Thursday, 31 October 2019

ਭਾਰਤੀ ਹਾਕਮਾਂ ਵੱਲੋਂ ਮਾਓਵਾਦੀਆਂ 'ਤੇ ਅਗਲੇ ਫਾਸ਼ੀ ਹਮਲੇ ਦੀ ਤਿਆਰੀ


ਭਾਰਤੀ ਹਾਕਮਾਂ ਵੱਲੋਂ ਮਾਓਵਾਦੀਆਂ 'ਤੇ ਅਗਲੇ ਫਾਸ਼ੀ ਹਮਲੇ ਦੀ ਤਿਆਰੀ 
ਜੰਮੂ-ਕਸ਼ਮੀਰ ਉੱਪਰ ਮੁਕੰਮਲ ਕਬਜ਼ਾ ਕਰਨ ਉਪਰੰਤ ਭਾਰਤੀ ਹਾਕਮਾਂ ਨੇ ਮੱਧ ਭਾਰਤ ਵਿੱਚ ਕਾਬਜ਼ ਨਕਸਲੀ/ਮਾਓਵਾਦੀ ਲਹਿਰ ਨੂੰ ਖਤਮ ਕਰਨ ਲਈ ਰੱਸੇ-ਪੈੜੇ ਵੱਟੇ ਹਨ। 27 ਅਗਸਤ ਦੀਆਂ ਅਖਬਾਰਾਂ ਵਿੱਚ ਇਸ ਸਬੰਧੀ ਵਿਸਥਾਰਤ ਜਾਣਕਾਰੀ ਛਪੀ ਹੈ। ਇਸਦਾ ਸੰਖੇਪ ਹੇਠਾਂ ਦਿੱਤਾ ਜਾ ਰਿਹਾ ਹੈ। 
26 ਅਗਸਤ ਨੂੰ ਕੇਂਦਰ ਅਤੇ ਨਕਸਲ ਪ੍ਰਭਾਵਿਤ ਸੂਬਿਆਂ ਨੇ ਸੋਮਵਾਰ ਨੂੰ ਸਾਂਝੇ ਤੌਰ 'ਤੇ ਖੱਬੇਪੱਖੀ ਅਤਿਵਾਦ ਖਿਲਾਫ ਮਿਲ ਕੇ ਲੜਾਈ ਲੜਨ ਦਾ ਸੰਕਲਪ ਲੈਂਦਿਆਂ ਗ੍ਰਹਿ ਮੰਤਰੀ ਅਮਿਤਸ਼ਾਹ ਨਾਲ ਮਿਲ ਕੇ ਐਲਾਨ ਕੀਤਾ ਕਿ ਮਾਓਵਾਦੀ ਜਮਹੂਰੀਅਤ ਦੇ ਖਿਲਾਫ ਹਨ ਅਤੇ ਇਹਨਾਂ ਨੂੰ ਜੜ੍ਹੋਂ ਪੁੱਟ ਦੇਣਾ ਚਾਹੀਦਾ ਹੈ। ਮੀਟਿੰਗ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉੜੀਸਾ ਦੇ ਨਵੀਨ ਪਟਨਾਇਕ, ਉੱਤਰ ਪ੍ਰਦੇਸ਼ ਦੇ ਯੋਗੀ ਆਦਿਤਿਆਨਾਥ, ਮੱਧ ਪ੍ਰਦੇਸ਼ ਦੇ ਕਮਲਨਾਥ, ਝਾਰਖੰਡ ਦੇ ਰਘੂਬਰ ਦਾਸ, ਛੱਤੀਸਗੜ੍ਹ ਦੇ ਭੁਪੇਸ਼ ਬਘੇਲ, ਆਂਧਰਾਪ੍ਰਦੇਸ਼ ਦੇ ਵਾਈ.ਐਸ. ਜਗਮੋਹਨ ਰੈੱਡੀ ਤੋਂ ਇਲਾਵਾ ਨਕਸਲ ਪ੍ਰਭਾਵਿਤ 10 ਸੂਬਿਆਂ ਦੇ ਡੀ.ਸੀ., ਐਸ.ਐਸ.ਪੀ. ਸਮੇਤ ਉੱਚ ਪੁਲਸ ਅਤੇ ਹੋਰਨਾਂ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਨਕਸਲੀਆਂ ਖਿਲਾਫ ਅਪ੍ਰੇਸ਼ਨਾਂ ਅਤੇ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਅਤੇ ਕੇਂਦਰ ਨੇ ਮਾਓਵਾਦ ਦੀ ਬੁਰਾਈ ਖਿਲਾਫ ਮਿਲ ਕੇ ਲ਼ੜਾਈ ਲੜਨ ਦਾ ਸੰਕਲਪ ਲਿਆ ਹੈ। ਮੀਟਿੰਗ ਤੋਂ ਬਾਅਦ ਸ਼ਾਹ ਨੇ ਟਵੀਟ ਕੀਤਾ, ''ਨਕਸਲ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਸਫਲ ਰਹੀ। ਇਹਨਾਂ ਸੂਬਿਆਂ ਦੇ ਵਿਕਾਸ ਅਤੇ ਸੁਰੱਖਿਆ ਨਾਲ ਸਬੰਧਤ ਕਈ ਮੁੱਦਿਆਂ 'ਤੇ ਚਰਚਾ ਹੋਈ। ਖੱਬੇਪੱਖੀ ਅਤਿਵਾਦ ਲੋਕਤੰਤਰ ਦੇ ਖਿਲਾਫ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅਸੀਂ ਇਸ ਨੂੰ ਜੜ੍ਹੋਂ ਪੁੱਟ ਲਈ ਵਚਨਬੱਧ ਹਾਂ।'' ਨੀਮ ਫੌਜੀ ਬਲਾਂ ਅਤੇ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ। ਗ੍ਰਹਿ ਮੰਤਰੀ ਬਣਨ ਬਾਅਦ ਅਮਿਤ ਸ਼ਾਹ ਦੀ ਇਹ ਇਸ ਤਰ੍ਹਾਂ ਦੀ ਪਹਿਲੀ ਮੀਟਿੰਗ ਸੀ। ਨਕਸਲ ਪ੍ਰਭਾਵਿਤ 10 ਸੂਬਿਆਂ ਵਿੱਚ ਛੱਤੀਸਗੜ੍ਹ, ਝਾਰਖੰਡ, ਉੜੀਸ਼ਾ, ਪੱਛਮੀ ਬੰਗਾਲ, ਬਿਹਾਰ, ਮਹਾਂਰਾਸ਼ਟਰ ਤੇਲੰਗਾਨਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਖੱਬੇਪੱਖੀ ਅਤਿਵਾਦ ਖਿਲਾਫ ਲੜਾਈ ਕੇਂਦਰ ਅਤੇ ਸੂਬਿਆਂ ਦੀ ਸਾਂਝੀ ਜੁੰਮੇਵਾਰੀ ਹੈ। ਉਹਨਾਂ ਮੌਜੂਦਾ ਨੀਤੀ ਵਿੱਚ ਬਦਲਾਅ ਦੀ ਲੋੜ 'ਤੇ ਜ਼ੋਰ ਦਿੱਤਾ ਕਿ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਭਾਰ ਸੂਬਿਆਂ ਉੱਪਰ ਹੀ ਨਹੀਂ ਛੱਡਿਆ ਜਾਣਾ ਚਾਹੀਦਾ ਬਲਕਿ ਕੇਂਦਰ ਚੁੱਕਣਾ ਚਾਹੀਦਾ ਹੈ।  ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕੇਂਦਰ ਤੋਂ ਵੱਧ ਫੰਡ ਦੇਣ ਦੀ ਮੰਗ ਕੀਤੀ ਅਤੇ ਵਿਕਾਸ ਕਰਕੇ ਲੋਕਾਂ ਦਾ ਭਰੋਸਾ ਜਿੱਤਣ ਦਾ ਵਿਸ਼ਵਾਸ਼ ਪ੍ਰਗਟਾਇਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਥ ਨੇ ਕਿਹਾ ਕਿ ਸੂਬੇ ਵਿੱਚ ਨਕਸਲੀ ਕਾਰਵਾਈਆਂ ਪੂਰੀ ਤਰ੍ਹਾਂ ਕੰਟਰੋਲ ਹੇਠ ਹਨ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਵਿਕਾਸ ਹੋ ਰਿਹਾ ਹੈ। ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਕਿਹਾ ਕਿ ਨਕਸਲੀਆਂ ਨੂੰ ਮੁੱਖਧਾਰਾ ਵਿੱਚ ਸ਼ਾਮਲ ਹੋਣ ਲਈ ਲਿਆਂਦੀ ਆਤਮ ਸਮਰਪਣ ਅਤੇ ਮੁੜ ਵਸੇਬਾ ਨੀਤੀ ਤਹਿਤ ਕਈ ਉੱਘੇ ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਸੂਬੇ ਦੇ ਤਿੰਨ ਹੋਰ ਜ਼ਿਲ੍ਹਿਆਂ ਨੂੰ ਨਕਸਲ ਪ੍ਰਭਾਵਿਤ ਐਲਾਨਿਆ ਜਾਵੇ ਅਤੇ ਇਹਨਾਂ ਖੇਤਰਾਂ ਵਿੱਚ ਹੋਰ ਬਟਾਲੀਅਨਾਂ ਦੀ ਤਾਇਨਾਤੀ ਕੀਤੀ ਜਾਵੇ। ਤੇ ਸਾਲ 2015-19 ਵਿਚਾਲੇ ਨਕਸਲੀ ਘਟਨਾਵਾਂ ਵਿੱਚ 60 ਫੀਸਦੀ ਕਮੀ ਆਈ ਹੈ। ਕੇਂਦਰੀ ਮੰਤਰੀਆਂ ਨਿਤੀਨ ਗਡਕਰੀ (ਸੜਕ ਨਿਰਮਾਣ ਮੰਤਰੀ), ਨਿਰਮਲਾ ਸੀਤਾਰਮਨ (ਖਜ਼ਾਨਾ ਮੰਤਰੀ), ਰਵੀ ਸ਼ੰਕਰ ਪ੍ਰਸ਼ਾਦ (ਕਾਨੂੰਨ-ਇਨਸਾਫ ਅਤੇ ਸੰਚਾਰ ਮੰਤਰੀ), ਨਰਿੰਦਰ ਸਿੰਘ ਤੋਮਰ (ਖੇਤੀ ਤੇ ਕਿਸਾਨ ਭਲਾਈ, ਖਾਣਾਂ ਅਤੇ ਪਾਰਲੀਮਾਨੀ ਮਾਮਲਿਆਂ ਸਬੰਧੀ ਮੰਤਰੀ), ਅਰਜੁਨ ਮੁੰਡਾ (ਕੈਬਨਿਟ ਮੰਤਰੀ) ਅਤੇ ਮਹਿੰਦਰ ਨਾਥ ਪਾਂਡੇ (ਕੈਬਨਿਟ ਮੰਤਰੀ) ਨੇ ਬਾਅਦ ਵਿੱਚ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਮੁੱਖ ਮੰਤਰੀਆਂ ਨਾਲ ਸੜਕ, ਸੰਚਾਰ, ਖੇਤੀਬਾੜੀ ਅਤੇ ਹੋਰਨਾਂ ਮੁੱਦਿਆਂ 'ਤੇ ਚਰਚਾ ਕੀਤੀ। 
ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਨਕਸਲ-ਵਿਰੋਧੀ ਅਪ੍ਰੇਸ਼ਨਾਂ ਵਿੱਚ ਤਾਇਨਾਤ ਵਿਸ਼ੇਸ਼ ਡਾਇਰੈਕਟਰ ਜਨਰਲ ਪੁਲੀਸ  ਆਰ.ਕੇ. ਵਿਜ ਨੇ 'ਇੰਡੀਅਨ ਐਕਸਪ੍ਰੈਸ'' ਨਾਲ ਨਕਸਲੀ ਕਾਰਕੁੰਨਾਂ ਦੇ ਵਧੇਰੇ ਗਿਣਤੀ ਵਿੱਚ ਮਾਰੇ ਜਾਣ ਸਬੰਧੀ ਮਿਲ ਰਹੀ ਕਾਮਯਾਬੀ ਸਬੰਧੀ ਇੱਕ ਮੁਲਾਕਾਤ ਵਿੱਚ ਆਖਿਆ ਸੀ ਕਿ ''ਹੁਣ ਪੁਲਸ ਨੇ ਬਹੁਤ ਸਾਰੀਆਂ ਮੁਸ਼ਕਲਾਂ ਉੱਪਰ ਕਾਬੂ ਪਾ ਲਿਆ ਹੈ। ਉਸ ਨੇ ਸੈਟੇਲਾਈਟ ਤਕਨੀਕ ਦੀ ਵਰਤੋਂ ਕਰਨੀ ਸਿੱਖ ਲਈ ਹੈ ਜਿਸ ਤੋਂ ਜਵਾਨਾਂ ਨੂੰ ਕਿਸੇ ਸਥਾਨ ਦੀ ਪੂਰੀ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਅਤੇ ਦੁਸ਼ਮਣ ਨੂੰ ਸਪੱਸ਼ਟਤਾ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਹੁਣ ਸੁਰੱਖਿਆ ਬਲਾਂ ਨੂੰ ਪੂਰੀ ਪੂਰੀ ਜਾਣਕਾਰੀ ਮਿਲਣ ਦੇ ਨਾਲ ਨਾਲ ਹੋਰਨਾਂ ਬਲਾਂ ਦਾ ਆਪਸੀ ਤਾਲਮੇਲ ਵੀ ਬਣਿਆ ਰਹਿੰਦਾ ਹੈ। ਸੂਬਾਈ ਪੁਲਸ ਨੂੰ ਹੁਣ ਕੰਕੇਰ ਦੀਆਂ ਵਿਸ਼ੇਸ਼ ਸਿਖਲਾਈ ਸੰਸਥਾਵਾਂ ਵਿੱਚੋਂ ਸਹਾਇਤਾ ਮਿਲ ਰਹੀ ਹੈ, ਜਿਸ ਨਾਲ ਉਹਨਾਂ ਦੀ ਸਮਰੱਥਾ ਅਤੇ ਯੋਗਤਾ ਵਧੀ ਹੈ। ਕੇਂਦਰੀ ਹਕੂਮਤ ਵੱਲੋਂ ਵਿੱਤੀ ਸਹਾਇਤਾ ਹਾਸਲ ਹੋਣ ਨਾਲ ਸਪੈਸ਼ਲ ਟਾਸਕ ਫੋਰਸ ਅਤੇ ਸਟੇਟ ਇੰਟੈਲੀਜੈਂਸ ਬਿਊਰੋ ਵਰਗੇ ਵਿਸ਼ੇਸ਼ ਵਿੰਗ ਤਿਆਰ ਕੀਤੇ ਗਏ ਹਨ। ਮਾਓਵਾਦੀਆਂ ਵਿਰੋਧੀ 'ਮੇਨ ਫੋਰਸ' ਕਾਇਮ ਕੀਤੀ ਗਈ ਹੈ ਜਿਸ ਨੂੰ ਵਿਸ਼ੇਸ਼ ਫੌਜੀ ਸਿਖਲਾਈ ਦਿੱਤੀ ਗਈ ਹੈ ਅਤੇ ਉਸ ਨੂੰ ਦੱਖਣੀ ਬਸਤਰ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨਾਲ ਮੀਜ਼ੋਰਮ ਦੇ ਵੈਰੇਂਗਤੇ ਦੇ ਵਾਰ-ਫੇਅਰ ਸਕੂਲ ਤੋਂ ਬਗਾਵਤ ਵਿਰੋਧੀ ਜੰਗਲ ਵਿੱਚ ਕੀਤੇ ਜਾਣ ਵਾਲੇ ਅਪ੍ਰੇਸ਼ਨ ਵਿੱਚ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ। 
''ਸੀ.ਪੀ.ਆਈ.(ਮਾਓਵਾਦੀ) ਨੇ 2014 ਵਿੱਚ ਕੇਂਦਰੀ ਰਿਜ਼ਨਲ ਬਿਓਰੋ ਦੀ ਮੀਟਿੰਗ ਵਿੱਚ ਤਹਿ ਕੀਤਾ ਹੈ ਕਿ ਉਹ ਮੱਧ ਪ੍ਰਦੇਸ਼-ਮਹਾਂਰਾਸ਼ਟਰ-ਛੱਤੀਸਗੜ੍ਹ ਦੀ ਤਿੰਨਕੋਣੀ 'ਤੇ ਨਵਾਂ ਜ਼ੋਨ ਤਿਆਰ ਕਰਨਗੇ। ਮਾਓਵਾਦੀ ਇਸ ਖੇਤਰ ਨੂੰ ਬਸਤਰ ਦੇ ਦੰਡਕਾਰਨੀਆ ਦੀ ਸਪੈਸ਼ਲ ਜ਼ੋਨ ਕਮੇਟੀ ਦੀ ਤਰਜ਼ 'ਤੇ ਤਿਆਰ ਕਰਨਾ ਚਾਹੁੰਦੇ ਹਨ। ਇਹ ਇਲਾਕਾ ਜੰਗਲੀ, ਕਬਾਇਲੀ ਅਤੇ ਗੁਰੀਲਾ ਯੁੱਧ ਲਈ ਢੁਕਵਾਂ ਹੈ। ਇਹ ਉੱਤਰੀ ਗੜ੍ਹਚਿਰੋਲੀ ਦੀ ਦੰਡਕਾਰਨੀਆ ਦੀ ਮਾਓਵਾਦੀ ਡਵੀਜ਼ਨ ਦਾ ਵਿਸਥਾਰ ਹੈ। ਕੁੱਝ ਕੁ ਨੂੰ ਛੱਡ ਕੇ ਮੱਧ ਪ੍ਰਦੇਸ਼-ਮਹਾਂਰਾਸ਼ਟਰ-ਛੱਤੀਸਗੜ੍ਹ ਜ਼ੋਨ ਵਿਚਲਾ ਬਹੁਤ ਕਾਡਰ ਬਸਤਰ ਵਿੱਚੋਂ ਆਇਆ ਹੈ। ਸੂਬਾਈ ਹਕੂਮਤ ਨੇ ਮਾਓਵਾਦੀ ਵਧਾਰੇ ਨੂੰ ਰੋਕਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਹਨ। ਸੁਰੱਖਿਆ ਕੈਂਪ ਵਧਾਏ ਗਏ ਹਨ। ਐਸ.ਪੀ. ਕਬੀਰਧਾਮ ਵੱਲੋਂ ਮਾਓਵਾਦੀ ਪ੍ਰਭਾਵਿਤ ਇਲਾਕਿਆਂ ਵਿੱਚ ਚੇਤਨਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਮਾਓਵਾਦ ਵਿਰੁੱਧ ਸੈਂਕੜੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਨੇ ਵਿਕਾਸ ਕਾਰਜਾਂ ਨੂੰ ਵਧਾਇਆ ਹੈ। ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਨੇ ਵੀ ਇਹਨਾਂ ਖੇਤਰਾਂ ਵਿੱਚ ਮਾਓਵਾਦ-ਵਿਰੋਧੀ ਅਪ੍ਰੇਸ਼ਨਾਂ ਵਿੱਚ ਤੇਜ਼ੀ ਲਿਆਂਦੀ ਹੈ। ਤਿੰਨ ਅਗਸਤ ਦੀ ਰਾਤ ਨੂੰ ਇਸ ਇਲਾਕੇ ਵਿੱਚਲੀ ਦਰੱਕਸਾ ਏਰੀਆ ਕਮੇਟੀ ਗੜ੍ਹਚਿਰੋਲੀ-ਰਾਜਨੰਦਗਾਉਂ-ਬਾਲਾਘਾਟ ਡਵੀਜ਼ਨ ਦਾ ਸਫਾਇਆ ਕਰ ਦਿੱਤਾ ਗਿਆ ਹੈ। 
''ਹੁਣ ਅਸੀਂ ''ਟੈਕਟੀਕਲ ਕਾਉਂਟਰ ਆਫੈਂਸ ਕੰਪੇਨ'' ਦਾ ਵਿਸ਼ਲੇਸ਼ਣ ਕੀਤਾ ਹੈ, ਜਿਸ ਨੂੰ ਉਹ ਫਰਵਰੀ-ਮਾਰਚ ਤੋਂ ਮਈ-ਜੂਨ ਵਿੱਚ ਹਰ ਸਾਲ ਚਲਾਉਂਦੇ ਹਨ। ਸੁਰੱਖਿਆ ਬਲਾਂ ਇਹਨਾਂ ਦਿਨਾਂ ਵਿੱਚ ਵਾਧੂ ਚੌਕਸੀ ਵਰਤਣ ਲਈ ਆਖਿਆ ਜਾਂਦਾ ਹੈ। ਹੁਣ ਅਸੀਂ ਬਾਰੂਦੀ ਸੁਰੰਗਾਂ ਰਾਹੀਂ ਹੁੰਦੇ ਨੁਕਸਾਨ ਅਤੇ ਦੁਰਘਟਨਾਵਾਂ ਤੋਂ ਵਧੇਰੇ ਚੌਕਸੀ ਵਰਤਦੇ ਹਾਂ। ਇਹਨਾਂ ਨੂੰ ਲੱਭਣ ਲਈ ਅਧੁਨਿਕ ਤਕਨੀਕ ਦੀ ਵਰਤੋਂ ਕਰ ਰਹੇ ਹਾਂ। ਅੱਗੇ ਵਧਣ ਲਈ ਚੌਕਸੀ ਟੀਮਾਂ ਪਹਿਲਾਂ ਜਾਂਚ-ਪੜਤਾਲ ਕਰਦੀਆਂ ਹਨ। ਸ਼ਰਾਰਤੀ ਤੱਤਾਂ 'ਤੇ ਨਜ਼ਰ ਰੱਖਣ ਦਾ ਪ੍ਰਬੰਧ ਮਜ਼ਬੂਤ ਕੀਤਾ ਗਿਆ ਹੈ। ਆਧਾਰ ਕਾਰਡ ਦੀ ਪੜਤਾਲ ਰਾਹੀਂ ਡੈਟੋਨੇਟਰਾਂ ਦੀ ਸਪਲਾਈ ਰੋਕਣ ਦੇ ਇੰਤਜ਼ਾਮ ਕੀਤੇ ਗਏ ਹਨ। ਭਾਵੇਂ ਇਸ ਸਮੇਂ ਮਾਓਵਾਦੀ ਉਡੀਸ਼ਾ, ਦੰਡਕਾਰਨੀਆ ਅਤੇ ਹੋਰਨਾਂ ਖੇਤਰਾਂ ਵਿੱਚ ਕਮਜ਼ੋਰ ਪਏ ਹੋਏ ਹਨ ਅਤੇ ਉਹਨਾਂ ਦਾ ਵਧਾਰਾ ਰੁਕਿਆ ਹੋਇਆ ਹੈ, ਪਰ ਸੁਰੱਖਿਆ ਬਲ ਉਹਨਾਂ ਦੀ ਲਮਕਵੇਂ ਯੁੱਧ ਦੀ ਯੁੱਧਨੀਤੀ ਨੂੰ ਅਣਗੌਲਿਆਂ ਨਹੀਂ ਕਰ ਸਕਦੀ।  ਚਲੰਤ ਯੁੱਧ (ਆਧਾਰ ਇਲਾਕਿਆਂ ਵਿੱਚ ਮਰਜ਼ੀ ਮੁਤਾਬਕ ਹਮਲਾ ਕਰਨ ਦੀ ਯੋਗਤਾ ਅਤੇ ਬਿਨਾ ਕੋਈ ਝਰੀਟ ਆਏ ਬਚ ਨਿਕਲਣਾ) ਨੂੰ ਖਤਮ ਕਰਨਾ ਹੋਵੇਗਾ ਜਿਥੇ (ਸੁਰੱਖਿਆ ਬਲਾਂ ਦੀ ਕੋਈ ਹੋਂਦ ਨਹੀਂ) ਉਸ ਨੂੰ ਪੁਰ ਕਰਨਾ ਹੋਵੇਗਾ। ਬਾਰੂਦੀ ਸੁਰੰਗਾਂ ਨੂੰ ਨਕਾਰਾ ਕਰਨ ਲਈ ਚੰਗੀਆਂ ਤਕਨੀਕਾਂ ਦੀ ਜ਼ਰੂਰਤ ਹੈ। ਸੁਰੱਖਿਆ ਬਲਾਂ ਨੂੰ ਪਿਛਲੀਆਂ ਦਾਅਪੇਚਕ ਗਲਤੀਆਂ ਤੋਂ ਸਿੱਖਣਾ ਹੋਵੇਗਾ। ਖੁਫੀਆ ਜਾਣਕਾਰੀ ਦੇ ਪ੍ਰਬੰਧ ਨੂੰ ਮਜਬੂਤ ਕਰਨਾ ਹੋਵੇਗਾ ਅਤੇ ਦੂਰ-ਦਰਾਜ਼ ਦੇ ਖੇਤਰਾਂ ਵਿੱਚ ਟੈਲੀਫੋਨਾਂ ਆਦਿ ਵਿੱਚ ਸੁਧਾਰ ਲਿਆਉਣਾ ਹੋਵੇਗਾ। ਆਤਮ-ਸਮਰਪਣ ਅਤੇ ਮੁੜ-ਵਸੇਬੇ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਹੋਵੇਗਾ।''
ਭਾਰਤੀ ਹਾਕਮਾਂ ਵੱਲੋਂ ਵਿੱਢੀ
ਕਾਤਲਾਨਾ ਮੁਹਿੰਮ 
24 ਅਗਸਤ ਨੂੰ ਛੱਤੀਸਗੜ੍ਹ  ਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਪੰਜ ਮਾਓਵਾਦੀ ਮਾਰੇ ਗਏ। ਪੁਲਸ ਨੇ ਦੱਸਿਆ ਕਿ ਮੁਕਾਬਲੇ ਵਿੱਚ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਦੋ ਜਵਾਨ ਜਖਮੀ ਹੋ ਗਏ ਹਨ। ਮੁਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਦੀ ਟੀਮ ਧੁਰਥੇੜਾ ਪਿੰਡ ਨੇੜਲੇ ਜੰਗਲਾਂ ਵਿੱਚ ਮਾਓਵਾਦੀਆਂ ਦੀ ਭਾਲ ਲਈ ਗਈ ਸੀ। 
28 ਜੁਲਾਈ ਨੂੰ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਸੱਤ ਨਕਸਲੀ ਹਲਾਕ ਹੋ ਗਏ। ਡੀ.ਆਈ.ਜੀ. ਸੁੰਦਰਰਾਜ ਪੀ. ਨੇ ਦੱਸਿਆ ਕਿ ਇਹ ਮੁਕਾਬਲਾ ਨਗਰਨਾਰ ਥਾਣੇ ਅਧੀਨ ਆਉਂਦੇ ਤਿਰੀਆ ਪਿੰਜਡ ਨੇੜਲੇ ਜੰਗਲਾਂ ਵਿੱਚ ਹੋਇਆ। 
