ਭਾਗਵਤ ਦਾ ਬਿਆਨ
ਆਰ.ਐਸ.ਐਸ. ਵੱਲੋਂ 2019 ਦੀਆਂ ਚੋਣਾਂ ਦਾ ਅਜੰਡਾ ਤਹਿ
-ਡਾ. ਅਸ਼ੋਕ ਭਾਰਤੀ
ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਸਿਰਫ ਇੱਕ ਮਹੀਨੇ ਵਿੱਚ ਤਿੰਨ ਅਵਤਾਰ ਧਾਰੇ ਹਨ। ਪਹਿਲਾ ਸ਼ਿਕਾਗੋ ਵਿਸ਼ਵ ਹਿੰਦੂ ਕਾਨਫਰੰਸ ਵਿੱਚ, ਉਸ ਤੋਂ ਸਿਰਫ ਮਹੀਨਾ ਬਾਅਦ ਦਿੱਲੀ ਵਿਗਿਆਨ ਭਵਨ ਵਿੱਚ ਤਿੰਨ ਰੋਜ਼ਾ ਪ੍ਰੋਗਰਾਮ ਵਿੱਚ, ਅਤੇ ਤੀਸਰਾ ਨਾਗਪੁਰ ਵਿੱਚ ਦੁਸਹਿਰੇ ਮੌਕੇ ਆਪਣੇ ਸਾਲਾਨਾ ਭਾਸ਼ਣ ਵਿੱਚ। ਜੋ ਕੁੱਝ ਮੋਹਨ ਭਾਗਤਵ ਵਿਖਿਆਨ ਕਰਦਾ ਰਿਹਾ ਹੈ ਉਹ ਸਿਆਸੀ ਤੌਰ 'ਤੇ ਚੇਤਨ ਲੋਕਾਂ ਅਤੇ ਆਰ.ਐਸ.ਐਸ. ਦੇ ਜਾਣਕਾਰ ਲੋਕਾਂ ਲਈ ਬਿਲਕੁੱਲ ਹੀ ਅਲੋਕਾਰੀ ਗੱਲ ਨਹੀਂ ਹੈ ਕਿਉਂਕਿ ਉਹ ਜਾਣਦੇ ਹਨ ਕਿ ਫਾਸ਼ੀਵਾਦੀ ਅਜਿਹਾ ਹੀ ਕਰਦੇ ਹਨ। ਉਹ ਆਪਣਾ ਨਿਸ਼ਾਨਾ ਸਾਧਣ ਲਈ ਅਪਣਾਏ ਜਾਂਦੇ ਦਾਅਪੇਚਾਂ ਵਿੱਚ ਮੁਹਾਰਤ ਹਾਸਲ ਕਰਦੇ ਹੀ ਕਰਦੇ ਹਨ।
ਦਿੱਲੀ ਦੇ ਵਿਗਿਆਨ ਭਵਨ ਜੋ ਸਿਰਫ ਕੇਂਦਰ ਸਰਕਾਰ ਦੇ ਕੁੱਝ ਮੰਤਰਾਲਿਆਂ, ਰਾਸ਼ਟਰਪਤੀ, ਉੱਪ-ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਾਲੇ ਪ੍ਰੋਗਰਾਮਾਂ ਦੇ ਵਾਸਤੇ ਸੁਰੱਖਿਅਤ ਮੰਨਿਆ ਜਾਂਦਾ ਹੈ, ਵਿਚੱ ਸੰਘ ਮੁਖੀ ਦਾ ਤਿੰਨ ਦਿਨਾ ਦਰਬਾਰ ਚਲਾਇਆ ਗਿਆ। ਸੰਘ ਤੇ ਇਸ ਨਾਲ ਜੁੜੀਆਂ ਜਥੇਬੰਦੀਆਂ ਦੇ ਆਗੂ ਹੀ ਇਸ ਵਿੱਚ ਸ਼ਾਮਲ ਹੋਏ, ਬਾਕੀ ਪਾਰਟੀਆਂ ਨੇ ਸੱਦਾ ਮਿਲਣ ਦੇ ਬਾਵਜੂਦ ਦੂਰੀ ਬਣਾਈ ਰੱਖੀ। ਤੀਸਰੇ ਦਿਨ ਲਿਖਤੀ ਸੁਆਲ ਜੁਆਬ ਸੈਸ਼ਨ ਵੀ ਚੱਲਿਆ। ਸਮਾਜ ਦੇ ਵੱਖ ਵੱਖ ਤਬਕਿਆਂ ਤੋਂ ਸੱਦੇ ਲੋਕਾਂ ਦੇ ਸਨਮੁੱਖ ਮੋਹਨ ਭਾਗਵਤ ਨੇ ''ਭਾਰਤ ਦਾ ਭਵਿੱਖ ਸੰਘ ਦਾ ਭਵਿੱਖ ਨਕਸ਼ਾ'' ਦੇ ਬੈਨਰ ਹੇਠ ਕੁੱਝ ਗੱਲਾਂ ਕੀਤੀਆਂ, ਜਿਹਨਾਂ ਤੋਂ ਬੁਰਜੂਆ ਪ੍ਰੈਸ ਦੇ ਵੱਡੇ ਹਿੱਸੇ ਨੂੰ ਇਹ ਖੁਮਾਰੀ ਚੜ੍ਹ ਗਈ ਕਿ ਸੰਘ ਹੁਣ ਬਦਲ ਰਿਹਾ ਹੈ, ਉਹ ਜਮਹੂਰੀਅਤਪਸੰਦ, ਵਧੇਰੇ ਸਹਿਣਸ਼ੀਲ ਅਤੇ ਕਾਨੂੰਨਵਾਦੀ ਅਤੇ ਉਦਾਰ ਰੂਪ ਧਾਰ ਰਿਹਾ ਹੈ। ਇਹ ਭਾਰਤ ਦੇ ਅਖੌਤੀ ਜਮਹੂਰੀ-ਤੰਤਰ ਲਈ ਵਰਦਾਨ ਸਿੱਧ ਹੋਵੇਗਾ। ਮੀਡੀਆ ਅਤੇ ਕਾਰਪੋਰੇਟ ਲਾਬੀ ਦੇ ਇੱਕ ਹਿੱਸੇ ਨੇ, ਜੋ ਖੁਦ ਆਰ.ਐਸ.ਐਸ. ਦੇ ਹਿੰਦੂਤਵੀ ਪ੍ਰੋਗਰਾਮ ਨਾਲ ਤਾਂ ਸਹਿਮਤ ਹੈ, ਪਰ ਇਸਦੇ ਨੰਗੇ-ਚਿੱਟੇ ਤੇ ਖੂੰਖਾਰ ਰੂਪ ਨਾਲ ਸਹਿਮਤ ਹੋ ਕੇ ਚੱਲਣ ਵਿੱਚ ਕੁੱਝ ਝਿਜਕ ਮਹਿਸੂਸ ਕਰਦਾ ਹੈ ਨੇ ਵਿਸ਼ੇਸ਼ ਤੌਰ 'ਤੇ ਆਰ.ਐਸ.ਐਸ. ਦੇ ਨਵੇਂ ਭੇਖ ਦੇ ਲੁਬਾਦੇ 'ਤੇ ਜ਼ਿਆਦਾ ਹੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਸੰਘ ਮੁਖੀ ਨੇ ਇਸ ਤਿੰਨ ਰੋਜ਼ਾ ਪ੍ਰੋਗਰਾਮ ਵਿੱਚ ਕੁੱਝ ਗੱਲਾਂ ਪਹਿਲਾਂ ਤੋਂ ਹਟ ਕੇ ਕਹੀਆਂ ਹਨ, ਜਿਵੇਂ ਕਿ (ਸੰਘ ਸਭ ਤੋਂ ਵੱਡੀ ਜਮਹੂਰੀਅਤਪਸੰਦ ਸੰਸਥਾ ਹੈ, ਜਿਸ ਵਿੱਚ ਹਰੇਕ ਮੈਂਬਰ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ) ਕਿ ਅਜ਼ਾਦੀ ਦੀ ਲੜਾਈ ਵਿੱਚ ਕਾਂਗਰਸ ਪਾਰਟੀ ਦੀ ਭੂਮਿਕਾ ਨੂੰ ਸੰਘ ਸਵੀਕਾਰ ਕਰਦਾ ਹੈ। ਉਸ ਨੇ ਕਈ ਪੁਰਾਣੇ ਕਾਂਗਰਸੀ ਆਗੂਆਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਸੰਘ ''ਕਾਂਗਰਸ ਮੁਕਤ ਨਹੀਂ ਸਗੋਂ ਕਾਂਗਰਸ ਯੁਕਤ'' ਭਾਰਤ ਚਾਹੁੰਦਾ ਹੈ। ਦੂਸਰੀ ਗੱਲ ਉਸ ਨੇ ਕਹੀ ਕਿ ਸੰਘ ਭਾਰਤ ਦੇ ਸੰਵਿਧਾਨ ਨੂੰ ਸਵੀਕਾਰ ਕਰਦਾ ਹੈ ਅਤੇ ਇਸ ਦੇ ਮੁਤਾਬਕ ਹੀ ਦੇਸ਼ ਦਾ ਪ੍ਰਸ਼ਾਸਨ ਚੱਲਦਾ ਵੇਖਣਾ ਚਾਹੁੰਦਾ ਹੈ। ਤੀਸਰੀ ਗੱਲ ਕਿ ਸੰਘ ਲਈ ਮੁਸਲਮਾਨਾਂ ਤੋਂ ਬਿਨਾ ਹਿੰਦੂ ਰਾਸ਼ਟਰ ਅਤੇ ਹਿੰਦੂਤਵ ਦਾ ਕੋਈ ਮਤਲਬ ਨਹੀਂ ਹੈ। ਅਸਲ ਵਿੱਚ ਆਰ.ਐਸ.ਐਸ. ਮੁਸਲਮਾਨਾਂ ਦਾ ਬਾਈਕਾਰਟ ਨਹੀਂ ਕਰਨਾ ਚਾਹੁੰਦਾ। ਚੌਥੀ ਵੱਡੀ ਗੱਲ ਇਹ ਕਿ ਆਰ.ਐਸ.ਐਸ. ਵੱਲੋਂ ਇਸਦੇ ਕੰਟਰੋਲ ਰਾਹੀਂ ਸਰਕਾਰ ਨੂੰ ਕੰਟੋਰਲ ਕਰਨਾ ਤਾਂ ਦੂਰ, ਉਸ ਨਾਲ ਲੈਣਾ ਦੇਣਾ ਵੀ ਨਹੀਂ ਹੈ, ਇਹ ਸਿਰਫ ਸਰਕਾਰ ਨਾਲ ਕੁੱਝ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਾ ਹੈ ਅਤੇ ਉਹਨਾਂ ਦੀਆਂ ਕੁੱਝ ਕਾਰਵਾਈਆਂ ਨਾਲ ਤਾਲਮੇਲ ਬਿਠਾ ਕੇ ਚੱਲਦਾ ਹੈ।
ਇਹ ਨੁਕਤੇ (ਸੂਤਰ) ਭਾਗਵਤ ਵੱਲੋਂ ਪੇਸ਼ ਕਰਨ ਪਿੱਛੇ ਬੇਸ਼ੱਕ ਕਿਸੇ ਹੱਦ ਤੱਕ ਸੰਘ ਵੱਲੋਂ ਰੰਗਾ-ਬਿੱਲਾ ਬਣੇ ਮੋਦੀ-ਅਮਿਤਸ਼ਾਹ ਦੀ ਜੋੜੀ ਨੂੰ ਕੁੱਝ ਥਾਂ ਸਿਰ ਕਰਨ ਜਾਂ ਗੁੱਝੇ ਸੰਕੇਤ ਦੇਣ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ ਜਾਂ ਮੋਦੀ ਵੱਲੋਂ ਨਹਿਰੂ ਵਰਗੇ ਕਾਂਗਰਸੀ ਆਗੂਆਂ 'ਤੇ ਕੀਤੇ ਲਗਾਤਾਰ ਤਾਬੜਤੋੜ ਹਮਲਿਆਂ 'ਤੇ ਹਲਕੀ ਪੱਧਰ ਦੀ ਕਿਰਦਾਰਕੁਸ਼ੀ ਦੇ ਪ੍ਰਸੰਗ ਵਿੱਚ ਇਸਦਾ ਕੋਈ ਅਰਥ ਹੋ ਸਕਦਾ ਹੈ।)?
