ਮਜ਼ਦੂਰ-ਕਿਸਾਨ ਸੰਘਰਸ਼ ਕਮੇਟੀ ਵੱਲੋਂ
ਰੇਲ ਰੋਕੋ ਅੰਦੋਲਨ
18 ਅਕਤੂਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਇਹ ਰੇਲ ਰੋਕੋ ਅੰਦੋਲਨ 3 ਘੰਟੇ ਦਾ ਐਲਾਨ ਕਰਕੇ ਸਫਲਤਾ ਨਾਲ ਪੂਰਾ ਕੀਤਾ। ਫਿਰੋਜ਼ਪੁਰ, ਝੋਕ ਟੇਕ ਸਿੰਘ ਸਟੇਸ਼ਨ ਤੇ ਮਾਰੂ, ਬੂਟੇਵਾਲਾ ਫਾਟਕ, ਲੋਹੀਆਂ (ਜਲੰਧਰ), ਪੱਟੀ, ਤਰਨਤਾਰਨ, ਬਟਾਲਾ, ਗੁਰਦਾਸਪੁਰ, ਰੋਪੜ ਅਤੇ ਲੁਧਿਆਣਾ ਐਸ.ਡੀ.ਐਮ. ਦਫਤਰ ਅੱਗੇ ਧਰਨੇ ਲੱਗੇ। ਇਸ ਸਮੇਂ ਬਟਾਲਾ ਸਟੇਸ਼ਨ 'ਤੇ ਰੇਲ ਪਹੀਆ ਜਾਮ ਕੀਤਾ। ਗੰਨੇ ਦੇ ਬਕਾਏ ਨੂੰ ਲੈ ਕੇ ਚਾਰ ਘੰਟੇ ਤੱਕ ਰੇਲਾਂ ਰੋਕੀਆਂ ਗਈਆਂ। ਇਸ ਵਿੱਚ ਐਸ.ਡੀ.ਐਮ. ਬਟਾਲਾ, ਐਸ.ਐਸ.ਪੀ. ਬਟਾਲਾ, ਐਸ.ਐਸ.ਪੀ. ਅੰਮ੍ਰਿਤਸਰ ਐਸ.ਐਸ.ਪੀ. ਤਰਨਤਾਰਨ ਨੇ ਫੋਨ 'ਤੇ ਸਾਡੇ ਨਾਲ ਸੰਪਰਕ ਕੀਤਾ। ਡੀ.ਸੀ. ਗੁਰਦਾਸਪੁਰ ਤੇ ਤਿੰਨਾਂ ਹੀ ਖੰਡ ਮਿੱਲਾਂ ਦੇ ਜੀ.ਐਮ. (ਜਨਰਲ ਮੈਨੇਜਰ) ਗੱਲਬਾਤ ਲਈ ਆਏ।
ਤਕਰੀਬਨ 6 ਦੌਰ 'ਚ ਗੱਲਬਾਤ ਚੱਲੀ ਤੇ ਲਿਖਤੀ ਸਮਝੌਤਾ ਹੋਇਆ ਕਿ 10 ਕਰੋੜ ਮੌਕੇ ਕੇ ਜਾਰੀ ਕਰਵਾਏ, ਕੀੜੀ ਖੰਡ ਮਿੱਲ ਦੇ ਬਾਕੀ 21 ਕਰੋੜ 31 ਅਕਤੂਬਰ ਤੱਕ ਅਤੇ ਸਾਰੇ 15 ਨਵੰਬਰ ਤੱਕ ਦਿੱਤੇ ਜਾਣਗੇ। ਇਸ ਤਰ੍ਹਾਂ ਹੀ ਸਹਿਕਾਰੀ ਮਿੱਲਾਂ ਦਾ 50 ਫੀਸਦੀ ਬਕਾਇਆ 31 ਅਕਤੂਬਰ ਤੱਕ ਤੇ ਬਾਕੀ 15 ਨਵੰਬਰ ਤੱਕ ਪੂਰੀ ਪੇਮੈਂਟ ਕਰ ਦਿੱਤੀ ਜਾਵੇਗੀ। ਇਸ ਤਰ੍ਹਾਂ ਪੂਰੇ ਪੰਜਾਬ ਵਿੱਚ ਗੰਨੇ ਦਾ ਬਕਾਇਆ ਦਿੱਤਾ ਜਾਵੇਗਾ।
ਬਟਾਲਾ ਰੇਲਵੇ ਸਟੇਸ਼ਨ 'ਤੇ ਲੱਗਾ ਧਰਨਾ ਗਿਣਤੀ ਪੱਖੋਂ ਸਫਲ ਰਿਹਾ। ਲੰਗਰ ਦਾ ਪ੍ਰਬੰਧ ਵੀ ਸਫਲ ਰਿਹਾ। ਸਥਾਨਕ ਲੋਕਾਂ ਨੇ ਆਪ ਚਾਹ ਤੇ ਰਸ ਦਾ ਲੰਗਰ ਕਿਸਾਨਾਂ-ਮਜ਼ਦੂਰਾਂ ਲਈ ਕੀਤਾ। ਰਾਤ ਨੂੰ ਸਵਾਰੀਆਂ ਨੂੰ ਠੰਢ ਤੋਂ ਬਚਾਉਣ ਲਈ ਕੰਬਲ ਤੇ ਖੇਸ ਵੀ ਦਿੱਤੇ।
