ਸੰਘਰਸ਼ ਦੇ ਮੈਦਾਨ 'ਚੋਂ
ਗੰਨਾ-ਉਤਪਾਦਕਾਂ ਨੇ ਜਰਨੈਲੀ ਸੜਕ ਜਾਮ ਕਰਕੇ ਆਪਣੀਆਂ ਮੰਗਾਂ ਮਨਵਾਈਆਂ
ਵੱਖ ਵੱਖ ਕਿਸਾਨ ਜਥੇਬੰਦੀਆਂ ਗੰਨੇ ਦੀ ਪਿੜਾਈ ਦਾ ਮਸਲਾ ਹੱਲ ਕਰਵਾਉਣ ਲਈ ਪਿਛਲੇ ਸੱਤ ਮਹੀਨਿਆਂ ਤੋਂ ਯਤਨ ਕਰ ਰਹੀਆਂ ਸਨ ਤੇ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਸਨ। ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇ ਗੰਨਾ ਕਮਿਸ਼ਨਰ ਨਾਲ ਦੋ ਵਾਰ ਮੀਟਿੰਗਾਂ ਕੀਤੀਆ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਨਿੱਜੀ ਖੰਡ ਮਿੱਲਾਂ ਨੇ ਇਸ ਸਾਲ 6 ਮਈ ਨੂੰ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਸਾਫ਼ ਕਰ ਦਿੱਤਾ ਸੀ ਕਿ ਉਹ 275 ਰੁਪਏ ਕੁਇੰਟਲ ਤੋਂ ਵੱਧ ਭਾਅ 'ਤੇ ਗੰਨਾ ਨਹੀਂ ਖ਼ਰੀਦਣਗੇ ਤੇ ਉਸ ਸਥਿਤੀ ਵਿਚ ਸਰਕਾਰ ਨੇ ਮਿੱਲਾਂ ਚਲਾਉਣ ਲਈ ਕੋਈ ਕਦਮ ਨਹੀਂ ਚੁੱਕਿਆ। ਗੰਨਾ ਉਤਪਾਦਨ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਗੁਰਦਾਸਪੁਰ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਸੀ। ਇਸ ਵਿੱਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ, ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨ ਸਭਾ ਤੇ ਦੋਵੇਂ ਕਿਸਾਨ ਸਭਾਵਾਂ ਦਾ ਸਾਂਝਾ ਮੱਤ ਸੀ ਕਿ ਮਿੱਲਾਂ ਛੋਟੇ ਤੇ ਗਰੀਬ ਕਿਸਾਨਾਂ ਨਾਲ ਵਧੀਕੀਆਂ ਕਰਦੀਆਂ ਆ ਰਹੀਆਂ ਹਨ, ਜਿਸ ਖਿਲਾਫ ਉਹ ਡੀ.ਸੀ. ਦਫਤਰ ਸਾਹਮਣੇ ਸਮੇਂ ਸਮੇਂ 'ਤੇ ਧਰਨੇ-ਮੁਜਾਹਰੇ ਤੇ ਘੇਰਾਓ ਕਰਦੀਆਂ ਆ ਰਹੀਆਂ ਹਨ।
28 ਨਵੰਬਰ ਨੂੰ ਮਾਝਾ ਕਿਸਾਨ ਸੰਘਰਸ਼ ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਨਾਲ ਮਿੱਲ ਦੇ ਕਸਬਾ ਹਰਚੋਵਾਲ ਵਿੱਚ ਚੌਕ ਜਾਮ ਕਰਕੇ ਅਣਮਿਥੇ ਸਮੇਂ ਤੱਕ ਸੜਕੀ ਚੌਕ ਜਾਮ ਜਾਰੀ ਰਖਣ ਦਾ ਐਲਾਨ ਕਰ ਦਿੱਤਾ। 30 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਕੀੜੀ ਅਫਗਾਨਾ ਖੰਡ ਮਿੱਲ ਨਾਲ ਸਬੰਧਤ ਸ਼ਰਾਬ ਫੈਕਟਰੀ ਵੀ ਜਾਮ ਕਰ ਦਿੱਤੀ। ਕਿਸਾਨਾਂ ਵਿੱਚ ਤਿੱਖੇ ਬੇਚੈਨੀ ਤੇ ਰੌਂਅ ਕਰਕੇ ਚੱਕਾ ਜਾਮ ਵਿੱਚ ਲਗਾਤਾਰ ਕਿਸਾਨਾਂ ਦੀ ਗਿਣਤੀ ਵਧਦੀ ਗਈ। ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦਸੂਹਾ-ਹੁਸ਼ਿਆਰਪੁਰ ਰਾਜ ਮਾਰਗ ਆਵਾਜਾਈ ਠੱਪ ਕਰਕੇ ਦਿੱਤਾ ਗਿਆ। ਮੁਕੇਰੀਆਂ ਖੰਡ ਮਿੱਲ ਅੱਗੇ ਧਰਨਾ ਦਿੱਤਾ ਅਤੇ ਤਿੰਨ ਦਿਨ ਬਿਆਸ ਦਾ ਪੁਲ ਜਾਮ ਕਰਕੇ ਰੱਖਿਆ। ਪਰ ਸਰਕਾਰ ਨੇ ਕਿਸਾਨਾਂ ਦੇ ਮੰਗ ਨੂੰ ਅਜੇ ਤੱਕ ਵੀ ਨਾ ਗੌਲਿਆ ਤਾਂ ਕਿਸਾਨਾਂ ਨੇ ਫਗਵਾੜੇ ਦੀ ਖੰਡ ਮਿੱਲ ਲਾਗੇ ਜੀ.ਟੀ. ਰੋਡ ਜਾਮ ਕਰਨ ਦਾ ਐਲਾਨ ਕਰ ਦਿੱਤਾ। 