ਜ਼ਿਲ੍ਹਾ ਇਕਾਈ ਵੱਲੋਂ ਬੀ.ਕੇ.ਯੂ.(ਏਕਤਾ) ਸੂਬਾ ਕਮੇਟੀ ਦੀ ਆਲੋਚਨਾ
21 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਜ਼ਿਲ੍ਹਾ ਗੁਰਦਾਸਪੁਰ ਕਮੇਟੀ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਉੱਪਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸੁਬੇਗ ਸਿੰਘ ਨੇ ਜਥੇਬੰਦੀ ਦੀ ਸੂਬਾ ਕਮੇਟੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੂਬਾ ਕਮੇਟੀ ਨੇ ਸਾਰੇ ਅਸੂਲਾਂ ਤੇ ਨੇਮਾ ਨੂੰ ਤਿਲਾਂਜਲੀ ਦੇ ਕੇ ਗੁਪਤ ਢੰਗ ਨਾਲ ਇਜਲਾਸ ਕਰ ਲਿਆ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ 32 ਪਿੰਡਾਂ ਵਿੱਚੋਂ 28 ਪਿੰਡਾਂ ਨੂੰ ਉਕਤ ਇਜਲਾਸ ਬਾਰੇ ਭਿਣਕ ਵੀ ਨਹੀਂ ਪੈਣ ਦਿੱਤੀ। ਉਹਨਾਂ ਕਿਹਾ ਕਿ ਸਮੁੱਚੀ ਜ਼ਿਲ੍ਹਾ ਕਮੇਟੀ ਜਮਹੂਰੀਅਤ ਦਾ ਗਲਾ ਘੁੱਟੇ ਜਾਣ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੀ ਕਾਰਜਸ਼ੈਲੀ ਦੀ ਨਿਖੇਧੀ ਕਰਦੀ ਹੈ। ਉਹਨਾਂ ਐਲਾਨ ਕੀਤਾ ਕਿ ਜ਼ਿਲ੍ਹਾ ਕਮੇਟੀ ਵੱਲੋਂ ਆਉਂਦੀ 6 ਅਕਤੂਬਰ ਨੂੰ ਜਥੇਬੰਦੀ ਦਾ ਜ਼ਿਲ੍ਹਾ ਪੱਧਰੀ ਜਨਰਲ ਇਜਲਾਸ ਕਰਕੇ ਅਗਲੇ ਐਕਸ਼ਨ ਦੀ ਰੂਪਰੇਖਾ ਉਲੀਕੀ ਜਾਵੇਗੀ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰਪਾਲ ਸਿੰਘ, ਜ਼ਿਲ੍ਹਾ ਸਕੱਤਰ ਨਰਿੰਦਰ ਸਿੰਘ ਕੋਟਲਾਬਾਮਾ ਅਤੇ ਪ੍ਰੈਸ ਸਕੱਤਰ ਡਾ. ਅਸ਼ੋਕ ਭਾਰਤੀ ਨੇ ਬੁੱਧੀਜੀਵੀਆਂ ਨਾਲ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਹੋਰ ਅਹੁਦੇਦਾਰ ਤੇ ਕਿਸਾਨ ਆਗੂ ਵੀ ਹਾਜ਼ਰ ਸਨ। (ਪੰਜਾਬੀ ਟ੍ਰਿਬਿਊਨ, 22 ਸਤੰਬਰ 2018)
ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਹਰਗੋਬਿੰਦਪੁਰ ਤੇ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਠੱਠਾ ਦੀ ਪ੍ਰਧਾਨਗੀ ਹੇਠ ਪਿੰਡ ਚੀਮਾ ਖੁੱਡੀ ਵਿਖੇ ਹੋਈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਕੋਟਲਾਬਾਮਾ ਨੇ ਕਿਹਾ ਕਿ ਬੀ.ਕੇ.