Showing posts with label ਸੁਰਖ਼ ਰੇਖਾ ਜਨਵਰੀ-ਫਰਵਰੀ. Show all posts
Showing posts with label ਸੁਰਖ਼ ਰੇਖਾ ਜਨਵਰੀ-ਫਰਵਰੀ. Show all posts

Wednesday, 9 January 2019

ਸੁਰਖ਼ ਰੇਖਾ ਜਨਵਰੀ-ਫਰਵਰੀ, 2019 ''ਸਾਂਝੇ ਅਧਿਆਪਕ ਮੋਰਚੇ'' ਦੀ ਇੱਕਜੁੱਟਤਾ ਨੂੰ ਸਿਰਮੌਰ ਰੱਖੋ


ਅਧਿਆਪਕ ਸੰਘਰਸ਼ : 

''ਸਾਂਝੇ ਅਧਿਆਪਕ ਮੋਰਚੇ'' ਦੀ ਇੱਕਜੁੱਟਤਾ ਨੂੰ ਸਿਰਮੌਰ ਰੱਖੋ
 

-ਪਾਠਕ ਪੱਤਰਕਾਰ

ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐਸ.ਐਸ.ਏ./ਰਮਸਾ ਅਧੀਨ ਇੱਕ ਦਹਾਕੇ ਤੋਂ ਕੰਮ ਕਰ ਰਹੇ 8886 ਅਧਿਆਪਕਾਂ ਨੂੰ 'ਪੱਕੇ' ਕਰਨ ਦੀ ਦੇਰ ਸੀ ਕਿ ਪਹਿਲਾਂ ਹੀ ਨਿੱਤ ਵਧਦੀਆਂ ਮੁਸ਼ਕਲਾਂ ਦੇ ਸਤਾਏ ਪੰਜਾਬ ਦੇ ਅਧਿਆਪਕਾਂ ਅੰਦਰ ਗੁੱਸੇ ਦੀ ਲਹਿਰ ਦੌੜ ਗਈ। ਘਰ-ਘਰ ਰੋਜ਼ਗਾਰ ਦੇਣ ਦੇ ਫੈਂਟਰ ਮਾਰਨ ਵਾਲ਼ੀ ਕੈਪਟਨ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਦੀ ਤਨਖਾਹ 42 ਹਜ਼ਾਰ ਤੋਂ ਘਟਾ ਕੇ 15300/- ਕੀਤੀ ਗਈ ਹੈ। 'ਪੱਕੇ' ਕਰਨ ਦੀ  ਖ਼ਬਰ ਅਖਬਾਰਾਂ ਵਿੱਚ ਛਪਦਿਆਂ ਹੀ ਅਧਿਆਪਕ ਜੱਥੇਬੰਦੀਆਂ ਨੇ ਪੰਜਾਬ ਭਰ ਅੰਦਰ ਜ਼ਿਲ੍ਹਾ ਮੁਕਾਮਾਂ 'ਤੇ ਧਰਨੇ ਦੇ ਕੇ ਕੈਪਟਨ ਸਰਕਾਰ ਦੇ ਇਸ ਜ਼ਾਬਰ ਫੈਸਲੇ ਵਿਰੁੱਧ ਰੋਸ ਦਰਜ ਕਰਾਇਆ। ਨਿੱਜੀਕਰਣ ਦੀਆਂ ਸਾਮਰਾਜੀ ਨੀਤੀਆਂ ਦੀ ਧੰਗੇੜ ਵਿੱਚ ਆਏ ਹੋਰਨਾਂ ਵਰਗਾਂ ਦੀ ਤਰਾਂ੍ਹ ਅਧਿਆਪਕਾਂ ਅੰਦਰ ਇਸ ਹਕੀਕਤ ਦਾ ਅਹਿਸਾਸ ਹੋਰ ਵੀ ਵਧ ਗਿਆ ਕਿ ਐੱਸ ਐੱਸ ਏ/ਰਮਸਾ ਅਧਿਆਪਕਾਂ ਦੀਆਂ ਤਨਖਾਹਾਂ ਉੱਪਰ ਚੱਲੀ 75 ਫੀਸਦੀ ਕਟੌਤੀ ਦੀ ਇਹ ਕੈਂਚੀ ਕਿਸੇ ਵੀ ਮਹਿਕਮੇ ਜਾਂ ਵਰਗ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਬੁਰਕ ਮਾਰ ਸਕਦੀ ਹੈ। ਰੋਸ ਅਤੇ ਗੁੱਸੇ ਦੇ ਇਸ ਆਲਮ ਵਿੱਚ “ਸਾਂਝਾ ਅਧਿਆਪਕ ਮੋਰਚਾ, ਪੰਜਾਬ'' ਵੱਲੋਂ 7 ਅਕਤੂਬਰ ਤੋਂ ਪਟਿਆਲ਼ਾ ਸ਼ਹਿਰ ਵਿੱਚ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ। ਰਣਨੀਤੀ ਮੁਤਾਬਕ ਹਰ ਰੋਜ਼ ਤਿੰਨ ਜਾਂ ਚਾਰ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਵਾਰੀ-ਸਿਰ “ਪੱਕੇ ਮੋਰਚੇ'' ਵਿੱਚ ਸ਼ਮੂਲੀਅਤ ਕੀਤੀ। ਜ਼ਿਲ੍ਹਾਵਾਰ ਡਿਊਟੀਆਂ ਬਾਖੂਬੀ ਨਿਭਣ ਲੱਗੀਆਂ। ਅਧਿਆਪਕਾਂ ਦਾ ਰੋਸ ਤੇ ਗੁੱਸਾ ਨਿੱਤ ਵਧ ਰਿਹਾ ਸੀ। ਸੱਤ ਅਕਤੂਬਰ ਦੇ ਵੱਡੇ ਇਕੱਠ ਤੋਂ ਬਾਦ 13 ਅਕਤੂਬਰ ਤੇ ਫਿਰ 24 ਅਕਤੂਬਰ ਨੂੰ ਪਟਿਆਲ਼ਾ ਵਿਖੇ ਸੂਬਾ ਪੱਧਰੀ ਮਿਸਾਲੀ ਇਕੱਠ ਕੀਤੇ ਗਏ। ਸਰਕਾਰ ਹਾਲੇ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ ਸਗੋਂ 'ਪੜ੍ਹੋ ਪੰਜਾਬ' ਦਾ ਬਾਈਕਾਟ ਕਰਨ ਦੇ ਦੋਸ਼ ਵਿੱਚ ਵੱਡੀ ਪੱਧਰ 'ਤੇ ਦੂਰ-ਦੁਰਾਡੇ ਬਦਲੀਆਂ ਦਾ ਸਿਲਸਲਾ ਤੇਜ ਕੀਤਾ ਜਾ ਰਿਹਾ ਸੀ। ਬਦਲੀਆਂ ਵਾਲ਼ੇ ਪਿੰਡਾਂ ਦੇ ਲੋਕ, ਸਕੂਲ ਕਮੇਟੀਆਂ, ਮਾਪੇ ਅਤੇ ਵਿਦਿਆਰਥੀ ਸੰਘਰਸ਼ ਦਾ ਹਿੱਸਾ ਬਣਦੇ ਗਏ। ਮਜ਼ਦੂਰਾਂ-ਕਿਸਾਨਾਂ ਸਮੇਤ ਹੋਰ ਬਹੁਤ ਸਾਰੀਆਂ ਜਨਤਕ ਜੱਥੇਬੰਦੀਆਂ ਸੰਘਰਸ਼ ਦੀ ਹਮਾਇਤ 'ਤੇ ਆ ਗਈਆਂ। ਬਦਲੀਆਂ ਦੇ ਰੋਸ ਵਜੋਂ ਸਕੂਲਾਂ ਨੂੰ ਜਿੰਦਰੇ ਜੜੇ ਜਾ ਰਹੇ ਸਨ। ਨਵੰਬਰ ਮਹੀਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਲਕਾ/ਸ਼ਹਿਰ ਬਠਿੰਡਾ ਵਿਖੇ ਅਤੇ ਸਿੱਖਿਆ ਮੰਤਰੀ ਦੇ ਤਰਨਤਾਰਨ ਹਲਕੇ ਅੰਦਰ ਜ਼ਬਰਦਸਤ ਐਕਸ਼ਨ ਕੀਤੇ ਗਏ। ਜਲ-ਤੋਪਾਂ ਅਤੇ ਡੰਡਾ-ਚਾਰਜ ਨੂੰ ਮਾਤ ਪਾਉਂਦਿਆਂ ਅਧਿਆਪਕਾਂ ਨੇ ਇਹ ਐਕਸ਼ਨ ਸਫਲ ਕਰ ਮਾਰੇ। ਸਾਰੇ ਸਮੇਂ ਦੌਰਾਨ ਅਨੇਕਾਂ ਵਾਰ ਸਿੱਖਿਆ ਮੰਤਰੀ ਅਤੇ ਸਰਕਾਰ, ਤਹਿਸ਼ੁਦਾ ਗੱਲਬਾਤ ਤੋਂ ਭੱਜਦੀ ਰਹੀ। 2 ਦਸੰਬਰ ਪਟਿਆਲ਼ਾ ਜਾਮ ਦੇ ਐਲਾਨ ਨਾਲ਼ ਇੱਕ ਵਾਰ ਸੰਘਰਸ਼ ਨਵੇਂ ਮੁਕਾਮ 'ਤੇ ਪੁੱਜਿਆ ਜਾਪਦਾ ਸੀ ਪਰੰਤੂ ਇਹ ਨਵੀਂ ਸਥਿਤੀ “ਸਾਂਝੇ ਅਧਿਆਪਕ ਮੋਰਚੇ'' ਅੰਦਰ ਐਨ ਸ਼ੁਰੂ ਤੋਂ ਹੀ ਅਨੁਸ਼ਾਸ਼ਨ, ਵਿਉਂਤਬੰਦੀ ਅਤੇ ਆਪਾ-ਧਾਪੀ ਦੀ ਭੇਂਟ ਚੜ੍ਹ ਕੇ ਰਹਿ ਗਈ। ਦੋ ਦਸੰਬਰ ਦਾ ਦਿਨ ਨੇੜੇ ਢੁੱਕ ਰਿਹਾ ਸੀ। 2 ਦਸੰਬਰ ਲਈ ਕੱਪੜੇ-ਲੀੜੇ ਤੇ ਕੰਬਲ਼ ਬੈਗਾਂ 'ਚ ਪਾਏ ਜਾ ਰਹੇ ਸਨ। ਸਰਕਾਰ ਕੋਈ ਚਲੰਤ ਕਿਸਮ ਦਾ ਬੰਨ੍ਹ-ਸੁੱਬ ਕਰਨ ਲੱਗੀ ਹੋਈ ਸੀ। ਸੰਘਰਸ਼ ਦੀਆਂ ਅੰਦਰੂਨੀ ਕਮਜ਼ੋਰੀਆਂ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ, ਲੀਡਰਸ਼ਿੱਪ ਕਿਸੇ ਨਾ ਕਿਸੇ ਤਰਾਂ੍ਹ ਸੰਘਰਸ਼ ਨੂੰ ਵਿਰਾਮ ਦੇਣ ਦਾ ਦਾਅ ਵਰਤਣਾ ਚਾਹੁੰਦੀ ਸੀ। ਇੱਕ ਹਫਤਾ ਲਗਾਤਾਰ ਸਰਕਾਰੀ ਨੁਮਾਇੰਦਿਆਂ ਨਾਲ਼ ਗੱਲਬਾਤ ਦਾ ਸਿਲਸਲਾ ਚਲਦਾ ਰਿਹਾ। ਅਧਿਆਪਕਾਂ ਨਾਲ਼ ਗੁੰਡਾ ਭਾਸ਼ਾ 'ਚ ਗੱਲ ਕਰਨ ਵਾਲ਼ਾ ਸਿੱਖਿਆ ਮੰਤਰੀ ਓ ਪੀ ਸੋਨੀ ਆਖ਼ਰ ਪਹਿਲੀ ਦਸੰਬਰ ਨੂੰ ਸੰਘਰਸ਼ ਦੇ ਪੰਡਾਲ ਵਿੱਚ ਆ ਹਾਜ਼ਰ ਹੋਇਆ। ਸਾਰੀਆਂ ਮੁਅੱਤਲੀਆਂ ਤੇ ਬਦਲੀਆਂ ਤੁਰੰਤ ਰੱਦ ਕਰਨ, 5178 ਅਧੀਨ ਭਰਤੀ ਹੋਏ ਅਧਿਆਪਕਾਂ ਨੂੰ ਜਨਵਰੀ 2019 ਤੋਂ ਪੂਰੀ ਤਨਖਾਹ ਨਾਲ਼ ਰੈਗੂਲਰ ਕਰਨ, ਐੱਸ ਐੱਸ ਏ/ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਮੁਦਾ ਕੈਬਨਿਟ ਦੇ ਰੀਵਿਊ ਵਿੱਚ ਪਾਉਣ, ਸਾਰੇ ਵਲੰਟੀਅਰਾਂ ਦੀ ਤਨਖਾਹ ਵਿੱਚ 1500/- ਦਾ ਵਾਧਾ ਕਰਨ ਆਦਿ ਮੰਗਾਂ ਦਾ ਐਲਾਨ ਕੀਤਾ ਗਿਆ। ਪਹਿਲੀ ਦਸੰਬਰ ਦੀ ਸ਼ਾਮ ਤੱਕ ਇੱਕ ਵਾਰ 2 ਦਸੰਬਰ ਪਟਿਆਲ਼ਾ ਜਾਮ ਮੁਲਤਵੀ ਕਰ ਦਿੱਤਾ ਗਿਆ।
ਮੁੱਦਕੀ ਧੜਾ ਪੁੱਜਿਆ ਮਹਿਮਦਪੁਰ
ਇਸ ਵਿੱਚ ਕੋਈ ਸ਼ੱਕ ਨਹੀਂ ਕਿ “ਸਾਂਝਾ ਅਧਿਆਪਕ ਮੋਰਚਾ'' ਦੇ ਇਸ ਸੰਘਰਸ਼ ਨੂੰ ਬਹੁਤ ਸਾਰੇ ਪੱਖਾਂ ਤੋਂ ਪੜਚੋਲ ਦੀ ਕੁਠਾਲ਼ੀ ਵਿੱਚ ਪਾਉਣ ਦੀ ਲੋੜ ਹੈ ਪਰੰਤੂ ਮੁੱਦਕੀ ਧੜੇ ਨੇ ਜਿਸ ਤਰਾਂ ਸਾਰੇ ਸਮੇਂ ਦੌਰਾਨ ਆਪਾ-ਧਾਪੀ, ਹੋਛੇਪਨ ਅਤੇ ਅਨੁਸ਼ਾਸ਼ਨਹੀਣਤਾ ਦਾ ਮੁਜ਼ਾਹਰਾ ਕੀਤਾ ਹੈ, ਇਹ ਸਭ ਕੁੱਝ ਦੁਸ਼ਮਣ ਦੇ ਹੱਥ ਮਜ਼ਬੂਤ ਕਰਨ ਦੇ ਤੁੱਲ ਹੈ।“ਪਟਿਆਲ਼ਾ ਜਾਮ'' ਦਾ ਐਕਸ਼ਨ ਮੁਲਤਵੀ ਕਰਨ ਦਾ ਫੈਸਲਾ ਜੇ ਕਿਸੇ ਹਿੱਸੇ ਨੂੰ ਹਜ਼ਮ ਨਹੀਂ ਸੀ ਤਾਂ ਇਸ ਨੂੰ ਜੱਥੇਬੰਦਕ ਮਰਿਆਦਾ ਤੇ ਤੌਰ-ਤਰੀਕਿਆਂ ਨਾਲ਼ ਲੈਣਾ ਬਣਦਾ ਸੀ।“ਸਾਂਝੇ ਮੋਰਚੇ'' ਦੀ ਲੀਡਰਸ਼ਿੱਪ ਨੂੰ ਵੀ ਇਸ ਗੱਲ ਦਾ ਬਾਹਲ਼ਾ ਭੁਲੇਖਾ ਨਹੀਂ ਸੀ ਕਿ ਸਰਕਾਰ ਮੰਨੀ/ਕਹੀ ਹੋਈ ਗੱਲ ਤੋਂ ਮੁੱਕਰ ਸਕਦੀ ਹੈ।“ਸਾਂਝਾ ਅਧਿਆਪਕ ਮੋਰਚਾ'' ਖਾਸ ਕਰਕੇ ਇਸ ਦੀ ਮੁੱਖ ਧਿਰ ਡੀ ਟੀ ਐੱਫ ਤੋਂ ਇਹ ਉਮੀਦ ਨਹੀਂ ਕਿ ਮੰਗਾਂ ਮੁੱਕਰਨ ਤੋਂ ਬਾਦ ਮੁੜ ਸੰਘਰਸ਼ ਦਾ ਮੈਦਾਨ ਨਹੀਂ ਮੱਲਿਆ ਜਾਵੇਗਾ। ਫਿਰ ਇਸ ਹਾਲਤ ਵਿੱਚ ਮਹਿਮਦਪੁਰ ਵਰਗੇ ਐਕਸ਼ਨਾਂ ਨੂੰ ਗੈਰ-ਇਮਾਨਦਾਰਾਨਾ ਤੇ ਗੈਰ-ਜੁੰਮੇਵਾਰਾਨਾ ਹੀ ਕਿਹਾ ਜਾ ਸਕਦਾ ਹੈ। ਫਰਕ ਸਿਰਫ ਏਨਾ ਹੈ ਕਿ ਅਗਵਾਈ ਕਰ ਰਹੀਆਂ ਧਿਰਾਂ ਨੇ “ਸਾਂਝੇ ਮੋਰਚੇ'' ਵੱਲੋਂ ਸਮੂਹਿਕ ਫੈਸਲੇ ਨਾਲ਼, ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਕੁੱਝ ਮੰਗਾਂ ਮੰਨਵਾ ਕੇ ਸੰਘਰਸ਼ ਮੁਲਤਵੀ ਕਰ ਦਿੱਤਾ ਅਤੇ ਮਹਿਮਦਪੁਰੀਆਂ ਨੇ ਕੁੱਝ ਦਿਨ ਆਪਣਾ ਜਗਤ-ਰਵੱਈਆ ਜ਼ਾਹਰ ਕਰਨ ਤੋਂ ਬਾਦ ਕੋਈ ਵੀ ਨਵੀਂਂ ਪ੍ਰਾਪਤੀ ਕਰਨ ਤੋਂ ਬਿਨਾ ਹੀ ਵਾਪਸੀ ਪਾ ਦਿੱਤੀ। ਆਪਣੇ ਆਪ ਨੂੰ ਬਾਹਲ਼ੀ ਲੜਾਕੂ ਹੋਣ ਦਾ ਦਾਅਵਾ ਕਰਨ ਵਾਲ਼ੀ ਇਹ ਓਹੀ ਧਿਰ ਹੈ ਜਿਸ ਨੇ “ਸਾਂਝੇ ਮੋਰਚੇ'' ਤੋਂ ਵਿਹਰ ਕੇ ਪਹਿਲਾਂ ਮਰਨ-ਵਰਤ ਵਰਗੇ ਗਾਂਧੀਵਾਦੀ ਘੋਲ਼-ਰੂਪ ਨੂੰ ਅਪਣਾ ਕੇ, ਫਿਰ ਕੁੱਝ ਦਿਨਾਂ ਮਗਰੋਂ ਮਰਨ-ਵਰਤ ਨੂੰ ਭੁੱਖ ਹੜਤਾਲ਼ ਵਿੱਚ ਤਬਦੀਲ ਕਰ ਕੇ ਤੇ ਫਿਰ ਐਲਾਨੀਆ ਇਸਤੋਂ ਕਿਨਾਰਾ ਕਰ ਕੇ ਸੰਘਰਸ਼ ਨੂੰ ਪੋਲ ਦਿੱਤੀ ਗਈ ਸੀ।