4 ਦਸੰਬਰ ਹਜ਼ਾਰਾਂ ਕਿਸਾਨਾਂ ਨੇ ਖੰਡ ਮਿੱਲ ਫਗਵਾੜਾ ਅੱਗੇ ਧਰਨਾ ਲਾਇਆ ਅਤੇ ਦੁਪਹਿਰ ਬਾਅਦ ਫਗਵਾੜਾ-ਜਲੰਧਰ ਤੇ ਫਗਵਾੜਾ-ਲੁਧਿਆਣਾ ਮਾਰਗ ਜਾਮ ਕਰ ਦਿੱਤਾ। ਕਿਸਾਨ ਆਗੂ ਤੇ ਮੈਂਬਰ ਸਵੇਰੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਪੁੱਜੇ ਤੇ ਉੱਥੋਂ ਅਰਦਾਸ ਕਰਨ ਮਗਰੋਂ ਖੰਡ ਮਿੱਲ ਅੱਗੇ ਧਰਨਾ ਲਾ ਦਿੱਤਾ ਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਯੂਨੀਅਨ ਆਗੂਆਂ ਨੇ 2 ਵਜੇ ਤੱਕ ਧਰਨਾ ਦਿੱਤਾ ਤੇ ਬਾਅਦ ਵਿਚ ਉਹ ਮੇਹਟਾਂ ਬਾਈਪਾਸ ਵੱਲ ਕਰੀਬ 4 ਕਿਲੋਮੀਟਰ ਦੀ ਦੂਰੀ ਵੱਲ ਆਪਣਾ ਕਾਫ਼ਲਾ ਲੈ ਕੇ ਪੈਦਲ ਤੁਰ ਪਏ ਤੇ ਉੱਥੇ ਪੁੱਜ ਕੇ ਡੀ.ਏ.ਵੀ ਕਾਲਜ ਨੇੜੇ ਫਗਵਾੜਾ-ਜਲੰਧਰ ਮਾਰਗ ਠੱਪ ਕਰ ਦਿੱਤਾ। ਪੁਲੀਸ ਨੇ ਜਾਮ ਖੁੱਲ੍ਹਵਾਉਣ ਲਈ ਪੂਰੀ ਵਾਹ ਲਾਈ, ਪਰ ਕਿਸਾਨ ਸੜਕ 'ਤੇ ਡਟੇ ਰਹੇ। ਇਸ ਦੌਰਾਨ ਵਾਹਨਾਂ ਦੀਆਂ ਕਾਫ਼ੀ ਲੰਮੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਵੱਲੋਂ ਫਗਵਾੜਾ ਖੰਡ ਮਿੱਲ ਅੱਗੇ ਲਾਏ ਧਰਨੇ ਕਾਰਨ ਸਾਰੀ ਟ੍ਰੈਫਿਕ ਜਲੰਧਰ-ਹੁਸ਼ਿਆਰਪੁਰ ਸੜਕ ਵੱਲ ਮੋੜਨ 'ਤੇ ਆਦਮਪੁਰ ਵਿਚ ਜਾਮ ਲੱਗ ਗਿਆ। ਇਸ ਕਾਰਨ ਵਾਹਨਾਂ ਦੀਆਂ ਕਈ ਕਿਲੋਮੀਟਰ ਤੱਕ ਲਾਈਨਾਂ ਲੱਗ ਗਈਆਂ। ਸਵੇਰੇ ਤੋਂ ਹੀ ਆਦਮਪੁਰ ਵਿਚ ਜਾਮ ਲੱਗਣ ਲੱਗ ਪਿਆ ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਹੁਸ਼ਿਆਰਪੁਰ ਰੋਡ 'ਤੇ ਪੰਜ ਕਿਲੋਮੀਟਰ ਕਠਾਰ ਅਤੇ ਜਲੰਧਰ ਰੋਡ 'ਤੇ ਪੈਂਦੇ ਪਿੰਡ ਉਦੇਸੀਆਂ (4 ਕਿਲੋਮੀਟਰ) ਤੱਕ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ।
5 ਦਸੰਬਰ ਨੂੰ ਜਦੋਂ ਦੂਸਰੇ ਦਿਨ ਸੜਕੀ ਜਾਮ ਜਾਰੀ ਰਿਹਾ ਤਾਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕੀਤਾ। ਗੱਲਬਾਤ ਤਾਂ ਭਾਵੇਂ 4 ਦਸੰਬਰ ਤੋਂ ਹੀ ਚੱਲ ਰਹੀ ਸੀ ਪਰ ਸਰਕਾਰ ਕਿਵੇਂ ਨਾ ਕਿਵੇਂ ਕਿਸਾਨਾਂ ਨੂੰ ਟਰਕਾਅ ਦੇ ਧਰਨਾ ਖਤਮ ਕਰਵਾਉਣਾ ਚਾਹੁੰਦੀ ਸੀ। ਪਰ ਜਦੋਂ ਕਿਸਾਨ ਆਪਣੇ ਘੋਲ ਦੇ ਰਾਹ ਡਟੇ ਰਹੇ ਤਾਂ ਸਰਕਾਰ ਨੂੰ ਉਹਨਾਂ ਅੱਗੇ ਝੁਕਣਾ ਪਿਆ। ਇਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਨੇ ਦੱਸਿਆ ਕਿ ਫਗਵਾੜਾ ਮਿੱਲ ਮਾਲਕਾਂ ਨੇ ਭਰੋਸਾ ਦਿੱਤਾ ਹੈ ਕਿ ਇਸ ਮਿੱਲ ਵੱਲ ਕਿਸਾਨਾਂ ਦੀ ਰੁਕੀ 51 ਕਰੋੜ ਰੁਪਏ ਦੀ ਰਾਸ਼ੀ 15 ਜਨਵਰੀ ਤੱਕ ਜਾਰੀ ਕਰ ਦਿੱਤੀ ਜਾਵੇਗੀ। ਡੀ.ਸੀ. ਨੇ ਦੱਸਿਆ ਕਿ 285 ਰੁਪਏ ਦੀ ਕੀਮਤ ਮਿੱਲ ਮਾਲਕ ਦੇਣਗੇ ਤੇ 25 ਰੁਪਏ ਦੀ ਸਬਸਿਡੀ ਸਰਕਾਰ ਕਿਸਾਨਾਂ ਦੇ ਖਾਤੇ ਵਿਚ ਸਿੱਧੀ ਪਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਛੇਤੀ ਹੀ ਹੋਰ ਮਿੱਲਾਂ ਦੇ ਬਕਾਏ ਦਾ ਮਸਲਾ ਵੀ ਤੁਰੰਤ ਹੱਲ ਕਰ ਰਹੀ ਹੈ ਤੇ ਮਿੱਲਾਂ ਇਕ ਹਫ਼ਤੇ ਵਿਚ ਚਾਲੂ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ ਤੇ ਪੱਕੇ ਭਰੋਸੇ ਮਗਰੋਂ ਹੀ ਇਹ ਫ਼ੈਸਲਾ ਲਿਆ ਗਿਆ ਹੈ। ਅੰਦੋਲਨਕਾਰੀ ਕਿਸਾਨ ਆਗੂਆਂ ਨੇ ਦੱਸਿਆ ਕਿ ਨਿੱਜੀ ਖੰਡ ਮਿੱਲਾਂ ਨਾਲ ਸਮਝੌਤਾ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਨਿੱਜੀ ਖੰਡ ਮਿੱਲ ਮਾਲਕ 192 ਕਰੋੜ ਰੁਪਏ ਦੀ ਬਕਾਇਆ ਰਕਮ 15 ਜਨਵਰੀ ਤੱਕ ਦੇਣਗੇ। ਇਸ ਤੋਂ ਬਾਅਦ ਹੀ ਕਿਸਾਨ ਜਾਮ ਖੋਲ੍ਹਣ ਲਈ ਸਹਿਮਤ ਹੋਏ।
ਇਸੇ ਹੀ ਤਰ੍ਹਾਂ ਉਪ ਮੰਡਲ ਮੈਜਿਸਟ੍ਰੇਟ ਦਸੂਹਾ ਹਰਚਰਨ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮਿੱਲ ਪ੍ਰਬੰਧਕਾਂ ਦੀ ਟੀਮ ਧਰਨੇ ਵਾਲੀ ਥਾਂ 'ਤੇ ਪੁੱਜੀ, ਜਿੱਥੇ ਏ.ਬੀ ਸ਼ੂਗਰ ਮਿੱਲ ਦੇ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਗਰੇਵਾਲ ਤੇ ਮੈਨੇਜਰ ਦੇਸਰਾਜ ਵੱਲੋਂ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਕਿਸਾਨਾਂ ਦੇ 2.5 ਕਰੋੜ ਦੀ ਬਕਾਇਆ ਰਾਸ਼ੀ ਅਗਲੇ ਦਿਨਾਂ 'ਚ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ, ਜਦੋਂਕਿ ਮਿੱਲ ਵਿਚ ਪਿੜਾਈ ਦਾ ਕੰਮ 12 ਦਸੰਬਰ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।
ਵੋਟਾਂ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਗੁਰਦਾਸਪੁਰ) ਬਲਾਕ ਫਤਿਹਗੜ੍ਹ ਚੂੜੀਆਂ ਵੱਲੋਂ ਅੱਜ ਫਹਿਤਗੜ੍ਹ ਚੂੜੀਆਂ ਤੋਂ ਸ਼ੁਰੂ ਕਰਕੇ ਦਰਜ਼ਨਾਂ ਪਿੰਡਾਂ ਵਿੱਚ ਕਿਸਾਨ-ਮਜ਼ਦੂਰ ਚੇਤਨਾ ਮਾਰਚ ਕੱਢਿਆ ਗਿਆ। ਵੱਡੀ ਗਿਣਤੀ ਵਿੱਚ ਕਿਸਾਨਾਂ ਵੰਲੋਂ ਮੋਟਰਸਾਈਕਲਾਂ 'ਤੇ ਮਾਰਚ ਕਰਦਿਆਂ, ਲੋਕਾਂ ਨੂੰ ਸੱਦਾ ਦਿੱਤਾ ਕਿ ਪੰਚਾਇਤੀ ਚੋਣਾਂ ਨੇ ਲੋਕਾਂ ਦਾ ਕੁੱਝ ਨਹੀਂ ਸੁਆਰਨਾ। ਸਰਕਾਰਾਂ ਵੋਟਾਂ ਦੇ ਰੌਲੇ-ਗੌਲੇ ਵਿੱਚ ਕਿਸਾਨਾਂ-ਮਜ਼ਦੂਰਾਂ ਦੇ ਹਕੀਕੀ ਮੁੱਦਿਆਂ ਨੂੰ ਰੋਲ ਰਹੀਆਂ ਹਨ। ਪਿੰਡਾਂ ਵਿੱਚ ਧੜੇਬੰਦੀਆਂ ਅਤੇ ਲੜਾਈ ਝਗੜੇ ਪਾ ਕੇ ਲੋਕਾਂ ਦੀ ਜਮਾਤੀ ਏਕਤਾ ਨੂੰ ਤੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਚਾਇਤਾਂ ਨੇ ਕਦੇ ਵੀ ਮਜ਼ਦੂਰਾਂ-ਕਿਸਾਨਾਂ ਦੇ ਹੱਕ ਵਿੱਚ ਕੋਈ ਹਾਂ-ਪੱਖੀ ਕੰਮ ਨਹੀਂ ਕੀਤਾ ਤੇ ਪਿੰਡਾਂ ਵਿੱਚ ਗਰੀਬ ਕਿਸਾਨਾਂ ਤੇ ਦਲਿਤ ਮਜ਼ਦੂਰਾਂ 'ਤੇ ਜਬਰ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਨੂੰ ਚੋਣਾਂ ਵਿੱਚ ਨਹੀਂ ਉਲਝਣਾ ਚਾਹੀਦਾ ਸਗੋਂ ਆਪਣੀਆਂ ਜਥੇਬੰਦੀਆਂ ਮਜਬੂਤ ਕਰਨੀਆਂ ਚਾਹੀਦੀਆਂ ਹਨ। ਇਸ ਚੇਤਨਾ ਮਾਰਚ ਨੂੰ ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਠੱਠਾ, ਜ਼ਿਲ੍ਹਾ ਸਕੱਤਰ ਨਰਿੰਦਰ ਸਿੰਘ ਕੋਟਲਾਬਾਮਾ, ਹਰਜੀਤ ਸਿੰਘ ਵੀਲ੍ਹਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਮਮਦੋਟ ਤਹਿਸੀਲ ਅੱਗੇ ਵਿਸ਼ਾਲ ਧਰਨਾ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 10 ਦਸੰਬਰ ਨੂੰ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਸਬ ਤਹਿਸੀਲ ਮਮਦੋਟ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਅਤੇ ਭ੍ਰਿਸ਼ਟ ਪੰਜਾਬ ਸਰਕਾਰ, ਭ੍ਰਿਸ਼ਟ ਜ਼ਿਲ੍ਹਾ ਪ੍ਰਸਾਸ਼ਨ ਅਤੇ ਮਮਦੋਟ ਦੇ ਭ੍ਰਿਸਟ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਜ਼ੋਨ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ, ਧਰਮ ਸਿੰਘ ਸਿੱਧੂ ਆਦਿ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭ੍ਰਿਸ਼ਟ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਪ੍ਰਸਾਸ਼ਨ ਅਤੇ ਤਹਿਸੀਲ ਮਮਦੋਟ ਦੇ ਮਾਲ ਅਧਿਕਾਰੀ ਦੋਵੇਂ ਹੱਥੀਂ ਆਮ ਜਨਤਾ ਦੀ ਵੱਡੇ ਪੱਧਰ 'ਤੇ ਫ੍ਰਿਸ਼ਟਾਰ ਰਾਹੀਂ ਲੁੱਟ ਖਸੁੱਟ ਕਰ ਰਹੇ ਹਨ ਅਤੇ ਉਹਨਾਂ ਨੂੰ ਰੱਜ ਕੇ ਜਲੀਲ ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਕੋਈ ਵੀ ਕੰਮ ਬਿਨਾ ਰਿਸ਼ਵਤ ਦੇ ਨਹੀਂ ਹੋ ਰਿਹਾ। ਇਸ ਮੌਕੇ ਕਿਸਾਨ ਆਗੁਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਦਫਤਰਾਂ ਅਤੇ ਸਬ ਤਹਿਸੀਲ ਮਮਦੋਟ ਵਿੱਚ ਫੈਲਿਆ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ ਤੇ ਭ੍ਰਿਸ਼ਟ ਅਧਿਕਾਰੀਆਂ, ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਪਿੰਡ ਤਰਾਂ ਵਾਲੀ, ਪਛਾਨਾਵਾਲਾ ਅਤੇ ਭੱਟੀਆਂ ਦੇ ਕਿਸਾਨਾਂ ਦੀ 150 ਏਕੜ ਫਸਲ ਮਮਦੋਟ ਸੇਮ ਨਾਲੇ ਦੇ ਗੰਦੇ ਪਾਣੀ ਨਾਲ ਬਰਬਾਦ ਹੋ ਰਹੀ ਹੈ। ਇਸ ਸੇਮ ਨਾਲੇ ਵਿੱਚ ਪੈ ਰਿਹਾ ਗੈਰ ਕਾਨੂੰਨੀ ਗੰਦਾ ਪਾਣੀ ਤੁਰੰਤ ਬੰਦ ਕਰਵਾ ਕੇ ਇਸਦਾ ਨਿਕਾਸ ਕੀਤਾ ਜਾਵੇ ਤੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਪਿਛਲੇ ਦਸ ਸਾਲਾਂ ਤੋਂ ਬਣਦਾ ਮੁਆਵਜਾ ਦਿੱਤਾ ਜਾਵੇ। ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਦਾ ਕੇਂਦਰ ਸਰਕਾਰ ਤੋਂ ਆਇਆ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਤੁਰੰਤ ਕਿਸਾਨਾਂ ਨੂੰ ਦਿੱਤਾ ਜਾਵੇ। 1200 ਏਕੜ ਦੀ ਜੰਗਲਾਤ ਵਿਭਾਗ ਦੀ ਰੱਖ ਦੇ ਨਾਲ ਕੰਡਿਆਲੀ ਤਾਰ ਲਾਈ ਜਾਵੇ ਤਾਂ ਜੋ ਰੱਖ ਵਿਚਲੀਆਂ ਨੀਲ ਗਾਵਾਂ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਨਾ ਕਰਨ। ਨਗਰ ਪੰਚਾਇਤ ਮਮਦੋਟ ਅਧੀਨ ਪਿੰਡਾਂ ਦੇ ਗਰੀਬਾਂ ਨੂੰ ਕੇਂਦਰ ਸਰਕਾਰ ਵੱਲੋਂ ਮਕਾਨ ਬਣਾਉਣ ਦੀ ਆਈ ਗਰਾਂਟ ਬਿਨਾ ਕਿਸੇ ਵਿਤਕਰੇ ਅਤੇ ਬਹਾਨੇ ਤੋਂ ਗਰੀਬਾਂ ਨੂੰ ਦਿੱਤੀ ਜਾਵੇ। ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ। ਡਾ. ਸਵਾਮੀਨਾਥਨ ਦੀ ਰਿਪੋਰਟ ਚੋਣ ਵਾਅਦੇ ਅਨੁਸਾਰ ਮੁਕੰਮਲ ਰੂਪ ਵਿੱਚ ਲਾਗੂ ਕੀਤੀ ਜਾਵੇ।
ਭ੍ਰਿਸ਼ਟ ਏ.ਐਸ.ਆਈ. ਖਿਲਾਫ ਧਰਨਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 14 ਦਸੰਬਰ ਨੂੰ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਭ੍ਰਿਸ਼ਟ ਪੁਲਸ, ਪ੍ਰਸਾਸ਼ਨ, ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦੀ ਸਿਆਸੀ ਛਤਰੀ ਹੇਠ ਪਲ ਰਹੇ ਭ੍ਰਿਸ਼ਟ ਤੇ ਧੱਕੇਸ਼ਾਹ ਜੋਗੇਵਾਲੇ ਚੌਂਕੀ ਦੇ ਇੰਚਾਰਜ ਏ.ਐਸ.ਆਈ. ਸੁਰਜੀਤ ਸਿੰਘ ਖਿਲਾਫ ਚੌਂਕੀ ਜੋਗੇਵਾਲਾ ਦਾ ਮੁਕੰਮਲ ਘੇਰਾਓ ਕਰੇਕ ਵਿਸ਼ਾਲ ਧਰਨਾ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੌਕੇ 'ਤੇ ਪੁੱਜੇ ਡੀ.ਐਸ.ਪੀ. ਜ਼ੀਰਾ ਨਰਿੰਦਰ ਸਿੰਘ ਵੱਲੋਂ ਧਰਨਾਕਾਰੀਆਂ ਵੱਲੋਂ ਰੱਖੀਆਂ 9 ਮੰਗਾਂ ਸਬੰਧੀ ਕਿਸਾਨ ਆਗੁਆਂ ਨਾਲ ਮੀਟਿੰਗ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਧਰਨਾਕਾਰੀਆਂ ਦੀ ਸੱਥ ਵਿੱਚ ਆ ਕੇ ਵਿਸ਼ਵਾਸ਼ ਦੁਆਇਆ ਕਿ ਏ.