ਅਧਿਆਪਕ ਸੰਘਰਸ਼ :
''ਸਾਂਝੇ ਅਧਿਆਪਕ ਮੋਰਚੇ'' ਦੀ ਇੱਕਜੁੱਟਤਾ ਨੂੰ ਸਿਰਮੌਰ ਰੱਖੋ
-ਪਾਠਕ ਪੱਤਰਕਾਰ
ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐਸ.ਐਸ.ਏ./ਰਮਸਾ ਅਧੀਨ ਇੱਕ ਦਹਾਕੇ ਤੋਂ ਕੰਮ ਕਰ ਰਹੇ 8886 ਅਧਿਆਪਕਾਂ ਨੂੰ 'ਪੱਕੇ' ਕਰਨ ਦੀ ਦੇਰ ਸੀ ਕਿ ਪਹਿਲਾਂ ਹੀ ਨਿੱਤ ਵਧਦੀਆਂ ਮੁਸ਼ਕਲਾਂ ਦੇ ਸਤਾਏ ਪੰਜਾਬ ਦੇ ਅਧਿਆਪਕਾਂ ਅੰਦਰ ਗੁੱਸੇ ਦੀ ਲਹਿਰ ਦੌੜ ਗਈ। ਘਰ-ਘਰ ਰੋਜ਼ਗਾਰ ਦੇਣ ਦੇ ਫੈਂਟਰ ਮਾਰਨ ਵਾਲ਼ੀ ਕੈਪਟਨ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਦੀ ਤਨਖਾਹ 42 ਹਜ਼ਾਰ ਤੋਂ ਘਟਾ ਕੇ 15300/- ਕੀਤੀ ਗਈ ਹੈ। 'ਪੱਕੇ' ਕਰਨ ਦੀ ਖ਼ਬਰ ਅਖਬਾਰਾਂ ਵਿੱਚ ਛਪਦਿਆਂ ਹੀ ਅਧਿਆਪਕ ਜੱਥੇਬੰਦੀਆਂ ਨੇ ਪੰਜਾਬ ਭਰ ਅੰਦਰ ਜ਼ਿਲ੍ਹਾ ਮੁਕਾਮਾਂ 'ਤੇ ਧਰਨੇ ਦੇ ਕੇ ਕੈਪਟਨ ਸਰਕਾਰ ਦੇ ਇਸ ਜ਼ਾਬਰ ਫੈਸਲੇ ਵਿਰੁੱਧ ਰੋਸ ਦਰਜ ਕਰਾਇਆ। ਨਿੱਜੀਕਰਣ ਦੀਆਂ ਸਾਮਰਾਜੀ ਨੀਤੀਆਂ ਦੀ ਧੰਗੇੜ ਵਿੱਚ ਆਏ ਹੋਰਨਾਂ ਵਰਗਾਂ ਦੀ ਤਰਾਂ੍ਹ ਅਧਿਆਪਕਾਂ ਅੰਦਰ ਇਸ ਹਕੀਕਤ ਦਾ ਅਹਿਸਾਸ ਹੋਰ ਵੀ ਵਧ ਗਿਆ ਕਿ ਐੱਸ ਐੱਸ ਏ/ਰਮਸਾ ਅਧਿਆਪਕਾਂ ਦੀਆਂ ਤਨਖਾਹਾਂ ਉੱਪਰ ਚੱਲੀ 75 ਫੀਸਦੀ ਕਟੌਤੀ ਦੀ ਇਹ ਕੈਂਚੀ ਕਿਸੇ ਵੀ ਮਹਿਕਮੇ ਜਾਂ ਵਰਗ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਬੁਰਕ ਮਾਰ ਸਕਦੀ ਹੈ। ਰੋਸ ਅਤੇ ਗੁੱਸੇ ਦੇ ਇਸ ਆਲਮ ਵਿੱਚ “ਸਾਂਝਾ ਅਧਿਆਪਕ ਮੋਰਚਾ, ਪੰਜਾਬ'' ਵੱਲੋਂ 7 ਅਕਤੂਬਰ ਤੋਂ ਪਟਿਆਲ਼ਾ ਸ਼ਹਿਰ ਵਿੱਚ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ। ਰਣਨੀਤੀ ਮੁਤਾਬਕ ਹਰ ਰੋਜ਼ ਤਿੰਨ ਜਾਂ ਚਾਰ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਵਾਰੀ-ਸਿਰ “ਪੱਕੇ ਮੋਰਚੇ'' ਵਿੱਚ ਸ਼ਮੂਲੀਅਤ ਕੀਤੀ। ਜ਼ਿਲ੍ਹਾਵਾਰ ਡਿਊਟੀਆਂ ਬਾਖੂਬੀ ਨਿਭਣ ਲੱਗੀਆਂ। ਅਧਿਆਪਕਾਂ ਦਾ ਰੋਸ ਤੇ ਗੁੱਸਾ ਨਿੱਤ ਵਧ ਰਿਹਾ ਸੀ। ਸੱਤ ਅਕਤੂਬਰ ਦੇ ਵੱਡੇ ਇਕੱਠ ਤੋਂ ਬਾਦ 13 ਅਕਤੂਬਰ ਤੇ ਫਿਰ 24 ਅਕਤੂਬਰ ਨੂੰ ਪਟਿਆਲ਼ਾ ਵਿਖੇ ਸੂਬਾ ਪੱਧਰੀ ਮਿਸਾਲੀ ਇਕੱਠ ਕੀਤੇ ਗਏ। ਸਰਕਾਰ ਹਾਲੇ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ ਸਗੋਂ 'ਪੜ੍ਹੋ ਪੰਜਾਬ' ਦਾ ਬਾਈਕਾਟ ਕਰਨ ਦੇ ਦੋਸ਼ ਵਿੱਚ ਵੱਡੀ ਪੱਧਰ 'ਤੇ ਦੂਰ-ਦੁਰਾਡੇ ਬਦਲੀਆਂ ਦਾ ਸਿਲਸਲਾ ਤੇਜ ਕੀਤਾ ਜਾ ਰਿਹਾ ਸੀ। ਬਦਲੀਆਂ ਵਾਲ਼ੇ ਪਿੰਡਾਂ ਦੇ ਲੋਕ, ਸਕੂਲ ਕਮੇਟੀਆਂ, ਮਾਪੇ ਅਤੇ ਵਿਦਿਆਰਥੀ ਸੰਘਰਸ਼ ਦਾ ਹਿੱਸਾ ਬਣਦੇ ਗਏ। ਮਜ਼ਦੂਰਾਂ-ਕਿਸਾਨਾਂ ਸਮੇਤ ਹੋਰ ਬਹੁਤ ਸਾਰੀਆਂ ਜਨਤਕ ਜੱਥੇਬੰਦੀਆਂ ਸੰਘਰਸ਼ ਦੀ ਹਮਾਇਤ 'ਤੇ ਆ ਗਈਆਂ। ਬਦਲੀਆਂ ਦੇ ਰੋਸ ਵਜੋਂ ਸਕੂਲਾਂ ਨੂੰ ਜਿੰਦਰੇ ਜੜੇ ਜਾ ਰਹੇ ਸਨ। ਨਵੰਬਰ ਮਹੀਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਲਕਾ/ਸ਼ਹਿਰ ਬਠਿੰਡਾ ਵਿਖੇ ਅਤੇ ਸਿੱਖਿਆ ਮੰਤਰੀ ਦੇ ਤਰਨਤਾਰਨ ਹਲਕੇ ਅੰਦਰ ਜ਼ਬਰਦਸਤ ਐਕਸ਼ਨ ਕੀਤੇ ਗਏ। ਜਲ-ਤੋਪਾਂ ਅਤੇ ਡੰਡਾ-ਚਾਰਜ ਨੂੰ ਮਾਤ ਪਾਉਂਦਿਆਂ ਅਧਿਆਪਕਾਂ ਨੇ ਇਹ ਐਕਸ਼ਨ ਸਫਲ ਕਰ ਮਾਰੇ। ਸਾਰੇ ਸਮੇਂ ਦੌਰਾਨ ਅਨੇਕਾਂ ਵਾਰ ਸਿੱਖਿਆ ਮੰਤਰੀ ਅਤੇ ਸਰਕਾਰ, ਤਹਿਸ਼ੁਦਾ ਗੱਲਬਾਤ ਤੋਂ ਭੱਜਦੀ ਰਹੀ। 2 ਦਸੰਬਰ ਪਟਿਆਲ਼ਾ ਜਾਮ ਦੇ ਐਲਾਨ ਨਾਲ਼ ਇੱਕ ਵਾਰ ਸੰਘਰਸ਼ ਨਵੇਂ ਮੁਕਾਮ 'ਤੇ ਪੁੱਜਿਆ ਜਾਪਦਾ ਸੀ ਪਰੰਤੂ ਇਹ ਨਵੀਂ ਸਥਿਤੀ “ਸਾਂਝੇ ਅਧਿਆਪਕ ਮੋਰਚੇ'' ਅੰਦਰ ਐਨ ਸ਼ੁਰੂ ਤੋਂ ਹੀ ਅਨੁਸ਼ਾਸ਼ਨ, ਵਿਉਂਤਬੰਦੀ ਅਤੇ ਆਪਾ-ਧਾਪੀ ਦੀ ਭੇਂਟ ਚੜ੍ਹ ਕੇ ਰਹਿ ਗਈ। ਦੋ ਦਸੰਬਰ ਦਾ ਦਿਨ ਨੇੜੇ ਢੁੱਕ ਰਿਹਾ ਸੀ। 2 ਦਸੰਬਰ ਲਈ ਕੱਪੜੇ-ਲੀੜੇ ਤੇ ਕੰਬਲ਼ ਬੈਗਾਂ 'ਚ ਪਾਏ ਜਾ ਰਹੇ ਸਨ। ਸਰਕਾਰ ਕੋਈ ਚਲੰਤ ਕਿਸਮ ਦਾ ਬੰਨ੍ਹ-ਸੁੱਬ ਕਰਨ ਲੱਗੀ ਹੋਈ ਸੀ। ਸੰਘਰਸ਼ ਦੀਆਂ ਅੰਦਰੂਨੀ ਕਮਜ਼ੋਰੀਆਂ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ, ਲੀਡਰਸ਼ਿੱਪ ਕਿਸੇ ਨਾ ਕਿਸੇ ਤਰਾਂ੍ਹ ਸੰਘਰਸ਼ ਨੂੰ ਵਿਰਾਮ ਦੇਣ ਦਾ ਦਾਅ ਵਰਤਣਾ ਚਾਹੁੰਦੀ ਸੀ। ਇੱਕ ਹਫਤਾ ਲਗਾਤਾਰ ਸਰਕਾਰੀ ਨੁਮਾਇੰਦਿਆਂ ਨਾਲ਼ ਗੱਲਬਾਤ ਦਾ ਸਿਲਸਲਾ ਚਲਦਾ ਰਿਹਾ। ਅਧਿਆਪਕਾਂ ਨਾਲ਼ ਗੁੰਡਾ ਭਾਸ਼ਾ 'ਚ ਗੱਲ ਕਰਨ ਵਾਲ਼ਾ ਸਿੱਖਿਆ ਮੰਤਰੀ ਓ ਪੀ ਸੋਨੀ ਆਖ਼ਰ ਪਹਿਲੀ ਦਸੰਬਰ ਨੂੰ ਸੰਘਰਸ਼ ਦੇ ਪੰਡਾਲ ਵਿੱਚ ਆ ਹਾਜ਼ਰ ਹੋਇਆ। ਸਾਰੀਆਂ ਮੁਅੱਤਲੀਆਂ ਤੇ ਬਦਲੀਆਂ ਤੁਰੰਤ ਰੱਦ ਕਰਨ, 5178 ਅਧੀਨ ਭਰਤੀ ਹੋਏ ਅਧਿਆਪਕਾਂ ਨੂੰ ਜਨਵਰੀ 2019 ਤੋਂ ਪੂਰੀ ਤਨਖਾਹ ਨਾਲ਼ ਰੈਗੂਲਰ ਕਰਨ, ਐੱਸ ਐੱਸ ਏ/ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਮੁਦਾ ਕੈਬਨਿਟ ਦੇ ਰੀਵਿਊ ਵਿੱਚ ਪਾਉਣ, ਸਾਰੇ ਵਲੰਟੀਅਰਾਂ ਦੀ ਤਨਖਾਹ ਵਿੱਚ 1500/- ਦਾ ਵਾਧਾ ਕਰਨ ਆਦਿ ਮੰਗਾਂ ਦਾ ਐਲਾਨ ਕੀਤਾ ਗਿਆ। ਪਹਿਲੀ ਦਸੰਬਰ ਦੀ ਸ਼ਾਮ ਤੱਕ ਇੱਕ ਵਾਰ 2 ਦਸੰਬਰ ਪਟਿਆਲ਼ਾ ਜਾਮ ਮੁਲਤਵੀ ਕਰ ਦਿੱਤਾ ਗਿਆ।
ਮੁੱਦਕੀ ਧੜਾ ਪੁੱਜਿਆ ਮਹਿਮਦਪੁਰ
ਇਸ ਵਿੱਚ ਕੋਈ ਸ਼ੱਕ ਨਹੀਂ ਕਿ “ਸਾਂਝਾ ਅਧਿਆਪਕ ਮੋਰਚਾ'' ਦੇ ਇਸ ਸੰਘਰਸ਼ ਨੂੰ ਬਹੁਤ ਸਾਰੇ ਪੱਖਾਂ ਤੋਂ ਪੜਚੋਲ ਦੀ ਕੁਠਾਲ਼ੀ ਵਿੱਚ ਪਾਉਣ ਦੀ ਲੋੜ ਹੈ ਪਰੰਤੂ ਮੁੱਦਕੀ ਧੜੇ ਨੇ ਜਿਸ ਤਰਾਂ ਸਾਰੇ ਸਮੇਂ ਦੌਰਾਨ ਆਪਾ-ਧਾਪੀ, ਹੋਛੇਪਨ ਅਤੇ ਅਨੁਸ਼ਾਸ਼ਨਹੀਣਤਾ ਦਾ ਮੁਜ਼ਾਹਰਾ ਕੀਤਾ ਹੈ, ਇਹ ਸਭ ਕੁੱਝ ਦੁਸ਼ਮਣ ਦੇ ਹੱਥ ਮਜ਼ਬੂਤ ਕਰਨ ਦੇ ਤੁੱਲ ਹੈ।“ਪਟਿਆਲ਼ਾ ਜਾਮ'' ਦਾ ਐਕਸ਼ਨ ਮੁਲਤਵੀ ਕਰਨ ਦਾ ਫੈਸਲਾ ਜੇ ਕਿਸੇ ਹਿੱਸੇ ਨੂੰ ਹਜ਼ਮ ਨਹੀਂ ਸੀ ਤਾਂ ਇਸ ਨੂੰ ਜੱਥੇਬੰਦਕ ਮਰਿਆਦਾ ਤੇ ਤੌਰ-ਤਰੀਕਿਆਂ ਨਾਲ਼ ਲੈਣਾ ਬਣਦਾ ਸੀ।“ਸਾਂਝੇ ਮੋਰਚੇ'' ਦੀ ਲੀਡਰਸ਼ਿੱਪ ਨੂੰ ਵੀ ਇਸ ਗੱਲ ਦਾ ਬਾਹਲ਼ਾ ਭੁਲੇਖਾ ਨਹੀਂ ਸੀ ਕਿ ਸਰਕਾਰ ਮੰਨੀ/ਕਹੀ ਹੋਈ ਗੱਲ ਤੋਂ ਮੁੱਕਰ ਸਕਦੀ ਹੈ।“ਸਾਂਝਾ ਅਧਿਆਪਕ ਮੋਰਚਾ'' ਖਾਸ ਕਰਕੇ ਇਸ ਦੀ ਮੁੱਖ ਧਿਰ ਡੀ ਟੀ ਐੱਫ ਤੋਂ ਇਹ ਉਮੀਦ ਨਹੀਂ ਕਿ ਮੰਗਾਂ ਮੁੱਕਰਨ ਤੋਂ ਬਾਦ ਮੁੜ ਸੰਘਰਸ਼ ਦਾ ਮੈਦਾਨ ਨਹੀਂ ਮੱਲਿਆ ਜਾਵੇਗਾ। ਫਿਰ ਇਸ ਹਾਲਤ ਵਿੱਚ ਮਹਿਮਦਪੁਰ ਵਰਗੇ ਐਕਸ਼ਨਾਂ ਨੂੰ ਗੈਰ-ਇਮਾਨਦਾਰਾਨਾ ਤੇ ਗੈਰ-ਜੁੰਮੇਵਾਰਾਨਾ ਹੀ ਕਿਹਾ ਜਾ ਸਕਦਾ ਹੈ। ਫਰਕ ਸਿਰਫ ਏਨਾ ਹੈ ਕਿ ਅਗਵਾਈ ਕਰ ਰਹੀਆਂ ਧਿਰਾਂ ਨੇ “ਸਾਂਝੇ ਮੋਰਚੇ'' ਵੱਲੋਂ ਸਮੂਹਿਕ ਫੈਸਲੇ ਨਾਲ਼, ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਕੁੱਝ ਮੰਗਾਂ ਮੰਨਵਾ ਕੇ ਸੰਘਰਸ਼ ਮੁਲਤਵੀ ਕਰ ਦਿੱਤਾ ਅਤੇ ਮਹਿਮਦਪੁਰੀਆਂ ਨੇ ਕੁੱਝ ਦਿਨ ਆਪਣਾ ਜਗਤ-ਰਵੱਈਆ ਜ਼ਾਹਰ ਕਰਨ ਤੋਂ ਬਾਦ ਕੋਈ ਵੀ ਨਵੀਂਂ ਪ੍ਰਾਪਤੀ ਕਰਨ ਤੋਂ ਬਿਨਾ ਹੀ ਵਾਪਸੀ ਪਾ ਦਿੱਤੀ। ਆਪਣੇ ਆਪ ਨੂੰ ਬਾਹਲ਼ੀ ਲੜਾਕੂ ਹੋਣ ਦਾ ਦਾਅਵਾ ਕਰਨ ਵਾਲ਼ੀ ਇਹ ਓਹੀ ਧਿਰ ਹੈ ਜਿਸ ਨੇ “ਸਾਂਝੇ ਮੋਰਚੇ'' ਤੋਂ ਵਿਹਰ ਕੇ ਪਹਿਲਾਂ ਮਰਨ-ਵਰਤ ਵਰਗੇ ਗਾਂਧੀਵਾਦੀ ਘੋਲ਼-ਰੂਪ ਨੂੰ ਅਪਣਾ ਕੇ, ਫਿਰ ਕੁੱਝ ਦਿਨਾਂ ਮਗਰੋਂ ਮਰਨ-ਵਰਤ ਨੂੰ ਭੁੱਖ ਹੜਤਾਲ਼ ਵਿੱਚ ਤਬਦੀਲ ਕਰ ਕੇ ਤੇ ਫਿਰ ਐਲਾਨੀਆ ਇਸਤੋਂ ਕਿਨਾਰਾ ਕਰ ਕੇ ਸੰਘਰਸ਼ ਨੂੰ ਪੋਲ ਦਿੱਤੀ ਗਈ ਸੀ।
ਭਰਾਤਰੀ ਹਮਾਇਤ ਦੇ ਨਾਂ 'ਤੇ
ਅਨੁਸ਼ਾਸ਼ਨਹੀਣਤਾ ਨੂੰ ਪੱਠੇ