ਭਰਾਤਰੀ ਹਮਾਇਤ ਦੇ ਨਾਂ 'ਤੇ  
ਅਨੁਸ਼ਾਸ਼ਨਹੀਣਤਾ ਨੂੰ ਪੱਠੇ 
ਅਧਿਆਪਕ ਸੰਘਰਸ਼ ਦੀ ਵਿਸ਼ਾਲਤਾ ਅਤੇ ਮਸਲੇ ਦੀ ਚੋਭ ਨੂੰ ਭਾਂਪਦਿਆਂ ਇੱਕ ਤੋਂ ਬਾਦ ਦੂਜੀ ਜੱਥੇਬੰਦੀ (ਜਿਵੇਂ ਕਿ ਬੀ.ਕੇ.ਯੂ. ਡਕੌਂਦਾ, ਬੀ.ਕੇ.ਯੂ. ਕਰਾਂਤੀਕਾਰੀ, ਤਰਕਸ਼ੀਲ ਸੋਸਾਇਟੀ, ਇਨਕਲਾਬੀ ਕੇਂਦਰ, ਲੋਕ ਮੋਰਚਾ ਆਦਿ) ਹਮਾਇਤ 'ਤੇ ਆ ਰਹੀ ਸੀ। ਬਿਨਾ ਸ਼ੱਕ ਬੀ.ਕੇ.ਯੂ. ਉਗਰਾਹਾਂ ਦੀ ਉੱਭਰਵੀਂ ਤੇ ਭਰਵੀਂ ਸ਼ਮੂਲੀਅਤ ਰਹੀ ਹੈ ਪਰੰਤੂ ਆਪਣੇ ਸੁਭਾਅ ਮੁਤਾਬਕ ਇਸ ਜੱਥੇਬੰਦੀ ਦੀ ਲੀਡਰਸ਼ਿੱਪ ਨੇ “ਸਾਂਝੇ ਅਧਿਆਪਕ ਮੋਰਚੇ'' ਦੀ (ਪਹਿਲਾਂ ਹੀ ਗ੍ਰਹਿਣੀ ਹੋਈ) ਮਰਿਆਦਾ ਨੂੰ ਉਲੰਘਿਆ ਹੈ। ਹਰ ਮੌਕੇ ਸੰਘਰਸ਼ ਨੂੰ ਆਪਣੇ ਮੁਤਾਬਕ ਮੋੜਾ ਦੇਣ ਅਤੇ ਸੰਘਰਸ਼ ਉੱਪਰ ਕਬਜ਼ਾ ਕਰਨ ਦੀ ਹੋੜ ਸਾਹਮਣੇ ਆਉਂਦੀ ਰਹੀ ਹੈ। ਸੰਬੰਧਤ ਖੇਤਰ ਜਾਂ ਤਬਕੇ ਦੀ ਕੋਈ ਜੱਥੇਬੰਦੀ ਅਜਿਹਾ ਕੋਈ ਯਤਨ ਕਰੇ, ਇਹ ਤਾਂ ਸਮਝ 'ਚ ਆਉਂਦੀ ਹੈ, ਕਿਸੇ ਹੋਰ ਤਬਕੇ ਦੀ ਜੱਥੇਬੰਦੀ ਇਸ ਤਰਾਂ੍ਹ ਦੀ ਕਬਜਾ-ਕਰੂ ਹੋੜ ਨਾਲ਼ ਕੀ ਖੱਟਣਾ ਚਾਹੁੰਦੀ ਹੈ, ਇਸ ਨੂੰ ਸਮਝਣਾ ਜਣੇ-ਖਣੇ ਦਾ ਕੰਮ ਨਹੀਂ। ਭਰਾਤਰੀ ਹਮਾਇਤ ਦਾ ਮਤਲਬ ਕਿਸੇ ਸੰਘਰਸ਼ ਦੀ ਅਗਵਾਈ ਕਰ ਰਹੇ ਥੜ੍ਹੇ ਦੇ ਅਨੁਸ਼ਾਸ਼ਨ ਅਤੇ ਉਸ ਤਬਕੇ ਦੀ ਲੀਡਰਸ਼ਿੱਪ ਸਮੇਤ ਜਨ-ਸਾਧਾਰਨ ਦੀ ਕੁੱਲ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਮੂਲੀਅਤ ਕਰਨ ਤੋਂ ਹੁੰਦਾ ਹੈ।
ਨਵੀਆਂ ਹਾਲਤਾਂ ਨਵੀਆਂ ਚੁਣੌਤੀਆਂ 
ਲੀਡਰਸ਼ਿੱਪ ਯੋਗਤਾਵਾਂ ਨੂੰ ਜ਼ਰਬਾਂ ਦੇਵੇ
'ਪਟਿਆਲ਼ਾ ਜਾਮ' ਦਾ ਐਕਸ਼ਨ ਮੁਲਤਵੀ ਕਰਨ ਦਾ ਆਧਾਰ ਬਣੀ ਓ ਪੀ ਸੋਨੀ ਨਾਲ਼ ਹੋਈ ਗੱਲਬਾਤ ਦਾ ਹੀਜ-ਪਿਆਜ ਚੋਣ ਜਾਬਤਾ ਲੰਘਦਿਆਂ ਹੋਰ ਪੂਰੀ ਤਰਾਂ ਸਪੱਸ਼ਟ ਹੋ ਜਾਣਾ ਹੈ। ਮੁੜ ਸੜਕਾਂ 'ਤੇ ਆਉਣ ਦੀ ਲੋੜ ਹਾਲੇ ਖੜ੍ਹੀ ਹੈ। ਮੁੱਕਰ-ਮੁੱਕਰਾਈ ਦੇ ਚਲਦਿਆਂ, ਲੀਡਰਸ਼ਿੱਪ ਨੂੰ ਫੌਰੀ ਢੁੱਕਵੇਂ ਸੰਘਰਸ਼-ਰੂਪਾਂ ਨੂੰ ਅਪਣਾਉਂਦਿਆਂ ਮੈਦਾਨ ਵਿੱਚ ਕੁੱਦਣਾ ਚਾਹੀਦਾ ਹੈ। ਪ੍ਰਥਮ ਕਾਰਜ ਵਜੋਂ ਪਹਿਲਾਂ “ਸਾਂਝਾ ਅਧਿਆਪਕ ਮੋਰਚਾ'' ਵਿੱਚ ਸ਼ਾਮਲ ਜੱਥੇਬੰਦੀਆਂ ਅੰਦਰ ਅਤੇ ਫਿਰ “ਸਾਂਝੇ ਮੋਰਚੇ'' ਦੀ ਸਟੇਟ ਬਾਡੀ ਅੰਦਰ ਸੰਘਰਸ਼ ਨੂੰ ਸਾਰੇ ਬਣਦੇ ਪੱਖਾਂ ਤੋਂ ਰੀਵਿਊ ਅਧੀਨ ਲਿਆਉਣਾ ਚਾਹੀਦਾ ਹੈ।“ਸਾਂਝੇ ਮੋਰਚੇ'' ਦਾ ਅੰਦਰੂਨੀ ਅਤੇ ਬਾਹਰੀ/ਭਰਾਤਰੀ ਠੋਸ ਜ਼ਾਬਤਾ ਤਰਾਸ਼ਣਾ ਚਾਹੀਦਾ ਹੈ ਤਾਂ ਜੋ ਚੁਣੌਤੀਆਂ ਦੇ ਹਾਣ ਦੀ ਰਣਨੀਤੀ ਘੜੀ ਜਾ ਸਕੇ।
ਪਰ ਇੱਕ ਗੱਲ ਹਰ ਇੱਕ ਨੂੰ ਮਨੀਂ ਵਸਾ ਲੈਣੀ ਚਾਹੀਦੀ ਹੈ ਕਿ ''ਸਾਂਝੇ ਅਧਿਆਪਕ ਮੋਰਚੇ'' ਦੀ ਏਕਤਾ ਨੂੰ ਸਿਰਮੌਰ ਰੱਖ ਕੇ ਅਧਿਆਪਕ ਹਿੱਤਾਂ 'ਤੇ ਅਸਰਦਾਰ ਢੰਗ ਨਾਲ ਪਹਿਰਾ ਦਿੱਤਾ ਜਾ ਸਕਦਾ ਹੈ। ਵੱਖਰੀ ਡਫਲੀ ਵਜਾਉਣ ਦੇ ਰਾਹ ਤੁਰਨ ਦਾ ਮਤਲਬ ਹਾਕਮਾਂ ਦੇ ਅਧਿਆਪਕ ਵਿਰੋਧੀ ਮਨਸੂਬਿਆਂ ਨੂੰ ਜਾਣੇ/ਅਣਜਾਏ ਬਲ ਬਖਸ਼ਣ ਦੀ ਕਾਰਵਾਈ ਹੀ ਸਾਬਤ ਹੋਵੇਗੀ।

