Friday, 9 November 2018

ਅਧਿਆਪਕ ਸੰਘਰਸ਼ ਦੀ ਰੋਹਲੀ ਲਲਕਾਰ

ਕੈਪਟਨ ਹਕੂਮਤ ਦੇ ਲੋਕ-ਵਿਰੋਧੀ ਰਵੱਈਏ ਵਿਰੁੱਧ
ਅਧਿਆਪਕ ਸੰਘਰਸ਼ ਦੀ ਰੋਹਲੀ ਲਲਕਾਰ

-ਗੁਰਮੇਲ ਸਿੰਘ ਭੁਟਾਲ
ਨਿੱਜੀਕਰਣ ਦੀਆਂ ਸਾਮਰਾਜੀ ਨੀਤੀਆਂ ਦੇ ਝੰਬੇ ਅਤੇ ਪਿਛਲੇ ਲੰਬੇ ਸਮੇਂ ਤੋਂ ਦਰਜਨਾਂ ਵਾਜਬ ਮੰਗਾਂ ਲਈ ਸੰਘਰਸ਼ ਕਰਦੇ ਆਉਂਦੇ ਅਧਿਆਪਕ ਵਰਗ ਨੂੰ ਉਸ ਵਕਤ ਭਾਰੀ ਧੱਕਾ ਲੱਗਿਆ ਜਦੋਂ ਅਕਤੂਬਰ 2018 ਦੇ ਪਹਿਲੇ ਹਫਤੇ ਪੰਜਾਬ ਮੰਤਰੀ ਮੰਡਲ ਦੀ ਬੈਠਕ ਦਾ ਫੈਸਲਾ ਅਖਬਾਰਾਂ ਦੀਆਂ ਸੁਰਖੀਆਂ 'ਚ ਆਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਕਿ “ਪੰਜਾਬ ਦੇ 8886 ਅਧਿਆਪਕਾਂ ਨੂੰ ਪੱਕੇ ਕਰ ਦਿੱਤਾ ਗਿਆ ਹੈ।'' “ਪੱਕਾ'' ਸ਼ਬਦ ਸੁਣ ਕੇ ਆਮ ਲੋਕਾਂ ਨੂੰ ਇਕ ਦਮ ਇੰਜ ਜਾਪਿਆ ਜਿਵੇਂ ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਕੋਈ ਬਹੁਤ ਵੱਡਾ ਤੋਹਫਾ ਦੇ ਦਿੱਤਾ ਹੋਵੇ। ਅਧਿਆਪਕਾਂ ਨੂੰ ਸ਼ਬਦ ਤਾਂ “ਪੱਕਾ'' ਦੇ ਦਿੱਤਾ ਗਿਆ ਪਰੰਤੂ ਉਹਨਾਂ ਦੀਆਂ ਤਨਖਾਹਾਂ ਵਿੱਚ 65 ਫੀਸਦੀ ਕਟੌਤੀ ਦੀ ਕੈਂਚੀ ਫੇਰ ਦਿੱਤੀ। ਕਰੀਬ 42 ਹਜ਼ਾਰ ਤਨਖਾਹ ਪ੍ਰਾਪਤ ਕਰਨ ਵਾਲ਼ੇ ਅਧਿਆਪਕਾਂ ਨੂੰ ਤਿੰਨ ਸਾਲਾਂ ਦਾ ਪਰਖ ਸਮਾਂ ਨਿਸ਼ਚਤ ਕਰਦਿਆਂ 15300/- ਤਨਖਾਹ ਦੇਣ ਦਾ ਫੈਸਲਾ ਕਰ ਦਿੱਤਾ ਗਿਆ। ਸਰਵ ਸਿੱਖਿਆ ਅਭਿਆਨ ਤਹਿਤ ਭਰਤੀ ਹੋਏ 7356 ਅਧਿਆਪਕ, ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤਹਿਤ ਭਰਤੀ ਹੋਏ ੧੧੯੪ ਅਧਿਆਪਕ, ਅਤੇ ਆਦਰਸ਼ ਮਾਡਲ ਸਕੂਲਾਂ ਦੇ ੩੩੬ ਅਧਿਆਪਕ ਇਸ ਮਾਰ ਹੇਠਾਂ ਆਏ ਹਨ। ਇਹਨਾਂ ਚੋਂ ਬਹੁਤੇ  ਕਰੀਬ ਦਸ ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਹਨ ਜਿਨ੍ਹਾਂ ਨੇ ਵਿਭਾਗ ਵੱਲੋਂ ਨਿਰਧਾਰਤ ਦੋ ਜਾਂ ਤਿੰਨ ਸਾਲਾਂ ਦਾ ਪਰਖ ਸਮਾਂ ਪਾਰ ਕਰ ਲਿਆ ਹੈ। ਇਸ ਤਰਾਂ੍ਹ ਮੁੜ-ਮੁੜ ਪਰਖ ਸਮੇਂ ਦੇ ਗੇੜ 'ਚ ਪਾਉਣਾ ਅਤੇ ਤਨਖਾਹਾਂ ਉੱਪਰ ਕਟੌਤੀ ਦਾ ਕੁਹਾੜਾ ਵਾਹੁਣਾ ਇੱਕ ਸਿਰੇ ਦਾ ਜ਼ਾਬਰ ਕਦਮ ਹੈ। ਇਹ ਪੰਜਾਬ ਜਾਂ ਭਾਰਤ ਦਾ ਹੀ ਨਹੀਂ ਬਲਕਿ ਵਿਸ਼ਵ ਦਾ ਇੱਕ ਨਿਵੇਕਲ਼ਾ ਫੁਰਮਾਨ ਹੈ। ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਸਮੇਤ ਸਭ ਥੁੜੋਂ-ਮਾਰੇ ਲੋਕਾਂ ਨੂੰ ਕੋਈ ਵੀ ਸਹੂਲਤ ਦੇਣ ਮੌਕੇ ਹਾਕਮ 'ਖਜ਼ਾਨਾ ਖਾਲੀ' ਹੋਣ ਦੀ ਰੱਟ ਲਗਾ ਦਿੰਦੇ ਹਨ ਅਤੇ ਆਪ ਹਮੇਸ਼ਾਂ ਖਜ਼ਾਨੇ ਨੂੰ ਜੋਕ ਵਾਂਗ ਚਿੰਬੜੇ ਰਹਿੰਦੇ ਹਨ। ਤਨਖਾਹ-ਕਟੌਤੀ ਦਾ ਫੁਰਮਾਨ ਜਾਰੀ ਹੁੰਦਿਆਂ ਹੀ ਸਾਂਝਾ ਅਧਿਆਪਕ ਮੋਰਚਾ, ਪੰਜਾਬ ਵੱਲੋਂ 5 ਅਕਤੂਬਰ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਧਰਨੇ ਦੇ ਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕਰ ਦਿੱਤਾ ਅਤੇ ਸੂਬਾ ਪੱਧਰੀ ਪਟਿਆਲ਼ਾ ਰੈਲੀ ਕਰਨ ਉਪਰੰਤ, 7 ਅਕਤੂਬਰ ਤੋਂ ਪਟਿਆਲ਼ਾ ਵਿਖੇ 'ਮਰਨ ਵਰਤ' ਰਾਹੀਂ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ। “ਮਰਨ ਵਰਤ ਅੰਦੋਲਨ'' ਵਿੱਚ 11 ਪੁਰਸ਼ ਅਤੇ 5 ਮਹਿਲਾਵਾਂ ਸ਼ਾਮਲ ਹਨ।
ਪੰਜ ਆਗੂ ਮੁਅੱਤਲ
ਪਹਿਲਾਂ ਅਕਾਲੀ-ਭਾਜਪਾ ਸਰਕਾਰ ਸਮੇਂ ਅਤੇ ਹੁਣ ਕਾਂਗਰਸੀ ਸਰਕਾਰ ਦੇ ਹੁੰਦੇ ਪੰਜਾਬ ਦੇ ਸਿੱਖਿਆ-ਤੰਤਰ ਨੂੰ ਕੋਹੜ ਵਾਂਗ ਚਿੰਬੜੇ ਸਿੱਖਿਆ ਸਕੱਤਰ ਕ੍ਰਿ੍ਰਸ਼ਨ ਕੁਮਾਰ ਅਤੇ ਨਵੇਂ ਸਜੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਬੁਖਲਾਈ ਜੋੜੀ ਨੇ ਅਧਿਆਪਕਾਂ ਦੀ ਗੱਲ ਸੁਣਨ/ਗੌਲਣ ਦੀ ਬਜਾਏ, ਪੰਜ ਐੱਸ ਐੱਸ ਏ/ਰਮਸਾ ਅਧਿਆਪਕਾਂ ਹਰਦੀਪ ਸਿੰਘ ਟੋਡਰਪੁਰ, ਹਰਵਿੰਦਰ ਰੱਖੜਾ, ਹਰਜੀਤ ਸਿੰਘ ਜੀਦਾ, ਦੀਦਾਰ ਸਿੰਘ ਮੁੱਦਕੀ ਅਤੇ ਭਰਤ ਕੁਮਾਰ ਨੂੰ ਮੁਅੱਤਲੀ ਦੇ ਫਰ੍ਹਲੇ ਜਾਰੀ ਕਰ ਦਿੱਤੇ ।ਕਈਆਂ ਦੀਆਂ ਦੂਰ-ਦੁਰਾਡੇ ਬਦਲੀਆਂ ਕਰ ਮਾਰੀਆਂ। ਮੁਅੱਤਲੀ ਦੇ ਪੱਤਰਾਂ ਵਿੱਚ ਇਹਨਾਂ ਅਧਿਆਪਕਾਂ 'ਤੇ ਕਿਸੇ ਦੋਸ਼ ਦਾ ਜ਼ਿਕਰ ਨਹੀਂ ਕੀਤਾ ਗਿਆ ਜਦ ਕਿ ਵਿਭਾਗੀ ਨਿਯਮਾਂ ਮੁਤਾਬਕ ਕਿਸੇ ਮਾਮਲੇ ਵਿੱਚ ਦੋਸ਼ੀ ਸਮਝੇ ਜਾਂਦੇ ਅਧਿਆਪਕ ਨੂੰ ਪਹਿਲਾਂ ਸਪੱਸ਼ਟ ਦੋਸ਼- ਸੂਚੀ ਜਾਰੀ ਕਰ ਕੇ ਉਸ ਦੀ ਸੁਣਵਾਈ ਅਤੇ ਪੜਤਾਲ਼ ਕਰਨੀ ਹੁੰਦੀ ਹੈ। ਇਹਨਾਂ ਮੁਅੱਤਲੀਆਂ ਦਾ ਕਾਰਨ ਬੱਸ ਏਨਾ ਹੈ ਕਿ ਇਹ ਅਧਿਆਪਕ “ਸਾਂਝਾ ਅਧਿਆਪਕ ਮੋਰਚਾ'' ਦੇ ਵੱਖ ਵੱਖ ਪੱਧਰਾਂ ਦੇ ਆਗੂਆਂ ਦੀ ਹੈਸੀਅਤ ਵਿੱਚ ਹੱਕੀ ਸੰਘਰਸ਼ ਦੀ ਅਗਵਾਈ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਸਿੱਖਿਆ ਮੰਤਰੀ ਦੇ ਸਮੱਗਲਰ ਪਿਛੋਕੜ ਦੇ ਚਿੱਠੇ ਫਰੋਲਣ ਬਦਲੇ, ਡੀ ਟੀ ਐੱਫ ਦੇ ਸੂਬਾਈ ਆਗੂ ਜਰਮਨਜੀਤ ਸਿੰਘ ਅਤੇ ਅਸ਼ਵਨੀ ਅਵਸਥੀ ਸਮੇਤ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਆਗੂਆਂ ਨੂੰ ਮੁਅੱਤਲ ਕੀਤਾ ਹੋਇਆ ਹੈ।
