Friday, 3 May 2019

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਜ਼ਿਲ੍ਹਾ ਮੋਗਾ ਦੀਆਂ ਸਰਗਰਮੀਆਂ

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਜ਼ਿਲ੍ਹਾ ਮੋਗਾ ਦੀਆਂ ਸਰਗਰਮੀਆਂ
ਸਾਮਰਾਜ ਵੱਲੋਂ ਠੋਸੀਆਂ ਗਈਆਂ ਅਤੇ ਆਪਣੇ ਦਲਾਲਾਂ ਭਾਰਤੀ ਹੁਕਮਰਾਨਾਂ ਦੁਆਰਾ ਲਾਗੂ ਕਰਵਾਈਆਂ ਗਈਆਂ ਨਿੱਜੀਕਰਨ, ਵਿਸ਼ਵੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਕਾਰਨ ਇਲਾਜ, ਵਿਦਿਆ ਅਤੇ ਸਮਾਜਿਕ ਸੁਰੱਖਿਆ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਈ ਪਈ ਹੈ। ਸਰਕਾਰੀ ਨੀਤੀਆਂ ਕਾਰਨ ਸਰਕਾਰੀ ਵਿਦਿਆ ਪ੍ਰਣਾਲੀ ਆਮ ਕਿਰਤੀ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਦੀਵਾਲੀਆ ਸਾਬਤ ਹੋ ਚੁੱਕੀ ਹੈ। ਵਿਦਿਆ ਦੇ ਨਿੱਜੀਕਰਨ ਕਰਕੇ ਵੱਡੀਆਂ ਵੱਡੀਆਂ ਵਿਦਿਅਕ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ, ਜਿਹੜੀਆਂ ਮਾਪਿਆਂ ਦੀ ਕਮਾਈ ਹੜੱਪਣ ਦਾ ਸਾਧਨ ਬਣ ਚੁੱਕੀਆਂ ਹਨ। ਤਰ੍ਹਾਂ ਤਰ੍ਹਾਂ ਦੇ ਫੰਡ, ਟਿਊਸ਼ਨ ਫੀਸਾਂ ਮਨਮਰਜੀ ਨਾਲ ਵਧਾ ਦਿੱਤੇ ਜਾਂਦੇ ਹਨ। ਜਿਸ ਕਰਕੇ ਮੱਧ ਵਰਗ ਵੀ ਧਰਨੇ ਮੁਜਾਹਰੇ ਕਰਨ ਲਈ ਮਜਬੂਰ ਹੈ। ਇਹ ਸਕੂਲ ਮਾਪਿਆਂ ਦੀਆਂ ਜੇਬਾਂ 'ਤੇ ਡਾਕੇ ਹੀ ਨਹੀਂ ਮਾਰਦੇ, ਸਗੋਂ ਇਹਨਾਂ ਸਕੂਲਾਂ ਵਿੱਚ ਪੜ੍ਹਾਉਂਦੇ ਅਧਿਆਪਕਾਂ, ਬੱਸਾਂ ਦੇ ਡਰਾਈਵਰ ਕੰਡਕਟਰਾਂ, ਸੇਵਾਦਾਰਾਂ ਅਤੇ ਹੋਰ ਸਟਾਫ ਨੂੰ ਬਿਲਕੁੱਲ ਨਿਗੂਣੀਆਂ ਤਨਖਾਹਾਂ ਦੇ ਕੇ ਉਹਨਾਂ ਦੀ ਲੁੱਟ ਵੀ ਕਰਦੇ ਹਨ। ਇਹਨਾਂ ਸਕੂਲਾਂ ਨੂੰ ਸਥਾਨਕ ਪ੍ਰਸਾਸ਼ਨ ਦੀ ਪੂਰੀ ਸੂਰੀ ਹਮਾਇਤ ਹਾਸਲ ਹੁੰਦੀ ਹੈ, ਕਿਉਂਕਿ ਲੁੱਟ ਵਿੱਚੋਂ ਇੱਕ ਅੱਧੀ ਬੁਰਕੀ ਪ੍ਰਸਾਸ਼ਨ ਨੂੰ ਵੀ ਸੁੱਟੇ ਹਨ। ਜਿਹੜਾ ਵੀ ਕੋਈ ਜਾਗਦੀ ਜਮੀਰ ਵਾਲਾ ਕਰਮਚਾਰੀ ਇਸ ਲੁੱਟ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਇਹ ਸਕੂਲ ਬਿਨਾ ਦੇਰੀ ਤੋਂ ਬਗੈਰ ਕਿਸੇ ਨੋਟਿਸ ਤੋਂ ਲੇਬਰ ਕਾਨੂੰਨਾਂ ਦੀ ਪ੍ਰਵਾਹ ਕੀਤੇ ਬਿਨਾ ਉਸ ਨੂੰ ਨੌਕਰੀ ਤੋਂ ਛੁੱਟੀ ਦੇ ਦਿੰਦੇ ਹਨ, ਅਜਿਹਾ ਹੀ ਇੱਕ ਕੇਸ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਜ਼ਿਲ੍ਹਾ ਮੋਗਾ ਪਾਸ ਆਇਆ। ਮੋਗਾ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ 'ਤੇ ਮੋਗਾ-ਜਲੰਧਰ ਰੋਡ 'ਤੇ ਸਥਿਤ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਮੋਗੇ ਦਾ ਪ੍ਰਸਿੱਧ ਪੱਥਰ ਵਪਾਰੀ ਫਕੀਰ ਚੰਦ ਦੇ ਪਰਿਵਾਰ ਵਾਲਿਆਂ ਨੇ ਇੱਕ ਸਕੂਲ ਖੋਲ੍ਹਿਆ ਹੋਇਆ ਹੈ, ਜਿਸ ਦਾ ਨਾਮ ਵੀ ਉਸ ਡਾਕੂ ਦੇ ਨਾਂ 'ਤੇ ਹੀ ਰੱਖਿਆ ਹੋਇਆ ਹੈ ਸ੍ਰੀ ਫਕੀਰ ਚੰਦ (ਐਸ.ਐਫ.