4 ਅਗਸਤ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਸੱਤ ਨਕਸਲੀ, ਜਿਹਨਾਂ ਵਿੱਚ ਪੰਜ ਮਹਿਲਾਵਾਂ ਸ਼ਾਮਲ ਹਨ, ਮਾਰੇ  ਗਏ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿੱਚ ਡੀ.ਆਰ.ਜੀ. (ਡਿਸਟ੍ਰਿਕਟ ਰਿਜ਼ਰਵ ਗਾਰਡ) ਦਾ ਇੱਕ ਜਵਾਨ ਵੀ ਜਖਮੀ ਹੋ ਗਿਆ। ਡੀ.ਆਈ.ਜੀ. ਸੁੰਦਰਰਾਜ ਪੀ. ਨੇ ਦੱਸਿਆ ਕਿ ਸਵੇਰੇ 7 ਵਜੇ ਬਾਗਨਦੀ ਪੁਲਸ ਸਟੇਸ਼ਨ ਅਧੀਨ ਆਉਂਦੇ ਪਿੰਡਾਂ ਸੀਤਾਗੋਟਾ-ਸੇਰਪਰ ਨੇੜਲੇ ਜੰਗਲ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਗੋਲੀਬਾਰੀ ਹੋਈ। ਉਹਨਾਂ ਦੱਸਿਆ ਕਿ ਬਾਗੀਆਂ ਬਾਰੇ ਮਿਲੀ ਸੂਹ ਮਗਰੋਂ ਸ਼ੁੱਕਰਵਾਰ ਦੀ ਰਾਤ ਡੀ.ਆਰ.ਜੀ. ਅਤੇ ਸਥਾਨਕ ਪੁਲਸ ਦੀ ਟੀਮ ਨੇ ਬਾਗਨਦੀ ਖੇਤਰ ਵਿੱਚ ਗਸ਼ਤ ਸ਼ੁਰੂ ਕੀਤੀ ਸੀ। ਗਸ਼ਤੀ ਟੀਮ ਜਦੋਂ ਜੰਗਲ ਵਿੱਚ ਅੱਗੇ ਵਧ ਰਹੀ ਸੀ ਤਾਂ ਸੀਤਾਗੋਟ-ਸੇਰਪੁਰ ਨੇੜੇ ਹਥਿਆਰਬੰਦ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ 'ਤੇ ਸੁਰੱਖਿਆ ਬਲਾਂ ਜਵਾਬੀ ਕਾਰਵਾਈ ਕੀਤੀ। ਦੋ ਘੰਟੇ ਚੱਲੇ ਇਸ ਮੁਕਾਬਲੇ ਮਗਰੋਂ ਨਕਸਲੀ ਸੰਘਣ ਜੰਗਲ ਵਿੱਚ ਲੋਪ ਹੋ ਗਏ। ਮੁਕਾਬਲੇ ਮਗਰੋਂ ਚਲਾਈ ਗਈ ਤਲਾਸ਼ੀ ਮੁਹਿੰਮ ਵਿੱਚ ਮੌਕੇ ਤੋਂ ਸੱਤ ਬਾਗੀਆਂ, ਜਿਹਨਾਂ ਵਿੱਚ ਪੰਜ ਮਹਿਲਾਵਾਂ ਸ਼ਾਮਲ ਸਨ, ਦੀਆਂ ਲਾਸ਼ਾਂ ਬਰਾਮਦ ਹੋਈਆਂ। ਉਹਨਾਂ ਦੱਸਿਆ ਕਿ ਘਟਨਾ ਸਥਾਨ ਤੋਂ ਇੱਕ ਏਕੇ 47 ਰਾਈਫਲ, ਇੱਕ .303 ਰਾਈਫਲ, ਇੱਕ 12 ਬੋਰ ਦੀ ਬੰਦੂਕ, ਇੱਕ ਸਟੇਨਗੰਨ, ਇੱਕ 315 ਦੀ ਰਾਈਫਲ ਅਤੇ ਹੋਰ ਅਸਲਾ ਬਰਾਮਦ ਹੋਇਆ। ਮਾਰੇ ਗਏ ਨਕਸਲੀਆਂ ਦੀ ਪਛਾਣ ਸੀ.ਪੀ.ਆਈ. ਮਾਓਵਾਦੀ ਦੀ ਦਰੋਕਸ਼ਾ ਏਰੀਆ ਕਮੇਟੀ ਦੇ ਆਗੂ ਸੁਖਦੇਵ, ਉਸਦੀ ਪਤਨੀ ਅਤੇ ਟੀਮ ਮੈਂਬਰ ਪ੍ਰਾਮਿਲਾ, ਇਸੇ ਟੀਮ ਦੇ ਮੈਬਰ ਸੀਮਾ, ਮੀਨਾ ਤੇ ਪਿਤੇਸ਼ ਅਤੇ ਵਿਸਤਾਰ ਪਲਟੂਨ ਨੰਬਰ 1 ਦੀਆਂ ਮੈਂਬਰ ਲਲਿਤਾ ਅਤੇ ਸ਼ਿਲਪਾ ਵਜੋਂ ਹੋਈ ਹੈ। 
14 ਜੁਲਾਈ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਔਰਤ ਸਣੇ ਦੌ ਨਕਸਲਵਾਦੀ ਹਲਾਕ ਹੋ ਗਏ। ਜ਼ਿਲ੍ਹਾ ਦਾਂਤੇਵਾੜਾ ਦੇ ਐਸ.ਪੀ. ਅਭਿਸ਼ੇਖ ਪੱਲਵਾ ਨੇ ਪੀ.ਟੀ.ਆਈ. ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਮੁਕਾਬਲਾ ਰਾਏਪੁਰ ਤੋਂ ਤਕਰੀਬਨ 400 ਕਿਲੋਮੀਟਰ ਦੂਰ ਸਥਿਤ ਪਿੰਡ ਗੁਮੀਆਪਾਲ ਨੇੜਲੇ ਜੰਗਲਾਂ ਵਿੱਚੋਂ ਉਦੋਂ ਹੋਇਆ ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ ਗਦੀ ਇੱਕ ਟੀਮ ਨਕਸਲ ਵਿਰੋਧੀ ਇੱਕ ਕਾਰਵਾਈ 'ਤੇ ਨਿਕਲੀ ਹੋਈ ਸੀ। ਮੁਕਾਬਲੇ ਵਾਲੀ ਜਗ੍ਹਾ ਦੀ ਤਲਾਸ਼ੀ ਲਈ ਗਈ ਤਾਂ ਉੱਤੋਂ ਦੋ ਨਕਸਲਵਾਦੀਆਂ ਦੀਆਂ ਲਾਸ਼ਾਂ ਤੇ ਇੱਕ .303 ਦੀਆਂ ਰਾਈਫਲਾਂ ਅਤੇ ਇੱਕ ਬੰਦੂਕ ਬਰਾਮਦ ਹੋਈ। ਮੁਕਾਬਲੇ ਵਿੱਚ ਮਾਰੇ ਗਏ ਨਕਸਲਵਾਦੀਆਂ ਦੀ ਪਛਾਣ ਦੇਵਾ ਤੇ ਮਾਮਗਲੀ ਉਰਫ ਮੂਈ ਵਜੋਂ ਹੋਈ ਹੈ। ਉਹ ਦੋਵੇਂ ਮਾਓਵਾਦੀਆਂ ਦੀ ਮਲੰਗੀਰ ਖੇਤਰ ਕਮੇਟੀ ਦੇ ਸਰਗਰਮ ਮੈਂਬਰ ਸਨ ਅਤੇ ਦੋਵਾਂ ਉੱਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ। ਇੱਕ ਹੋਰ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਛਾਣ ਕੋਸੀ ਵਜੋਂ ਹੋਈ ਹੈ। 
10 ਅਗਸਤ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚੋਂ ਸੁਰੱਖਿਆ ਬਲਾਂ ਨੇ ਚਾਰ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿੱਚ ਨਕਸਲੀਆਂ ਦਾ ਉਹ ਆਗੂ ਵੀ ਸ਼ਾਮਲ ਹੈ ਜਿਸ ਦੇ ਸਿਰ 'ਤੇ ਇੱਕ ਲੱਖ ਰੁਪਏ ਦਾ ਇਨਾਮ ਸੀ। ਬੀਜਾਪੁਰ ਦੇ ਐਸ.ਪੀ. ਦਿਵਿਆਂਗ ਪਾਟਲਿ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਨਕਸਲੀਆਂ ਨੂੰ ਸ਼ੁੱਕਰਵਾਰ ਸ਼ਾਮ ਬਾਸਾਗੁੜਾ ਪੁਲਸ ਸਟੇਸ਼ਨ ਅਧੀਨ ਪੈਂਦੇ ਚਿਲਕਾਪਾਲੀ ਪਿੰਡ ਦੇ ਨੇੜਲੇ ਜੰਗਲ ਵਿੱਚੋਂ ਕਾਬੂ ਕੀਤਾ। 
11 ਅਗਸਤ ਛੱਤੀਸਗੜ੍ਹ  ਦੇ ਸੁਕਮਾ ਜ਼ਿਲ੍ਹੇ ਵਿੱਚ ਸੱਤ ਨਕਸਲੀਆਂ ਵੱਲੋਂ ਆਤਮ ਸਮਰਪਣ। ਇਹਨਾਂ ਵਿੱਚੋਂ ਤਿੰਨ ਦੇ ਸਿਰ 'ਤੇ ਇਨਾਮ ਰੱਖਿਆ ਹੋਇਆ ਸੀ। 
24 ਅਗਸਤ ਨੂੰ ਦਾਂਤੇਵਾੜਾ ਜ਼ਿਲ੍ਹੇ ਵਿੱਚ ਦੋ ਥਾਵਾਂ ਤੋਂ ਚਾਰ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਤਿੰਨ ਮੁਲਜ਼ਮਾਂ ਦੇ ਸਿਰ 'ਤੇ ਇੱਕ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਤਿੰਨ ਨਕਸਲੀਆਂ ਨੂੰ ਫਰਸਪਾਲ ਪੁਲਸ ਸਟੇਸ਼ਨ ਖੇਤਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਇੱਕ ਨੂੰ ਅਰਨਪੁਰ ਪੁਲਸ ਸਟੇਸ਼ਨ ਦੀ ਹੱਤ 'ਚੋਂ ਗ੍ਰਿਫਤਾਰ ਕੀਤਾ ਗਿਆ। 
14 ਸਤੰਬਰ ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਦੋ ਨਾਮੀ ਨਕਸਲੀਆਂ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਪੁਲਸ ਸੂਤਰਾਂ ਅਨੁਸਾਰ ਦੋਵਾਂ ਦੇ ਸਿਰਾਂ ਉੱਤੇ ਇਨਾਮ ਐਲਾਨਿਆ ਹੋਇਆ ਸੀ। ਦਾਂਤੇਵਾੜਾ ਦੇ ਪੁਲਸ ਮੁਖੀ ਅਭਿਸ਼ੇਖ ਪੱਲਵ ਅਨੁਸਾਰ ਪਿੰਡ ਕੁਤਰੇਮ ਦੇ ਜੰਲ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਦੋ ਇਨਾਮੀ ਨਕਸਲੀ ਮਾਰੇ ਗਏ। ਮ੍ਰਿਤਕ ਨਕਸਲੀਆਂ ਦੀ ਪਛਾਣ ਲਾਛੂ ਮੰਡਵੀ ਅਤੇ ਪੋਡਿਆ ਵਜੋਂ ਹੋਈ ਹੈ। ਇਹ ਦੋਵੇਂ ਮਲਾਂਗੀਰ ਇਾਲਕੇ ਦੀ ਨਕਸਲ ਕਮੇਟੀ ਦੇ ਮੈਂਬਰ ਸਨ ਅਤੇ ਉਹਨਾਂ ਦੇ ਸਿਰ ਉੱਤੇ ਪੰਜ ਲੱਖ ਰੁਪਏ ਦਾ ਇਨਾਮ ਸੀ। ਇਸੇ ਤਰ੍ਹਾਂ ਬੀਜਾਪੁਰ ਜ਼ਿਲ੍ਹੇ ਦੇ ਪੁਨਾਰ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਨਕਸਲੀ ਮਾਰਿਆ ਗਿਆ। ਇਸੇ ਤਰ੍ਹਾਂ ਸੁਕਮਾ ਜ਼ਿਲ੍ਹੇ ਵਿਚ ਹੋਏ ਇੱਕ ਹੋਰ ਮੁਕਾਬਲੇ ਵਿੱਚ ਤਿੰਨ ਨਕਸਲੀ ਹਲਾਕ ਹੋ ਗਏ। ਇਸੇ ਦੌਰਾਨ ਝਾਰਖੰਡ ਦੇ ਗੜਵਾ ਜ਼ਿਲ੍ਹੇ ਵਿੱਚੋਂ ਇੱਕ ਏਰੀਆ ਕਮਾਂਡਰ ਸਮੇਤ ਦੋ ਮਾਓਵਾਦੀ ਗ੍ਰਿਫਤਾਰ ਕੀਤੇ ਗਏ।
ਟਾਕਰਾ ਜਾਰੀ ਹੈ
29 ਜੂਨ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਪੁਲਸ ਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਸੀ.ਆਰ.ਪੀ.ਐਫ. ਦੇ ਤਿੰਨ ਜਵਾਨ ਮਾਰੇ ਗਏ ਤੇ ਇੱਕ ਲੜਕੀ ਦੀ ਵੀ ਮੌਤ ਹੋ ਗਈ। ਘਟਨਾ ਵਾਲੀ ਥਾਂ ਤੋਂ ਪੁਲਸ ਨੂੰ ਬਾਰੂਦੀ ਸੁਰੰਗਾਂ ਵੀ ਮਿਲੀਆਂ ਹਨ। ਮੁਕਾਬਲੇ ਵਾਲੀ ਥਾਂ 'ਤੇ ਇੱਕ ਵਾਹਨ ਵੀ ਗੋਲੀਬਾਰੀ ਦੀ ਲਪੇਟ ਵਿੱਚ ਆ ਗਿਆ। 
11 ਅਗਸਤ ਨਵੀਂ ਦਿੱਲੀ ਵਿੱਚ ਪੰਜ ਸਾਲ ਪਹਿਲਾਂ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਵਿਛਾਈ ਬਾਰੂਦੀ ਸੁਰੰਗ ਵਿੱਚ ਫਸਣ ਬਾਅਦ ਕੋਮਾ ਵਿੱਚ ਗਏ ਸੀ.ਆਰ.ਪੀ.ਐਫ. ਦੇ ਜਵਾਨ ਜਿਤੇਂਦਰ ਕੁਮਾਰ ਦਾ ਅੱਜ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਸ ਦੇ ਦਿਮਾਗ ਅਤੇ ਸਰੀਰ ਉੱਤੇ ਬਾਰੂਦੀ ਸੁਰੰਗ ਧਮਾਕੇ ਵਿੱਚ ਡੂੰਘੀਆਂ ਸੱਟਾਂ ਲੱਗੀਆਂ ਸਨ ਅਤੇ ਉਸ਼ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। 
ਰਾਂਚੀ ਮਾਓਵਾਦੀਆਂ ਵੱਲੋਂ ਝਾਰਖੰਡ ਦੇ ਰਾਂਚੀ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ ਕਾਰਨ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਸਬੰਧੀ ਏ.ਡੀ.ਜੀ.ਪੀ. ਮੁਰਾਰੀ ਲਾਲ ਮੀਨਾ ਦੇ ਦੱਸਿਆ ਕਿ ਇਸ ਘਟਨਾ ਨੂੰ ਮਾਓਵਾਦੀਆਂ ਦੇ ਪਾਬੰਦੀਸ਼ੁਦਾ ਗਰੁੱਪ ਦੇ ਕਾਰਕੁੰਨਾਂ ਵੱਲੋਂ ਅੰਜ਼ਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਘਟਨਾ ਦਸਮ ਝਰਨੇ ਕੋਲ ਸਵੇਰ ਚਾਰ ਵਜੇ ਦੇ ਕਰੀਬ ਵਾਪਰੀ। ਉਹਨਾਂ ਕਿਹਾ ਕਿ ਮਾਓਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਅੰਨ੍ਹੇਵਾਹ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਦੋ ਜਵਾਨ ਜਖਮੀ ਹੋ ਗਏ। ਜਿਹਨਾਂ ਵਿੱਚੋਂ ਇੱਕ ਨੂੰ ਡਾਕਟਰਾਂ ਨੇ ਹਸਪਤਾਲ ਜਾਣ 'ਤੇ ਮ੍ਰਿਤਕ ਐਲਾਨ ਦਿੱਤਾ ਅਤੇ ਦੂਜੇ ਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। 
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਵਿੱਚ ਚੱਲ ਰਹੀ ਮਾਓਵਾਦੀ ਲਹਿਰ ਨੂੰ ''ਬੁਰਾਈ'' ਆਖਦੇ ਹੋਏ ਕਿਹਾ ਹੈ ਕਿ ''ਖੱਬੇਪੱਖੀ ਅੱਤਵਾਦ ਲੋਕਤੰਤਰ ਦੇ ਖਿਲਾਫ ਹੈ'' ਜਿਸ ਨੂੰ ''ਜੜੋਂ ਪੁੱਟਣ'' ਲਈ ਉਹ ''ਵਚਨਬੱਧ'' ਹਨ। ਕਾਮਰੇਡ ਮਾਓ ਦੀ ਅਗਵਾਈ ਵਿੱਚ ਚੱਲਣ ਵਾਲੀ ਜਿਸ ਲਹਿਰ ਨੂੰ ਭਾਰਤੀ ਹਾਕਮ ''ਬੁਰਾਈ'' ਦਾ ਨਾਂ ਦਿੰਦੇ ਹਨ, ਉਸ ਨੇ ਚੀਨ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਕੁਨਬਾਪ੍ਰਵਰੀ, ਨਸ਼ਿਆਂ, ਬਿਮਾਰੀਆਂ ਦਾ ਖਾਤਮਾ ਕਰ ਦਿੱਤਾ ਸੀ। ਚੀਨ ਵਿੱਚ ਉੱਥੋਂ ਦੀ ਕਮਿਊਨਿਸਟ ਪਾਰਟੀ ਨੇ ਜਾਗੀਰਦਾਰਾਂ, ਸਰਦਾਰਾਂ ਕੋਲੋਂ ਵਾਧੂ ਜ਼ਮੀਨਾਂ ਖੋਹ ਕੇ ਬੇਜ਼ਮੀਨੇ ਅਤੇ ਥੁੜ੍ਹ ਜ਼ਮੀਨੇ ਕਿਸਾਨਾਂ ਵਿੱਚ ਵੰਡੀਆਂ ਸਨ। ਇਹੀ ਵਜਾਹ ਸੀ ਕਿ ਚੀਨ ਮਾਓ ਦੀ ਅਗਵਾਈ ਵਿੱਚ ਚੌਤਰਫਾ ਵਿਕਾਸ ਕਰਦਾ ਰਿਹਾ। ਪਰ ਉਸੇ ਹੀ ਸਮੇਂ ਭਾਰਤੀ ਹਾਕਮਾਂ ਨੇ ਜਿਹੜੀਆਂ ਨੀਤੀਆਂ ਲਾਗੂ ਕੀਤੀਆਂ ਉਹਨਾਂ ਕਾਰਨ ਦੇਸ਼ ਵਿੱਚ ਤਬਾਹੀ, ਬਰਬਾਦੀ, ਮਹਿੰਗਾਈ, ਬੇਰੁਜ਼ਗਾਰੀ, ਕੰਗਾਲੀ, ਮੰਦਹਾਲੀ, ਬਿਮਾਰੀਆਂ ਆਦਿ ਦੀ ਭਰਮਾਰ ਰਹੀ ਹੈ। ਭਾਰਤੀ ਹਾਕਮ ਇੱਥੇ ਚੱਲ ਰਹੀ ਮਾਓਵਾਦੀ ਲਹਿਰ ਨੂੰ ''ਲੋਕਤੰਤਰ ਦੇ ਖਿਲਾਫ'' ਦੱਸਦੇ ਹਨ, ਜਦੋਂ ਕਿ ਇਹਨਾਂ ਨੇ ਕਸ਼ਮੀਰ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਕਰਫਿਊ ਲਾ ਕੇ ਲੋਕਾਂ ਦੀ ਆਜ਼ਾਦੀ, ਜਮਹੂਰੀਅਤ, ਲਿਖਣ-ਬੋਲਣ, ਵਿਚਾਰ ਪ੍ਰਗਟ ਕਰਨ ਦੇ ਸਭਨਾਂ ਹੀ ਹੱਕਾਂ ਨੂੰ ਖੁਦ ਕੁਚਲ ਕੇ ਰੱਖਿਆ ਹੋਇਆ ਹੈ। ਬਾਕੀ ਰਹੀ ਗੱਲ ਭਾਰਤੀ ਹਾਕਮਾਂ ਵੱਲੋਂ ਇਹਨਾਂ ਖੇਤਰਾਂ ਵਿੱਚ ਕੀਤੇ ਗਏ ''ਵਿਕਾਸ ਕਾਰਜਾਂ'' ਦੀ- ਇਹਨਾਂ ਨੇ ਲੋਕਾਂ ਦੀ ਹਕੀਕੀ ਜ਼ਿੰਦਗੀ ਨਾਲ ਜੁੜੇ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਬਲਕਿ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਜਲ, ਜੰਗਲ, ਜ਼ਮੀਨ,  ਜਾਨ-ਮਾਲ, ਜ਼ਮੀਰ ਆਦਿ ਦੇ ਮਸਲਿਆਂ ਨੂੰ ਬੁਰੀ ਤਰ੍ਹਾਂ ਲੁੱਟਿਆ ਅਤੇ ਲਤਾੜਿਆਂ ਹੈ। ਇਹਨਾਂ ਦੇ ''ਵਿਕਾਸ'' ਦਾ ਮਤਲਬ ਕਾਰਪੋਰੇਟ ਘਰਾਣਿਆਂ ਲਈ ਆਦਿਵਾਸੀ ਖੇਤਰਾਂ ਦੇ ਖਣਿਜਾਂ, ਧਾਤਾਂ, ਜੰਗਲਾਂ ਅਤੇ ਪਾਣੀ ਦੀ ਮਨਮਰਜੀ ਲਈ ਵਰਤੋਂ ਕਰਨ ਲਈ ਰਾਹ ਖੋਲ੍ਹਣ ਤੋਂ ਹੈ। ਇਹਨਾਂ ਨੇ ਨਕਸਲਬਾੜੀ ਲਹਿਰ ਨੂੰ ਸਿਰਫ ਤਕਨੀਕੀ ਸਾਜੋਸਮਾਨ ਅਤੇ ਮੁਹਾਰਤ ਰਾਹੀਂ  ਕੁਚਲਣ ਦਾ ਭਰਮ ਪਾਲਿਆ ਹੋਇਆ ਹੈ। ਲੋਕਾਂ ਦੇ ਪੱਖ ਤੋਂ ਕੀਤੀ ਜਾਣ ਵਾਲੀ ਲੜਾਈ ਨੂੰ ਕਦੇ ਵੀ ਸਿਰਫ ਤੇ ਸਿਰਫ ਨਵੀਨਤਮ ਹਥਿਆਰਾਂ, ਤਕਨੀਕ, ਸਾਜੋਸਮਾਨ ਨਾਲ ਹੀ ਨਹੀਂ ਕੁਚਲਿਆ ਜਾ ਸਕਦਾ ਹੈ, ਲੋਕਾਂ ਦੇ ਮੁਕਾਬਲੇ ਹਥਿਆਰਾਂ ਦਾ ਮਹੱਤਵ ਦੋਮ ਦਰਜ਼ੇ ਦਾ ਹੁੰਦਾ ਹੈ। ਫੈਸਲਾਕੁੰਨ ਪੱਖ ਲੋਕਾਂ ਦਾ ਹੁੰਦਾ ਹੈ। ਭਾਰਤੀ ਹਾਕਮਾਂ ਨੇ ਮੱਧ ਭਾਰਤ ਵਿੱਚ ਲੋਕਾਂ 'ਤੇ ਜੰਗ ਮੜ੍ਹੀ ਹੈ। ਲੋਕਾਂ 'ਤੇ ਫੌਜਾਂ ਚਾੜ੍ਹੀਆਂ ਹਨ। ਕੋਈ ਵੀ ਫੌਜ ਕਿਸੇ ਫੌਜ ਨੂੰ ਤਾਂ ਹਰਾ ਸਕਦੀ ਹੈ, ਪਰ ਕੋਈ ਵੀ ਫੌਜ ਲੋਕਾਂ ਨੂੰ ਨਹੀਂ ਹਰਾ ਸਕਦੀ। ਭਾਰਤ ਵਿੱਚ ਚੱਲਦੀ ਮਾਓਵਾਦੀ ਲਹਿਰ ਇੱਥੋਂ ਦੇ ਲੋਕਾਂ ਨਾਲ ਜੁੜੀ ਹੋਈ ਹੈ। ਲੋਕਾਂ ਵੱਲੋਂ ਲੜੀ ਜਾ ਰਹੀ ਇਸ ਜੰਗ ਵਿੱਚ ਭਾਰਤੀ ਹਾਕਮਾਂ ਦੀ ਲਾਜ਼ਮੀ ਹਾਰ ਹੋਣੀ ਹੀ ਹੋਣੀ ਹੈ। 
ਭਾਰਤੀ ਹਾਕਮਾਂ ਵੱਲੋਂ ਗੁੰਦੀਆਂ ਜਾ ਰਹੀਆਂ ਗੋਂਦਾਂ ਕੋਈ ਅਚਨਚੇਤ ਹੀ ਨਹੀਂ ਬਣ ਰਹੀਆਂ। ਮੱਧ ਭਾਰਤ ਦੇ ਵਿਸ਼ਾਲ ਜੰਗਲੀ, ਪਹਾੜੀ ਖੇਤਰਾਂ ਵਿੱਚ ਧਰਤੀ ਹੇਠਲੇ ਅਨਮੋਲ ਖਜ਼ਾਨਿਆਂ 'ਤੇ ਅੱਖ ਰੱਖ ਰਹੇ ਕਾਰਪੋਰੇਟ ਘਰਾਣਿਆਂ ਅਤੇ ਬਦੇਸ਼ੀ ਬਹੁਕੌਮੀ ਕੰਪਨੀਆਂ ਲਈ ਲੁੱਟ ਦਾ ਰਾਹ ਪੱਧਰ ਕਰਨ ਤੇ ਉਹਨਾਂ ਨੂੰ ਆਦਿਵਾਸੀ ਖੇਤਰਾਂ ਦੀ ਮਾਲਕੀ ਦੇਣ ਅਤੇ ਕਾਬਜ਼ ਕਰਵਾਉਣ ਲਈ ਭਾਰਤ ਦੇ ਦਲਾਲ ਹਾਕਮ ਪੱਬਾਂ ਭਾਰ ਹੋਏ ਪਏ ਹਨ। ਇਸ ਰਸਤੇ 'ਤੇ ਅੱਗੇ ਵਧਣ ਵਿੱਚ ਸਭ ਤੋਂ ਵੱਡੀ ਰੁਕਾਵਟ ਮਾਓਵਾਦੀ ਲਹਿਰ ਨੂੰ ਹੀ ਸਮਝ ਰਹੇ ਹਨ। ਇਸੇ ਮੰਤਵ ਦੀ ਪੂਰਤੀ ਹਿੱਤ ਉਹ ਕਮਿਊਨਿਸਟ ਇਨਕਲਾਬੀਆਂ ਅਤੇ ਆਦਿਵਾਸੀਆਂ 'ਤੇ ਵਹਿਸ਼ੀ ਹਮਲਾ ਵਿੱਢਣ ਦੀ ਤਿਆਰੀ ਵਿੱਚ ਹਨ।

