Thursday, 31 October 2019

ਇੱਕ ਪਰਿਵਾਰ ਦੀਆਂ ਚਾਰ ਪੀੜੀਆਂ 'ਚ ਪੰਜਵੀਂ ਖੁਦਕੁਸ਼ੀ

ਸਿਖਰਾਂ ਛੂਹ ਰਿਹਾ ਕਿਸਾਨੀ ਸੰਕਟ 
ਇੱਕ ਪਰਿਵਾਰ ਦੀਆਂ ਚਾਰ ਪੀੜੀਆਂ 'ਚ ਪੰਜਵੀਂ ਖੁਦਕੁਸ਼ੀ
ਸਤੰਬਰ ਦੇ ਦੂਸਰੇ ਹਫਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦੇ ਨੌਜਵਾਨ ਕਿਸਾਨ ਲਵਪ੍ਰੀਤ ਵੱਲੋਂ ਕੀਤੀ ਗਈ ਖੁਦਕੁਸ਼ੀ ਕਰਜ਼ੇ ਦੀ ਮਾਰ ਹੇਠ ਆਏ ਪੰਜਾਬ ਦੀ ਕਿਸਾਨੀ ਦੀ ਤਰਾਸਦੀ ਦੀ ਉੱਘੜਵੀਂ ਮਿਸਾਲ ਬਣ ਕੇ ਸਾਹਮਣੇ ਆਈ  ਹੈ। ਲਵਪ੍ਰੀਤ ਦੀ ਖੁਦਕੁਸ਼ੀ ਆਪਣੇ ਪਰਿਵਾਰ ਵਿੱਚ ਕਿਸਾਨੀ ਦਾ ਕਿੱਤਾ ਕਰਨ ਵਾਲੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਦੀ ਕਹਾਣੀ ਹੈ। ਲਵਪ੍ਰੀਤ ਵੱਲੋਂ ਖੁਦਕੁਸ਼ੀ ਕਰਨ ਤੋਂ ਡੇਢ ਕੁ ਸਾਲ ਪਹਿਲਾਂ  ਇਸਦੇ ਪਿਤਾ ਕੁਲਵੰਤ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਕਰਜ਼ੇ ਦੀ ਮਾਰ ਹੇਠ ਪਿਓ-ਪੁੱਤ ਵੱਲੋਂ ਹੀ ਖੁਦਕੁਸ਼ੀ ਨਹੀਂ ਕੀਤੀ ਗਈ ਬਲਕਿ ਇਸ ਤੋਂ ਪਹਿਲਾਂ ਲਵਪ੍ਰੀਤ ਦਾ ਦਾਦਾ, ਦਾਦੇ ਦਾ ਭਰਾ ਅਤੇ ਉਸਦੇ ਪੜਦਾਦੇ ਵੱਲੋਂ ਵੀ ਕਰਜ਼ੇ ਦੀ ਮਾਰ ਹੇਠ ਆਏ ਹੋਣ ਕਰਕੇ ਖੁਦਕੁਸ਼ੀਆਂ ਕੀਤੀਆਂ ਗਈਆਂ ਸਨ। ਯਾਨੀ ਪੰਜਾਬ ਦੀ ਕਿਸਾਨੀ ਸਬੰਧੀ ਜਿਹੜਾ ਇਹ ਆਖਿਆ ਜਾਂਦਾ ਹੈ ਕਿ ਪੰਜਾਬ ਦੀ ਕਿਸਾਨੀ ਕਰਜ਼ੇ ਵਿੱਚ ਜੰਮਦੀ ਹੈ, ਕਰਜ਼ੇ ਵਿੱਚ ਪਲਦੀ ਹੈ, ਕਰਜ਼ੇ ਵਿੱਚ ਹੀ ਜ਼ਿੰਦਗੀ ਗੁਜ਼ਾਰਦੀ ਹੈ, ਕਰਜ਼ੇ ਵਿੱਚ ਹੀ ਮਰਦੀ ਹੈ ਅਤੇ ਅਗਾਂਹ ਆਪਣੇ ਬੱਚਿਆਂ ਸਿਰ ਵੀ ਕਰਜ਼ੇ ਦੀ ਪੰਡ ਛੱਡ 
