Thursday, 31 October 2019

ਸੰਘਰਸ਼ ਦੇ ਮੈਦਾਨ 'ਚੋਂਹਰਭਜਨ ਸੋਹੀ ਦਾ ਨਾਕਾਮ ਅਤੇ ਨਖਿੱਧ ਰੋਲ

ਹਰਭਜਨ ਸੋਹੀ ਦਾ ਨਾਕਾਮ ਅਤੇ ਨਖਿੱਧ ਰੋਲ
('ਸੁਰਖ਼ ਲੀਹ' ਦਾ ਜੂਨ-ਜੁਲਾਈ 2019 ਦੇ ਅੰਕ ਵਿੱਚ ਹਰਭਜਨ ਸੋਹੀ ਦੀ 10ਵੀਂ ਬਰਸੀ 'ਤੇ ਉਸਦੀਆਂ ਉਸਤਤਾਂ ਕਰਦਾ ਵਧਾ-ਚੜ੍ਹਾਅ ਕੇ ਲਿਖਿਆ ਇੱਕ ਵਿਸ਼ੇਸ਼ ਲੇਖ ਛਾਪਿਆ ਗਿਆ ਸੀ, ਪਰ ਅਸਲ ਜ਼ਿੰਦਗੀ ਵਿੱਚ ਹਰਭਜਨ ਸੋਹੀ ਕਿੰਨਾ ਨਾਕਸ ਤੇ ਨਖਿੱਧ ਸੀ, ਇਸ ਸਬੰਧੀ ਸੁਰਖ਼ ਰੇਖਾ ਨੇ ਸਤੰਬਰ 2015 ਵਿੱਚ ਇੱਕ ਪੈਂਫਲਿਟ ਛਾਪਿਆ ਸੀ, ਜਿਸ ਦਾ ਸਿਰਲੇਖ ਸੀ ''ਸਾਥੀ ਜਸਪਾਲ ਜੱਸੀ ਨੂੰ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ ਲਾਂਭੇ ਕਿਉਂ ਕੀਤਾ?'' ਪਾਠਕਾਂ ਦੀ ਜਾਣਕਾਰੀ ਹਿੱਤ ਹਰਭਜਨ ਸੋਹੀ ਨਾਲ ਸਬੰਧਤ ਹਿੱਸਾ ਅਸੀਂ ਇੱਥੇ ਕੁੱਝ ਸੰਖੇਪ ਕਰਕੇ ਮੁੜ ਛਾਪ ਰਹੇ ਹਾਂ।)
ਹਰਭਜਨ ਸੋਹੀ ਦੀ ਜੂਨ 2009 ਵਿੱਚ ਹੋਈ ਮੌਤ ਤੋਂ ਬਾਅਦ ਵਿੱਚ ਸੰਪਾਦਕ ਸਾਥੀ ਵੱਲੋਂ ਉਸਦੇ ਵਿਵਾਦਤ ਰੋਲ ਨੂੰ ਉਭਾਰਨ ਲਈ ਜਿਵੇਂ ਪਰਚੇ ਦੀ ਦੁਰਵਰਤੋਂ ਕੀਤੀ ਗਈ, ਇਹ ਇੱਕ ਸਿਰੇ ਦਾ ਗੈਰ-ਜੁੰਮੇਵਾਰਾਨਾ ਅਤੇ ਨਿੰਦਣਯੋਗ ਕਦਮ ਸੀ। ਸਾਡੀ ਜਾਣਕਾਰੀ ਮੁਤਾਬਿਕ ਉਹ (ਸੋਹੀ) 1994 ਵਿੱਚ ਚਾਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਦੀ ਏਕਤਾ ਤੋਂ ਬਾਅਦ ਹੋਂਦ ਵਿੱਚ ਆਈ ਨਵੀਂ ਜਥੇਬੰਦੀ ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ (ਮ.ਲ.) ਦੀ ਕੇਂਦਰੀ ਕਮੇਟੀ ਦਾ ਸਕੱਤਰ ਬਣਿਆ ਸੀ ਅਤੇ ਮਾਰਚ 2009 ਤੱਕ ਇਸ ਅਹੁਦੇ 'ਤੇ ਬਿਰਾਜਮਾਨ ਰਿਹਾ ਸੀ। ਉਸਦੀ ਸਕੱਤਰਸ਼ਿੱਪ ਹੇਠ ਇਹ ਜਥੇਬੰਦੀ ਬੁਰੀ ਤਰ੍ਹਾਂ ਖੜੋਤ ਅਤੇ ਸੰਕਟ ਦਾ ਸ਼ਿਕਾਰ ਹੋ ਗਈ। ਜਥੇਬੰਦੀ ਵੱਲੋਂ ਆਪਣੀ ਕਾਨਫਰੰਸ 2000 ਵਿੱਚ ਕੀਤੀ ਜਾਣੀ ਸੀ, ਪਰ ਸੋਹੀ ਬਤੌਰ ਸਕੱਤਰ 2009 ਤੱਕ ਕੇਂਦਰੀ ਕਮੇਟੀ ਦੀ ਕਾਰਗੁਜ਼ਾਰੀ ਦਾ ਲੇਖਾਜੋਖਾ ਕਰਨ ਅਤੇ ਕੇਂਦਰੀ ਕਾਨਫਰੰਸ ਨੂੰ ਨੇਪਰੇ ਚਾੜ੍ਹਨ ਵਿੱਚ ਕੇਂਦਰੀ ਕਮੇਟੀ ਦੀ ਅਗਵਾਈ ਕਰਨ ਤੋਂ ਨਾਕਾਮ ਨਿੱਬੜਿਆ। ਉਸ ਵੱਲੋਂ ਕੇਂਦਰੀ ਕਮੇਟੀ ਦੇ ਕਾਰਵਿਹਾਰ ਨੂੰ 6 ਸਾਲਾਂ ਲਈ ਜਾਮ ਕਰਕੇ ਰੱਖਣ ਵਿੱਚ 'ਸਿਰਕੱਢ' ਰੋਲ ਨਿਭਾਇਆ ਗਿਆ ਅਤੇ ਉਹ ਖੁਦ 6 ਸਾਲਾਂ ਲਈ ਉਖੜੇਵੇਂ ਅਤੇ ਗੈਰ-ਸਰਗਰਮੀ ਦੇ ਦੌਰ 'ਚੋਂ ਗੁਜ਼ਰਿਆ। ਸਿੱਟੇ ਵਜੋਂ ਇਹਨਾਂ 6 ਸਾਲਾਂ ਦੌਰਾਨ ਕੇਂਦਰੀ ਕਮੇਟੀ ਵੱਲੋਂ ਹੇਠਾਂ ਜਥੇਬੰਦੀ ਨੂੰ ਅਗਵਾਈ ਦੇਣ ਦਾ ਕਾਰਜ ਠੱਪ ਹੋ ਕੇ ਰਹਿ ਗਿਆ। ਉਸਦੀ ਸਕੱਤਰਸ਼ਿੱਪ ਹੇਠ ਜਦੋਂ ਕੇਂਦਰੀ ਕਮੇਟੀ ਦਾ ਕੰਮ ਕਰਨਾ ਦੁੱਭਰ ਤੇ ਅਸੰਭਵ ਹੋ ਗਿਆ ਤਾਂ ਉਸਨੂੰ ਆਪਣੇ ਇਸ ਨਾਕਸ ਤੇ ਨਖਿੱਧ ਰੋਲ ਸਦਕਾ ਸਕੱਤਰਸ਼ਿੱਪ ਤੋਂ ਅਸਤੀਫਾ ਦੇ ਕੇ ਪਾਸੇ ਹੋਣਾ ਪਿਆ। ਉਸਦੇ ਅਸਤੀਫੇ ਤੋਂ ਬਾਅਦ ਅਤੇ ਨਵੇਂ ਸਕੱਤਰ ਦੀ ਅਗਵਾਈ ਹੇਠ ਹੀ ਜਥੇਬੰਦੀ ਅੰਦਰ ਲੇਖੇਜੋਖੇ ਦਾ ਕੰਮ ਰੇੜ੍ਹੇ ਪਿਆ। 1994 ਤੋਂ ਲੈ ਕੇ 2009 ਤੱਕ ਉਸ ਵੱਲੋਂ ਬਤੌਰ ਕੇਂਦਰੀ ਕਮੇਟੀ ਸਕੱਤਰ ਨਿਭਾਇਆ ਗਿਆ ਰੋਲ ਅਜੇ ਲੇਖੇਜੋਖੇ ਅਧੀਨ ਸੀ। ਉਸਦਾ ਰੋਲ ਅਜੇ ਕੇਂਦਰੀ ਕਮੇਟੀ ਅਤੇ ਜਥੇਬੰਦੀ ਅੰਦਰ ਵਾਦ-ਵਿਵਾਦ ਦਾ ਮੁੱਦਾ ਸੀ। 
