Monday, 3 September 2018

ਜੇਲ੍ਹ ਡਾਇਰੀ: ਸਤਾਰਾਂ ਸੀ.ਐਲ. (ਮਾਓਵਾਦੀ) -ਬੀ. ਅਨੁਰਾਧਾ

ਜੇਲ੍ਹ ਡਾਇਰੀ:
ਸਤਾਰਾਂ ਸੀ.ਐਲ. (ਮਾਓਵਾਦੀ)
-ਬੀ. ਅਨੁਰਾਧਾ
ਬਾਹਰ  ਦੇ ਸਮਾਜ ਵਿੱਚ ਜਿਹਨਾਂ ਨੇ ਵੀ ਆਪਣੀ ਜਾਣਕਾਰੀ ਦੇਣੀ ਹੋਵੇ ਤਾਂ ਪਹਿਲਾਂ ਉਹ ਨਾਂ ਦੱਸਦੇ ਹਨ, ਪਰ ਜੇਲ੍ਹ ਵਿੱਚ ਸਭ ਤੋਂ ਪਹਿਲਾਂ ਉਹ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਕਿਸ ਕੇਸ ਦੇ ਤਹਿਤ ਜੇਲ੍ਹ ਵਿੱਚ ਆਏ ਹਨ। ਮੇਰੇ ਬਾਰੇ ਜਦੋਂ ਗੱਲ ਹੁੰਦੀ ਸੀ ਤਾਂ ਮੈਂ ਆਪਣੇ ਆਪ ਨੂੰ 'ਮਾਓਵਾਦੀ' ਕਹਿੰਦੀ ਸੀ ਤਾਂ ਕਿ ਉਹਨਾਂ ਨੂੰ ਸੌਖਿਆਂ ਸਮਝ ਆ ਜਾਵੇ, 'ਸਿਆਸੀ ਕੈਦੀ'' ਕਹੀਏ ਤਾਂ ਕਿਸੇ ਨੂੰ ਖਾਸ ਸਮਝ ਨਹੀਂ ਪੈਂਦੀ। ਬਾਅਦ ਵਿੱਚ, ਮੈਂ ਇਸ ਪੱਖ ਤੋਂ ਸੋਚਿਆਂ ਕਿ ਦੂਸਰੇ ਬੰਦੇ ਮੇਰੀ ਪਛਾਣ ਕਿਸੇ ਨੂੰ ਵੀ ''ਸਤਾਰਾਂ ਸੀ.ਐਲ.'' ਕਹਿ ਕੇ ਕਰਵਾਉਂਦੇ ਹਨ। ਇਸ ਬਾਰੇ ਮੈਂ ਕਿਸੇ ਤੋਂ ਪੁੱਛਿਆ ਤਾਂ ਉਹ ਮੇਰੀ ਅਣਜਾਣਤਾ 'ਤੇ ਹੱਸ ਪਈ ਅਤੇ ਬੋਲੀ-
''ਐਨੀ ਪੜ੍ਹੀ-ਲਿਖੀ ਹੋ, ਐਨਾ ਵੀ ਨਹੀਂ ਪਤਾ, ਚੰਗਾ ਮਜ਼ਾਕ ਕਰ ਰਹੀ ਹੋ।''
ਉੱਥੇ ਆਈ ਫੂਲਮਨੀ ਨੇ ਹੀ ਮੇਰੀ ਗੱਲ 'ਤੇ ਵਿਸ਼ਵਾਸ਼ ਕੀਤਾ ਕਿ ਮੈਨੂੰ ਸੱਚਮੁੱਚ ਹੀ ਇਸ ਬਾਰੇ ਨਹੀਂ ਪਤਾ। ਮੈਨੂੰ ਲੱਗਿਆ, ਉਸ ਨੇ ਇਸ ਲਈ ਯਕੀਨ ਕਰ ਲਿਆ ਕਿਉਂਕਿ ਉਹ ਇੱਕ ਆਦਿਵਾਸੀ ਸੀ। ਉਂਝ ਵੀ ਉਹ ਸਾਡੇ ਵਰਗੇ ਬੁੱਧੀਜੀਵੀਆਂ ਨੂੰ ਬੜੇ  'ਅਨਾੜੀ' ਹੀ ਲੱਗਦੇ ਹਨ। ਪਰ ਜੇ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਨੂੰ ਫਲਾਣੇ ਬਾਰੇ ਨਹੀਂ ਪਤਾ ਤਾਂ ਹੈਰਾਨ ਹੋਣ ਦੀ ਬਜਾਏ ਉਸ ਗੱਲ ਦੀ ਜਾਣਕਾਰੀ ਦਿੰਦੇ ਹਨ।
ਫੂਲਮਨੀ ਗੱਲ ਨੂੰ ਬੋਚਦੇ ਹੋਏ ਬੋਲੀ, ''ਹੁਣ ਦੇਖੋ ਜਿਵੇਂ 420 ਧਾਰਾ ਹੈ ਨਾ, ਉਹ 'ਚੀਟਿੰਗ' ਦਾ ਕੇਸ ਹੈ। 'ਚੀਟਿੰਗ' ਦਾ ਮਤਲਬ ਪਤਾ ਹੈ ਨਾ? ਮਤਲਬ ਧੋਖਾ ਦੇਣਾ। ਤਿੰਨ ਸੌ ਦੋ ਦਾ ਮਤਲਬ 'ਮਰਡਰ' (ਕਤਲ) ਉਵੇਂ ਹੀ ਜਿਹੜੇ ਲੋਕ 'ਪਾਰਟੀ ਦੇ ਕੇਸ ਵਿੱਚ ਆਉਂਦੇ ਨੇ ਨਾ, ਉਹ ਅਸੀਂ 'ਸਤਾਰਾਂ ਸੀ.ਐਲ.' ਹਾਂ।
ਸੁਨੀਤਾ ਬੋਲ ਪਈ, ''ਕੀ ਗੱਲ ਕਰਦੀ ਹੈਂ, ਕੀ ਦੀਦੀ ਨੂੰ 'ਚੀਟਿੰਗ' ਦਾ ਮਤਲਬ ਨਹੀਂ ਪਤਾ ਹੋਊ? ਕੀ ਤੂੰ ਹੁਣ ਦੀਦੀ ਨੂੰ ਅੰਗਰੇਜ਼ੀ ਵੀ ਸਿਖਾਏਂਗੀ?'' ਕਹਿ ਕੇ ਜ਼ੋਰ ਨਾਲ ਹੱਸ ਪਈ। ਫੂਲਮਨੀ ਦਾ ਮੂੰਹ ਹੈਰਾਨੀ ਨਾਲ ਟੱਡਿਆ ਹੀ ਰਹਿ ਗਿਆ, ''ਕੀ ਕਹਿ ਰਹੀ ਹੋ? ਇਹ 'ਚੀਟਿੰਗ' ਤਾਂ ਹਿੰਦੀ ਦਾ ਸ਼ਬਦ ਹੈ ਨਾ?''
ਏਹੀ ਨਹੀਂ, ਉਹ ਅਣਜਾਣੇ ਵਿੱਚ ਹੀ ਸਹੀ, ਪਰ ਅੰਗਰੇਜ਼ੀ ਸ਼ਬਦਾਂ ਦੀ ਖੂਬ ਖੁੱਲ੍ਹ ਕੇ ਵਰਤੋਂ ਕਰਦੀ ਸੀ। ਇਸ ਭਰਮ ਵਿੱਚ ਹੀ ਰਹਿੰਦੀ ਸੀ ਕਿ ਉਹ ਹਿੰਦੀ ਦੇ ਹੀ ਸ਼ਬਦ ਹਨ! ਉਸਦੀ ਮਾਂ-ਬੋਲੀ ਮੁੰਡਾਰੀ ਸੀ। ਕੁੱਝ ਸਮੇਂ ਬਾਅਦ ਮੈਨੂੰ ਪਤਾ ਲੱਗਿਆ ਕਿ ਇਹ '17 ਸੀ.ਐਲ.ਏ.' (ਕਰਿਮੀਨਲ ਅਮੈਂਡਮੈਂਟ ਐਕਟ) ਹੈ। ਝਾਰਖੰਡ ਵਿੱਚ ਮਾਓਵਾਦੀਆਂ ਨੂੰ ਇਸੇ ਧਾਰਾ ਤਹਿਤ ਗ੍ਰਿਫਤਾਰ ਕੀਤਾ ਜਾਂਦਾ ਹੈ। ਉਸ ਨੇ 'ਅਸੀਂ ਲੋਕ' ਕਿਹਾ ਸੀ, ਗਲਤੀ ਨਾਲ ਕਿਹਾ ਸੀ, ਜਾਂ ਫੇਰ ਇਹ ਵੀ.....? ਮੈਨੂੰ ਸ਼ੱਕ ਹੋਇਆ, ਤਾਂ ਮੈਂ ਉਸਦੇ ਕੇਸ ਬਾਰੇ ਜਾਣਨ ਲਈ ਉਸ ਨਾਲ ਗੱਲਬਾਤ ਕੀਤੀ।
'ਮੇਰਾ ਕੇਸ ਵੀ ਓਹੀ ਹੈ ਦੀਦੀ।'
ਕੋਲ ਹੀ ਖੜ੍ਹੀ ਸਰਿਤਾ ਖੀ-ਖੀ ਕਰਕੇ ਹੱਸਦੀ ਹੋਈ ਬੋਲੀ, ''ਨਹੀਂ, ਦੀਦੀ, ਇਸਦਾ ਤਾਂ 'ਬੱਕਰੀ ਕੇਸ' ਹੈ।''
ਫੂਲਮਨੀ ਦਾ ਚੇਹਰਾ ਇੱਕਦਮ ਸੁਰਖ਼ ਲਾਲ ਹੋ ਗਿਆ, ਪਰ ਫੇਰ ਤੁਰੰਤ ਹੀ ਸੰਭਲ ਕੇ ਖਿੜਖਿੜਾ ਕੇ ਹੱਸ ਪਈ। ਮੈਂ ਬਿਲਕੁੱਲ ਹੀ ਸਸ਼ੋਪੰਜ ਵਿੱਚ ਸੀ, ਇਹ 'ਬੱਕਰੀ ਕੇਸ' ਕੀ ਹੈ?
'ਦੀਦੀ ਇਹ ਵੀ ਨਾ, ਮੈਨੂੰ ਤੰਗ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੀ। ਸ਼ੁਰੂ ਵਿੱਚ ਜਦੋਂ ਮੈਂ ਇੱਥੇ ਆਈ, ਮੈਂ ਏਹੀ ਕਿਹਾ ਸੀ। ਕਿਸੇ ਨੂੰ ਮੇਰੀ ਗੱਲ ਸਮਝ ਨਾ ਪਈ। ਮੈਂ ਜੰਗਲ ਵਿੱਚ ਬੱਕਰੀਆਂ ਚਾਰ ਰਹੀ ਸੀ ਕਿ ਮੈਨੂੰ ਫੜ ਕੇ ਲੈ ਆਏ। ਇਸ ਕਰਕੇ ਮੈਨੂੰ ਲੱਗਿਆ ਕਿ ਇਹੀ ਕੇਸ ਹੋਊ। ਬਹੁਤ ਦਿਨਾਂ ਤੱਕ ਤਾਂ ਮੇਰਾ ਕੇਸ ਕੀ ਹੈ? ਕਿਹੜਾ ਕੇਸ ਹੈ, ਇਸ ਦਾ ਪਤਾ ਹੀ ਨਹੀਂ ਸੀ। ਇੱਕ ਦਿਨ ਜਦੋਂ ਅਦਾਲਤ ਤੋਂ ਆ ਰਹੀ ਸੀ ਤਾਂ ਉੱਥੇ ਵੱਡੇ ਬਾਬੂ ਨੇ ਮੈਨੂੰ ਕਿਹਾ-
'ਤੂੰ ਤਾਂ '17 ਸੀ.ਐਲ.' ਦੀ ਹੈ ਨਾ?' ਮੈਂ ਬੜੀ ਮਸੂਮੀਅਤ ਨਾਲ ਪੁੱਛਿਆ,
'ਉਹ ਕੀ ਹੈ?'
ਫਿਰ ਉਹਨਾਂ ਨੇ ਪੁੱਛਿਆ, 'ਐਮ.ਸੀ.ਸੀ.' ਹੋ ਕੀ?'
ਮੈਂ ਫਟ ਜੁਆਬ ਦਿੱਤਾ, 'ਨਹੀਂ, ਸਾਹਿਬ, ਮੈਂ ਤਾਂ 'ਬੱਕਰੀ ਕੇਸ ਹੂੰ।' ਇਹ ਸੁਣਦੇ ਸਾਰ ਸਾਰੇ ਉੱਚੀ ਉੱਚੀ ਹੱਸ ਪਏ। ਉਹਨਾਂ ਮੈਨੂੰ ਪੁੱਛਿਆ, 'ਤੇਰਾ ਘਰ ਕਿੱਥੇ ਹੈ?'
'ਮੈਂ ਉਹਨਾਂ ਨੂੰ ਦੱਸਿਆ, ਇਹ ਸੁਣ ਕੇ ਉਹ ਬਾਬੂ ਬੋਲਿਆ, ਓ, ਹੋ, ਅਜਿਹਾ ਹੈ!!'
ਮੈਨੂੰ ਵੀ ਕੁੱਝ ਸਮਝ ਵਿੱਚ ਪਿਆ। ਤਾਂ ਮੈਂ ਪੁੱਛਿਆ
''ਚੰਗਾ, ਇਹ ਦੱਸ ਤੇਰਾ ਘਰ ਹੈ ਕਿੱਥੇ?''
