Monday, 3 September 2018

ਮੋਦੀ ਦੀ ਪੁਲਸ ਵੱਲੋਂ ਉੱਘੇ ਬੁੱਧੀਜੀਵੀਆਂ ਦੀ ਜੁਬਾਨਬੰਦੀ ਲਈ ਹਮਲੇ

ਮੋਦੀ ਦੀ ਸ਼ਿਸ਼ਕਾਰੀ ਮਹਾਂਰਾਸ਼ਟਰ ਪੁਲਸ ਵੱਲੋਂ ਉੱਘੇ ਬੁੱਧੀਜੀਵੀਆਂ ਦੀ
ਜੁਬਾਨਬੰਦੀ ਲਈ ਵਿੱਢੇ ਹਮਲੇ ਦਾ ਵਿਰੋਧ ਕਰੋ

ਮਹਾਂਰਾਸ਼ਟਰ ਪੁਲਸ ਵੱਲੋਂ ਵੱਖ ਵੱਖ ਰਾਜਾਂ ਵਿੱਚ ਛਾਪੇ ਮਾਰ ਕੇ ਪੰਜ ਉੱਘੇ ਖੱਬੇ-ਪੱਖੀ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਤੈਲਗੂ ਕਵੀ ਤੇ ਇਨਕਲਾਬੀ ਕਾਰਕੁੰਨ ਵਰਵਰਾ ਰਾਓ ਨੂੰ ਹੈਦਰਾਬਾਦ ਤੋਂ, ਸਮਾਜਿਕ ਕਾਰਕੁੰਨ ਪ੍ਰੋ. ਵਰਨੌਨ ਗੌਂਸਾਲਵੇਜ ਤੇ ਮੁੰਬਈ ਹਾਈਕੋਰਟ ਦੇ ਵਕੀਲ ਅਰੁਣ ਫਰੇਰਾ ਨੂੰ ਮੁੰਬਈ ਤੋਂ, ਉੱਘੀ ਲੋਕ-ਪੱਖੀ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਸੁਧਾ ਭਾਰਦਵਾਜ ਨੂੰ ਫਰੀਦਾਬਾਦ ਤੋਂ ਅਤੇ ਨਾਗਰਿਕ ਅਧਿਕਾਰਾਂ ਦੇ ਕਾਰਕੁੰਨ, ਲੇਖਕ ਅਤੇ 'ਇਕਨਾਮਿਕ ਐਂਡ ਪੋਲੀਟੀਕਲ ਵੀਕਲੀ' ਦੇ ਸਾਬਕਾ ਸਹਿ-ਸੰਪਾਦਕ ਗੌਤਮ ਨਵਲੱਖਾ ਨੂੰ ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਵੱਲੋਂ ਘੜੀ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਨੂੰ ਪਿਛਲੇ ਸਾਲ 31 ਦਸੰਬਰ ਨੂੰ ਪੂਨੇ ਵਿੱਚ ਹੋਈ ''ਐਲਗਰ ਪ੍ਰੀਸ਼ਦ'' ਤੋਂ ਅਗਲੇ ਦਿਨ ਕੋਰੇਗਾਉਂ-ਭੀਮਾ ਪਿੰਡ ਵਿੱਚ ਸਮਾਗਮ ਦੌਰਾਨ ਹੋਈ ਹਿੰਸਾ ਦੀ ਜਾਂਚ ਦੇ ਬਹਾਨੇ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਗ੍ਰਿਫਤਾਰੀਆਂ ਨਾਲ ਜੁੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਲਈ ਮਿਲੇ ਦੱਸੇ ਜਾਂਦੇ ਪੱਤਰ ਨੂੰ ਵੀ ਇਹਨਾਂ ਨਾਲ ਜੋੜਿਆ ਜਾ ਰਿਹਾ ਹੈ।
ਇੱਥੇ ਗੱਲ ਚੇਤੇ ਰੱਖਣਯੋਗ ਹੈ ਕਿ ਜੂਨ ਮਹੀਨੇ ਵਿੱਚ ਦਲਿਤ ਕਾਰਕੁੰਨ ਤੇ ਸੰਪਾਦਕ ਸੁਧੀਰ ਧਾਵਲੇ, ਵਕੀਲ ਸਰੇਂਦਰ ਗਾਡਲਿੰਗ, ਸਮਾਜਿਕ ਕਾਰਕੁੰਨ ਮਹੇਸ਼ ਰਾਓਤ, ਪ੍ਰੋ. ਸੋਮਾ ਸੇਨ ਅਤੇ ਰੋਨਾ ਵਿਲਸਨ ਵਰਗੇ ਉੱਘੇ ਬੁੱਧੀਜੀਵੀਆਂ ਨੂੰ ਵੀ ਇਹਨਾਂ ਦੋਸ਼ਾਂ ਦੇ ਆਧਾਰ ਉੱਤੇ ਪੂਨਾ ਪੁਲਸ ਪਹਿਲਾਂ ਗ੍ਰਿਫਤਾਰ ਕਰ ਚੁੱਕੀ ਹੈ। ਇਹਨਾਂ ਕਾਰਕੁੰਨਾਂ  ਨੂੰ ਬਦਨਾਮ ਕਰਨ ਲਈ ਤਾਜ਼ਾ ਗ੍ਰਿਫਤਾਰੀਆਂ ਅੰਦਰ ਇਹ ਬਹਾਨਾ ਬਣਾਇਆ ਗਿਆ ਹੈ ਕਿ ਇਹਨਾਂ ਕਾਰਕੁੰਨਾਂ ਦੀ ਹੋਈ ਪੁੱਛਗਿੱਛ ਵਿੱਚੋਂ ਉਪਰੋਕਤ ਬੁੱਧੀਜੀਵੀਆਂ ਦੇ ਨਾਵਾਂ ਦਾ ਖੁਲਾਸਾ ਹੋਇਆ ਹੈ।
ਇਹਨਾਂ ਗ੍ਰਿਫਤਾਰੀਆਂ ਦੇ ਵਿਰੋਧ ਵਿੱਚ ਉੱਘੀ ਲੇਖਿਕਾ ਅਰੁੰਧਤੀ ਰਾਇ, ਉੱਘੇ ਵਕੀਲ ਭਾਰਤ ਭੂਸ਼ਣ, ਉੱਘੇ ਇਤਿਹਾਸਕਾਰ ਰਾਮ ਚੰਦਰ ਗੁਹਾ, ਆਦਿ ਨੇ ਨਿਖੇਧੀ ਕਰਦਿਆਂ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਇਸ ਕਾਰਵਾਈ ਦੀ ਐਮਰਜੈਂਸੀ ਨਾਲ ਤੁਲਨਾ ਕੀਤੀ ਹੈ। ਮੋਦੀ ਹਕੂਮਤ ਦਾ ਫਾਸ਼ੀਵਾਦੀ ਚੇਹਰਾ ਨੰਗਾ ਹੋਣ ਦੀ ਗੱਲ ਕਹੀ ਹੈ।
ਸੀ.ਪੀ.ਆਈ.(ਮ.ਲ.) ਨਿਊ  ਡੈਮੋਕਰੇਸੀ, ਸੀ.ਪੀ.ਆਈ.(ਮ.ਲ.) ਲਿਬਰੇਸ਼ਨ, ਸੀ.ਪੀ.ਐਮ. ਦੀ ਪੋਲਿਟ ਬਿਊਰੋ ਵੱਲੋਂ ਗ੍ਰਿਫਤਾਰੀਆਂ ਦੀ ਨਿਖੇਧੀ ਕਰਦੇ ਬਿਆਨ ਜਾਰੀ ਕੀਤੇ ਗਏ ਹਨ। ਸੀ.ਪੀ.ਆਈ.(ਮ.ਲ.) ਨਿਊ-ਡੈਮੋਕਰੇਸੀ ਅਤੇ ਕਈ ਜਨਤਕ ਜਥੇਬੰਦੀਆਂ ਵੱਲੋਂ ਪੰਜਾਬ ਅੰਦਰ ਕਈ ਥਾਵਾਂ 'ਤੇ ਮੁਜਾਹਰੇ ਵੀ ਕੀਤੇ ਗਏ ਹਨ। ਲੋਕ ਸੰਗਰਾਮ ਮੰਚ ਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਵੱਲੋਂ ਰਾਮਪੁਰਾ ਫੂਲ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਜ਼ੀਰਾ ਵਿੱਚ ਮੁਜਾਹਰੇ ਰੈਲੀਆਂ ਕੀਤੀਆਂ ਗਈਆਂ ਹਨ।
ਦਿੱਲੀ ਹਾਈਕੋਰਟ ਨੇ ਗੌਤਮ ਨਵਲੱਖਾ ਨੂੰ ਦਿੱਲੀ ਤੋਂ ਬਾਹਰ ਲਿਜਾਣ ਉੱਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਗੌਤਮ ਨੂੰ ਪੁਲਸ ਪਹਿਰੇ ਅਧੀਨ ਉਸਦੇ ਘਰ ਅੰਦਰ ਰੱਖਿਆ ਜਾਵੇ। ਉਸ ਨੂੰ ਆਪਣੇ ਵਕੀਲ ਨੂੰ ਮਿਲਣ ਦੀ ਆਗਿਆ ਹੋਵੇ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਸੁਧਾ ਭਾਰਦਵਾਜ ਨੂੰ ਉਸਦੇ ਘਰ ਹੀ ਨਜ਼ਰਬੰਦ ਰੱਖਣ ਦਾ ਹੁਕਮ ਦਿੱਤਾ ਹੈ।
ਉੱਘੀ ਇਤਿਹਾਸਕਾਰ ਰੋਮਿਲਾ ਥਾਪਰ, ਪ੍ਰਭਾਤ ਪਟਨਾਇਕ, ਸਤੀਸ਼ ਦੇਸ਼ਪਾਂਡੇ, ਦੇਵਕੀ ਜੈਨ ਅਤੇ ਮਾਇਆ ਦਾਰੂਵਾਲਾ ਬੁੱਧੀਜੀਵੀਆਂ ਵੱਲੋਂ ਸੁਪਰੀਮ ਕੋਰਟ ਅੰਦਰ ਪਾਈ ਜਨਹਿਤ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਹੈ ਕਿ ''ਜਮਹੂਰੀਅਤ ਵਿਰੋਧੀ ਆਵਾਜ਼ ਨੂੰ ਬੰਦ ਕਰਨ ਨਾਲ ਕੁੱਕਰ ਫੱਟ ਜਾਵੇਗਾ।'' ਇਹਨਾਂ ਨੂੰ ਆਪਣੇ ਘਰਾਂ ਅੰਦਰ ਪੁਲਸ ਪਹਿਰੇ ਵਿੱਚ ਰੱਖਿਆ ਜਾਵੇ। ਇਹਨਾਂ 'ਤੇ ਕੋਈ ਕੇਸ ਦਰਜ਼ ਨਾ ਕੀਤਾ ਜਾਵੇ। ਅਗਲੀ ਸੁਣਵਾਈ 6 ਸਤੰਬਰ ਦੀ ਤਹਿ ਕੀਤੀ ਹੈ।
ਪੂਨਾ ਪੁਲਸ ਵੱਲੋਂ ਪਹਿਲਾਂ ਅਤੇ ਹੁਣ ਕੀਤੀਆਂ ਗ੍ਰਿਫਤਾਰੀਆਂ ਇਸ ਗੱਲ ਦਾ ਸੰਕੇਤ ਹਨ ਕਿ ਮੋਦੀ ਹਕੂਮਤ ਵੱਲੋਂ ਪੂਨਾ ਪੁਲਸ ਦੇ ਪਟੇ ਖੋਲ੍ਹ ਦਿੱਤੇ ਹਨ। ਉਹ ਹਿੰਦੋਸਤਾਨ ਦੇ ਜਿਸ ਮਰਜੀ ਸ਼ਹਿਰ ਅੰਦਰ ਜਾ ਕੇ ਮੋਦੀ ਰਾਜ ਵਿਰੁੱਧ ਲੜ ਰਹੇ ਬੁੱਧੀਜੀਵੀਆਂ ਦਾ ਸ਼ਿਕਾਰ ਕਰ ਸਕਦੇ ਹਨ। ਉਹਨਾਂ ਉੱਤੇ ਜੋ ਮਰਜੀ ਝੂਠੀ ਕਹਾਣੀ ਘੜ ਕੇ ਅੰਦਰ ਡੱਕ ਸਕਦੇ ਹਨ। ਮੋਦੀ ਹਕੂਮਤ ਦਾ ਇਹ ਰਵੱਈਆ ਉਸਦੇ ਮਜਬੂਤ ਹੋਣ ਦਾ ਇਸ਼ਾਰਾ ਨਹੀਂ ਕਰਦਾ, ਸਗੋਂ ਅੰਦਰੋਂ ਖੋਖਲਾ ਹੋਣ ਦੀ ਚੁਗਲੀ ਕਰਦਾ ਹੈ। ਉਸਦੇ ਫਾਸ਼ੀ ਕਦਮਾਂ ਵਿਰੁੱਧ ਫੁੱਟ ਰਿਹਾ ਰੋਹ ਕਿਤੇ ਵੀ ਧਮਾਕੇ ਦੀ ਸ਼ਕਲ ਵਿੱਚ ਫਟ ਸਕਦਾ ਹੈ।
ਤਾਜ਼ਾ ਘਟਨਾਵਾਂ ਨਾਲ ਜੋੜ ਕੇ, ਜਿਵੇਂ ਬੁੱਧੀਜੀਵੀ ਹਲਕੇ ਤੇਜੀ ਨਾਲ ਹਰਕਤ ਵਿੱਚ ਆਏ ਹਨ। ਇਹ ਬਹੁਤ ਸੁਆਗਤਯੋਗ ਵਰਤਾਰਾ ਹੈ। ਸੁਪਰੀਮ ਕੋਰਟ ਦੇ ਜੱਜਾਂ ਦੇ ਅੰਤਰਿਮ ਫੈਸਲੇ ਗ੍ਰਿਫਤਾਰ ਸਾਥੀਆਂ ਨੂੰ ਫੌਰੀ ਕਾਨੂੰਨੀ ਰਾਹਤ ਪਹੁੰਚਾਉਣ ਵਾਲੇ ਹਨ। ਅੱਗੇ ਸੁਪਰੀਮ ਕੋਰਟ ਕੀ ਫੈਸਲੇ ਲੈਂਦੀ ਹੈ, ਇਹ ਤਾਂ ਅੱਗੇ ਪਤਾ ਲੱਗੇਗਾ ਪਰ ਇੱਕ ਗੱਲ ਸਾਫ ਹੈ ਕਿ ਮੋਦੀ ਹਕੂਮਤ ਲੋਕਾਂ 'ਤੇ ਝਪਟਣ ਲਈ ਪੂਨਾ ਪੁਲਸ ਦੀਆਂ ਸੰਗਲੀਆਂ ਖੋਲ੍ਹ ਚੁੱਕੀ ਹੈ।