ਸੁਰਖ਼ ਰੇਖਾ ਜਨਵਰੀ-ਫਰਵਰੀ, 2019 ਸੂਬਾ ਡੈਲੀਗੇਟ ਇਜਲਾਸ ਕਰਨ ਦਾ ਫੈਸਲਾ


ਸੂਬਾ ਡੈਲੀਗੇਟ ਇਜਲਾਸ ਕਰਨ ਦਾ ਫੈਸਲਾ
 

ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਦੀ ਸੂਬਾ ਕਮੇਟੀ ਨੇ ਮੰਚ ਦਾ ਵਿਸ਼ੇਸ਼ ਡੈਲੀਗੇਟ ਇਜਲਾਸ 6 ਜਨਵਰੀ 2018 ਨੂੰ ਪਿੰਡ ਨਾਹਲ ਖੋਟੇ ਜ਼ਿਲ੍ਹਾ ਮੋਗਾ ਵਿਖੇ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਮੰਚ ਦੇ ਸੂਬਾ ਜਨਰਲ ਸਕੱਤਰ ਬਲਵੰਤ ਮੱਖੂ ਨੇ ਪ੍ਰੈਸ ਦੇ ਨਾਂ ਜਾਰੀ ਕੀਤੇ ਬਿਆਨ ਵਿੱਚ ਦਿੱਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਮੰਚ ਦੇ ਇਜਲਾਸ ਦਾ ਸਮਾਂ ਅਜੇ ਰਹਿੰਦਾ ਹੈ, ਪਰ ਸੂਬਾ ਕਮੇਟੀ ਜਥੇਬੰਦੀ ਨੂੰ ਦਰਪੇਸ਼ ਕੁੱਝ ਨੀਤੀਗਤ ਅਤੇ ਜਥੇਬੰਦਕ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਸ਼ੇਸ਼ ਸੂਬਾ ਡੈਲੀਗੇਟ ਇਜਸਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਇਜਲਾਸ ਵਿੱਚ ਕਾਰਗੁਜਾਰੀ ਦਾ ਲੇਖਾਜੋਖਾ, ਵਿਸ਼ੇਸ਼ ਮਤਾ, ਮੌਜੂਦਾ ਹਾਲਤ ਅਤੇ ਸਾਡੇ ਕਾਰਜ ਅਤੇ ਸੂਬਾ ਕਮੇਟੀ ਦੀ ਚੋਣ ਆਧਾਰਤ 4 ਅਜੰਡੇ ਹੋਣਗੇ। 6 ਜਨਵਰੀ ਨੂੰ 10 ਵਜੇ ਸੂਬਾ ਕਮੇਟੀ ਵੱਲੋਂ ਝੰਡੇ ਦੀ ਸਲਾਮੀ ਦੇਣ, ਸ਼ਹੀਦਾਂ ਦੀ ਯਾਦ ਵਿੱਚ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਹੀ ਇਜਲਾਸ ਦੀ ਸ਼ੁਰੂਆਤ ਕੀਤੀ ਜਾਵੇਗੀ। ਇਜਲਾਸ ਦੀ ਸਮਾਪਤੀ 'ਤੇ ਰੈਲੀ ਕਰਕੇ ਜਨਰਲ ਸਕੱਤਰ ਦੇ ਭਾਸ਼ਣ ਨਾਲ ਇਜਲਾਸ ਦੀ ਸਮਾਪਤੀ ਹੋਵੇਗੀ। ਸੂਬਾ ਕਮੇਟੀ ਸਾਰੇ ਇਲਾਕਿਆਂ ਦੇ ਡੈਲੀਗੇਟਾਂ ਅਤੇ ਦਰਸ਼ਕਾਂ ਨੂੰ ਅਪੀਲ ਕਰਦੀ ਹੈ ਕਿ ਇਜਲਾਸ ਦੀ ਸਫਲਤਾ ਲਈ ਹੁਣ ਤੋਂ ਹੀ ਜੁਟ ਜਾਣ। ਭਖਵੇਂ ਮੁੱਦਿਆਂ 'ਤੇ ਲਿਖਤੀ ਮਤੇ ਵੀ ਪਾਸ ਕੀਤੇ ਜਾਣਗੇ। ਸੂਬਾ ਕਮੇਟੀ ਨੇ ਪੰਚਾਇਤੀ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਅਖੌਤੀ ਵਿਧਾਨ-ਪਾਲਿਕਾ ਦੀ ਪੌੜੀ ਦਾ ਸਭ ਤੋਂ ਹੇਠਲਾ ਡੰਡਾ ਹੈ ਅਤੇ ਹਾਕਮ ਜਮਾਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਹੱਥਠੋਕਿਆਂ ਨੂੰ ਪੰਚਾਇਤਾਂ 'ਤੇ ਕਬਜ਼ੇ ਕਰਵਾ ਕੇ ਲੋਕ ਸਭਾ ਚੋਣਾਂ ਵਿੱਚ ਇਹਨਾਂ ਰਾਹੀਂ ਵੋਟਾਂ ਦੀ ਫਸਲ ਵੱਢਣਾ ਚਾਹੁੰਦੀਆਂ ਹਨ। ਇਸ ਵਿੱਚ ਧੱਕੇਸ਼ਾਹੀ, ਨਸ਼ੇ ਤੇ ਗੁੰਡਾਗਰਦੀ ਦੀ ਖੁੱਲ੍ਹਮ-ਖੁੱਲ੍ਹੀ ਵਰਤੋਂ ਹੋਵੇਗੀ। ਇਹ ਲੋਕਾਂ ਦੀ ਰਜ਼ਾ ਦਾ ਫੈਸਲਾ ਨਹੀਂ ਹੋਣਾ।