ਐਸ.ਆਈ. ਸੁਰਜੀਤ ਸਿੰਘ ਵੱਲੋਂ ਕਿਸਾਨ ਛਿੰਦਰ ਸਿੰਘ ਲਾਲੂਵਾਲਾ ਪਾਸੋਂ ਲਈ 12 ਹਜ਼ਾਰ ਰਿਸ਼ਵਤ ਅਤੇ 5 ਹਜ਼ਾਰ ਰੁਪਏ ਰਿਸ਼ਤਵ ਮੰਗਦੇ ਦੀ ਕਾਲ ਰਿਕਾਰਡਿੰਗ ਸਮੇਤ ਦਿੱਤੇ ਸੂਬਤਾਂ ਦੀ ਜਾਂਚ ਚੱਲ ਰਹੀ ਹੈ ਐਸ.ਪੀ.ਡੀ. ਪਾਸ ਇਨਕੁਆਰੀ ਦੀ ਜਾਂਚ ਜਲਦ ਮੁਕੰਮਲ ਕਰਕੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ 30 ਦਸੰਬਰ ਨੂੰ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਇਸ ਚੌਕੀ ਇੰਚਾਰਜ ਦਾ ਜ਼ਿਲ੍ਹਾ ਬਦਲੀ ਕੀਤਾ ਜਾਵੇਗਾ। ਇਸੇ ਤਰ੍ਹਾਂ ਤਾਰਾ ਸਿੰਘ ਕੁੱਸੂਵਾਲਾ ਪਾਸੋਂ ਇਸ ਚੌਕੀ ਦੇ ਦੋ ਹਵਾਲਦਾਰਾਂ ਸੀਸਾ ਸਿੰਘ ਤੇ ਨਿਸ਼ਾਨ ਸਿੰਘ ਨੇ 10 ਹਜ਼ਾਰ ਲਈ ਰਿਸ਼ਵਤ ਦੇ ਦੋਸ਼ਾਂ ਦੀ ਚੱਲ ਰਹੀ ਐਸ.ਪੀ.ਐਸ. ਫਿਰੋਜ਼ਪੁਰ ਪਾਸ ਇਨਕੁਆਰੀ ਜਲਦ ਮੁਕੰਮਲ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਾਕੀ ਸੱਤ ਮਸਲਿਆਂ ਦਾ ਹੱਲ ਐਸ.ਐਚ.ਓ. ਮੱਖੂ ਤੇ ਡੀ.ਐਸ.ਪੀ. ਜ਼ੀਰਾ 10 ਜਨਵਰੀ ਤੱਕ ਕਰ ਦੇਣਗੇ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ, ਜ਼ੋਨ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ, ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਦੀਨੇ ਕੇ ਨੇ ਕਿਹਾ ਕਿ ਜੇਕਰ ਉਪਰੋਕਤ ਮਸਲਿਆਂ 'ਤੇ ਟਾਲਮਟੋਲ ਕੀਤੀ ਗਈ ਤਾਂ ਜਥੇਬੰਦੀ ਜ਼ਿਲ੍ਹਾ ਪ੍ਰਸਾਸ਼ਨ ਖਿਲਾਫ ਮੋਰਚਾ ਲਾਵੇਗੀ।
ਐਸ.ਐਸ.ਪੀ. ਤਰਨਤਾਰਨ ਅੱਗੇ ਪੱਕਾ ਮੋਰਚਾ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਭ੍ਰਿਸ਼ਟ ਪੰਜਾਬ ਸਰਕਾਰ ਅਤੇ ਪੁਲਸ ਪ੍ਰਸਾਸ਼ਨ ਤੇ ਗੁੰਡਾ ਗਰੋਹਾਂ ਦੇ ਗੱਠਜੋੜ ਵੱਲੋਂ ਕੀਤੇ ਜਾ ਰਹੇ ਜਬਰ ਖਿਲਾਫ 17 ਦਸੰਬਰ ਨੂੰ ਸੈਂਕੜੇ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਐਸ.ਐਸ.ਪੀ. ਦਫਤਰ ਤਰਨਤਾਰਨ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਤੇ ਪੁਲਸ ਪ੍ਰਸਾਸ਼ਨ ਤੇ ਭ੍ਰਿਸ਼ਟ ਹਲਕਾ ਵਿਧਾਇਕਾਂ ਦੀ ਨਿੱਘਰ ਚੁੱਕੀ ਕਾਰਗੁਜਾਰੀ ਤੇ ਅਮਨ-ਕਾਨੂੰਨ ਦੀ ਬਣੀ ਗੰਭੀਰ ਸਥਿਥੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਬੀਬੀ ਕੁਲਵਿੰਦਰ ਕੌਰ ਵਲੀਪੁਰ ਨੇ ਐਲਾਨ ਕੀਤਾ ਕਿ ਜੇਕਰ ਐਸ.ਐਸ.ਪੀ. ਤਰਨਤਾਰਨ ਨੇ 19 ਸੂਤਰੀ ਮੰਗ ਪੱਤਰ ਦਾ ਕੋਈ ਹੱਲ ਨਾ ਕੱਢਿਆ ਤਾਂ 19 ਦਸੰਬਰ ਨੂੰ ਮੁੱਖ ਮਾਰਗ ਨੈਸ਼ਨਲ ਹਾਈਵੇਅ ਨੰਬਰ 54 ਰਸੂਲਪੁਰ ਨਹਿਰਾਂ ਵਿਖੇ ਪੱਕੇ ਤੌਰ 'ਤੇ ਜਾਮ ਕਰਕੇ ਮੁਕੰਮਲ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ।