ਅਧਿਆਪਕ ਸੰਘਰਸ਼ ਦੀ ਵਿਸ਼ਾਲਤਾ ਅਤੇ ਮਸਲੇ ਦੀ ਚੋਭ ਨੂੰ ਭਾਂਪਦਿਆਂ ਇੱਕ ਤੋਂ ਬਾਦ ਦੂਜੀ ਜੱਥੇਬੰਦੀ (ਜਿਵੇਂ ਕਿ ਬੀ.ਕੇ.ਯੂ. ਡਕੌਂਦਾ, ਬੀ.ਕੇ.ਯੂ. ਕਰਾਂਤੀਕਾਰੀ, ਤਰਕਸ਼ੀਲ ਸੋਸਾਇਟੀ, ਇਨਕਲਾਬੀ ਕੇਂਦਰ, ਲੋਕ ਮੋਰਚਾ ਆਦਿ) ਹਮਾਇਤ 'ਤੇ ਆ ਰਹੀ ਸੀ। ਬਿਨਾ ਸ਼ੱਕ ਬੀ.ਕੇ.ਯੂ. ਉਗਰਾਹਾਂ ਦੀ ਉੱਭਰਵੀਂ ਤੇ ਭਰਵੀਂ ਸ਼ਮੂਲੀਅਤ ਰਹੀ ਹੈ ਪਰੰਤੂ ਆਪਣੇ ਸੁਭਾਅ ਮੁਤਾਬਕ ਇਸ ਜੱਥੇਬੰਦੀ ਦੀ ਲੀਡਰਸ਼ਿੱਪ ਨੇ “ਸਾਂਝੇ ਅਧਿਆਪਕ ਮੋਰਚੇ'' ਦੀ (ਪਹਿਲਾਂ ਹੀ ਗ੍ਰਹਿਣੀ ਹੋਈ) ਮਰਿਆਦਾ ਨੂੰ ਉਲੰਘਿਆ ਹੈ। ਹਰ ਮੌਕੇ ਸੰਘਰਸ਼ ਨੂੰ ਆਪਣੇ ਮੁਤਾਬਕ ਮੋੜਾ ਦੇਣ ਅਤੇ ਸੰਘਰਸ਼ ਉੱਪਰ ਕਬਜ਼ਾ ਕਰਨ ਦੀ ਹੋੜ ਸਾਹਮਣੇ ਆਉਂਦੀ ਰਹੀ ਹੈ। ਸੰਬੰਧਤ ਖੇਤਰ ਜਾਂ ਤਬਕੇ ਦੀ ਕੋਈ ਜੱਥੇਬੰਦੀ ਅਜਿਹਾ ਕੋਈ ਯਤਨ ਕਰੇ, ਇਹ ਤਾਂ ਸਮਝ 'ਚ ਆਉਂਦੀ ਹੈ, ਕਿਸੇ ਹੋਰ ਤਬਕੇ ਦੀ ਜੱਥੇਬੰਦੀ ਇਸ ਤਰਾਂ੍ਹ ਦੀ ਕਬਜਾ-ਕਰੂ ਹੋੜ ਨਾਲ਼ ਕੀ ਖੱਟਣਾ ਚਾਹੁੰਦੀ ਹੈ, ਇਸ ਨੂੰ ਸਮਝਣਾ ਜਣੇ-ਖਣੇ ਦਾ ਕੰਮ ਨਹੀਂ। ਭਰਾਤਰੀ ਹਮਾਇਤ ਦਾ ਮਤਲਬ ਕਿਸੇ ਸੰਘਰਸ਼ ਦੀ ਅਗਵਾਈ ਕਰ ਰਹੇ ਥੜ੍ਹੇ ਦੇ ਅਨੁਸ਼ਾਸ਼ਨ ਅਤੇ ਉਸ ਤਬਕੇ ਦੀ ਲੀਡਰਸ਼ਿੱਪ ਸਮੇਤ ਜਨ-ਸਾਧਾਰਨ ਦੀ ਕੁੱਲ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਮੂਲੀਅਤ ਕਰਨ ਤੋਂ ਹੁੰਦਾ ਹੈ।
ਨਵੀਆਂ ਹਾਲਤਾਂ ਨਵੀਆਂ ਚੁਣੌਤੀਆਂ
ਲੀਡਰਸ਼ਿੱਪ ਯੋਗਤਾਵਾਂ ਨੂੰ ਜ਼ਰਬਾਂ ਦੇਵੇ
'ਪਟਿਆਲ਼ਾ ਜਾਮ' ਦਾ ਐਕਸ਼ਨ ਮੁਲਤਵੀ ਕਰਨ ਦਾ ਆਧਾਰ ਬਣੀ ਓ ਪੀ ਸੋਨੀ ਨਾਲ਼ ਹੋਈ ਗੱਲਬਾਤ ਦਾ ਹੀਜ-ਪਿਆਜ ਚੋਣ ਜਾਬਤਾ ਲੰਘਦਿਆਂ ਹੋਰ ਪੂਰੀ ਤਰਾਂ ਸਪੱਸ਼ਟ ਹੋ ਜਾਣਾ ਹੈ। ਮੁੜ ਸੜਕਾਂ 'ਤੇ ਆਉਣ ਦੀ ਲੋੜ ਹਾਲੇ ਖੜ੍ਹੀ ਹੈ। ਮੁੱਕਰ-ਮੁੱਕਰਾਈ ਦੇ ਚਲਦਿਆਂ, ਲੀਡਰਸ਼ਿੱਪ ਨੂੰ ਫੌਰੀ ਢੁੱਕਵੇਂ ਸੰਘਰਸ਼-ਰੂਪਾਂ ਨੂੰ ਅਪਣਾਉਂਦਿਆਂ ਮੈਦਾਨ ਵਿੱਚ ਕੁੱਦਣਾ ਚਾਹੀਦਾ ਹੈ। ਪ੍ਰਥਮ ਕਾਰਜ ਵਜੋਂ ਪਹਿਲਾਂ “ਸਾਂਝਾ ਅਧਿਆਪਕ ਮੋਰਚਾ'' ਵਿੱਚ ਸ਼ਾਮਲ ਜੱਥੇਬੰਦੀਆਂ ਅੰਦਰ ਅਤੇ ਫਿਰ “ਸਾਂਝੇ ਮੋਰਚੇ'' ਦੀ ਸਟੇਟ ਬਾਡੀ ਅੰਦਰ ਸੰਘਰਸ਼ ਨੂੰ ਸਾਰੇ ਬਣਦੇ ਪੱਖਾਂ ਤੋਂ ਰੀਵਿਊ ਅਧੀਨ ਲਿਆਉਣਾ ਚਾਹੀਦਾ ਹੈ।“ਸਾਂਝੇ ਮੋਰਚੇ'' ਦਾ ਅੰਦਰੂਨੀ ਅਤੇ ਬਾਹਰੀ/ਭਰਾਤਰੀ ਠੋਸ ਜ਼ਾਬਤਾ ਤਰਾਸ਼ਣਾ ਚਾਹੀਦਾ ਹੈ ਤਾਂ ਜੋ ਚੁਣੌਤੀਆਂ ਦੇ ਹਾਣ ਦੀ ਰਣਨੀਤੀ ਘੜੀ ਜਾ ਸਕੇ।
ਪਰ ਇੱਕ ਗੱਲ ਹਰ ਇੱਕ ਨੂੰ ਮਨੀਂ ਵਸਾ ਲੈਣੀ ਚਾਹੀਦੀ ਹੈ ਕਿ ''ਸਾਂਝੇ ਅਧਿਆਪਕ ਮੋਰਚੇ'' ਦੀ ਏਕਤਾ ਨੂੰ ਸਿਰਮੌਰ ਰੱਖ ਕੇ ਅਧਿਆਪਕ ਹਿੱਤਾਂ 'ਤੇ ਅਸਰਦਾਰ ਢੰਗ ਨਾਲ ਪਹਿਰਾ ਦਿੱਤਾ ਜਾ ਸਕਦਾ ਹੈ। ਵੱਖਰੀ ਡਫਲੀ ਵਜਾਉਣ ਦੇ ਰਾਹ ਤੁਰਨ ਦਾ ਮਤਲਬ ਹਾਕਮਾਂ ਦੇ ਅਧਿਆਪਕ ਵਿਰੋਧੀ ਮਨਸੂਬਿਆਂ ਨੂੰ ਜਾਣੇ/ਅਣਜਾਏ ਬਲ ਬਖਸ਼ਣ ਦੀ ਕਾਰਵਾਈ ਹੀ ਸਾਬਤ ਹੋਵੇਗੀ।
No comments:
Post a Comment