ਸੁਰਖ਼ ਰੇਖਾ ਜਨਵਰੀ-ਫਰਵਰੀ, 2019 ਸੰਘਰਸ਼ ਦੇ ਮੈਦਾਨ 'ਚੋਂ


ਸੰਘਰਸ਼ ਦੇ ਮੈਦਾਨ 'ਚੋਂ
 

ਗੰਨਾ-ਉਤਪਾਦਕਾਂ ਨੇ ਜਰਨੈਲੀ ਸੜਕ ਜਾਮ ਕਰਕੇ ਆਪਣੀਆਂ ਮੰਗਾਂ ਮਨਵਾਈਆਂ
 

ਵੱਖ ਵੱਖ ਕਿਸਾਨ ਜਥੇਬੰਦੀਆਂ ਗੰਨੇ ਦੀ ਪਿੜਾਈ ਦਾ ਮਸਲਾ ਹੱਲ ਕਰਵਾਉਣ ਲਈ ਪਿਛਲੇ ਸੱਤ ਮਹੀਨਿਆਂ ਤੋਂ ਯਤਨ ਕਰ ਰਹੀਆਂ ਸਨ ਤੇ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਸਨ। ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇ ਗੰਨਾ ਕਮਿਸ਼ਨਰ ਨਾਲ ਦੋ ਵਾਰ ਮੀਟਿੰਗਾਂ ਕੀਤੀਆ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਨਿੱਜੀ ਖੰਡ ਮਿੱਲਾਂ ਨੇ ਇਸ ਸਾਲ 6 ਮਈ ਨੂੰ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਸਾਫ਼ ਕਰ ਦਿੱਤਾ ਸੀ ਕਿ ਉਹ 275 ਰੁਪਏ ਕੁਇੰਟਲ ਤੋਂ ਵੱਧ ਭਾਅ 'ਤੇ ਗੰਨਾ ਨਹੀਂ ਖ਼ਰੀਦਣਗੇ ਤੇ ਉਸ ਸਥਿਤੀ ਵਿਚ ਸਰਕਾਰ ਨੇ ਮਿੱਲਾਂ ਚਲਾਉਣ ਲਈ ਕੋਈ ਕਦਮ ਨਹੀਂ ਚੁੱਕਿਆ। ਗੰਨਾ ਉਤਪਾਦਨ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਗੁਰਦਾਸਪੁਰ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਸੀ। ਇਸ ਵਿੱਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ, ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨ ਸਭਾ ਤੇ ਦੋਵੇਂ ਕਿਸਾਨ ਸਭਾਵਾਂ ਦਾ ਸਾਂਝਾ ਮੱਤ ਸੀ ਕਿ ਮਿੱਲਾਂ ਛੋਟੇ ਤੇ ਗਰੀਬ ਕਿਸਾਨਾਂ ਨਾਲ ਵਧੀਕੀਆਂ ਕਰਦੀਆਂ ਆ ਰਹੀਆਂ ਹਨ, ਜਿਸ ਖਿਲਾਫ ਉਹ ਡੀ.ਸੀ. ਦਫਤਰ ਸਾਹਮਣੇ ਸਮੇਂ ਸਮੇਂ 'ਤੇ ਧਰਨੇ-ਮੁਜਾਹਰੇ ਤੇ ਘੇਰਾਓ ਕਰਦੀਆਂ ਆ ਰਹੀਆਂ ਹਨ।
28 ਨਵੰਬਰ ਨੂੰ ਮਾਝਾ ਕਿਸਾਨ ਸੰਘਰਸ਼ ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਨਾਲ ਮਿੱਲ ਦੇ ਕਸਬਾ ਹਰਚੋਵਾਲ ਵਿੱਚ ਚੌਕ ਜਾਮ ਕਰਕੇ ਅਣਮਿਥੇ ਸਮੇਂ ਤੱਕ ਸੜਕੀ ਚੌਕ ਜਾਮ ਜਾਰੀ ਰਖਣ ਦਾ ਐਲਾਨ ਕਰ ਦਿੱਤਾ। 30 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਕੀੜੀ ਅਫਗਾਨਾ ਖੰਡ ਮਿੱਲ ਨਾਲ ਸਬੰਧਤ ਸ਼ਰਾਬ ਫੈਕਟਰੀ ਵੀ ਜਾਮ ਕਰ ਦਿੱਤੀ। ਕਿਸਾਨਾਂ ਵਿੱਚ ਤਿੱਖੇ ਬੇਚੈਨੀ ਤੇ ਰੌਂਅ ਕਰਕੇ ਚੱਕਾ ਜਾਮ ਵਿੱਚ ਲਗਾਤਾਰ ਕਿਸਾਨਾਂ ਦੀ ਗਿਣਤੀ ਵਧਦੀ ਗਈ। ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦਸੂਹਾ-ਹੁਸ਼ਿਆਰਪੁਰ ਰਾਜ ਮਾਰਗ ਆਵਾਜਾਈ ਠੱਪ ਕਰਕੇ ਦਿੱਤਾ ਗਿਆ। ਮੁਕੇਰੀਆਂ ਖੰਡ ਮਿੱਲ ਅੱਗੇ ਧਰਨਾ ਦਿੱਤਾ ਅਤੇ ਤਿੰਨ ਦਿਨ ਬਿਆਸ ਦਾ ਪੁਲ ਜਾਮ ਕਰਕੇ ਰੱਖਿਆ। ਪਰ ਸਰਕਾਰ ਨੇ ਕਿਸਾਨਾਂ ਦੇ ਮੰਗ ਨੂੰ ਅਜੇ ਤੱਕ ਵੀ ਨਾ ਗੌਲਿਆ ਤਾਂ ਕਿਸਾਨਾਂ ਨੇ ਫਗਵਾੜੇ ਦੀ ਖੰਡ ਮਿੱਲ ਲਾਗੇ ਜੀ.ਟੀ. ਰੋਡ ਜਾਮ ਕਰਨ ਦਾ ਐਲਾਨ ਕਰ ਦਿੱਤਾ। 4 ਦਸੰਬਰ ਹਜ਼ਾਰਾਂ ਕਿਸਾਨਾਂ ਨੇ ਖੰਡ ਮਿੱਲ ਫਗਵਾੜਾ ਅੱਗੇ ਧਰਨਾ ਲਾਇਆ ਅਤੇ ਦੁਪਹਿਰ ਬਾਅਦ ਫਗਵਾੜਾ-ਜਲੰਧਰ ਤੇ ਫਗਵਾੜਾ-ਲੁਧਿਆਣਾ ਮਾਰਗ ਜਾਮ ਕਰ ਦਿੱਤਾ। ਕਿਸਾਨ ਆਗੂ ਤੇ ਮੈਂਬਰ ਸਵੇਰੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਪੁੱਜੇ ਤੇ ਉੱਥੋਂ ਅਰਦਾਸ ਕਰਨ ਮਗਰੋਂ ਖੰਡ ਮਿੱਲ ਅੱਗੇ ਧਰਨਾ ਲਾ ਦਿੱਤਾ ਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਯੂਨੀਅਨ ਆਗੂਆਂ ਨੇ 2 ਵਜੇ ਤੱਕ ਧਰਨਾ ਦਿੱਤਾ ਤੇ ਬਾਅਦ ਵਿਚ ਉਹ ਮੇਹਟਾਂ ਬਾਈਪਾਸ ਵੱਲ ਕਰੀਬ 4 ਕਿਲੋਮੀਟਰ ਦੀ ਦੂਰੀ ਵੱਲ ਆਪਣਾ ਕਾਫ਼ਲਾ ਲੈ ਕੇ ਪੈਦਲ ਤੁਰ ਪਏ ਤੇ ਉੱਥੇ ਪੁੱਜ ਕੇ ਡੀ.ਏ.ਵੀ ਕਾਲਜ ਨੇੜੇ ਫਗਵਾੜਾ-ਜਲੰਧਰ ਮਾਰਗ ਠੱਪ ਕਰ ਦਿੱਤਾ। ਪੁਲੀਸ ਨੇ ਜਾਮ ਖੁੱਲ੍ਹਵਾਉਣ ਲਈ ਪੂਰੀ ਵਾਹ ਲਾਈ, ਪਰ ਕਿਸਾਨ ਸੜਕ 'ਤੇ ਡਟੇ ਰਹੇ। ਇਸ ਦੌਰਾਨ ਵਾਹਨਾਂ ਦੀਆਂ ਕਾਫ਼ੀ ਲੰਮੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਵੱਲੋਂ ਫਗਵਾੜਾ ਖੰਡ ਮਿੱਲ ਅੱਗੇ ਲਾਏ ਧਰਨੇ ਕਾਰਨ ਸਾਰੀ ਟ੍ਰੈਫਿਕ ਜਲੰਧਰ-ਹੁਸ਼ਿਆਰਪੁਰ ਸੜਕ ਵੱਲ ਮੋੜਨ 'ਤੇ ਆਦਮਪੁਰ ਵਿਚ ਜਾਮ ਲੱਗ ਗਿਆ। ਇਸ ਕਾਰਨ ਵਾਹਨਾਂ ਦੀਆਂ ਕਈ ਕਿਲੋਮੀਟਰ ਤੱਕ ਲਾਈਨਾਂ ਲੱਗ ਗਈਆਂ। ਸਵੇਰੇ ਤੋਂ ਹੀ ਆਦਮਪੁਰ ਵਿਚ ਜਾਮ ਲੱਗਣ ਲੱਗ ਪਿਆ ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਹੁਸ਼ਿਆਰਪੁਰ ਰੋਡ 'ਤੇ ਪੰਜ ਕਿਲੋਮੀਟਰ ਕਠਾਰ ਅਤੇ ਜਲੰਧਰ ਰੋਡ 'ਤੇ ਪੈਂਦੇ ਪਿੰਡ ਉਦੇਸੀਆਂ (4 ਕਿਲੋਮੀਟਰ) ਤੱਕ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ।
5 ਦਸੰਬਰ ਨੂੰ ਜਦੋਂ ਦੂਸਰੇ ਦਿਨ ਸੜਕੀ ਜਾਮ ਜਾਰੀ ਰਿਹਾ ਤਾਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕੀਤਾ। ਗੱਲਬਾਤ ਤਾਂ ਭਾਵੇਂ 4 ਦਸੰਬਰ ਤੋਂ ਹੀ ਚੱਲ ਰਹੀ ਸੀ ਪਰ ਸਰਕਾਰ ਕਿਵੇਂ ਨਾ ਕਿਵੇਂ ਕਿਸਾਨਾਂ ਨੂੰ ਟਰਕਾਅ ਦੇ ਧਰਨਾ ਖਤਮ ਕਰਵਾਉਣਾ ਚਾਹੁੰਦੀ ਸੀ। ਪਰ ਜਦੋਂ ਕਿਸਾਨ ਆਪਣੇ ਘੋਲ ਦੇ ਰਾਹ ਡਟੇ ਰਹੇ ਤਾਂ ਸਰਕਾਰ ਨੂੰ ਉਹਨਾਂ ਅੱਗੇ ਝੁਕਣਾ ਪਿਆ। ਇਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਨੇ ਦੱਸਿਆ ਕਿ ਫਗਵਾੜਾ ਮਿੱਲ ਮਾਲਕਾਂ ਨੇ ਭਰੋਸਾ ਦਿੱਤਾ ਹੈ ਕਿ ਇਸ ਮਿੱਲ ਵੱਲ ਕਿਸਾਨਾਂ ਦੀ ਰੁਕੀ 51 ਕਰੋੜ ਰੁਪਏ ਦੀ ਰਾਸ਼ੀ 15 ਜਨਵਰੀ ਤੱਕ ਜਾਰੀ ਕਰ ਦਿੱਤੀ ਜਾਵੇਗੀ। ਡੀ.ਸੀ. ਨੇ ਦੱਸਿਆ ਕਿ 285 ਰੁਪਏ ਦੀ ਕੀਮਤ ਮਿੱਲ ਮਾਲਕ ਦੇਣਗੇ ਤੇ 25 ਰੁਪਏ ਦੀ ਸਬਸਿਡੀ ਸਰਕਾਰ ਕਿਸਾਨਾਂ ਦੇ ਖਾਤੇ ਵਿਚ ਸਿੱਧੀ ਪਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਛੇਤੀ ਹੀ ਹੋਰ ਮਿੱਲਾਂ ਦੇ ਬਕਾਏ ਦਾ ਮਸਲਾ ਵੀ ਤੁਰੰਤ ਹੱਲ ਕਰ ਰਹੀ ਹੈ ਤੇ ਮਿੱਲਾਂ ਇਕ ਹਫ਼ਤੇ ਵਿਚ ਚਾਲੂ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ ਤੇ ਪੱਕੇ ਭਰੋਸੇ ਮਗਰੋਂ ਹੀ ਇਹ ਫ਼ੈਸਲਾ ਲਿਆ ਗਿਆ ਹੈ। ਅੰਦੋਲਨਕਾਰੀ ਕਿਸਾਨ ਆਗੂਆਂ ਨੇ ਦੱਸਿਆ ਕਿ ਨਿੱਜੀ ਖੰਡ ਮਿੱਲਾਂ ਨਾਲ ਸਮਝੌਤਾ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਨਿੱਜੀ ਖੰਡ ਮਿੱਲ ਮਾਲਕ 192 ਕਰੋੜ ਰੁਪਏ ਦੀ ਬਕਾਇਆ ਰਕਮ 15 ਜਨਵਰੀ ਤੱਕ ਦੇਣਗੇ। ਇਸ ਤੋਂ ਬਾਅਦ ਹੀ ਕਿਸਾਨ ਜਾਮ ਖੋਲ੍ਹਣ ਲਈ ਸਹਿਮਤ ਹੋਏ।
ਇਸੇ ਹੀ ਤਰ੍ਹਾਂ ਉਪ ਮੰਡਲ ਮੈਜਿਸਟ੍ਰੇਟ ਦਸੂਹਾ ਹਰਚਰਨ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮਿੱਲ ਪ੍ਰਬੰਧਕਾਂ ਦੀ ਟੀਮ ਧਰਨੇ ਵਾਲੀ ਥਾਂ 'ਤੇ ਪੁੱਜੀ, ਜਿੱਥੇ ਏ.ਬੀ ਸ਼ੂਗਰ ਮਿੱਲ ਦੇ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਗਰੇਵਾਲ ਤੇ ਮੈਨੇਜਰ ਦੇਸਰਾਜ ਵੱਲੋਂ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਕਿਸਾਨਾਂ ਦੇ 2.5 ਕਰੋੜ ਦੀ ਬਕਾਇਆ ਰਾਸ਼ੀ ਅਗਲੇ ਦਿਨਾਂ 'ਚ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ, ਜਦੋਂਕਿ ਮਿੱਲ ਵਿਚ ਪਿੜਾਈ ਦਾ ਕੰਮ 12 ਦਸੰਬਰ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।
 