ਇਸ ਐਲਾਨ ਦੇ ਦਬਾਅ ਹੇਠ ਐਸ.ਐਸ.ਪੀ. ਵੱਲੋਂ ਦੇਰ ਸ਼ਾਮ ਕਿਸਾਨ ਆਗੂਆਂ ਨਾਲ ਦੋ ਪੜਾਅ ਦੀ ਲੰਬੀ ਮੀਟਿੰਗ ਕਰਕੇ 19 ਸੂਤਰੀ ਮੰਗ ਪੱਤਰ ਵਿੱਚੋਂ ਬਹੁਤੇ ਮਸਲੇ ਮੌਕੇ ਉੱਤੇ ਹੱਲ ਕਰ ਦਿੱਤੇ ਤੇ ਬਾਕੀ ਰਹਿ ਗਏ ਮਸਲਿਆਂ ਦੇ ਹੱਲ ਦਾ ਸਮਾਂ ਨਿਯਤ ਕਰਕੇ ਹਰ ਹਾਲਤ ਵਿੱਚ ਹੱਲ ਕੱਢਣ ਦਾ ਪੁਖਤਾ ਭਰੋਸਾ ਦਿੱਤਾ ਤੇ ਦੁਬਾਰਾ ਮਸਲਿਆਂ ਦੀ ਸਮੀਖਿਆ ਕਰਨ ਲਈ 20 ਦਸੰਬਰ ਨੂੰ ਸਾਢੇ ਗਿਆਰਾਂ ਵਜੇ ਜ਼ਿਲ੍ਹਾ ਪੁਲਸ ਮੁਖੀ ਨੇ ਆਪਣੇ ਦਫਤਰ ਵਿੱਚ ਕਿਸਾਨ ਮਜ਼ਦੂਰ ਆਗੂਆਂ ਨਾਲ ਮੀਟਿੰਗ ਤਹਿ ਕੀਤੀ। ਦੇਰ ਰਾਤ ਗਏ ਐਸ.ਪੀ.ਡੀ. ਤਿਲਕ ਰਾਜ ਅਤੇ ਐਸ.ਪੀ.ਐਚ. ਗੁਰਨਾਮ ਸਿੰਘ ਨੇ ਧਰਨੇ ਵਿੱਚ ਪਹੁੰਚ ਕੇ ਜ਼ਿਲ੍ਹਾ ਪੁਲਸ ਮੁਖੀ ਨੇ ਮੰਗਾਂ ਮੰਨਣ ਦਾ ਐਲਾਨ ਕੀਤਾ ਕਿ 10 ਨਵੰਬਰ ਨੂੰ ਚੌਕ ਚਾਰ ਖੰਭਾ ਵਿੱਚ ਸੂਬਾ ਪ੍ਰਧਾਨ ਦੇ ਲੜਕੇ ਅਤੇ ਰਿਸ਼ਤੇਦਾਰ ਉੱਤੇ ਹਮਲਾ ਕਰਨ, ਲੁੱਟ-ਖੋਹ ਕਰਨ ਅਤੇ ਗੱਡੀ ਭੰਨਣ ਦੇ ਨਾਮਜ਼ਦ ਪੰਜ ਦੋਸ਼ੀ ਜੇਲ੍ਹ ਭੇਜ ਦਿੱਤੇ ਗਏ ਹਨ ਅਤੇ ਮੁੱਖ ਸਰਗਨਾ ਅਸ਼ਵਨੀ ਕੁਮਾਰ ਉਰਫ ਸੈਫੀ ਜਲਦ ਕਾਬੂ ਕਰ ਲਿਆ ਜਾਵੇਗਾ ਅਤੇ ਇਸ ਮੁਕੱਦਮੇ ਦਾ ਅਦਾਲਤ ਵਿੱਚ ਚਲਾਣ ਪੇਸ਼ ਕਰਨ ਦੇ ਹੁਕਮ ਐਸ.ਐਚ.ਓ. ਥਾਣਾ ਸਿਟੀ ਨੂੰ ਮੌਕੇ ਉੱਤੇ ਦਿੱਤੇ ਗਏ। ਪਿੰਡ ਝਾਮਕਾ ਦੇ ਕਿਸਾਨ ਗੁਰਜੀਤ ਸਿੰਘ ਦੀ ਜ਼ਮੀਨ ਹੜੱਪਣ ਅਤੇ ਖੇਤੀਬਾੜੀ ਦਾ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਮੁਕੱਦਮਾ ਨੰ. 108 ਥਾਣਾ ਝਬਾਲ ਵੱਲੋਂ ਚਲਾਣ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਤੇ ਦੋਸ਼ੀਆਂ ਵੱਲੋਂ ਬਣਾਈ ਜਾਅਲੀ 326 ਕਿਸੇ ਵੀ ਸੂਰਤ ਵਿੱਚ ਦਰਜ਼ ਨਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਰਪਟ ਪਾ ਕੇ ਉਸਦੀ ਕਾਪੀ ਕਿਸਾਨ ਆਗੁਆਂ ਨੂੰ ਦਿੱਤੀ ਜਾਵੇਗੀ। ਤਰਨਤਾਰਨ ਜ਼ਿਲ੍ਹੇ ਵਿੱਚ ਮਜਬੂਰੀ ਵਸ ਪਰਾਲੀ ਨੂੰ ਨਸ਼ਟ ਕਰਨ ਵਾਲੇ ਕਿਸਾਨਾਂ ਉੱਤੇ ਕੀਤੇ ਪਰਚੇ ਰੱਦ ਕਰਨ ਦੇ ਹੁਕਮ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਹੇਠਲੇ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਤੇ ਕਿਹਾ ਗਿਆ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਕਿਸਾਨ ਨੂੰ ਇਸ ਸਬੰਧੀ ਸ਼ਿਕਾਇਤ ਹੋਵੇ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਇਸੇ ਤਰ੍ਹਾਂ ਥਾਣਾ ਝਬਾਲ, ਥਾਣਾ ਸਿਟੀ ਤਰਨਤਾਰਨ ਅਤੇ ਸਰਾਏ ਅਮਾਨਤ ਖਾਂ ਵਿਖੇ ਪਿਛਲੇ ਸਮੇਂ ਵਿੱਚ ਕਿਸਾਨ ਆਗੂਆਂ ਉੱਤੇ ਕੀਤੇ ਗਏ ਪਰਚਿਆਂ ਐਫ.ਆਈ.ਆਰ. ਨੰਬਰ 79/14, 41/16, 288/17 ਅਤੇ 73/17 ਮੁਕੱਦਮਿਆਂ ਨੂੰ ਰੱਦ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਐਸ.ਪੀ. ਟਰੈਫਿਕ ਜਸਵੰਤ ਕੌਰ ਤੇ ਡੀ.ਐਸ.ਪੀ.ਡੀ. ਸਤਨਾਮ ਸਿੰਘ ਸਮੇਤ ਹੋਰ ਉੱਚ ਪੁਲਸ ਅਧਿਕਾਰੀਆਂ ਪਾਸ ਮਸਲਿਆਂ ਦੀਆਂ ਚੱਲ ਰਹੀਆਂ ਇਨਕੁਆਰੀਆਂ ਇੱਕ ਹਫਤੇ ਵਿੱਚ ਮੁਕੰਮਲ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਅਤੇ ਥਾਣਾ ਚੋਹਲਾ ਸਾਹਿਬ ਦੇ ਪਿੰਡ ਭੱਠਲ ਭਾਈਕੇ ਵਿਖੇ ਲੜਕੀ ਦੀ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮੁਕੱਦਮਾ ਨੰ. 19/18 ਧਾਰਾ 306 ਅਧੀਨ ਲੜਕੀ ਦੇ ਪਤੀ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚਲਾਨ ਪੇਸ਼ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪੱਤਰਕਾਰ ਜਸਪਾਲ ਸਿੰਘ ਜੱਸੀ ਉੱਪਰ ਕਾਤਲਾਨਾ ਹਮਲਾ ਕਰਨ ਦੇ ਦੋਸ਼ੀਆਂ ਨੂੰ ਇੱਕ ਦੋ ਦਿਨ ਵਿੱਚ ਕਾਬੂ ਕਰ ਲਿਆ ਜਾਵੇਗਾ। ਕਿਸਾਨ ਮਜ਼ਦੂਰ ਆਗੂਆਂ ਨੇ ਪੁਲਸ ਅਧਿਕਾਰੀਆਂ ਵੱਲੋਂ ਕੀਤੇ ਐਲਾਨ ਅਤੇ ਦਿੱਤੇ ਭਰੋਸੇ ਮਗਰੋਂ ਦੇਰ ਰਾਤ ਗਏ ਧਰਨਾ ਮੁਲਤਵੀ ਕਰ ਦਿੱਤਾ।
ਵਰਕਰ ਚੇਤਨਾ ਮੁਹਿੰਮ ਤਹਿਤ ਮੀਟਿੰਗਾਂ
ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਜਨਰਲ ਸਕੱਤਰ ਸੁਖਪਾਲ ਸਿੰਘ ਖਿਆਲੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਜਥੇਬੰਦੀ ਨੂੰ ਪਿੰਡ ਪੱਧਰ 'ਤੇ ਮਜਬੂਤ ਕਰਨ ਲਈ ਵਰਕਰ ਚੇਤਨਾ ਮੁਹਿੰਮ ਤਹਿਤ ਸਾਰੇ ਇਲਾਕਿਆਂ ਵਿੱਚ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਇਸ ''ਵਰਕਰ ਚੇਤਨਾ ਮੁਹਿੰਮ ਤਹਿਤ'' ਜ਼ਿਲ੍ਹਾ ਮਾਨਸਾ ਦੇ ਪਿੰਡ ਝਲਵੂਹਟੀ ਅਤੇ ਫਰੀਦ ਕੇ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਨੂੰ ਦਿਲਬਾਗ ਸਿੰਘ ਜ਼ੀਰਾ ਸੂਬਾ ਕਮੇਟੀ ਮੈਂਬਰ ਤੇ ਬਲਵੰਤ ਮੱਖੂ ਤੋਂ ਇਲਾਵਾ ਬਬਲੀ ਬੁਢਲਾਢਾ ਨੇ ਵੀ ਸੰਬੋਧਨ ਕੀਤਾ। ਸਾਰੇ ਬੁਲਾਰਿਆਂ ਨੇ ਮਜ਼ਦੂਰਾਂ ਸਬੰਧੀ ਸਰਕਾਰੀ ਸਕੀਮਾਂ ਦੇ ਲਾਗੂ ਨਾ ਹੋਣ 'ਤੇ ਚਾਨਣਾ ਪਾਇਆ। ਸ਼ਗਨ ਸਕੀਮ, ਪੈਨਸ਼ਨਾਂ, ਲੋੜਵੰਦ ਨੂੰ ਕਣਕ, ਨਰੇਗਾ ਸਕੀਮ ਤਹਿਤ ਕੰਮ ਸ਼ੁਰੂ ਕਰਨ, ਬੱਚਿਆਂ ਨੂੰ ਮੁਫਤ ਵਿਦਿਆ, ਵਜ਼ੀਫੇ, ਨੌਕਰੀਆਂ ਵਿੱਚ ਰਾਖਵਾਂਕਰਨ ਤਹਿਤ ਖਾਲੀ ਪਈਆਂ ਪੋਸਟਾਂ ਭਰਨ, 10-10 ਮਰਲੇ ਦੇ ਪਲਾਟ ਅਤੇ ਬੱਚਿਆਂ ਨੂੰ ਨੌਕਰੀ ਦੇਣ ਦੇ ਸਰਕਾਰੀ ਵਾਅਦਿਆਂ ਤੋਂ ਸਰਕਾਰ ਦੇ ਮੁੱਕਰ ਜਾਣ ਅਤੇ ਚੋਰ ਦਰਵਾਜ਼ੇ ਰਾਹੀਂ ਬਿਜਲੀ ਬਿੱਲਾਂ ਦੀ ਮਿਲਦੀ 400 ਯੁਨਿਟ ਦੀ ਸਹੂਲਤ ਖੋਹਣ ਦੀ ਚਰਚਾ ਕੀਤੀ। ਇਸ ਤੋਂ ਇਲਾਵਾ ਪਿੰਡ ਝਲਵੂਹਟੀ ਦੀ ਤਰਜ਼ 'ਤੇ ਪੰਚਾਇਤੀ ਜ਼ਮੀਨ ਵਿੱਚੋਂ ਬਣਦਾ ਹਿੱਸਾ ਲੈਣ ਲਈ ਹੁਣ ਤੋਂ ਹੀ ਜਥੇਬੰਦੀ ਮਜਬੂਤ ਕਰਨ ਦੀ ਅਪੀਲ ਕੀਤੀ ਗਈ। ਪਿੰਡ ਨਿਵਾਸੀਆਂ ਨੇ ਮੀਟਿੰਗਾਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਬੁਢਲਾਢੇ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ 'ਤੇ ਵਿਚਾਰ ਚਰਚਾ ਕਰਨ ਲਈ ਹੋਏ ਭਰਵੇਂ ਇਕੱਠ ਨੂੰ ਬੀ.ਕੇ.ਯੂ. ਕਰਾਂਤੀਕਾਰੀ ਦੇ ਆਗੂ ਪ੍ਰਸ਼ੋਤਮ ਮਹਿਰਾਜ, ਪ੍ਰਧਾਨ ਸੁਰਜੀਤ ਫੂਲ ਅਤੇ ਮੰਚ ਦੇ ਜਨਰਲ ਸਕੱਤਰ ਬਲਵੰਤ ਮੱਖੂ ਨੇ ਸੰਬੋਧਨ ਕੀਤਾ। ਸਾਰੇ ਪਿੰਡ ਨਿਵਾਸੀਆਂ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਮੋਰਚਾ ਲਾਉਣ ਦਾ ਫੈਸਲਾ ਕੀਤਾ।
ਕਿਰਤੀਆਂ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਮਕਾਨ ਬਣਾਉਣੇ ਸ਼ੁਰੂ
