Monday, 5 November 2018

ਭਾਸ਼ਾ ਵਿਚਲੀ ਹਿੰਸਾ ਸਮਝਣੀ ਜ਼ਰੂਰੀ: ਕਨੂੰਪ੍ਰਿਆ



ਭਾਸ਼ਾ ਵਿਚਲੀ ਹਿੰਸਾ ਸਮਝਣੀ ਜ਼ਰੂਰੀ: ਕਨੂੰਪ੍ਰਿਆ
ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ, ਚੰਡੀਗੜ੍ਹ ਦੀ ਪਹਿਲੀ ਮਹਿਲਾ ਪ੍ਰਧਾਨ ਬਣ ਕੇ ਕਨੂੰਪ੍ਰਿਆ ਨੇ ਇਤਿਹਾਸ ਰਚਿਆ ਹੈ। ਕਨੂੰਪ੍ਰਿਆ ਸਟੂਡੈਂਟਸ ਫਾਰ ਸੁਸਾਇਟੀ (ਐੱਸਐੱਫਐੱਸ) ਜਥੇਬੰਦੀ ਨਾਲ ਸਬੰਧ ਰੱਖਦੀ ਹੈ ਤੇ ਇਹ ਜਥੇਬੰਦੀ ਪਿਛਲੇ ਕਰੀਬ ਅੱਠ ਸਾਲਾਂ ਤੋਂ ਵਿਦਿਆਰਥੀ ਹੱਕਾਂ ਲਈ ਲੜ ਰਹੀ ਹੈ। ਇਹ ਜਥੇਬੰਦੀ ਬਿਨਾ ਸਿਆਸੀ ਹੱਥਕੰਡਿਆਂ ਤੇ ਬਿਨਾ ਫ਼ਜ਼ੂਲਖ਼ਰਚੀ, ਮੁੱਦਿਆਂ ਦੇ ਆਧਾਰ 'ਤੇ ਚੋਣਾਂ ਲੜਦੀ ਆ ਰਹੀ ਹੈ। ਇਸ ਵਾਰ ਤਕੜੀ ਜਿੱਤ ਪ੍ਰਾਪਤ ਕਰ ਕੇ ਜਥੇਬੰਦੀ ਨੇ ਪੰਜਾਬ ਯੂਨੀਵਰਸਿਟੀ ਵਿਚ 'ਕਾਕਾਸ਼ਾਹੀ' ਦਾ ਬਦਲ ਪੇਸ਼ ਕੀਤਾ ਹੈ। ਕਨੂੰਪ੍ਰਿਆ ਦੀ ਇਸ ਜਿੱਤ ਨੂੰ ਪੂਰੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਵਿਚ ਸ਼ੁੱਭ ਸ਼ਗਨ ਮੰਨਿਆ ਗਿਆ ਹੈ। ਕਨੂੰਪ੍ਰਿਆ ਨਾਲ ਗੱਲਬਾਤ ਦੇ ਕੁਝ ਅੰਸ਼ ਪੇਸ਼ ਹਨ।
? ਤੁਸੀਂ ਆਪਣੇ ਆਪ ਨੂੰ ਕੀ ਮੰਨਦੇ ਹੋ, ਔਰਤ, ਵਿਦਿਆਰਥੀ ਜਾਂ ਕਾਰਕੁਨ ?
-ਮੈਂ ਆਪਣੇ ਆਪ ਨੂੰ ਵਿਦਿਆਰਥੀ ਕਾਰਕੁਨ ਸਮਝਦੀ ਹਾਂ। ਯੂਨੀਵਰਸਿਟੀ ਆਉਣ ਤੋਂ ਪਹਿਲਾਂ ਸਿਰਫ਼ ਵਿਦਿਆਰਥੀ ਸੀ। ਫਿਰ ਮੈਂ ਜਥੇਬੰਦੀ ਨਾਲ ਜੁੜ ਗਈ। ਪਹਿਲਾਂ ਵਿਚਾਰ-ਚਰਚਾ ਤੇ ਫਿਰ ਰੋਸ ਮੁਜ਼ਾਹਰਿਆਂ ਵਿਚ ਹਿੱਸਾ ਲੈਣ ਲੱਗੀ, ਇਸ ਮਗਰੋਂ ਜਥੇਬੰਦੀ ਦੀਆਂ ਕਮੇਟੀਆਂ 'ਚ ਸ਼ਾਮਲ ਹੋ ਗਈ।
? ਤੁਹਾਡੇ ਪ੍ਰਧਾਨ ਬਣਨ ਨਾਲ ਪੰਜਾਬ ਦੀ ਵਿਦਿਆਰਥੀ ਸਿਆਸਤ 'ਤੇ ਕੀ ਅਸਰ ਪਿਆ ਹੈ ਜਾਂ ਪਵੇਗਾ?