ਸੰਪਾਦਕ ਵੱਲੋਂ ਉਪਰੋਕਤ ਬਿਆਨ ਕੀਤੀ ਹਾਲਤ ਤੋਂ ਬੇਪ੍ਰਵਾਹ ਹੁੰਦਿਆਂ, ਹਰਭਜਨ ਸੋਹੀ ਦੀ ਬੇਲੋੜੀ, ਨਿਰਆਧਾਰ, ਮਨਚਾਹੀ ਅਤੇ ਬੜਬੋਲੀ ਪ੍ਰਸੰਸਾ ਦੇ ਪੜੁੱਲ ਬੰਨ੍ਹਣ ਲਈ ਸੁਰਖ਼ ਰੇਖਾ ਨੂੰ ਝੋਕ ਦਿੱਤਾ ਗਿਆ ਅਤੇ ਉਸ ਬਾਰੇ ਇੱਕ ਵਿਸ਼ੇਸ਼ ਅੰਕ ਜਾਰੀ ਕਰ ਮਾਰਿਆ। ਇੱਥੇ ਹੀ ਬੱਸ ਨਹੀਂ, ਉਸ ਵੱਲੋਂ ਪਰਚੇ ਦੇ ਸਫਿਆਂ 'ਤੇ ਸੋਹੀ ਨੂੰ ਕੇਂਦਰੀ ਕਮੇਟੀ ਦੇ ਸਕੱਤਰ ਵਜੋਂ ਪੇਸ਼ ਕਰਨ ਦਾ ਝੂਠ ਵੀ ਬੋਲਿਆ ਗਿਆ। ਇਹ ਸਾਰਾ ਕੁੱਝ ਕਾਮਰੇਡ ਸੋਹੀ ਵੱਲੋਂ 1994 ਤੋਂ 2009 ਤੱਕ ਕੇਂਦਰੀ ਕਮੇਟੀ ਦੇ ਸਕੱਤਰ ਵਜੋਂ ਨਿਭਾਏ ਨਾਕਾਮ ਅਤੇ ਨਖਿੱਧ ਰੋਲ 'ਤੇ ਪਰਦਾ ਪਾਉਣ, ਉਸਦੇ ਇਸ ਰੋਲ ਨੂੰ ਬੜਬੋਲੀ ਅਤੇ ਗੁਮਰਾਹੀ ਲਫਾਜ਼ੀ ਨਾਲ ਸ਼ਿੰਗਾਰਦਿਆਂ ਸਫਾਂ ਵਿੱਚ ਉਸਦੇ ਰੋਲ ਦਾ ਭਰਮਾਊ ਨਕਸ਼ਾ ਬੰਨ੍ਹਣ ਦੀ ਸੋਚੀ-ਸਮਝੀ ਚਾਲ ਵਜੋਂ ਕੀਤਾ ਗਿਆ। ਇਸ ਤਰ੍ਹਾਂ ਪਰਚੇ ਨੂੰ ਸਿਆਸੀ ਜਥੇਬੰਦੀ ਅੰਦਰ ਸੋਹੀ ਦੀ ਧਿਰ ਦਾ ਨੰਗਾ-ਚਿੱਟਾ (ਪਰ ਅਣ-ਐਲਾਨਿਆ) ਬੁਲਾਰਾ ਬਣਾਇਆ ਗਿਆ। ਇਸਦਾ ਮਨੋਰਥ ਕੇਂਦਰੀ ਕਮੇਟੀ ਦੀ ਪਿਛਲੇ ਲੱਗਭੱਗ ਪੰਦਰਾਂ ਸਾਲਾਂ ਦੀ ਕਾਰਗੁਜ਼ਾਰੀ ਤੋਂ ਬਦਜ਼ਨ ਅਤੇ ਬੇਚੈਨ ਸਫਾਂ ਨੂੰ ਅਸਰਅੰਦਾਜ਼ ਕਰਨਾ ਅਤੇ ਸੋਹੀ ਦੀ ਧਿਰ ਨਾਲ ਰੌਲੇ-ਰੱਟੇ ਦਾ ਪ੍ਰਗਟਾਅ ਕਰ ਰਹੀ ਧਿਰ ਖਿਲਾਫ ਮਾਹੌਲ ਤੇ ਨਾ-ਮੁਆਫਿਕ ਹਾਲਤਾਂ ਸਿਰਜਣ ਦੀ ਕੋਸ਼ਿਸ਼ ਕਰਨਾ ਸੀ। ਜੱਸੀ ਦੀ ਇਹ ਚਾਲ ਪਰਚੇ ਦੀ ਦੁਰਵਰਤੋਂ ਦੀ ਇੱਕ ਜ਼ਾਹਰਾ ਮਿਸਾਲ ਸੀ।

No comments:

Post a Comment