ਼ਿੱਪ ਤੋਂ ਅਸਤੀਫਾ ਦੇ ਕੇ ਪਾਸੇ ਹੋਣਾ ਪਿਆ। ਉਸਦੇ ਅਸਤੀਫੇ ਤੋਂ ਬਾਅਦ ਅਤੇ ਨਵੇਂ ਸਕੱਤਰ ਦੀ ਅਗਵਾਈ ਹੇਠ ਹੀ ਜਥੇਬੰਦੀ ਅੰਦਰ ਲੇਖੇਜੋਖੇ ਦਾ ਕੰਮ ਰੇੜ੍ਹੇ ਪਿਆ। 1994 ਤੋਂ ਲੈ ਕੇ 2009 ਤੱਕ ਉਸ ਵੱਲੋਂ ਬਤੌਰ ਕੇਂਦਰੀ ਕਮੇਟੀ ਸਕੱਤਰ ਨਿਭਾਇਆ ਗਿਆ ਰੋਲ ਅਜੇ ਲੇਖੇਜੋਖੇ ਅਧੀਨ ਸੀ। ਉਸਦਾ ਰੋਲ ਅਜੇ ਕੇਂਦਰੀ ਕਮੇਟੀ ਅਤੇ ਜਥੇਬੰਦੀ ਅੰਦਰ ਵਾਦ-ਵਿਵਾਦ ਦਾ ਮੁੱਦਾ ਸੀ। 
ਸੰਪਾਦਕ ਵੱਲੋਂ ਉਪਰੋਕਤ ਬਿਆਨ ਕੀਤੀ ਹਾਲਤ ਤੋਂ ਬੇਪ੍ਰਵਾਹ ਹੁੰਦਿਆਂ, ਹਰਭਜਨ ਸੋਹੀ ਦੀ ਬੇਲੋੜੀ, ਨਿਰਆਧਾਰ, ਮਨਚਾਹੀ ਅਤੇ ਬੜਬੋਲੀ ਪ੍ਰਸੰਸਾ ਦੇ ਪੜੁੱਲ ਬੰਨ੍ਹਣ ਲਈ ਸੁਰਖ਼ ਰੇਖਾ ਨੂੰ ਝੋਕ ਦਿੱਤਾ ਗਿਆ ਅਤੇ ਉਸ ਬਾਰੇ ਇੱਕ ਵਿਸ਼ੇਸ਼ ਅੰਕ ਜਾਰੀ ਕਰ ਮਾਰਿਆ। ਇੱਥੇ ਹੀ ਬੱਸ ਨਹੀਂ, ਉਸ ਵੱਲੋਂ ਪਰਚੇ ਦੇ ਸਫਿਆਂ 'ਤੇ ਸੋਹੀ ਨੂੰ ਕੇਂਦਰੀ ਕਮੇਟੀ ਦੇ ਸਕੱਤਰ ਵਜੋਂ ਪੇਸ਼ ਕਰਨ ਦਾ ਝੂਠ ਵੀ ਬੋਲਿਆ ਗਿਆ। ਇਹ ਸਾਰਾ ਕੁੱਝ ਕਾਮਰੇਡ ਸੋਹੀ ਵੱਲੋਂ 1994 ਤੋਂ 2009 ਤੱਕ ਕੇਂਦਰੀ ਕਮੇਟੀ ਦੇ ਸਕੱਤਰ ਵਜੋਂ ਨਿਭਾਏ ਨਾਕਾਮ ਅਤੇ ਨਖਿੱਧ ਰੋਲ 'ਤੇ ਪਰਦਾ ਪਾਉਣ, ਉਸਦੇ ਇਸ ਰੋਲ ਨੂੰ ਬੜਬੋਲੀ ਅਤੇ ਗੁਮਰਾਹੀ ਲਫਾਜ਼ੀ ਨਾਲ ਸ਼ਿੰਗਾਰਦਿਆਂ ਸਫਾਂ ਵਿੱਚ ਉਸਦੇ ਰੋਲ ਦਾ ਭਰਮਾਊ ਨਕਸ਼ਾ ਬੰਨ੍ਹਣ ਦੀ ਸੋਚੀ-ਸਮਝੀ ਚਾਲ ਵਜੋਂ ਕੀਤਾ ਗਿਆ। ਇਸ ਤਰ੍ਹਾਂ ਪਰਚੇ ਨੂੰ ਸਿਆਸੀ ਜਥੇਬੰਦੀ ਅੰਦਰ ਸੋਹੀ ਦੀ ਧਿਰ ਦਾ ਨੰਗਾ-ਚਿੱਟਾ (ਪਰ ਅਣ-ਐਲਾਨਿਆ) ਬੁਲਾਰਾ ਬਣਾਇਆ ਗਿਆ। ਇਸਦਾ ਮਨੋਰਥ ਕੇਂਦਰੀ ਕਮੇਟੀ ਦੀ ਪਿਛਲੇ ਲੱਗਭੱਗ ਪੰਦਰਾਂ ਸਾਲਾਂ ਦੀ ਕਾਰਗੁਜ਼ਾਰੀ ਤੋਂ ਬਦਜ਼ਨ ਅਤੇ ਬੇਚੈਨ ਸਫਾਂ ਨੂੰ ਅਸਰਅੰਦਾਜ਼ ਕਰਨਾ ਅਤੇ ਸੋਹੀ ਦੀ ਧਿਰ ਨਾਲ ਰੌਲੇ-ਰੱਟੇ ਦਾ ਪ੍ਰਗਟਾਅ ਕਰ ਰਹੀ ਧਿਰ ਖਿਲਾਫ ਮਾਹੌਲ ਤੇ ਨਾ-ਮੁਆਫਿਕ ਹਾਲਤਾਂ ਸਿਰਜਣ ਦੀ ਕੋਸ਼ਿਸ਼ ਕਰਨਾ ਸੀ। ਜੱਸੀ ਦੀ ਇਹ ਚਾਲ ਪਰਚੇ ਦੀ ਦੁਰਵਰਤੋਂ ਦੀ ਇੱਕ ਜ਼ਾਹਰਾ ਮਿਸਾਲ ਸੀ।