-ਵਿਦਿਆਰਥੀ ਸਿਆਸਤ 'ਤੇ ਵੱਡਾ ਅਸਰ ਪੈਂਦਾ ਲੱਗ ਰਿਹਾ ਹੈ, ਪਰ ਇਹ ਇਕੱਲਾ ਕੁੜੀ ਦੇ ਪ੍ਰਧਾਨ ਚੁਣੇ ਜਾਣ ਕਰਕੇ ਨਹੀਂ, ਬਲਕਿ ਐੱਸਐੱਫਐੱਸ ਕਰਕੇ ਵੀ ਹੈ। ਇੱਥੇ ਕੌਂਸਲ 'ਚ ਵੱਖਰੀ ਤਰ੍ਹਾਂ ਦੀ ਸਿਆਸਤ ਦੀ ਆਮਦ ਹੋ ਸਕੀ ਹੈ, ਇਸ ਦਾ ਅਸਰ ਪੰਜਾਬ ਦੇ ਕਾਲਜਾਂ ਵਿਚ ਵੀ ਪਿਆ ਹੈ। ਉਥੇ ਯੂਨਿਟਾਂ ਬਣਾਉਣ ਦੇ ਸੱਦੇ ਆ ਰਹੇ ਹਨ। ਕਾਲਜਾਂ 'ਚੋਂ ਬਹੁਤ ਲੜਕੀਆਂ ਅੱਗੇ ਆ ਰਹੀਆਂ ਹਨ।
? ਸਾਡਾ ਸਮਾਜ ਮਰਦ ਪ੍ਰਧਾਨ ਹੈ। ਔਰਤਾਂ ਉੱਤੇ ਦਾਬਾ ਰਿਹਾ ਹੈ, ਹੁਣ ਕੀ ਫ਼ਰਕ ਲੱਗਦਾ ਹੈ?
-ਪੰਜਾਬ ਵਿਚ ਸਮਾਜਿਕ ਜਾਂ ਸਿਆਸੀ ਤੌਰ 'ਤੇ ਪੁਰਸ਼ ਦਾ ਬੋਲਬਾਲਾ ਹੈ। ਸਮਾਜ 'ਚ ਇਸ ਦੀਆਂ ਜੜ੍ਹਾਂ ਜਥੇਬੰਦੀ ਨਾਲੋਂ ਵੀ ਡੂੰਘੀਆਂ ਹਨ। ਇਸੇ ਨੂੰ ਤੋੜਨ ਤੇ ਨਵੀਆਂ ਪਿਰਤਾਂ ਪਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਾਂ।
? ਨਾਰੀਵਾਦ ਬਾਰੇ ਕੀ ਕਹੋਗੇ?
-ਮੈਂ ਨਾਰੀਵਾਦ ਨੂੰ ਨਵੀਂ ਨੁਹਾਰ ਵਾਲੀ ਲਹਿਰ ਮੰਨਦੀ ਹਾਂ। ਔਰਤਾਂ ਆਪਣੇ ਹੱਕਾਂ ਲਈ ਲੜ ਰਹੀਆਂ ਹਨ, ਪਰ ਕਈਆਂ ਨੇ ਨਾਰੀਵਾਦ ਦਾ ਮਜ਼ਾਕ ਬਣਾਇਆ ਹੋਇਆ ਹੈ। ਕਈ ਲੜਕੀਆਂ ਨੂੰ ਗਾਲਾਂ ਕੱਢਦਿਆਂ ਸੁਣਦੇ ਹਾਂ ਤੇ ਉਹ ਇਸ ਨੂੰ ਨਾਰੀਵਾਦ ਆਖਦੀਆਂ ਹਨ। ਇਹ ਬਹੁਤ ਹੀ ਵੱਖਰੀ ਤਰ੍ਹਾਂ ਦਾ ਤੇ ਨਿੱਜੀ ਹਿੱਤਾਂ ਨੂੰ ਪੂਰਨ ਵਾਲਾ ਨਾਰੀਵਾਦ ਹੈ। ਜੇਕਰ ਚੌਵੀ ਘੰਟੇ ਹੋਸਟਲ ਖੁੱਲ੍ਹਾ ਰੱਖਣ ਦੀ ਗੱਲ ਕਰੀਏ ਤਾਂ ਮਾਮਲਾ ਸਮਾਂ ਵਧਾਉਣ-ਘਟਾਉਣ ਦਾ ਨਹੀਂ, ਅਸਲ ਮੁੱਦਾ ਹੈ ਕਿ ਸਿਰਫ਼ ਲੜਕੀਆਂ 'ਤੇ ਹੀ ਪਾਬੰਦੀਆਂ ਕਿਉਂ?
? ਵਿਦਿਆਰਥੀ ਜੀਵਨ ਤੋਂ ਬਾਅਦ ਸਰਗਰਮ ਸਿਆਸਤ ਦਾ ਹਿੱਸਾ ਬਣਨਾ ਚਾਹੋਗੇ?
-ਮੈਨੂੰ ਲੱਗਦਾ ਹੈ ਕਿ ਇਕੱਲੇ ਰਹਿ ਕੇ ਜ਼ਿਆਦਾ ਉਪਰਾਲੇ ਨਹੀਂ ਕੀਤੇ ਜਾ ਸਕਦੇ। ਕਿਸੇ ਤਨਜ਼ੀਮ ਨਾਲ ਜੁੜ ਕੇ, ਜਥੇਬੰਦੀ ਦੀ ਸਾਂਝੀ ਸੋਚ ਤੇ ਫ਼ੈਸਲਿਆਂ ਮੁਤਾਬਿਕ ਪ੍ਰੋਗਰਾਮ ਉਲੀਕ ਕੇ ਕੰਮ ਕਰਨਾ ਚੰਗਾ ਤਰੀਕਾ ਹੈ।
? ਵਿਦਿਆਰਥੀ ਜਥੇਬੰਦੀਆਂ ਤੇ ਰਵਾਇਤੀ ਸਿਆਸੀ ਪਾਰਟੀਆਂ ਦੇ ਸਬੰਧਾਂ ਬਾਰੇ ਕੀ ਕਹੋਗੇ?
-ਜਦੋਂ ਵੱਡੀਆਂ ਜਾਂ ਰਵਾਇਤੀ ਸਿਆਸੀ ਪਾਰਟੀਆਂ ਵਿਦਿਆਰਥੀ ਸਿਆਸਤ ਵਿਚ ਆਉਂਦੀਆਂ ਹਨ, ਤਾਂ ਵੱਖਰਾ ਹੀ ਸੱਭਿਆਚਾਰ ਬਣਾ ਦਿੰਦੀਆਂ ਹਨ, ਜਿਹੜਾ ਗ਼ੈਰ-ਜਮਹੂਰੀ ਤੇ ਪੈਸੇ ਨਾਲ ਵੋਟਾਂ ਖ਼ਰੀਦਣ ਵਾਲਾ ਹੁੰਦਾ ਹੈ। ਜਦੋਂ ਮੈਂ ਇੱਥੇ ਆਈ, ਉਸ ਤੋਂ ਥੋੜਾ ਸਮਾਂ ਪਹਿਲਾਂ ਹੀ ਮੁੱਖ ਸਿਆਸੀ ਪਾਰਟੀਆਂ ਨੇ ਯੂਨੀਵਰਸਿਟੀ ਵਿਚ ਪੈਰ ਪਾਏ ਸਨ ਤੇ ਉਸ ਤੋਂ ਬਾਅਦ ਪੈੱਨ ਡਰਾਈਵ, ਕੂਪਨ, ਪਾਰਟੀਆਂ ਤੇ ਫ਼ਿਲਮਾਂ ਵਾਲਾ ਰੁਝਾਨ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਤਾਂ ਬਹਿਸ ਹੀ ਕਰਦੇ ਹੁੰਦੇ ਸੀ ਜਾਂ ਕਿਹੜੇ ਬਾਈ ਦੀ ਚਲਦੀ ਆ, ਉਸ ਮੁਤਾਬਿਕ ਜਿੱਤ-ਹਾਰ ਹੁੰਦੀ ਸੀ, ਪਰ ਕਈ ਰਵਾਇਤੀ ਸਿਆਸੀ ਪਾਰਟੀਆਂ ਦੇ ਆਉਣ ਤੋਂ ਬਾਅਦ ਰਿਸ਼ਵਤਖੋਰੀ ਹਾਵੀ ਹੋ ਗਈ।
? ਪੰਜਾਬ ਵਿਚ ਬੇਰੁਜ਼ਗਾਰੀ ਤੇ ਸਿੱਖਿਆ ਪ੍ਰਬੰਧਾਂ ਦੇ ਨਿਘਾਰ ਬਾਰੇ ਕੀ ਸੋਚਦੇ ਹੋ?