ਉਸਨੇ ਦੱਸਿਆ ''ਅਸੀਂ ਸੰਘਣੇ ਜੰਗਲ ਵਿੱਚ ਰਹਿੰਦੇ ਹਾਂ। ਬਚਪਨ ਤੋਂ ਹੀ ਅਸੀਂ ਸਾਰੇ ਬੱਚੇ ਸੁੱਕੀਆਂ ਲੱਕੜਾਂ ਲੈਣ ਜਾਂਦੇ, ਗਰਮੀਆਂ ਵਿੱਚ ਤਾਂ ਮਹੂਆ ਲੈਣ ਸਮੇਂ ਜੇਕਰ ਸਾਡੀਆਂ ਗਊਆਂ ਜਾਂ ਬੱਕਰੀਆਂ ਹੁੰਦੀਆਂ ਤਾਂ ਉਹਨਾਂ ਨੂੰ ਚਾਰਨ ਲਈ ਵੀ ਲਿਜਾਂਦੇ। ਮੈਂ ਇੱਕ ਦਿਨ ਬਕਰੀਆਂ ਨੂੰ ਚਰਾਉਣ ਲਈ ਗਈ ਹੋਈ ਸੀ, ਇਸੇ ਦੌਰਾਨ ਕੰਬਿੰਗ ਪੁਲਸ ਆ ਗਈ। ਉਹਨਾਂ ਦੇ ਨਾਲ ਸਾਡੇ ਪਿੰਡ ਦਾ ਇੱਕ ਲੜਕਾ ਵੀ ਸੀ। ਪੁਲਸ ਨੇ ਮੈਨੂੰ ਰੋਕ ਲਿਆ ਅਤੇ ਉਸ ਲੜਕੇ ਤੋਂ ਮੇਰੇ ਬਾਰੇ ਪੁੱਛਿਆ ਕਿ ''ਉਹ ਮੈਨੂੰ ਜਾਣਦਾ ਹੈ?''
ਉਸ ਲੜਕੇ ਨੇ ਸਿਰ ਹਿਲਾ ਕੇ ਕਹਿ ਦਿੱਤਾ, 'ਹਾਂ ਜਾਣਦਾ ਹਾਂ।'
ਮੈਂ ਵੀ ਇਹੀ ਕਹਿ ਦਿੱਤਾ ਕਿ ਉਹ ਸਾਡੇ ਹੀ ਪਿੰਡ ਦਾ ਹੈ। ਇਹ ਸੁਣ ਕੇ ਥਾਣੇਦਾਰ ਬੋਲਿਆ, ''ਚੱਲ, ਚੱਲ ਥਾਣੇ, ਚੱਲ!''
ਮੈਂ ਬਹੁਤ ਮਿੰਨਤਾਂ ਕੀਤੀਆਂ ਅਤੇ ਬੋਲੀ, ''ਸਰ, ਤੇਰੇ ਗੋਡੇ ਹੱਥ ਲਾਉਂਦੀ ਆਂ।''
ਪਰ ਮੇਰੀ ਗੱਲ ਅਣਸੁਣੀ ਕਰਦੇ ਹੋਏ ਉਹ ਬੋਲਿਆ, ''ਅਰੇ ਚੱਲ-ਚੱਲ ਪ੍ਰੇਸ਼ਾਨ ਕਿਉਂ ਹੁੰਦੀ ਹੈਂ, ਬੱਸ ਅੱਧੇ ਘੰਟੇ ਵਿੱਚ ਪੁੱਛ-ਪੜਤਾਲ ਕਰਕੇ ਛੱਡ ਦਿਆਂਗੇ।'' ਇਹ ਕਹਿ ਕੇ ਉਹ ਆਪਣੇ ਨਾਲ ਲੈ ਗਏ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੀਆਂ ਬੱਕਰੀਆਂ ਨੂੰ ਵਾਪਸ ਕਰਕੇ ਆਉਂਦੀ ਹਾਂ, ਉਹਨਾਂ ਲੋਕਾਂ ਨੇ ਮੇਰੀ ਇੱਕ ਨਾ ਸੁਣੀ। ਉਹਨਾਂ ਵਿੱਚੋਂ ਇੱਕ ਤਾਂ ਗਾਲ੍ਹਾਂ ਵੀ ਕੱਢਦਾ ਜਾ ਰਿਹਾ ਸੀ। ਸਹੁੰ ਖਾ ਕੇ ਕਹਿੰਦੀ ਹਾਂ ਦੀਦੀ, ਮੇਰੇ ਮਾਂ-ਬਾਪ ਨੇ ਮੈਨੂੰ ਕਦੇ ਘੂਰਿਆ ਤੱਕ ਨਹੀਂ ਸੀ, ਡਰ ਦੇ ਮਾਰੇ ਮੇਰੀਆਂ ਤਾਂ ਲੱਤਾਂ ਕੰਬਣ ਲੱਗੀਆਂ, ਪਰ ਉਸਦੀਆਂ ਗਾਲ੍ਹਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ, ਪਰ ਕਰਦੀ ਕੀ, ਬਿਨਾ ਚੂੰ-ਚਰਾਂ ਕੀਤੇ ਉਹਨਾਂ ਦੇ ਪਿੱਛੇ ਚੱਲਦੀ ਰਹੀ, ਪੂਰੀ ਰਾਤ ਮੈਨੂੰ ਥਾਣੇ ਵਿੱਚ ਬਿਠਾਈ ਰੱਖਿਆ। ਸਵੇਰੇ ਵੱਡਾ ਬਾਬੂ ਆਇਆ (ਐਸ.ਆਈ.)। ਉਹ ਮੈਨੂੰ ਵਾਰ ਵਾਰ ਇੱਕ ਹੀ ਸਵਾਲ ਪੁੱਛ ਰਹੇ ਸਨ। ਸ਼ਾਮ ਨੂੰ ਗੱਡੀ 'ਤੇ ਬਿਠਾ ਕੇ, ਜੇਲ੍ਹ ਲੈ ਕੇ ਆ ਗਏ।
''ਕੀ ਤੇਰੇ ਘਰੋਂ ਕੋਈ ਮਿਲਣ ਨਹੀਂ ਆਇਆ?'' ਇਹ ਪੁੱਛਣ 'ਤੇ ਉਸਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ।
''ਮੇਰਾ ਬਾਪੂ ਮਰ ਗਿਆ ਹੈ, ਮੇਰੀ ਮਾਂ ਪਾਗਲ ਹੈ, ਅਕਸਰ ਅਚਾਨਕ ਬਿਨਾ ਦੱਸੇ ਹੀ ਕਿਤੇ ਨਾ ਕਿਤੇ ਚਲੀ ਜਾਂਦੀ ਹੈ, ਮੈਂ ਘਰ ਹੀ ਰਹਿ ਕੇ ਉਸਨੂੰ ਖਾਣਾ ਖੁਆਉਂਦੀ ਸੀ। ਉਸ ਨੂੰ ਨੁਹਾਉਂਦੀ ਸੀ, ਕੱਪੜੇ ਲੀੜੇ ਧੋਂਦੀ ਸੀ- ਸਭ ਕੁੱਝ ਮੈਂ ਹੀ ਕਰਦੀ ਸੀ। ਮੇਰਾ ਇੱਕ ਵੱਡਾ ਭਾਈ ਹੈ ਅਤੇ ਇੱਕ ਮੇਰੇ ਤੋਂ ਛੋਟਾ ਹੈ, ਦੋਵੇਂ ਮਜ਼ਦੂਰੀ ਕਰਨ ਜਾਂਦੇ ਹਨ। ਕਿਸੇ ਦਾ ਇੱਥੇ ਆਉਣ ਦਾ ਕੀ ਮਤਲਬ? ਇੱਕ ਸਾਡੀ ਮਾਂ ਦੀ ਦੇਖਭਾਲ ਕਰਦਾ ਹੈ ਅਤੇ ਦੂਸਰਾ ਕਮਾਈ ਕਰਨ ਜਾਂਦਾ ਹੈ, ਇਸ ਲਈ ਉਹਨਾਂ ਦਾ ਇੱਥੇ ਆਉਣਾ ਸੰਭਵ ਨਹੀਂ ਹੈ। ਪਤਾ ਨਹੀਂ, ਮੇਰੀ ਬੱਕਰੀਆਂ ਘਰ ਪਹੁੰਚੀਆਂ ਜਾਂ ਨਹੀਂ? ਪਤਾ ਨਹੀਂ ਉਹਨਾਂ ਨੂੰ ਕੋਈ ਚਰਾ ਰਿਹਾ ਹੋਵੇਗਾ ਜਾਂ ਨਹੀਂ?'' ਯਾਦਾਂ ਆਉਣ ਨਾਲ ਉਸ ਦਾ ਰੋਣਾ ਨਿਕਲ ਜਾਂਦਾ ਸੀ, ਅੱਖਾਂ 'ਚੋਂ ਪਰਲ ਪਰਲ ਵਗਦੇ ਹੰਝੂਆਂ ਨੂੰ ਉਹ ਪੂੰਝਣਾ ਵੀ ਨਹੀਂ ਸੀ ਚਾਹੁੰਦੀ, ਉਵੇਂ ਹੀ ਬੈਠੀ ਰਹੀ।
ਮੈਂ ਹੌਲੀ ਆਵਾਜ਼ ਵਿੱਚ ਉਸ ਨੂੰ ਪੁੱਛਿਆ, ''ਇੱਥੇ ਕਦੋਂ ਤੋਂ ਹੈਂ?'' ਇੱਥੇ ਸਾਰਾ ਦਰਦ ਦੱਸਣ ਨਾਲ ਹੀ ਮਨ ਨੂੰ ਟਿਕਾਅ ਮਿਲਦਾ ਹੈ।
''ਸਾਢੇ ਤਿੰਨ ਸਾਲ ਹੋ ਗਏ, 2006 ਅਪ੍ਰੈਲ ਵਿੱਚ ਗ੍ਰਿਫਤਾਰ ਕੀਤੀ ਸੀ।''
ਉਹਨਾਂ ਵਿੱਚੋਂ ਬਹੁਤੀਆਂ, ਅਸੀਂ 'ਚੇਤ' ਵਿੱਚ ਆਈਆਂ ਸੀ ਜਾਂ 'ਅਗਹਨ' ਵਿੱਚ ਆਈਆਂ ਸੀ, ਅਜਿਹਾ ਕਹਿ ਕੇ ਹੀ ਗੱਲ ਕਰਦੀਆਂ ਸਨ, ਪਰ ਉਹ ਅੰਗਰੇਜ਼ੀ ਦੇ ਮਹੀਨਿਆਂ ਮੁਤਾਬਕ ਦੱਸ ਰਹੀ ਸੀ, ਇਸ ਗੱਲ 'ਤੇ ਗੌਰ ਕਰਦਿਆਂ ਮੈਂ ਉਸ ਨੂੰ ਪੁੱਛਿਆ-
''ਤੂੰ ਪੜ੍ਹੀ-ਲਿਖੀ ਹੈਂ?''
''ਸਭ ਕੁੱਝ ਪੜ੍ਹ ਲੈਂਦੀ ਹਾਂ, ਪਰ ਕਦੇ ਸਕੂਲ ਨਹੀਂ ਗਈ'', ਉਸਨੇ ਜੁਆਬ ਦਿੱਤਾ। ਜੇਲ ਵਿੱਚ ਦਰਖਤ ਦੇ ਥੱਲੇ ਬਣਾਏ ਸਕੂਲ ਵਿੱਚ ਫੂਲਮਨੀ ਵੀ ਆਉਂਦੀ ਸੀ, ਕੁੱਝ ਵੀ ਲਿਖਣ ਨੂੰ ਕਹੋ, ਤਾਂ ਸਭ ਤੋਂ ਪਹਿਲਾਂ ਲਿਖ ਲੈਂਦੀ ਸੀ, ਉਸਦੇ ਅੱਖਰ ਐਨੇ ਸੁੰਦਰ ਲੱਗਦੇ ਸਨ, ਜਿਵੇਂ ਕਾਗਜ਼ 'ਤੇ ਮੋਤੀ ਪਰੋ ਦਿੱਤੇ ਹੋਣ। ਹਰ ਰੋਜ਼ ਅਖਬਾਰ ਕੋਲ ਰੱਖ ਕੇ ਉਸ ਵਿੱਚੋਂ ਦੇਖ ਦੇਖ ਕੇ ਉਹ ਆਪਣੀ ਲਿਖਾਈ ਸੁਧਾਰਦੀ ਗਈ। ਉਸਨੇ ਮੈਨੂੰ ਵੀ ਸਲਾਹ ਦਿੱਤੀ ਕਿ ਮੈਂ ਵੀ ਕੁੱਝ ਉਹੋ ਜਿਹਾ ਹੀ ਕਰਾਂ!