ਵੋਟਾਂ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ
 

ਭਾਰਤੀ ਕਿਸਾਨ ਯੂਨੀਅਨ ਏਕਤਾ (ਗੁਰਦਾਸਪੁਰ) ਬਲਾਕ ਫਤਿਹਗੜ੍ਹ ਚੂੜੀਆਂ ਵੱਲੋਂ ਅੱਜ ਫਹਿਤਗੜ੍ਹ ਚੂੜੀਆਂ ਤੋਂ ਸ਼ੁਰੂ ਕਰਕੇ ਦਰਜ਼ਨਾਂ ਪਿੰਡਾਂ ਵਿੱਚ ਕਿਸਾਨ-ਮਜ਼ਦੂਰ ਚੇਤਨਾ ਮਾਰਚ ਕੱਢਿਆ ਗਿਆ। ਵੱਡੀ ਗਿਣਤੀ ਵਿੱਚ ਕਿਸਾਨਾਂ ਵੰਲੋਂ ਮੋਟਰਸਾਈਕਲਾਂ 'ਤੇ ਮਾਰਚ ਕਰਦਿਆਂ, ਲੋਕਾਂ ਨੂੰ ਸੱਦਾ ਦਿੱਤਾ ਕਿ ਪੰਚਾਇਤੀ ਚੋਣਾਂ ਨੇ ਲੋਕਾਂ ਦਾ ਕੁੱਝ ਨਹੀਂ ਸੁਆਰਨਾ। ਸਰਕਾਰਾਂ ਵੋਟਾਂ ਦੇ ਰੌਲੇ-ਗੌਲੇ ਵਿੱਚ ਕਿਸਾਨਾਂ-ਮਜ਼ਦੂਰਾਂ ਦੇ ਹਕੀਕੀ ਮੁੱਦਿਆਂ ਨੂੰ ਰੋਲ ਰਹੀਆਂ ਹਨ। ਪਿੰਡਾਂ ਵਿੱਚ ਧੜੇਬੰਦੀਆਂ ਅਤੇ ਲੜਾਈ ਝਗੜੇ ਪਾ ਕੇ ਲੋਕਾਂ ਦੀ ਜਮਾਤੀ ਏਕਤਾ ਨੂੰ ਤੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਚਾਇਤਾਂ ਨੇ ਕਦੇ ਵੀ ਮਜ਼ਦੂਰਾਂ-ਕਿਸਾਨਾਂ ਦੇ ਹੱਕ ਵਿੱਚ ਕੋਈ ਹਾਂ-ਪੱਖੀ ਕੰਮ ਨਹੀਂ ਕੀਤਾ ਤੇ ਪਿੰਡਾਂ ਵਿੱਚ ਗਰੀਬ ਕਿਸਾਨਾਂ ਤੇ ਦਲਿਤ ਮਜ਼ਦੂਰਾਂ 'ਤੇ ਜਬਰ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਨੂੰ ਚੋਣਾਂ ਵਿੱਚ ਨਹੀਂ ਉਲਝਣਾ ਚਾਹੀਦਾ ਸਗੋਂ ਆਪਣੀਆਂ ਜਥੇਬੰਦੀਆਂ ਮਜਬੂਤ ਕਰਨੀਆਂ ਚਾਹੀਦੀਆਂ ਹਨ। ਇਸ ਚੇਤਨਾ ਮਾਰਚ ਨੂੰ ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਠੱਠਾ, ਜ਼ਿਲ੍ਹਾ ਸਕੱਤਰ ਨਰਿੰਦਰ ਸਿੰਘ ਕੋਟਲਾਬਾਮਾ, ਹਰਜੀਤ ਸਿੰਘ ਵੀਲ੍ਹਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
 

ਮਮਦੋਟ ਤਹਿਸੀਲ ਅੱਗੇ ਵਿਸ਼ਾਲ ਧਰਨਾ
 

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 10 ਦਸੰਬਰ ਨੂੰ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਸਬ ਤਹਿਸੀਲ ਮਮਦੋਟ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਅਤੇ ਭ੍ਰਿਸ਼ਟ ਪੰਜਾਬ ਸਰਕਾਰ, ਭ੍ਰਿਸ਼ਟ ਜ਼ਿਲ੍ਹਾ ਪ੍ਰਸਾਸ਼ਨ ਅਤੇ ਮਮਦੋਟ ਦੇ ਭ੍ਰਿਸਟ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਜ਼ੋਨ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ, ਧਰਮ ਸਿੰਘ ਸਿੱਧੂ ਆਦਿ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭ੍ਰਿਸ਼ਟ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਪ੍ਰਸਾਸ਼ਨ ਅਤੇ ਤਹਿਸੀਲ ਮਮਦੋਟ ਦੇ ਮਾਲ ਅਧਿਕਾਰੀ ਦੋਵੇਂ ਹੱਥੀਂ ਆਮ ਜਨਤਾ ਦੀ ਵੱਡੇ ਪੱਧਰ 'ਤੇ ਫ੍ਰਿਸ਼ਟਾਰ ਰਾਹੀਂ ਲੁੱਟ ਖਸੁੱਟ ਕਰ ਰਹੇ ਹਨ ਅਤੇ ਉਹਨਾਂ ਨੂੰ ਰੱਜ ਕੇ ਜਲੀਲ ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਕੋਈ ਵੀ ਕੰਮ ਬਿਨਾ ਰਿਸ਼ਵਤ ਦੇ ਨਹੀਂ ਹੋ ਰਿਹਾ। ਇਸ ਮੌਕੇ ਕਿਸਾਨ ਆਗੁਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਦਫਤਰਾਂ ਅਤੇ ਸਬ ਤਹਿਸੀਲ ਮਮਦੋਟ ਵਿੱਚ ਫੈਲਿਆ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ ਤੇ ਭ੍ਰਿਸ਼ਟ ਅਧਿਕਾਰੀਆਂ, ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਪਿੰਡ ਤਰਾਂ ਵਾਲੀ, ਪਛਾਨਾਵਾਲਾ ਅਤੇ ਭੱਟੀਆਂ ਦੇ ਕਿਸਾਨਾਂ ਦੀ 150 ਏਕੜ ਫਸਲ ਮਮਦੋਟ ਸੇਮ ਨਾਲੇ ਦੇ ਗੰਦੇ ਪਾਣੀ ਨਾਲ ਬਰਬਾਦ ਹੋ ਰਹੀ ਹੈ। ਇਸ ਸੇਮ ਨਾਲੇ ਵਿੱਚ ਪੈ ਰਿਹਾ ਗੈਰ ਕਾਨੂੰਨੀ ਗੰਦਾ ਪਾਣੀ ਤੁਰੰਤ ਬੰਦ ਕਰਵਾ ਕੇ ਇਸਦਾ ਨਿਕਾਸ ਕੀਤਾ ਜਾਵੇ ਤੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਪਿਛਲੇ ਦਸ ਸਾਲਾਂ ਤੋਂ ਬਣਦਾ ਮੁਆਵਜਾ ਦਿੱਤਾ ਜਾਵੇ। ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਦਾ ਕੇਂਦਰ ਸਰਕਾਰ ਤੋਂ ਆਇਆ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਤੁਰੰਤ ਕਿਸਾਨਾਂ ਨੂੰ ਦਿੱਤਾ ਜਾਵੇ। 1200 ਏਕੜ ਦੀ ਜੰਗਲਾਤ ਵਿਭਾਗ ਦੀ ਰੱਖ ਦੇ ਨਾਲ ਕੰਡਿਆਲੀ ਤਾਰ ਲਾਈ ਜਾਵੇ ਤਾਂ ਜੋ ਰੱਖ ਵਿਚਲੀਆਂ ਨੀਲ ਗਾਵਾਂ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਨਾ ਕਰਨ। ਨਗਰ ਪੰਚਾਇਤ ਮਮਦੋਟ ਅਧੀਨ ਪਿੰਡਾਂ ਦੇ ਗਰੀਬਾਂ ਨੂੰ ਕੇਂਦਰ ਸਰਕਾਰ ਵੱਲੋਂ ਮਕਾਨ ਬਣਾਉਣ ਦੀ ਆਈ ਗਰਾਂਟ ਬਿਨਾ ਕਿਸੇ ਵਿਤਕਰੇ ਅਤੇ ਬਹਾਨੇ ਤੋਂ ਗਰੀਬਾਂ ਨੂੰ ਦਿੱਤੀ ਜਾਵੇ। ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ। ਡਾ. ਸਵਾਮੀਨਾਥਨ ਦੀ ਰਿਪੋਰਟ ਚੋਣ ਵਾਅਦੇ ਅਨੁਸਾਰ ਮੁਕੰਮਲ ਰੂਪ ਵਿੱਚ ਲਾਗੂ ਕੀਤੀ ਜਾਵੇ।
 

ਭ੍ਰਿਸ਼ਟ ਏ.ਐਸ.ਆਈ. ਖਿਲਾਫ ਧਰਨਾ
 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 14 ਦਸੰਬਰ ਨੂੰ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਭ੍ਰਿਸ਼ਟ ਪੁਲਸ, ਪ੍ਰਸਾਸ਼ਨ, ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦੀ ਸਿਆਸੀ ਛਤਰੀ ਹੇਠ ਪਲ ਰਹੇ ਭ੍ਰਿਸ਼ਟ ਤੇ ਧੱਕੇਸ਼ਾਹ ਜੋਗੇਵਾਲੇ ਚੌਂਕੀ ਦੇ ਇੰਚਾਰਜ ਏ.ਐਸ.ਆਈ. ਸੁਰਜੀਤ ਸਿੰਘ ਖਿਲਾਫ ਚੌਂਕੀ ਜੋਗੇਵਾਲਾ ਦਾ ਮੁਕੰਮਲ ਘੇਰਾਓ ਕਰੇਕ ਵਿਸ਼ਾਲ ਧਰਨਾ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੌਕੇ 'ਤੇ ਪੁੱਜੇ ਡੀ.ਐਸ.ਪੀ. ਜ਼ੀਰਾ ਨਰਿੰਦਰ ਸਿੰਘ ਵੱਲੋਂ ਧਰਨਾਕਾਰੀਆਂ ਵੱਲੋਂ ਰੱਖੀਆਂ 9 ਮੰਗਾਂ ਸਬੰਧੀ ਕਿਸਾਨ ਆਗੁਆਂ ਨਾਲ ਮੀਟਿੰਗ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਧਰਨਾਕਾਰੀਆਂ ਦੀ ਸੱਥ ਵਿੱਚ ਆ ਕੇ ਵਿਸ਼ਵਾਸ਼ ਦੁਆਇਆ ਕਿ ਏ.ਐਸ.ਆਈ. ਸੁਰਜੀਤ ਸਿੰਘ ਵੱਲੋਂ ਕਿਸਾਨ ਛਿੰਦਰ ਸਿੰਘ ਲਾਲੂਵਾਲਾ ਪਾਸੋਂ ਲਈ 12 ਹਜ਼ਾਰ ਰਿਸ਼ਵਤ ਅਤੇ 5 ਹਜ਼ਾਰ ਰੁਪਏ ਰਿਸ਼ਤਵ ਮੰਗਦੇ ਦੀ ਕਾਲ ਰਿਕਾਰਡਿੰਗ ਸਮੇਤ ਦਿੱਤੇ ਸੂਬਤਾਂ ਦੀ ਜਾਂਚ ਚੱਲ ਰਹੀ ਹੈ ਐਸ.ਪੀ.ਡੀ. ਪਾਸ ਇਨਕੁਆਰੀ ਦੀ ਜਾਂਚ ਜਲਦ ਮੁਕੰਮਲ ਕਰਕੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ 30 ਦਸੰਬਰ ਨੂੰ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਇਸ ਚੌਕੀ ਇੰਚਾਰਜ ਦਾ ਜ਼ਿਲ੍ਹਾ ਬਦਲੀ ਕੀਤਾ ਜਾਵੇਗਾ। ਇਸੇ ਤਰ੍ਹਾਂ ਤਾਰਾ ਸਿੰਘ ਕੁੱਸੂਵਾਲਾ ਪਾਸੋਂ ਇਸ ਚੌਕੀ ਦੇ ਦੋ ਹਵਾਲਦਾਰਾਂ ਸੀਸਾ ਸਿੰਘ ਤੇ ਨਿਸ਼ਾਨ ਸਿੰਘ ਨੇ 10 ਹਜ਼ਾਰ ਲਈ ਰਿਸ਼ਵਤ ਦੇ ਦੋਸ਼ਾਂ ਦੀ ਚੱਲ ਰਹੀ ਐਸ.ਪੀ.ਐਸ. ਫਿਰੋਜ਼ਪੁਰ ਪਾਸ ਇਨਕੁਆਰੀ ਜਲਦ ਮੁਕੰਮਲ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਾਕੀ ਸੱਤ ਮਸਲਿਆਂ ਦਾ ਹੱਲ ਐਸ.ਐਚ.ਓ. ਮੱਖੂ ਤੇ ਡੀ.ਐਸ.ਪੀ. ਜ਼ੀਰਾ 10 ਜਨਵਰੀ ਤੱਕ ਕਰ ਦੇਣਗੇ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ, ਜ਼ੋਨ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ, ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਦੀਨੇ ਕੇ ਨੇ ਕਿਹਾ ਕਿ ਜੇਕਰ ਉਪਰੋਕਤ ਮਸਲਿਆਂ 'ਤੇ ਟਾਲਮਟੋਲ ਕੀਤੀ ਗਈ ਤਾਂ ਜਥੇਬੰਦੀ ਜ਼ਿਲ੍ਹਾ ਪ੍ਰਸਾਸ਼ਨ ਖਿਲਾਫ ਮੋਰਚਾ ਲਾਵੇਗੀ।
 

ਐਸ.ਐਸ.ਪੀ. ਤਰਨਤਾਰਨ ਅੱਗੇ ਪੱਕਾ ਮੋਰਚਾ
 

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਭ੍ਰਿਸ਼ਟ ਪੰਜਾਬ ਸਰਕਾਰ ਅਤੇ ਪੁਲਸ ਪ੍ਰਸਾਸ਼ਨ ਤੇ ਗੁੰਡਾ ਗਰੋਹਾਂ ਦੇ ਗੱਠਜੋੜ ਵੱਲੋਂ ਕੀਤੇ ਜਾ ਰਹੇ ਜਬਰ ਖਿਲਾਫ 17 ਦਸੰਬਰ ਨੂੰ ਸੈਂਕੜੇ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਐਸ.ਐਸ.ਪੀ. ਦਫਤਰ ਤਰਨਤਾਰਨ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਤੇ ਪੁਲਸ ਪ੍ਰਸਾਸ਼ਨ ਤੇ ਭ੍ਰਿਸ਼ਟ ਹਲਕਾ ਵਿਧਾਇਕਾਂ ਦੀ ਨਿੱਘਰ ਚੁੱਕੀ ਕਾਰਗੁਜਾਰੀ ਤੇ ਅਮਨ-ਕਾਨੂੰਨ ਦੀ ਬਣੀ ਗੰਭੀਰ ਸਥਿਥੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਬੀਬੀ ਕੁਲਵਿੰਦਰ ਕੌਰ ਵਲੀਪੁਰ ਨੇ ਐਲਾਨ ਕੀਤਾ ਕਿ ਜੇਕਰ ਐਸ.ਐਸ.ਪੀ. ਤਰਨਤਾਰਨ ਨੇ 19 ਸੂਤਰੀ ਮੰਗ ਪੱਤਰ ਦਾ ਕੋਈ ਹੱਲ ਨਾ ਕੱਢਿਆ ਤਾਂ 19 ਦਸੰਬਰ ਨੂੰ ਮੁੱਖ ਮਾਰਗ ਨੈਸ਼ਨਲ ਹਾਈਵੇਅ ਨੰਬਰ 54 ਰਸੂਲਪੁਰ ਨਹਿਰਾਂ ਵਿਖੇ ਪੱਕੇ ਤੌਰ 'ਤੇ ਜਾਮ ਕਰਕੇ ਮੁਕੰਮਲ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ।
ਇਸ ਐਲਾਨ ਦੇ ਦਬਾਅ ਹੇਠ ਐਸ.ਐਸ.ਪੀ. ਵੱਲੋਂ ਦੇਰ ਸ਼ਾਮ ਕਿਸਾਨ ਆਗੂਆਂ ਨਾਲ ਦੋ ਪੜਾਅ ਦੀ ਲੰਬੀ ਮੀਟਿੰਗ ਕਰਕੇ 19 ਸੂਤਰੀ ਮੰਗ ਪੱਤਰ ਵਿੱਚੋਂ ਬਹੁਤੇ ਮਸਲੇ ਮੌਕੇ ਉੱਤੇ ਹੱਲ ਕਰ ਦਿੱਤੇ ਤੇ ਬਾਕੀ ਰਹਿ ਗਏ ਮਸਲਿਆਂ ਦੇ ਹੱਲ ਦਾ ਸਮਾਂ ਨਿਯਤ ਕਰਕੇ ਹਰ ਹਾਲਤ ਵਿੱਚ ਹੱਲ ਕੱਢਣ ਦਾ ਪੁਖਤਾ ਭਰੋਸਾ ਦਿੱਤਾ ਤੇ ਦੁਬਾਰਾ ਮਸਲਿਆਂ ਦੀ ਸਮੀਖਿਆ ਕਰਨ ਲਈ 20 ਦਸੰਬਰ ਨੂੰ ਸਾਢੇ ਗਿਆਰਾਂ ਵਜੇ ਜ਼ਿਲ੍ਹਾ ਪੁਲਸ ਮੁਖੀ ਨੇ ਆਪਣੇ ਦਫਤਰ ਵਿੱਚ ਕਿਸਾਨ ਮਜ਼ਦੂਰ ਆਗੂਆਂ ਨਾਲ ਮੀਟਿੰਗ ਤਹਿ ਕੀਤੀ। ਦੇਰ ਰਾਤ ਗਏ ਐਸ.ਪੀ.ਡੀ. ਤਿਲਕ ਰਾਜ ਅਤੇ ਐਸ.ਪੀ.ਐਚ. ਗੁਰਨਾਮ ਸਿੰਘ ਨੇ ਧਰਨੇ ਵਿੱਚ ਪਹੁੰਚ ਕੇ ਜ਼ਿਲ੍ਹਾ ਪੁਲਸ ਮੁਖੀ ਨੇ ਮੰਗਾਂ ਮੰਨਣ ਦਾ ਐਲਾਨ ਕੀਤਾ ਕਿ 10 ਨਵੰਬਰ ਨੂੰ ਚੌਕ ਚਾਰ ਖੰਭਾ ਵਿੱਚ ਸੂਬਾ ਪ੍ਰਧਾਨ ਦੇ ਲੜਕੇ ਅਤੇ ਰਿਸ਼ਤੇਦਾਰ ਉੱਤੇ ਹਮਲਾ ਕਰਨ, ਲੁੱਟ-ਖੋਹ ਕਰਨ ਅਤੇ ਗੱਡੀ ਭੰਨਣ ਦੇ ਨਾਮਜ਼ਦ ਪੰਜ ਦੋਸ਼ੀ ਜੇਲ੍ਹ ਭੇਜ ਦਿੱਤੇ ਗਏ ਹਨ ਅਤੇ ਮੁੱਖ ਸਰਗਨਾ ਅਸ਼ਵਨੀ ਕੁਮਾਰ ਉਰਫ ਸੈਫੀ ਜਲਦ ਕਾਬੂ ਕਰ ਲਿਆ ਜਾਵੇਗਾ ਅਤੇ ਇਸ ਮੁਕੱਦਮੇ ਦਾ ਅਦਾਲਤ ਵਿੱਚ ਚਲਾਣ ਪੇਸ਼ ਕਰਨ ਦੇ ਹੁਕਮ ਐਸ.ਐਚ.ਓ. ਥਾਣਾ ਸਿਟੀ ਨੂੰ ਮੌਕੇ ਉੱਤੇ ਦਿੱਤੇ ਗਏ। ਪਿੰਡ ਝਾਮਕਾ ਦੇ ਕਿਸਾਨ ਗੁਰਜੀਤ ਸਿੰਘ ਦੀ ਜ਼ਮੀਨ ਹੜੱਪਣ ਅਤੇ ਖੇਤੀਬਾੜੀ ਦਾ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਮੁਕੱਦਮਾ ਨੰ. 108 ਥਾਣਾ ਝਬਾਲ ਵੱਲੋਂ ਚਲਾਣ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਤੇ ਦੋਸ਼ੀਆਂ ਵੱਲੋਂ ਬਣਾਈ ਜਾਅਲੀ 326 ਕਿਸੇ ਵੀ ਸੂਰਤ ਵਿੱਚ ਦਰਜ਼ ਨਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਰਪਟ ਪਾ ਕੇ ਉਸਦੀ ਕਾਪੀ ਕਿਸਾਨ ਆਗੁਆਂ ਨੂੰ ਦਿੱਤੀ ਜਾਵੇਗੀ। ਤਰਨਤਾਰਨ ਜ਼ਿਲ੍ਹੇ ਵਿੱਚ ਮਜਬੂਰੀ ਵਸ ਪਰਾਲੀ ਨੂੰ ਨਸ਼ਟ ਕਰਨ ਵਾਲੇ ਕਿਸਾਨਾਂ ਉੱਤੇ ਕੀਤੇ ਪਰਚੇ ਰੱਦ ਕਰਨ ਦੇ ਹੁਕਮ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਹੇਠਲੇ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਤੇ ਕਿਹਾ ਗਿਆ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਕਿਸਾਨ ਨੂੰ ਇਸ ਸਬੰਧੀ ਸ਼ਿਕਾਇਤ ਹੋਵੇ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਇਸੇ ਤਰ੍ਹਾਂ ਥਾਣਾ ਝਬਾਲ, ਥਾਣਾ ਸਿਟੀ ਤਰਨਤਾਰਨ ਅਤੇ ਸਰਾਏ ਅਮਾਨਤ ਖਾਂ ਵਿਖੇ ਪਿਛਲੇ ਸਮੇਂ ਵਿੱਚ ਕਿਸਾਨ ਆਗੂਆਂ ਉੱਤੇ ਕੀਤੇ ਗਏ ਪਰਚਿਆਂ ਐਫ.ਆਈ.ਆਰ. ਨੰਬਰ 79/14, 41/16, 288/17 ਅਤੇ 73/17 ਮੁਕੱਦਮਿਆਂ ਨੂੰ ਰੱਦ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਐਸ.ਪੀ. ਟਰੈਫਿਕ ਜਸਵੰਤ ਕੌਰ ਤੇ ਡੀ.ਐਸ.ਪੀ.ਡੀ. ਸਤਨਾਮ ਸਿੰਘ ਸਮੇਤ ਹੋਰ ਉੱਚ ਪੁਲਸ ਅਧਿਕਾਰੀਆਂ ਪਾਸ ਮਸਲਿਆਂ ਦੀਆਂ ਚੱਲ ਰਹੀਆਂ ਇਨਕੁਆਰੀਆਂ ਇੱਕ ਹਫਤੇ ਵਿੱਚ ਮੁਕੰਮਲ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਅਤੇ ਥਾਣਾ ਚੋਹਲਾ ਸਾਹਿਬ ਦੇ ਪਿੰਡ ਭੱਠਲ ਭਾਈਕੇ ਵਿਖੇ ਲੜਕੀ ਦੀ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮੁਕੱਦਮਾ ਨੰ. 19/18 ਧਾਰਾ 306 ਅਧੀਨ ਲੜਕੀ ਦੇ ਪਤੀ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚਲਾਨ ਪੇਸ਼ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪੱਤਰਕਾਰ ਜਸਪਾਲ ਸਿੰਘ ਜੱਸੀ ਉੱਪਰ ਕਾਤਲਾਨਾ ਹਮਲਾ ਕਰਨ ਦੇ ਦੋਸ਼ੀਆਂ ਨੂੰ ਇੱਕ ਦੋ ਦਿਨ ਵਿੱਚ ਕਾਬੂ ਕਰ ਲਿਆ ਜਾਵੇਗਾ। ਕਿਸਾਨ ਮਜ਼ਦੂਰ ਆਗੂਆਂ ਨੇ ਪੁਲਸ ਅਧਿਕਾਰੀਆਂ ਵੱਲੋਂ ਕੀਤੇ ਐਲਾਨ ਅਤੇ ਦਿੱਤੇ ਭਰੋਸੇ ਮਗਰੋਂ ਦੇਰ ਰਾਤ ਗਏ ਧਰਨਾ ਮੁਲਤਵੀ ਕਰ ਦਿੱਤਾ।
 