ਚੁਣੌਤੀ ਕਬੂਲ— ਰੋਹ ਪਰਚੰਡ
ਕਿਸੇ ਵੀ ਦਲੀਲ/ਅਪੀਲ ਦੀ ਸੁਣਵਾਈ ਦੀ ਬਜਾਏ ਤਾਨਾਸ਼ਾਹੀ ਦਾ ਡੰਡਾ ਘੁੰਮਾਉਂਦੇ ਫਿਰਦੇ ਵਿਭਾਗੀ ਅਤੇ ਸਰਕਾਰੀ ਅਧਿਕਾਰੀਆਂ ਦੇ ਧੱਕੜ ਕਦਮਾਂ ਨਾਲ਼ ਅਧਿਆਪਕਾਂ ਦਾ ਜੋਸ਼ ਹੋਰ ਵਧ ਰਿਹਾ ਹੈ। ਪੰਜਾਬ ਭਰ ਵਿੱਚੋਂ ਜ਼ਿਲ੍ਹਾਵਾਰ ਯੋਜਨਾ ਤਹਿਤ ਸੈਂਕੜੇ ਅਧਿਆਪਕ ਹਰ ਰੋਜ਼ ਪਟਿਆਲ਼ਾ ਵੱਲ ਵਹੀਰਾਂ ਘੱਤਦੇ ਹਨ। ਅਕਤੂਬਰ 13 ਅਤੇ 21 ਨੂੰ ਪਟਿਆਲ਼ਾ ਸ਼ਹਿਰ ਵਿੱਚ ਜ਼ਬਰਦਸਤ ਇਕੱਠ ਕਰ ਕੇ ਕੈਪਟਨ ਸਰਕਾਰ ਨੂੰ ਵੰਗਾਰਿਆ ਗਿਆ। ਮਾਮਲੇ ਦੇ ਚਲਦਿਆਂ ਤੇ ਗਰਮਾਉਂਦਿਆਂ, ਬਹੁਤ ਸਾਰੀਆਂ ਭਰਾਤਰੀ ਕਿਸਾਨ-ਮਜ਼ਦੂਰ-ਮੁਲਾਜ਼ਮ-ਵਿਦਿਆਰਥੀ ਆਦਿ ਜੱਥੇਬੰਦੀਆਂ ਦੀ ਮੱਦਦ ਮਿਲਦੀ ਗਈ ਜਿਸ ਦੇ ਸਿੱਟੇ ਵਜੋਂ 21 ਅਕਤੂਬਰ ਦਾ ਇਕੱਠ ਹੋਰ ਵੀ ਸਿਖ਼ਰਾਂ ਛੋਹ ਗਿਆ ਸੀ। ਗੁਰਦੁਆਰਾ ਦੂਖ ਨਿਵਾਰਨ ਨੇੜੇ 'ਮਰਨ-ਵਰਤ ਕੈਂਪਸ' ਤੋਂ ਮੋਤੀ ਮਹਿਲ ਵੱਲ ਵਧ ਰਹੇ ਹਜ਼ਾਰਾਂ ਦੇ ਕਾਫਲੇ ਨੂੰ ਭਾਵੇਂ ਭਾਰੀ ਪੁਲ਼ਸ ਪ੍ਰਬੰਧਾਂ ਨਾਲ਼, ਫੁਹਾਰਾ ਚੌਂਕ ਕੋਲ਼ ਰੋਕ ਲਿਆ ਗਿਆ ਪਰੰਤੂ ਇਹ ਇਕੱਠ ਲੋਕਾਂ/ਮੁਲਾਜ਼ਮਾਂ ਦੇ ਗੁੱਸੇ ਦਾ ਸੰਕੇਤ ਦੇ ਰਿਹਾ ਸੀ। ਇਸ ਐਕਸ਼ਨ ਤੋਂ ਪਹਿਲਾਂ ਪਟਿਆਲ਼ਾ ਦੇ ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਗਿੱਦੜ-ਚਿੱਠੀ ਜਾਰੀ ਕਰ ਕੇ ਸਰਕਾਰੀ ਤੇ ਪਰਾਈਵੇਟ ਜਾਇਦਾਦ ਦਾ, ਮੁਜਾਹਰਾਕਾਰੀਆਂ ਵੱਲੋਂ ਨੁਕਸਾਨ ਕੀਤੇ ਜਾਣ ਦੀ ਸੰਭਾਵਨਾ ਦੀ ਡੌਂਡੀ ਪਿੱਟੀ ਅਤੇ ਉੱਧਰ ਪੁਲ਼ਸ ਬੈਰੀਕੇਡ ਤੋੜ ਕੇ ਮੋਤੀ ਮੋਹਲ ਵੱਲ ਵਧਣਾ ਚਾਹੁੰਦੇ ਅਵਾਮ ਨੂੰ ਲੀਡਰਸ਼ਿੱਪ ਨੇ ਕਾਬੂ ਕਰ ਕੇ ਸਾਰੀ ਸਥਿਤੀ ਸੰਭਾਲ਼ੀ। 'ਮਰਨ-ਵਰਤ ਕੈਂਪਸ' ਵਿੱਚ ਨਿੱਤ ਪੂਰਾ ਪੂਰਾ ਦਿਨ ਚਲਦੀ ਸਟੇਜ਼ ਤੋਂ ਅਤੇ ਵੱਡੀਆਂ ਰੈਲੀਆਂ ਨੂੰ “ਮੋਰਚੇ'' ਦੇ ਸੂਬਾ ਕਨਵੀਨਰ, ਦੇਵਿੰਦਰ ਪੂਨੀਆ, ਬਲਕਾਰ ਸਿੰਘ ਵਲ਼ਟੋਹਾ, ਹਰਜੀਤ ਸਿੰਘ ਬਸੋਤਾ, ਬਾਜ ਸਿੰਘ ਖਹਿਰਾ, ਸੁਖਵਿੰਦਰ ਚਾਹਲ ਅਤੇ ਕੋ-ਕਨਵੀਨਰ ਹਰਦੀਪ ਟੋਡਰਪੁਰ, ਦੀਦਾਰ ਮੁੱਦਕੀ, ਹਰਜੀਤ ਜੀਦਾ, ਅਤੇ ਹੋਰ ਬਹੁਤ ਸਾਰੇ ਆਗੂ ਸੰਬੋਧਨ ਕਰਦੇ ਹਨ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਸਿੱਖਿਆ ਮੰਤਾਰੀ ਓ ਪੀ ਸੋਨੀ ਨਿੱਤ ਕੋਈ ਨਵੀਂ ਸਾਜਸ਼ ਰਚਦੇ ਹਨ। ਜੋ ਮਰਜੀ ਹੋਵੇ ਅਧਿਆਪਕਾਂ ਦੇ ਇਸ ਸੰਘਰਸ਼ ਦੀ ਫੇਟ ਤੋਂ ਕ੍ਰਿਸ਼ਨੇ-ਸੋਨੀ ਦੀ ਇਹ ਜੋੜੀ ਬਚ ਨਹੀਂ ਸਕੇਗੀ। 'ਮਰਨ ਵਰਤੀ' ਅਧਿਆਪਕਾਂ ਦੇ ਸਕੂਲਾਂ ਦੇ ਮੁਖੀਆਂ ਨੂੰ ਹਦਾਇਤ ਜਾਰੀ ਕੀਤੀ ਗਈ ਕਿ ਜਿਹੜੇ ਅਧਿਆਪਕ ਸਕੂਲਾਂ ਵਿੱਚ ਮੌਜੂਦ ਨਹੀਂ ਹਨ, ਉਹਨਾਂ ਨੂੰ ਗੈਰ-ਹਾਜ਼ਰ ਘੋਸ਼ਿਤ ਕੀਤਾ ਜਾਵੇ। ਸੂਬਾ ਪੱਧਰੀ ਸੱਦੇ ਤਹਿਤ ਸਕੂਲਾਂ ਅੱਗੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਪਰੋਗਰਾਮ ਵਿੱਚ ਮਾਪਿਆਂ, ਆਮ ਲੋਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਤਾਂ ਵਿਦਿਆਰਥੀਆਂ ਨੂੰ  ਸੰਘਰਸ਼ ਵਿੱਚ ਸ਼ਾਮਲ ਕਰਾਉਣ ਵਾਲ਼ੇ ਅਧਿਆਪਕਾਂ ਖਿਲਾਫ਼ ਕਾਰਵਾਈ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ। ਹੈੱਡਮਾਸਟਰਾਂ ਅਤੇ ਪ੍ਰਿੰਸੀਪਲਾਂ ਨੂੰ, ਆਪਣੇ ਅਧੀਨ ਕੰਮ ਕਰਨ ਵਾਲ਼ੇ ਅਧਿਆਪਕਾਂ/ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਅਧਿਕਾਰ ਦੇ ਦਿੱਤੇ ਗਏ ਹਨ। ਇਸ ਖਦਸ਼ੇ ਦਾ ਆਲਮ ਪਸਰ ਰਿਹਾ ਹੈ ਕਿ ਇਸ ਅਧਿਕਾਰ ਨੂੰ ਜਿੱਥੇ ਕਈ ਹੈੱਡਮਾਸਟਰਾਂ/ਪ੍ਰਿੰਸੀਪਲਾਂ ਨੇ ਅਧਿਆਪਕਾਂ/ਕਰਮਚਾਰੀਆਂ ਖਿਲਾਫ਼ ਨਿੱਜੀ ਕਿੜ੍ਹਾਂ ਕੱਢਣ ਲਈ ਵਰਤਣਾ ਹੈ ਉੱਥੇ ਹੇਠਲੇ ਪੱਧਰਾਂ ਉੱਤੇ ਵਿਰੋਧ ਖੜ੍ਹੇ ਹੋਣ ਨਾਲ਼ ਪਹਿਲਾਂ ਹੀ ਤਹਿਸ਼-ਨਹਿਸ਼ ਹੋਏ ਪਏ ਸਕੂਲਾਂ ਦਾ ਵਿੱਦਿਅਕ ਮਹੌਲ ਹੋਰ ਵੀ ਵਿਗੜਨਾ ਹੈ।
ਲੰਬੀਆਂ ਹੁੰਦੀਆਂ ਵੇਖ ਕਤਾਰਾਂ
ਹਿੱਲਣ ਲੱਗੀਆਂ ਹੁਣ ਸਰਕਾਰਾਂ
ਕਦੇ ਦੀਨਾ-ਨਗਰ, ਕਦੇ ਲੁਧਿਆਣੇ, ਕਦੇ ਪਟਿਆਲ਼ੇ, ਫਿਰ ਪਟਿਆਲ਼ੇ, ਫਿਰ ਪਟਿਆਲ਼ੇ ਅਨੇਕਾਂ ਵਾਰ ਜ਼ਬਰਦਸਤ ਇਕੱਠਾਂ ਨਾਲ਼ ਗੱਲਬਾਤ ਤਹਿ ਕਰ ਕੇ ਭੱਜਣ ਵਾਲ਼ੇ ਹਾਕਮ, ਆਖ਼ਰ ਹਿੱਲੇ ਹਨ। 21 ਅਕਤੂਬਰ ਦੇ ਪਟਿਆਲ਼ਾ ਸ਼ਹਿਰ 'ਚ ਜੁੜੇ ਇਕੱਠ ਦੀ ਗਰਜ਼ ਚੰਡੀਗੜ੍ਹ ਤੱਕ ਅੱਪੜੀ ਹੈ। ਫੁਹਾਰਾ ਚੌਂਕ ਵਿੱਚ ਲਾਏ ਘੰਟਿਆਂ-ਬੱਧੀ ਜਾਮ ਉਪਰੰਤ ਪਟਿਆਲ਼ਾ ਪ੍ਰਸ਼ਾਸ਼ਨ ਨੂੰ 23 ਅਕਤੂਬਰ ਦੀ ਮੀਟਿੰਗ ਤਹਿ ਕਰਾਉਣੀ ਪਈ। ਇਹ ਮੀਟਿੰਗ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਸੁਰੇਸ਼ ਕੁਮਾਰ ਅਤੇ ਮੁੱਖ ਮੰਤਰੀ ਦੇ ਓ.ਐੱਸ.ਡੀ. ਕੈਪਟਨ ਸੰਦੀਪ ਕੁਮਾਰ ਸੰਧੂ ਨਾਲ਼ ਹੋਈ। ਕਰੀਬ ਪੰਜ ਘੰਟੇ ਚੱਲੀ ਇਸ ਮੀਟਿੰਗ ਵਿੱਚ “ਸਾਂਝਾ ਅਧਿਆਪਕ ਮੋਰਚਾ, ਪੰਜਾਬ'' ਵੱਲੋਂ ਦੇਵਿੰਦਰ ਪੂਨੀਆ, ਹਰਦੀਪ ਸਿੰਘ ਟੋਡਰਪੁਰ, ਹਰਜੀਤ ਜੀਦਾ, ਦੀਦਾਰ ਮੁੱਦਕੀ, ਬਲਕਾਰ ਵਲ਼ਟੋਹਾ ਅਤੇ ਸੁਖਵਿੰਦਰ ਚਾਹਲ ਸਮੇਤ 15 ਆਗੂਆਂ ਨੇ ਸ਼ਮੂਲੀਅਤ ਕੀਤੀ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਦੀ ਤਰਫ਼ੋਂ ਹਾਜ਼ਰ ਹੋਏ ਦੋਵੇਂ ਅਧਿਕਾਰੀਆਂ ਨੇ ਮੰਨਿਆ ਕਿ ਮਾਮਲੇ ਦੇ ਇਸ ਕਦਰ ਵਧਣ ਪਿੱਛੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਸਿੱਖਿਆ ਮੰਤਰੀ ਓ ਪੀ ਸੋਨੀ ਦੀ ਲਾਜ਼ਮੀ ਕਿਤੇ ਕੋਤਾਹੀ ਹੈ। ਸਾਰੀਆਂ ਬਦਲੀਆ ਤੇ ਮੁਅੱਤਲੀਆਂ ਅਤੇ ਤਨਖਾਹ ਕਟੌਤੀ ਫੈਸਲਾ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਵਿਸ਼ਵਾਸ਼ ਦਿੱਤਾ ਗਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਜ਼ਰਾਈਲ ਫੇਰੀ ਤੋਂ ਵਾਪਸੀ 'ਤੇ ਪ੍ਰਥਮ ਮੁੱਦੇ ਵਜੋਂ 5 ਨਵੰਬਰ ਨੂੰ ਅਧਿਆਪਕਾਂ ਦੇ ਮਸਲੇ ਨੂੰ ਅੰਤਮ ਛੋਹ ਦਿੱਤੀ ਜਾਵੇਗੀ। ਖਾਸ ਗੱਲ ਇਹ ਹੈ ਕਿ “ਸਾਂਝੇ ਮੋਰਚੇ'' ਦੀ ਮੰਗ ਅਨੁਸਾਰ ਮੁੱਖ ਮੰਤਰੀ ਤੱਕ ਚੱਲਣ ਵਾਲ਼ੀ ਗੱਲਬਾਤ ਦੀ ਪਰਕਿਰਿਆ ਵਿੱਚੋਂ ਕ੍ਰਿਸ਼ਨੇ-ਸੋਨੀ ਦੀ ਜੋੜੀ ਨੂੰ ਬਾਹਰ ਰੱਖਿਆ ਜਾਵੇਗਾ। ਇਹ ਵੀ ਆਮ ਚਰਚਾ ਹੈ ਕਿ ਪੰਜਾਬ ਦੇ ਇਤਿਹਾਸ ਅੰਦਰ ਹੁਣ ਤੱਕ ਸਭ ਤੋਂ ਵੱਧ ਤੋਏ-ਤੋਏ ਕਰਾਉਣ ਵਾਲ਼ੇ ਹਨ, ਇਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਸਿੱਖਿਆ ਮੰਤਰੀ ਓ ਪੀ ਸੋਨੀ।   ੦-੦

No comments:

Post a Comment