ਮੁੱਖ ਮੰਗਾਂ- ਗੰਨੇ ਦਾ ਬਾਕਾਇਆ ਜਾਰੀ ਕਰਨਾ, 90 ਲੱਖ ਟਨ ਉਤਪਾਦਨ ਦੇ ਅਨੁਸਾਰ ਨਵੀਆਂ ਖੰਡ ਮਿੱਲਾਂ ਲਾਉਣਾ ਜਾਂ ਪਹਿਲੀਆਂ ਖੰਡ ਮਿੱਲਾਂ ਦੀ ਸਮਰੱਥਾ ਵਧਾਉਣੀ, ਗੰਨੇ ਦਾ ਬਾਂਡ ਕਰਨਾ ਆਦਿ। ਖੇਤੀ ਮੰਡੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਵਿਰੋਧ, ਝੋਨੇ ਦੀ ਖਰੀਦ ਵਿੱਚ ਛੋਟ ਲੈਣਾ ਜਿਵੇਂ ਬਦਰੰਗ, ਟੁੱਟ ਤੇ 25 ਫੀਸਦੀ ਤੱਕ ਨਮੀਂ ਵਿੱਚ ਛੋਟ ਦੇਣਾ, ਜੇ ਫਾਰਮ ਮੌਕੇ ਤੇ ਦੇਣਾ, ਤੁਲਾਈ ਕੰਪਿਊਟਰ ਕੰਡਿਆਂ ਤੋਂ ਕਰਵਾਉਣੀ, ਵੱਧ ਤੋਲਣ ਵਾਲੇ ਆੜ੍ਹਤੀਆਂ ਦੇ ਲਸੰਸ ਰੱਦ ਕਰਨਾ। ਪਰਾਲੀ ਦਾ ਹੱਲ ਕਰਵਾਉਣਾ ਜੀ.ਐਸ.ਟੀ. ਦੀਆਂ ਹਿਦਾਇਤਾਂ ਲਾਗੂ ਕਰਨਾ ਆਦਿ। ਕਰਜ਼ਾ ਮੁਆਫੀ ਤੇ ਫਸਲਾਂ ਦੇ ਪੂਰੇ ਭਾਅ ਲਾਗੂ ਕਰਨੇ।
-ਗੁਰੂ ਹਰਸਹਾਏ ਵਿੱਚ ਥਾਣੇ ਅੱਗੇ ਧਰਨਾ ਲੱਗਾ, ਲੋਪੋ ਵਿੱਚ ਲੰਮਾ ਧਰਨਾ ਥਾਣੇ ਅੱਗੇ ਚੱਲਿਆ, ਸਥਾਨਕ ਮਸਲਿਆਂ ਨੂੰ ਲੈ ਕੇ।
-ਇਹ ਰੇਲ ਰੋਕੋ ਅੰਦੋਲਨ ਪ੍ਰਚਾਰ, ਪ੍ਰਸਾਰ ਪੱਖੋਂ ਸਫਲ ਰਿਹਾ। ਗੰਨੇ ਦਾ ਮਸਲਾ ਦੇਸ਼-ਪੱਧਰ 'ਤੇ ਉਭਾਰਿਆ ਗਿਆ। ਇਹ ਰੇਲ ਰੋਕੋ ਅੰਦੋਲਨ ਜਥੇਬੰਦੀ ਨੇ ਸਫਲਤਾਪੂਰਵਕ ਕੀਤਾ ਅਤੇ ਮੰਗਾਂ ਤਾਕਤ ਦੇ ਜ਼ੋਰ ਮੰਨਵਾਈਆਂ।
-ਪਰਾਲੀ ਨੂੰ ਅੱਗ ਲਗਾਉਣਾ। 100 ਥਾਵਾਂ 'ਤੇ ਐਕਸ਼ਨ ਹੋਏ। ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ ਆਦਿ, ਝਬਾਲ, ਤਰਨਤਾਰਨ ਵਿੱਚ ਸੜਕਾਂ 'ਤੇ ਪਰਾਲੀ ਦੇ ਢੇਰ ਲਾ ਕੇ ਅੱਗ ਲਾਈ। ਤਰਨਤਾਰਨ, ਪਰਾਲੀ ਨੂੰ ਅੱਗ ਲਾਈ ਗਈ। ਐਸ.ਐਚ.ਓ. ਪਹੁੰਚਿਆ ਤਾਂ ਘੇਰਾਓ ਹੋਇਆ। ਐਸ.ਐਚ.ਓ. ਨੇ ਗਲਤੀ ਮੰਨ ਕੇ ਜਾਨ ਛੁਡਾਈ। ਤਲਵੰਡ ਚੌਧਰੀਆਂ ਕਪੂਰਥਲਾ, ਪੂਰਾ ਅਮਲਾ-ਫੈਲਾ ਆਇਆ- ਕਿਸਾਨਾਂ ਦੇ ਵਿਰੋਧ ਕਾਰਨ ਬਦਰੰਗ ਵਾਪਸ ਹੋਈ।