ਸੀ.) ਸਕੂਲ। ਇਸ ਸਕੂਲ ਵਿੱਚ ਕਰੀਬ ਤਿੰਨ ਚਾਰ ਸਾਲ ਤੋਂ ਬੱਸ ਡਰਾਇਵਰ ਦੇ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦਾ ਬਲਾਕ ਧਰਮਕੋਟ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਫੌਜੀ ਨੌਕਰੀ ਕਰਦਾ ਆ ਰਿਹਾ ਹੈ। ਫੌਜੀ ਨੇ ਸਕੂਲ ਪ੍ਰਬੰਧਕਾਂ ਨਾਲ ਡੈਪੂਟੇਸ਼ਨ ਲੈ ਕੇ ਗੱਲਬਾਤ ਕੀਤੀ ਕਿ ਸਾਡੀਆਂ ਤਨਖਾਹਾਂ ਲੇਬਰ ਰੂਲਾਂ ਅਨੁਸਾਰ ਵਧਾਓ। ਉਹਨਾਂ ਤਨਖਾਹ ਤਾਂ ਕੀ ਵਧਾਉਣੀ ਸੀ, ਸਗੋਂ ਬਗੈਰ ਨੋਟਿਸ ਦਿੱਤੇ ਫੌਜੀ ਸਮੇਤ 6 ਡਰਾਇਵਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਜਦੋਂ ਭਾਰਤੀ ਕਾਸਨ ਯੂਨੀਅਨ ਕ੍ਰਾਂਤੀਕਾਰੀ ਦੀ ਟੀਮ ਨੂੰ ਪਤਾ ਲੱਗਾ ਤਾਂ ਉਹਨਾਂ ਪ੍ਰਬੰਧਕਾਂ ਨਾਲ ਗੱਲਬਾਤ ਕਰਨੀ ਚਾਹੀ। ਪਰ ਪ੍ਰਬੰਧਕ ਹਰਾਮ ਦੀ ਕਮਾਈ ਕਰ ਕਰ ਕੇ ਐਨਾ ਘੁਮੰਡੀ ਤੇ ਹੰਕਾਰੀ ਹੋ ਚੁੱਕੇ ਹਨ ਕਿ ਉਹਨਾਂ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਆਗੂਆਂ ਨੇ ਤੁਰੰਤ ਲੇਬਰ ਇਨਸਪੈਕਟਰ ਪਾਸ ਦਰਖਾਸਤਾਂ ਦਿੱਤੀਆਂ।
ਲੇਬਰ ਇੰਸਪੈਕਟਰ ਨੇ ਤਿੰਨ ਚਾਰ ਤਾਰੀਕਾਂ ਪਾਈਆਂ ਪਰ ਕਿਸੇ ਵੀ ਤਾਰੀਕ 'ਤੇ ਸਕੂਲ ਪ੍ਰਬੰਧਕ ਹਾਜ਼ਰ ਨਹੀਂ ਹੋਏ, ਸਿਰਫ ਇੱਕ ਤਾਰੀਕ ਨੂੰ ਛੱਡ ਕੇ। ਲੇਬਰ ਇਨਸਪੈਕਟਰ ਕਿਸੇ ਉੱਪਰਲੇ ਦਬਾਓ ਜਾਂ ਨੋਟਾਂ ਦੀ ਚਮਕ ਕਰਕੇ ਕੋਈ ਠੋਸ ਕਾਰਵਾਈ ਨਹੀਂ ਸੀ ਕਰ ਰਿਹਾ।
ਜਦੋਂ ਲੇਬਰ ਮਹਿਕਮੇ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਏ.ਡੀ.ਸੀ. ਮੋਗਾ ਸ੍ਰੀਮਤੀ ਅਨੀਤਾ ਦਰਸੀ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਗਿਆ। ਉਸਨੇ ਵਾਅਦਾ ਕੀਤਾ ਕਿ ਮੈਂ ਇੱਕ ਦੋ ਦਿਨਾਂ ਵਿੱਚ ਮਸਲਾ ਹੱਲ ਕਰਵਾ ਦਿਆਂਗੀ। ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਇੱਕ ਡੈਪੂਟੇਸ਼ਨ ਦੁਬਾਰਾ ਫਿਰ 28 ਮਾਰਚ ਨੂੰ ਮਿਲਿਆ ਤਾਂ ਉਹਨਾਂ ਕਿਹਾ ਕਿ ਮੈਂ ਅਸਮਰੱਥ ਹਾਂ। ਅਸਿੱਧੇ ਰੂਪ ਵਿੱਚ ਉਹਨਾਂ ਕਿਹਾ ਕਿ ਮੇਰੇ 'ਤੇ ਉੱਪਰੋਂ ਦਬਾਅ ਹੈ। ਅੰਤ ਮਜਬੂਰ ਹੋ ਕੇ ਬੀ.ਕੇ.ਯੂ. ਕ੍ਰਾਂਤੀਕਾਰੀ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਵੱਲੋਂ ਡੀ.ਸੀ. ਮੋਗਾ ਦੇ ਦਫਤਰ ਮੂਹਰੇ 4 ਅਪ੍ਰੈਲ ਨੂੰ ਇੱਕ ਵਿਸ਼ਾਲ ਧਰਨਾ ਲਾਇਆ ਗਿਆ। ਜਿਸ ਵਿੱਚ ਮੁੱਖ ਮੰਗ ਇਸ ਸਕੂਲ ਨਾਲ ਸਬੰਧਤ ਸੀ ਅਤੇ ਦੂਸਰੀ ਅਹਿਮ ਮੰਗ ਸੀ ਧਰਮਕੋਟ ਏਰੀਏ ਵਿੱਚ ਵਿਧਾਇਕ ਵੱਲੋਂ ਕੀਤੀ ਜਾ ਰਹੀ ਰੇਤਾ ਦੀ ਨਜਾਇਜ਼ ਮਾਈਨਿੰਗ ਅਤੇ ਕੁੱਝ ਆੜ੍ਹਤੀਆਂ ਵੱਲੋਂ ਕਾਸਨਾਂ ਦੀ ਲੁੱਟ ਸਬੰਧੀ ਸੀ। ਧਰਨੇ ਉਪਰੰਤ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਜਿਹਨਾਂ ਭਰੋਸਾ ਦੁਆਇਆ ਕਿ 8 ਅਪ੍ਰੈਲ ਤੱਕ ਸਾਰੇ ਮਾਮਲਿਆਂ ਸਬੰਧੀ ਪੜਤਾਲ ਕਰਵਾ ਕੇ ਮਸਲਿਆਂ ਦਾ ਹੱਲ ਕਰਵਾਉਣ ਦਾ ਯਤਨ ਕਰਾਂਗੇ। ਪ੍ਰੰਤੂ ਲੱਗਦਾ ਹੈ ਕਿ ਏ.ਡੀ.ਸੀ. ਉੱਪਰ ਜੋ ਦਬਾਅ ਪਿਆ ਸੀ ਅਖੀਰ ਉਸਦਾ ਦਬਾਅ ਡੀ.ਸੀ. ਤੱਕ ਵੀ ਗਿਆ। ਅਖੀਰ ਬੀ.ਕੇ.ਯੂ. ਕ੍ਰਾਂਤੀਕਾਰੀ ਦੀ ਲੀਡਰਸ਼ਿੱਪ ਖੁਦ ਡੈਪੂਟੇਸ਼ਨ ਲੈ ਕੇ ਡੀ.ਸੀ. ਨੂੰ ਮਿਲਣ ਆਈ। ਡੀ.ਸੀ. ਦਫਤਰ ਵਿੱਚ ਨਾ ਹੋਣ ਕਰਕੇ ਉਹਨਾਂ ਫੋਨ 'ਤੇ ਗੱਲ ਕਰਨੀ ਚਾਹੀਦ ਪਰ ਉਹਨਾਂ ਫੋਨ ਨਹੀਂ ਉਠਾਇਆ। ਅੰਤ ਆਗੂਆਂ ਨੇ ਫੈਸਲਾ ਕਰਕੇ ਐਸ.ਐਫ.ਸੀ. ਸਕੂਲ ਮੂਹਰੇ ਧਰਨਾ ਦੇਣਾ ਦਾ ਐਲਾਨ ਕਰ ਦਿੱਤਾ। 