ਸੁਰਖ਼ ਰੇਖਾ ਦਾ ਸਤੰਬਰ-ਅਕਤੂਬਰ ਅੰਕ ਜਾਰੀ ਨਹੀਂ

ਕੁੱਝ ਤਕਨੀਕੀ ਕਾਰਨਾਂ  ਕਰਕੇ ਅਸੀਂ ਸੁਰਖ਼ ਰੇਖਾ ਦਾ ਸਤੰਬਰ-ਅਕਤੂਬਰ ਅੰਕ ਜਾਰੀ ਨਹੀਂ ਸੀ  ਕਰ ਸਕੇ। ਇਸ ਕਰਕੇ ਇਹ ਦੋਵੇਂ ਅੰਕ ਇਕੱਠੇ ਛਾਪੇ ਜਾ ਰਹੇ ਹਨ। ਅਗਾਂਹ ਤੋਂ ਪੇਪਰ ਨੂੰ ਸਮੇਂ ਸਿਰ ਪਾਠਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੋਵਾਂਗੇ। -ਅਦਾਰਾ ਸੁਰਖ਼ ਰੇਖਾ

ਸੋਨ ਭੱਦਰ ਕਾਂਡ ਆਦਿਵਾਸੀਆਂ ਤੋਂ ਜ਼ਮੀਨਾਂ ਖੋਹਣ

ਸੋਨ ਭੱਦਰ ਕਾਂਡ
ਆਦਿਵਾਸੀਆਂ ਤੋਂ ਜ਼ਮੀਨਾਂ ਖੋਹਣ ਦੇ 
ਜਗੀਰੂ-ਅਫਸਰਸ਼ਾਹ ਸਿਆਸੀ ਗੱਠਜੋੜ ਦਾ ਸਿੱਟਾ

—ਡਾ. ਅਸ਼ੋਕ ਭਾਰਤੀ
19 ਜੁਲਾਈ ਨੂੰ ਉੱਤਰ ਪ੍ਰਦੇਸ਼ ਸੂਬੇ ਦੇ ਸੋਨਭੱਦਰ ਜ਼ਿਲ੍ਹੇ ਦੇ ਉੱਭਾ ਪਿੰਡ 'ਚ 100 ਤੋਂ ਵੱਧ ਹਥਿਆਂਰ ਤੇ ਬੰਦੂਕਧਾਰੀ ਗੁੰਡਿਆਂ ਨੇ ਪਿੰਡ ਪ੍ਰਧਾਨ ਯੱਗ ਧੱਤ ਦੀ ਅਗਵਾਈ ਵਿੱਚ ਅਪਣੇ ਖੇਤਾਂ ਵਿੱਚ ਬਿਜਾਈ ਦਾ ਕੰਮ ਕਰ ਰਹੇ 10 ਗ਼ਰੀਬ ਆਦਿਵਾਸੀਆਂ ਦਾ ਗੋਲ਼ੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਹਨਾਂ ਵਿੱਚ ਇੱਕ ਬੱਚਾ ਅਤੇ 3 ਔਰਤਾਂ ਸ਼ਾਮਿਲ ਸਨ। ਅਨੇਕਾਂ ਹੋਰ ਜ਼ਖ਼ਮੀ ਹੋ ਗਏ। ਉਸ ਜ਼ਮੀਨ 'ਤੇ ਉਹ ਦਹਾਕਿਆਂ ਤੋਂ ਕਾਬਜ਼ ਸਨ ਅਤੇ ਖੇਤੀ ਕਰਦੇ ਆ ਰਹੇ ਸਨ। ਉਹ ਆਦਿਵਾਸੀਆਂ ਦੇ ਗੋਂਡ ਕਬੀਲੇ ਦੇ ਗ਼ਰੀਬ ਵਿਅਕਤੀ ਸਨ ਅਤੇ ਮਾਰਨ ਵਾਲੇ ਇਲਾਕੇ ਦੇ ਭੋਇਂ ਮਾਲਕ ਧੜਵੈਲ ਤੇ ਗੁੱਜਰ ਫ਼ਿਰਕੇ ਦੇ ਸਨ। ਗੋਂਡ ਆਦਿਵਾਸੀਆਂ ਵਲੋਂ ਬੀਜੀ ਵਾਹੀ ਜਾ ਰਹੀ ਜ਼ਮੀਨ ਕਿਸੇ ਵੇਲੇ ਬੂਧੂਰ ਦੇ ਸਾਬਕਾ ਰਾਜੇ ਅਨੰਦ ਬ੍ਰਹਮ ਸ਼ਾਹ ਨਾਲ ਸਬੰਧਿਤ ਸੀ। ਜ਼ਿਮੀਂਦਾਰਾ ਪ੍ਰਬੰਧ ਦੇ ਖ਼ਾਤਮੇ ਤੋਂ ਬਾਅਦ ਇਸ ਜ਼ਮੀਨ ਨੂੰ ਮਾਲ ਵਿਭਾਗ ਦੇ ਰਿਕਾਰਡ ਵਿੱਚ ਬੰਜਰ ਦੇ ਤੌਰ 'ਤੇ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਗੋਂਡ ਆਦਿਵਾਸੀਆਂ ਵਲੋਂ ਕਾਸ਼ਤ ਕੀਤੇ ਜਾਣ ਲਈ ਗ੍ਰਾਮ ਸਭਾ ਨੂੰ ਤਬਾਦਲਾ ਕਰ ਦਿੱਤੀ ਗਈ। ਪਰ ਬਾਅਦ ਵਿੱਚ ਗ਼ੈਰਕਾਨੂੰਨੀ ਅਤੇ ਧੋਖੇ ਨਾਲ 1955 ਵਿੱਚ ਆਦਰਸ਼ ਕ੍ਰਿਸ਼ੀ ਕਲਿਆਣ ਸੁਸਾਇਟੀ ਦੇ ਨਾਂ ਤਬਦੀਲ ਕਰ ਦਿੱਤੀ। 2017 ਵਿੱਚ ਉੱਭਾ ਪਿੰਡ ਦੇ ਪ੍ਰਧਾਨ ਨੂੰ ਵੇਚ ਦਿੱਤੀ ਗਈ। ਇਸ ਧੋਖੇ ਤੇ ਵਿਕਰੀ ਦਾ ਆਦਿਵਾਸੀਆਂ ਨੂੰ ਕੋਈ ਇਲਮ ਹੀ ਨਹੀਂ ਸੀ। ਬਿਹਾਰ ਕਾਡਰ ਦੇ ਇੱਕ ਆਈ ਏ ਐੱਸ ਅਫ਼ਸਰ ਪ੍ਰਭਾਤ ਕੁਮਾਰ ਮਿਸ਼ਰਾ ਨੇ ਆਂਦਰਸ਼ ਕ੍ਰਿਸ਼ੀ ਕਲਿਆਣ ਸੁਸਾਇਟੀ ਬਣਾ ਕੇ ਅਪਣੇ ਸਹੁਰੇ ਮਹੇਸ਼ਵਰੀ ਪ੍ਰਸ਼ਾਦ ਸਿਨਹਾ ਜੋ ਬਿਹਾਰ ਦੇ ਮੁਜ਼ੱਫਰਪੁਰ ਦੇ ਸੀ, ਨੂੰ ਇਸ ਦਾ ਪ੍ਰਧਾਨ, ਅਪਣੀ ਲੜਕੀ ਨੂੰ ਪ੍ਰਬੰਧਕ (ਮੈਨੇਜਰ) ਅਤੇ ਪਤਨੀ ਆਸ਼ਾ ਨੂੰ ਦਫ਼ਤਰ ਇੰਚਾਰਜ ਥਾਪ ਦਿੱਤਾ। ਸੁਸਾਇਟੀ ਵੀ ਗ਼ੈਰਕਾਨੂੰਨੀ ਤੌਰ 'ਤੇ ਉੱਤਰਪ੍ਰਦੇਸ਼ ਸੁਸਾਇਟੀ ਐਕਟ ਦੇ ਤਹਿਤ ਰਜਿਸਟਰ ਕੀਤੀ ਗਈ, ਜਦੋਂ ਕਿ ਨਿਯਮ ਅਨੁਸਾਰ ਇਸ ਲਈ ਉੱਤਰਪ੍ਰਦੇਸ਼ ਦਾ ਵਸਨੀਕ ਹੋਣਾ ਲਾਜ਼ਮੀ ਸ਼ਰਤ ਹੈ। ਇਸ ਸੁਸਾਇਟੀ ਦੇ ਨਾਂ ਗ਼ੈਰਕਾਨੂੰਨੀ ਤਰੀਕੇ ਨਾਲ ਗਰਾਮ ਸਭਾ ਦੀ 463 ਵਿੱਘਾ ਜ਼ਮੀਨ 1955 ਵਿੱਚ ਤਬਦੀਲ ਕਰ ਦਿੱਤੀ ਗਈ। ਸਿਨਹਾ ਦੀ ਮੌਤ ਤੋਂ ਬਾਅਦ 200 ਵਿੱਘਾ ਜ਼ਮੀਨ 1989 ਵਿੱਚ ਆਸ਼ਾ ਮਿਸ਼ਰਾ ਤੇ ਵਨੀਤਾ ਦੇ ਨਾਂ ਕਰ ਦਿੱਤੀ ਗਈ। ਉਹਨਾਂ ਨੇ 2017 ਵਿੱਚ ਪਿੰਡ ਪ੍ਰਧਾਨ ਯੱਗ ਦੱਤ ਭੂਰੀਆ ਨੂੰ 144 ਵਿੱਘਾ ਜ਼ਮੀਨ ਦੋ ਕਰੋੜ ਰੁਪਏ ਵਿੱਚ ਵੇਚ ਦਿੱਤੀ। ਇਲਾਕੇ ਵਿੱਚ ਚੰਗਾ ਦਬਦਬਾ ਰੱਖਣ ਵਾਲੇ ਪ੍ਰਧਾਨ ਨੇ ਦਹਾਕਿਆਂ ਤੋਂ ਜ਼ਮੀਨ ਵਾਹ ਰਹੇ ਆਦਿਵਾਸੀਆਂ ਨੂੰ ਖਦੇੜਨ ਅਤੇ ਕਬਜ਼ਾ ਕਰਨ ਲਈ ਵਹਿਸ਼ੀ ਕਤਲੇਆਮ ਰਚ ਮਾਰਿਆ ਜਿਸ ਬਾਰੇ ਇਲਾਕੇ ਵਿੱਚ ਪਹਿਲਾਂ ਹੀ ਚਰਚਾ ਸੀ। ਪਰ ਗੁੰਡਾ, ਪੁਲਿਸ ਤੇ ਸਿਆਸੀ ਗੱਠਜੋੜ ਕਾਰਨ ਕੋਈ ਵੀ ਪ੍ਰਸ਼ਾਸਨਿਕ ਕਾਰਵਾਈ ਜਾਂ ਆਦਿਵਾਸੀਆਂ ਦੀ ਸੁਰੱਖਿਆ ਲਈ ਉਪਾਅ ਨਹੀਂ ਕੀਤਾ ਗਿਆ। ਸੂਬੇ 'ਚ ਭਾਜਪਾ ਸਰਕਾਰ ਦੇ ਸਹਿਯੋਗੀ ਅਪਣਾ ਦਲ (ਸੋਨੇ ਲਾਲ) ਦੇ ਵਿਧਾਇਕ ਹਰੀ ਰਾਮ ਚੇਰੀ ਦੇ ਅਨੁਸਾਰ ਉਸਨੇ 14 ਜੁਲਾਈ ਮੁੱਖ ਮੰਤਰੀ ਆਦਿੱਤਿਆਨਾਥ ਨੂੰ ਜਾਣਕਾਰੀ ਦਿੱਤੀ ਸੀ ਕਿ ਜ਼ਿਲ੍ਹੇ 'ਚ ਗੁੰਡੇ, ਧੜਵੈਲ ਆਦਿਵਾਸੀਆਂ 'ਤੇ ਹਮਲਾ ਕਰਨ ਲਈ ਤਿਆਂਰ-ਬਰ-ਤਿਆਰ ਹਨ ਅਤੇ ਉਹਨਾਂ ਨੇ ਆਦਿਵਾਸੀਆਂ ਦੀ 600 ਏਕੜ ਜ਼ਮੀਨ 'ਤੇ ਗ਼ੈਰਕਾਨੂੰਨੀ ਕਬਜ਼ਾ ਕਰ ਲਿਆ ਹੈ ਤੇ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਹੈ ਅਤੇ ਲਗਾਤਾਰ ਪੁਲਸ ਆਦਿਵਾਸੀਆਂ ਦੀਆਂ ਔਰਤਾਂ ਨਾਲ ਵਧੀਕੀਆਂ ਕਰ ਰਹੀ ਹੈ। ਅਜਿਹੇ 'ਚ ਭਾਜਪਾ ਮੁੱਖ ਮੰਤਰੀ ਵਲੋਂ ਪੀੜਿਤਾਂ ਨੂੰ ਦਿਲਾਸਾ ਦੇਣਾ ਕੀ ਸਾਬਿਤ ਕਰਦਾ ਹੈ, ਜਦੋਂ ਕਿ ਮਿਸ਼ਰਾ ਵੀ ਭਾਜਪਾ ਦੇ ਨੇੜਲਿਆਂ ਵਿੱਚੋਂ ਹੈ। ਯੋਗੀ ਅਦਿੱਤਿਆ ਨਾਥ ਵਲੋਂ ਕਰਵਾਈ ਅਖੌਤੀ ਜਾਂਚ, ਕੁੱਝ ਗ੍ਰਿਫ਼ਤਾਰੀਆਂ 'ਤੇ ਹੇਠਲੇ ਪੱਧਰ ਦੇ ਅਧਿਕਾਰੀਆਂ ਦੀਆਂ ਮੁਅੱਤਲੀਆਂ ਦੇ ਡਰਾਮੇ ਕਰਨ ਦੇ ਬਾਵਜੂਦ ਸਿੱਟਾ ਉਹੋ ਨਿਕਲੇਗਾ ਜੋ 72 ਸਾਲਾਂ ਤੋਂ ਆਦਿਵਾਸੀਆਂ ਤੇ ਹੋਰ ਕਮਜ਼ੋਰ ਤਬਕਿਆਂ ਦੇ ਸੈਂਕੜੇ ਕਤਲੇਆਂਮਾਂ ਦੇ ਦੋਸ਼ੀਆਂ ਦੇ ਮਾਮਲੇ ਵਿੱਚ ਨਿਕਲਦਾ ਰਿਹਾ ਹੈ, ਭਾਵ ਸਾਰੇ ਬਰੀ ਕਰ ਦਿੱਤੇ ਜਾਣਗੇ। ਅਖੌਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗਰਾਮ ਪੰਚਾਇਤ ਦੀ ਜ਼ਮੀਨ ਨੂੰ ਆਦਰਸ਼ ਕ੍ਰਿਸ਼ੀ ਕਲਿਆਣ ਸੁਸਾਇਟੀ ਦੇ ਨਾਂ ਗ਼ੈਰਕਾਨੂੰਨੀ ਤੌਰ 'ਤੇ 1955 ਵਿੱਚ ਤਬਦੀਲ ਕਰਨ ਨਾਲ ਸਬੰਧਿਤ ਦਸਤਾਵੇਜ਼ ਰਿਕਾਰਡ ਗਾਇਬ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਮਾਲ ਵਿਭਾਗ ਦਫ਼ਤਰ 'ਚੋਂ ਕੋਈ ਰਿਕਾਰਡ ਨਹੀਂ ਮਿਲਿਆ। ਇਹ ਸਭ ਪ੍ਰਸ਼ਾਸਨ, ਅਫ਼ਸਰਸ਼ਾਹੀ, ਸਿਆਸਤਦਾਨ ਅਤੇ ਜਗੀਰੂ ਗੱਠਜੋੜ ਦਾ ਨੰਗਾ ਚਿੱਟਾ ਕਾਰਨਾਮਾ ਹੈ ਜੋ ਸਭ ਏਜੰਸੀਆਂ ਨੂੰ ਝੋਕ ਕੇ ਗ਼ਰੀਬ ਆਦਿਵਾਸੀਆਂ ਅਤੇ ਗ਼ਰੀਬਾਂ ਨੂੰ ਜ਼ਮੀਨ ਤੋਂ ਵਾਂਝੇ ਕਰਨ ਲੱਗੀਆਂ ਹੋਈਆਂ ਹਨ। 
ਇਹ ਇੱਕ ਮਾਮਲਾ ਹੈ ਅਤੇ ਸੂਬੇ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਜ਼ਮੀਨ ਹੜੱਪਣ ਦੇ 4000 ਤੋਂ ਵੱਧ ਮਾਮਲੇ ਹਨ। ਵਰਨਣਯੋਗ ਹੈ ਕਿ ਸੋਨਭੱਦਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਆਦਿਵਾਸੀ ਕਿਸਾਨ ਜੰਗਲੀ ਜ਼ਮੀਨਾਂ 'ਤੇ ਪੁਸ਼ਤਾਂ ਤੋਂ ਖੇਤੀ ਕਰਦੇ ਆ ਰਹੇ ਹਨ ਅਤੇ 80 ਫ਼ੀਸਦੀ ਤੋਂ ਵੱਧ ਆਦਿਵਾਸੀ ਬੇ-ਜ਼ਮੀਨੇ ਹਨ। ਇਹ ਵੀ ਵਰਨਣਯੋਗ ਹੈ ਕਿ ਉੱਤਰਪ੍ਰਦੇਸ਼ ਦੀ ਕੁੱਲ੍ਹ ਜੰਗਲਾਤ ਜ਼ਮੀਨ ਦੇ ਲੱਗਭੱਗ 6 ਫ਼ੀਸਦੀ ਯਾਨਿ ਕਿ ਇੱਕ ਲੱਖ ਹੈਕਟੇਅਰ ਜ਼ਮੀਨ 'ਤੇ ਧੜਵੈਲ, ਲੁਟੇਰਿਆਂ ਦਾ ਕਬਜ਼ਾ ਹੈ। 1987 ਤੋਂ ਇਸ 'ਚ ਸਿਰਫ਼ ਯੂਪੀ ਹੀ ਨਹੀਂ ਸਗੋਂ ਨਾਲ ਲੱਗਦੇ ਹੋਰ ਸੂਬਿਆਂ ਦੇ ਕਾਬਜ਼ਕਾਰ ਵੀ ਸ਼ਾਮਿਲ ਹਨ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਕਾਰਪੋਰੇਟ ਘਰਾਣੇ ਵੀ ਇਸ ਖੇਡ ਵਿੱਚ ਸ਼ਾਮਿਲ ਹੋ ਗਏ ਹਨ।
ਇਹ ਇਲਾਕਾ ਕੋਇਲੇ, ਬਾਕਸਾਈਟ, ਚੂਨਾ ਪੱਥਰ ਆਦਿ ਕੁਦਰਤੀ ਖਣਿਜ ਪਦਾਰਥਾਂ ਨਾਲ ਭਰਪੂਰ ਹੈ। ਇਸ ਕਰਕੇ ਧਾੜਵੀਆਂ ਦੇ ਕਾਲ਼ਜੇ ਵਿੱਚ ਇਸ ਇਲਾਕੇ 'ਤੇ ਕਬਜ਼ਾ ਕਰਨ ਦੀ ਧੁਹ ਪੈਂਦੀ ਹੈ। 2014 ਵਿੱਚ ਜੰਗਲਾਤ ਵਿਭਾਗ ਦੇ ਮੁੱਖ ਕੰਜ਼ਰਵੇਟਿਵ ਦੀ ਰਿਪੋਰਟ ਵਿੱਚ ਧਿਆਨ ਦਿਵਾਇਆ ਗਿਆ ਸੀ ਕਿ ਜ਼ਿਲ੍ਹੇ ਦੇ ਬਹੁਤੇ ਅਧਿਕਾਰੀ ਏਨੀ ਜ਼ਮੀਨ ਹਾਸਲ ਕਰ ਚੁੱਕੇ ਹਨ ਕਿ ਉਹਨਾਂ ਦੀਆਂ ਕਈ ਪੁਸ਼ਤਾਂ ਇਸ ਦੇ ਸਿਰ ਤੇ ਮਾਲਾਮਾਲ ਹੋ ਸਕਦੀਆਂ ਹਨ।
ਗ਼ੈਰਕਾਨੂੰਨੀ ਤੌਰ 'ਤੇ ਜ਼ਮੀਨ 'ਤੇ ਕਬਜ਼ਾ ਕਰਨ ਤੋਂ ਪਹਿਲਾਂ ਇਸ ਨੂੰ ਗ਼ੈਰ ਜੰਗਲਾਤ ਵਾਲੀ ਜ਼ਮੀਨ ਐਲਾਨਣ ਲਈ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਰਬਦਲ ਕੀਤਾ ਜਾਂਦਾ ਹੈ। ਬਾਅਦ ਵਿੱਚ ਜੰਗਲਾਤ ਸੰਭਾਲ ਐਕਟ ਦੀ ਘੋਰ ਉਲੰਘਣਾ ਕਰ ਕੇ ਇਸ ਨੂੰ ਤਬਾਦਲਾ ਯੋਗ ਦਿਖਾਇਆ ਜਾਂਦਾ ਹੈ ਤਾਂ ਜੋ ਇਸ ਨੂੰ ਸੌਖ ਨਾਲ ਵੇਚਿਆ ਜਾ ਸਕੇ। ਹੋਰਨਾਂ ਸੂਬਿਆਂ 'ਚ ਵੀ ਇਹੋ ਤਰੀਕਾ ਅਪਣਾਇਆ ਜਾਂਦਾ ਹੈ। ਉੱਤਰ ਪ੍ਰਦੇਸ਼ ਵਰਗੇ ਸੂਬੇ, ਜਿੱਥੇ ਮੋਦੀ-ਯੋਗੀ ਹਕੂਮਤ ਦੇ ਹੁੰਦਿਆਂ ਘੱਟ-ਗਿਣਤੀਆਂ, ਦਲਿਤਾਂ, ਗ਼ਰੀਬਾਂ 'ਤੇ ਅੱਤਿਆਚਾਰ ਅਤੇ ਹਮਲੇ ਅਰੁਕ ਤੌਰ 'ਤੇ ਲਗਾਤਾਰ ਜਾਰੀ ਹਨ, ਤੇ ਕਾਤਲ ਅਤੇ ਹਮਲਾਵਰ ਸੌਖਿਆਂ ਹੀ ਅਦਾਲਤਾਂ ਦੀ ਮਿਲੀਭੁਗਤ ਨਾਲ ਹਾਕਮਾਂ ਵਲੋਂ ਸਾਫ਼ ਬਰੀ ਕਰਵਾ ਦਿੱਤੇ ਜਾਂਦੇ ਹਨ, ਵਿੱਚ ਸੋਨਭੱਦਰ ਕਾਂਡ ਦੇ ਪੀੜਿਤਾਂ 'ਤੇ ਅਪਣੀਆਂ ਜ਼ਮੀਨਾਂ ਬਚਾਉਣ ਲਈ ਲੜ ਰਹੇ ਆਦਿਵਾਸੀ, ਦਲਿਤ ਤੇ ਹੋਰ ਗ਼ਰੀਬ ਲੋਕਾਂ ਨੂੰ ਬਹੁਤੀ ਆਸ ਨਾ ਰੱਖ ਕੇ ਸਾਂਝੇ ਸੰਘਰਸ਼ਾਂ ਦੇ ਰਾਹ ਮੱਲਣੇ ਪੈਣਗੇ। ਇਸ ਕਾਂਡ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਦੀ ਵਿਸ਼ਾਲ ਮਿਹਨਤਕਸ਼ ਜਨਤਾ ਕਿਵੇਂ ਅਰਧ-ਜਗੀਰੂ ਪ੍ਰਬੰਧ ਦੇ ਜੂਲ਼ੇ ਹੇਠ੍ਹ ਕਰਾਹ ਰਹੀ ਹੈ, ਜਿਸ ਦਾ ਹੱਲ ਹਥਿਆਰਬੰਦ ਸੰਘਰਸ਼ ਰਾਹੀਂ ਨਵ-ਜਮਹੂਰੀ ਇਨਕਲਾਬ ਨੂੰ ਸਿਰੇ ਚਾੜ੍ਹਨਾ ਹੀ ਹੈ।