-ਸਿੱਖਿਆ ਦਾ ਬਹੁਤ ਬੁਰਾ ਹਾਲ ਹੈ, ਸਕੂਲਾਂ ਦਾ ਹੀ ਨਹੀਂ, ਯੂਨੀਵਰਸਿਟੀਆਂ ਦਾ ਵੀ। ਜੇ ਕੋਈ ਅਧਿਆਪਕ ਸੱਚੀ ਨੀਅਤ ਨਾਲ ਕੁਝ ਵੱਖਰਾ ਸਿਖਾਉਣਾ ਚਾਹੇ ਤਾਂ ਸਿਲੇਬਸ ਉਸ ਨੂੰ ਇਜਾਜ਼ਤ ਨਹੀਂ ਦਿੰਦਾ। ਜੇ ਕੋਈ ਵਿਦਿਆਰਥੀ ਆਪੇ ਕੁਝ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਢੁਕਵਾਂ ਸਮਾਂ ਹੀ ਨਹੀਂ ਮਿਲਦਾ। ਅਸਾਈਨਮੈਂਟਸ ਦਿੱਤੀਆਂ ਜਾਂਦੀਆਂ ਹਨ, ਜੋ ਨਕਲ ਮਾਰ ਕੇ ਦੇ ਦਿੱਤੀਆਂ ਜਾਂਦੀਆਂ ਹਨ, ਉਸ ਦਾ ਕੀ ਫਾਇਦਾ ? ਸਿਲੇਬਸ ਇਸ ਤਰ੍ਹਾਂ ਦਾ ਹੈ ਕਿ ਰੱਟਾ ਮਾਰੋ ਤੇ ਨੰਬਰ ਲਓ। ਪ੍ਰਯੋਗੀ ਕੰਮਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ।
? ਨੌਜਵਾਨ ਬਾਹਰਲੇ ਦੇਸ਼ਾਂ 'ਚ ਕਿਉਂ ਜਾ ਰਹੇ ਹਨ?
-ਕੁੜੀਆਂ ਬਾਹਰ ਤਾਂ ਜਾਂਦੀਆਂ ਹਨ, ਕਿਉਂਕਿ ਉਥੇ ਸਮਾਜਿਕ ਆਜ਼ਾਦੀ ਮਿਲਦੀ ਹੈ, ਇੱਥੇ ਉਹ ਆਜ਼ਾਦੀ ਮਿਲਦੀ ਨਹੀਂ, ਜੱਦੋ-ਜਹਿਦ ਕਰਕੇ ਵੀ ਨਹੀਂ, ਭਾਵੇਂ ਕਿ ਬਾਹਰ ਵੱਖਰੇ ਤਰ੍ਹਾਂ ਦਾ ਮਰਦ ਪ੍ਰਧਾਨ ਸਮਾਜ ਹੈ। ਨੌਜਵਾਨਾਂ ਤੇ ਮੁਟਿਆਰਾਂ ਨੂੰ ਬਾਹਰ ਆਪਣਾ ਚੰਗਾ ਭਵਿੱਖ ਦਿਸ ਰਿਹਾ ਹੈ। ਉਨ੍ਹਾਂ ਨੂੰ ਇੱਥੇ ਕੋਈ ਬਦਲਾਅ ਤੇ ਬਦਲ ਨਹੀਂ ਦਿਸ ਰਿਹਾ। ਦੂਜੇ ਪਾਸੇ, ਇੱਥੇ ਅਸੀਂ ਨਿੱਜੀਕਰਨ ਤੇ ਫ਼ੀਸਾਂ ਦੇ ਵਾਧੇ ਖ਼ਿਲਾਫ਼ ਲੜ ਰਹੇ ਹਾਂ, ਪਰ ਉਥੇ ਅਸੀਂ ਐਨੀਆਂ ਮੋਟੀਆਂ ਫੀਸਾਂ ਭਰ ਰਹੇ ਹਾਂ। ਮਾਪਿਆਂ ਨੂੰ ਹੈ ਕਿ ਇਸ ਤੋਂ ਪਹਿਲਾਂ ਕੀ ਕੁੜੀ-ਮੁੰਡਾ ਨਸ਼ਿਆਂ 'ਚ ਪਵੇ, ਉਸ ਨੂੰ ਬਾਹਰ ਭੇਜ ਦੇਵੋ, ਬਾਹਰ ਜਾ ਕੇ ਉਹ ਕੁਝ ਵੀ ਕਰੇ। ਅਸੀਂ ਸਿਸਟਮ ਤੋਂ ਹਾਰ ਮੰਨ ਗਏ ਲੱਗਦੇ ਹਾਂ।
? ਤੁਹਾਡੇ ਸਿਆਸਤ ਵਿਚ ਸਰਗਰਮ ਹੋਣ 'ਤੇ ਪਰਿਵਾਰ ਦਾ ਰਵੱਈਆ ਕਿਵੇਂ ਰਿਹਾ?
-ਮੇਰੇ ਮਾਪਿਆਂ ਵਿਚ ਵੀ ਕਾਫ਼ੀ ਬਦਲਾਅ ਆਇਆ, ਪਰ ਸਮਾਂ ਪਾ ਕੇ। ਪਹਿਲਾਂ ਮੈਂ ਕਿਤੇ ਵੀ ਜਾਣਾ, ਦੱਸ ਕੇ ਜਾਣਾ ਤੇ ਕਈ ਵਾਰ ਘਰੇ ਲੜਨਾ ਵੀ ਪੈਂਦਾ ਸੀ, ਪਰ ਜਦੋਂ ਜਥੇਬੰਦੀ ਨਾਲ ਜੁੜੀ ਹਾਂ ਤੇ ਚੋਣਾਂ ਲੜ ਰਹੀਂ ਹਾਂ, ਉਹ ਮੇਰੇ ਫ਼ੈਸਲਿਆਂ ਵਿਚ ਭਰੋਸਾ ਕਰਦੇ ਹਨ। ਹੁਣ ਪਰਿਵਾਰ ਤੋਂ ਬਹੁਤ ਸਹਿਯੋਗ ਮਿਲ ਰਿਹਾ ਹੈ।
? ਆਪਣੇ ਨਾਂ ਨਾਲ ਦੇਵਗਨ ਕਿਉਂ ਨਹੀਂ ਲਾਉਂਦੇ?
-ਸਾਡੀ ਸੋਚ ਜਾਤੀਵਾਦ ਤੇ ਜਾਤਾਂ/ਗੋਤਾਂ ਕਾਰਨ ਹੁੰਦੇ ਵਿਤਕਰੇ ਖ਼ਿਲਾਫ਼ ਹੈ, ਅਸੀਂ ਬਾਕੀਆਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰ ਰਹੇ ਹਾਂ। ਇਸ ਲਈ ਨਾਮ ਪਿੱਛੇ ਗੋਤ ਲਾ ਕੇ ਮਸ਼ਹੂਰੀ ਦੀ ਕੀ ਲੋੜ ਹੈ? ਮੈਂ ਇਹ ਨਹੀਂ ਕਹਿੰਦੀ ਕਿ ਜੋ ਲੋਕ ਨਾਮ ਪਿੱਛੇ ਗੋਤ ਲਾਉਂਦੇ ਹਨ, ਉਹ ਜਾਤੀਵਾਦੀ ਹਨ, ਪਰ ਇਸ ਤਰ੍ਹਾਂ ਤੁਸੀ ਜਾਤੀਵਾਦ ਨੂੰ ਮਾਨਤਾ ਦੇ ਰਹੇ ਹੋ।
? ਤੁਹਾਡੀ ਆਪਣੀ ਤੇ ਜਥੇਬੰਦੀ ਐੱਸਐੱਫਐੱਸ ਦੀ ਵਿਚਾਰਧਾਰਾ ਕੀ ਹੈ?
-ਮੈਂ ਤਾਂ ਬਣੀ ਹੀ ਜਥੇਬੰਦੀ ਤੋਂ ਹਾਂ, ਇਸ ਲਈ ਜਥੇਬੰਦੀ ਤੇ ਮੇਰੀ ਵਿਚਾਰਧਾਰਾ 'ਚ ਕੋਈ ਫ਼ਰਕ ਨਹੀਂ, ਪਰ ਵਿਚਾਰਧਾਰਾ ਨਾਲੋਂ ਜ਼ਿਆਦਾ ਅਮਲ ਜ਼ਰੂਰੀ ਹੈ। ਅੱਜ ਦੇ ਸਮੇਂ ਵਿਚ ਅਸੀਂ ਚਾਹੁੰਦੇ ਹਾਂ ਕਿ ਕੁਝ ਕਰੀਏ। ਜੇ ਅਸੀਂ ਪਿੰਡਾਂ, ਬਸਤੀਆਂ ਵਿਚ ਨਹੀਂ ਜਾਵਾਂਗੇ ਤਾਂ ਇਸ ਦਾ ਕੋਈ ਫਾਇਦਾ ਨਹੀਂ।
? ਤੁਹਾਡੀ ਜਥੇਬੰਦੀ 'ਤੇ ਹਿੰਸਾ ਦੇ ਦੋਸ਼ ਲੱਗਦੇ ਰਹੇ ਹਨ, ਇਸ ਬਾਰੇ ਕੀ ਕਹੋਗੇ?
-ਜਦੋਂ ਤੁਸੀਂ ਘੱਟ ਜਾਗਰੂਕ ਹੁੰਦੇ ਹੋ, ਤਾਂ ਲੱਗਦਾ ਹੈ ਕਿ ਲੜਾਈ ਹੋ ਗਈ ਤਾਂ ਹਿੰਸਾ ਹੈ, ਨਹੀਂ ਹੋਈ ਤਾਂ ਅਹਿੰਸਾ ਹੈ। ਇਹ ਗੱਲ ਇੰਨੀ ਸਿੱਧੀ ਨਹੀਂ। ਹਿੰਸਾ ਪਿੱਛੇ ਕਾਰਨ ਕੀ ਹਨ, ਉਹ ਦੇਖਣਾ ਜ਼ਰੂਰੀ ਹੈ। ਯੂਨੀਵਰਸਿਟੀ ਵਿਚ ਬਹੁਤ ਸਾਰੇ ਹੁਕਮ ਕਾਗਜ਼ਾਂ ਵਿਚ ਆ ਜਾਂਦੇ ਹਨ, ਬਹੁਤ ਪਿਆਰ ਨਾਲ ਨੋਟਿਸ ਦੇ ਰੂਪ ਵਿਚ ਹੁਕਮ ਲਾਗੂ ਕਰਵਾਏ ਜਾਂਦੇ ਹਨ, ਇਹ ਹਿੰਸਾ ਦਿਸਦੀ ਨਹੀਂ। ਇਹ ਭਾਸ਼ਾ ਵਿਚਲੀ ਹਿੰਸਾ ਹੈ। ਇਸ ਹਿੰਸਾ ਖ਼ਿਲਾਫ਼ ਜੇ ਕੁੜੀਆਂ ਧਰਨੇ 'ਤੇ ਬਹਿ ਜਾਣ, ਪੁਲੀਸ ਉਨ੍ਹਾਂ ਨੂੰ ਉਠਾਉਣ ਲਈ ਡਾਂਗਾਂ ਮਾਰੇ ਤੇ ਉਹ ਅੱਗੋਂ ਬਚਾਅ ਲਈ ਡਾਂਗਾਂ ਫੜ ਲੈਣ ਤਾਂ ਉਹ ਹਿੰਸਾ ਹੋ ਗਈ? ਹੁਕਮ ਦਾ ਕਾਗਜ਼ ਵੀ ਪਿਸਤੌਲ ਵਾਂਗ ਹੈ। ਪੰਜਾਹ ਹਜ਼ਾਰ ਮਾਈਗ੍ਰੇਸ਼ਨ ਫੀਸ ਦਾ ਨੋਟਿਸ ਆ ਰਿਹਾ ਸੀ, ਜੋ ਪਿਛਲੇ ਸਾਲ ਦੋ ਹਜ਼ਾਰ ਸੀ। ਇਹ ਬੰਦੂਕ ਦੇ ਬਰਾਬਰ ਹੈ।
? ਕਲਾ ਲਈ ਕੁਝ ਦੱਸੋ?
-ਪਹਿਲਾਂ ਮੈਨੂੰ ਲੱਗਦਾ ਸੀ ਜੋ ਸੋਹਣਾ ਲੱਗਦਾ ਹੈ, ਸਿਰਫ਼ ਸੁਹਜ ਵਾਲਾ ਹੈ, ਉਹੀ ਚੰਗਾ ਹੈ, ਪਰ ਇਕੱਲਾ ਸੁਹੱਪਣ ਹੀ ਸਭ ਕੁਝ ਨਹੀਂ ਹੁੰਦਾ, ਇਹ ਵਿਚਾਰ ਲੋਕਾਂ ਤੱਕ ਲਿਜਾਣਾ ਜ਼ਰੂਰੀ ਹੈ। ਜਰਮਨ ਲੇਖਕ ਬਰੈਖ਼ਤ ਨੇ ਕਿਹਾ ਹੈ ਕਿ ਕਲਾ ਹਥੌੜਾ ਹੋਵੇਗਾ ਤੇ ਉਹ ਉਸੇ ਤਰੀਕੇ ਨਾਲ ਵਰਤਣਾ ਚਾਹੀਦਾ ਹੈ। ਕਲਾ ਨੂੰ ਸੁੰਦਰਤਾ ਤੱਕ ਹੀ ਸੀਮਿਤ ਰੱਖਣਾ ਠੀਕ ਨਹੀਂ।
? ਕਲਾ ਵਾਲਾ ਹਥੌੜਾ ਪੰਜਾਬ 'ਚ ਕਿਸ ਤਰ੍ਹਾਂ ਦੇ ਸੱਭਿਆਚਾਰ ਨੂੰ ਤੋੜੇਗਾ ਜਾਂ ਇਸ ਨੂੰ ਕਿਹੜੇ ਨਵੇਂ ਆਯਾਮ ਦੇਵੇਗਾ?
-ਸਭ ਤੋਂ ਪਹਿਲਾਂ ਗੀਤਾਂ ਵੱਲ ਧਿਆਨ ਦੇਣ ਦੀ ਲੋੜ ਹੈ। ਕਿਸੇ ਨੂੰ ਇਹ ਦਿੱਕਤ ਹੀ ਨਹੀਂ ਕਿ ਗਾਣੇ ਕਿਸ ਤਰ੍ਹਾਂ ਦੇ ਆ ਰਹੇ ਹਨ। ਯੂਨੀਵਰਸਿਟੀ ਵਿਚ ਵੀ ਸੀਮਿਤ ਵਰਗ ਹੀ ਹੈ, ਜੋ ਮਿਆਰੀ ਗੀਤ-ਸੰਗੀਤ ਵਾਸਤੇ ਤਿਆਰ ਹੈ। ਇਸ ਬਾਬਤ ਹੰਭਲਾ ਮਾਰਨਾ ਪੈਣਾ ਹੈ ਤਾਂ ਜੋ ਪੰਜਾਬ ਵਿਚ ਲੱਚਰ ਗੀਤਾਂ 'ਤੇ ਹਥੌੜਾ ਵੱਜੇ।
? ਪੜ੍ਹਨ ਦੀ ਰੁਚੀ ਬਾਰੇ ਕੀ ਕਹੋਗੇ?
-ਮੈਂ ਕਿਤਾਬਾਂ ਨਾਲੋਂ ਜ਼ਿਆਦਾ ਲੋਕਾਂ 'ਚ ਰਹੀਂ ਹਾਂ। ਜੇ ਲਾਇਬ੍ਰੇਰੀ ਵਿਚ ਜਾ ਕੇ ਕੁਝ ਪੜ੍ਹਦੀ ਵੀ ਹਾਂ ਤਾਂ ਉਸ ਵਿਸ਼ੇ 'ਤੇ ਬਾਹਰ ਆ ਕੇ ਕਿਸੇ ਨਾਲ ਵਿਚਾਰ-ਵਟਾਂਦਰਾ ਕਰਨਾ ਜ਼ਿਆਦਾ ਜ਼ਰੂਰੀ ਸਮਝਦੀ ਹਾਂ।
ਪੰਜਾਬੀ ਟ੍ਰਿਬਿਊਨ, October - 3 - 2018

No comments:

Post a Comment