ਇਹਨਾਂ ਗ੍ਰਿਫਤਾਰੀਆਂ ਲਈ ਜੋ ਬਹਾਨੇ ਬਣਾਏ ਜਾ ਰਹੇ ਹਨ। ਉਹ ਕੋਈ ਨਵੇਂ ਨਹੀਂ ਹਨ। ਭੀਮਾ ਕੋਰੇਗਾਉਂ ਹਿੰਸਾ ਹਿੰਦੂ ਫਾਸ਼ੀਵਾਦੀ ਤਾਕਤਾਂ ਦੀ ਯੋਜਨਾਬੱਧ ਕਾਰਵਾਈ ਸੀ। ਜਿਸ ਦੀ ਅਗਵਾਈ ਸੰਭਾ ਜੀ ਭਿਡੇ ਨੇ ਕੀਤੀ। ਮੋਦੀ ਨੂੰ ਮਾਰਨ ਦੀ ਸਾਜਿਸ਼ ਵਾਲਾ ਪੱਤਰ ਵੀ ਖੁਦ ਘੜੀ ਕਹਾਣੀ ਹੈ। ਇਹਨਾਂ ਦੋਹਾਂ ਕਾਰਨਾਂ ਦਾ ਸਬੰਧ ਨਾ ਪਹਿਲਾਂ ਗ੍ਰਿਫਤਾਰ ਕੀਤੇ ਪੰਜਾਂ ਨਾਲ ਹੈ ਅਤੇ ਨਾ ਹੀ ਹੁਣ ਗ੍ਰਿਫਤਾਰ ਕੀਤੇ ਬੁੱਧੀਜੀਵੀਆਂ ਨਾਲ ਹੈ। ਅਸਲ ਗੱਲ ਇਹ ਹੈ ਕਿ ਮੋਦੀ ਹਕੂਮਤ ਦੇ ਵਧਦੇ ਫਾਸ਼ੀਵਾਦੀ ਕਦਮਾਂ ਕਰਕੇ ਉਹ ਆਪਣਾ ਭੋਰਾ ਭਰ ਵੀ ਵਿਰੋਧ ਸਹਿਣ ਕਰਨ ਲਈ ਤਿਆਰ ਨਹੀਂ। ਉਸ ਨੂੰ ਹਰ ਵਿਰੋਧੀ ਆਵਾਜ਼ ਵਿੱਚੋਂ ਮਾਓਵਾਦ, ਮਾਓਵਾਦੀ ਪਾਰਟੀ, ਦਲਿਤ ਵਿਦਰੋਹ ਅਤੇ ਕਸ਼ਮੀਰੀ ਕੌਮਪ੍ਰਸਤ ਨਜ਼ਰ ਆਉਂਦੇ ਹਨ। ਇੱਕ ਪਾਸੇ ਉਹ ਮਾਓਵਾਦੀਆਂ ਨੂੰ ਹਾਰੀ ਹੋਈ ਲੜਾਈ ਲੜ ਰਹੇ ਵਜੋਂ ਪੇਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਖੱਬੇ-ਪੱਖੀ ਬੁੱਧੀਜੀਵੀਆਂ ਦੀ ਜੁਬਾਨਬੰਦੀ ਉੱਤੇ ਉਤਾਰੂ ਹੋ ਰਹੀ ਹੈ।
ਇਨਕਲਾਬੀ ਜਮਹੂਰੀ ਸ਼ਕਤੀਆਂ, ਜਮਹੂਰੀ ਕਾਰਕੁੰਨਾਂ, ਇਨਸਾਫਪਸੰਦ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਇਹਨਾਂ ਗ੍ਰਿਫਤਾਰੀਆਂ ਵਿਰੁੱਧ ਰੋਹਲੀ ਆਵਾਜ਼ ਬੁਲੰਦ ਕਰਨ, ਗ੍ਰਿਫਤਾਰ ਸਾਥੀਆਂ ਦੀ ਬਿਨਾ ਸ਼ਰਤ ਰਿਹਾਈ ਲਈ ਜੱਦੋਜਹਿਦ ਕਰਨ।

No comments:

Post a Comment