ਗਰੀਬ ਅਤੇ ਛੋਟੇ ਕਿਸਾਨਾਂ ਦਾ ਪਰਾਲੀ ਨੂੰ ਸਾੜਨਾ ਮਜਬੂਰੀ ਹੈ, ਨਾ ਕਿ ਸ਼ੌਕ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਜਿਲ੍ਹਾ ਬਠਿੰਡਾ ਦੀ ਅਗਵਾਈ 'ਚ ਵੱਖ-2 ਪਿੰਡਾਂ ਅੰਦਰ ਯੂਨੀਅਨ ਦੀਆਂ ਕਮੇਟੀਆਂ ਬਣਾ ਕੇ ਪਰਾਲੀ ਸਾੜਨ ਦਾ ਮੁਹਿੰਮ ਚੱਲ ਰਹੀ ਹੈ। ਪਿੰਡ ਮਹਿਰਾਜ ਅੰਦਰ ਕਰਮਚੰਦ, ਸੰਦਲੀ, ਸੌਲ ਅਤੇ ਕਾਲਾ ਪੱਤੀਆਂ ਅੰਦਰ ਯੂਨਂਅਨ ਦੀਆਂ ਕਮੇਟੀਆਂ ਕਾਇਮ ਕੀਤੀਆਂ ਗਈਆਂ। ਢਪਾਲੀ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਇਕੱਠੇ ਹੋ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ 'ਚ ਪਰਾਲੀ ਨੂੰ ਅੱਗ ਲਾਈ। ਫੂਲ ਵਿੱਚ ਵੀ ਪੱਤੀ ਵਾਈਜ ਕਮੇਟੀਆਂ ਬਣਾ ਕੇ 21 ਅਕਤੂਬਰ ਨੂੰ ਪਰਾਲੀ ਸਾੜੀ ਗਈ।
ਕਮੇਟੀਆਂ ਦੀ ਸਥਾਪਤੀ ਤੋਂ ਪਹਿਲਾਂ ਪਿੰਡਾਂ ਅੰਦਰ ਰੈਲੀਆਂ ਕੀਤੀਆਂ ਗਈਆਂ। ਜਿਨ੍ਹਾ 'ਚ ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਕਿਸਾਨਾਂ ਦਾ ਪਰਾਲੀ ਨੂੰ ਸਾੜਨਾਂ ਕੋਈ ਸ਼ੌਕ ਨਹੀਂ ਇਹ ਉਨ੍ਹਾਂ ਦੀ ਮਜਬੂਰੀ ਹੈ। ਵੱਡੀ ਪੱਧਰ 'ਤੇ ਆਰਥਿਕ ਤੌਰ 'ਤੇ ਸਾਹ ਵਰੋਲ ਰਹੇ ਗਰੀਬ ਅਤੇ ਛੋਟੇ ਕਿਸਾਨਾਂ ਕੋਲ ਪਰਾਲੀ ਨੂੰ ਨਸ਼ਟ ਕਰਨਾਂ ਮਹਿੰਗਾ ਪੈਂਦਾ ਹੈ। ਕੋਆਪਰੇਟਿਵ ਸੁਸਾਇਟੀਆਂ 'ਚ ਆਈ ਮਸ਼ੀਨਰੀ ਵੀ ਕੁਝ ਕੁ ਮੁੱਠੀ ਭਰ ਲੋਕਾਂ ਦਾ ਸੰਦ ਬਣ ਗਈ ਹੈ। ਸਰਕਾਰ ਪਰਾਲੀ ਸਾਂਭਣ ਲਈ 200 ਰੁਪਏ ਪ੍ਰਤੀ ਕੁਇੰਟਲ ਦੇ ਨਹੀਂ ਰਹੀ। ਝੋਨੇ ਦਾ ਝਾੜ ਘਟਣ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਹੋਰ ਵੀ ਮੰਦਾ ਕੀਤਾ ਹੈ। ਕਿਸਾਨਾਂ ਦੀਆਂ ਇਨ੍ਹਾਂ ਪਰਤਾਂ ਦੀ ਮਜਬੂਰੀ ਹੈ ਕਿ ਉਹ ਇਸ ਦੇ ਦੁਰਪ੍ਰਭਾਵ ਝੱਲਣ ਦੇ ਬਾਵਜੂਦ ਅਜਿਹਾ ਕਦਮ ਉਠਾਉਣ। ਕੁਝ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਰੱਖੀ ਦਲੀਲ, ''ਕਿ ਕਿਸਾਨਾਂ ਨੂੰ ਕਿਲੇ ਮੁਤਾਬਿਕ ਮੁਆਵਜਾ ਦਿੱਤਾ ਜਾਵੇ'' ਦਾ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂਆਂ ਨੇ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਤਾਂ ਜਮੀਨ ਮਾਲਕ ਨੂੰ ਹੀ ਫਾਇਦਾ ਹੋਵੇਗਾ। ਜਿਸ ਨੇ ਜਮੀਨ ਠੇਕੇ ਵਗੈਰਾ 'ਤੇ ਲੈ ਕੇ ਖੇਤੀ ਕੀਤੀ ਹੈ। ਉਸ ਨੂੰ ਨੁਕਸਾਨ ਹੋਵੇਗਾ।
ਇਨ੍ਹਾ ਪਰਾਲੀ ਸਾੜ ਮੁਹਿੰਮਾਂ ਅਤੇ ਕਮੇਟੀਆਂ ਬਨਾਉਣ ਦੀ ਮੁਹਿੰਮ ਨੂੰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਬਲਾਕ ਫੂਲ ਦੇ ਪ੍ਰਧਾਨ ਬਲਵਿੰਦਰ ਸਿੰਘ ਫੂਲ, ਗੁਰਪ੍ਰੀਤ ਸਿੰਘ ਭਗਤਾ ਭਾਈ, ਜਿਲ੍ਹਾ ਬਠਿੰਡਾ ਦੇ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਸੂਬਾ ਖਜਾਨਚੀ ਸੁਰਮੁੱਖ ਸਿੰਘ ਸੇਲਬਰਾਹ, ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਸੰਬੋਧਨ ਕੀਤਾ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਡੀਪੂ ਦੀ ਕਣਕ ਚੋਰੀ ਖਿਲਾਫ ਸੰਘਰਸ਼
ਰਾਮਪੁਰਾਫੂਲ: ਇਸ ਇਲਾਕੇ ਦੇ ਪਿੰਡ ਰਾਮਪੁਰਾ ਵਿੱਚ ਇੱਕ ਡੀਪੂ ਹੋਲਡਰ ਨੂੰ ਮਜ਼ਦੂਰਾਂ ਨੇ ਰੰਗੇ ਹੱਥੀ ਡੀਪੂ ਦੀ ਕਣਕ ਵੇਚਦੇ ਫੜ੍ਹ ਲਿਆ। 42 ਗੱਟੇ ਕਣਕ ਇੱਕ ਫੀਡ ਫੈਕਟਰੀ ਵਿੱਚ ਉਤਾਰੀ ਜਾ ਰਹੀ ਸੀ। ਇਸ ਸਮੇਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਮਜ਼ਦੂਰ ਮੁਕਤੀ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਮਜ਼ਦੂਰਾਂ ਨੇ ਇਸ ਫੈਕਟਰੀ ਦਾ ਘਿਰਾਓ ਕਰ ਲਿਆ। ਮੌਕੇ 'ਤੇ ਪੁਲਿਸ ਸਿਟੀ ਰਾਮਪੁਰਾ ਨੇ ਮੁਕਦਮਾ ਦਰਜ ਲਿਆ।
ਕਈ ਦਿਨ ਬੀਤਣ ਦੇ ਬਾਵਜੂਦ ਜਦ ਪੁਲਿਸ ਨੇ ਇਨ੍ਹਾਂ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਅਤੇ ਨਾ ਹੀ ਡੀਪੂ ਦੇ ਵਰੰਟ ਲੈ ਕੇ ਤਲਾਸ਼ੀ ਲਈ ਅਤੇ ਨਾ ਹੀ ਕਿਸੇ ਕਿਸਮ ਦਾ ਰਿਕਾਰਡ ਜਬਤ ਕੀਤਾ। ਇਸ 'ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਰਾਮਪੁਰਾ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਲਗਭਗ 300 ਮਜ਼ਦੂਰਾਂ-ਕਿਸਾਨਾਂ ਨੇ ਬਠਿੰਡਾ-ਬਰਨਾਲਾ ਰੋਡ ਜਾਮ ਕਰ ਦਿਤੀ। ਇਸ ਤੋਂ ਪਹਿਲਾਂ ਥਾਣੇ ਦਾ ਘਿਰਾਓ ਕੀਤਾ ਗਿਆ। ਥਾਣਾ ਸਿਟੀ ਰਾਮਪੁਰਾ ਦੀ ਐੱਸ.ਐੱਚ.ਓ. ਨੇ ਵਿਸ਼ਵਾਸ਼ ਦਵਾਇਆ ਕਿ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਡੀਪੂ ਦਾ ਰਿਕਾਰਡ ਕਬਜੇ ਵਿੱਚ ਲੈ ਲਿਆ ਜਾਵੇਗਾ। ਐੱੱਸ.ਐੱਚ.ਓ. ਦੇ ਵਿਸ਼ਵਾਸ਼ ਤੋਂ ਬਾਅਦ ਜਾਮ ਖੋਲ੍ਹਿਆ ਗਿਆ। ਪੁਲਿਸ ਦੀ ਇਸ ਨਿਕੰਮੀ ਕਾਰਵਾਈ ਕਰਕੇ ਦੋਸ਼ੀ ਅਦਾਲਤ ਵਿੱਚੋਂ ਇੱਕ ਵਾਰੀ ਗ੍ਰਿਫਤਾਰੀ ਰੁਕਵਾਉਣ ਵਿੱਚ ਸਫਲ ਹੋ ਨਿੱਬੜੇ ਹਨ। ਇਸ ਸੰਘਰਸ਼ ਵਿੱਚ ਸੁਖਵਿੰਦਰ ਕੌਰ, ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਿਤਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਰਾਮਪੁਰਾ ਦੇ ਮਾਸਟਰ ਸੁਖਦੇਵ ਸਿੰਘ ਜਵੰਧਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਗੁਰਦੀਪ ਸਿੰਘ ਅਤੇ ਇਨਕਲਾਬੀ ਕੇਂਦਰ ਦੇ ਹਰਮੇਸ਼ ਕੁਮਾਰ, ਕਾ.ਮੁਨਸ਼ੀ ਰਾਮ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਅਤੇ ਸੂਬਾ ਖਜਾਨਚੀ ਸੁਰਮੁਖ ਸਿੰਘ ਸੇਲਬਰਾਹ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਤਾਜਾ ਜਾਣਕਾਰੀ ਅਨੁਸਾਰ ਫੂਡ ਸਪਲਾਈ ਮਹਿਕਮੇਂ ਦੀ ਰਿਪੋਰਟ ਮੁਤਾਬਿਕ ਡੀਪੂ ਹੋਲਡਰ ਨੇ 1400 ਗੱਟਿਆਂ 1399 ਗੱਟੇ ਵੰਡ ਦਿੱਤੀ ਸੀ। ਪ੍ਰੰਤੂ ਜਦੋਂ ਹੁਣ ਡੀਪੂ ਦਾ ਜਿੰਦਰਾ ਖੋਹਲਿਆ ਗਿਆ ਤਾਂ 90 ਗੱਟੇ ਹੋਰ ਡੀਪੂ ਦੀ ਕਣਕ ਬਰਾਮਦ ਹੋਈ ਹੈ। ਇਸ ਤਰਾਂ ਇਹ ਸਾਹਮਣੇ ਆਏ ਘਪਲੇ ਨਾਲੋਂ ਕਿਤੇ ਵੱਡਾ ਹੈ। ਇਸ ਦਾ ਖੁਲਾਸਾ ਉਸ ਟੈਂਪੂ ਚਾਲਕ ਨੇ ਵੀ ਕੀਤਾ ਹੈ ਜਿਸ ਦੇ ਟੈਂਪੂ 'ਤੇ ਕਣਕ ਫੈਕਟਰੀ ਵਿੱਚ ਲਿਜਾਈ ਗਈ।