ਜਾਂਦੀ ਹੈ, ਇਹ ਕੁੱਝ ਅੱਜ ਦੇ ਸਮਿਆਂ ਦਾ ਸੱਚ ਬਣਿਆ ਹੋਇਆ ਹੈ। 
ਕਿਸਾਨੀ ਦੀ ਮੰਦਹਾਲੀ ਦਾ ਕਾਰਨ ਦਾ ਇਹ ਨਹੀਂ ਕਿ ਕਿਸਾਨ ਆਪ ਮਿਹਨਤ ਨਹੀਂ ਕਰਦਾ ਬਲਕਿ ਇਹ ਕਿਸਾਨੀ ਦੀ ਹੁੰਦੀ ਅੰਨ੍ਹੀਂ ਲੁੱਟ-ਖਸੁੱਟ ਹੈ, ਜਿਹੜੀ ਉਸ ਨੂੰ ਮੰਦਹਾਲੀ ਦੀ ਦਲਦਲ ਵਿੱਚ ਧੱਕਦੀ ਹੈ। ਜਦੋਂ ਪੀੜ੍ਹੀ ਦਰ ਪੀੜ੍ਹੀ ਕਿਸਾਨੀ ਦੀ ਹਾਲਤ ਨੂੰ ਦੇਖਦੇ ਹਾਂ ਪਤਾ ਲੱਗਦਾ ਹੈ ਕਿ ਕਿਸਾਨਾਂ ਨੇ ਆਪ ਕਦੇ ਚੱਜ ਦਾ ਖਾ-ਪੀ ਕੇ ਜਾਂ ਹੰਢਾ ਕੇ ਨਹੀਂ ਦੇਖਿਆ। ਕਿਸਾਨਾਂ ਨੇ ਸਾਰਾ ਸਾਲ ਮਿੱਟੀ ਨਾਲ ਮਿੱਟੀ ਹੋ ਕੇ, ਕੜਕਦੀਆਂ ਧੁੱਪਾਂ, ਕਕਰਾਲੀਆਂ ਰਾਤਾਂ, ਭਾਦੋਂ ਦੇ ਹੁੰਮਸ ਵਿੱਚ ਮੁੜ੍ਹਕੇ ਨਾਲ ਮੁੜ੍ਹਕਾ ਹੋ ਕੇ ਕੰਮ ਕੀਤਾ ਹੁੰਦਾ ਹੈ। ਡੰਗਰ-ਪਸ਼ੂਆਂ ਨੂੰ ਸਾਂਭਣ ਦੀ ਗੱਲ ਹੋਵੇ ਇਹ ਦੇਖਣ ਵਿੱਚ ਵੀ ਆਉਂਦਾ ਹੈ ਕਿ ਕਿਸਾਨੀ ਆਪਣੇ ਡੰਗਰ-ਪਸ਼ੂਆਂ ਦੀ ਸਾਂਭ ਸੰਭਾਲ ਲਈ ਦਿਨ ਰਾਤ ਇੱਕ ਕਰਦੇ ਹਨ, ਉਹਨਾਂ ਨੂੰ ਕੱਖ-ਪੱਠਾ ਦੇ ਇੰਤਜ਼ਾਮ ਕਰਦੇ ਹਨ, ਗੋਹਾ-ਕੂੜਾ ਕਰਦੇ ਹਨ। ਪਸ਼ੂਆਂ ਵਿੱਚ ਕੰਮ ਕਰਦੇ ਹੋਏ ਪਸ਼ੂਆਂ ਵਰਗੀ ਹਾਲਤ ਨੂੰ ਤਨ 'ਤੇ ਹੰਢਾਉਣਾ ਪੈਂਦਾ ਹੈ। 
ਕਿਸਾਨ ਕਣਕ, ਝੋਨੇ, ਨਰਮੇ, ਗੰਨੇ ਦੇ ਅੰਬਾਰ ਲਗਾ ਦਿੰਦੇ ਹਨ, ਪਰ ਫਸਲਾਂ ਦੇ ਜੋ ਭਾਅ ਮਿਲਦੇ ਹਨ ਉਸ ਤੋਂ ਕਿਤੇ ਜ਼ਿਆਦਾ ਇਹਨਾਂ ਦੀ ਲਾਗਤ ਕੀਮਤ ਵਧਦੀ ਜਾਂਦੀ ਹੈ। ਕਿਸਾਨ ਨਾ ਆਪਣੀ ਮਰਜੀ ਨਾਲ ਆਪਣੀ ਕੀਤੀ ਪੈਦਾਵਾਰ ਨੂੰ ਵੇਚ ਸਕਦਾ ਹੈ ਅਤੇ ਨਾ ਹੀ ਉਸ ਨੂੰ ਲਾਗਤ ਵਸਤਾਂ ਸਸਤੀਆਂ ਜਾਂ ਮੁਨਾਸਬ ਕੀਮਤਾਂ 'ਤੇ ਹਾਸਲ ਹੁੰਦੀਆਂ ਹਨ। ਪੰਜਾਬ ਵਿੱਚ ਅਖੌਤੀ ਹਰੇ ਇਨਕਲਾਬ ਦੀ ਮਾਰ ਹੇਠ ਤਕਰੀਬਨ ਸਾਰੀ ਹੀ ਕਿਸਾਨੀ ਆਈ ਹੋਈ ਹੈ। ਹਰੇ ਇਨਕਲਾਬ ਦੌਰਾਨ ਇੱਥੇ ਪੈਦਾ ਹੋਣ ਵਾਲੀਆਂ ਰਵਾਇਤੀ ਫਸਲਾਂ ਦੀ ਥਾਂ ਜਿਹੜੀਆਂ ਵੀ ਵਪਾਰਕ ਫਸਲਾਂ ਬੀਜੀਆਂ ਗਈਆਂ ਉਹਨਾਂ ਦੇ ਮੋਟੇ ਮੁਨਾਫੇ ਆੜ੍ਹਤੀਆਂ, ਸੂਦਖੋਰਾਂ ਜਾਂ ਸਾਮਰਾਜ ਦੀ ਭਗਤੀ ਕਰਨ ਵਾਲੇ ਵਪਾਰੀਆਂ ਨੂੰ ਹੋਏ ਹਨ। ਜਦੋਂ ਕੋਈ ਵੀ ਫਸਲ ਕਿਸਾਨਾਂ ਕੋਲੋਂ ਖਰੀਦੀ ਜਾਂਦੀ ਹੈ ਤਾਂ ਉਸਦੇ ਭਾਅ ਘੱਟ ਤੋਂ ਘੱਟ ਹੁੰਦੇ ਹਨ ਪਰ ਜਦੋਂ ਉਹ ਆਮ ਕਿਸਾਨ ਦੇ ਹੱਥੋਂ ਨਿੱਕਲ ਜਾਂਦੀ ਹੈ ਤਾਂ ਉਸਦੇ ਭਾਅ ਡੇਢੇ-ਦੁੱਗਣੇ ਹੋ ਕੇ ਖਪਤਕਾਰਾਂ ਦੀ ਅੰਨ੍ਹੀਂ ਲੁੱਟ ਦਾ ਕਾਰਨ ਬਣਦੇ ਹਨ। ਕਿਸਾਨ ਆਮ ਤੌਰ ਜਦੋਂ ਆਖਦੇ ਹਨ ਕਿ ਉਹ ਕਣਕ  ਜਾਂ ਝੋਨਾ ਮੰਡੀ ਵਿੱਚ ਸੁੱਟ ਆਏ ਹਨ ਤਾਂ ਇਸ ਵਿੱਚੋਂ ਹੀ ਉਹਨਾਂ ਦੀ ਮਨੋਦਸ਼ਾ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਆਪਣੀ ਮਰਜੀ ਦੇ ਭਾਅ ਕਦੇ ਵੀ ਹਾਸਲ ਨਹੀਂ ਕਰਦੇ ਬਲਕਿ ਉਹਨਾਂ ਲਈ ਫਸਲ ਵੀ ਇੱਕ ਤਰ੍ਹਾਂ ਦਾ ਭਾਰ ਹੀ ਬਣੀ ਹੁੰਦੀ ਹੈ, ਜਿਸ ਤੋਂ ਜਲਦੀ ਤੋਂ ਜਲਦੀ ਸੁਰਖਰੂ ਹੋਣਾ ਚਾਹੁੰਦੇ ਹੁੰਦੇ ਹਨ। ਕਿਸਾਨ ਦੀ ਫਸਲ ਅਜੇ ਖੇਤਾਂ ਵਿੱਚ ਹੀ ਖੜ੍ਹੀ ਹੁੰਦੀ ਹੈ ਜਦੋਂ ਆੜ੍ਹਤੀਏ, ਸੂਦਖੋਰ ਅਤੇ ਵਪਾਰੀ ਕਦੇ ਉਸਦੇ ਘਰ ਆ ਕੇ ਅਤੇ ਕਦੇ ਉਸ ਨੂੰ ਫੋਨ ਕਰਕੇ ਜਾਂ ਸੁਨੇਹੇ ਭੇਜ ਕੇ ਕਰਜ਼ਈ ਹੋਣ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। 