ਪਹਿਲਾਂ ਕੀਤੇ ਐਲਾਨ ਮੁਤਾਬਕ ਬੀ.ਕੇ.ਯੂ. ਕਰਾਂਤੀਕਾਰੀ ਦੀ ਅਗਵਾਈ ਹੇਠ ਐਸ.ਐਫ.ਸੀ. ਸਕੂਲ ਮੂਹਰੇ ਮਿਤੀ 15 ਅਪ੍ਰੈਲ ਤੋਂ 18 ਅਪਰੈਲ ਤੱਕ ਸ਼ਾਂਤਮਈ ਧਰਨਾ ਮਾਰਿਆ ਗਿਆ। ਰੋਜ਼ਾਨਾ ਨਾਹਰੇ ਲਾਏ ਜਾਂਦੇ ਰਹੇ ਅਤੇ ਭਾਸ਼ਣ ਹੁੰਦੇ ਰਹੇ ਪਰ ਸਕੂਲ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਦੇ ਕੰਨ 'ਤੇ ਕੋਈ ਜੂੰ ਤੱਕ ਨਹੀਂ ਸਕੀ। 
ਇਸ ਉਪਰੰਤ 18 ਅਪ੍ਰੈਲ ਨੂੰ ਬੱਚਿਆਂ ਨੂੰ ਘਰੋ-ਘਰੀਂ ਚਲੇ ਜਾਣ ਪਿੱਛੋਂ ਸਕੂਲ ਮਾਲਕ ਦਾ ਗੇਟ ਘੇਰ ਕੇ ਘੇਰਾਓ ਕਰ ਲਿਆ ਗਿਆ ਅਤੇ ਸਕੂਲ ਮੁਹਰੇ ਲੰਘਦੀ ਮੋਗਾ-ਜਲੰਧਰ ਹਾਈਵੇ ਦਾ ਵੀ ਇੱਕ ਪਾਸਾ ਘੇਰ ਲਿਆ ਗਿਆ। ਇਸ ਤਿੱਖੇ ਐਕਸ਼ਨ ਨੇ ਸਕੂਲ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਤੁਰੰਤ ਹਰਕਤ ਵਿੱਚ  ਲਿਆਂਦਾ। ਤਹਿਸੀਲਦਾਰ ਧਰਮਕੋਟ ਅਤੇ ਡੀ.ਐਸ.ਪੀ. ਧਰਮਕੋਟ ਤੋਂ ਇਲਾਵਾ ਪੁਲਸ ਦੇ ਉੱਚ ਅਧਿਕਾਰੀ ਵੀ ਪ੍ਰਗਟ ਹੋ ਗਏ। ਬੀ.ਕੇ.ਯੂ. ਕਰਾਂਤੀਕਾਰੀ ਦੇ ਆਗੂਆਂ ਅਤੇ ਸਕੂਲ ਪ੍ਰਬੰਧਕਾਂ ਵਿਚਕਾਰ ਸੁਲਾਹ-ਸਫਾਈ ਕਰਵਾਉਣ ਲਈ ਸਰਗਰਮ ਹੋ ਗਏ। ਅਖੀਰ ਇਸ ਗੱਲ 'ਤੇ ਸਹਿਮਤੀ ਹੋਈ ਕਿ 23 ਅਪ੍ਰੈਲ ਨੂੰ ਉਪ ਮੰਡਲ ਮੈਜਿਸਟਰੇਟ ਧਰਮਕੋਟ ਦੇ ਦਫਤਰ ਵਿਖੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਕੋਈ ਫੈਸਲਾ ਲਿਆ ਜਾਵੇਗਾ। 
23 ਅਪ੍ਰੈਲ ਦੀ ਮੀਟਿੰਗ ਬੇਸਿੱਟਾ ਰਹੀ- ਅਖੀਰ 23 ਅਪ੍ਰੈਲ ਨੂੰ ਜਥੇਬੰਦੀ ਦੇ ਆਗੂ ਮਿਥੇ ਸਮੇਂ 11 ਵਜੇ ਮੁਤਾਬਕ ਐਸ.ਡੀ.ਐਮ. ਦਫਤਰ ਪਹੁੰਚੇ ਤਾਂ ਪਤਾ ਲੱਗਾ ਕਿ ਉਹ ਦਫਤਰ ਤੋਂ ਬਾਹਰ ਹਨ। ਨਾਇਬ ਤਹਿਸੀਲਦਾਰ ਨਾਲ ਗੱਲ ਕੀਤੀ ਤਾਂ ਉਹਨਾਂ ਸਾਢੇ ਬਾਰਾਂ ਵਜੇ ਮਾਟਿੰਗ ਕਰਵਾਉਣ ਦਾ ਸਮਾਂ ਦਿੱਤਾ ਅਤੇ ਕਿਹਾ ਕਿ ਇਸ ਮੀਟਿੰਗ ਵਿੱਚ ਲੇਬਰ ਇੰਸਪੈਕਟਰ ਸਕੂਲ ਪ੍ਰਬੰਧਕਾਂ ਨੂੰ ਲੈ ਕੇ ਆਵੇਗਾ। ਜਦੋਂ ਮਿਟੰਗ ਸ਼ੁਰੂ ਹੋਈ ਤਾਂ ਤਹਿਸੀਲਦਾਰ ਨੇ ਰਸਮੀ ਜਿਹਾ ਸਕੂਲ ਪ੍ਰਬੰਧਕਾਂ ਨੂੰ ਪੁੱਛਿਆ ਕਿ ਤੁਸੀਂ ਡਿਸਮਿਸ ਕੀਤੇ ਡਰਾਈਵਰਾਂ ਨੂੰ ਤੁਬਾਰਾ ਨੌਕਰੀ 'ਤੇ ਰੱਖਣ ਲਈ ਤਿਆਰ ਹੋ ਕਿ ਨਹੀਂ? ਤਾਂ ਸਕੂਲ ਪ੍ਰਬੰਧਕਾਂ ਨੇ ਤਹਿਸੀਲਦਾਰ ਨੂੰ ਅੰਗੂਠਾ  ਵਿਖਾਉਂਦਿਆਂ ਕਿਹਾ ਕਿ ਅਸੀਂ ਨਹੀਂ ਰੱਖਣੇ ਕਰਮਚਾਰੀ ਤਾਂ ਤਹਿਸੀਲਦਾਰ ਜਥੇਬੰਦੀ ਨੂੰ ਕਹਿੰਦਾ ਮੈਂ ਕੁੱਝ ਨਹੀਂ ਕਰ ਸਕਦਾ। ਲੱਗਦਾ ਹੈ ਜ਼ਿਲ੍ਹਾ ਪ੍ਰਸਾਸ਼ਨ ਤੇ ਸਕੂਲ ਪ੍ਰਬੰਧਕ ਬੀ.ਕੇ.ਯੂ. ਕਰਾਂਤੀਕਾਰੀ ਦਾ ਇੱਕ ਹੋਰ ਇਮਤਿਹਾਨ ਲੈਣਾ ਚਾਹੁੰਦੇ ਹਨ ਜਿਸ ਵਾਸਤੇ ਜਥੇਬੰਦੀ ਤਿਆਰ ਹੈ ਅਤੇ ਜਥੇਬੰਦੀ ਨੇ ਉੱਥੋਂ ਹੀ ਐਲਾਨ ਕਰ ਦਿੱਤਾ ਸੀ ਕਿ ਸੰਘਰਸ਼ ਓਨਾ ਚਿਰ ਜਾਰੀ ਰੱਖਿਆ ਜਾਵੇਗਾ ਜਿੰਨਾ ਚਿਰ ਸਾਰੀਆਂ ਮੰਗਾਂ ਇੰਨ-ਬਿੰਨ ਲਾਗੂ ਨਹੀਂ ਹੁੰਦੀਆਂ। 