ਕਰਤਾਰਪੁਰ, 8 ਦਸੰਬਰ- ਪੇਂਡੂ ਮਜ਼ਦੂਰ ਵਲੋਂ ਬੇਘਰੇ ਵਿਅਕਤੀਆਂ ਨੂੰ ਪੰਚਾਇਤੀ ਜ਼ਮੀਨਾਂ ਵਿਚੋਂ ਰਿਹਾਇਸ਼ੀ ਪਲਾਟ ਦਿਵਾਉਣ ਦੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੰਚਾਇਤੀ ਜ਼ਮੀਨਾਂ 'ਤੇ ਪੱਕੇ ਘਰ ਬਣਾਉਣ ਲਈ ਕਰਤਾਰਪੁਰ ਨੇੜਲੇ ਪਿੰਡ ਬੱਖੂ ਨੰਗਲ ਵਿਚ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਯੂਨੀਅਨ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਜ਼ਿਲ•ਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵਾਂਗ ਕਾਂਗਰਸ ਸਰਕਾਰ ਵੀ ਵਿਰੋਧੀ ਸਾਬਤ ਹੋ ਰਹੀ ਹੈ। ਅਕਾਲੀ-ਭਾਜਪਾ ਸਰਕਾਰ ਵੇਲੇ ਕਿਰਤੀ ਲੋਕਾਂ ਨੂੰ ਪੰਚਾਇਤੀ ਜ਼ਮੀਨਾਂ ਵਿਚੋਂ ਰਿਹਾਇਸ਼ੀ ਪਲਾਟ ਦੇਣ ਦੀ ਮੰਗ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਸੀ। ਜਿਸ ਕਰਕੇ ਬੇਜ਼ਮੀਨੇ ਲੋਕ ਝੁੱਗੀਆਂ ਵਿਚ ਰਹਿਣ ਲਈ ਮਜਬੂਰ ਹਨ। ਉਨ•ਾਂ ਦੱਸਿਆ ਕਿ ਪਿੰਡ ਬੱਖੂ ਨੰਗਲ ਦੀ ਪੰਚਾਇਤ ਨੇ ਸਰਪੰਚ ਚਰਨਜੀਤ ਕੌਰ ਦੀ ਪ੍ਰਧਾਨਗੀ ਵਿਚ ਹੋਏ ਆਮ ਇਜਲਾਸ ਦੌਰਾਨ ਗਰੀਬ ਬੇਜ਼ਮੀਨੇ ਪਰਿਵਾਰਾਂ ਨੂੰ ਪੰਜ ਮਰਲੇ ਦੇ ਪਲਾਟ ਮਕਾਨ ਬਣਾਉਣ ਲਈ ਦੇਣ ਦਾ ਮਤਾ ਪਾਸ ਕੀਤਾ ਸੀ। ਉਨ•ਾਂ ਸਮੇਂ ਦੀਆਂ ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਹਾਲੇ ਤੱਕ ਪਲਾਟ ਦੇਣ ਦੀ ਕਾਰਵਾਈ ਸਰਕਾਰੀ ਫਾਈਲਾਂ ਵਿਚ ਉਲਝੀ ਹੋਈ ਹੈ। ਜਿਸ ਕਾਰਨ ਪਲਾਟਾਂ ਦੀ ਅਲਾਟਮੈਂਟ ਨਹੀਂ ਹੋਈ।
ਉਕਤ ਆਗੂਆਂ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਦੀ ਬੋਲੀ ਦਾ ਵਿਰੋਧ ਕਰਨ ਮਗਰੋਂ ਵਿੱਤ ਕਮਿਸ਼ਨ ਤੇ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸਮੇਂ-ਸਮੇਂ 'ਤੇ ਸ਼ਿਕਾਇਤਾਂ ਭੇਜ ਕੇ ਜਾਣੂ ਕਰਵਾਇਆ ਜਾਂਦਾ ਰਿਹਾ ਕਿ ਪਿੰਡਾਂ ਵਿਚਲੀਆਂ ਪੰਚਾਇਤੀ ਦੀਆਂ ਜ਼ਮੀਨਾਂ ਵਿਚ ਬੇਘਰਿਆਂ ਨੂੰ ਹਿੱਸਾ ਨਹੀਂ ਮਿਲਦਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਬੇਘਰਿਆਂ ਨੂੰ ਪੱਕੇ ਘਰ ਬਣਾਉਣ ਲਈ ਪੰਚਾਇਤੀ ਜ਼ਮੀਨਾਂ ਵਿਚ ਪਲਾਟ ਕੱਟ ਕੇ ਦਿੱਤੇ ਜਾਣ।
ਗੁਰਮੀਤ ਸਿੰਘ ਬਖਤੂਪੁਰਾ 'ਤੇ ਹਮਲੇ ਦੀ ਨਿਖੇਧੀ
ਭਾਰਤੀ ਕਿਸਾਨ ਯੂਨੀਅਨ (ਏਕਤਾ) ਜ਼ਿਲ੍ਹਾ ਕਮੇਟੀ ਗੁਰਦਾਸਪੁਰ ਵੱਲੋਂ ਪੰਚਾਇਤੀ ਚੋਣਾਂ ਵਾਲੇ ਦਿਨ ਪਿੰਡ ਨੜਾਂਵਾਲੀ ਵਿੱਚ ਪੁਲਸ ਅਫਸਰਾਂ ਦੀ ਹਾਜ਼ਰੀ ਵਿੱਚ ਕਾਂਗਰਸੀ ਗੁੰਡਿਆਂ ਵੱਲੋਂ ਗੁਰਮੀਤ ਸਿੰਘ ਬਖਤੂਪੁਰ (ਸੂਬਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ (ਮ.ਲ.) ਲਿਬਰੇਸ਼ਨ) 'ਤੇ ਜਾਨ ਲੇਵਾ ਹਮਲਾ ਕਰਨ ਤੇ ਉਹਨਾਂ ਦੀ ਲੱਤ ਤੋੜਨ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਜ਼ਿਲ੍ਹਾ ਆਗੂਆਂ ਨੇ ਕਿਹਾ ਕਿ ਇਹ ਅਖੌਤੀ ਜਮਹੂਰੀਅਤ ਦਾ ਅਸਲ ਚਿਹਰਾ ਹੈ। ਹਾਕਮ ਪਾਰਟੀਆਂ ਆਪਣੇ ਖਿਲਾਫ ਕਿਸੇ ਵੀ ਆਵਾਜ਼ ਜਾਂ ਸਰਗਰਮੀ ਨੂੰ ਬਰਦਾਸ਼ਤ ਹੀ ਨਹੀਂ ਕਰਦੀਆਂ। ਕਾਂਗਰਸ ਪਾਰਟੀ ਪਿੰਡ ਵਿੱਚ ਪੰਜਾਬ ਕਿਸਾਨ ਯੂਨੀਅਨ ਦੀ ਹੋਂਦ ਨੂੰ ਖਤਮ ਕਰਨ ਲਈ ਇਸ ਹਮਲੇ 'ਤੇ ਉੱਤਰੀ। ਆਗੂਆਂ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ।
No comments:
Post a Comment