Monday, 3 September 2018

ਕਠੂਆ ਬਲਾਤਕਾਰ ਗਵਾਹਾਂ ਦੀ ਕੁੱਟ-ਮਾਰ ਕਰਕੇ ਝੂਠੇ ਮੜ੍ਹਨੇ ਜਾਰੀ

ਕਠੂਆ ਬਲਾਤਕਾਰ ਅਤੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਲਈ
ਗਵਾਹਾਂ ਦੀ ਕੁੱਟ-ਮਾਰ ਕਰਕੇ ਝੂਠੇ ਮੜ੍ਹਨੇ ਜਾਰੀ
-ਚੇਤਨ
ਕਠੂਆ ਨੇੜਲੇ ਰਸਾਨਾ ਪਿੰਡ ਦੀ ਗੁੱਜਰ ਭਾਈਚਾਰੇ ਦੀ ਅੱਠ ਸਾਲਾਂ ਬੱਚੀ ਆਸਿਫਾ ਨੂੰ ਅਗਵਾ ਕਰਕੇ ਸੱਤ ਦਿਨ ਤੱਕ ਸਮੂਹਿਕ ਬਲਾਤਕਾਰ ਕਰਨ ਅਤੇ ਆਖਿਰ ਪੱਥਰ ਮਾਰ ਮਾਰ ਕੇ ਮਾਰ ਦੇਣ ਦੇ ਦੋਸ਼ੀਆਂ ਨੂੰ ਬਚਾਉਣ ਲਈ ਭਾਜਪਾ ਅਤੇ ਜੰਮੂ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਹੁਣ ਭਾਜਪਾ ਅਤੇ ਪ੍ਰਸ਼ਾਸਨ ਵੱਲੋਂ ਇਸ ਘਿਨਾਉਣੇ ਕੁਕਰਮ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਵਕੀਲ ਅਤੇ ਸਮਾਜਿਕ ਕਾਰਕੁੰਨਾਂ ਨੂੰ ਧਮਕਾਉਣ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਮੁੱਖ ਗਵਾਹ ਤਾਲਿਬ ਹੁਸੈਨ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਉਹ ਪੀੜਤ ਪਰਿਵਾਰ ਦੇ ਮੈਂਬਰਾਂ ਦੀ ਮੱਦਦ ਕਰ ਰਿਹਾ ਸੀ। ਪੁਲਸ ਹਿਰਾਸਤ ਵਿੱਚ ਉਸ ਉੱਤੇ ਤਸ਼ੱਦਦ ਕਰਕੇ ਗੰਭੀਰ ਸੱਟਾਂ ਮਾਰੀਆਂ ਗਈਆਂ ਹਨ ਅਤੇ ਉਸ ਨੂੰ ਸਾਰੀ ਉਮਰ ਜੇਲ੍ਹ ਵਿੱਚ ਰੱਖਣ ਲਈ ਅਨੇਕਾਂ ਪਰਚੇ ਦਰਜ਼ ਕਰ ਦਿੱਤੇ ਗਏ ਹਨ। ਇਹ ਭਾਜਪਾ ਅਤੇ ਜੰਮੂ ਪ੍ਰਸ਼ਾਸਨ ਵੱਲੋਂ ਆਸਿਫਾ ਬਲਾਤਕਾਰ ਅਤੇ ਕਤਲ ਮਮਲੇ ਵਿੱਚ ਦੋਸ਼ੀਆਂ ਨੂੰ ਬੇਲਾਗ ਬਚਾਉਣ ਦੇ ਯਤਨਾਂ ਵਿੱਚ ਨਾਕਾਮ ਰਹਿਣ ਤੋਂ ਬਾਅਦ ਯੋਜਨਾ ਤਹਿਤ ਕੀਤਾ  ਗਿਆ ਹੈ। ਇਹ ਉਹਨਾਂ ਹੀ ਕੋਸ਼ਿਸ਼ਾਂ ਦੀ ਅਗਲੀ ਕੜੀ ਹੈ।