ਯੋਗੀ-ਮੋਦੀ ਦੇ ਰਾਮ-ਰਾਜ ਦਾ ਔਰਤ ਵਿਰੋਧੀ ਖੂੰਖਾਰ ਚਿਹਰਾ

ਯੋਗੀ-ਮੋਦੀ ਦੇ ਰਾਮ-ਰਾਜ ਦਾ ਔਰਤ ਵਿਰੋਧੀ ਖੂੰਖਾਰ ਚਿਹਰਾ ਬੇਪਰਦ ਕਰਦਾ ਉਨਾਓ ਬਲਾਤਕਾਰ ਕਾਂਡ
-ਚੇਤਨ
ਕਸ਼ਮੀਰ ਵਿੱਚ ਕਸ਼ਮੀਰੀ ਔਰਤਾਂ ਅਤੇ ਹਿੰਦੋਸਤਾਨ ਵਿੱਚ ਮੁਸਲਿਮ ਔਰਤਾਂ ਉੱਤੇ ਬਹੁਤ ਮਿਹਰਬਾਨ ਹੋਇਆ ਮੋਦੀ ਦਾ ਰਾਮ ਰਾਜ ਬਹੁਤ ਚਿੰਤਾ ਵਿੱਚ ਹੈ ਕਿ ਅਧੁਨਿਕ ਯੁੱਗ ਵਿੱਚ ਵੀ ਔਰਤਾਂ 'ਤੇ ਬਹੁਤ ਅੱਤਿਆਚਾਰ ਹੋ ਰਿਹਾ ਹੈ, ਜਿਸ ਵਾਸਤੇ ਉਸ ਨੂੰ ਕਦੀ ਤੀਹਰੇ ਤਲਾਕ ਵਰਗੇ ਬਿੱਲ ਪਾਸ ਕਰਨੇ ਪੈਂਦੇ ਹਨ ਅਤੇ ਕਦੀ ਸਭ ਸੰਵਿਧਾਨਕ ਜੁੰਮੇਵਾਰੀਆਂ ਨੂੰ ਛਿੱਕੇ ਟੰਗ ਕਸ਼ਮੀਰ ਦੀ ਹੋਂਦ ਹੀ ਮਿਟਾਉਣੀ ਪੈਂਦੀ ਹੈ। ਮੁਸਲਿਮ ਔਰਤਾਂ ਤੇ ਐਨੇ ਮਿਹਰਬਾਨ ਹੋਏ ਆਰ.ਐਸ.ਐਸ., ਭਾਜਪਾ ਲਾਣੇ ਦੇ ਆਪਣੇ ਘਰ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿੱਚ ਵਾਪਰੇ ਬਹੁ-ਚਰਚਿਤ ਅਤੇ ਅੱਤ ਘ੍ਰਿਣਤ ਕਾਂਡ ਨੇ ਮੋਦੀ ਯੋਗੀ ਦੀ ਔਰਤਾਂ ਪ੍ਰਤੀ ਹਮਦਰਦੀ ਅਤੇ ਹਕੀਕੀ ਵਰੱਈਏ ਦਾ ਨਕਾਬ ਬੁਰੀ ਤਰ੍ਹਾਂ ਲਾਹ ਮਾਰਿਆ ਹੈ। ਦੋ ਸਾਲ ਪਹਿਲਾਂ ਇੱਕ 17 ਸਾਲ ਦੀ ਬਾਲੜੀ ਉਮਰ ਦੀ ਲੜਕੀ ਨਾਲ ਇੱਕ ਪਿੰਡ ਵਿੱਚ ਇੱਕ ਧੜਵੈਲ ਤੇ ਧੱਕੜ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੇ ਬਲਾਤਕਾਰ ਕੀਤਾ ਸੀ। ਇੱਕ ਸਾਲ ਬਾਅਦ ਉਸਨੇ ਨਖਨਊ ਵਿੱਚ ਭਾਜਪਾ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੇ ਘਰ ਦੇ ਸਾਹਮਣੇ ਆਤਮਦਾਹ ਕਰਨ ਦੀ ਕੋਸ਼ਿਸ਼ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਚਿੜ੍ਹੀ ਹੋਈ ਹਕੂਮਤ ਦੇ ਗੁੰਡਿਆਂ ਵੱਲੋਂ ਉਸਦੀ ਵਹਿਸ਼ੀ ਮਾਰ-ਕੁਟਾਈ ਕੀਤੀ ਗਈ ਅਤੇ ਗ੍ਰਿਫਤਾਰ ਕਰ ਲਿਆ ਗਿਆ। ਹਥਿਆਰਾਂ ਨਾਲ ਸਬੰਧਿਤ ਕਿਸੇ ਮਾਮਲੇ ਵਿੱਚ ਉਸਦੀ ਗ੍ਰਿਫਤਾਰੀ ਪਾ ਦਿੱਤੀ ਗਈ। ਪੁਲਸ ਸਟੇਸ਼ਨ ਵਿੱਚ ਹੋਏ ਜਬਰ ਤਸ਼ੱਦਦ ਅਤੇ ਗ੍ਰਿਫਤਾਰੀ ਤੋਂ ਪਹਿਲਾਂ ਮਾਰੀਆਂ ਸੱਟਾਂ ਕਰਕੇ ਕੁੱਝ ਦਿਨਾਂ ਬਾਅਦ ਉਸਦੀ ਮੌਤ ਹੋ ਗਈ। ਇਸ ਉਪਰੰਤ ਇਹ ਬਲਤਾਕਕਾਰ ਦਾ ਕੇਸ ਸੀ.ਬੀ.ਆਈ. ਨੂੰ ਤਬਦੀਲ ਕਰ ਦਿੱਤਾ ਗਿਆ ਤੇ ਸੇਂਗਰ ਨੂੰ ਗਿਰਫਤਾਰ ਕੀਤਾ ਗਿਆ। ਪੀੜਤਾ ਦੇ ਚਾਚੇ ਨੂੰ ਸੇਂਗਰ ਦੇ ਭਰਾ ਵਜੋਂ ਦਰਜ ਕਰਵਾਏ ਇੱਕ ਮਾਮਲੇ ਵਿੱਚ ਸਜ਼ਾ ਸੁਣਾ ਦਿੱਤੀ ਗਈ। 
ਇਸ ਸਾਲ 28 ਜੁਲਾਈ ਨੂੰ ਜਦੋਂ ਇਹ ਬਲਾਤਕਾਰ ਪੀੜਤ ਲੜਕੀ ਦੀ ਕਾਰ 'ਤੇ ਟਰੱਕ ਚੜ੍ਹਾ ਦਿੱਤਾ ਗਿਆ, ਜਿਸ ਦੀ ਨੰਬਰ ਪਲੇਟ ਕਾਲੀ ਕੀਤੀ ਹੋਈ ਸੀ। ਇਸ ਐਕਸੀਡੈਂਟ ਵਿੱਚ ਉਸ ਨਾਲ ਸਫਰ ਕਰ ਰਹੀਆਂ ਦੋ ਰਿਸ਼ਤੇਦਾਰ ਔਰਤਾਂ ਚਾਚੀ/ਤਾਈ ਦੀ ਮੌਤ ਹੋ ਗਈ ਅਤੇ ਉਹ ਖੁਦ ਆਪਣੇ ਵਕੀਲ ਸਮੇਤ ਗੰਭੀਰ ਜਖਮੀ ਹੋ ਗਈ ਜੋ ਲੰਬਾ ਸਮਾਂ ਮੌਤ ਨਾਲ ਜੱਦੋਜਹਿਦ ਕਰਦੇ ਰਹੇ। ਸੁਪਰੀਮ ਕੋਰਟ ਵਿੱਚ ਉਸਦੇ ਮਾਮਲੇ ਦੀ ਸੁਣਵਾਈ ਦੇ ਚੱਲਦਿਆਂ ਘੋਰ ਬਦਨਾਮੀ ਤੇ ਦੇਸ਼ ਭਰ ਵਿੱਚ ਉੱਠੇ ਭਾਰੀ ਵਿਰੋਧ ਤੋਂ ਘਾਬਰੀ ਭਾਜਪਾ ਨੇ ਕੁਲਦੀਪ ਸੇਂਗਰ ਨੂੰ ਪਾਰਟੀ ਵਿੱਚੋਂ ਖਾਰਜ ਕਰ ਦਿੱਤਾ। ਪਹਿਲਾਂ ਉਸਦੀ ਸਿਰਫ ਮੈਂਬਰਸ਼ਿੱਪ ਹੀ ਮੁਅੱਤਲ ਕੀਤੀ ਗਈ ਸੀ। 
ਸੁਪਰੀਮ ਕੋਰਟ ਨੇ ਉਸਦੇ ਕੇਸ ਨੂੰ ਲਖਨਊ ਤੋਂ ਨਵੀਂ ਦਿੱਲੀ ਤਬਦੀਲ ਕਰ ਦਿੱਤਾ ਜੋ ਸਪੱਸ਼ਟ ਸੀ ਕਿ ਯੋਗੀ ਸਰਕਾਰ ਦੀ ਭਰੋਸੇਯੋਗਤਾ ਤੇ ਕਾਰਕਰਦਗੀ 'ਤੇ ਖੁਦ ਸੁਪਰੀਮ ਕੋਰਟ ਨੂੰ ਭਰੋਸਾ ਨਹੀਂ ਸੀ। ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਉਨਾਓ ਬਲਾਤਕਾਰ ਮਾਮਲੇ ਨਾਲ ਸਬੰਧਿਤ ਸਾਰੇ ਚਾਰ ਕੇਸਾਂ ਦਾ 45 ਦਿਨਾਂ ਵਿੱਚ ਮੁਕੰਮਲ ਕੀਤੇ ਜਾਣ ਤੇ ਕਾਰ ਐਕਸੀਡੈਂਟ ਕੇਸ ਸੱਤ ਦਿਨਾਂ ਵਿੱਚ ਨਿਪਟਾਆਿ ਜਾਵੇ ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਪੀੜਤਾ ਨੂੰ 25 ਲੱਖ ਮੁਆਵਜਾ ਦੇਵੇ।
ਮੋਦੀ ਤੇ ਯੋਗੀ ਮੀਡੀਏ ਦੀ ਬੇਸ਼ਰਮੀ ਦੀ ਹੱਦ ਇਹ ਹੈ ਕਿ ਮੋਦੀ ਰਾਜ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਨ ਵਾਲੇ ਤੇ ਦਿਨ ਰਾਤ ਲੋਕਾਂ ਦੇ ਕੰਨ ਖਾਣ ਵਾਲੇ ਟੀ.ਵੀ. ਚੈਨਲਾਂ ਨੂੰ ਵਿਧਾਇਕ ਸੇਂਗਰ ਨਾਲ ਸਬੰਧਿਤ ਮੁੱਦਾ ਚੁੱਕਣ ਦਾ ਚੇਤਾ ਹੀ ਨਹੀਂ ਆਇਆ। ਹਕੀਕਤ ਇਹ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਸੇਂਗਰ ਦੇ ਖਿਲਾਫ ਐਫ.ਆਈ.ਆਰ. ਦਰਜ਼ ਕਰਨ ਵਿੱਚ 253 ਦਿਨ ਲੱਗ ਗਏ ਤੇ ਯੋਗੀ ਮਹਾਰਾਜ ਦੀ ਬਹਾਦਰ ਪੁਲਸ ਜੋ ਝੂਠੇ ਮੁਕਾਬਲੇ ਰਚਣ ਵਿੱਚ ਮਸ਼ਹੂਰ ਹੈ, ਸੇਂਗਰ ਬਲਾਤਕਾਰੀ ਨੂੰ ਗ੍ਰਿਫਤਾਰ ਕਰਨ ਲਈ 37 ਦਿਨ ਲਾ ਦਿੱਤੇ ਅਤੇ ਭਾਜਪਾ ਨੇ ਉਸ ਨੂੰ ਪਾਰਟੀ ਵਿੱਚੋਂ ਖਾਰਜ ਕਰਨ ਵਿੱਚ 785 ਦਿਨ ਲਾ ਦਿੱਤੇ। ਭਾਜਪਾ ਲਈ ਸੇਂਗਰ ਕਿੰਨਾ ਮਹੱਤਵਪੂਰਨ ਸੀ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਪਾਰਟੀ ਦੀਆਂ ਮਹੱਤਵਪੂਰਨ ਹਸਤੀਆਂ ਉਸ ਨੂੰ ਜੇਲ੍ਹ ਵਿੱਚ ਮਿਲਣ ਜਾਂਦੀਆਂ ਰਹੀਆਂ। ਜਦੋਂ ਇਹ ਵੀ ਸਾਫ ਹੋਣ ਲੱਗਾ ਕਿ ਪੀੜਤ ਲੜਕੀ ਦਾ ਸਫਾਇਆ ਕਰਨ ਲਈ ਐਕਸੀਡੈਂਟ ਸੇਂਗਰ ਦੇ ਖਾਸ ਬੰਦਿਆਂ ਨੇ ਹੀ ਕਰਵਾਇਆ ਸੀ ਭਾਵ ਹੋਰ ਮਾਮਲਿਆਂ ਵਾਂਗ ਇਹ ਮਾਮਲਾ ਦਫਨ ਕਰਨ ਲਈ ਸਾਜਿਸ਼ ਰਚੀ ਗਈ ਸੀ। ਇਹਨਾਂ ਸਾਰੀਆਂ ਪ੍ਰਤੱਖ ਹਕੀਕਤਾਂ ਦੇ ਬਾਵਜੂਦ ਵੀ ਭਾਜਪਾ ਔਰਤਾਂ ਦੀ ਹਮਦਰਦ ਹੋਣ ਦਾ ਖੇਖਣ ਕਰੇ ਤਾਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਔਰਤਾਂ ਨੂੰ ਵਸਤੂ ਜਾਂ ਮਨੋਰੰਜਨ ਤੇ ਹਵਸ ਪੂਰਤੀ ਦਾ ਸਾਧਨ ਸਮਝਣ ਵਾਲੀ ਇਹ ਉਹੋ ਮਾਨਸਿਕਤਾ ਹੈ, ਜੋ ਗਰੀਬ ਤਬਕਿਆਂ ਦੀਆਂ ਔਰਤਾਂ ਦਾ ਸੋਸ਼ਣ ਕਰਨਾ ਆਪਣੀ ਬੁਨਿਆਦੀ ਹੱਕ ਸਮਝਦੀ ਹੈ।