ਵਰਕਰ ਚੇਤਨਾ ਮੁਹਿੰਮ ਤਹਿਤ ਮੀਟਿੰਗਾਂ
 

ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਜਨਰਲ ਸਕੱਤਰ ਸੁਖਪਾਲ ਸਿੰਘ ਖਿਆਲੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਜਥੇਬੰਦੀ ਨੂੰ ਪਿੰਡ ਪੱਧਰ 'ਤੇ ਮਜਬੂਤ ਕਰਨ ਲਈ ਵਰਕਰ ਚੇਤਨਾ ਮੁਹਿੰਮ ਤਹਿਤ ਸਾਰੇ ਇਲਾਕਿਆਂ ਵਿੱਚ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਇਸ ''ਵਰਕਰ ਚੇਤਨਾ ਮੁਹਿੰਮ ਤਹਿਤ'' ਜ਼ਿਲ੍ਹਾ ਮਾਨਸਾ ਦੇ ਪਿੰਡ ਝਲਵੂਹਟੀ ਅਤੇ ਫਰੀਦ ਕੇ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਨੂੰ ਦਿਲਬਾਗ ਸਿੰਘ ਜ਼ੀਰਾ ਸੂਬਾ ਕਮੇਟੀ ਮੈਂਬਰ ਤੇ ਬਲਵੰਤ ਮੱਖੂ ਤੋਂ ਇਲਾਵਾ ਬਬਲੀ ਬੁਢਲਾਢਾ ਨੇ ਵੀ ਸੰਬੋਧਨ ਕੀਤਾ। ਸਾਰੇ ਬੁਲਾਰਿਆਂ ਨੇ ਮਜ਼ਦੂਰਾਂ ਸਬੰਧੀ ਸਰਕਾਰੀ ਸਕੀਮਾਂ ਦੇ ਲਾਗੂ ਨਾ ਹੋਣ 'ਤੇ ਚਾਨਣਾ ਪਾਇਆ। ਸ਼ਗਨ ਸਕੀਮ, ਪੈਨਸ਼ਨਾਂ, ਲੋੜਵੰਦ ਨੂੰ ਕਣਕ, ਨਰੇਗਾ ਸਕੀਮ ਤਹਿਤ ਕੰਮ ਸ਼ੁਰੂ ਕਰਨ, ਬੱਚਿਆਂ ਨੂੰ ਮੁਫਤ ਵਿਦਿਆ, ਵਜ਼ੀਫੇ, ਨੌਕਰੀਆਂ ਵਿੱਚ ਰਾਖਵਾਂਕਰਨ ਤਹਿਤ ਖਾਲੀ ਪਈਆਂ ਪੋਸਟਾਂ ਭਰਨ, 10-10 ਮਰਲੇ ਦੇ ਪਲਾਟ ਅਤੇ ਬੱਚਿਆਂ ਨੂੰ ਨੌਕਰੀ ਦੇਣ ਦੇ ਸਰਕਾਰੀ ਵਾਅਦਿਆਂ ਤੋਂ ਸਰਕਾਰ ਦੇ ਮੁੱਕਰ ਜਾਣ ਅਤੇ ਚੋਰ ਦਰਵਾਜ਼ੇ ਰਾਹੀਂ ਬਿਜਲੀ ਬਿੱਲਾਂ ਦੀ ਮਿਲਦੀ 400 ਯੁਨਿਟ ਦੀ ਸਹੂਲਤ ਖੋਹਣ ਦੀ ਚਰਚਾ ਕੀਤੀ। ਇਸ ਤੋਂ ਇਲਾਵਾ ਪਿੰਡ ਝਲਵੂਹਟੀ ਦੀ ਤਰਜ਼ 'ਤੇ ਪੰਚਾਇਤੀ ਜ਼ਮੀਨ ਵਿੱਚੋਂ ਬਣਦਾ ਹਿੱਸਾ ਲੈਣ ਲਈ ਹੁਣ ਤੋਂ ਹੀ ਜਥੇਬੰਦੀ ਮਜਬੂਤ ਕਰਨ ਦੀ ਅਪੀਲ ਕੀਤੀ ਗਈ। ਪਿੰਡ ਨਿਵਾਸੀਆਂ ਨੇ ਮੀਟਿੰਗਾਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਬੁਢਲਾਢੇ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ 'ਤੇ ਵਿਚਾਰ ਚਰਚਾ ਕਰਨ ਲਈ ਹੋਏ ਭਰਵੇਂ ਇਕੱਠ ਨੂੰ ਬੀ.ਕੇ.ਯੂ. ਕਰਾਂਤੀਕਾਰੀ ਦੇ ਆਗੂ ਪ੍ਰਸ਼ੋਤਮ  ਮਹਿਰਾਜ, ਪ੍ਰਧਾਨ ਸੁਰਜੀਤ ਫੂਲ ਅਤੇ ਮੰਚ ਦੇ ਜਨਰਲ ਸਕੱਤਰ ਬਲਵੰਤ ਮੱਖੂ ਨੇ ਸੰਬੋਧਨ ਕੀਤਾ। ਸਾਰੇ ਪਿੰਡ ਨਿਵਾਸੀਆਂ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਮੋਰਚਾ ਲਾਉਣ ਦਾ ਫੈਸਲਾ ਕੀਤਾ।
 

ਕਿਰਤੀਆਂ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਮਕਾਨ ਬਣਾਉਣੇ ਸ਼ੁਰੂ
 

ਕਰਤਾਰਪੁਰ, 8 ਦਸੰਬਰ- ਪੇਂਡੂ ਮਜ਼ਦੂਰ ਵਲੋਂ ਬੇਘਰੇ ਵਿਅਕਤੀਆਂ ਨੂੰ ਪੰਚਾਇਤੀ ਜ਼ਮੀਨਾਂ ਵਿਚੋਂ ਰਿਹਾਇਸ਼ੀ ਪਲਾਟ ਦਿਵਾਉਣ ਦੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੰਚਾਇਤੀ ਜ਼ਮੀਨਾਂ 'ਤੇ ਪੱਕੇ ਘਰ ਬਣਾਉਣ ਲਈ ਕਰਤਾਰਪੁਰ ਨੇੜਲੇ ਪਿੰਡ ਬੱਖੂ ਨੰਗਲ ਵਿਚ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਯੂਨੀਅਨ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਜ਼ਿਲ•ਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵਾਂਗ ਕਾਂਗਰਸ ਸਰਕਾਰ ਵੀ ਵਿਰੋਧੀ ਸਾਬਤ ਹੋ ਰਹੀ ਹੈ। ਅਕਾਲੀ-ਭਾਜਪਾ ਸਰਕਾਰ ਵੇਲੇ ਕਿਰਤੀ ਲੋਕਾਂ ਨੂੰ ਪੰਚਾਇਤੀ ਜ਼ਮੀਨਾਂ ਵਿਚੋਂ ਰਿਹਾਇਸ਼ੀ ਪਲਾਟ ਦੇਣ ਦੀ ਮੰਗ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਸੀ। ਜਿਸ ਕਰਕੇ ਬੇਜ਼ਮੀਨੇ ਲੋਕ ਝੁੱਗੀਆਂ ਵਿਚ ਰਹਿਣ ਲਈ ਮਜਬੂਰ ਹਨ। ਉਨ•ਾਂ ਦੱਸਿਆ ਕਿ ਪਿੰਡ ਬੱਖੂ ਨੰਗਲ ਦੀ ਪੰਚਾਇਤ ਨੇ ਸਰਪੰਚ ਚਰਨਜੀਤ ਕੌਰ ਦੀ ਪ੍ਰਧਾਨਗੀ ਵਿਚ ਹੋਏ ਆਮ ਇਜਲਾਸ ਦੌਰਾਨ ਗਰੀਬ ਬੇਜ਼ਮੀਨੇ ਪਰਿਵਾਰਾਂ ਨੂੰ ਪੰਜ ਮਰਲੇ ਦੇ ਪਲਾਟ ਮਕਾਨ ਬਣਾਉਣ ਲਈ ਦੇਣ ਦਾ ਮਤਾ ਪਾਸ ਕੀਤਾ ਸੀ। ਉਨ•ਾਂ ਸਮੇਂ ਦੀਆਂ ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਹਾਲੇ ਤੱਕ ਪਲਾਟ ਦੇਣ ਦੀ ਕਾਰਵਾਈ ਸਰਕਾਰੀ ਫਾਈਲਾਂ ਵਿਚ ਉਲਝੀ ਹੋਈ ਹੈ। ਜਿਸ ਕਾਰਨ ਪਲਾਟਾਂ ਦੀ ਅਲਾਟਮੈਂਟ ਨਹੀਂ ਹੋਈ।
ਉਕਤ ਆਗੂਆਂ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਦੀ ਬੋਲੀ ਦਾ ਵਿਰੋਧ ਕਰਨ ਮਗਰੋਂ ਵਿੱਤ ਕਮਿਸ਼ਨ ਤੇ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸਮੇਂ-ਸਮੇਂ 'ਤੇ ਸ਼ਿਕਾਇਤਾਂ ਭੇਜ ਕੇ ਜਾਣੂ ਕਰਵਾਇਆ ਜਾਂਦਾ ਰਿਹਾ ਕਿ ਪਿੰਡਾਂ ਵਿਚਲੀਆਂ ਪੰਚਾਇਤੀ ਦੀਆਂ ਜ਼ਮੀਨਾਂ ਵਿਚ ਬੇਘਰਿਆਂ ਨੂੰ ਹਿੱਸਾ ਨਹੀਂ ਮਿਲਦਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਬੇਘਰਿਆਂ ਨੂੰ ਪੱਕੇ ਘਰ ਬਣਾਉਣ ਲਈ ਪੰਚਾਇਤੀ ਜ਼ਮੀਨਾਂ ਵਿਚ ਪਲਾਟ ਕੱਟ ਕੇ ਦਿੱਤੇ ਜਾਣ।
 

ਗੁਰਮੀਤ ਸਿੰਘ ਬਖਤੂਪੁਰਾ 'ਤੇ ਹਮਲੇ ਦੀ ਨਿਖੇਧੀ
 

ਭਾਰਤੀ ਕਿਸਾਨ ਯੂਨੀਅਨ (ਏਕਤਾ) ਜ਼ਿਲ੍ਹਾ ਕਮੇਟੀ ਗੁਰਦਾਸਪੁਰ ਵੱਲੋਂ ਪੰਚਾਇਤੀ ਚੋਣਾਂ ਵਾਲੇ ਦਿਨ ਪਿੰਡ ਨੜਾਂਵਾਲੀ ਵਿੱਚ ਪੁਲਸ ਅਫਸਰਾਂ ਦੀ ਹਾਜ਼ਰੀ ਵਿੱਚ ਕਾਂਗਰਸੀ ਗੁੰਡਿਆਂ ਵੱਲੋਂ ਗੁਰਮੀਤ ਸਿੰਘ ਬਖਤੂਪੁਰ (ਸੂਬਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ (ਮ.ਲ.) ਲਿਬਰੇਸ਼ਨ) 'ਤੇ ਜਾਨ ਲੇਵਾ ਹਮਲਾ ਕਰਨ ਤੇ ਉਹਨਾਂ ਦੀ ਲੱਤ ਤੋੜਨ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਜ਼ਿਲ੍ਹਾ ਆਗੂਆਂ ਨੇ ਕਿਹਾ ਕਿ ਇਹ ਅਖੌਤੀ ਜਮਹੂਰੀਅਤ ਦਾ ਅਸਲ ਚਿਹਰਾ ਹੈ। ਹਾਕਮ ਪਾਰਟੀਆਂ ਆਪਣੇ ਖਿਲਾਫ ਕਿਸੇ ਵੀ ਆਵਾਜ਼ ਜਾਂ ਸਰਗਰਮੀ ਨੂੰ ਬਰਦਾਸ਼ਤ ਹੀ ਨਹੀਂ ਕਰਦੀਆਂ। ਕਾਂਗਰਸ ਪਾਰਟੀ ਪਿੰਡ ਵਿੱਚ ਪੰਜਾਬ ਕਿਸਾਨ ਯੂਨੀਅਨ ਦੀ ਹੋਂਦ ਨੂੰ ਖਤਮ ਕਰਨ ਲਈ ਇਸ ਹਮਲੇ 'ਤੇ ਉੱਤਰੀ। ਆਗੂਆਂ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ।