Friday, 2 November 2018

ਪਾਕਿਸਤਾਨ ਨਾਲ ਗੱਲਬਾਤ ਅਤੇ ਕਰਤਾਰਪੁਰ ਲਾਂਘਾ


ਪਾਕਿਸਤਾਨ ਨਾਲ ਗੱਲਬਾਤ ਅਤੇ ਕਰਤਾਰਪੁਰ ਲਾਂਘਾ
ਮੋਦੀ ਹਕੂਮਤ ਦੇ ਫਿਰਕੂ-ਫਾਸ਼ੀ ਮੰਤਵਾਂ ਨੂੰ ਰਾਸ ਨਹੀਂ
-ਨਵਜੋਤ
ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਲੈ ਕੇ ਅੱਜ ਤੱਕ ਪਾਕਿਸਤਾਨੀ ਹਕੂਮਤ ਵੱਲੋਂ ਭਾਰਤ ਨਾਲ ਗੱਲਬਾਤ ਕਰਨ ਦੀ ਵਾਰ ਵਾਰ ਇੱਛਾ ਜਤਲਾਈ ਗਈ ਹੈ ਅਤੇ ਭਾਰਤੀ ਹਕੂਮਤ ਤੋਂ ਹਾਂ-ਪੱਖੀ ਹੁੰਗਾਰੇ ਦੀ ਉਮੀਦ ਜਤਾਈ ਗਈ ਹੈ ਪਰ ਸੰਘ ਲਾਣੇ ਦੀ ਮੋਦੀ ਹਕੂਮਤ ਵੱਲੋਂ ਪਾਕਿਸਤਾਨੀ ਹਕੂਮਤ ਦੀ ਗੱਲਬਾਤ ਦੀ ਇੱਛਾ ਨੂੰ ਹਾਂ-ਪੱਖੀ ਹੁੰਗਾਰਾ ਦੇਣ ਦੀ ਬਜਾਇ ਵੱਖ ਵੱਖ ਬਹਾਨਿਆਂ ਹੇਠ ਇਸ ਨੂੰ ਹਕਾਰਤ ਨਾਲ ਠੁਕਰਾਉਣ ਦਾ ਰੁਖ਼ ਅਖਤਿਆਰ ਕੀਤਾ ਗਿਆ ਹੈ ਕਦੀ ਆਖਿਆ ਜਾਂਦਾ ਹੈ ਕਿ ਪਾਕਿਸਤਾਨ ਕਸ਼ਮੀਰ ਅੰਦਰ ਅਖੌਤੀ ਦਹਿਸ਼ਤਗਰਦਾਂ ਦੀ ਘੁਸਪੈਠ ਕਰਵਾਉਣਾ ਬੰਦੇ ਕਰੇ, ਕਦੀ ਆਖਿਆ ਜਾਂਦਾ ਹੈ ਕਿ ਪਾਕਿਸਤਾਨ ਹਕੂਮਤ ਮੁੰਬਈ ਹਮਲੇ ਦੇ ਮੁੱਖ ਸਾਜਿਸ਼-ਘਾੜੇ ਸੱਈਅਦ ਸਲਾਹੁਦੀਨ 'ਤੇ ਮੁਕੱਦਮਾ ਚਲਾਉਣ ਦੀ ਬਜਾਇ, ਉਸ ਨੂੰ ਖੁੱਲ੍ਹਾ ਘੁੰਮਣ ਦੇ ਰਿਹਾ ਹੈ ਅਖੀਰ ਅਮਰੀਕੀ ਦਬਾਓ ਹੇਠ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ ਮੁਲਾਕਾਤ ਤਹਿ ਕਰ ਲਈ ਗਈ, ਪਰ ਮੁਲਾਕਾਤ ਤੋਂ ਕੁੱਝ ਦਿਨ ਪਹਿਲਾਂ ਪਾਕਿਸਤਾਨ 'ਤੇ ਕਸ਼ਮੀਰ ਵਿਚਲੀ ਲਾਈਨ ਆਫ ਕੰਟਰੋਲ (ਸਰਹੱਦ) 'ਤੇ ਗੋਲਾਬਾਰੀ ਰਾਹੀਂ ਤਿੰਨ ਭਾਰਤੀ ਨਾਗਰਿਕਾਂ ਨੂੰ ਮਾਰਨ ਦਾ ਦੋਸ਼ ਲਾ ਕੇ ਇਹ ਗੱਲਬਾਤ ਵੀ ਰੱਦ ਕਰ ਦਿੱਤੀ ਗਈ
ਇਸੇ ਤਰ੍ਹਾਂ ਦੋਵਾਂ ਦੇਸ਼ਾਂ ਵਿਚਲੀ ਸਰਹੱਦ ਤੋਂ ਮਸਾਂ 4 ਕਿਲੋਮੀਟਰ ਪਾਕਿਸਤਾਨ ਅੰਦਰ ਸਥਿਤ ਕਰਤਾਰਪੁਰ ਵਿਖੇ ਗੁਰਦੁਆਰਾ ਸਾਹਿਬ ਨੂੰ ਲਾਂਘੇ ਦੇ ਮਾਮਲੇ ਵਿੱਚ ਵੀ ਭਾਰਤੀ ਹਕੂਮਤ ਦਾ ਰਵੱਈਆ ਸਿਰੇ ਦਾ ਨਾਕਾਰਾਤਮਿਕ ਹੈ ਕਰਤਾਰਪੁਰ ਸਾਹਿਬ ਉਹ ਸਥਾਨ ਹੈ, ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੀ ਉਮਰ ਦੇ ਅੰਤਲੇ 17 ਵਰ੍ਹੇ ਗੁਜਾਰੇ ਗਏ ਸਨ ਇਹ ਸਿੱਖ ਜਨਤਾ ਲਈ ਸ਼ਰਧਾ ਦਾ ਸਥਾਨ ਹੈ ਇਸ ਸਥਾਨ ਨਾਲ ਸਿੱਖ ਜਨਤਾ ਦੇ ਧਾਰਮਿਕ ਜਜ਼ਬਾਤ ਜੁੜੇ ਹੋਏ ਹਨ ਇੱਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਸਾਹਿਬ ਕਲਾਨੌਰ ਨੇੜੇ ਸਰਹੱਦ ਤੋਂ ਵੀ ਨਜ਼ਰੀਂ ਆਉਂਦਾ ਹੈ ਪਾਕਿਸਤਾਨੀ ਅਤੇ ਭਾਰਤੀ ਹਾਕਮਾਂ ਵੱਲੋਂ ਜਦੋਂ 1947 ਵਿੱਚ ਪੰਜਾਬ ਦੀ ਧਰਤੀ ਨੂੰ ਵੰਡਿਆ ਗਿਆ, ਉਦੋਂ ਤੋਂ ਲੈ ਕੇ ਸਿੱਖਾਂ ਅੰਦਰ ਕਰਤਾਰਪੁਰ ਸਾਹਿਬ ਨੂੰ ਲਾਂਘੇ ਦੀ ਮੰਗ ਇੱਕ ਮੁੱਦੇ ਵਜੋਂ ਧੁਖਦੀ ਆਈ ਹੈ ਪਰ ਭਾਰਤ ਦੀ ਕਿਸੇ ਹਕੂਮਤ ਵੱਲੋਂ ਸਿੱਖ ਜਜ਼ਬਾਤਾਂ ਨਾਲ ਜੁੜੇ ਲਾਂਘੇ ਦੇ ਇਸ ਅਹਿਮ ਮੁੱਦੇ ਨੂੰ ਕਦੇ ਵੀ ਸੰਜੀਦਗੀ ਅਤੇ ਸੁਹਿਰਦਤਾ ਨਾਲ ਨਹੀਂ ਲਿਆ ਅਤੇ ਨਾ ਹੀ ਕਦੇ ਜ਼ੋਰ ਨਾਲ ਪਾਕਿਸਤਾਨ ਦੀ ਹਕੂਮਤ ਕੋਲ ਉਠਾਇਆ ਗਿਆ ਹੈ ਕੇਂਦਰ ਵਿੱਚ ਆਉਂਦੀਆਂ ਰਹੀਆਂ ਕਾਂਗਰਸੀ ਹਕੂਮਤਾਂ ਵੱਲੋਂ ਕਦੇ ਕਦੇ ਇਸ ਮੁੱਦੇ ਪ੍ਰਤੀ ਰਸਮੀ ਸਰੋਕਾਰ ਦਾ ਵਿਖਾਵਾ ਕਰਨ ਦਾ ਖੇਖਣ ਤਾਂ ਕੀਤਾ ਜਾਂਦਾ ਰਿਹਾ ਹੈ, ਪਰ ਅਮਲੀ ਤੌਰ 'ਤੇ ਕੋਈ ਵੀ ਗੰਭੀਰ ਯਤਨ ਨਹੀਂ ਕੀਤਾ ਗਿਆ ਫਿਰਕੂ-ਫਾਸ਼ੀ ਆਰ.ਐਸਐਸ. ਦੇ ਇਸ਼ਾਰਿਆਂ 'ਤੇ ਨੱਚਦੀ ਮੋਦੀ ਹਕੂਮਤ ਵੱਲੋਂ ਅਜਿਹਾ ਰਸਮੀ ਵਿਖਾਵਾ ਕਰਨ ਦੀ ਲੋੜ ਵੀ ਨਹੀਂ ਸਮਝੀ ਗਈ ਇਸਦੇ ਉਲਟ ਜਦੋਂ ਪੰਜਾਬ ਹਕੂਮਤ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ-ਚੁੱਕਣ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਤੋਂ ਬਾਅਦ ਇਹ ਮਾਮਲਾ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਕੋਸ਼ਿਸ਼ ਨੂੰ ਕੋਈ ਸਾਰਥਿਕ ਹੁੰਗਾਰਾ ਦੇਣ ਦੀ ਬਜਾਇ, ਸਿੱਧੂ 'ਤੇ ਚੌਪਾਸੜ ਗੋਲਾਬਾਰੀ ਸ਼ੁਰੂ ਕਰ ਦਿੱਤੀ ਗਈ ਜਿੱਥੇ ਭਾਜਪਾ ਦੇ ਫਿਰਕੂ-ਜਾਨੂੰਨੀ ਭੌਂਕੜਾਂ, ਵਿਸ਼ੇਸ਼ ਕਰਕੇ ਇਸਦੇ ਬੁਲਾਰੇ ਸੰਬਿਤ ਪਾਤਰਾ ਵੱਲੋਂ ਸਿੱਧੂ ਵੱਲੋਂ ਪਾਕਿਸਾਤਨੀ ਫੌਜ ਦੇ ਮੁਖੀ ਨੂੰ ਜੱਫੀ ਪਾਉਣ ਦੇ ਮਾਮਲੇ ਨੂੰ ਉਛਾਲਦਿਆਂ, ਅਤੇ ਇਸ ਨੂੰ ਇਕ ਦੇਸ਼-ਵਿਰੋਧੀ ਕਾਰਵਾਈ ਕਰਾਰ ਦਿੰਦਿਆਂ, ਸਿੱਧੂ ਨੂੰ ਵਜ਼ਾਰਤ ਵਿੱਚੋਂ ਫਾਰਗ ਕਰਨ ਦੀ ਮੰਗ ਕੀਤੀ ਗਈ, ਉੱਥੇ ਆਰ.ਐਸ.ਐਸ. ਨਾਲ ਬਗਲਗੀਰ ਬਾਦਲ ਪਰਿਵਾਰ ਦੀ ਨੂੰਹ ਅਤੇ ਮੋਦੀ ਹਕੂਮਤ ਵਿੱਚ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ''ਦੇਸ਼ ਦੇ ਦੁਸ਼ਮਣ ਨਾਲ ਜੱਫੀਆਂ'' ਪਾਉਣ ਵਾਲੇ ਸਿੱਧੂ ਨੂੰ ਵਜ਼ਾਰਤ ਵਿੱਚੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਭਾਜਪਾਈ ਅਤੇ ਅਕਾਲੀ ਧੂਤੂਆਂ ਵੱਲੋਂ ਸਿੱਧੂ ਦੀ ਇਸ ਕਾਰਵਾਈ ਖਿਲਾਫ ਹੋ-ਹੱਲਾ ਮਚਾਉਂਦਿਗਆਂ, ਉਸ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਭਾਰੀ ਗਈ ਮੰਗ ਨੂੰ ਇੱਕ ਵਾਰੀ ਰੌਲੇ-ਰੱਪੇ ਵਿੱਚ ਰੋਲ ਦਿੱਤਾ ਗਿਆ
ਦੁਵੱਲੀ ਗੱਲਬਾਤ ਤੇ ਕਰਤਾਰਪੁਰ ਸਾਹਿਬ ਨੂੰ ਲਾਂਘਾ ਮੋਦੀ ਹਕੂਮਤ ਨੂੰ ਰਾਸ ਨਹੀਂ