ਸੁਰਖ਼ ਰੇਖਾ 40ਵੇਂ ਸਾਲ 'ਚ ਦਾਖਲ


ਸਤੰਬਰ 2019 :
ਸੁਰਖ਼ ਰੇਖਾ 40ਵੇਂ ਸਾਲ 'ਚ ਦਾਖਲ
ਸੁਰਖ਼ ਰੇਖਾ ਦਾ ਪਹਿਲਾ ਅੰਕ ਸਤੰਬਰ 1980 ਵਿੱਚ ਛਪਿਆ ਸੀ। ਇਸ ਅਦਾਰੇ ਦੀ ਲਗਾਤਾਰਤਾ ਪਹਿਲਾਂ ਸ਼ਹੀਦ ਮੈਗਜ਼ੀਨ ਅਤੇ ਫੇਰ ਵੰਗਾਰ ਮੈਗਜ਼ੀਨ ਵਜੋਂ ਚੱਲਦੀ ਆਈ ਹੈ। 'ਸ਼ਹੀਦ' ਪੇਪਰ ਦੀ ਰਜਿਸਟਰੇਸ਼ਨ ਨਹੀਂ ਸੀ ਹੋਈ। 'ਵੰਗਾਰ' ਪੇਪਰ ਛਾਪਣ ਸਮੇਂ ਦੀਆਂ ਤਕਨੀਕੀ ਸਮੱਸਿਆਵਾਂ ਕਾਰਨ ਇਸ ਦੀ ਥਾਂ ਸੁਰਖ਼ ਰੇਖਾ ਪੇਪਰ ਕੱਢਣਾ ਸ਼ੁਰੂ ਕੀਤਾ ਸੀ ਤੇ 39 ਵਰ੍ਹੇ ਬੀਤ ਗਏ ਹਨ, ਲੋਕਾਂ ਦੇ ਸਹਿਯੋਗ ਨਾਲ ਇਸ ਪੇਪਰ ਨੇ ਆਪਣੀ ਲਗਾਤਾਰਤਾ ਬਣਾਈ ਰੱਖੀ ਹੈ।
ਸੁਰਖ਼ ਰੇਖਾ ਪੇਪਰ ਨੇ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦਾ ਝੰਡਾ ਬੁਲੰਦ ਕੀਤਾ ਸੀ। ਇਸ ਪੇਪਰ ਨੇ ਨਕਸਲਬਾੜੀ ਲਹਿਰ ਦੀ ਸਿਆਸਤ ਨੂੰ ਬੁਲੰਦ ਕੀਤਾ ਸੀ। ਇਸ ਸਿਆਸਤ ਦੇ ਅਧੀਨ ਸੁਰਖ਼ ਰੇਖਾ ਅਦਾਰੇ ਦੀ ਸਮਝ ਇਹ ਸੀ ਕਿ ਹਿੰਦੋਸਤਾਨ ਦਾ ਖਾਸਾ ਅਰਧ-ਜਾਗੀਰੂ, ਅਰਧ-ਬਸਤੀਵਾਦੀ ਹੈ। ਇੱਥੇ ਇਨਕਲਾਬ ਦਾ ਪੜਾਅ ਨਵ-ਜਮਹੁਰੀ ਇਨਕਲਾਬ ਵਾਲਾ ਹੈ। ਇਹ ਇਨਕਲਾਬ ਕਾਮਰੇਡ ਮਾਓ-ਜ਼ੇ-ਤੁੰਗ ਦੇ ਲਮਕਵੇਂ ਲੋਕ ਯੁੱਧ ਦੇ ਰਾਹ 'ਤੇ ਚੱਲ ਕੇ ਨੇਪਰੇ ਚੜ੍ਹਨਾ ਹੈ।
ਜਦੋਂ ਤੋਂ ਸੁਰਖ਼ ਰੇਖਾ ਨਿਕਲਣਾ ਸ਼ੁਰੂ ਹੋਇਆ ਤਾਂ ਇਸ ਨੇ ਆਪਣੇ ਸਮੇਂ ਦੀ ਸਿਆਸਤ ਤਹਿਤ ਹਾਕਮ ਜਮਾਤਾਂ ਦੇ ਕਿਰਦਾਰ ਨੂੰ ਨੰਗਿਆ ਕੀਤਾ। ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਸੋਚ ਨੂੰ ਬੁਲੰਦ ਕੀਤਾ। ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੇ ਨਾਲ ਮੁਲਾਕਾਤਾਂ ਕਰਕੇ ਉਹਨਾਂ ਦੇ ਅਧੂਰੇ ਸੁਪਨੇ ਸਾਕਾਰ ਕਰਨ ਲਈ ਉਹਨਾਂ ਮੰਤਵਾਂ ਨੂੰ ਲੋਕਾਂ ਨੂੰ ਵਿੱਚ ਉਭਾਰਿਆ। ਪਹਿਲਾਂ ਪਹਿਲ ਇਹ ਪੇਪਰ ਹਜ਼ਾਰ-ਗਿਆਰਾਂ ਸੌ ਦੀ ਗਿਣਤੀ ਵਿੱਚ ਛਪਦਾ ਰਿਹਾ ਪਰ ਜਦੋਂ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤਾਂ ਛਾਪਣੀਆਂ ਸ਼ੁਰੂ ਕੀਤੀਆਂ ਤਾਂ ਇਸਦੀ ਗਿਣਤੀ ਡੇਢ-ਦੋ ਹਜ਼ਾਰ ਦੇ ਕਰੀਬ ਚਲੀ ਗਈ ਸੀ।
ਫੇਰ ਇੱਕ ਸਮਾਂ ਅਜਿਹਾ ਆਇਆ ਜਦੋਂ ਖਾਲਿਸਤਾਨੀ ਜਨੂੰਨੀਆਂ ਨੇ ਆਮ ਲੋਕਾਂ ਨੂੰ ਮੋਨੇ, ਹਿੰਦੂ, ਨਾਈ, ਝਟਕੱਈ, ਪ੍ਰਵਾਸੀ, ਨਾਸਤਿਕ, ਕਮਿਊਨਿਸਟ ਆਦਿ ਆਖ ਕੇ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਐਨਾ ਹੀ ਨਹੀਂ ਉਹਨਾਂ ਨੇ ਆਪਣੇ ਵਿਰੋਧੀ ਵਿਚਾਰਾਂ ਵਾਲੇ ਸਿੱਖਾਂ ਨੂੰ ਵੀ ਕਤਲ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਕੋਝੇ ਮਨਸ਼ਿਆਂ ਨੂੰ ਲੋਕਾਂ ਵਿੱਚ ਬੇਪਰਦ ਕਰਨ ਮੌਕੇ ਸੁਰਖ਼ ਰੇਖਾ ਪੇਪਰ ਦੀ ਗਿਣਤੀ 1984 ਦੇ ਸ਼ੁਰੂ ਵਿੱਚ 10-12 ਹਜ਼ਾਰ ਦੇ ਕਰੀਬ ਜਾ ਢੁਕੀ ਸੀ। ਪਰ ਫੇਰ ਜਦੋਂ ਭਾਰਤੀ ਰਾਜ ਨੇ ਖਾਲਿਸਤਾਨੀਆਂ ਨੂੰ ਕੁਚਲਣ ਦੇ ਨਾਂ ਹੇਠ ਆਮ ਸਾਧਾਰਨ ਸਿੱਖਾਂ, ਨੌਜਵਾਨਾਂ ਅਤੇ ਕਿਸਾਨਾਂ ਨੂੰ ਕੁਚਲਣਾ ਸ਼ੁਰੂ ਕੀਤਾ ਤਾਂ ਇਹਨਾਂ ਦੇ ਪੱਖ ਵਿੱਚ ਲਿਖਣ ਕਰਕੇ ਅਤੇ ਅਪ੍ਰੇਸ਼ਨ ਨੀਲਾ ਤਾਰਾ ਅਤੇ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਖਿੱਤਿਆਂ ਵਿੱਚ ਸਿੱਖਾਂ ਦੇ ਕਤਲੇਆਮ ਮੌਕੇ ਸਮੇਂ ਦਾ ਸੱਚ ਪੇਸ਼ ਕਰਨ ਕਰਕੇ ਇਸ ਦੀ ਗਿਣਤੀ 1984 ਦੇ ਅਖੀਰ ਵਿੱਚ 18-20 ਹਜ਼ਾਰ ਨੂੰ ਜਾ ਢੁਕੀ ਸੀ।
ਖਾਲਿਸਤਾਨੀ ਫਿਰਕੂ ਜਨੂੰਨੀਆਂ ਨੇ ਆਮ ਪ੍ਰੈਸ 'ਤੇ ਕੋਡ ਮੜ੍ਹੇ ਹੋਏ ਸਨ ਕਿ ਸਭ ਤਰ੍ਹਾਂ ਦੇ ਅਖਬਾਰ, ਰਸਾਲੇ, ਰੇਡੀਓ ਅਤੇ ਟੀਵੀ ਆਦਿ ਉਹਨਾਂ ਨੂੰ ਜੰਗਜੂ, ਬਹਾਦਰ ਅਤੇ ਖਾੜਕੂ ਆਦਿ ਲਿਖਣ। ਪਰ ਸੁਰਖ਼ ਰੇਖਾ ਨੇ ਉਹਨਾਂ ਨੂੰ ਉਹਨਾਂ ਦੇ ਕਿਰਦਾਰ ਅਨੁਸਾਰ ਬੁਰਛਾਗਰਦ, ਦਹਿਸ਼ਤਗਰਦ ਅਤੇ ਕਾਤਲ ਦਰਿੰਦੇ ਆਦਿ ਆਖਿਆ ਸੀ। ਆਪਣੇ ਸਮਿਆਂ ਵਿੱਚ ਸੁਰਖ਼ ਰੇਖਾ ਨੂੰ ਦੋ ਤਰ੍ਹਾਂ ਦੀ ਸੈਂਸਰਸ਼ਿੱਪ ਵਿੱਚੋਂ ਦੀ ਲੰਘਣਾ ਪਿਆ। ਪਹਿਲੀ ਸੈਂਸਰਸ਼ਿੱਪ ਸੀ ਖਾਲਿਸਤਾਨੀ ਜਨੂੰਨੀਆਂ ਦੀ ਜਿਸ ਤਹਿਤ ਉਹ ਸੁਰਖ਼ ਰੇਖਾ ਦੇ ਮਾਲਕ, ਸੰਪਾਦਕ ਅਤੇ ਇਸਦੇ ਪੱਤਰਕਾਰਾਂ ਦੇ ਖੂਨ ਦੇ ਪਿਆਸੇ ਹੋਏ ਫਿਰਦੇ ਇਹਨਾਂ ਦੀਆਂ ਪੈੜਾਂ ਸੁੰਘਦੇ ਫਿਰਦੇ ਸਨ। ਸੁਰਖ਼ ਰੇਖਾ ਦਫਤਰ 'ਤੇ ਗੋਲੀਆਂ ਦੀ ਵਾਛੜ ਹੁੰਦੀ ਰਹੀ। ਸ਼ਹੀਦ ਰਤਨ ਸਿੰਘ ਪਟਵਾਰੀ ਅਤੇ ਕਾਮਰੇਡ ਨਿਧਾਨ ਸਿੰਘ ਘੁਡਾਣੀ ਕਲਾਂ ਸਮੇਤ ਅਨੇਕਾਂ ਪਾਠਕਾਂ ਨੂੰ ਵੀ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣੀ ਪਈ। ਜਦੋਂ ਭਾਰਤੀ ਰਾਜ ਨੇ 1984 ਵਿੱਚ ਹਰਿਮੰਦਰ ਸਾਹਿਬ ਸਮੇਤ ਪੰਜਾਬ ਵਿੱਚ ਫੌਜਾਂ ਚਾੜ੍ਹ ਕੇ ਹਰ ਤਰ੍ਹਾਂ ਦੀ ਸੱਚੀ ਆਵਾਜ਼ ਕੁਚਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਸੁਰਖ਼ ਰੇਖਾ ਨੇ ਉਸ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਇਸ ਕਰਕੇ ਸਮੇਂ ਦੀ ਪੁਲਸ ਬੁੱਕ ਸਟਾਲਾਂ ਤੋਂ ਸੁਰਖ਼ ਰੇਖਾ ਪੇਪਰ ਦੀਆਂ  ਕਾਪੀਆਂ ਚੁੱਕ ਲਿਜਾਂਦੀ ਰਹੀ ਅਤੇ ਇਸਦੇ ਮਾਲਕ ਅਤੇ ਸੰਪਾਦਕ ਦੀ ਭਾਲ ਕਰਦੀ ਰਹੀ।
ਜਦੋਂ ਵੀ ਕਿਸੇ ਅਦਾਰੇ ਨੇ ਸਮੇਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਹੁੰਦੀ ਹੈ, ਉਸ ਸਮੇਂ ਭਾਵੇਂ ਕਿੰਨਾ ਹੀ ਧਿਆਨ ਕਿਉਂ ਨਾ ਰੱਖ ਲਿਆ ਜਾਵੇ, ਪਰ ਅਮਲ ਵਿੱਚ ਕਿਤੇ ਨਾ ਕਿਤੇ ਫਰਕ-ਸ਼ਰਕ, ਗਲਤੀਆਂ-ਘਾਟਾਂ ਦਾ ਰਹਿ ਜਾਣਾ ਸੁਭਾਵਿਕ ਹੁੰਦਾ ਹੈ। ਅਜਿਹਾ ਹੀ ਕੁੱਝ ਅਦਾਰਾ ਸੁਰਖ਼ ਰੇਖਾ ਨਾਲ ਵੀ ਹੁੰਦਾ ਰਿਹਾ ਹੈ। ਜਦੋਂ ਇਹ ਅਦਾਰਾ ਫਿਰਕੂ ਜਨੂੰਨੀਆਂ ਦੀਆਂ ਕਾਲੀਆਂ ਕਰਤੂਤਾਂ ਨੂੰ ਸਾਹਮਣੇ ਲਿਆ ਰਿਹਾ ਸੀ ਤਾਂ ਇੱਕ ਹਿੱਸਾ ਅਜਿਹਾ ਵੀ ਸੀ ਜਿਹੜਾ ਸੁਰਖ਼ ਰੇਖਾ ਨੂੰ ਸਿੱਖਾਂ ਵਿਰੋਧੀ ਅਤੇ ਸਰਕਾਰ ਪੱਖੀ ਗਰਦਾਨ ਰਿਹਾ ਸੀ। ਇਸੇ ਹੀ ਤਰ੍ਹਾਂ ਜਦੋਂ ਪੇਪਰ ਨੇ ਭਾਰਤੀ ਰਾਜ ਦੇ ਧਾਰਮਿਕ ਘੱਟ ਗਿਣਤੀਆਂ ਵਿਰੋਧੀ ਖਾਸੇ ਤਹਿਤ ਇਸ ਦੇ ਪਰਦੇਫਾਸ਼ ਕੀਤੇ ਤਾਂ ਅਜਿਹੇ ਹਿੱਸੇ ਵੀ ਸਨ ਜਿਹਨਾਂ ਨੇ ਆਖਿਆ ਕਿ ਸੁਰਖ਼ ਰੇਖਾ ਖਾਲਿਸਤਾਨੀਆਂ ਦੀ ਬੋਲੀ ਬੋਲ ਰਿਹਾ ਹੈ।
ਜਿਸ ਸਮੇਂ ਫਿਰਕੂ ਜਨੂੰਨੀ ਅਤੇ ਹਕੂਮਤੀ ਕਹਿਰ ਝੁੱਲ ਰਿਹਾ ਹੋਵੇ ਅਜਿਹੇ ਸਮੇਂ 'ਤੇ ਕੋਈ ਲੋਕ ਪੱਖੀ ਮੈਗਜ਼ੀਨ ਕੱਢਣਾ ਸੌਖਾ ਕਾਰਜ ਨਹੀਂ ਹੁੰਦਾ, ਬਲਕਿ ਬਹੁਤ ਖਤਰਿਆਂ ਭਰਿਆ, ਚੁਣੌਤੀ ਵਾਲਾ ਕਾਰਜ ਬਣ ਜਾਂਦਾ ਹੈ। ਸੁਰਖ਼ ਰੇਖਾ ਅਦਾਰੇ ਨੇ ਇਸ ਚੁਣੌਤੀ ਭਰਪੂਰ ਕਾਰਜ ਨੂੰ ਆਪਣੇ ਹੱਥ ਲਿਆ।
ਜਿਵੇਂ ਜ਼ਿੰਦਗੀ ਇੱਕ ਚੱਲਦਾ ਕਾਫਲਾ ਹੁੰਦੀ ਹੈ, ਉਸੇ ਹੀ ਤਰ੍ਹਾਂ ਸੁਰਖ਼ ਰੇਖਾ ਅਦਾਰਾ ਵੀ ਇੱਕ ਤਰ੍ਹਾਂ ਦਾ ਚੱਲਦਾ ਕਾਫਲਾ ਹੈ। ਚੱਲਦੇ ਕਾਫਲੇ ਵਿੱਚ ਕਿੰਨੇ ਹੀ ਨਵੇਂ ਨਵੇਂ ਲੋਕ ਸ਼ਾਮਲ ਹੁੰਦੇ ਰਹਿੰਦੇ ਹਨ ਅਤੇ ਕਿੰਨੇ ਹੀ ਥੱਕ-ਹੰਭ ਕੇ ਪਿੱਛੇ ਰਹਿ ਜਾਂਦੇ ਹਨ। ਇਸੇ ਹੀ ਤਰ੍ਹਾਂ ਦਾ ਅਮਲ ਸੁਰਖ਼ ਰੇਖਾ ਅਦਾਰੇ ਅੰਦਰ ਵੀ ਵਾਪਰਦਾ ਰਿਹਾ। ਅਨੇਕਾਂ ਹੀ ਵਿਅਕਤੀ, ਪੱਤਰਕਾਰ ਅਤੇ ਕਰਿੰਦੇ ਇਸ ਵਿੱਚ ਸ਼ਾਮਲ ਵੀ ਹੋਏ, ਸਮੇਂ ਸਮੇਂ 'ਤੇ ਆਪਣਾ ਰੋਲ ਅਦਾ ਕਰਦੇ ਹੋਏ ਆਖਰਕਾਰ ਹਾਰ-ਹੰਭ ਕੇ ਪਿੱਛੇ ਹਟ ਜਾਂਦੇ ਰਹੇ। ਅੱਜ ਕਈਆਂ ਨੂੰ ਇਹ ਲੱਗ ਸਕਦਾ ਹੈ ਕਿ ਅਜਿਹਾ ਕਿਉਂ ਹੁੰਦਾ ਰਿਹਾ? ਪਰ ਇਹ ਸਮੇਂ ਦਾ ਸੱਚ ਹੈ ਕਿ ਆਪਣੇ ਚੱਲਣ ਦੇ ਸਮੇਂ ਤੋਂ ਕੋਈ ਵੀ ਬਹੁਤ ਚੰਗਾ ਇਨਸਾਨ ਹੋ ਸਕਦਾ ਹੈ, ਪਰ ਜਦੋਂ ਦਹਾਕਿਆਂ-ਬੱਧੀ ਨਿਭਣ ਦਾ ਮਾਮਲਾ ਆਉਂਦਾ ਹੈ ਤਾਂ ਕਾਫਲੇ ਦੇ ਰੂਪ ਵਿੱਚ ਚੱਲਦੇ ਰਹਿਣਾ ਹਰ ਕਿਸੇ ਦੇ ਵਸ ਦਾ ਰੋਗ ਨਹੀਂ ਰਹਿੰਦਾ। ਜਿਵੇਂ ਆਖਦੇ ਹਨ ਕਿ ਚੱਲਦਾ ਪਾਣੀ ਹੀ ਸਾਫ ਰਹਿੰਦਾ ਹੈ, ਜਿਹੜਾ ਖੜ੍ਹ ਗਿਆ ਉਸਦੇ ਮੁਸ਼ਕ ਜਾਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਅਜਿਹਾ ਕੁੱਝ ਹੀ ਇੱਥੇ ਵੀ ਹੁੰਦਾ ਆਇਆ ਹੈ। ਅਨੇਕਾਂ ਹੀ ਸਾਥੀਆਂ ਨੇ ਸਮੇਂ ਸਮੇਂ 'ਤੇ ਚੰਗਾ ਰੋਲ ਨਿਭਾਇਆ ਪਰ ਸਾਰੇ ਚੱਲਦੇ ਕਾਫਲੇ ਦੇ ਸੰਗੀ ਨਹੀਂ ਬਣ ਕੇ ਚੱਲ ਸਕੇ। ਸਮੂਹਿਕਤਾ ਅਤੇ ਨਿੱਜ ਵਿਚਕਾਰ ਵਿਰੋਧਤਾਈ ਹਮੇਸ਼ਾਂ ਚੱਲਦੀ ਰਹਿੰਦੀ ਹੈ। ਸਮੂਹਿਕਤਾ ਨੂੰ ਹਮੇਸ਼ਾਂ ਅੱਗੇ ਰੱਖ ਕੇ ਚੱਲਦੇ ਰਹਿਣਾ ਜ਼ਰੂਰੀ ਹੁੰਦਾ ਹੈ ਪਰ ਜਦੋਂ ਕਿਸੇ ਵਿੱਚ ਨਿੱਜ ਭਾਰੂ ਹੋ ਜਾਵੇ ਤਾਂ ਉਹ ਸਮੂਹਿਕਤਾ ਤੋਂ ਪਾਸੇ ਚਲਾ ਜਾਂਦਾ ਹੈ ਅਤੇ ਆਪਣੀ ਉਹ ਅਹਿਮੀਅਤ ਗੁਆ ਬੈਠਦਾ ਹੈ, ਜੋ ਉਸ ਨੂੰ ਸਮੂਹਿਕਤਾ ਵਿੱਚੋਂ ਮਿਲੀ ਹੁੰਦੀ ਹੈ।
ਅਦਾਰਾ ਸੁਰਖ਼ ਰੇਖਾ ਸਮੇਂ ਸਮੇਂ ਦੀਆਂ ਵੱਡੀਆਂ ਉਥਲ-ਪੁਥਲਾਂ ਵਿੱਚੋਂ ਵੀ ਲੰਘ ਕੇ ਆਪਣੀ ਭੂਮਿਕਾ ਅਦਾ ਕਰਦਾ ਰਿਹਾ ਹੈ। ਸਮੇਂ ਸਮੇਂ 'ਤੇ ਵੱਡੀਆਂ ਮੁਸ਼ਕਲਾਂ ਇਸ ਅੱਗੇ ਆਉਂਦੀਆਂ ਰਹਿੰਦੀਆਂ। ਅਦਾਰਾ ਸੁਰਖ਼ ਰੇਖਾ ਨੇ ਆਪਣੇ ਪਾਠਕਾਂ ਅੱਗੇ ਅਜਿਹੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਰੱਖਿਆ ਤਾਂ ਸੁਰਖ਼ ਰੇਖਾ ਦੇ ਪਾਠਕਾਂ ਅਤੇ ਇਨਕਲਾਬੀ-ਜਮਹੂਰੀ ਲਹਿਰ ਦੇ ਕਾਰਕੁੰਨਾਂ ਨੇ ਇਸ ਨੂੰ ਹਰ ਮੁਸ਼ਕਲ ਵਿੱਚੋਂ ਕੱਢਣ ਲਈ ਸਮੇਂ ਸਮੇਂ 'ਤੇ ਕੰਨ੍ਹਾਂ ਲਾਇਆ ਹੈ। ਅੱਜ ਦੁਸ਼ਮਣ ਨੇ ਜਿੱਥੇ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਵੱਡੀ ਪੱਧਰ 'ਤੇ ਫੌਜੀ ਹੱਲਾ ਵਿੱਢ ਕੇ ਕੁਚਲਣ ਦੀ ਮੁਹਿੰਮ ਚਲਾਈ ਹੋਈ ਹੈ, ਇਸ ਸਮੇਂ ਸੁਰਖ਼ ਰੇਖਾ ਪੇਪਰ ਅੱਗੇ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਣੌਤੀਆਂ ਹਨ, ਸਾਡੀ ਪਾਠਕਾਂ ਅੱਗੇ ਬੇਨਤੀ ਹੈ ਕਿ ਉਹ ਅਜਿਹੀ ਔਖੀ ਘੜੀ ਵਿੱਚੋਂ ਪੇਪਰ ਕੱਢਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਕਿ ਉਹਨਾਂ ਦੀ ਇਸ ਹੱਕੀ ਆਵਾਜ਼ ਨੂੰ ਪਹਿਲਾਂ ਨਾਲੋਂ ਵੀ ਕਿਤੇ ਵਧੇਰੇ ਧੜੱਲੇ ਨਾਲ ਬੁਲੰਦ ਕੀਤਾ ਜਾ ਸਕੇ।

ਪੰਜਾਬ ਦੀ ਜਵਾਨੀ ਦੇ ਜੋਸ਼ ਦਾ ਫੁੱਟ ਰਿਹਾ ਸੁਲੱਖਣਾ ਵਰਤਾਰਾ


ਪੰਜਾਬ ਦੀ ਜਵਾਨੀ ਦੇ ਜੋਸ਼ ਦਾ ਫੁੱਟ ਰਿਹਾ ਸੁਲੱਖਣਾ ਵਰਤਾਰਾ
ਸੰਗਰੂਰ ਜ਼ਿਲ੍ਹੇ ਦੇ ਪਿੰਡ ਮੀਮਸਾ ਬਾਬਤ ਛਪੀਆਂ ਹਨ, ਜਿੱਥੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਮੈਂਬਰਾਂ 'ਤੇ ਪਿੰਡ ਅਤੇ ਇਲਾਕੇ ਦੇ ਜਾਗੀਰੂ ਚੌਧਰੀਆਂ ਨੇ ਕੁੱਟਮਾਰ ਕਰਨ ਉਪਰੰਤ ਝੂਠੇ ਕੇਸ ਪਾਏ ਹਨ। ਇਹ ਨੌਜਵਾਨ ਪਿੰਡਾਂ ਦੇ ਬੇਜ਼ਮੀਨੇ ਦਲਿਤ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨਾਂ ਵਿੱਚੋਂ ਉਹਨਾਂ ਦੇ ਹਿੱਸੇ ਦੀ ਤੀਜਾ ਹਿੱਸਾ ਜ਼ਮੀਨ ਖੁਦ ਬੇਜ਼ਮੀਨਿਆਂ ਨੂੰ ਖੇਤੀ ਕਰਨ ਲਈ ਮੁਹੱਈਆ ਕਰਵਾਉਣੀ ਚਾਹੁੰਦੇ ਸਨ। ਇਹਨਾਂ ਪਿੰਡਾਂ ਵਿੱਚ ਕੰਮ ਕਰ ਰਹੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਿੱਚ ਕੰਮ ਕਰਨ ਵਾਲਿਆਂ ਵਿੱਚ ਨੌਜਵਾਨਾਂ ਦਾ ਕਾਫੀ ਹਿੱਸਾ ਹੈ, ਜਿਹੜੇ ਅਨੇਕਾਂ ਤਰ੍ਹਾਂ ਦੇ ਖਤਰਿਆਂ ਨੂੰ ਸਹੇੜਨ ਤੋਂ ਉੱਕਾ ਹੀ ਨਹੀਂ ਡਰਦੇ, ਬਲਕਿ ਆਪਣੇ ਹੱਕਾਂ ਦੀ ਖਾਤਰ ਜੂਝਦੇ ਹੋਏ ਲੋਕਾਂ ਨੂੰ ਤਿੱਖੇ ਖਾੜਕੂ ਘੋਲਾਂ ਦੇ ਰਾਹ ਪਾ ਰਹੇ ਹਨ। ਜਾਗੀਰੂ ਚੌਧਰੀਆਂ ਨੇ ਨੌਜਵਾਨਾਂ ਦੀ ਕੁੱਟਮਾਰ ਕਰਕੇ ਅਤੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਪੈਰੋਂ ਕੱਢਣਾ ਚਾਹਿਆ ਸੀ, ਪਰ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਮੋੜਵੇਂ ਰੂਪ ਵਿੱਚ ਡਾਂਗਾਂ ਵਾਲੇ ਮੁਜਾਹਰੇ ਕਰਕੇ ਜਾਗੀਰੂ ਚੌਧਰੀਆਂ ਅਤੇ ਅਫਸਰਸ਼ਾਹੀ ਦੀ ਦਹਿਸ਼ਤ ਨੂੰ ਚਕਨਾਚੂਰ ਕੀਤਾ। ਇਸ ਇਲਾਕੇ ਦੇ 10-12 ਪਿੰਡਾਂ ਵਿੱਚ ਝੜੱਪਾਂ ਹੋਈਆਂ ਹਨ, ਕਿਸੇ ਥਾਂ 'ਤੇ ਗੁੰਡੇ ਬਦਮਾਸ਼ ਭਾਰੂ ਪੈ ਜਾਂਦੇ ਰਹੇ ਅਤੇ ਕਿਤੇ ਨੌਜਵਾਨਾਂ ਦੀ ਜਥੇਬੰਦ ਤਾਕਤ।
ਸੰਗਰੂਰ ਜ਼ਿਲ੍ਹੇ ਵਿੱਚ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੇਜ਼ਮੀਨੇ ਦਲਿਤ ਪਰਿਵਾਰਾਂ ਲਈ ਪੰਚਾਇਤੀ ਜ਼ਮੀਨ ਵਿੱਚੋਂ ਬਣਦਾ ਤੀਜਾ ਹਿੱਸਾ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨਿਆਂ ਵਿੱਚ ਤੋਲੇਵਾਲ ਸਮੇਤ ਅਨੇਕਾਂ ਪਿੰਡਾਂ ਵਿੱਚ ਮਜ਼ਦੂਰਾਂ 'ਤੇ ਲਾਠੀਆਂ ਵਰ੍ਹਾ ਕੇ ਉਹਨਾਂ ਨੂੰ ਡਰਾ-ਧਮਕਾ ਕੇ ਲਾਂਭੇ ਕਰਨ ਦੇ ਹਰਬੇ ਵਰਤੇ ਜਾ ਰਹੇ ਹਨ, ਪਰ ਦਲਿਤ ਹਿੱਸਿਆਂ ਦੀ ਅਗਵਾਈ ਪੜ੍ਹਿਆ-ਲਿਖਿਆ ਨੌਜਵਾਨ ਤਬਕਾ ਕਰਦਾ ਆ ਰਿਹਾ ਹੈ ਅਤੇ ਉਹ ਆਪਣੇ ਹੱਕਾਂ ਅਤੇ ਹਿੱਤਾਂ ਲਈ ਭੇੜੂ ਰੁਖ ਅਖਤਿਆਰ ਕਰਦੇ ਹੋਏ ਆਪਣੇ ਲਹੂ ਨਾਲ ਇਤਿਹਾਸ ਦੀ ਸਿਰਜਣਾ ਕਰ ਰਹੇ ਹਨ। 
15 ਅਗਸਤ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫਾਰ ਸੁਸਾਇਟੀ ਦੀ ਆਗੂ ਕਨੂਪ੍ਰਿਯਾ ਨੇ ਤਰਨਤਾਰਨ ਵਿਖੇ ਇੱਕ ਸਭਾ ਨੂੰ ਸੰਬੋਧਨ ਕੀਤਾ। ਆਰ.ਐਸ.ਐਸ. ਦੀਆਂ ਪੈਰੋਕਾਰ ਜਥੇਬੰਦੀਆਂ ਵੱਲੋਂ ਕਨੂਪ੍ਰਿਯਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਪਰ ਉਹ ਆਪਣੇ ਬਿਆਨਾਂ 'ਤੇ ਅਡੋਲ ਖੜ੍ਹੀ ਰਹੀ। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀ ਮਸਲਿਆਂ ਨੂੰ ਲੈ ਕੇ ਅਨੇਕਾਂ ਕਾਲਜਾਂ ਵਿੱਚ ਤਿੱਖੇ ਤੇ ਖਾੜਕੂ ਸੰਘਰਸ਼ ਕੀਤੇ ਜਾਂਦੇ ਰਹੇ ਹਨ। ਅਨੇਕਾਂ ਹੀ ਥਾਵਾਂ 'ਤੇ ਗੁੰਡਿਆਂ ਅਤੇ ਪੁਲਸ ਵੱਲੋਂ ਲਾਠੀਚਾਰਜ ਕਰਕੇ ਵਿਦਿਆਰਥੀ ਤਾਕਤ ਨੂੰ ਭੰਨਣ-ਖਿੰਡਾਉਣ ਦੇ ਯਤਨ ਕੀਤੇ ਗਏ ਹਨ, ਪਰ ਨੌਜਵਾਨ ਮੁੰਡੇ-ਕੁੜੀਆਂ ਡਰਨ-ਝਿਪਣ ਦੀ ਥਾਂ ਹੱਕੀ ਆਵਾਜ਼ ਨੂੰ ਕੁਚਲਣ ਵਾਲਿਆਂ ਨਾਲ ਟਕਰਾਅ ਜਾਂਦੇ ਰਹੇ ਹਨ। ਪੰਜਾਬੀ ਯੂਨੀਵਰਸਿਟੀ ਵਿੱਚ ਪਿਛਲੇ ਸਾਲ ਯੂਨੀਵਰਸਿਟੀ ਅਧਿਕਾਰੀਆਂ ਦੇ ਗੁੰਡਿਆਂ ਦੀਆਂ ਡਾਂਗਾਂ ਨਾਲ ਲਹੂ-ਲੁਹਾਣ ਹੋਏ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਲੜਕੇ-ਲੜਕੀਆਂ ਨੇ ਅੰਤਾਂ ਦੀਆਂ ਦੀ ਗੁੰਡਾਗਰਦੀ ਦੇ ਬਾਵਜੂਦ ਮੋਰਚੇ ਮੱਲੀ ਰੱਖੇ ਸਨ। ਪਿਛਲੇ ਦਿਨੀਂ ਪੁਲਸ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਇਨਕਲਾਬੀ ਨੌਜਵਾਨ ਸਭਾ ਦੇ ਕੁੱਝ ਕਾਰਕੁੰਨਾਂ ਵੱਲੋਂ ਨੈੱਟ-ਟੈੱਟ ਵਰਗੀਆਂ ਉੱਚੀਆਂ ਡਿਗਰੀਆਂ ਹਾਸਲ ਕਰਕੇ ਖੁਦਕੁਸ਼ੀ ਕਰ ਜਾਣ ਵਾਲੇ ਜਗਸੀਰ ਸਿੰਘ ਦੇ ਪਰਿਵਾਰ ਦੀ ਹਮਾਇਤ ਵਿੱਚ ਘੋਲ ਸਰਗਰਮੀ ਕੀਤੀ ਗਈ।
ਹੋਰਨਾਂ ਕਿਸਾਨ ਜਥੇਬੰਦੀਆਂ ਵਿੱਚ ਕਿਸੇ ਥਾਂ ਨੌਜਵਾਨ ਵਿਖਾਈ ਦੇਣ ਜਾਂ ਨਾ ਪਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ (ਸਤਨਾਮ ਪੰਨੂੰ) ਦੀ ਅਗਵਾਈ ਵਿੱਚ ਚੱਲਦੇ ਘੋਲਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੀ ਕਾਫੀ ਭਰਮਾਰ ਹੁੰਦੀ ਹੈ। ਪੁਲਸ ਵੱਲੋਂ ਲਾਠੀਚਾਰਜ ਅੰਮ੍ਰਿਤਸਰ ਵਿੱਚ ਕੀਤਾ ਜਾ ਰਿਹਾ ਹੋਵੇ ਜਾਂ ਚੰਡੀਗੜ੍ਹ ਵਿੱਚ ਨੌਜਵਾਨ ਮੁੰਡੇ ਕੁੜੀਆਂ ਵਰਦੀਆਂ ਡਾਂਗਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਵਿੱਚ ਦੁਸ਼ਮਣਾਂ ਦੇ ਮੂੰਹ ਮੋੜਨ ਲਈ ਤਾਣ ਲਗਾ ਦਿੰਦੇ ਹਨ। ਅਨੇਕਾਂ ਦੀ ਥਾਵਾਂ 'ਤੇ ਚੱਲੇ ਘੋਲਾਂ ਵਿੱਚ ਜੇਤੂ ਹੋ ਨਿੱਬੜਨ ਵਿੱਚ ਜਿੱਥੇ ਆਗੂ ਲੀਡਰਸ਼ਿੱਪ ਦੀ ਅਗਵਾਈ ਮਹੱਤਵ ਰੱਖਦੀ ਹੈ, ਉੱਥੇ ਨੌਜਵਾਨਾਂ ਦੀ ਦ੍ਰਿੜ੍ਹਤਾ, ਦਲੇਰੀ ਅਤੇ ਬਹਾਦਰੀ ਆਪਣਾ ਮਹੱਤਵ ਰੱਖਦੀ ਹੈ। 
ਅੰਮ੍ਰਿਤਸਰ, ਨਵਾਂਸ਼ਹਿਰ ਅਤੇ ਸੂਬੇ ਦੇ ਹੋਰਨਾਂ ਖੇਤਰਾਂ ਵਿੱਚ ਪੰਜਾਬ ਹਕੂਮਤ ਵੱਲੋਂ ਅਨੇਕਾਂ ਸਿੱਖ ਨੌਜਵਾਨਾਂ 'ਤੇ ਹਥਿਆਰ ਰੱਖਣ, ਬਗਾਵਤ ਕਰਨ, 2020 ਦੀ ਸਿੱਖ ਰਾਏ-ਸ਼ੁਮਾਰੀ ਕਰਵਾਉਣ ਆਦਿ ਵਰਗੇ ਮੁੱਦਿਆਂ ਨੂੰ ਲੈ ਕੇ ਝੂਠੇ ਕੇਸ ਪਾਏ ਜਾ ਰਹੇ ਹਨ। ਪਰ ਇਹ ਨੌਜਵਾਨ ਸਰਕਾਰਾਂ ਤੋਂ ਮੁਆਫੀਆਂ ਮੰਗ ਕੇ ਪਿੱਛੇ ਹਟਣ ਤੋਂ ਇਨਕਾਰੀ ਹੋਏ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਰਾਤਾਂ ਝਾਗਣ ਨੂੰ ਤਰਜੀਹ ਦੇ ਰਹੇ ਹਨ। 
ਦਿੱਲੀ ਵਿਖੇ ਰਵਿਦਾਸ ਮੰਦਰ ਢਾਹੇ ਜਾਣ ਨੂੰ ਆਪਣੀ ਆਨ-ਸ਼ਾਨ ਅਤੇ ਵਕਾਰ 'ਤੇ ਹੋਏ ਹਮਲੇ ਵਜੋਂ ਲੈਂਦੇ ਹੋਏ ਪੰਜਾਬ ਦੇ ਦਲਿਤ ਨੌਜਵਾਨਾਂ ਨੇ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਕਰਕੇ ਆਪਣੇ ਰੋਹ ਦੇ ਦਰਸ਼ਨ ਕਰਵਾਏ ਹਨ ਕਿ ਪੰਜਾਬ ਦੇ ਦਲਿਤ ਨੌਜਵਾਨਾਂ ਵਿੱਚ ਇੱਥੋਂ ਦੀਆਂ ਹਿੰਦੂਤਵੀ ਸ਼ਕਤੀਆਂ ਦੇ ਖਿਲਾਫ ਕੁੱਝ ਨਾ ਕੁੱਝ ਕਰ ਗੁਜ਼ਰਨ ਦਾ ਮਾਦਾ ਹੈ।
ਇਸੇ ਹੀ ਤਰ੍ਹਾਂ ਬਾਲਮੀਕ ਭਾਈਚਾਰੇ ਦੇ ਨੌਜਵਾਨਾਂ ਨੇ ਇਸ ਭਾਈਚਾਰੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੇ ਇੱਕ ਸੀਰੀਅਲ ਨੂੰ ਰੋਕਣ ਲਈ ਸੜਕਾਂ 'ਤੇ ਨਿਕਲ ਕੇ ਆਪਣੇ ਰੋਹ ਦੇ ਰੰਗ ਵਿਖਾਏ ਤਾਂ ਸਰਕਾਰ ਨੂੰ ਲੜੀਵਾਰ ਪ੍ਰਸਾਰਨ ਕੀਤੇ ਜਾਣ ਨੂੰ ਰੋਕਣਾ ਪਿਆ।
ਨੌਜਵਾਨਾਂ ਵਿੱਚ ਹਾਲਤਾਂ ਤੋਂ ਬਦਜ਼ਨ ਹੋ ਕੇ ਨਿਰਾਸ਼ਤਾ ਦੀ ਦਲਦਲ ਵਿੱਚ ਗਰਕ ਜਾਣ ਦੀ ਥਾਂ ਆਪਣੇ ਹੱਕਾਂ ਅਤੇ ਹਿੱਤਾਂ ਲਈ ਟਕਰਾਅ ਜਾਣ ਦੇ ਵਰਤਾਰੇ ਭਾਵੇਂ ਇਸ ਸਮੇਂ ਪੰਜਾਬ ਦੀ ਫਿਜ਼ਾ ਦੇ ਹਾਣ-ਮੇਚ ਦੇ ਨਹੀਂ ਹਨ, ਪਰ ਜਦੋਂ ਇਹਨਾਂ ਦੀ ਹੋਂਦ ਹੈ ਅਤੇ ਇਹਨਾਂ ਦੀ ਲਗਾਤਾਰਤਾ ਬਣੀ ਹੋਈ ਹੈ ਤਾਂ ਇਹਨਾਂ ਵਿੱਚ ਆਉਣ ਵਾਲੇ ਸਾਲਾਂ ਵਿੱਚ ਕਿੰਨਾ ਹੀ ਕੁੱਝ ਨਵਾਂ, ਉਤਸ਼ਾਹੀ ਅਤੇ ਮਿਸਾਲੀ ਬਣ ਸਕਣ ਦੀਆਂ ਗੁੰਜਾਇਸ਼ਾਂ ਪਈਆਂ ਹਨ। ਉਮੀਦ ਹੈ ਕਿ ਨੌਜਵਾਨ ਪੀੜ੍ਹੀ ਲੱਚਰਤਾ, ਨਸ਼ੇ ਅਤੇ ਵਿਦੇਸ਼ਾਂ ਵਿੱਚ ਜਾ ਕੇ ਸੁੱਖ ਭਾਲ ਸਕਣ ਦੀ ਲਾਲਸਾ ਤੋਂ ਮੁਕਤ ਹੋ ਕੇ ਇੱਥੇ ਹੀ ਨਵੇਂ ਸਮਾਜ ਦੀ ਸਿਰਜਣਾ ਕਰਦੇ ਹੋਏ ਰਾਜੀ-ਖੁਸ਼ੀ ਦੀ ਤੰਦਰੁਸਤ ਜ਼ਿੰਦਗੀ ਜਿਉਣ ਦੇ ਰਾਹ ਅੱਗੇ ਵਧਦੇ ਜਾਣਗੇ। 

ਨੱਥੂਵਾਲਾ ਗਰਬੀ 'ਚ ਹੋਏ 6 ਕਤਲ:


