ਕੁਲਗਾਮ ਕਤਲੇਆਮ
ਮੋਦੀ ਹਕੂਮਤ ਵੱਲੋਂ ਕਸ਼ਮੀਰੀ ਲੋਕਾਂ ਦੀ ਨਸਲਕੁਸ਼ੀ ਦੀ ਨੀਤੀ ਵਿੱਚ ਦਾਖਲ ਕੀਤਾ ਇੱਕ ਨਵਾਂ ਵਹਿਸ਼ੀ ਪੈਂਤੜਾ
-ਪੱਤਰਕਾਰ
21 ਅਕਤੂਬਰ ਦਿਨ ਐਤਵਾਰ ਨੂੰ ਕਸ਼ਮੀਰ ਵਿੱਚ ਕੁਲਗਾਮ ਵਿਖੇ ਪਹੁ-ਫੁਟਦਿਆਂ ਹੀ ਫੌਜ, ਸੀ.ਆਰ.ਪੀ.ਐਫ. ਅਤੇ ਪੁਲਸ ਦੇ ਸਪੈਸ਼ਲ ਦਸਤਿਆਂ ਦੀਆਂ ਧਾੜਾਂ ਵੱਲੋਂ ਉੱਥੇ ਮੌਜੂਦ ਕਹੇ ਜਾਂਦੇ ਤਿੰਨ ਖਾੜਕੂਆਂ ਨੂੰ ਘੇਰਾ ਪਾ ਲਿਆ ਗਿਆ ਅਤੇ ਮਾਰਟਰ ਤੋਪਾਂ, ਗਰਨੇਡਾਂ ਅਤੇ ਅਧੁਨਿਕ ਹਥਿਆਰਾਂ ਨਾਲ ਅੰਨ੍ਹੀਂ ਗੋਲਾਬਾਰੀ ਵਿੱਢ ਦਿੱਤੀ ਗਈ। ਫੌਜੀ ਅਤੇ ਪੁਲਸ ਅਧਿਕਾਰੀਆਂ ਦੇ ਦਾਅਵਿਆਂ ਅਨੁਸਾਰ ਮੁਕਾਬਲੇ ਦੌਰਾਨ ਤਿੰਨ ਖਾੜਕੂਆਂ ਨੂੰ ਮਾਰ ਮੁਕਾਇਆ ਗਿਆ। ਤਿੰਨ ਸ਼ੱਕੀ ਖਾੜਕੂਆਂ ਨੂੰ ਮਾਰ ਮੁਕਾਉਣ ਲਈ ਬੇਤਹਾਸ਼ਾ ਭਾਰੀ ਗੋਲਾਬਾਰੀ ਰਾਹੀਂ ਮਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਇੱਕ ਮਕਾਨ ਨੂੰ ਮੁਕੰਮਲ ਤੌਰ 'ਤੇ ਉਡਾ ਦਿੱਤਾ ਗਿਆ। ਵਿਦੇਸ਼ੀ ਧਾੜਵੀਆਂ ਵਾਂਗ ਲੋਕਾਂ ਦਾ ਕਤਲੇਆਮ ਰਚਾਉਣ ਅਤੇ ਘਰਬਾਰ ਤਬਾਹ ਕਰਨ ਲਈ ਲਗਾਤਾਰ ਜਾਰੀ ਅਜਿਹੇ ਅਪ੍ਰੇਸ਼ਨਾਂ ਤੋਂ ਸਤੇ ਅਤੇ ਰੋਹ ਨਾਲ ਭਰੇ ਪੀਤੇ ਲੋਕਾਂ ਦੇ ਕਾਫਲੇ ਜਦੋਂ ਮੁਕਾਬਲੇ ਵਾਲੀ ਥਾਂ ਵੱਲ ਵਧੇ, ਤਾਂ ਤਬਾਹ ਹੋਏ ਮਕਾਨ ਵਿੱਚ ਇੱਕ ਧਮਾਕਾ ਹੋਇਆ, ਜਿਸ ਨਾਲ ਥਾਂ 'ਤੇ ਹੀ ਲੋਕਾਂ ਦੀਆਂ ਲਾਸ਼ਾਂ ਅਤੇ ਜਖਮੀਆਂ ਦਾ ਢੇਰ ਲੱਗ ਗਿਆ। 7 ਵਿਅਕਤੀ ਮਾਰੇ ਗਏ ਅਤੇ ਦਰਜ਼ਨਾਂ ਜਖਮੀ ਹੋ ਗਏ।