ਪਿੰਡ ਰਾਮਪੁਰਾ ਅੰਦਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਇਕਾਈ ਕਾਇਮ ਕੀਤੀ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਪਿੰਡ ਰਾਮਪੁਰਾ ਅੰਦਰ ਮਜ਼ਦੂਰਾਂ ਦੇ ਵੱਖ-2 ਮਸਲਿਆਂ ਨੂੰ ਲੈ ਕੇ ਲਗਾਤਾਰ ਸਰਗਰਮੀ ਚੱਲ ਰਹੀ ਹੈ। ਚਾਹੇ ਪਿੰਡ ਅੰਦਰ ਮਜ਼ਦੂਰਾਂ ਦੇ ਰੋਜਾਨਾਂ ਦੇ ਮਸਲੇ ਹੋਣ ਜਾਂ ਸੜਕ ਹਾਦਸੇ ਵਿੱਚ ਮਾਰੇ ਮਜ਼ਦੂਰਾਂ ਨੂੰ ਮੁਆਵਜੇ ਦਾ ਮਸਲਾ ਹੋਵੇ ਜਾਂ ਫਿਰ ਰਾਸ਼ਨ ਕਾਰਡਾਂ ਦਾ ਸਰਵੇ ਕਰਾ ਕੇ ਕੱਟੇ ਕਾਰਡ ਦੁਬਾਰਾ ਬਨਾਉਣ ਦਾ ਮਾਮਲਾ ਹੋਵੇ, ਯੂਨੀਅਨ ਐੱਸ.ਡੀ.ਐੱਮ ਫੂਲ ਅਤੇ ਜਿਲ੍ਹਾ ਖੁਰਾਕ ਅਧਿਕਾਰੀਆਂ ਦੇ ਧਰਨੇ ਵੀ ਦੇ ਚੁੱਕੀ ਹੈ ਇਸੇ 'ਚੋਂ ਪਿੰਡ ਰਾਮਪੁਰਾ ਅੰਦਰ ਦੁਬਾਰਾ ਸਰਵੇ ਹੋਇਆ। ਇਸ ਤਰਾਂ ਮਜ਼ਦੂਰਾਂ ਦੇ ਨੀਲੇ ਰਾਸ਼ਨ ਕਾਰਡ ਕੱਟਣ ਖਿਲਾਫ ਪਿੰਡ ਰਾਮਪੁਰਾ ਅੰਦਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਲਗਭਗ ਪਿਛਲੇ ਛੇ ਮਹੀਨੇ ਤੋਂ ਸਰਗਰਮੀ ਚੱਲ ਰਹੀ ਹੈ। ਵੱਖ-2 ਅਧਿਕਾਰੀਆਂ ਦੇ ਦੱਸਣ ਮੁਤਾਬਿਕ ਚੰਡੀਗੜ੍ਹ 'ਚੋਂ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਮਹਿਕਮੇਂ ਵੱਲੋਂ ਲਗਾਤਾਰ ਮਜ਼ਦੂਰਾਂ ਦੀ ਖੱਜਲ ਖੁਆਰੀ ਕੀਤੀ ਜਾ ਰਹੀ ਹੈ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਜਿੰਨਾ ਚਿਰ ਚੰਡੀਗੜ੍ਹ ਵਾਲੀ ਸਮੱਸਿਆ ਹੱਲ ਨਹੀਂ ਉਨੇ ਸਮੇਂ ਤੱਕ ਜਿਨ੍ਹਾਂ ਦੀ ਕਣਕ ਰੋਕੀ ਗਈ ਹੈ ਉਨ੍ਹਾਂ ਨੂੰ ਦਿੱਤੀ ਜਾਵੇ। ਚੰਡੀਗੜ੍ਹ ਫੂਡ ਸਪਲਾਈ ਮਹਿਕਮੇਂ ਦੇ ਅਧਿਕਾਰੀਆਂ ਦੀ ਨੀਂਦ ਖੋਹਲਣ ਲਈ ਯੂਨੀਅਨ ਵੱਲੋਂ ਉਨ੍ਹਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ।