ਕੋਈ ਵੀ ਕੰਮ ਹੋਵੇ, ਉਹ ਬੜੀ ਆਸਾਨੀ ਨਾਲ ਸਿੱਖ ਲੈਂਦੀ ਸੀ। ਮੈਨੂੰ ਪਤਾ ਲੱਗਿਆ ਕਿ ਉਹ ਸਭ ਕੁੱਝ ਉਸ ਨੇ ਜੇਲ੍ਹ ਵੱਲੋਂ ਚਲਾਏ ਜਾਂਦੇ ਸਕੂਲ ਵਿੱਚ ਹੀ ਸਿੱਖਿਆ ਸੀ। ਜਦੋਂ ਕੋਈ ਪੜ੍ਹੀ-ਲਿਖੀ ਆਉਂਦੀ ਸੀ ਤਾਂ ਸਕੂਲ ਚੱਲ ਪੈਂਦਾ ਸੀ। ਸਕੂਲ ਵਿੱਚ ਕਿਤਾਬਾਂ ਵੀ ਹਨ। ਅੰਤ ਵਿੱਚ ਇਹ ਉਸਦਾ ਦ੍ਰਿੜ੍ਹ ਸੰਕਲਪ ਹੀ ਸੀ ਕਿ ਮੈਂ ਚਾਰ ਹੋਰ ਲੜਕੀਆਂ ਦੇ ਨਾਲ ਮਿਲ ਕੇ ਪੰਜਵੀਂ ਜਮਾਤ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਹਿੰਦੀ ਪੜ੍ਹਨੀ ਅਤੇ ਲਿਖਣੀ ਸਿੱਖੀ।
ਇੱਕ ਦਿਨ ਮੇਰੇ ਨਾਂ ਡਾਕ ਵਿੱਚ ਇੱਕ ਚਿੱਠੀ ਆਈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਇਸ ਘਟਨਾ ਨੇ ਇੱਕ ਹਲਚਲ ਜਿਹੀ ਮਚਾ ਦਿੱਤੀ। ਹੁਣ ਤੱਕ ਔਰਤਾਂ ਦੇ ਵਾਰਡ ਵਿੱਚ ਕਿਸੇ ਦੇ ਨਾਂ ਡਾਕ ਵਿੱਚ ਕੋਈ ਚਿੱਠੀ ਨਹੀਂ ਆਈ ਸੀ। ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਸੀ। ਉੱਥੇ ਔਸਤਨ ਸਭ ਤੋਂ ਗਰੀਬ ਅਤੇ ਹੇਠਲੇ ਮੱਧ-ਵਰਗੀ ਤਬਕਿਆਂ ਵਿੱਚੋਂ ਆਏ ਹੋਏ ਸਨ। ਸਾਰਿਆਂ ਵਿੱਚ ਪੜ੍ਹੇ ਲਿਖੇ ਸਿਰਫ ਦੋ ਜਾਂ ਤਿੰਨ ਹੀ ਸਨ। ਜੇਕਰ ਉਹ ਨੇੜੇ-ਤੇੜੇ ਦੀ ਪਿੰਡਾਂ-ਸ਼ਹਿਰਾਂ ਵਿੱਚੋਂ ਹੀ ਹੋਣ ਤਾਂ ਬੱਸ ਮਿਲਣ ਚਲੇ ਆਉਂਦੇ, ਉਹਨਾਂ ਨੂੰ ਚਿੱਠੀ ਲਿਖਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ। ਪਰ ਫੇਰ ਵੀ, ਇਸ ਡਾਕ ਦੀ ਚਿੱਠੀ ਦੇ ਮਾਮਲੇ ਨੇ ਫੁਲਮਨੀ ਦੇ ਦਿਮਾਗ ਵਿੱਚ ਇੱਕ ਵਿਚਾਰ ਪੈਦਾ ਕੀਤਾ। ਉਸਨੇ ਸੋਚਿਆ ਕਿ ਉਹ ਆਪਣੇ ਘਰ ਨੂੰ ਚਿੱਠੀ ਲਿਖੇ ਤਾਂ ਕੀ ਹੋਵੇਗਾ? ਇਸ ਸਮੇਂ ਤੱਕ ਤਾਂ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ, ਜੇਲ੍ਹ ਦੇ ਅਧਿਕਾਰੀ ਹੀ ਸਰਕਾਰੀ ਖਰਚੇ 'ਤੇ ਚਿੱਠੀ ਭੇਜਦੇ ਹੁੰਦੇ ਸਨ। ਹੁਣ ਕੀ ਸੀ ਫੂਲਮਨੀ ਦੇ ਮਨ ਵਿੱਚ ਨਵੀਆਂ ਉਮੀਦਾਂ ਨੇ ਜਨਮ ਧਾਰਿਆ। ਉਸਦੇ ਭਾਈ ਨੂੰ ਚਿੱਠੀ ਲਿਖੀ ਗਈ। ਜੇਲ੍ਹ ਕਿਵੇਂ ਆਉਣਾ ਪਵੇਗਾ। ਬਾਹਰ ਦੇ ਗੇਟ 'ਤੇ ਕਿਸ ਤਰ੍ਹਾਂ ਦੇ ਹੁਕਮਾਂ ਦਾ ਪਾਲਣ ਕਰਨਾ ਹੋਵੇਗਾ। ਆਪਣਾ ਸ਼ਨਾਖਤੀ ਕਾਰਡ ਜ਼ਰੂਰ ਲਿਆਉਣਾ ਵਗੈਰਾ ਵਗੈਰਾ, ਅਜਿਹੀਆਂ ਕਈ ਨਹੀਸਤਾਂ ਚਿੱਠੀ ਵਿੱਚ ਲਿਖੀਆਂ ਗਈਆਂ ਕਿ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਤੁਹਾਨੂੰ ਫੜਿਆ ਨਹੀਂ ਜਾਵੇਗਾ। ਬੱਸ ਫੇਰ ਕੀ ਸੀ, ਹਰ ਰੋਜ਼ ਘੱਟ ਤੋਂ ਘੱਟ ਇੱਕ ਵਾਰ ਆ ਕੇ ਪੁੱਛਦੀ ਕਿੰਨੇ ਦਿਨ ਲੱਗ ਸਕਦੇ ਹਨ ਚਿੱਠੀ ਪਹੁੰਚਣ ਨੂੰ। ਰਾਹ ਦੇ ਖਰਚੇ ਲਈ ਪੈਸੇ ਇਕੱਠੇ ਕਰਨ ਨੂੰ ਕਿੰਨੇ ਦਿਨ ਲੱਗ ਸਕਦੇ ਹਨ? ਇਹੋ ਜਿਹੇ ਅਨੇਕਾਂ ਸਵਾਲਾਂ ਦੇ ਹਿਸਾਬ-ਕਿਤਾਬ ਕਰਦੀ ਫੂਲਮਨੀ ਵਿੱਚ ਉਤਰਾਅ-ਚੜ੍ਹਾਅ ਆਉਂਦੇ। ਇਹ ਉਮੀਦ ਹੌਲੀ ਹੌਲੀ ਬੇਉਮੀਦੀ ਵਿੱਚ, ਫੇਰ ਬੇਵਸੀ ਵਿੱਚ ਅਤੇ ਆਖਰ ਨਿਰਾਸ਼ਾ ਵਿੱਚ ਬਦਲ ਗਈ। ਦੋ-ਤਿੰਨ ਮਹੀਨੇ ਲੰਘ ਗਏ ਸਨ, ਪਰ ਘਰੋਂ ਕੋਈ ਵੀ ਨਹੀਂ ਸੀ ਆਇਆ। ਹੁਣ ਮੇਰੀ ਕਾਰਵਾਈ ਵਿੱਚ ਇੱਕੋ ਹੀ ਮੁੱਖ ਫਰਜ਼ ਸੀ, ਫੂਲਮਨੀ ਨੂੰ ਉਸ ਨਿਰਾਸ਼ਾ ਦੇ ਸਾਗਰ ਵਿੱਚੋਂ ਬਾਹਰ ਕੱਢਣਾ।
ਜੇਲ੍ਹ ਵਿੱਚ ਕਈ ਔਰਤਾਂ ਬੁਣਾਈ ਦਾ ਕੰਮ ਕਰਦੀਆਂ ਹਨ। ਇਸ ਲਈ ਮੈਂ ਉਸ ਨੂੰ ਬੁਣਾਈ ਸਿੱਖਣ ਦੇ ਲਈ ਬਹੁਤ ਉਤਸ਼ਾਹਤ ਕੀਤਾ। ਪਰ ਉਸਦੇ ਕੋਲ ਇਹ ਸਿੱਖਣ ਲਈ ਜ਼ਰੂਰੀ ਸਮਾਨ ਖਰੀਦਣ ਲਈ ਪੈਸੇ ਨਹੀਂ ਸਨ। ਹੁਣ ਕੀ ਕੀਤਾ ਜਾਵੇ? ਸਵੇਰੇ ਨਾਸ਼ਤੇ ਵਿੱਚ ਭਿੱਜੇ ਹੋਏ ਛੋਲੇ ਖਾਣ ਲਈ ਮਿਲਦੇ ਸਨ, ਮੈਂ ਉਹਨਾਂ ਨੂੰ ਖਾ ਨਹੀਂ ਸੀ ਸਕਦੀ। ਇਸ ਲਈ ਸਵੇਰੇ 10 ਵਜੇ ਹੀ ਖਾਣਾ ਖਾ ਲੈਂਦੀ ਸੀ। ਇਸ ਤਰ੍ਹਾਂ ਮੇਰੇ ਹਿੱਸੇ ਦੇ ਛੋਲੇ ਵੀ ਮੈਂ ਫੂਲਮਨੀ ਨੂੰ ਦੇ ਦਿੰਦੀ ਸੀ। ਇਸੇ ਤਰ੍ਹਾਂ ਸਿਰ ਅਤੇ ਸਰੀਰ 'ਤੇ ਲਾਉਣ ਲਈ ਦਿੱਤਾ ਜਾਂਦਾ ਤੇਲ ਇਹਨਾਂ ਕੋਲ ਵੇਚ ਕੇ, ਪੈਸੇ ਜੋੜਨ ਦਾ ਵਿਚਾਰ ਬਣਾਇਆ। ਇਹ ਬਹੁਤ ਸਸਤੇ ਵਿੱਚ ਮਿਲਦਾ ਸੀ, ਇਸ ਲਈ ਕੁੱਝ ਬੰਦੀ ਔਰਤਾਂ ਤਾਂ ਇਸ ਨੂੰ ਖਰੀਦ ਕੇ ਘਰ ਭੇਜ ਦਿੰਦੀਆਂ ਸਨ। ਇਸ ਲਈ ਅਸੀਂ ਉੱਨ ਅਤੇ ਸਿਲਾਈਆਂ ਮੰਗਵਾਈਆਂ। ਕਿਹਾ ਜਾਵੇ ਤਾਂ ਉਸਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਬੁਣਾਈ ਸਿੱਖ ਲਈ। ਉੱਥੇ ਕਈ ਬੰਦੇ ਅਜਿਹੇ ਸਨ ਜਿਹੜੇ ਔਰਤਾਂ ਨੂੰ ਪੈਸੇ ਦੇ ਕੇ ਸਵੈਟਰ, ਦਰਵਾਜ਼ਿਆਂ ਦੇ ਪਰਦੇ, ਸਜਾਵਟ ਦਾ ਸਮਾਨ, ਸ਼ਾਲ ਆਦਿ ਬੁਣਵਾਉਂਦੇ ਸਨ। ਬਾਹਰ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੁੰਦੀਆਂ ਹਨ, ਇਸ ਲਈ ਜੇਲ ਵਿੱਚ ਕੰਮ ਕਰਨ ਵਾਲੀਆਂ ਜਮਾਂਦਾਰਨੀਆਂ ਅਤੇ ਸਿਪਾਹੀ ਉੱਨ ਦੇ ਕੇ ਇਹਨਾਂ ਕੈਦੀਆਂ ਤੋਂ ਬੁਣਵਾਉਂਦੇ ਸਨ। ਬਾਹਰ ਬੁਣਵਾਈ ਦੇ 250-300 ਖਰਚ ਕਰਨ ਦੀ ਬਜਾਏ ਇੱਥੇ ਸਿਰਫ 150-200 ਦਿੰਦੇ ਸਨ। ਇਹਨਾਂ ਚੀਜ਼ਾਂ ਨੂੰ ਬਣਾਉਣ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਹੁਣ ਫੂਲਮਨੀ ਨੇ ਰਾਤ-ਦਿਨ ਮਿਹਨਤ ਕਰਕੇ ਜਲਦੀ ਹੀ ਆਰਡਰ ਲੈਣ ਲਈ ਉੱਚ-ਪੱਧਰ ਤੱਕ ਦੀ ਤਰੱਕੀ ਕਰ ਲਈ। ਕੈਦੀਆਂ ਨੂੰ ਕੋਲ ਪੈਸੇ ਨਹੀਂ ਰੱਖਣ ਦਿੱਤੇ ਜਾਂਦੇ, ਵੱਧ ਤੋਂ ਵੱਧ ਸੌ ਰੁਪਏ ਤੱਕ ਹੀ ਰੱਖਣ ਦੀ ਇਜਾਜ਼ਤ ਹੁੰਦੀ ਹੈ। ਜੇਕਰ ਇਹਨਾਂ ਤੋਂ ਜ਼ਿਆਦਾ ਪੈਸੇ ਹੋਣ ਤਾਂ ਇਸ ਗੱਲ ਨੂੰ ਬੜੀ ਲੁਕੋ ਕੇ ਰੱਖਣਾ ਪੈਂਦਾ ਹੈ। ਇਸ ਤਰ੍ਹਾਂ ਆਮਦਨ ਸ਼ੁਰੂ ਹੋਣ ਤੋਂ ਬਾਅਦ, ਇੱਕ ਹੋਰ ਵਿਚਾਰ ਆਇਆ, ਕਿਉਂ ਨਾ ਇਹਨਾਂ ਪੈਸਿਆਂ ਨੂੰ ਜਮਾਨਤ ਦੇ ਲਈ ਇਕੱਠਾ ਕਰ ਲਿਆ ਜਾਵੇ। ਮੈਨੂੰ ਅਜਿਹਾ ਵਿਚਾਰ ਸੁੱਝਦੇ ਹੀ, ਮੈਂ ਉਸਦੇ ਕੋਲ ਦੌੜੀ ਗਈ, ਪਰ ਫੇਰ ਇੱਕ ਅੜਿੱਕਾ ਸੀ, ਜਮਾਨਤ ਮਿਲਣ ਤੋਂ ਬਾਅਦ ਉਸਨੂੰ ਜ਼ਮੀਨ ਕੌਣ ਦੇਵੇਗਾ? ਘਰ ਤੋਂ ਵੀ ਤਾਂ ਕਿਸੇ ਨੂੰ ਆਉਣਾ ਪਵੇਗਾ? ਫੇਰ ਉਦਾਸੀ ਛਾ ਗਈ। ਮੈਂ ਉਸ ਨੂੰ ਕਿਹਾ, ਚੱਲੋ ਦੇਖਾਂਗੇ, ਮਾਮਲੇ ਨੂੰ ਉੱਥੇ ਤੱਕ ਪਹੁੰਚਣ ਤਾਂ ਦਿਓ। ਪਰ ਉਸਨੇ ਮੇਰੀ ਗੱਲ ਨਹੀਂ ਮੰਨੀ। ਉਹ ਬੋਲੀ, ਐਨੀ ਸਾਰੀ ਮਿਹਨਤ ਕਰਕੇ ਜੇ ਉੱਥੇ ਜਾ ਕੇ ਗੱਲ ਰੁਕ ਗਈ ਤਾਂ ਸਾਰਾ ਕੀਤਾ-ਕਰਾਇਆ ਮਿੱਟੀ ਵਿੱਚ ਮਿਲ ਜਾਵੇਗਾ।
ਇੱਕ ਦਿਨ ਉਸਦਾ ਇੱਕ ਮੁਲਾਕਾਤੀ ਆਇਆ, ਉਸ ਨੂੰ ਤਾਂ ਭੋਰਾ ਵੀ ਵਿਸ਼ਵਾਸ਼ ਹੀ ਨਹੀਂ ਹੋਇਆ। ਮੁਲਾਕਾਤ ਤੋਂ ਵਾਪਸ ਆ ਕੇ ਫੂਲਮਨੀ ਕੀ-ਕੀ ਗੱਲਾਂ ਦੱਸੇਗੀ, ਇਹਨਾਂ ਨੂੰ ਸੁਣਨ ਲਈ ਇੱਕ ਵੱਡਾ ਇਕੱਠ ਗੇਟ ਦੇ ਕੋਲ ਹੀ ਇੰਤਜ਼ਾਰ ਕਰਨ ਲੱਗਿਆ। ਸੱਚ ਹੀ ਤਾਂ ਸੀ, ਜੇਲ੍ਹ ਵਿੱਚ ਸਾਢੇ ਚਾਰ ਸਾਲ ਰਹਿਣ ਤੋਂ ਬਾਅਦ, ਇਹ ਪਹਿਲੀ ਵਾਰ ਸੀ ਜਦੋਂ ਉਸਦੇ ਘਰੋਂ ਕੋਈ ਆਇਆ ਸੀ। ਵਾਪਸ ਆਉਂਦੇ ਹੀ ਫੂਲਮਨੀ ਉਸ ਇਕੱਠ ਦੇ ਵਿੱਚ ਡਿਗਦੀ ਹੋਈ ਇੱਕ ਵਾਰ ਤਾਂ ਉੱਚੀ ਉੱਚੀ ਰੋਣ ਲੱਗ ਪਈ। ਸਭ ਉਸਨੂੰ ਢਾਰਸ ਦੇਣ ਅਤੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗੀਆਂ। ਪਰ ਉਸ ਨਾਲੋਂ ਉਹ ਜ਼ਿਆਦਾ ਸਨ, ਜਿਹੜੀਆਂ ਆਪਣੇ ਰਿਸ਼ਤੇਦਾਰਾਂ ਨੂੰ ਯਾਦ ਕਰ ਕਰ ਰੋਣ ਲੱਗ ਪਈਆਂ। ਥੋੜ੍ਹੀ ਦੇਰ ਤੱਕ ਇਹ ਕੁੱਝ ਚੱਲਦਾ ਦੇਖ ਕੇ ਮੈਂ ਸਾਰੀਆਂ ਨੂੰ ਲਾਹਣਤਾਂ ਪਾਈਆਂ ਤੇ ਫੂਲਮਨੀ ਨੂੰ ਚੁੱਪ ਹੋਣ ਲਈ ਕਹਿ ਕੇ ਪਾਣੀ ਪਿਲਾਇਆ ਅਤੇ ਅਸਲੀ ਮੁੱਦਾ ਜਾਨਣ ਦੀ ਕੋਸ਼ਿਸ਼ ਕੀਤੀ। ਉਸਨੇ ਦੱਸਿਆ ਕਿ ਉਸਦੇ ਦੋਵੇਂ ਭਾਈ ਫੂਲਮਨੀ ਦੇ ਲਈ ਵਕੀਲ ਕਰਨ ਅਤੇ ਉਸ ਵਕੀਲ ਨੂੰ ਦੇਣ ਲਈ ਪੈਸੇ ਕਮਾਉਣ ਲਈ ਕੰਮ ਕਰਨ ਨਿੱਕਲ ਜਾਂਦੇ, ਇਸ ਤਰ੍ਹਾਂ ਉਹਨਾਂ ਦੀ ਮਾਂ ਨੂੰ ਘਰ ਇਕੱਲੀ ਨੂੰ ਰਹਿਣਾ ਪੈਂਦਾ ਅਤੇ ਫੇਰ ਅਚਾਨਕ ਇੱਕ ਦਿਨ ਉਹਨਾਂ ਦੀ ਮਾਂ ਕਿਤੇ ਗੁੰਮ ਹੋ ਗਈ। ਭੁਲੱਕੜ ਅਤੇ ਪਾਗਲ ਮਾਂ ਨੂੰ ਬਹੁਤ ਲੱਭਿਆ ਪਰ ਉਹ ਨਾ ਮਿਲੀ। ਥੋੜ੍ਹੇ ਪੈਸੇ ਜਮ੍ਹਾਂ ਹੋ ਗਏ ਸਨ, ਭਾਈਆਂ ਦੇ ਕੋਲ ਅਤੇ ਫੂਲਮਨੀ ਨੂੰ ਕਿਵੇਂ ਮਿਲਿਆ ਜਾਵੇ ਇਹ ਸਮਝ ਨਹੀਂ ਸੀ ਆ ਰਿਹਾ। ਇਸੇ ਦੌਰਾਨ ਉਹਨਾਂ ਨੂੰ ਫੂਲਮਨੀ ਦੀ ਚਿੱਠੀ ਮਿਲੀ। ਆਉਣ ਨੂੰ ਤਿਆਰ ਹੀ ਸੀ ਕਿ ਉਹਨਾਂ ਦੇ ਛੋਟੇ ਭਾਈ ਨੂੰ ਤੇਜ਼ ਬੁਖਾਰ ਚੜ੍ਹ ਗਿਆ। ਜਮ੍ਹਾਂ ਕੀਤੇ ਸਾਰੇ ਪੈਸੇ ਉਸਦੇ ਇਲਾਜ 'ਤੇ ਲੱਗ ਗਏ ਪਰ ਉਸਦੇ ਪੈਰਾਂ ਨੂੰ ਲਕਵਾ ਮਾਰ ਗਿਆ, ਤਾਂ ਫੇਰ ਤੋਂ ਵੱਡੇ ਭਾਈ ਨੇ ਮਿਹਨਤ ਕਰਕੇ ਪੈਸੇ ਜਮ੍ਹਾਂ ਕੀਤੇ ਅਤੇ ਮਿਲਣ ਆਇਆ। ਇਸ ਲਈ ਆਉਣ ਵਿੱਚ ਦੇਰ ਹੋ ਗਈ ਸੀ, ਜਾਂਦੇ ਜਾਂਦੇ ਭਾਈ ਨੇ ਭੈਣ ਨੂੰ ਹੌਸਲਾ ਦਿੱਤਾ ਕਿ ਉਹ ਹਿੰਮਤ ਰੱਖੇ, ਕਿਸੇ ਵੀ ਤਰ੍ਹਾਂ ਮਿਹਨਤ ਕਰਕੇ ਉਹ ਉਸ ਨੂੰ ਜੇਲ੍ਹ ਵਿੱਚੋਂ ਛੁਡਾ ਕੇ ਬਾਹਰ ਲਿਜਾਵੇਗਾ।
ਇਹ ਜਾਣ ਕੇ ਕਿ ਚਿੱਠੀਆਂ ਪਹੁੰਚ ਰਹੀਆਂ ਹਨ, ਫੇਰ ਤੁਰੰਤ ਅਸੀਂ ਇੱਕ ਹੋਰ ਚਿੱਠੀ ਲਿਖੀ। ਉਸ ਵਿੱਚ ਲਿਖਿਆ ਸੀ ਕਿ ਉਸ ਨੂੰ ਵਕੀਲ ਕਰਨ ਦੀ ਜ਼ਰੂਰਤ ਨਹੀਂ ਹੈ। ਸਿਰਫ ਜਮਾਨਤ ਦੇਣ ਵਾਲਿਆਂ ਦੀ ਜ਼ਰੂਰਤ ਹੈ ਅਤੇ ਚਿੱਠੀ ਪਾ ਦਿੱਤੀ। ਇੱਕਦਮ ਕੁੱਝ ਵੀ ਜਾਣਕਾਰੀ ਨਾ ਰੱਖਣ ਵਾਲੀਆਂ ਦੇ ਦੁਆਲੇ ਵੱਡੀ ਗਿਣਤੀ ਵਿੱਚ ਵਕੀਲਾਂ ਦਾ ਟਿੱਡੀ ਦਲ ਆ ਧਮਕਦਾ ਹੈ, ਜਿਹੜੇ ਜੋਕਾਂ ਵਾਂਗ ਪੈਸੇ ਚੂਸਦੇ ਹਨ, ਇਹ ਮੈਂ ਸੁਣ ਰੱਖਿਆ ਸੀ। ਇਸ ਲਈ ਇੱਕ ਜਾਣ-ਪਛਾਣ ਵਾਲੇ ਵਕੀਲ ਨਾਲ ਗੱਲ ਕਰਕੇ ਫੂਲਮਨੀ ਦੇ ਜਮ੍ਹਾਂ ਕੀਤੇ ਹਜ਼ਾਰ ਰੁਪਏ ਨਾਲ ਹੀ ਕੇਸ ਲੜਨ ਦਾ ਇੰਤਜ਼ਾਮ ਹੋ ਗਿਆ। 500 ਰੁਪਏ ਜਮਾਨਤ ਮਿਲਣ 'ਤੇ ਦਿਆਂਗੇ, ਇਹ ਵਕੀਲ ਨੂੰ ਪਹਿਲਾਂ ਦੱਸ ਕੇ ਹੀ ਤਿਆਰ ਕੀਤਾ ਗਿਆ। ਇਹ ਹੀ ਨਹੀਂ, ਕਿਸੇ ਤਰ੍ਹਾਂ ਫੂਲਮਨੀ  ਦੇ ਪਿੰਡ ਦੇ ਸਰਪੰਚ ਦਾ ਨੰਬਰ ਪਤਾ ਕਰਕੇ ਜਮਾਨਤ ਮਿਲਦੇ ਹੀ, ਵਕੀਲ ਵੱਲੋਂ ਉਸਦੇ ਘਰ ਸੂਚਨਾ ਮਿਲ ਸਕੇ, ਇਸ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ, ਉਸਦੀ ਜਮਾਨਤ ਹੋਈ। ਪੰਜ ਸਾਲ ਤੋਂ ਬਾਅਦ ਰਿਹਾ ਹੋ ਕੇ ਫੂਲਮਨੀ ਵਾਪਸ ਆਪਣੇ ਘਰ ਜਾ ਸਕੀ। ਹੁਣ ਵੀ ਜਦੋਂ ਕਦੇ, ਫੂਲਮਨੀ ਦੀ ਯਾਦ ਆਉਂਦੀ ਹੈ ਤਾਂ ਨਾਲ ਹੀ ਉਸਦੀਆਂ ਬੱਕਰੀਆਂ ਦੀ ਯਾਦ ਵੀ ਆਉਂਦੀ ਹੈ, ਕਿ ਕੀ ਬੱਕਰੀਆਂ ਘਰ ਪਹੁੰਚ ਗਈਆਂ ਹੋਣਗੀਆਂ ਜਾਂ ਨਹੀਂ।
-ਮੂਲ ਰੂਪ ਤੈਲਗੂ ਤੋਂ ਹਿੰਦੀ 'ਚ ਅਨੁਵਾਦ,
ਆਰ. ਰਤਨਾ ਮਾਧਵੀ
('ਦਸਤਕ' ਹਿੰਦੀ ਦੋ-ਮਾਸਿਕ, ਸੀਮਾ ਆਜ਼ਾਦ ਵੱਲੋਂ ਸੰਪਾਦਿਤ ਪੇਪਰ, ਜੁਲਾਈ-ਅਗਸਤ 2018)

No comments:

Post a Comment