Friday, 3 May 2019

ਚੌਕੀਦਾਰ

ਅਮਰੀਕਨ ਕਵਿੱਤਰੀ ਮਰੀਅਮ ਵੇਡਰ ਦੀ ਕਰੀਬ 100 ਸਾਲ ਪਹਿਲਾਂ ਲਿਖੀ ਕਵਿਤਾ
ਚੌਕੀਦਾਰ
ਤੰਗ ਭੀੜੀਆਂ ਗਲੀਆਂ 'ਚੋਂ ਗੁਜ਼ਰਦਾ
ਹੌਲੇ ਤੇ ਸੰਭਲੇ ਕਦਮਾਂ ਨਾਲ,
ਚੌਕੀਦਾਰ ਨੇ ਲਹਿਰਾਈ ਸੀ ਆਪਣੀ ਲਾਲਟੈਨ
ਅਤੇ ਕਿਹਾ ਸੀ
ਸਭ ਅੱਛਾ ਬਈ ਓ।
ਬੰਦ ਜਾਲੀ ਦੇ ਪਿੱਛੇ ਬੈਠੀ ਸੀ
ਇੱਕ ਔਰਤ, ਜਿਸ ਦੇ ਕੋਲ ਹੁਣ ਬਚਿਆ ਕੁੱਝ ਵੀ ਨਹੀਂ ਸੀ
ਵੇਚਣ ਦੇ ਲਈ,
ਚੌਕੀਦਾਰ ਲੜਖੜਾਇਆ ਉਸਦੇ ਦਰਵਾਜ਼ੇ 'ਤੇ
ਅਤੇ ਚੀਕਿਆ ਸੀ ਉੱਚੀ ਆਵਾਜ਼ ਵਿੱਚ 
ਸਭ ਅੱਛਾ ਬਈ ਓ।
ਘੁੱਪ ਹਨੇਰੇ ਵਿੱਚ
ਕੰਬ ਰਿਹਾ ਸੀ ਇੱਕ ਬੁੱਢਾ,
ਜਿਸ ਦੇ ਕੋਲ ਨਹੀਂ ਸੀ 
ਖਾਣ ਨੂੰ ਇੱਕ ਵੀ ਦਾਣਾ, 
ਚੌਕੀਦਾਰ ਦੀ ਠੀਕ 'ਤੇ ਉਹ
ਬੁੱਲ੍ਹਾਂ ਹੀ ਬੁੱਲ੍ਹਾਂ ਵਿੱਚ ਬੁੜਬੜਾਇਆ
ਸਭ ਅੱਛਾ ਬਈ ਓ।
ਸੁੰਨਸਾਨ ਸੜਕ ਨਾਪਦੇ ਹੋਏ
ਗੁਜ਼ਰ ਰਿਹਾ ਸੀ ਚੌਕੀਦਾਰ
ਮੌਨ ਵਿੱਚ ਡੁੱਬੇ ਇੱਕ
ਘਰ ਦੇ ਸਾਹਮਣੇ ਤੋਂ
ਜਿਥੇ ਇੱਕ ਬੱਚੇ ਦੀ ਮੌਤ ਹੋਈ ਸੀ। 
ਖਿੜਕੀ ਦੇ ਸ਼ੀਸ਼ੇ ਦੇ ਪਿੱਛੇ
ਝਿਲਮਿਲਾ ਰਹੀ ਸੀ ਇੱਕ ਪਿਘਲਦੀ ਮੋਮਬੱਤੀ
ਅਤੇ ਚੌਕੀਦਾਰ ਨੇ ਚੀਕ ਕੇ ਕਿਹਾ ਸੀ
ਸਭ ਅੱਛਾ ਬਈ ਓ।
ਚੌਕੀਦਾਰ ਨੇ ਬਿਤਾਈ ਆਪਣੀ ਰਾਤ
ਇਸੇ ਤਰ੍ਹਾਂ
ਹੌਲੇ ਅਤੇ ਸੰਭਲੇ ਕਦਮਾਂ ਨਾਲ
ਚੱਲਦੇ ਹੋਏ, 
ਤੰਗ ਭੀੜੀਆਂ ਗਲ਼ੀਆਂ ਨੂੰ ਸੁਣਾਉਂਦੇ ਹੋਏ
ਸਭ ਅੱਛਾ ਬਈ ਓ।
ਸਭ ਅੱਛਾ ਬਈ........।

No comments:

Post a Comment