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਤਰਫ ਮੁਲਾਜ਼ਮਾਂ ਦਾ ਘੋਲ ਜੇਤੂ ਹੋ ਨਿੱਬੜਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ 31 ਮਾਰਚ 2018 ਨੂੰ 523 ਮੁਲਾਜ਼ਮ ਨੌਕਰੀ ਤੋਂ ਬਰਖਾਸਤ ਕਰ ਦਿੱਤੇ ਸਨ। ਇਹਨਾਂ ਮੁਲਾਜ਼ਮਾਂ ਵਿੱਚ ਸਫਾਈ ਸੇਵਕ ਬੀਬੀਆਂ ਤੋਂ ਇਲਾਵਾ ਦਫਤਰੀ ਕਰਮਚਾਰੀ ਸਨ। ਇਹ ਬਰਖਸਾਤਗੀ ਕਮੇਟੀ ਦੇ ਪ੍ਰਧਾਨ ਨੇ ਇਹ ਕਹਿ ਕੇ ਕੀਤੀਆਂ ਕਿ ਰੱਖਣ (ਭਰਤੀ ਕਰਨ) ਸਮੇਂ ਬੇਨਿਯਮੀਆਂ ਹੋਈਆਂ ਸਨ। ਅਸਲ ਗੱਲ ਇਹ ਸੀ ਕਿ ਪੁਰਾਣੇ ਪ੍ਰਧਾਨ ਦੇ ਰੱਖੇ ਮੁਲਾਜ਼ਮ ਕੱਢ ਕੇ ਆਪਣੇ ਖਾਸ ਬੰਦੇ ਭਰਤੀ ਕਰਨਾ ਚਾਹੁੰਦਾ ਸੀ- ਨਵਾਂ ਪ੍ਰਧਾਨ। 
ਬਰਤਰਫ ਮੁਲਾਜ਼ਮਾਂ ਨੇ ਸੰਘਰਸ਼ ਕਮੇਟੀ ਬਣਾ ਕੇ ਸੰਘਰਸ਼ ਦਾ ਰਾਹ ਚੁਣ ਲਿਆ। ਧਰਨੇ ਲਾਏ ਗਏ। ਹਾਈਕੋਰਟ ਤੱਕ ਕਾਨੂੰਨੀ ਚਾਰਾਜੋਈ ਵੀ ਕੀਤੀ ਗਈ। ਘੋਲ ਹੌਲੀ ਹੌਲੀ ਧੁਖਦਾ ਗਿਆ। ਮਾਰਚ ਦੇ ਅਖੀਰੀ ਹਫਤੇ 2-2 ਸਾਥੀ ਭੁੱਖ ਹੜਤਾਲ 'ਤੇ ਬੈਠੇ ਰਹੇ ਸਨ ਅਤੇ ਬਾਕੀ ਸਮੂਹਿਕ ਧਰਨੇ 'ਤੇ। ਇਹ ਧਰਨਾ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ (ਲੰਗਰ ਹਾਲ) ਦੇ ਨੇੜੇ ਲੱਗਿਆ ਸੀ। ਇਸ ਲਈ ਨਾਹਰੇ ਤੇ ਭਾਸ਼ਣ (ਧਾਰਮਿਕ ਮਰਿਆਦਾ ਕਰਕੇ) ਬੰਦ ਸਨ। ਪੱਤਰਕਾਰ ਟੀ.ਵੀ. ਵਾਸਤੇ ਜਾਣਕਾਰੀ ਵਗੈਰਾ ਲੈ ਕੇ ਪ੍ਰਚਾਰ-ਪ੍ਰਾਪੇਗੰਡੇ ਵਿੱਚ ਮੱਦਦ ਕਰਦੇ ਸਨ। ਹਰਿਆਣਾ ਨਾਲ ਸੰਬਧਤ 2 ਸ਼੍ਰੋਮਣੀ ਕਮੇਟੀ ਦੇ ਮੈਂਬਰ ਖੁੱਲ੍ਹ ਕੇ ਮੱਦਦ ਕਰ ਰਹੇ ਸਨ। 30 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸਿੱਖਾਂ ਦੀ ਮਿੰਨੀ ਪਾਰਲੀਮੈਂਟ) ਦਾ ਕਰੋੜਾਂ ਦਾ ਬੱਜਟ ਪਾਸ ਹੋ ਰਿਹਾ ਸੀ। 2 ਕੁ ਮੈਂਬਰ ਬਰਤਰਫ ਮੁਲਾਜ਼ਮਾਂ ਦੇ ਪੱਖ ਵਿੱਚ ਬੋਲਣਾ ਚਾਹੁੰਦੇ ਸਨ- ਪਰ ਬੋਲਣ ਨਹੀਂ ਦਿੱਤੇ ਗਏ। 30 ਮਾਰਚ ਨੂੰ ਲੋਕ ਸੰਗਰਾਮ ਮੰਚ (ਪੰਜਾਬ), ਬੀ.ਕੇ.ਯੂ. (ਕ੍ਰਾਂਤੀਕਾਰੀ) ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਆਗੂ ਵੀ ਹਮਾਇਤ ਲਈ ਆਏ ਸਨ। ਕਿਸਾਨ ਯੂਨੀਅਨਾਂ ਅਤੇ ਮੰਚ ਵਾਲੇ ਆਪੋ ਆਪਣੇ ਰੱਖੇ ਸਮਾਗਮ/ਧਰਨਿਆਂ ਵਿੱਚ ਮਤੇ ਪਾਉਂਦੇ ਅਤੇ ਅਖਬਾਰਾਂ ਵਿੱਚ ਹਮਾਇਤੀ ਬਿਆਨ ਦਿੰਦੇ ਰਹੇ। 
ਬਰਤਰਫ ਮੁਲਾਜ਼ਮਾਂ ਦੀ ਸੰਘਰਸ਼ ਕਮੇਟੀ ਲੜੀਵਾਰ ਭੁੱਖ ਹੜਤਾਲ ਤੋਂ ਬਾਅਦ ਮਰਨ ਵਰਤ 'ਤੇ ਬੈਠਣ ਦੀਆਂ ਤਿਆਰੀਆਂ ਕਰ ਰਹੇ ਸਨ। ਇੱਕ ਬਰਤਰਫ ਮੁਲਾਜ਼ਮਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਘਲ ਲਈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਘਟਨਾ ਨਾਲ ਬਰਤਰਫ ਮੁਲਾਜ਼ਮਾਂ ਦੇ ਗੁੱਸੇ ਅਤੇ ਰੋਹ ਵਿੱਚ ਵਾਧਾ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਇਸ ਘਟਨਾ ਅਤੇ ਰੋਹ ਦਾ ਦਬਾਅ ਪੈ ਗਿਆ। ਅੰਤ ਬਰਤਰਫ ਮੁਲਾਜ਼ਮ ਬਹਾਲ ਕਰਨੇ ਪਏ। 11 ਅਪ੍ਰੈਲ ਨੂੰ ਸਾਰੇ ਮੁਲਾਜ਼ਮਾਂ ਇੱਕ ਸਾਲ 10 ਦਿਨ ਪਿੱਛੋਂ ਮੁੜ ਡਿਊਟੀਆਂ 'ਤੇ ਚਾੜ੍ਹੇ ਗਏ। ਇਹ ਲੰਬੇ ਅਤੇ ਦ੍ਰਿੜ੍ਹ ਘੋਲ ਦੀ ਜਿੱਤ ਹੈ। 

ਬਟਾਲਾ ਵਿਖੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਾਹਿਤਕ ਗੋਸ਼ਟੀ
28 ਅਪ੍ਰੈਲ ਨੂੰ ਬਟਾਲਾ ਵਿਖੇ ਅਜੋਗੇ ਸਮੇਂ ਅੰਦਰ ਸਾਜਿਸ਼ੀ ਨੀਤੀਆਂ ਤਹਿਤ ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ ਤੇ ਮਾਤ ਭਾਸ਼ਾ ਵਿੱਚ ਮੁੱਢਲੀ ਸਿੱਖਿਆ ਗ੍ਰਹਿਣ ਕਰਵਾਉਣ ਦੀ ਕੇਂਦਰੀ ਵਿਦਿਆਲਿਆਂ ਵੱਲੋਂ ਆਪਣੇ ਅਧਿਕਾਰ ਹੇਠਲੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਇੱਕ ਵਾਧੂ ਵਿਸ਼ੇ ਵਜੋਂ ਹੀ ਪੜ੍ਹਾਏ ਜਾਣ ਦੇ ਮੰਦਭਾਗੇ ਫੈਸਲੇ ਦੇ ਖਿਲਾਫ ਪੰਜਾਬ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਦੀ ਜ਼ਿਲ੍ਹਾ ਇਕਾਈ ਗੁਰਦਾਸਪੁਰ ਵੱਲੋਂ ''ਵਿਚਾਰ ਗੋਸ਼ਟੀ'' ਸ਼ਿਵ ਕੁਮਾਰ ਬਟਾਲਵੀ ਸਭਿਆਚਾਰਕ ਕੇਂਦਰ ਬਟਾਲਾ ਵਿਖੇ ਕਰਵਾਈ ਗਈ, ਜਿਸ ਵਿੱਚ ਪੁੱਜੇਵੱਖ ਵੱਖ ਬੁਲਾਰਿਆਂ ਨੇ ਕੇਂਦਰੀ ਵਿਦਿਆਲਿਆ ਵੱਲੋਂ ਪੰਜਾਬ ਅੰਦਰ ਆਪਣੇ ਸਕੂਲਾਂ ਅੰਦਰ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਨਾ ਦੇਣ ਸਮੇਤ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਦੀ ਥਾਂ ਅੰਗਰੇਜ਼ੀ ਤੇ ਹਿੰਦੀ ਵਿੱਚ ਕੰਮਕਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਦੇਸ਼ ਦੇ ਹੋਰਨਾਂ ਸੂਬਿਆਂ ਦੀ ਤਰ੍ਹਾਂ ਪੰਜਾਬ ਅੰਦਰ ਵੀ ਮੁੱਢਲੀ ਸਿੱਖਿਆ ਮਾਤ ਭਾਸ਼ਾ ਪੰਜਾਬੀ ਵਿੱਚ ਦੇਣ ਦੇ ਨਾਲ ਨਾਲ ਸਰਕਾਰੀ ਦਫਤਰਾਂ ਦਾ ਲਿਖਤੀ ਕੰਮਕਾਜ ਵੀ ਮਾਂ ਬੋਲੀ ਪੰਜਾਬੀ ਵਿੱਚ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਸੰਪੂਰਨ ਤੇ ਅਮੀਰ ਵਿਰਸੇ ਅਤੇ ਗੁਰੂਆਂ-ਪੀਰਾਂ ਵੱਲੋਂ ਸਤਿਕਾਰੀ ਭਾਸ਼ਾ ਹੈ। ਇਸ ਦੀ ਹੋਂਦ ਨੂੰ ਢਾਹ ਲਗਾਉਣ ਦੀਆਂ ਕੋਝੀਆਂ ਸਾਜਿਸ਼ਾਂ ਨੂੰ ਮਾਂ ਬੋਲੀ ਪੰਜਾਬ ਦੇ ਚੇਤਨ ਤੇਸੁਹਿਰਦ ਸਪੂਤ ਕਦਾਚਿਤ ਸਫਲ ਹੋਣ ਨਹੀਂ ਦੇਣਗੇ। ਇੱਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪੰਜਾਬੀ ਭਾਸ਼ਾ ਦੇ ਚੰਗੇਰੇ ਭਵਿੱਖ ਤੇ ਪੰਜਾਬ ਅੰਦਰ ਬਣਦਾ ਸਥਾਨ ਦਿਵਾਏ ਜਾਣ ਲਈ ਆਪੋ ਆਪਣੇ ਵਿਚਾਰ ਪ੍ਰਗਟ ਕਰਨ ਉਪਰੰਤ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਐਕਟ-2008 ਨੂੰ ਸਰਕਾਰ ਸਖਤੀ ਨਾਲ ਲਾਗੂ ਕਰੇ ਅਤੇ ਭਾਸ਼ਾ ਵਿਭਾਗ ਪੰਜਾਬ ਸੂਬੇ ਦੇ ਦਫਤਰਾਂ ਵਿੱਚ ਕੰਮਕਾਜ ਮਾਤ ਭਾਸ਼ਾ ਪੰਜਾਬੀ ਵਿੱਚ ਹੀ ਕਰਨ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਾ. ਰਵਿੰਦਰ ਸਿੰਘ ਬਟਾਲਾ, ਡਾ. ਗੁਰਿੰਦਰਪਾਲ ਸਿੰਘ ਸਾਹਬੀ, ਡਾ. ਮਹਿੰਦਰ ਸਿੰਘ ਸੇਖੋਂ ਲੁਧਿਆਣਾ, ਡਾ. ਗੁਰਇਕਬਾਲ ਸਿੰਘ ਕਾਹਲੋਂ. ਡਾ. ਅਨੂਪ ਸਿੰਘ ਬਟਾਲਾ, ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ, ਡਾ. ਸਾਹਿਬ ਸਿੰਘ ਵਿਠਵਾਂ, ਡਾ.ਅਸ਼ੋਕ ਭਾਰਤੀ ਸਮੇਤ ਅਨੇਕਾਂ ਸਖਸ਼ੀਅਤਾਂ ਹਾਜ਼ਰ ਸਨ। 

ਜੱਲ੍ਹਿਆਂ ਵਾਲੇ ਨੂੰ ਸ਼ਰਧਾਂਜਲੀ

ਪ੍ਰਸਿੱਧ ਉਰਦੂ ਸ਼ਾਇਰ ਮੁਹੰਮਦ ਇਕਬਾਲ ਦੀ
ਜੱਲ੍ਹਿਆਂ ਵਾਲੇ ਨੂੰ ਸ਼ਰਧਾਂਜਲੀ 

''ਹਰ ਜ਼ੱਰਾ-ਏ-ਚਮਨ ਸੇ ਯੇਹ ਕਹਿਤੀ ਹੈ ਖਾਕੇ ਬਾਗ਼,
ਗਾਫਿਲ ਨਾ ਰਹਿ ਜਹਾਂ ਮੇਂ ਗਰਦੂੰ ਕੀ ਚਾਲ ਸੇ
ਸੀਚਾ ਗਿਆ ਹੈ ਖੂਨੇ ਸ਼ੀਹਦਾਂ ਸੇ ਇਸ ਕਾ ਤੁਖਮ 
ਤੂੰ ਆਂਸਓਂਂ ਕੀ ਬੁਖਲ ਨਾ ਕਰ ਇਸ ਨਿਹਾਲ ਸੇ।''

ਪੰਜਾਬੀ ਅਨੁਵਾਦ

''ਇਸ ਚਮਨ ਦੇ ਹਰ ਕਿਣਕੇ ਨੂੰ,
ਖਾਕ ਬਾਗ਼ ਦੀ ਏਦਾਂ ਆਖੇ।
ਚਾਲ ਸਮੇਂ ਦੀ ਚੱਲਦੀ ਰਹਿੰਦੀ, 
ਗ਼ਾਫਿਲ ਹੋ ਨਾ ਮੇਰੇ ਰਾਖੇ।
ਇਹ ਜੋ ਦਿਸਦੇ ਫੁੱਲ ਤੇ ਬੂਟੇ, 
ਤੇਰੇ ਅੱਥਰੂ ਹੱਕ ਇਹਨਾਂ ਦਾ।
ਕਿਉਂਕਿ ਲਹੂ ਸ਼ਹੀਦਾਂ ਦਿੱਤਾ,
ਸਿੰਜਣ ਲਈ ਸੀ ਤੁਖਮ ਇਹਨਾਂ ਦੇ।'' 

ਅੰਗਰੇਜ਼ ਝੋਲੀਚੁੱਕ ਅਖੌਤੀ ਸਰਦਾਰ ਬਹਾਦਰ ਸੁੰਦਰ ਸਿੰਘ ਮਜੀਠੀਏ

ਜ਼ਾਲਮ ਉਡਵਾਇਰ ਦੀ ਵਿਦਾਇਗੀ ਮੌਕੇ ਅੰਗਰੇਜ਼ ਝੋਲੀਚੁੱਕ ਅਖੌਤੀ ਸਰਦਾਰ ਬਹਾਦਰ ਸੁੰਦਰ ਸਿੰਘ ਮਜੀਠੀਏ ਦੇ ਭਾਸ਼ਣ ਦੇ ਅੰਸ਼ 
ਇਸ ਵਿੱਚ ਸਿੱਖਾਂ ਵੱਲੋਂ ਸਰਕਾਰ ਨੂੰ ਜੰਗੀ ਸਰਗਰਮੀਆਂ ਵਿੱਚ ਦਿੱਤੀ ਮਿਲਵਰਤਨ ਅਤੇ ਸਹਾਇਤਾ, ਮਾਂਟੇਗੋ, ਚੈਮਸਫੋਰਡ ਰੀਫਾਰਮ ਸਕੀਮ ਅਧੀਨ ਸਿੱਖਾਂ ਨੂੰ ਮਿਲੀ ਵੱਖਰੀ, ਪ੍ਰਤੀਨਿਧਤਾ ਅਤੇ ਸੱਚੇ ਸਿੱਖਾਂ ਨੂੰ ਪ੍ਰਤੀਨਿਧ ਲਏ ਜਾਣ ਦਾ ਜ਼ਿਕਰ ਸੀ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ: ''.....ਵਕਤ ਜਿਹਦੇ ਵਿੱਚ ਦੀ ਅਸੀਂ ਲੰਘ ਚੁੱਕੇ ਹਾਂ, ਬਜ਼ਾ ਸਖਤ ਅਤੇ ਚਿੰਤਾਜਨਤਕ ਸੀ ਅਤੇ ਆਪਣੀ ਦ੍ਰਿੜ੍ਹਤਾ, ਸਿਆਣਪ ਅਤੇ ਭਿੰਨ ਭਿੰਨ ਤਜਰਬੇ ਨਾਲ ਤੁਸੀਂ ਸੂਬੇ ਦੇ ਲੋਕਾਂ ਨੂੰ ਉਹਨਾਂ ਦੇ (ਬਰਤਾਨਵੀ) ਸਲਤਨਤ ਪ੍ਰਤੀ ਕਰਤੱਵਾਂ ਨੂੰ ਕੀਮਤੀ ਅਤੇ ਯੋਗ ਢੰਗ ਨਾਲ ਨਿਭਾਉਣ ਲਈ ਅਗਵਾਈ ਦਿੱਤੀ। ਇਹ ਸਭ ਹਜ਼ੂਰ ਦੇ, ਹਾਲਤ ਨੂੰ ਸਿਆਣਪ ਨਾਲ ਨਜਿੱਠਣ ਨਾਲ ਹੋਇਆ। ਉਦੋਂ ਜਦੋਂ ਕਿ ਸੰਸਾਰ ਜੰਗ ਜਾਰੀ ਸੀ, ਲੋਕ ਆਪਣੇ ਘਰਾਂ ਵਿੱਚ ਆਰਾਮਦੇਹ ਜੀਵਨ ਗੁਜ਼ਾਰ ਰਹੇ ਸਨ।....
''.....ਇਹ ੇ ਅਫਸੋਸ ਦਾ ਮਾਮਲਾ ਹੈ, ਕਿ ਹਜ਼ੂਰ ਦੀ ਸਫਲ ਹਕੂਮਤ ਦੇ ਅੰਤ ਤੇ ਕੁੱਝ ਬਦਮਾਸ਼ ਲੋਕਾਂਵੱਲੋਂ ਮੁਲਕ ਦੇ ਅਮਨ ਨੂੰ ਬੇਦਰਦੀ ਨਾਲ ਤਬਾਹ ਕਰਨ ਦੀ ਸ਼ਰਾਰਤ ਭਰੀ ਕੋਸ਼ਿਸ਼ ਕੀਤੀ ਗਈ ਅਤੇ ਕਈਆਂ ਥਾਵਾਂ 'ਤੇ ਜ਼ੁਲਮ ਢਾਏ ਗਏ, ਜਿਹਨਾਂ ਨੇ ਸੂਬੇ ਦੇ ਪਵਿੱਤਰ ਨਾਮ ਨੂੰ ਦਾਗ਼ਦਾਰ ਕੀਤਾ। ਪਰ ਤੁਹਾਡੀ ਹਜ਼ੂਰ ਦੀ ਹਾਲਤ ਉੱਤੇ ਮਜਬੂਤ ਪਕੜ ਅਤੇ ਅਪਣਾਈਆਂ ਗਈਆਂ ਤਦਬੀਰਾਂ ਨੇ ਬੁਰਾਈ ਨੂੰ ਮੁੱਢ ਵਿੱਚ ਹੀ ਨੱਪ ਲਿਆ।......
''......ਪਰ ਸਾਡੇ ਲਈ ਇਹ ਮੁਬਾਰਕਬਾਦ ਦਾ ਮਾਮਲਾ ਹੈ ਕਿ ਸਾਡੇ ਫਿਰਕੇ ਨੇ ਆਪਣੇਆਪ ਨੂੰ ਇਸ ਗੜਬੜ ਨਾਲ ਜੁੜਨ ਤੋਂ ਵੱਖਰਾ ਰੱਖਿਆ ਹੈ। ਹਿਜ਼ ਮੈਜਿਸਟੀ  ਬਾਦਸ਼ਾਹ ਸਲਾਮਤ ਦੇ ਤਖ਼ਤ ਵੱਲ ਆਪਣੀ ਰਵਾਇਤੀ ਵਫ਼ਾਦਾਰੀ ਅਤੇ ਸ਼ਰਧਾ ਨੂੰ ਦਾਗ਼ ਨਹੀਂ ਲੱਗਣ ਦਿੱਤਾ।''

ਚੌਕੀਦਾਰ

ਅਮਰੀਕਨ ਕਵਿੱਤਰੀ ਮਰੀਅਮ ਵੇਡਰ ਦੀ ਕਰੀਬ 100 ਸਾਲ ਪਹਿਲਾਂ ਲਿਖੀ ਕਵਿਤਾ
ਚੌਕੀਦਾਰ
ਤੰਗ ਭੀੜੀਆਂ ਗਲੀਆਂ 'ਚੋਂ ਗੁਜ਼ਰਦਾ
ਹੌਲੇ ਤੇ ਸੰਭਲੇ ਕਦਮਾਂ ਨਾਲ,
ਚੌਕੀਦਾਰ ਨੇ ਲਹਿਰਾਈ ਸੀ ਆਪਣੀ ਲਾਲਟੈਨ
ਅਤੇ ਕਿਹਾ ਸੀ
ਸਭ ਅੱਛਾ ਬਈ ਓ।
ਬੰਦ ਜਾਲੀ ਦੇ ਪਿੱਛੇ ਬੈਠੀ ਸੀ
ਇੱਕ ਔਰਤ, ਜਿਸ ਦੇ ਕੋਲ ਹੁਣ ਬਚਿਆ ਕੁੱਝ ਵੀ ਨਹੀਂ ਸੀ
ਵੇਚਣ ਦੇ ਲਈ,
ਚੌਕੀਦਾਰ ਲੜਖੜਾਇਆ ਉਸਦੇ ਦਰਵਾਜ਼ੇ 'ਤੇ
ਅਤੇ ਚੀਕਿਆ ਸੀ ਉੱਚੀ ਆਵਾਜ਼ ਵਿੱਚ 
ਸਭ ਅੱਛਾ ਬਈ ਓ।
ਘੁੱਪ ਹਨੇਰੇ ਵਿੱਚ
ਕੰਬ ਰਿਹਾ ਸੀ ਇੱਕ ਬੁੱਢਾ,
ਜਿਸ ਦੇ ਕੋਲ ਨਹੀਂ ਸੀ 
ਖਾਣ ਨੂੰ ਇੱਕ ਵੀ ਦਾਣਾ, 
ਚੌਕੀਦਾਰ ਦੀ ਠੀਕ 'ਤੇ ਉਹ
ਬੁੱਲ੍ਹਾਂ ਹੀ ਬੁੱਲ੍ਹਾਂ ਵਿੱਚ ਬੁੜਬੜਾਇਆ
ਸਭ ਅੱਛਾ ਬਈ ਓ।
ਸੁੰਨਸਾਨ ਸੜਕ ਨਾਪਦੇ ਹੋਏ
ਗੁਜ਼ਰ ਰਿਹਾ ਸੀ ਚੌਕੀਦਾਰ
ਮੌਨ ਵਿੱਚ ਡੁੱਬੇ ਇੱਕ
ਘਰ ਦੇ ਸਾਹਮਣੇ ਤੋਂ
ਜਿਥੇ ਇੱਕ ਬੱਚੇ ਦੀ ਮੌਤ ਹੋਈ ਸੀ। 
ਖਿੜਕੀ ਦੇ ਸ਼ੀਸ਼ੇ ਦੇ ਪਿੱਛੇ
ਝਿਲਮਿਲਾ ਰਹੀ ਸੀ ਇੱਕ ਪਿਘਲਦੀ ਮੋਮਬੱਤੀ
ਅਤੇ ਚੌਕੀਦਾਰ ਨੇ ਚੀਕ ਕੇ ਕਿਹਾ ਸੀ
ਸਭ ਅੱਛਾ ਬਈ ਓ।
ਚੌਕੀਦਾਰ ਨੇ ਬਿਤਾਈ ਆਪਣੀ ਰਾਤ
ਇਸੇ ਤਰ੍ਹਾਂ
ਹੌਲੇ ਅਤੇ ਸੰਭਲੇ ਕਦਮਾਂ ਨਾਲ
ਚੱਲਦੇ ਹੋਏ, 
ਤੰਗ ਭੀੜੀਆਂ ਗਲ਼ੀਆਂ ਨੂੰ ਸੁਣਾਉਂਦੇ ਹੋਏ
ਸਭ ਅੱਛਾ ਬਈ ਓ।
ਸਭ ਅੱਛਾ ਬਈ........।

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਗਵਰਨਰ ਦਫਤਰ ਦੇ ਘੇਰਾਓ ਦੀ ਤਿਆਰੀ


ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਗਵਰਨਰ ਦਫਤਰ ਦੇ ਘੇਰਾਓ ਦੀ ਤਿਆਰੀ

ਕਿਸਾਨ-ਮਜ਼ਦੂਰ ਆਗੂਆਂ ਵੱਲੋਂ ਅੱਜ ਆਈ.ਜੀ. ਬਾਰਡਰ ਰੇਂਜ ਨਾਲ ਮੀਟਿੰਗ ਕਰਕੇ 14 ਮਈ ਨੂੰ ਗਵਰਨਰ ਹਾਊਸ ਦੇ ਘੇਰਾਓ ਸਬੰਧੀ ਮੰਗ ਪੱਤਰ ਦਿੱਤਾ ਅਤੇ ਲਾਗੂ ਕੀਤਾ ਜਾ ਰਿਹਾ ਕਾਲਾ ਕਾਨੂੰਨ 2017 ਰੱਦ ਕਰਨ ਤੇ ਕਰ ਮੁਕਤ ਵਪਾਰ ਸਮਝੌਤੇ 'ਚੋਂ ਬਾਹਰ ਆਉਣ ਦੀ ਮੰਗ ਕੀਤੀ। 
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਕਿਸਾਨ ਵਫਦ ਨੇ ਅੱਜ ਆਈ.ਜੀ. ਬਾਰਡਰ ਜ਼ੋਨ ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਪਰਮਾਰ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਐਸ.ਆਸ.ਪੀ. ਦਿਹਾਤੀ ਅੰਮ੍ਰਿਤਸਰ ਤੇ ਐਸਪੀ.ਡੀ. ਵੀ ਮੌਜੂਦ ਸਨ। ਕਿਸਾਨ ਆਗੂਆਂ ਨੇ 14 ਮਈ ਨੂੰ ਗਵਰਨਰ ਪੰਜਾਬ ਦੇ ਰਾਜਭਵਨ ਦੇ ਘੇਰਾਓ ਸਬੰਧੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਮੰਗ ਪੱਤਰ ਗਵਰਨਰ ਪੰਜਾਬ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਆਈ.ਜੀ. ਨੂੰ ਸੌਂਪਿਆ। ਬਾਰਡਰ ਜ਼ੋਨ ਦੇ ਜ਼ਿਲ੍ਹਿਆਂ ਨਾਲ ਸਬੰÎਧਤ ਪੁਲਸ ਨਾਲ ਸਬੰਧਤ ਮਸਲੇ ਹੱਲ ਕਰਨ ਲਈ ਕਿਹਾ। ਆਈ.ਜੀ. ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ਼ ਦੁਆਇਆ ਕਿ ਤੁਹਾਡਾ ਦਿੱਤਾ ਮੰਗ ਪੱਤਰ ਗਵਰਨਰ ਪੰਜਾਬ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਜਾਵੇਗਾ ਤੇ ਪੁਲਸ ਨਾਲ ਸਬੰਧਤ ਮਸਲੇ ਹੱਲ ਕਰਨ ਲਈ ਆਈ.ਜੀ. ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ। 
ਕਿਸਾਨ ਆਗੂਆਂ ਨੇ ਇਸ ਮੌਕੇ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ 14 ਮਈ ਦੇ ਗਵਰਨਰ ਹਾਊਸ ਦੇ ਘੇਰਾਓ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕਰਦਿੱਾਂ ਕਿਹਾ ਕਿ 16 ਦੇਸ਼ਾਂ ਨਾਲ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸੰਧੀ ਕਿਸਾਨੀ ਕਿੱਤਾ ਪੁਰੀ ਤਰ੍ਹਾਂ ਤਬਾਹ ਕਰ ਦੇਵੇਗੀ। ਕਿਉਂਕਿ 74 ਤਰ੍ਹਾਂ ਦੀਆਂ ਖੇਤੀ ਵਸਤਾਂ ਬਗੈਰ ਟੈਕਸ ਭਾਰਤੀ ਮੰਡੀ ਵਿੱਚ ਵਿਕਣਗੀਆਂ। ਰਿਜ਼ਨਲ, ਕੰਪਰਹੈਂਸ਼ਿਵ ਇਕਨਾਮਿਕਸ ਪਾਰਟਨਰਸ਼ਿੱਪ (ਆਰ.ਸੀ.ਈ.ਪੀ.) ਦੇ ਮਾਰੂ ਪ੍ਰਭਾਵਾਂ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਨੂੰ ਦਬਾਉਣ ਲਈ ਪੰਜਾਬ ਸਰਕਾਰ ਵੱਲੋਂ ਨਿੱਜੀ ਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਐਕਟ 2017 ਲਾਗੂ ਕਰ ਦਿੱਤਾ ਗਿਆ ਹੈ ਅੇਤ ਇਸ ਦਾ ਨਮੂਨਾ ਡੀ.ਸੀ. ਜਲੰਧਰ ਦੀ ਤਾਜ਼ਾ ਹਦਾਇਤ ਵਿੱਚ ਸਾਫ ਝਲਕਦਾ ਹੈ ਕਿ ਕੋਈ ਵੀ ਧਰਨਾ ਮਨਜੂਰੀ ਲੈ ਕੇ ਨਿਰਧਾਰਤ ਥਾਂ ਉੱਤੇ ਹੀ ਲੱਗ ਸਕੇਗਾ ਅਤੇ ਕੋਈ ਘਟਨਾ ਹੋਣ 'ਤੇ ਧਰਨਾ ਦੇ ਰਹੀਆਂ ਜਥੇਬੰਦੀਆਂ ਦੇ ਮੁਖੀ ਜਿੰਮੇਵਾਰ ਹੋਣਗੇ। ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਭਾਰਤ ਸਰਕਾਰ ਕਰ ਮੁਕਤ ਵਾਪਰ ਸਮਝੌਤੇ ਵਿੱਚੋਂ ਬਾਹਰ ਆਵੇ, ਕਾਲਾ ਕਾਨੂੰਨ 2017 ਪੰਜਾਬ ਸਰਕਾਰ ਤੁਰੰਤ ਰੱਦ ਕਰੇ, ਕਿਸਾਨਾਂ ਮਜ਼ਦੂਰੰ ਦਾ ਸਮੁੱਚਾ ਕਰਾ ਖਤਮ ਕੀਤਾ ਜਾਵੇ, 22 ਫਸਲਾਂ ਦੇ ਭਾਅ ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਐਲਾਨੇ ਜਾਣ ਤੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ, ਗੰਨੇ ਦਾ 1100 ਕਰੋੜ ਦਾ ਬਕਾਇਆ 15 ਫੀਸਦੀ ਵਿਆਜ ਸਮੇਤ ਤੁਰੰਤ ਦਿੱਤਾ ਜਾਵੇ, ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਵਾਈ ਜਾਵੇ, ਨਹਿਰੀ ਪਾਣੀ ਤੇ ਬਿਜਲੀ ਦੀ 24 ਘੰਟੇ ਸਪਲਾਈ 1 ਜੂਨ ਤੋਂ ਦਿੱਤੀ ਜਾਵੇ, ਪੰਜਾਬ ਦੇ ਪਾਣੀਆਂ ਦਾ ਹੱਲ ਰਿਪੇਰੀਅਨ ਕਾਨੂੰਨ ਮੁਤਾਬਕ ਕਰਕੇ ਦੂਜੇ ਰਾਜਾਂ ਨੂੰ ਜਾ ਰਹੇ ਪਾਣੀ ਦੀ ਰਿਆਲਟੀ 16 ਹਜ਼ਾਰ ਕਰੋੜ ਪੰਜਾਬ ਨੂੰ ਦਿੱਤੀ ਜਾਵੇ ਅਬਾਦਾਕਾਰਾਂ ਨੂੰ ਪੱਕੇ ਮਾਲੀ ਹੱਕ ਦਿੱਤੇ ਜਾਣ ਤੇ 31 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਮੰਨੀੱਾਂ ਹੋਈਆਂ ਮੰਗਾਂ ਸਬੰਧੀ ਲਿਖਤੀ ਸਮਝੌਤਾ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂ ਜਸਬੀਰ ਸਿੰਘ ਪਿੱਦੀ, ਗੁਰਬਚਨ ਸਿੰਘ ਚੱਬਾ, ਸਕੱਤਰ ਸਿੰਘ ਕੋਟਲਾ, ਲਖਵਿੰਦਰ ਸਿੰਘ ਵਰਿਆਮ ਨੰਗਲ ਵੀ ਮੀਟਿੰਗ ਵਿੱਚ ਮੌਜੂਦ ਸਨ। 
ਜਾਰੀ ਕਰਤਾ ਗੁਰਬਚਨ ਸਿੰਘ ਚੱਬਾ