ਯੂ. ਉਗਰਾਹਾਂ ਨੇ ਸੂਬਾ ਇਜਲਾਸ ਆਪਣੇ ਹੀ ਕਾਡਰ ਅਤੇ ਡੈਲੀਗੇਟਾਂ ਤੋਂ ਚੋਰੀ ਕਰਕੇ ਸਭ ਅਦਾਰਿਆਂ/ਅਸੂਲਾਂ ਅਤੇ ਸੰਵਿਧਾਨ ਦਾ ਘਾਣ ਕਰਕੇ ਆਪ ਹੀ ਸਜਾਇਆ ਹੋਇਆ ਜਨਤਕ ਜਮਹੂਰੀ ਮੁਖੌਟਾ ਲਾਹ ਮਾਰਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਗੁਰਦਾਸਪੁਰ ਵੱਲੋਂ 6 ਅਕਤੂਬਰ ਨੂੰ ਜਿਲ੍ਹਾ ਜਨਰਲ ਅਜਲਾਸ ਜਿਲ੍ਹਾ ਕਮੇਟੀ ਦੀ ਅਗਵਾਈ ਹੇਠ ਗੁਰਦੁਆਰਾ ਅਗੰਮ ਦਾਸ ਵਿਖੇ ਕੀਤਾ ਗਿਆ। ਇਸ ਵਿੱਚ ਸੂਬਾ ਕਮੇਟੀ ਵਲੋਂ ਸੂਬਾ ਅਜਲਾਸ ਬੇਹੱਦ ਗੁਪਤ ਤਰੀਕੇ ਨਾਲ ਕਾਡਰ ਅਤੇ ਡੈਲੀਗੇਟਾਂ ਤੋਂ ਚੋਰੀ ਕਰਵਾਉਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਅਜਲਾਸ ਨੂੰ ਗੈਰ ਸੰਵਿਧਾਨਿਕ ਸਾਜਿਸ਼ੀ ਅਤੇ ਸਫਾਂ ਦੀ ਜਮਹੂਰੀ ਰਜਾ ਦਾ ਘਾਣ ਕਰਨ ਵਾਲਾ ਅਤੇ ਆਪਣੀ ਸਰਗਰਮੀ ਰਿਪੋਰਟ ਤੇ ਮੋਹਰ ਲਵਾਉਣ ਦੀ ਦੰਭੀ ਕਸਰਤ ਕਰਾਰ ਦਿੱਤਾ ਗਿਆ। ਜਿਲ੍ਹਾ ਪ੍ਰਧਾਨ ਸੁਬੇਗ ਸਿੰਘ ਠੱਠਾ ਅਤੇ ਜਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਅਜਲਾਸ ਵਿਚ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਅਤੇ ਬਾਅਦ ਦੇ ਮੌਕਾਪ੍ਰਸਤ ਤੇ ਭਾਂਜਵਾਦੀ ਪੈਂਤੜੇ ਮੌਕਾਪ੍ਰਸਤ ਘੋਲ ਸ਼ਕਲਾਂ ਜਥੇਬੰਦੀ ਦਾ ਜਨਤਕ ਜਮਹੂਰੀ ਖਾਸਾ ਖਤਮ ਕਰਕੇ ਇਕ ਸਿਆਸੀ ਪਾਰਟੀ ਦੀ ਜੇਬੀ ਅਤੇ ਵਿੰਗ ਜਥੇਬੰਦੀ ਵਿਚ ਤਬਦੀਲ ਕਰਨ ਵਰਗੇ ਯਤਨਾਂ ਬਾਰੇ ਉਠਣ ਵਾਲੇ ਸੁਆਲਾਂ ਤੋਂ ਬਚਿਆ ਜਾ ਸਕੇ। ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸੂਬਾ ਲੀਡਰਸ਼ਿਪ ਨੇ ਆਪਣਾ ਆਪ ਹੀ ਸਜਾਇਆ ਹੋਇਆ ਜਨਤਕ ਜਮਹੂਰੀ ਮੁਖੌਟਾ ਲਾਹ ਮਾਰਿਆ ਹੈ ਅਤੇ ਇਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਹੁਣ ਸਾਡੀ ਜਥੇਬੰਦੀ ਦਾ ਨਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਹੋਵੇਗਾ ਜਿਸ ਦਾ ਝੰਡਾ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਅਸਲੀ ਝੰਡੇ ਵਾਲਾ ਸਫੇਦ ਅਤੇ ਹਰਾ ਹੋਵੇਗਾ ਜਿਸ ਵਿੱਚ ਇਕ ਲਾਲ ਸਿਤਾਰਾ ਵਿਦੱਮਾਨ ਹੋਵੇਗਾ। ਜਥੇਬੰਦੀ ਧਾਰਮਿਕ ਘੱਟ ਗਿਣਤੀਆਂ ਦਲਿਤਾਂ ਤੇ ਹਮਲਿਆਂ ਦਾ ਵਿਰੋਧ ਕਰੇਗੀ ਅਤੇ ਦਰਿਆਈ ਪਾਣੀਆਂ ਤੇ ਪੰਜਾਬ ਦੇ ਹੱਕ ਅਤੇ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਵਾਲੇ ਕਰਨ ਦੀ ਹਮਾਇਤ ਕਰੇਗੀ। ਜਥੇਬੰਦੀ ਸੰਘਰਸ਼ ਸ਼ੀਲ ਤੇ ਹਕੀਕੀ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਅਤੇ ਸਾਂਝੀਆਂ ਸਰਗਰਮੀਆਂ ਕਰੇਗੀ ਅਤੇ ਭਵਿੱਖ ਵਿੱਚ ਹਮਖਿਆਲ ਜਥੇਬੰਦੀ /ਜਥੇਦਾਰ ਨਾਲ ਮੁਕੰਮਲ ਏਕਤਾ ਕਰਨ ਲਈ ਯਤਨ ਕਰੇਗੀ।
੦-੦
No comments:
Post a Comment