ਬਾਅਦ ਵਿੱਚ ਹੋਇਆ ਧਮਾਕਾ ਕਸ਼ਮੀਰ 'ਤੇ ਕਾਬਜ਼ ਭਾਰਤੀ ਫੌਜ ਵੱਲੋਂ ਸੋਚ-ਸਮਝ ਕੇ ਅਪਣਾਈ ਨੀਤੀ ਅਤੇ ਕਸ਼ਮੀਰੀਆਂ ਦੇ ਬੇਕਿਰਕ ਕਤਲੇਆਮ ਰਚਾਉਣ ਦੀ ਜ਼ਾਲਮ ਬਿਰਤੀ ਦਾ ਹੀ ਕਦਮ-ਵਧਾਰਾ ਹੈ। ਸਈਅਦ ਅਲੀਸ਼ਾਹ ਗਿਲਾਨੀ, ਮੀਰਵਾਈਜ਼ ਉਮਰ ਫਾਰੂਕ ਅਤੇ ਯਾਸਿਨ ਮਲਿਕ 'ਤੇ ਆਧਾਰਿਤ ਸਾਂਝੀ ਟਾਕਰਾ ਲੀਡਰਸ਼ਿੱਪ ਵੱਲੋਂ ਕਿਹਾ ਗਿਆ ਹੈ ਕਿ ''ਰਾਜਪਾਲ ਸਤਿਆਪਾਲ ਮਲਿਕ ਵੱਲੋਂ ਜਿਹੜਾ ਪਿਛਲੇ ਦਿਨੀਂ ਦਾਅਵਾ ਕੀਤਾ ਗਿਆ ਸੀ ਕਿ ਫੁੱਲ ਵਰ੍ਹਾਉਣ ਦੀ ਬਜਾਇ ਗੋਲੀਆਂ ਦੀ ਵਾਛੜ ਕੀਤੀ ਜਾਵੇਗੀ, ਇਹ ਕੁਲਗਾਮ ਵਿਖੇ ਸਾਬਤ ਕਰ ਵਿਖਾਇਆ ਹੈ। ਸਾੜ ਕੇ ਤਬਾਹ ਕੀਤੇ ਘਰਾਂ ਦੇ ਮਲਬਿਆਂ ਹੇਠ (ਫੌਜ ਵੱਲੋਂ ਅਨੁ:) ਸੁਰੰਗਾਂ ਦਬਾਉਣ ਦੇ ਅਖਤਿਆਰ ਕੀਤੇ ਨਵੇਂ ਰੁਝਾਨ ਦਾ ਨਿਸ਼ਾਨਾ ਨਿਹੱਥੇ ਲੋਕਾਂ ਦਾ ਕਤਲੇਆਮ ਰਚਾਉਣਾ ਹੈ। ਇਸ ਮਾਮਲੇ 'ਤੇ ਕੌਮਾਂਤਰੀ ਭਾਈਚਾਰੇ ਦੀ ਮੁਜਰਮਾਨਾ ਚੁੱਪ ਮੰਦਭਾਗੀ ਹੈ।'' ਪਰ ਫੌਜੀ ਅਤੇ ਪੁਲਸ ਅਧਿਕਾਰੀਆਂ ਵੱਲੋਂ ਇਸ ਕਤਲੇਆਮ ਦੀ ਜੁੰਮੇਵਾਰੀ ਆਮ ਲੋਕਾਂ 'ਤੇ ਸੁੱਟਦਿਆਂ ਕਿਹਾ ਗਿਆ ਹੈ ਕਿ ਲੋਕ ਉੱਥੇ ਉਦੋਂ ਤੱਕ ਕਿਉਂ ਗਏ ਜਦੋਂ ਤੱਕ ਫੌਜ ਵੱਲੋਂ ਉਸ ਥਾਂ ਨੂੰ ਸੁਰੱਖਿਅਤ (ਗੋਲਾ ਬਾਰੂਦ ਦੀ ਰਹਿੰਦ-ਖੂੰਹਦ ਤੋਂ ਮੁਕਤ) ਐਲਾਨ ਨਹੀਂ ਕੀਤਾ ਗਿਆ ਸੀ। ਅੱਗੇ ਕਿਹਾ ਗਿਆ ਕਿ ਲੋਕਾਂ ਨੇ ਉੱਥੇ ਇਕੱਠੇ ਹੋ ਕੇ ਗਲਤੀ ਕੀਤੀ ਹੈ ਅਤੇ ਕਿਸੇ ਵੱਲੋਂ ਉੱਥੇ ਪਏ ਇੱਕ ਗਰਨੇਡ ਨੂੰ ਹੱਥ ਲਾਉਣ ਕਰਕੇ ਗਰਨੇਡ ਫਟ ਗਿਆ ਅਤੇ ਇਹ ਭਾਣਾ ਵਰਤ ਗਿਆ। ਇਸ ਬਿਆਨ ਦਾ ਇੱਕ ਮਤਲਬ ਇਹ ਵੀ ਹੈ ਕਿ ਇਹ ਗਰਨੇਡ ਵੀ ਖਾੜਕੂਆਂ ਵੱਲੋਂ ਸੁੱਟਿਆ ਹੋ ਸਕਦਾ ਹੈ, ਜਿਹੜਾ ਪਹਿਲਾਂ ਚੱਲਿਆ ਨਹੀਂ।
ਫੌਜ ਦੀ ਉਪਰੋਕਤ ਗੁੰਮਰਾਹੀ ਬਿਆਨਬਾਜ਼ੀ ਦਾ ਜਿੱਥੇ ਇੱਕ ਮਤਲਬ ਲੋਕਾਂ ਨੂੰ ਇਹ ਧਮਕੀ ਦੇਣਾ ਹੈ ਕਿ ਜੇਕਰ ਉਹ ਮੁਕਾਬਲੇ ਵਾਲੀ ਜਗਾਹ 'ਤੇ ਆਪਮੁਹਾਰੇ ਇਕੱਠੇ ਹੋਣਗੇ ਅਤੇ ਫੌਜ ਵੱਲੋਂ ਅਖੌਤੀ ਅਪ੍ਰੇਸ਼ਨਾਂ ਰਾਹੀਂ ਕਸ਼ਮੀਰੀ ਖਾੜਕੂਆਂ ਦਾ ਕਤਲੇਆਮ ਰਚਾਉਣ ਅਤੇ ਘਰਬਾਰ ਤਬਾਹ ਕਰਨ ਦੀ ਕਾਰਵਾਈ ਵਿੱਚ ਕੋਈ ''ਵਿਘਨ'' ਪਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਦਾ ਹਸ਼ਰ ਇਹੋ ਜਿਹਾ ਹੀ ਹੋਵੇਗਾ। ਇਸਦਾ ਦੂਜਾ ਮਤਲਬ ਇਹ ਹੈ ਕਿ ਮੁਲਕ ਭਰ ਅੰਦਰ ਅਤੇ ਕੌਮਾਂਤਰੀ ਪੱਧਰ 'ਤੇ ਸਰਕਾਰੀ ਕੰਟਰੋਲ ਅਤੇ ਦਬਸ਼ ਹੇਠ ਕੰਮ ਕਰਦੇ ਮੀਡੀਆ ਰਾਹੀਂ ਇਸਦੀ ਜੁੰਮੇਵਾਰੀ ਵੀ ਕਸ਼ਮੀਰੀ ਖਾੜਕੂਆਂ ਤੇ ਲੋਕਾਂ ਸਿਰ ਮੜ੍ਹੀ ਜਾਵੇਗੀ। ਮੋਦੀ ਹਕੂਮਤ ਵੱਲੋਂ ਕਸ਼ਮੀਰੀ ਕੌਮੀ ਖੁਦਮੁਖਤਾਰੀ ਅਤੇ ਆਜ਼ਾਦੀ ਦੀ ਲਹਿਰ ਨੂੰ ਫੌਜੀ ਬੂਟਾਂ ਹੇਠ ਦਰੜਨ ਦੀ ਅਖਤਿਆਰ ਕੀਤੀ ਨਕਸਕੁਸ਼ੀ ਦੀ ਨੀਤੀ ਵਿੱਚ ਦਾਖਲ ਕੀਤਾ ਇਹ ਇੱਕ ਨਵਾਂ ਵਹਿਸ਼ੀ ਪੈਂਤੜਾ ਹੈ।