ਉਪਰੋਕਤ ਨੁਕਤਿਆਂ ਦੀ ਵਿਸਤਾਰੀ ਵਿਆਖਿਆ ਤੋਂ ਬਿਨਾ ਵੀ ਮੋਹਨ ਭਾਗਵਤ ਦਾ ਹਕੀਕੀ ਚਿਹਰਾ ਦੇਖਣ ਲਈ ਸਿਰਫ ਦਸ ਦਿਨ ਪਹਿਲਾਂ ਹੀ ਸ਼ਿਕਾਗੋ ਵਿੱਚ ਕੀਤੇ ਵਿਸ਼ਵ ਹਿੰਦੂ ਸੰਮੇਲਨ (ਜੋ ਵਿਵੇਕਾਨੰਦ ਵੱਲੋਂ ਅਮਰੀਕਾ ਵਿੱਚ ਸਰਬ ਧਰਮ ਸੰਸਦ ਵਿੱਚ ਦਿੱਤੇ ਭਾਸ਼ਣ ਦੀ 125ਵੀਂ ਵਰ੍ਹੇਗੰਢ 'ਤੇ ਕੀਤਾ ਗਿਆ) ਵਿੱਚ ਮੋਹਨ ਭਾਗਵਤ ਵੱਲੋਂ ਕੀਤੀਆਂ ਬਿਆਨਬਾਜ਼ੀਆਂ ਨਾਲ ਨੰਗਾ ਹੋ ਜਾਂਦਾ ਹੈ। ਇਸ ਸਮਾਗਮ ਵਿੱਚ ਗਊ ਨਹੀਂ ਸਗੋਂ ਇਕੱਲਾ ਖੜ੍ਹਾ ਸ਼ੇਰ (ਹਿੰਦੂ ਪ੍ਰਤੀਕ) ਪ੍ਰਤੀਕ ਵਜੋਂ ਵਰਤਿਆ ਗਿਆ। ਇੱਕ ਹੋਰ ਪ੍ਰਤੀਕ ਹਿੰਦੂਆਂ ਲਈ ''ਭਗਵਾਂ ਲੱਡੂ'' ਵਰਤਿਆ ਗਿਆ ਅਤੇ ਦੱਸਿਆ ਗਿਆ ਕਿ ਇਹ ਛੋਟਾ ਤੇ ਮੁਲਾਇਮ ਹੈ ਇਸ ਨੂੰ ਵੱਡਾ ਤੇ ਕਠੋਰ ਬਣਾਉਣਾ ਹੈ। ਸਾਫ ਕਿਹਾ ਗਿਆ ਕਿ ''ਹਿੰਦੂਆਂ ਨੂੰ ਇੱਕ ਹੋਣਾ ਚਾਹੀਦਾ ਹੈ ਤਾਂ ਹੀ ਉਹ ਬਚ ਸਕਣਗੇ। ਨਹੀਂ ਤਾਂ ਇੱਕ ਇਕੱਲੇ ਸ਼ੇਰ ਨੂੰ ਕੁੱਤੇ ਵੀ ਘੇਰ ਕੇ ਮਾਰ ਦਿੰਦੇ ਹਨ।'' ਇਸ ਬਹੁ-ਚਰਚਿਤ ਬਿਆਨ ਵਿੱਚ ਸ਼ੇਰ ਹਿੰਦੂ ਅਤੇ ਕੁੱਤੇ ਮੁਸਲਿਮ ਬਿਲਕੁੱਲ ਸਪੱਸ਼ਟ ਸੀ। ਘੱਟ ਗਿਣਤੀਆਂ- ਮੁਸਲਿਮ, ਇਸਾਈ, ਬੋਧੀ, ਜੈਨ, ਪਾਰਸੀ, ਸਿੱਖ ਆਦਿ) ਨੂੰ ਕੰਟਰੋਲ ਕਰਨ ਲਈ ਇੱਕ ਹੋਰ ਫਾਸ਼ੀਵਾਦੀ ਰੰਗਤ ਵਾਲੇ ਪ੍ਰਤੀਕ ਮੁਤਾਬਕ ''ਹਿੰਦੂ ਰਵਾਇਤੀ ਖੇਤੀ ਵਿੱਚ ਕੀਟਨਾਸ਼ਕਾਂ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਉਹ ਕੀੜਿਆਂ ਨੂੰ ਮਾਰਦੇ ਨਹੀਂ, ਸਗੋਂ ਉਹਨਾਂ ਨੂੰ ਕਾਬੂ ਕਰਨਾ ਅਤੇ ਇਸਤੇਮਾਲ ਕਰਨਾ ਜਾਣਦੇ ਹਨ। ਅੰਤਰਜਾਤੀ ਵਿਆਹਾਂ (ਜਿਹਨਾਂ ਦੀ ਦਿੱਲੀ ਵਿੱਚ ਹਮਾਇਤ ਕੀਤੀ ਗਈ) ਬਾਰੇ ਕਿਹਾ ਗਿਆ ਕਿ ਇਹ ਹਿੰਦੂਆਂ ਦੇ ਸਮੂਹਿਕ ਨਰਸੰਘਾਰ ਦੇ ਬਰਾਬਰ ਹੈ।
ਇਹ ਉਸ ਸਾਰੇ ਕੁੱਝ ਵਿੱਚੋਂ ਆਟੇ ਵਿੱਚੋਂ ਲੂਣ ਦੇ ਬਰਾਬਰ ਹੈ, ਜੋ ਮੋਹਨ ਭਾਗਤਵ ਨੇ ਪ੍ਰਗਟ ਕੀਤਾ। ਇਸ ਦਸ ਦਿਨ ਦੇ ਫਰਕ ਨਾਲ ਉਸਦੇ ਨਜ਼ਰੀਏ ਵਿੱਚ ਇੰਨੀ ਵੱਡੀ ਤਬਦੀਲੀ ਦਰਅਸਲ ਉਸ ਵੱਲੋਂ 2019 ਵਿੱਚ ਮੋਦੀ ਹਕੂਮਤ ਨੂੰ ਮੁੜ ਦੇਸ਼ ਦੀ ਰਾਜਗੱਦੀ 'ਤੇ ਬਿਰਾਜਮਾਨ ਕਰਨ ਦੀ ਵੱਡੀ ਯੋਜਨਾ ਦਾ ਹਿੱਸਾ ਹੈ। ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਤੇ ਗਰੀਬ ਮਾਰੂ ਨੀਤੀਆਂ, ਘੱਟ ਗਿਣਤੀਆਂ 'ਤੇ ਤਾਬੜਤੋੜ ਹਮਲੇ ਵਿਸ਼ੇਸ਼ ਕਰਕੇ ਦਲਿਤ ਵਿਰੋਧੀ ਮੁਹਿੰਮਾਂ ਕਾਰਨ ਬੁਰੀ ਤਰ੍ਹਾਂ ਨਿਖੇੜੇ ਅਤੇ ਲੋਕਾਂ ਦੀ ਨਫਰਤ ਦਾ ਪਾਤਰ ਬਣੀ ਹੋਣ ਕਰਕੇ ਆਰ.ਐਸ.ਐਸ. ਨੂੰ ਉਸਦੀ ਹੋਣੀ ਪ੍ਰਤੱਖ ਨਜ਼ਰ ਆ ਰਹੀ ਹੈ। ਮੋਦੀ ਹਕੂਮਤ ਦੇ ਪੱਖ ਵਿੱਚ ਕਰਨ ਲਈ ਹੀ ਦਿੱਲੀ ਸੰਮੇਲਨ ਤੇ ਇਸ ਵਿੱਚ ਨਵੇਂ ਫਾਰਮੂਲਿਆਂ ਦਾ ਤਜਰਬਾ ਕੀਤਾ ਗਿਆ। ਮੋਦੀ ਹਕੂਮਤ ਨੂੰ ਫੇਰ ਵੀ ਲੱਗਦੇ ਖੋਰੇ ਤੇ ਲੋਕਾਂ ਦੀ ਵਧਦੀ ਬੇਚੈਨੀ ਤੇ ਗੁੱਸੇ ਤੇ ਨਫਰਤ ਦੇ ਸਾਹਮਣੇ ਮੋਹਨ ਭਾਗਵਤ ਵੱਲੋਂ ਆਪਣੇ ਨਾਗਪੁਰ ਸਥਿਤ ਹੈਡਕੁਆਟਰ ਵਿੱਚ ਸਾਲਾਨਾ ਦੁਸਹਿਰਾ ਸੰਮੇਲਨ ਵਿੱਚ ਜੋ ਕੁੱਝ ਬੋਲਿਆ ਗਿਆ ਹੈ, ਅਸਲ ਵਿੱਚ ਮੋਦੀ ਹਕੂਮਤ ਲਈ 2019 ਦੀਆਂ ਚੋਣਾਂ ਵਾਸਤੇ ਮੈਨੀਫੈਸਟੋ ਦਾ ਏਜੰਡਾ ਹੈ। ਸਭ ਪੈਂਤੜੇ ਨਾਕਾਮ ਹੋ ਜਾਣ 'ਤੇ ਇੱਕ ਵਾਰ ਫਿਰ ਵਿਸ਼ਾਲ ਤੇ ਵਿਰਾਟ ਹਿੰਦੂ ਏਕਤਾ ਦੇ ਆਧਾਰ 'ਤੇ ਲਾਮਬੰਦੀ ਕਰਨ ਲਈ ਆਯੋਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ ਦੀ ਉਸਾਰੀ ਨੂੰ ਕੇਂਦਰੀ ਤੇ ਮੁੱਖ ਮੁੱਦਾ ਬਣਾਉਂਦਿਆਂ ਸਰਕਾਰ ਨੂੰ ਇਸ ਵਾਸਤੇ ਕਾਨੂੰਨ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਘੱਟ ਗਿਣਤੀਆਂ ਨੂੰ ਸਪੱਸ਼ਟ ਸੰਕੇਤ ਦੇਣ ਲਈ ਕਿਹਾ ਗਿਆ ਕਿ ਰਾਮ ਭਾਰਤ ਦੇ ਜਨ-ਮਾਨਸ ਦੇ ਆਧਾਰਤ ਸੁਭਾਵਿਕ ਤੌਰ 'ਤੇ ਸਵੈ-ਸਿੱਧ ਭਗਵਾਨ ਹਨ, ਭਾਰਤ ਦੇ ਰਹਿਮਾਨ ਹਨ ਅਤੇ ਸਾਰਿਆਂ ਨੂੰ ਉਹਨਾਂ ਸਮੇਤ 33 ਕਰੋੜ ਹਿੰਦੂ ਦੇਵੀ ਦੇਵਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇੱਕ ਤਰੀਕੇ ਨਾਲ ਐਲਾਨ ਕੀਤਾ ਗਿਆ ਕਿ ਹਿੰਦੁਸਤਾਨ ਵਿੱਚ ਰਹਿਣਾ ਹੈ ਤਾਂ ਹਿੰਦੂ ਬਣ ਕੇ ਰਹਿਣਾ ਪਵੇਗਾ। ਭਾਰਤ ਦੀਆਂ ਪਾਸਾਰਵਾਦੀ ਨੀਤੀਆਂ ਤੇ ਕੰਮਾਂ ਸਮੇਤ ਸਰਜੀਕਲ ਸਟਰਾਈਕ ਦੇ ਸੋਹਲੇ ਗਾਉਣ ਤੇ ਲਕਸ਼ਦੀਪ ਤੋਂ ਲੈ ਕੇ ਅੰਡੇਮਾਨ-ਨਿਕੋਬਾਰ ਦੀਪ ਸਮੂਹ ਅਤੇ ਹੋਰ ਖਿੱਤਿਅ 'ਤੇ ਮੁਕੰਮਲ ਕਬਜ਼ਾ ਕਰਨ, ਸੀਮਾ ਸੁਰੱਖਿਆ ਦੇ ਨਾਂ 'ਤੇ ਸਰਹੱਦਾਂ ਦਾ ਵਿਸਥਾਰ ਤੇ ਲੋਕਾਂ ਦੀ ਨਿਗਰਾਨੀ ਤੇ ਮਜਬੂਤ ਫੌਜੀ ਢਾਂਚੇ ਦੀ ਉਸਾਰੀ ਦੀ ਸਲਾਹ ਦੇ ਨਾਲ ਨਾਲ ਪੰਜਾਬ, ਕਸ਼ਮੀਰ ਆਦਿ ਵਿੱਚ ਪੁਲਸ ਅਤੇ ਫੌਜਾਂ ਨੂੰ ਬੇਲਗਾਮ ਤਾਕਤ ਦੇਣ ਦੀ ਗੱਲ ਕੀਤੀ ਗਈ ਹੈ। ਦਲਿਤਾਂ ਲਈ ਸਹੂਲਤਾਂ ਦੇ ਭੁਚਲਾਵੇ ਦੀਆਂ ਗੱਲਾਂ ਦੇ ਨਾਲ ਨਾਲ ਯੂਨੀਵਰਸਿਟੀਆਂ ਕਾਲਜਾਂ ਵਿੱਚ ਪੜ੍ਹਦੇ (ਉਸ ਮੁਤਾਬਕ ਪਨਪ ਰਹੇ) ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆਂ ਨੂੰ ਸ਼ਹਿਰੀ ਮਾਓਵਾਦੀ ਕਰਾਰ ਦਿੰਦਿਆਂ ਛੋਟੇ ਛੋਟੇ ਅੰਦੋਲਨਾਂ ਰਾਹੀਂ ਵੱਡੀਆਂ ਲਹਿਰਾਂ ਪੈਦਾ ਹੋਣ ਤੇ ਜੰਗਲਾਂ ਦੀ ਗਰਜ ਠੰਢੀ ਕਰਨ ਦੇ ਮਸ਼ਵਰੇ ਦਿੱਤੇ ਗਏ। ਸਭ ਤੋਂ ਖਤਰਨਾਕ ਇਹ ਮਾਹੌਲ ਪੈਦਾ ਕਰਨ ਦੀ ਸਲਾਹ ਦਿੱਤੀ ਗਈ ਹੈ ਕਿ ਸਮਾਜ ਦੇ ਸਮਝਦਾਰ ਹਿੱਸੇ ਅਤੇ ਰਾਸ਼ਟਰ-ਰਾਸ਼ਟਰਵਾਦ ਦੀ ਭਾਵਨਾ ਤਹਿਤ ਸਰਕਾਰੀ ਫੋਰਸਾਂ ਦੇ ਹਰਕਤ ਵਿੱਚ ਆਉਣ ਤੋਂ ਪਹਿਲਾਂ ਹੀ ਆਪ ਹਰਕਤ ਵਿੱਚ ਆਉਣ ਭਾਵ ਬੇਲਗਾਮ ਫਿਰਕੂ-ਫਾਸ਼ੀ ਗਰੋਹ ਕਿਸੇ ਨੂੰ ਰਾਸ਼ਟਰ ਵਿਰੋਧੀ ਕਹਿ ਕੇ ਮਾਰ ਮੁਕਾਉਣ। ਅਜਿਹੇ ਕਦਮ ਉਠਾ ਕੇ ਹੀ ਮੋਦੀ ਹਕੂਮਤ ਫਿਰ ਸੱਤਾ ਸੰਭਾਲ ਕੇ ਹਿੰਦੂ ਰਾਸ਼ਟਰ ਦਾ ਰਾਹ ਪੱਧਰਾ ਕਰੇ। ਉਪੋਰਕਤ ਸੰਖੇਪ ਤੱਥ ਆਰ.ਐਸ.ਐਸ. ਦੀ ਵਿਸਥਾਰੀ ਭਵਿੱਖ ਯੋਜਨਾ ਦੀ ਭਿਆਨਕਤਾ ਵੱਲ ਇਸ਼ਾਰਾ ਕਰਦੇ ਹਨ। ੦-੦
No comments:
Post a Comment