ਸੂਬਾ ਡੈਲੀਗੇਟ ਇਜਲਾਸ ਕਰਨ ਦਾ ਫੈਸਲਾ
ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਦੀ ਸੂਬਾ ਕਮੇਟੀ ਨੇ ਮੰਚ ਦਾ ਵਿਸ਼ੇਸ਼ ਡੈਲੀਗੇਟ ਇਜਲਾਸ 6 ਜਨਵਰੀ 2018 ਨੂੰ ਪਿੰਡ ਨਾਹਲ ਖੋਟੇ ਜ਼ਿਲ੍ਹਾ ਮੋਗਾ ਵਿਖੇ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਮੰਚ ਦੇ ਸੂਬਾ ਜਨਰਲ ਸਕੱਤਰ ਬਲਵੰਤ ਮੱਖੂ ਨੇ ਪ੍ਰੈਸ ਦੇ ਨਾਂ ਜਾਰੀ ਕੀਤੇ ਬਿਆਨ ਵਿੱਚ ਦਿੱਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਮੰਚ ਦੇ ਇਜਲਾਸ ਦਾ ਸਮਾਂ ਅਜੇ ਰਹਿੰਦਾ ਹੈ, ਪਰ ਸੂਬਾ ਕਮੇਟੀ ਜਥੇਬੰਦੀ ਨੂੰ ਦਰਪੇਸ਼ ਕੁੱਝ ਨੀਤੀਗਤ ਅਤੇ ਜਥੇਬੰਦਕ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਸ਼ੇਸ਼ ਸੂਬਾ ਡੈਲੀਗੇਟ ਇਜਸਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਇਜਲਾਸ ਵਿੱਚ ਕਾਰਗੁਜਾਰੀ ਦਾ ਲੇਖਾਜੋਖਾ, ਵਿਸ਼ੇਸ਼ ਮਤਾ, ਮੌਜੂਦਾ ਹਾਲਤ ਅਤੇ ਸਾਡੇ ਕਾਰਜ ਅਤੇ ਸੂਬਾ ਕਮੇਟੀ ਦੀ ਚੋਣ ਆਧਾਰਤ 4 ਅਜੰਡੇ ਹੋਣਗੇ। 6 ਜਨਵਰੀ ਨੂੰ 10 ਵਜੇ ਸੂਬਾ ਕਮੇਟੀ ਵੱਲੋਂ ਝੰਡੇ ਦੀ ਸਲਾਮੀ ਦੇਣ, ਸ਼ਹੀਦਾਂ ਦੀ ਯਾਦ ਵਿੱਚ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਹੀ ਇਜਲਾਸ ਦੀ ਸ਼ੁਰੂਆਤ ਕੀਤੀ ਜਾਵੇਗੀ। ਇਜਲਾਸ ਦੀ ਸਮਾਪਤੀ 'ਤੇ ਰੈਲੀ ਕਰਕੇ ਜਨਰਲ ਸਕੱਤਰ ਦੇ ਭਾਸ਼ਣ ਨਾਲ ਇਜਲਾਸ ਦੀ ਸਮਾਪਤੀ ਹੋਵੇਗੀ। ਸੂਬਾ ਕਮੇਟੀ ਸਾਰੇ ਇਲਾਕਿਆਂ ਦੇ ਡੈਲੀਗੇਟਾਂ ਅਤੇ ਦਰਸ਼ਕਾਂ ਨੂੰ ਅਪੀਲ ਕਰਦੀ ਹੈ ਕਿ ਇਜਲਾਸ ਦੀ ਸਫਲਤਾ ਲਈ ਹੁਣ ਤੋਂ ਹੀ ਜੁਟ ਜਾਣ। ਭਖਵੇਂ ਮੁੱਦਿਆਂ 'ਤੇ ਲਿਖਤੀ ਮਤੇ ਵੀ ਪਾਸ ਕੀਤੇ ਜਾਣਗੇ। ਸੂਬਾ ਕਮੇਟੀ ਨੇ ਪੰਚਾਇਤੀ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਅਖੌਤੀ ਵਿਧਾਨ-ਪਾਲਿਕਾ ਦੀ ਪੌੜੀ ਦਾ ਸਭ ਤੋਂ ਹੇਠਲਾ ਡੰਡਾ ਹੈ ਅਤੇ ਹਾਕਮ ਜਮਾਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਹੱਥਠੋਕਿਆਂ ਨੂੰ ਪੰਚਾਇਤਾਂ 'ਤੇ ਕਬਜ਼ੇ ਕਰਵਾ ਕੇ ਲੋਕ ਸਭਾ ਚੋਣਾਂ ਵਿੱਚ ਇਹਨਾਂ ਰਾਹੀਂ ਵੋਟਾਂ ਦੀ ਫਸਲ ਵੱਢਣਾ ਚਾਹੁੰਦੀਆਂ ਹਨ। ਇਸ ਵਿੱਚ ਧੱਕੇਸ਼ਾਹੀ, ਨਸ਼ੇ ਤੇ ਗੁੰਡਾਗਰਦੀ ਦੀ ਖੁੱਲ੍ਹਮ-ਖੁੱਲ੍ਹੀ ਵਰਤੋਂ ਹੋਵੇਗੀ। ਇਹ ਲੋਕਾਂ ਦੀ ਰਜ਼ਾ ਦਾ ਫੈਸਲਾ ਨਹੀਂ ਹੋਣਾ।
No comments:
Post a Comment