Monday, 3 September 2018

ਜੰਗਲ

 ਜੰਗਲ
-ਬਲਵੰਤ ਭਾਟੀਆ
ਜੰਗਲ ਨੇ
ਆਪਣਾ ਇਤਿਹਾਸ ਦੁਹਰਾਇਆ ਹੈ
ਵਿਛ ਗਈਆਂ ਨੇ ਲਾਸ਼ਾਂ
ਕੁਝ ਲਾਸ਼ਾਂ ਜੰਗਲ ਵਿਚਲੇ
ਆਪਣੇ ਘਰਾਂ ਨੂੰ
ਪਰਤੀਆਂ
ਕੁਝ
ਜੰਗਲ ਤੋਂ ਬਾਹਰ
ਹੋ ਜਹਾਜ਼ੀਂ ਸਵਾਰ
ਆਪੋ-ਆਪਣੇ ਪਿੰਡਾਂ ਤੇ ਸ਼ਹਿਰਾਂ ਨੂੰ।

ਜੰਗਲ ਤੇ ਸ਼ਹਿਰ ਦੀ
ਸਰਹੱਦ 'ਤੇ ਖੜ੍ਹਾ ਹਾਂ
ਬਲ਼ ਰਹੀਆਂ ਨੇ ਲਾਸ਼ਾਂ
ਜੰਗਲ ਦੇ ਅੰਦਰ ਵੀ
ਤੇ ਬਾਹਰ ਵੀ।
ਦੋਵੇਂ ਪਾਸੀਂ
ਬੰਦੂਕਾਂ ਦੀ ਸਲਾਮੀ
........ਸ਼ਹੀਦ ਜ਼ਿੰਦਾਬਾਦ ਦੇ ਨਾਅਰੇ।

ਨਾਅਰੇ ਦੇ ਹੱਕ 'ਚ
ਕਦੇ ਸੱਜਾ ਮੁੱਕਾ
ਉੱਠਦਾ-ਉੱਠਦਾ ਰੁਕ ਜਾਂਦਾ
ਤੇ ਕਦੇ ਖੱਬਾ।

ਜੰਗਲ ਦੀ ਦਹਿਲੀਜ਼ 'ਤੇ ਖੜ੍ਹਾਂ ਹਾਂ
ਕਦੇ ਜੰਗਲ ਵੱਲ ਤੱਕਦਾ ਹਾਂ
ਅਕਾਸ਼ 'ਤੇ ਹੈਲੀਕਾਪਟਰ ਉੱਡਦਾ ਹੈ
ਹੈਲੀਕਾਪਟਰ 'ਚੋਂ
ਮੱਕਾਰ ਚਿਹਰਾ ਹੱਸਦਾ ਹੈ
ਬਾਹਰਲੇ ਲੋਕ ਅਵੇਸਲੇ
ਮੱਕਾਰ ਚਿਹਰੇ ਦੀ
ਜ਼ਹਿਨੀਅਤ ਸਮਝਣ ਤੋਂ ਅਸਮਰੱਥ।
ਜੰਗਲ ਭੈ-ਭੀਤ ਹੋ ਕੇ
ਚੌਕੰਨਾ ਹੁੰਦਾ ਹੈ
ਜਾਗਰੂਕ ਹੈ ਜੰਗਲ
ਜੰਗਲ ਦੀ ਦਹਿਲੀਜ਼ ਤੋਂ
ਜੰਗਲ ਵੱਲ ਨੂੰ
ਹੋ ਤੁਰਦਾ ਹਾਂ।  (ਨਵਾਂ ਜ਼ਮਾਨਾ, 15 ਅਪ੍ਰੈਲ 2018)

No comments:

Post a Comment