ਪਿੰਡ ਅੰਦਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ 20 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਨ੍ਹਾਂ ਵਿੱਚ ਮੁੱਖ ਅਹੁਦੇਦਾਰ ਪ੍ਰਧਾਨ ਬੱਗਾ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ, ਸਕੱਤਰ ਰੂਪ ਸਿੰਘ, ਸਹਾਇਕ ਸਕੱਤਰ ਬਲਵੀਰ ਸਿੰਘ, ਪ੍ਰਚਾਰ ਸਕੱਤਰ ਜਸਪਾਲ ਸਿੰਘ, ਖਜਾਨਚੀ ਹਰਨੇਕ ਸਿੰਘ ਚੁਣੇ ਗਏ। ਇਹ ਕਮੇਟੀ ਹਰਦੇਵ ਸਿੰਘ ਦੀ ਸਰਪ੍ਰਸਤੀ 'ਚ ਕੰਮ ਕਰੇਗੀ।
ਬੁੱਧੀਜੀਵੀਆਂ ਦੀ ਰਿਹਾਈ ਲਈ ਮੋਹਾਲੀ-ਚੰਡੀਗੜ੍ਹ ਦੀਆਂ ਸੜਕਾਂ 'ਤੇ ਉਤਰੇ ਲੋਕ
13 ਸਤੰਬਰ ਨੂੰ ਮਨੁੱਖੀ ਹੱਕਾਂ ਬਾਰੇ ਪੰਜ ਕਾਰਕੁਨਾਂ ਐਡਵੋਕੇਟ ਸੁਧਾ ਭਾਰਦਵਾਜ, ਗੌਤਮ ਨਵਲੱਖਾ, ਪ੍ਰੋ. ਵਰਵਰਾ ਰਾਓ, ਅਰੁਣ ਫਰੇਰਾ ਤੇ ਵਰਨੋਨ ਗੋਂਜ਼ਾਲਵਿਸ ਦੀ ਰਿਹਾਈ ਲਈ ਪੰਜਾਬ ਦੀਆਂ 40 ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦੇ ਮੋਹਾਲੀ-ਚੰਡੀਗੜ੍ਹ ਦੀਆਂ ਸੜਕਾਂ 'ਤੇ ਉਤਰ ਆਏ ਹਨ। ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਨੇ ਫੇਜ਼-8 ਸਥਿਤ ਦਸਹਿਰਾ ਗਰਾਊਂਡ ਵਿੱਚ ਰੋਸ ਮੁਜ਼ਾਹਰਾ ਕੀਤਾ।
ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਜਮਹੂਰੀਅਤ ਪਸੰਦ ਲੋਕ ਫਾਸ਼ੀਵਾਦੀ ਹੁਕਮਰਾਨਾਂ ਨੂੰ ਜਮਹੂਰੀ ਬੁੱਧੀਜੀਵੀਆਂ ਅਤੇ ਕਾਰਕੁਨਾਂ ਨੂੰ ਬੇਬੁਨਿਆਦ ਦੋਸ਼ ਲਾ ਕੇ ਜੇਲ੍ਹਾਂ ਵਿੱਚ ਸਾੜਨ ਦੀ ਇਜਾਜ਼ਤ ਨਹੀਂ ਦੇਣਗੇ ਅਤੇ ਜਮਹੂਰੀ ਹੱਕਾਂ ਦਾ ਘਾਣ ਰੋਕਣ ਲਈ ਲੋਕ ਸੰਘਰਸ਼ਾਂ ਨੂੰ ਤੇਜ਼ ਕਰਕੇ ਪਿੰਡ ਪੱਧਰ 'ਤੇ ਲੋਕ ਲਹਿਰ ਪੈਦਾ ਕੀਤੀ ਜਾਵੇਗੀ। ਸ਼ਹੀਦ ਜਤਿੰਦਰਨਾਥ ਦਾਸ, ਜਿਨ੍ਹਾਂ ਨੇ ਬਰਤਾਨਵੀ ਜੇਲ੍ਹ ਪ੍ਰਬੰਧ ਵਿਰੁੱਧ 63 ਦਿਨ ਲੰਮੀ ਭੁੱਖ ਹੜਤਾਲ ਕਰਕੇ ਸਿਆਸੀ ਕੈਦੀਆਂ ਦੇ ਹੱਕਾਂ ਲਈ ਸ਼ਹਾਦਤ ਦਿੱਤੀ ਸੀ, ਦੇ ਸ਼ਹਾਦਤ ਦਿਵਸ 'ਤੇ ਕੀਤੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਚਾਰ ਸਾਲ ਪਹਿਲਾਂ 'ਸਭ ਕਾ ਸਾਥ, ਸਭ ਕਾ ਵਿਕਾਸ' ਦੇ ਨਾਅਰੇ ਨਾਲ ਸੱਤਾ ਵਿੱਚ ਆਈ ਭਾਜਪਾ ਵੱਲੋਂ ਫਾਸ਼ੀਵਾਦੀ ਤਰੀਕੇ ਨਾਲ ਆਪਣੀਆਂ ਕਾਰਪੋਰੇਟ ਸਰਮਾਏਦਾਰੀ ਪੱਖੀ ਨੀਤੀਆਂ ਅਤੇ ਹਿੰਦੂਤਵ ਦਾ ਫਿਰਕੂ ਏਜੰਡਾ ਦੇਸ਼ ਦੇ ਲੋਕਾਂ ਉੱਤੇ ਜਬਰੀ ਥੋਪਣ ਵਿਰੁੱਧ ਦੱਬੇ-ਕੁਚਲੇ ਤੇ ਕਿਰਤੀ ਲੋਕ ਸੰਘਰਸ਼ ਦੇ ਰਾਹ ਪੈ ਗਏ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਦਾਭੋਲਕਰ ਤੇ ਗੌਰੀ ਲੰਕੇਸ਼ ਸਮੇਤ ਉੱਘੇ ਵਿਦਵਾਨਾਂ ਅਤੇ ਪੱਤਰਕਾਰਾਂ ਦੀ ਹੱਤਿਆਵਾਂ ਦੇ ਮਾਮਲਿਆਂ ਵਿੱਚ ਆਰ.ਐੱਸ.ਐੱਸ. ਦੀ ਸਨਾਤਨ ਸੰਸਥਾ ਦਾ ਹੱਥ ਸਪੱਸ਼ਟ ਸਾਹਮਣੇ ਆਉਣ ਨਾਲ ਖ਼ਤਰਨਾਕ ਹਿੰਦੂਤਵੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਲੋਕਾਂ ਦੇ ਵਿਆਪਕ ਗੁੱਸੇ ਅਤੇ ਰੋਹ ਨੂੰ ਲੀਹੋਂ ਲਾਹੁਣ, ਅਸਲ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਸੁਰੱਖਿਆ ਪੈਦਾ ਕੀਤੀ ਜਾ ਰਹੀ ਹੈ। ਇਸ ਰੋਸ ਵਿਖਾਵੇ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੀ.ਐੱਸ.ਯੂ., ਟੀ.ਐੱਸ.ਯੂ. ਸੀਟੂ, ਜਮਹੂਰੀ ਅਧਿਕਾਰ ਸਭਾ ਪੰਜਾਬ, ਪਲਸ ਮੰਚ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਟੈਕਸਟਾਈਲ ਹੌਜ਼ਰੀ ਕਾਮਗਰ ਯੂਨੀਅਨ, ਨੌਜਵਾਨ ਭਾਰਤ ਸਭਾ, ਨੌਜਵਾਨ ਭਾਰਤ ਸਭਾ (ਅਸ਼ਵਨੀ ਘੁੱਦਾ), ਪੰਜਾਬ ਰੋਡਵੇਜ਼ ਐਂਪਲਾਈਜ਼ ਯੂਨੀਅਨ (ਆਜ਼ਾਦ), ਟੈਕਨੀਕਲ ਐਂਡ ਮਕੈਨੀਕਲ ਐਂਪਲਾਈਜ਼ ਯੂਨੀਅਨ, ਰੇਲ ਕੋਚ ਫੈਕਟਰੀ ਐਂਪਲਾਈਜ਼ ਯੂਨੀਅਨ, ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟਰ ਯੂਨੀਅਨ, ਡੀ.ਟੀ.ਐੱਫ. ਪੰਜਾਬ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਪੰਜਾਬ, ਆਲ ਇੰਡੀਆ ਕਿਸਾਨ ਸਭਾ ਪੰਜਾਬ, ਪੀ.ਐੱਸ.ਯੂ. (ਲਲਕਾਰ), ਪੰਜਾਬ ਕਿਸਾਨ ਯੂਨੀਅਨ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਨੁਮਾਇੰਦੇ ਸ਼ਾਮਲ ਹੋਏ। 0-0
No comments:
Post a Comment