ਚਾਹੇ ਕਰਤਾਰਪੁਰ ਸਾਹਿਬ ਨੂੰ ਲਾਂਘਾ ਹਾਸਲ ਕਰਨ ਦੀ ਮੰਗ ਨੂੰ ਸਾਰਥਿਕ ਹੁੰਗਾਰਾ ਦੇਣ ਦਾ ਸੁਆਲ ਹੈ, ਚਾਹੇ ਦੋਵਾਂ ਦੇਸ਼ਾਂ ਹਰਮਿਆਨ ਦੁਵੱਲੀ ਗੱਲਬਾਤ ਪ੍ਰਤੀ ਹਾਂਦਰੂ ਰੁਖ਼ ਅਖਤਿਆਰ ਕਰਨ ਦਾ ਸੁਆਲ ਹੈ- ਇਹਨਾਂ ਦੋਵਾਂ ਸੁਆਲਾਂ ਪ੍ਰਤੀ ਹਾਂ-ਪੱਖੀ ਅਤੇ ਉਸਾਰੂ ਰਵੱਈਆ ਮੋਦੀ ਹਕੂਮਤ ਦੀਆਂ ਪਿਛਾਖੜੀ ਅਤੇ ਫਿਰਕੂ-ਫਾਸ਼ੀ ਸਿਆਸੀ ਗਿਣਤੀਆਂ ਨੂੰ ਰਾਸ ਨਹੀਂ ਬਹਿੰਦਾ
ਪਾਕਿਸਤਾਨ ਨਾਲ ਸਰਹੱਦੀ ਇੱਟ-ਖੜੱਕੇ ਨੂੰ ਭਖਾ-ਮਘਾ ਕੇ ਰੱਖਣਾ ਸੰਘ ਲਾਣੇ ਦੀ ਫਿਰਕੂ-ਫਾਸ਼ੀ ਯੁੱਧਨੀਤੀ ਦੀ ਪ੍ਰਮੁੱਖ ਟੇਕ ਦਾ ਇੱਕ ਅਨਿੱਖੜਵਾਂ ਅੰਗ ਹੈ ਭਾਰਤ ਵਿੱਚ ਹਿੰਦੂਤਵ ਦੀ ਵਿਚਾਰਧਾਰਾ ਦੇ ਪਸਾਰੇ ਲਈ ਜ਼ਰਖੇਜ਼ ਭੋਇੰ ਤਿਆਰ ਕਰਨ ਲਈ ਧਾਰਮਿਕ ਘੱਟ ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਮਾਨ ਭਾਈਚਾਰੇ ਖਿਲਾਫ ਫਿਰਕੂ-ਜਨੂੰਨੀ ਨਫਰਤ ਨੂੰ ਝੋਕਾ ਲਾਉਣਾ ਅਤੇ ਇਉਂ ਹਿੰਦੂ-ਮੁਸਲਿਮ ਪਾਟਕ ਨੂੰ ਵਧਾਉਣਾ ਅਤੇ ਪੱਕਾ ਕਰਨਾ ਸੰਘ ਲਾਣੇ ਦੀ ਪ੍ਰਮੁੱਖ ਧੁੱਸ ਹੈ ਇਸ ਲਈ, ਪਾਕਿਸਤਾਨ 'ਤੇ ਗੋਲਾਬਾਰੀ ਕਰਕੇ ਭਾਰਤੀ ਨਾਗਰਿਕਾਂ ਤੇ ਫੌਜੀਆਂ ਨੂੰ ਮਾਰਨ, ਕਸ਼ਮੀਰ ਵਿੱਚ ਅਖੌਤੀ ਦਹਿਸ਼ਤਗਰਦੀ ਫੈਲਾਉਣ ਅਤੇ ਭਾਰਤ ਅੰਦਰ ਵੱਖ ਵੱਖ ਥਾਵਾਂ 'ਤੇ ਹਮਲੇ ਕਰਵਾਉਣ ਲਈ ਦਹਿਸ਼ਤਗਰਦਾਂ ਨੂੰ ਸਿਖਲਾਈ ਦੇਣ ਦੇ ਦੋਸ਼ ਲਾਉਂਦਿਆਂ, ਪਾਕਿਸਤਾਨ ਖਿਲਾਫ ਧਮਕਾਊ ਬਿਆਨਬਾਜ਼ੀ ਨੂੰ ਜਾਰੀ ਰੱਖਿਆ ਜਾਂਦਾ ਹੈ ਅਤੇ ਵਾਰ ਵਾਰ ਮੋੜਵੀਂ ਗੋਲਾਬਾਰੀ ਦਾ ਡਰਾਮਾ ਰਚਦਿਆਂ, ਪਾਕਿਸਤਾਨੀ ਫੌਜ ਨੂੰ ਕਰਾਰਾ ਸਬਕ ਸਿਖਾਉਣ ਦੀਆਂ ਸ਼ੇਖੀਆਂ ਮਾਰੀਆਂ ਜਾਂਦੀਆਂ ਹਨ ਪਿਛਲੇ ਸਾਲ ਪਾਕਿਸਤਾਨ ਅੰਦਰ ਮੌਜੂਦ ਅਖੌਤੀ ਦਹਿਸ਼ਤਗਰਦ ਟਿਕਾਣਿਆਂ 'ਤੇ ''ਸਰਜੀਕਲ ਸਟਰਾਇਕ'' ਦਾ ਨਾਟਕ ਰਚਿਆ ਗਿਆ ਅਤੇ ਇਸ ਨੂੰ ਖੂਬ ਧੁਮਾਇਆ ਗਿਆ ਐਤਕੀਂ ਇਸ ਅਖੌਤੀ ਸਰਜੀਕਲ ਸਟਰਾਈਕ ਦੀ ਬਰਸੀ ਮਨਾਉਣ ਦੀ ਡਰਾਮੇਬਾਜ਼ੀ ਵੀ ਕੀਤੀ ਗਈ
ਇਸ ਤਰ੍ਹਾਂ ਮੋਦੀ ਹਕੂਮਤ ਵੱਲੋਂ ਇੱਕ ਹੱਥ- ਪਾਕਿਸਤਾਨ ਨਾਲ ਸਰਹੱਦੀ ਝੜੱਪਾਂ ਨੂੰ ਜਾਰੀ ਰੱਖਦਿਆਂ, ਮੁਲਕ ਅੰਦਰ ਨਕਲੀ ਦੇਸ਼ਭਗਤੀ ਦੇ ਜਨੂੰਨ ਨੂੰ ਹਵਾ ਦਿੱਤੀ ਜਾਂਦੀ ਹੈ ਦੂਜੇ ਹੱਥ- ਕਸ਼ਮੀਰੀ ਖਾੜਕੂਆਂ ਨੂੰ ਪਾਕਿਸਤਾਨ ਵੱਲੋਂ ਪਾਲੇ ਪੋਸੇ ਦਹਿਸ਼ਤਗਰਦਾਂ ਵਜੋਂ ਪੇਸ਼ ਕਰਦਿਆਂ ਅਤੇ ਇਸ ਨੂੰ ਇੱਕ ਇਸਲਾਮਿਕ ਸਟੇਟ ਵੱਲੋਂ ਭਾਰਤ ਖਿਲਾਫ ਹਮਲੇ ਵਜੋਂ ਉਭਾਰਦਿਆਂ, ਮੁਸਲਮਾਨਾਂ ਖਿਲਾਫ ਹਿੰਦੂ ਜਨਤਾ ਵਿੱਚ ਫਿਰਕੂ-ਜਨੂੰਨੀ ਨਫਰਤ ਦਾ ਪਲੀਤਾ ਲਾਇਆ ਜਾਂਦਾ ਹੈ ਇਸ ਤਰ੍ਹਾਂ- ਹਿੰਦੂ-ਮੁਸਲਿਮ ਪਾਟਕ ਅਤੇ ਪਾਲਾਬੰਦੀ ਨੂੰ ਵਧਾਉਂਦਿਆਂ ਅਤੇ ਪੱਕਾ ਕਰਦਿਆਂ, ਹਿੰਦੂਤਵ ਦੀ ਫਿਰਕੂ-ਫਾਸ਼ੀ ਵਿਚਾਰਧਾਰਾ ਅਤੇ ਮੁਲਕ ਨੂੰ ''ਹਿੰਦੂ ਰਾਸ਼ਟਰ/ਕੌਮ'' ਦੀ ''ਮਾਤਰ-ਭੂਮੀ'' ਹੋਣ ਦੇ ਪਿਛਾਖੜੀ ਫਿਰਕੂ ਸੰਕਲਪ ਲਈ ਗ੍ਰਹਿਣਸ਼ੀਲਤਾ ਨੂੰ ਸਾਣ 'ਤੇ ਲਾਇਆ ਜਾਂਦਾ ਹੈ ਇਸ ਪਿਛਾਖੜੀ ਫਿਰਕੂ-ਫਾਸ਼ੀ ਮਕਸਦ ਦੀ ਯੁੱਧਨੀਤੀ ਨੂੰ ਪ੍ਰਣਾਈ ਮੋਦੀ ਜੁੰਡਲੀ ਕੋਲੋਂ ਪਾਕਿਸਤਾਨ ਨਾਲ ਸੁਖਾਵੇ ਸਬੰਧ ਬਣਾਉਣ ਲਈ ਉਸਾਰੂ ਗੱਲਬਾਤ ਅਤੇ ਕਰਤਾਰਪੁਰ ਸਾਹਿਬ ਨੂੰ ਲਾਂਘੇ ਦੀ ਧਾਰਮਿਕ ਮੰਗ ਪ੍ਰਤੀ ਸੰਜੀਦਾ ਅਤੇ ਸੁਹਿਰਦ ਰਵੱਈਏ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ
-

No comments:

Post a Comment