ਜਦੋਂ ਕਿਸੇ ਕਿਸਾਨ ਨੇ ਪਹਿਲਾਂ ਹੀ ਮਿੰਨਤਾਂ ਤਰਲੇ ਕਰਕੇ ਕਰਜ਼ਾ ਲਿਆ ਹੋਵੇ ਤਾਂ ਉਸਦੀ ਕਾਣੀ ਹੋਈ ਜਮੀਰ ਐਨਾ ਕਹਿਣ ਦੀ ਹਿੰਮਤ ਨਹੀਂ ਪੈਂਦੀ ਕਿ ਜੇਕਰ ਉਹ ਫਸਲ ਦਾ ਵਾਜਬ ਮੁੱਲ ਨਹੀਂ ਪਾਉਂਦਾ ਤਾਂ ਉਹ ਆਪਣੀ ਫਸਲ ਕਿਸੇ ਹੋਰ ਕੋਲ ਵੇਚਣ ਲਈ ਲਿਜਾ ਸਕਦਾ ਹੈ। ਕਿਸਾਨ ਦੀਆਂ ਜਦੋਂ ਮੁਢਲੀਆਂ ਲੋੜਾਂ ਦੀ ਪੂਰਤੀ ਵੀ ਨਹੀਂ ਹੁੰਦੀ ਤਾਂ ਉਸ ਵਿੱਚ ਨਿਰਾਸ਼ਾ ਅਤੇ ਉਦਾਸੀ ਦਾ ਆਲਮ ਛਾ ਜਾਂਦਾ ਹੈ। ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਕੇ ਨਸ਼ਿਆਂ ਅਤੇ ਦਵਾਈਆਂ ਦੀ ਵਰਤੋਂ ਕਰਨ ਦੇ ਆਦੀ ਬਣ ਜਾਂਦੇ ਹਨ। ਉਹਨਾਂ ਦੇ ਮਾਨਸਿਕ ਤਣਾਅ ਦੇ ਅਸਲ ਕਾਰਨਾਂ ਨੂੰ ਟਿੱਕਣ ਦੀ ਥਾਂ ਹਾਕਮ ਜਮਾਤੀ ਪਾਰਟੀਆਂ ਦੇ ਬੁੱਧੀਜੀਵੀ ਅਤੇ ਇਹਨਾਂ ਦਾ ਪ੍ਰਚਾਰ-ਪ੍ਰਸਾਰ ਮੀਡੀਆ ਕਿਸਾਨਾਂ ਵੱਲੋਂ ਸ਼ਰਾਬਾਂ ਪੀਣ ਅਤੇ ਆਪਣੇ ਬੱਚਿਆਂ ਦੇ ਵਿਆਹ-ਸ਼ਾਦੀਆਂ ਉੱਪਰ ਬੇਥਵੇ ਖਰਚ ਕਰਨ ਦੇ ਦੋਸ਼ ਮੜ੍ਹਦੇ ਹਨ। ਇਹ ਕੁੱਝ ਹਾਕਮ ਜਮਾਤੀ ਮੀਡੀਏ ਦਾ ਕੋਰਾ ਝੂਠ ਹੈ, ਜੇਕਰ ਸਿਰਫ ਸ਼ਰਾਬ ਪੀਣ ਨਾਲ ਹੀ ਕੋਈ ਕਰਜ਼ਈ ਹੋ ਜਾਂਦਾ ਹੈ ਤਾਂ ਆੜ੍ਹਤੀਏ, ਉੱਚ-ਅਫਸਰ, ਵੱਡੇ ਹੋਟਲਾਂ ਵਿੱਚ ਹਜ਼ਾਰਾਂ ਰੁਪਏ ਵਾਲੀਆਂ ਬੋਤਲਾਂ ਵਾਲੇ ਸਭ ਤੋਂ ਵੱਡੇ ਕਰਜ਼ਈ ਹੁੰਦੇ। ਅੰਬਾਨੀ-ਅਡਾਨੀ ਅਤੇ ਜੈ ਲਲਿਤਾ ਵਰਗੇ ਸਿਆਸਤਦਾਨ ਜਿਹੜੇ ਆਪਣੇ ਬੱਚਿਆਂ ਦੇ ਵਿਆਹਾਂ 'ਤੇ ਸੈਂਕੜੇ ਕਰੋੜ ਰੁਪਏ ਖਰਚਦੇ ਹਨ, ਉਹ ਸਭ ਤੋਂ ਵੱਡੇ ਕਰਜ਼ਈ ਹੋਣੇ ਸਨ। ਪਰ ਉਹਨਾਂ ਦੀਆਂ ਆਮਦਨਾਂ ਵਿੱਚ ਆਏ ਸਾਲ ਅਰਬਾਂ ਰੁਪਏ ਦੇ ਮੁਨਾਫੇ ਜੁੜਦੇ ਰਹਿੰਦੇ ਹਨ। 
ਕਿਸਾਨੀ ਦੇ ਕਰਜ਼ਈ ਹੋਣ ਦਾ ਕਾਰਨ ਉਹਨਾਂ ਦੇ ਸਿਰ ਚੜ੍ਹੇ ਕਰਜ਼ੇ, ਸੂਦਖੋਰੀ ਲੁੱਟ, ਫਸਲਾਂ ਦੇ ਵਾਜਬ ਭਾਅ ਨਾ ਮਿਲਣੇ ਅਤੇ ਲਾਗਤ ਵਸਤਾਂ (ਖਾਦ, ਤੇਲ, ਬੀਜ, ਮਸ਼ੀਨਰੀ, ਬੀਜ, ਕੀਟ-ਨਾਸ਼ਕ ਤੇ ਨਦੀਨ ਨਾਸਕ ਦਵਾਈਆਂ ਆਦਿ) ਦੀ ਅੰਨ੍ਹੀਂ ਲੁੱਟ-ਖਸੁੱਟ ਹੈ। ਜਦੋਂ ਤੱਕ ਕਿਸਾਨਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਕੋਲੋਂ ਉਹਨਾਂ ਦੀ ਖੁੱਸੀ ਹੋਈ ਜ਼ਮੀਨ ਦੀ ਵਾਪਸੀ ਨਹੀਂ ਹੁੰਦੀ, ਸੂਦਖੋਰੀ ਅਤੇ ਬੈਂਕਿੰਗ ਪ੍ਰਬੰਧ ਦੀ ਲੁੱਟ-ਖੋਹ ਬੰਦ ਨਹੀਂ ਹੁੰਦੀ, ਸਾਮਰਾਜੀ ਕਾਰਪੋਰੇਟ ਘਰਾਣਿਆਂ ਦੀ ਅੰਨ੍ਹੀਂ ਲੁੱਟ ਬੰਦ ਨਹੀਂ ਹੁੰਦੀ ਓਨੀ ਦੇਰ ਤੱਕ ਆਮ ਕਿਸਾਨੀ ਦੇ ਕਰਜ਼ਿਆਂ ਦੀ ਸਮੱਸਿਆ ਬਣੀ ਰਹੇਗੀ। ਅਜਿਹਾ ਕੁੱਝ ਕਰਨ ਲਈ ਕਿਸਾਨ ਜਥੇਬੰਦੀਆਂ ਦੀਆਂ ਰਵਾਇਤੀ ਸਰਗਰਮੀਆਂ ਹੀ ਕਾਫੀ ਨਹੀਂ ਸਗੋਂ ਮਾਮਲੇ ਦੀ ਤਿੱਖ, ਗੰਭੀਰਤਾ ਅਨੁਸਾਰ ਨਾ ਸਿਰਫ ਸਿਰੜੀ ਘੋਲ ਵਿੱਢਣੇ ਪੈਣਗੇ ਸਗੋਂ ਜਥੇਬੰਦੀਆਂ ਦੀ ਇਨਕਲਾਬੀ ਕਾਇਆਪਲਟੀ ਦਾ ਕਾਰਜ ਵੀ ਹੱਥ ਲੈਣਾ ਪਵੇਗਾ। ਜ਼ਰੱਈ ਸੰਘਰਸ਼ਾਂ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੋਵੇਗਾ।  

No comments:

Post a Comment