ਨੱਥੂਵਾਲਾ ਗਰਬੀ 'ਚ ਹੋਏ 6 ਕਤਲ:
''ਉਹ ਜਵਾਨੀ ਬੜੀ ਖਤਰਨਾਕ ਹੁੰਦੀ ਹੈ, ਜੋ ਜੰਮਦੀ ਏ ਮਰੀਆਂ ਆਸਾਂ ਦੇ ਸੱਥਰ 'ਤੇ''
ਪਿਛਲੇ ਦਿਨੀਂ ਇੱਕ ਘਟਨਾ ਪਿੰਡ ਨੱਥੂਵਾਲਾ ਗਰਬੀ ਵਿੱਚ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਪਰਿਵਾਰ 'ਚੋਂ ਮਾਂ-ਬਾਪ, ਭੈਣ-ਭਾਣਜੀ ਅਤੇ ਦਾਦੀ ਨੂੰ ਮਾਰ ਕੇ ਖੁਦਕੁਸ਼ੀ ਕੀਤੀ ਹੈ। ਬਜ਼ੁਰਗ ਦਾਦਾ ਜਖਮੀ ਹਾਲਤ ਵਿੱਚ ਮਰਨੋਂ ਬਚ ਗਿਆ। ਦੂਸਰੀ ਘਟਨਾ ਚੰਡੀਗੜ੍ਹ ਵਿੱਚ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਨੇ ਦੋ ਨੌਜਵਾਨਾਂ ਲੜਕੀਆਂ ਨੂੰ ਕਤਲ ਕੀਤਾ ਹੈ। ਤੀਜੀ ਘਟਨਾ ਤਰਨਤਾਰਨ ਜ਼ਿਲ੍ਹੇ ਦੀ ਹੈ ਜਿੱਥੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ। ਚੌਥੀ ਘਟਨਾ ਸੰਗਰੂਰ ਜ਼ਿਲ੍ਹੇ ਦੀ ਹੈ ਜਿੱਥੇ ਨੌਜਵਾਨ ਲੜਕੇ ਅਤੇ ਲੜਕੀ ਨੇ ਫੇਸ ਬੁੱਕ 'ਤੇ ਪ੍ਰਗਟ ਹੋ ਕੇ ਆਪਣੇ ਆਪ ਨੂੰ ਗੋਲੀਆਂ ਮਾਰ ਕੇ ਖਤਮ ਕੀਤਾ ਹੈ। ਅਜਿਹੀਆਂ ਟੁੱਟਵੀਆਂ ਇੱਕਹਿਰੀਆਂ ਘਟਨਾਵਾਂ ਤਾਂ ਭਾਵੇਂ ਹਰ ਰੋਜ਼ ਹੀ ਵਾਪਰਦੀਆਂ ਰਹਿੰਦੀਆਂ ਹਨ, ਪਰ ਜਦੋਂ ਕੋਈ ਘਟਨਾ ਸਮੂਹਿਕਤਾ ਦਾ ਰੂਪ ਅਖਤਿਆਰ ਕਰ ਜਾਵੇ ਤਾਂ ਉਹ ਵਿਸ਼ੇਸ਼ ਧਿਆਨ ਖਿੱਚਦੀ ਹੈ ਅਤੇ ਉਸ ਨੂੰ ਵਿਸ਼ੇਸ਼ ਧਿਆਨ ਦੇ ਕੇ ਸੋਚਣਾ ਵੀ ਬਣਦਾ ਹੈ ਕਿ ਸਮੂਹਿਕਤਾ ਹਾਸਲ ਕਰ ਜਾਣ ਵਾਲੀ ਅਜਿਹੀ ਝੰਜੋੜੂ ਘਟਨਾ ਦੇ ਪਿੱਛੇ ਆਖਰ ਕਾਰਨ ਕੀ ਹਨ?
22 ਏਕੜ ਜ਼ਮੀਨ ਦੇ ਮਾਲਕ 27 ਸਾਲਾ ਸੰਦੀਪ ਸਿੰਘ ਉਰਫ ਸੰਨੀ ਨੇ ਆਪਣੀ ਡਾਇਰੀ ਵਿੱਚ ''ਖ਼ੂਨੀ ਚਿੱਠੀ'' ਦੇ ਅਨੁਵਾਨ ਹੇਠ ਦੋ-ਤਿੰਨ ਅਗਸਤ ਦੀ ਅੱਧੀ ਰਾਤ ਬਾਅਦ ਜਿਹੜਾ ਡਾਇਰੀ ਦੇ 19 ਸਫਿਆਂ ਦਾ ਖੁਦਕੁਸ਼ੀ ਨੋਟ ਲਿਖਿਆ ਹੈ, ਉਸ ਵਿੱਚ ਉਸਨੇ ਪਹਿਲੇ ਪਹਿਰੇ ਵਿੱਚ ਦੱਸਿਆ ਹੈ ਕਿ ''ਇਹ ਸਾਰਾ ਵਾਕਿਆ ਜੋ ਹੋਇਆ ਏ, ਤੁਸੀਂ ਵੇਖ ਰਹੇ ਓ, ਇਹ ਮੇਰੀ ਚੁੱਪ ਦਾ ਅੰਜ਼ਾਮ ਏ।'' ਸੰਦੀਪ ਵੱਲੋਂ ਲਿਖੇ ਸ਼ਬਦ ''ਚੁੱਪ ਦਾ ਅੰਜ਼ਾਮ'' ਦੱਸਦੇ ਹਨ ਕਿ ਹੁਣ ਦਾ ਸਮਾਜ ਬਣ ਕਿਹੋ ਜਿਹਾ ਗਿਆ ਹੈ, ਜਿਸ ਵਿੱਚ ਬੰਦਿਆਂ ਵਿੱਚ ਬੰਦਿਆਂ ਵਾਲੀ ਸਾਂਝ ਨਹੀਂ ਰਹੀ, ਜਿਸ ਤਹਿਤ ਕੋਈ ਬੰਦਾ ਕਿਸੇ ਆਪਣੇ ਕੋਲ ਦਿਲ ਖੋਲ੍ਹ ਕੇ ਗੱਲਾਂ ਕਰ ਸਕੇ, ਹੱਸ ਸਕੇ, ਰੋ ਸਕੇ। ਇਹ ਸਾਮਰਾਜੀ ਖਪਤਕਾਰੀ ਸਭਿਆਚਾਰ ਦੇ ਨਿਘਾਰ ਦੀ ਇੱਕ ਝਲਕ ਹੈ, ਜਿਸ ਤਹਿਤ ਪਹਿਲਾਂ ਕਹਿੰਦੇ ਸਨ ਕਿ ਜਦੋਂ ਘਰਾਂ ਵਿੱਚ ਟੀ.ਵੀ. ਆਏ ਸਨ, ਤਾਂ ਟੀਵੀ ਨੇ ਘਰਾਂ ਵਿੱਚ ਵੱਖ ਵੱਖ ਮੈਂਬਰਾਂ ਵੱਲੋਂ ਵੱਖ ਵੱਖ ਚੈਨਲ ਵੇਖਣ ਲਈ ਫੁੱਟ ਪਾ ਦਿੱਤੀ ਸੀ। ਮੋਬਾਈਲ ਫੋਨਾਂ ਨੇ ਮੀਆਂ-ਬੀਵੀ ਵਿੱਚ ਫੁੱਟ ਪਾ ਦਿੱਤੀ ਤੇ ਇੰਟਰਨੈੱਟ ਨੇ ਵਿਅਕਤੀਆਂ ਨੂੰ ਇਕੱਲਤਾ ਵਿੱਚ ਧੱਕ ਦਿੱਤਾ ਹੈ।
ਸੰਦੀਪ ਅੱਗੇ ਲਿਖਦਾ ਹੈ ਕਿ ''ਮੇਰੀ ਜ਼ਿੰਦਗੀ ਵਿੱਚ ਬਹੁਤ ਲੋਕ ਗੁੰਮਨਾਮੀ ਦੀ ਜ਼ਿੰਦਗੀ ਜਿਉਂ ਕੇ ਚਲੇ ਗਏ।'' ਉਸ ਨੂੰ ਇਹ ਲੱਗਦਾ ਸੀ ਕਿ ਜ਼ਿੰਦਗੀ ਵਿੱਚ ਕੋਈ ਅਜਿਹਾ ਸਾਰਥਿਕ ਰੁਝੇਵਾਂ ਇਸ ਸਮਾਜ ਵਿੱਚ ਬਹੁਤੇ ਲੋਕਾਂ ਨੂੰ ਨਹੀਂ ਮਿਲ ਰਿਹਾ ਜਿਸ ਤਹਿਤ ਆਮ ਲੋਕਾਂ ਨੂੰ ਉਹਨਾਂ ਦੇ ਪਾਏ ਯੋਗਦਾਨ ਤਹਿਤ ਕੋਈ ਸਾਰਥਿਕਤਾ ਜਾਪਦੀ ਹੋਵੇ। ਸੰਦੀਪ ਅਨੁਸਾਰ ''ਇਹੋ ਕਾਰਨ ਬਣਿਆ ਸਾਡੇ ਘਰ ਦੀ ਬਰਬਾਦੀ ਅਤੇ ਬੀਜਨਾਸ਼ ਦਾ।''
ਇਸ ਦੁਨੀਆਂ ਤੋਂ ਤੰਗ ਆਇਆ ਸੰਦੀਪ ਲਿਖਦਾ ਹੈ ਕਿ ''ਦੁਨੀਆਂ ਵਾਲੇ ਲੋਕ ਮੈਨੂੰ ਨਾਮਰਦ ਦਾ ਨਾਮ ਦੇ ਦੇਣਗੇ ਕਿ ਇਹ ਦੁਨੀਆਂਦਾਰੀ ਏ। ਪਰ ਏਹਦੇ ਪਿੱਛੇ ਜੋ ਸੱਚ ਏ, ਇਹਦੇ ਪਿੱਛੇ ਮੇਰਾ ਜਾਂ ਮੇਰੇ ਪਰਿਵਾਰ ਦਾ ਕੀ ਕਸੂਰ ਹੋਇਆ।'' ਕਿਸੇ ਵਿਅਕਤੀ ਦੀ ਜਿੱਥੇ ਕਦਰ ਨਾ ਪਵੇ, ਉੱਥੇ ਉਸਦੇ ਜੀਣ ਦਾ ਕੋਈ ਹੱਜ ਨਹੀਂ ਰਹਿੰਦਾ। ਆਪਣੀ ਬੇਵਸੀ ਵਿੱਚੋਂ ਕਿਸਮਤ ਦੇ ਖਾਤੇ ਆਪਣੀ ਹੋਣੀ ਨੂੰ ਛੱਡਦਾ ਹੋਇਆ ਉਹ ਲਿਖਦਾ ਹੈ, ''ਜਦੋਂ ਜਦੋਂ ਵੀ ਜੀਹਦੇ 'ਤੇ ਪਈ ਜਦੋਂ ਕਿਸਮਤ ਸਾਥ ਛੱਡ ਜਾਵੇ ਇਹਦੇ ਕੀ ਨਤੀਜੇ ਨਿਕਲਦੇ ਨੇ, ਆਹ ਨਤੀਜਾ ਨੇੜੇ ਤੇੜੇ ਦੇ ਪਿੰਡਾਂ ਵਿੱਚ ਸਭ ਤੋਂ ਖਤਰਨਾਕ ਹੋਊਗਾ।''
ਇੱਕ ਪਾਸੇ ਜਿੱਥੇ ਸੰਦੀਪ ''ਸਾਰੇ ਪੁਆੜੇ ਦੀ ਜੜ੍ਹ ਮੈਂ ਸੀ'' ਲਿਖਦਾ ਹੈ ਉੱਥੇ ਨਾਲ ਹੀ ਉਸਦਾ ਆਪਣੇ ਘਰਦਿਆਂ ਪ੍ਰਤੀ ਕਿੰਨਾ ਲਗਾਅ ਸੀ ਉਸ ਬਾਰੇ ਖੁਦ ਲਿਖਦਾ ਹੈ, ''ਘਰਦਿਆਂ ਵਿਚਾਰਿਆਂ ਦੇ ਕੋਈ ਗੱਲ ਚਿੱਤ ਚੇਤੇ ਵੀ ਨਹੀਂ। ਅੱਜ ਮੈਂ ਆਪਣੀ ਭੈਣ ਨੂੰ ਆਪਣੇ ਨਾਲ ਲੈ ਕੇ ਆਇਆਂ। ਪਹਿਲਾਂ ਮੈਂ ਦਾਦੇ ਦੀਆਂ ਅੱਖਾਂ ਫਰੀਦਕੋਟ ਵਿਖਾ ਕੇ ਆਇਆਂ।'' ਉਹ ਆਪਣੇ ਰਿਸ਼ਤੇਦਾਰਾਂ ਨਾਲ ਵੀ ਸਰੋਕਾਰ ਰੱਖਦਾ ਸੀ ਜਿਸ ਬਾਰੇ ਉਸ ਨੇ ਲਿਖਿਆ, ''ਆਪਣੇ ਭਰਾ ਨਾਲ ਪੈੱਗ ਲਾ ਕੇ ਆਇਆਂ।'' ਆਪਣੇ ਭਰਾ ਦੇ ਫੋਨ ਤੋਂ ਆਪਣੀ ਮੰਗੇਤਰ ਨਾਲ ਗੱਲ ਕਰਨ ਸਬੰਧੀ ਸੰਦੀਪ ਨੇ ਲਿਖਿਆ, ''ਫਿਰ ਮੈਂ ਆਪਣੀ ਮੰਗੇਤਰ ਨਾਲ ਗੱਲ ਕਰਵਾਉਣ ਨੂੰ ਕਿਹਾ ਤੇ ਉਹਦੇ ਨਾਲ ਗੱਲਾਂ ਕੀਤੀਆਂ ਵੀ।''
ਇੱਕ ਪਾਸੇ ਜਿੱਥੇ ਸੰਦੀਪ ਲਿਖਦਾ ਹੈ ਕਿ ''ਇਸ ਦੁਨੀਆਂ ਤੋਂ ਕੀਹਦਾ ਜੀਅ ਕਰਦਾ ਜਾਣ ਨੂੰ'' ਤਾਂ ਨਾਲ ਹੀ ਅਗਲੇ ਵਾਕ ਵਿੱਚ ਲਿਖਦਾ ਹੈ, ''ਰੱਬ ਨੇ ਮੇਰੀ ਅਸਲ ਖੁਸ਼ੀ ਮਾਰ ਲੀ। ਮੈਂ ਅੱਗ ਲਾਉਣੀ ਸੀ ਇਹ ਜ਼ਮੀਨ ਜਾਇਦਾਦ, ਜਦੋਂ ਮੈਂ ਜਿਉਂਦਾ ਵੀ ਲਾਸ਼ ਬਣਿਆ ਪਿਆ ਸੀ।'' ਸੰਦੀਪ ਕੋਲ ਚੰਗਾ-ਚੋਖਾ ਖਾਣ-ਪੀਣ, ਕਾਰਾਂ-ਕੋਠੀਆਂ ਸਨ ਅਤੇ ਰਹਿਣ-ਸਹਿਣ, ਪਹਿਨਣ-ਪਚਰਨ ਦੇ ਮੌਕੇ ਸਨ। ਪਰ ਜ਼ਿੰਦਗੀ ਸਿਰਫ ਐਨਾ ਕੁ ਕੁੱਝ ਹੀ ਨਹੀਂ ਹੁੰਦੀ ਬਲਕਿ ਬੰਦੇ ਦੀ ਕੋਈ ਆਨ-ਸ਼ਾਨ, ਠੁੱਕ, ਜ਼ਮੀਰ ਗੈਰਤ ਆਦਿ ਵੀ ਹੁੰਦੀ ਹੈ। ਜੇਕਰ ਕਿਸੇ ਬੰਦੇ ਨੂੰ ਇਹ ਹੀ ਜਾਪਣ ਲੱਗ ਪਵੇ ਕਿ ਉਹ ਸ਼ਾਇਦ ਅਧੂਰਾ ਮਨੁੱਖ ਹੈ ਤਾਂ ਉਹ ਕੀ ਕਰ ਜਾਂਦਾ ਹੈ ਇਸ ਬਾਰੇ ਸੰਦੀਪ ਨੇ ਕੈਨੇਡਾ ਵਸਦੀ ਆਪਣੀ ਛੋਟੀ ਭੈਣ ਅਤੇ ਭੂਆ ਬਾਰੇ ਲਿਖਿਆ, ''ਮੇਰੀ ਛੋਟੀ ਭੈਣ, ਹਾਏ ਰੱਬਾ ਮੈਂ ਸਭ ਤੋਂ ਵੱੱਧ ਦੋਸ਼ੀ ਉਹਦਾ ਤੇ ਭੂਆ ਦਾ ਹਾਂ, ਜੋ ਦੋਵੇਂ ਕੈਨੇਡਾ ਵਿੱਚ ਨੇ, ਉਹ ਇਹ ਦੁੱਖ ਕਿਵੇਂ ਝੱਲਣਗੀਆਂ? ਇੱਥੇ ਹੁੰਦੀਆਂ ਮੈਂ ਉਹਨਾਂ ਨੂੰ ਵੀ ਮਾਰ ਦੇਣਾ ਸੀ।''
ਸਮਾਜ ਵਿੱਚ ਪਾਏ ਜਾਂਦੇ ਵਹਿਮਾਂ-ਭਰਮਾਂ, ਧਰਮਾਂ-ਕਰਮਾਂ, ਅੰਧ-ਵਿਸ਼ਵਾਸ਼ਾਂ ਅਤੇ ਪਛੜੇਪਣ ਦਾ ਸ਼ਿਕਾਰ ਹੋਇਆ ਸੰਦੀਪ ਲਿਖਦਾ ਹੈ, ''ਪਿੰਡ ਵਾਲਿਓ, ਥੋਡੇ ਨਾਂ ਸੰਦੇਸ਼ ਏ, ਕਦੇ ਵੀ ਭੁੱਲ ਕੇ ਕਿਸੇ ਪੀਰ-ਫਕੀਰ ਦੀ ਜਗਾਹ ਪੈਲ਼ੀ ਹੋਵੇ, ਪੂਜਿਆ ਕਰੋ, ਕੋਈ ਗਲਤੀ ਨਾ ਕਰਿਓ, ਨਾ ਔਤ ਦੀ ਜ਼ਮੀਨ 'ਤੇ ਅੱਖ ਰੱਖਿਓ।'' ਉਂਝ ਤਾਂ ਭਾਵੇਂ ਕਿਸੇ ਬੰਦੇ ਵਿੱਚ ਕਿਸੇ ਸਰੀਰਕ ਕਮਜ਼ੋਰੀ ਦੇ ਮਨੋਵਿਗਿਆਨਕ ਕਾਰਨ ਵੀ ਹੋ ਸਕਦੇ ਹਨ, ਪਰ ਜੇਕਰ ਕਿਸੇ ਵਿੱਚ ਕੋਈ ਸਰੀਰਕ ਕਜ ਹੋਵੇ ਤਾਂ ਉਸ ਨੂੰ ਐਨਾ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਹ ਬੰਦਾ ਆਪਣੇ ਨਾਲ 5-6 ਹੋਰਾਂ ਨੂੰ ਨਾਲ ਲਿਜਾ ਕੇ ਦੁਨੀਆਂ ਨੂੰ ਛੱਡ ਜਾਵੇ। ਇਸ ਤਰ੍ਹਾਂ ਦੀ ਹੀਣ-ਭਾਵਨਾ ਵਿੱਚੋਂ ਸੰਦੀਪ ਨੇ ਲਿਖਿਆ ਸੀ, ''ਮੈਂ ਆਪਣੇ ਗੰਦੇ ਸਰੀਰ ਤੋਂ ਤੰਗ ਆ ਕੇ ਖੁਦ ਅੱਗ ਲਾ ਕੇ ਮਰਾਂਗਾ।'' ਆਪਣੀ ਮੰਗੇਤਰ ਤੋਂ ਧੁਰ ਅੰਦਰੋਂ ਮੁਆਫੀਆਂ ਮੰਗਦਾ ਹੋਇਆ ਸੰਦੀਪ ਲਿਖਦਾ ਹੈ, ''ਰਮਨਦੀਪ ਮੈਨੂੰ ਮੁਆਫ ਕਰੀਂ, ਮੈਂ ਤੇਰਾ ਸਭ ਤੋਂ ਵੱਡਾ ਗੁਨਾਹਗਾਰ ਹਾਂ। ਪਰ ਮੈਂ ਮਜਬੂਰ ਹਾਂ। ਤੇਰੀ ਜ਼ਿੰਦਗੀ ਨੀ ਖਰਾਬ ਕਰ ਸਕਦਾ ਸੀ।''
ਇਸ ਸਮਾਜ ਵਿੱਚ ਕੁੱਝ ਗੱਲਾਂ ਅਜਿਹੀਆਂ ਵਰਜਿਤ ਕਰਾਰ ਦੇ ਦਿੱਤੀਆਂ ਜਾਂਦੀਆਂ ਹਨ, ਜਿਹੜਾ ਵੀ ਵਿਅਕਤੀ ਆਪਣੇ ਤੋਂ ਵੱਡਿਆਂ ਦੇ ਅੱਗੇ ਉਹ ਗੱਲਾਂ ਰੱਖ ਦੇਵੇ ਉਸ ਨੂੰ ਡਾਂਟਿਆ-ਫਿਟਕਾਰਿਆ ਜਾਂਦਾ ਹੈ। ਨੀਚਾ ਵਿਖਾਇਆ ਜਾਂਦਾ ਹੈ। ਇਹੋ ਜਿਹੇ ਮਾਮਲਿਆਂ ਸਬੰਧੀ ਆਪਣੀ ਡਾਇਰੀ ਦੇ ਅਗਲੇ ਪੰਨਿਆਂ 'ਤੇ ਸੰਦੀਪ ਲਿਖਦਾ ਹੈ, ''ਮੈਂ ਆਪਣੇ ਅੰਦਰਲਾ ਦਰਦ ਵਿੱਚੇ ਵਿੱਚ ਲੈ ਕੇ ਘੁੱਟ ਘੁੱਟ ਕੇ ਜਿਉਂ ਰਿਹਾ ਸੀ, ਕਿਉਂਕਿ ਮੈਂ ਇਹ ਦਰਦ ਦੱਸ ਵੀ ਨੀ ਸਕਦਾ ਸੀ ਤੇ ਜੇ ਦੱਸ ਦਿੰਦਾ ਘਰਦਿਆਂ ਨੇ ਜਿਉਂਦਿਆਂ ਨੇ ਮਰ ਜਾਣਾ ਸੀ। ਘਰੇ ਦੋ ਭੈਣਾਂ ਸੀ, ਉਹ ਵੀ ਵਿਆਉਣੀਆਂ ਸੀ। ਭੈਣਾਂ ਹੋਣ ਕਾਰਨ ਵੀ। ਮੈਂ ਚਾਹ ਕੇ ਵੀ ਇਹ ਗੱਲ ਆਪਣੇ ਪਿਓ ਨਾਲ ਸਾਂਝੀ ਨਾ ਕਰ ਸਕਿਆ। ਮੈਂ ਅੰਦਰੋਂ ਅੰਦਰ ਉਹ ਦਰਦ ਪੀ ਜਾਂਦਾ ਸੀ।''