ਜਿੱਥੋਂ ਤੱਕ ਇਸ ਪੈਂਤੜੇ ਬਾਰੇ ਮੁਲਕ ਦੇ ਲੋਕਾਂ ਅੰਦਰ ਹਿੰਦੂ-ਫਿਰਕੂ ਜਨੂੰਨ ਦਾ ਛੱਟਾ ਦੇ ਕੇ ਕਸ਼ਮੀਰੀਆਂ ਦੀ ਹੱਕੀ ਜੱਦੋਜਹਿਦ ਅਤੇ ਨਸਲਕੁਸ਼ੀ ਦੇ ਇਸ ਪੈਂਤੜੇ ਬਾਰੇ ਉਹਨਾਂ ਨੂੰ ਵਕਤੀ ਤੌਰ 'ਤੇ ਗੁੰਮਰਾਹ ਕਰਨ ਦਾ ਸੁਆਲ ਹੈ- ਮੋਦੀ ਹਕੂਮਤ ਅਤੇ ਸੰਘ ਲਾਣਾ ਇਸ ਵਿੱਚ ਕਿਸੇ ਹੱਦ ਤੱਕs sਸਫਲ ਹੋ ਸਕਦਾ ਹੈ ਅਤੇ ਇਸ ਪੈਂਤੜੇ ਰਾਹੀਂ ਕਸ਼ਮੀਰੀ ਲੋਕਾਂ ਦੇ ਪਹਿਲੋਂ ਰਚਾਏ ਜਾ ਰਹੇ ਕਤਲੇਆਮ ਅਤੇ ਮਾਰਧਾੜ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ, ਪਰ ਇਹ ਕਤਲੇਆਮ ਅਤੇ ਮਾਰਧਾੜ ਵਿੱਚ ਕਿੱਡਾ ਅਤੇ ਕਿਹੋ ਜਿਹਾ ਵੀ ਵਾਧਾ ਕਸ਼ਮੀਰੀ ਜਨਤਾ ਅੰਦਰ ਲਟ ਲਟ ਬਲ ਰਹੀ ਕੌਮੀ ਖੁਦਮੁਖਤਿਆਰੀ ਅਤੇ ਆਜ਼ਾਦੀ ਦੀ ਤਾਂਘ ਨੂੰ ਨਹੀਂ ਬੁਝਾ ਸਕਦਾ। ਆਜ਼ਾਦੀ ਦੀ ਲਟ ਲਟ ਬਲਦੀ ਤਾਂਘ ਦੀ ਇਹ ਲਾਟ ਨਾ ਬੁੱਝਣੀ ਹੈ ਅਤੇ ਨਾ ਬੁੱਝਣਯੋਗ ਹੈ। ਇਸਦੇ ਜਲੌਅ ਵਿੱਚ ਉਤਰਾਅ-ਚੜ੍ਹਾਅ ਦੇ ਬਾਵਜਦੂ, ਇਹ ਬਲਦੀ ਰਹਿਣੀ ਹੈ, ਉਦੋਂ ਤੱਕ ਜਦੋਂ ਤੱਕ ਕਸ਼ਮੀਰ ਦੀ ਧਰਤੀ 'ਤੇ ਕਾਬਜ਼ ਭਾਰਤੀ ਹਾਕਮਾਂ ਦੀਆਂ ਧਾੜਵੀ ਫੌਜਾਂ ਦੇ ਬੂਟਾਂ ਦਾ ਆਖਰੀ ਖੜਾਕ ਦਮ ਨਹੀਂ ਤੋੜ ਜਾਂਦਾ।
ਭਾਰਤੀ ਹਾਕਮਾਂ ਅਤੇ ਉਹਨਾਂ ਦੀਆਂ ਧਾੜਵੀ ਫੌਜਾਂ ਦੇ ਜਬਰ-ਤਸ਼ੱਦਦ ਖਿਲਾਫ ਕਸ਼ਮੀਰੀ ਲੋਕਾਂ ਅੰਦਰ ਕਿਸ ਕਦਰ ਰੋਹ, ਨਫਰਤ ਅਤੇ ਨਾਬਰੀ ਦਾ ਲਾਵਾ ਜਮ੍ਹਾਂ ਹੋ ਰਿਹਾ ਹੈ, ਉਸਦਾ ਅਕਸਰ ਫੁਟਾਰਾ ਹੁੰਦਾ ਰਹਿੰਦਾ ਹੈ। ਉਸਦਾ ਇੱਕ ਫੁਟਾਰਾ ਕੁਲਗਾਮ ਕਤਲੇਆਮ ਤੋਂ ਬਾਅਦ ਵੀ ਸਾਹਮਣੇ ਆਇਆ ਹੈ। ਇਸ ਘਟਨਾ ਦੀ ਖਬਰ ਸਮੁੱਚੇ ਕਸ਼ਮੀਰ ਵਿੱਚ ਅੱਗ ਵਾਂਗ ਫੈਲ ਗਈ ਅਤੇ ਉਸੇ ਦਿਨ ਕੁਲਗਾਮ ਤੋਂ ਲੈ ਕੇ ਸਮੁੱਚੀ ਕਸ਼ਮੀਰ ਘਾਟੀ ਅੰਦਰ ਅਨੇਕਾਂ ਥਾਵਾਂ 'ਤੇ ਰੋਹ ਨਾਲ ਉਬਾਲੇ ਖਾਂਦੇ ਲੋਕਾਂ ਦੇ ਕਾਫਲਿਆਂ ਵੱਲੋਂ ਸੜਕਾਂ 'ਤੇ ਉੱਤਰਦਿਆਂ, ਹਕੂਮਤੀ ਹਥਿਆਰਬੰਦ ਧਾੜਾਂ ਦਾ ਪੱਥਰਾਂ ਤੇ ਰੋੜਿਆਂ ਨਾਲ ਮੁਕਾਬਲਾ ਕੀਤਾ ਗਿਆ। ਕਸ਼ਮੀਰ ਵਿੱਚ ਕਰਫਿਊ ਵਰਗੀ ਹਾਲਤ ਮੜ੍ਹਨ ਦੇ ਬਾਵਜੂਦ, ਸੋਪੋਰ, ਸ੍ਰੀਨਗਰ ਅਤੇ ਹੋਰਨਾਂ ਥਾਵਾਂ 'ਤੇ ਵਿਦਿਆਰਥੀਆਂ ਵੱਲੋਂ ਸੜਕਾਂ 'ਤੇ ਉਤਰਦਿਆਂ, ਜ਼ੋਰਦਾਰ ਰੋਹ ਵਿਖਾਵੇ ਕੀਤੇ ਗਏ। ਸ਼ੇਰੇ-ਕਸ਼ਮੀਰ ਖੇਤੀ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਰੋਸ ਮੁਜਾਹਰਾ ਕਰਕੇ ਭਾਰਤੀ ਹਾਕਮਾਂ ਨੂੰ ਲਲਕਾਰਿਆ ਗਿਆ। ਇਸ ਤਰ੍ਹਾਂ- ਮੋਦੀ ਹਕੂਮਤ ਦੇ ਫੁਰਮਾਨਾਂ 'ਤੇ ਹਥਿਆਰਬੰਦ ਧਾੜਾਂ ਵੱਲੋਂ ਸਮੁੱਚੇ ਕਸ਼ਮੀਰ ਨੂੰ ਕਸ਼ਮੀਰੀਆਂ ਦੇ ਜੇਲ੍ਹਖਾਨੇ ਵਿੱਚ ਬਦਲਣ ਦੇ ਯਤਨਾਂ ਨੂੰ ਠੁੱਡ ਮਾਰਦਿਆਂ, ਕਸ਼ਮੀਰੀ ਵਿਦਿਆਰਥੀਆਂ, ਵਿਦਿਆਰਥਣਾਂ, ਨੌਜਵਾਨਾਂ, ਔਰਤਾਂ ਅਤੇ ਲੋਕਾਂ ਵੱਲੋਂ ਭਾਰਤੀ ਹਾਕਮਾਂ ਨੂੰ ਇਹ ਗਰਜਵੀਂ ਸੁਣਵਾਈ ਕੀਤੀ ਗਈ ਕਿ ''ਤੁਸੀਂ ਦਬਾਉਣਾ ਲੋਚਦੇ ਸਾਡੇ ਸੀਨੇ ਬਾਰੂਦ ਖੋਭ, ਸਾਡਿਆਂ ਸੀਨਿਆਂ ਵਿੱਚ ਹੋਰ ਵੀ ਬਾਰੂਦ ਭਰਦਾ ਜਾ ਰਿਹੈ।''
No comments:
Post a Comment