ਜੇਕਰ ਕੋਈ ਵੀ ਵਿਅਕਤੀ ਆਪਣੇ ਕੋਲ ਅਜਿਹੇ ਖਾਸ ਮਿੱਤਰ-ਦੋਸਤ ਅਤੇ ਸਾਥੀ ਰੱਖਦਾ ਹੋਵੇ ਜਾਂ ਜਦੋਂ ਉਹ ਬਾਲਗ ਹੋ ਜਾਂਦਾ ਹੈ ਤਾਂ ਉਸ ਨੂੰ ਘਰ-ਪਰਿਵਾਰ ਅਤੇ ਸੰਸਥਾਵਾਂ ਵਿੱਚੋਂ ਸਾਥੀਆਨਾ ਮਾਹੌਲ ਹਾਸਲ ਹੋ ਜਾਵੇ ਤਾਂ ਉਹ ਆਪਣੇ ਮਨ ਦੀਆਂ ਦਾ ਗੱਲਾਂ ਖੁੱਲ੍ਹ ਕੇ ਇਜ਼ਹਾਰ ਕਰ ਸਕਦਾ ਹੈ ਨਹੀਂ ਤਾਂ ਉਹ ਹੀਣਤਾ ਦਾ ਸ਼ਿਕਾਰ ਹੋਇਆ ਅੰਦਰ ਹੀ ਅੰਦਰ ਕਿਵੇਂ ਆਪਣੇ ਆਪੇ ਤੋਂ ਡਰੀ ਜਾਂਦਾ ਹੈ, ਇਸ ਸਬੰਧੀ ਸੰਦੀਪ ਨੇ ਲਿਖਿਆ ਸੀ, ''ਇੱਕ ਅੰਦਰ ਡਰ ਸੀ, ਜਿਸ ਨੇ ਮੈਨੂੰ ਐਨਾ ਡਰਾ ਤਾ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਐਨਾਂ ਦਿਨਾਂ ਵਿੱਚ ਇਹ ਡਿਪਰੈਸ਼ਨ ਐਨਾ ਵਧ ਗਿਆ ਸੀ, ਮੇਰੇ ਦਿਮਾਗ ਅਤੇ ਦਿਲ ਵਿੱਚ ਬਲਾਸਟ ਹੋ ਰਹੇ ਸਨ। ਅੱਜ ਦੇ ਦਿਨ ਇੱਕ ਵੱਡਾ ਬਲਾਸਟ ਹੋਇਆ ਜਿਸ ਦੇ ਧਮਾਕੇ ਵਿੱਚ ਸਾਰਾ ਘਰ ਵੀ ਉੱਡ ਗਿਆ।''
ਜਦੋਂ ਕਿਸੇ ਵਿਅਕਤੀ ਦੀ ਸਮਝ ਪੂਰੀ ਵਿਗਿਆਨਕ ਨਹੀਂ ਬਣਦੀ, ਤਾਂ ਉਹ ਆਪਣੀਆਂ ਅਨੇਕਾਂ ਸਮੱਸਿਆਵਾਂ ਨੂੰ ਰੱਬ ਦੀ ਦੇਣ ਦੇ ਖਾਤੇ ਪਾ ਕੇ ਆਪਣੇ ਮਨ ਨੂੰ ਤਸੱਲੀ ਦਿੰਦਾ ਹੈ। ਜਦੋਂ ਅਜਿਹੇ ਵਿਅਕਤੀ ਨੂੰ ਆਪਣੇ ਆਪ ਵਿੱਚ ਕੋਈ ਨੁਕਸ ਨਾ ਜਾਪੇ ਤਾਂ ਉਹ ਹਰ ਚੰਗੀ ਮਾੜੀ ਘਟਨਾ ਨੂੰ ਰੱਬ ਦੇ ਖਾਤੇ ਕਿਵੇਂ ਪਾਉਂਦਾ ਹੈ, ਇਸ ਸਬੰਧੀ ਸੰਦੀਪ ਨੇ ਲਿਖਿਆ ਸੀ, ''ਪਰ ਇਸ ਵਿੱਚ ਮੇਰਾ ਕੋਈ ਕਸੂਰ ਨੀ, ਰੱਬ ਨੇ ਮਾਰਿਆ।''
ਕਿਸੇ ਨੇ ਵਿਆਹ ਕਰਵਾਉਣਾ ਹੈ ਜਾਂ ਨਹੀਂ ਕਰਵਾਉਣਾ ਇਹ ਉਸਦਾ ਨਿੱਜੀ ਮਸਲਾ ਹੁੰਦਾ ਹੈ, ਪਰ ਪਛੜੇ ਜਾਗੀਰੂ ਸਮਾਜ ਵਿੱਚ ਕਿਸੇ ਦੇ ਵਿਆਹ ਨੂੰ ਵੀ ਘਰ-ਪਰਿਵਾਰ, ਜ਼ਮੀਨ-ਜਾਇਦਾਦ ਨਾਲ ਜੋੜ ਕੇ ਕਿਵੇਂ ਵੇਖਿਆ ਜਾਂਦਾ ਹੈ, ਇਸ ਸਬੰਧੀ ਸੰਦੀਪ ਨੇ ਲਿਖਿਆ ਸੀ, ''ਮੈਂ ਜੇ ਵਿਆਹ ਨਾ ਕਰਾਉਂਦਾ ਲੋਕਾਂ ਨੇ ਨਹੀਂ ਛੱਡਣਾ ਸੀ। ਘਰ ਦਿਆਂ ਨੇ ਵੀ ਮੈਨੂੰ ਵਿਆਉਣ ਵਾਸਤੇ ਜੰਮਿਆ ਸੀ।''
ਸੰਦੀਪ ਸਮਾਜ ਦੀਆਂ ਗਲਤ ਕਦਰਾਂ-ਕੀਮਤਾਂ ਤੋਂ ਦੁਖੀ ਹੁੰਦਾ ਸੀ। ਉਹ ਸਮਾਜ ਨਾਲ ਖੁੱਲ੍ਹੇਆਮ ਲੜ ਨਹੀਂ ਸੀ ਸਕਦਾ। ਉਂਝ ਉਹ ਅੰਦਰ ਹੀ ਅੰਦਰ ਜਿਹੜੀ ਪੀੜਾ ਸਹਿਣ ਕਰਦਾ ਕਰਦਾ ਬੀਤਦਾ ਜਾ ਰਿਹਾ ਸੀ, ਉਸ ਸਬੰਧੀ ਉਸਨੇ ਲਿਖਿਆ, ''ਪਰ ਉਹ ਦਰਦ ਤਾਂ ਮੈਨੂੰ ਹੀ ਪਤਾ ਸੀ ਜੋ ਮੈਂ ਲੈ ਕੇ ਜਿਉਂ ਰਿਹਾ ਸੀ।'' ਇਸ ਤਰ੍ਹਾਂ ਜਦੋਂ ਕੋਈ ਆਪਣੇ ਆਪ ਨੂੰ ਧੱਕ ਕੇ ਕੰਧ ਨਾਲ ਲਾ ਕੇ ਦਮ ਘੁੱਟਿਆ ਮਹਿਸੂਸ ਕਰਦਾ ਹੈ ਤਾਂ ਉਹ ਮਰਨ-ਮਾਰਨ 'ਤੇ ਕਿਵੇਂ ਉਤਾਰੂ ਹੋ ਸਕਦਾ ਹੈ, ਇਸ ਸਬੰਧੀ ਉਹ ਲਿਖਦਾ ਹੈ, ''ਇਹ ਸਾਰੀ ਘਟਨਾ ਮੇਰੀ ਚੁੱਪ ਦੇ ਅੰਜ਼ਾਮ ਅਤੇ ਡਰ ਕਾਰਨ ਘਟੀ।''
''ਇਹ ਗੱਲ ਮੈਂ ਸਾਰੀ ਦੁਨੀਆਂ ਨੂੰ ਦੱਸਣੀ ਚਾਹੁੰਦਾਂ, ਜਿਹੜਾ ਬੰਦਾ ਵਿਆਹ ਨੀ ਕਰਾਉਂਦਾ, ਉਹਦੇ ਪਿੱਛੇ ਰਾਜ ਹੁੰਦਾ।'' ਮੌਜੂਦਾ ਸਮਾਜ ਕਿਸੇ ਵਿਅਕਤੀ ਦੇ ਵਿਆਹ ਵਾਲੇ ਲਾਇਸੰਸ ਨੂੰ ਵੇਖ ਕੇ ਉਸਦੀਆਂ ਚੰਗੀਆਂ-ਮਾੜੀਆਂ ਢਕਦਾ ਹੈ, ਪਰ ਸੰਦੀਪ ਇਸ ਸਮਾਜ ਨੂੰ ਭੈਣ ਦੀ ਗਾਲ ਕੱਢਦਾ ਹੋਇਆ ਲਿਖਦਾ ਹੈ, ''ਇਹ ਕੁੱਤਾ ਸਮਾਜ ਵਿਆਹ ਨੂੰ ਈ ਸਭ ਕੁੱਝ ਸਮਝਦਾ। ਬੰਦੇ ਦੀਆਂ ਆਪਣੀਆਂ ਵੀ ਭਾਵਨਾਵਾਂ ਹੁੰਦੀਆਂ। ਜ਼ਰੂਰੀ ਨੀ ਹਰ ਬੰਦਾ, ਵਿਆਹ ਲਈ ਪਰਫੈਕਟ ਹੋਵੇ।''
ਹਰ ਇਨਸਾਨ ਜਿੱਥੇ ਸਮਾਜਿਕ ਪ੍ਰਾਣੀ ਹੈ, ਉੱਥੇ ਸਮਾਜ ਵਿੱਚ ਉਸਦਾ ਆਪਣਾ ਨਿੱਜ ਵੀ ਹੁੰਦਾ ਹੈ। ਜਿਸ ਸਮਾਜ ਵਿੱਚ ਕਿਸੇ ਵਿਅਕਤੀ ਦੇ ਨਿੱਜ ਨੂੰ ਮੂਲੋਂ ਹੀ ਕੁਚਲਿਆ ਜਾ ਰਿਹਾ ਹੋਵੇ ਤਾਂ ਉਹ ਬਦਜ਼ਨ ਹੁੰਦਾ ਹੈ ਅਤੇ ਆਪਣੀ ਹੋਂਦ ਪ੍ਰਗਟਾਉਣੀ ਚਾਹੁੰਦਾ ਹੈ। ਜਾਗੀਰੂ ਸਮਾਜਾਂ ਤੋਂ ਬਗਾਵਤਾਂ ਕਰਕੇ ਵਿਕਸਤ ਹੋਏ ਵਿਦੇਸ਼ਾਂ ਦੀ ਉਦਾਹਰਨ ਦਿੰਦਾ ਹੋਇਆ ਸੰਦੀਪ ਲਿਖਦਾ ਹੈ, ''ਬਾਹਰਲੇ ਦੇਸ਼ਾਂ ਵਿੱਚ ਕੋਈ ਨੀ ਪੁੱਛਦਾ ਕਿ ਵਿਆਹ ਕਰਾਉਣਾ ਕਿ ਨਹੀਂ। ਜਿਹੜਾ ਬੰਦਾ ਇਸ ਸਮਾਜ ਵਿੱਚ ਜੰਮਿਆ, ਉਹਦੀ ਨਿੱਜੀ ਜ਼ਿੰਦਗੀ ਏ, ਲੋਕਾਂ ਦੀ ਮੋਹਤਾਜ ਨੀਂ।''
ਪਛੜੇ ਜਾਗੀਰੂ ਸਮਾਜਾਂ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਵੀ ਆਪਣੀ ਜਾਗੀਰ ਹੀ ਸਮਝਦੇ ਹਨ। ਉਹ ਬੱਚਿਆਂ ਦੀ ਅੱਡਰੀ ਕਿਸੇ ਹੈਸੀਅਤ ਨੂੰ ਮਾਨਤਾ ਹੀ ਨਹੀਂ ਦਿੰਦੇ, ਬਲਕਿ ਉਹਨਾਂ ਦੀ ਹਸਤੀ ਨੂੰ ਰੋਲ਼ ਕੇ ਰੱਖ ਦਿੰਦੇ ਹਨ। ਅਜਿਹੇ ਮਾਪਿਆਂ ਦੀ ਗੁਲਾਮੀ ਨੂੰ ਰੱਦ ਕਰਦਾ ਹੋਇਆ ਸੰਦੀਪ ਸਵਾਲ ਉਠਾਉਂਦਾ ਹੈ, ''ਨਾਲੇ ਮਾਂ-ਪਿਓ ਵੀ ਸਮਝਣ ਇਹ ਗੱਲ- ਜਿਹੜਾ ਤੁਸੀਂ ਜੰਮਿਆ, ਧੀ ਹੋਵੇ ਜਾਂ ਪੁੱਤ ਉਹ ਥੋਡਾ ਗੁਲਾਮ ਨੀਂ, ਉਹਦੀ ਆਪਣੀ ਜ਼ਿੰਦਗੀ ਏ, ਇਹ ਸਮਾਜ ਵੀ ਆਪਣੇ ਢੰਗ ਦਾ ਜਿੰਮੇਵਾਰ ਏ ਅਜਿਹੀਆਂ ਘਟਨਾਵਾਂ ਵਾਸਤੇ। ਇੱਕ ਤਾਂ ਬੰਦੇ ਨੂੰ ਪਹਿਲਾਂ ਰੱਬ ਮਾਰ ਕੇ ਭੇਜਦਾ ਫਿਰ ਲੋਕੀਂ ਮਾਰਦੇ ਆ। ਇਹ ਕਿਹੜਾ ਤਰਕ ਹੋਇਆ ਲੋਕੋ ਥੋਡਾ।''
ਜਦੋਂ ਜਵਾਨੀ ਅੱਕੀ-ਸਤੀ ਹੋਵੇ ਤਾਂ ਉਹ ਕਿਹੋ ਜਿਹੇ ਖਤਰੇ ਸਹੇੜ ਸਕਦੀ ਹੈ ਅਤੇ ਇਹ ਖਤਰਨਾਕ ਕਿਉਂ ਹੁੰਦੀ ਹੈ, ਇਸ ਸਬੰਧੀ ''ਖਤਰਨਾਕ ਕਹਾਣੀ'' ਦੇ ਸਿਰਲੇਖ ਨਾਲ ਤੋੜਾ ਝਾੜਦਾ ਹੋਇਆ ਸੰਦੀਪ ਅਖੀਰ ਵਿੱਚ ਲਿਖਦਾ ਹੈ, ''ਉਹ ਜਵਾਨੀ ਬੜੀ ਖਤਰਨਾਕ ਹੁੰਦੀ ਏ, ਜੋ ਜੰਮਦੀ ਏ ਮਰੀਆਂ ਆਸਾਂ ਦੇ ਸੱਥਰ 'ਤੇ।''
ਜਿਹੜੀ ''ਜਵਾਨੀ'' ''ਜੰਮਦੀ ਏ ਮਰੀਆਂ ਆਸਾਂ ਦੇ ਸੱਥਰ 'ਤੇ'' ਉਹ ਬਹੁਤ ਹੀ ਖਤਰਨਾਕ ਹੋ ਸਕਦੀ ਹੈ। ਇਸ ਸਮਾਜ ਨੇ ਜਿੱਥੇ ਨੌਜਵਾਨਾਂ ਲਈ ਪੜ੍ਹਾਈ-ਲਿਖਾਈ, ਖੇਡਾਂ, ਰੁਜ਼ਗਾਰ ਅਤੇ ਜ਼ਿੰਦਗੀ ਨੂੰ ਅੱਗੇ ਵਧਣ ਦੇ ਮੌਕੇ ਖਤਮ ਕਰਕੇ ਨੌਜਵਾਨਾਂ ਦੀਆਂ ''ਆਸਾਂ ਦੇ ਸੱਥਰ'' ਵਿਛਾਏ ਹੋਏ ਹਨ, ਉੱਥੇ ਜੇਕਰ ਨੌਜਵਾਨਾਂ ਨੂੰ ਸਮਾਜ ਦੇ ਵਿਕਾਸ ਦੀ ਸਹੀ ਦਿਸ਼ਾ ਪ੍ਰਦਾਨ ਨਾ ਹੋਵੇ ਤਾਂ ਉਹ ਆਤਮ-ਘਾਤੀ ਰਾਹ ਚੁਣਦੇ ਹੋਏ ਆਪਣੇ ਨਾਲ ਆਪਣੇ ਪਿਆਰਿਆਂ ਨੂੰ ਵੀ ਲੈ ਬਹਿੰਦੇ ਹਨ। ਇਸ ਸਮਾਜ ਦੀ ਗੰਦੀ ਸੋਚ ਦੀ ਮਾਰ ਹੇਠ ਆਏ ਨੌਜਵਾਨਾਂ ਦੇ ਮਾਪੇ, ਭੈਣਾਂ-ਭਰਾ, ਮਿੱਤਰ-ਦੋਸਤ ਤੇ ਰਿਸ਼ਤੇਦਾਰ ਕਿਸੇ ਸਮੇਂ ਸਮਾਜ ਦੀ ਬੋਲੀ ਬੋਲ ਕੇ ਕਿਸੇ ਨਾਜ਼ੁਕ-ਕੋਮਲ ਹਿਰਦੇ ਨੂੰ ਵਲੂੰਧਰ ਧਰਦੇ ਹਨ, ਪਰ ਨੌਜਵਾਨਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਅਸਲ ਦੁੱਖ ਪਹੁੰਚਾਉਣ ਵਾਲੇ ਉਹਨਾਂ ਦੇ ਨਜ਼ਦੀਕੀ ਨਹੀਂ ਬਲਕਿ ਇਹ ਗੰਦਾ-ਭੈੜਾ, ਨੀਚ ਅਤੇ ਨਖਿੱਧ ਸਮਾਜ ਹੈ, ਜੋ ਸਭਨਾਂ ਹੀ ਕਿਰਤੀ-ਕਮਾਊ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਰਿਹਾ ਹੈ। ਲੋੜ ਇਸ ਸਮਾਜ ਨੂੰ ਮੂਲੋਂ-ਮੁੱਢੋਂ ਬਦਲਣ ਲਈ ਇਨਕਲਾਬੀ ਸੰਘਰਸ਼ਾਂ ਦੇ ਰਾਹ ਪੈਣ ਦੀ ਹੈ। ਆਪਣਿਆਂ ਨੂੰ ਹੀ ਮਾਰ ਕੇ ਆਪ ਮਰਨਾ ਇਸ ਭੈੜੇ ਸਮਾਜ ਨੂੰ ਤਕੜਿਆਂ ਕਰਨਾ ਹੈ। ਵਿਰੋਧਤਾਈਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਆਪਣੇ ਮਿੱਤਰਾਂ ਵਿਚਕਾਰ ਅਤੇ ਦੂਸਰੀਆਂ ਆਪਣੇ ਦੁਸ਼ਮਣਾਂ ਨਾਲ। ਆਪਣਿਆਂ ਵਿਚਲੀਆਂ ਵਿਰੋਧਤਾਈਆਂ ਨੂੰ ਦਲੀਲਾਂ ਨਾਲ ਹੱਲ ਕਰਨ ਦੇ ਰਾਹ ਪੈਣਾ ਚਾਹੀਦਾ ਹੈ, ਜਦੋਂ ਕਿ ਦੁਸ਼ਮਣਾਂ ਵਾਲੀਆਂ ਵਿਰੋਧਤਾਈਆਂ ਨੂੰ ਡਾਂਗਾਂ ਨਾਲ ਹੱਲ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਜਿਹੋ ਜਿਹੀਆਂ ਸਮੱਸਿਆਵਾਂ ਸੰਦੀਪ ਨੇ ਦਰਸਾਈਆਂ ਹਨ ਜਾਂ ਪਿਛਲੇ ਦਿਨੀਂ ਅਜਿਹੀਆਂ ਹੋਰ ਘਟਨਾਵਾਂ ਸਾਹਮਣੇ ਆਈਆਂ ਹਨ- ਇਹ ਸਭ ਇਸ ਪਛੜੇ ਅਰਧ-ਜਾਗੀਰੂ ਪ੍ਰਬੰਧ ਦੀਆਂ ਪੈਦਾ ਕੀਤੀਆਂ ਸਮੱਸਿਆਵਾਂ ਹਨ। ਇਹ ਓਨੀ ਦੇਰ ਤੱਕ ਸਭੇ ਹੀ ਸੰਵੇਦਨਸ਼ੀਲ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਦੀਆਂ ਰਹਿਣਗੀਆਂ ਜਦੋਂ ਤੱਕ ਇਸ ਜਾਗੀਰੂ ਸਮਾਜ ਨੂੰ ਮੂਲੋਂ ਨਹੀਂ ਬਦਲਿਆਂ ਜਾਂਦਾ। ਇਸ ਨੂੰ ਬਦਲਣ ਦਾ ਰਸਤਾ ਆਪਾ-ਘਾਤੀ ਹੋਣਾ ਨਹੀਂ ਬਲਕਿ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਅਤੇ ਊਧਮ ਸਿੰਘ ਸੁਨਾਮ ਵਿਖਾਇਆ ਰਸਤਾ ਹੈ ਜਿਸ 'ਤੇ ਚੱਲਦੇ ਹੋਏ ਜ਼ਾਲਮ ਢਾਂਚੇ ਦੇ ਚਾਲਕਾਂ ਨੂੰ ਮੂਲੋਂ-ਮੁੱਢੋਂ ਖਤਮ ਕੀਤਾ ਜਾ ਸਕਦਾ ਹੈ ਜਾਂ ਫੇਰ ਜੇਕਰ ਅੱਜ ਪ੍ਰੇਰਨਾ ਲੈਣੀ ਹੋਵੇ ਇਹ ਪ੍ਰੇਰਨਾ ਜੰਮੂ-ਕਸ਼ਮੀਰ ਦੇ ਆਪਣੀ ਆਜ਼ਾਦੀ ਲਈ ਜੂਝਦੇ ਨੌਜਵਾਨਾਂ ਕੋਲੋਂ ਲਈ ਜਾ ਸਕਦੀ ਹੈ ਜਾਂ ਫੇਰ ਮੱਧ ਭਾਰਤ ਵਿੱਚ ਆਪਣੀ ਹੋਣੀ ਨੂੰ ਆਪਣੇ ਹੱਥਾਂ ਵਿੱਚ ਕਰਨ ਲਈ ਜੂਝ ਰਹੇ ਕ੍ਰਾਂਤੀਕਾਰੀਆਂ ਕੋਲੋਂ ਹਾਸਲ ਕੀਤੀ ਜਾ ਸਕਦੀ ਹੈ।