10 ਜਨਵਰੀ ਨੂੰ ਘਮੰਤੂ ਗੁੱਜਰ/ਬੱਕਰਵਾਲ ਜੋ ਮੁਸਲਿਮ ਧਰਮ ਨਾਲ ਸਬੰਧਤ ਭਾਈਚਾਰਾ ਹੈ, ਦੀ 8 ਸਾਲ ਦੀ ਬੱਚੀ ਆਸਿਫਾ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ, ਜਦੋਂ ਉਹ ਆਪਣੇ ਪਸ਼ੂਆਂ ਲਈ ਨਿੱਤ ਵਾਂਗ ਆਹਰ ਵਿੱਚ ਲੱਗੀ ਹੋਈ ਸੀ। ਉਸਦੀ ਗੁੰਮਸ਼ੁਦਗੀ ਰਿਪੋਰਟ 'ਤੇ ਪੁਲਸ ਨੇ ਕੋਈ ਧਿਆਨ ਹੀ ਨਹੀਂ ਦਿੱਤਾ। ਸੱਤ ਦਿਨ ਬਾਅਦ ਉਸਦੀ ਜੰਗਲ ਵਿੱਚੋਂ ਲਾਸ਼ ਮਿਲਣ 'ਤੇ ਵੀ ਪੁਲਸ ਨੇ ਇੱਕ ਨਾਬਾਲਗ ਤੇ ਕੇਸ ਕਰਕੇ ਖਹਿੜਾ ਛੁਡਾਉਣਾ ਚਾਹਿਆ। ਜਦੋਂ ਤਾਲਿਬ ਹੁਸੈਨ ਤੇ ਹੋਰ ਜਮਹੂਰੀ ਨਿਆਂਪਸੰਦ ਲੋਕਾਂ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਹੋਏ ਤੇ ਪੂਰਾ ਜੰਮੂ-ਕਸ਼ਮੀਰ ਸੰਘਰਸ਼ ਦਾ ਅਖਾੜਾ ਬਣ ਗਿਆ। ਦੇਸ਼ ਭਰ ਵਿੱਚ ਇਸ ਵਹਿਸ਼ੀ ਕਾਰੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਸਜ਼ਾਵਾਂ ਦਿਵਾਉਣ ਲਈ ਅੰਦੋਲਨ ਉੱਠ ਖੜ੍ਹਾ ਹੋਇਆ ਅਤੇ ਵਿਦੇਸ਼ਾਂ ਅਤੇ ਯੂ.ਐਨ.ਓ. ਤੱਕ ਚਰਚਾ ਛਿੜੀ ਤਾਂ ਜਾ ਕੇ ਮਾਮਲਾ ਜੰਮੂ-ਕਸ਼ਮੀਰ ਅਪਰਾਧ ਸ਼ਾਖਾ ਦੇ ਹਵਾਲੇ ਕੀਤਾ ਗਿਆ। ਜਾਂਚ ਵਿੱਚ ਸੱਤ ਦੋਸ਼ੀਆਂ (ਇੱਕ ਨਾਬਾਲਗ ਸਮੇਤ) 'ਤੇ ਪਰਚੇ ਦਰਜ਼ ਹੋਏ, ਜਿਹਨਾਂ ਵਿੱਚ ਮੁੱਖ ਸਾਜਿਸ਼ ਕਰਤਾ ਮਾਲ ਵਿਭਾਗ ਦਾ ਸਾਬਕਾ ਅਧਿਕਾਰੀ ਸਾਂਝਾ ਰਾਮ, ਉਸਦਾ ਭਤੀਜਾ, ਇਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਦੀਪਕ ਖਜੂਰੀਆ ਆਦਿ ਸ਼ਾਮਲ ਸਨ। ਪਹਿਲਾਂ ਤਾਂ ਸਰਕਾਰ ਅਤੇ ਭਾਜਪਾ ਦੇ ਧੂਤੂ ਜੀ-ਨਿਊਜ਼ ਅਤੇ ਜਾਗਰਣ ਅਖਬਾਰ ਨੇ ਵੱਡੀਆਂ ਖਬਰਾਂ ਦੇ ਕੇ ਸਾਬਤ ਕਰਨ ਦਾ ਯਤਨ ਕੀਤਾ ਕਿ ਕਠੂਆ ਵਿੱਚ ਕਿਸੇ ਵੀ ਬੱਚੀ ਨਾਲ ਬਲਾਤਕਾਰ ਹੋਇਆ ਹੀ ਨਹੀਂ ਐਵੇਂ ਹੀ ਚੀਕ-ਚਿਹਾੜਾ ਪਾਇਆ ਜਾ ਰਿਹਾ ਹੈ, ਬੱਚੀ ਤਾਂ ਸਾਹ ਘੁੱਟਣ ਕਰਕੇ ਦਿਲ ਦੇ ਦੌਰੇ ਨਾਲ ਮਰੀ ਹੈ। ਪੋਸਟ ਮਾਰਟਮ ਰਿਪੋਰਟ ਵਿੱਚ ਸਾਫ ਤੌਰ 'ਤੇ ਬਲਾਤਕਾਰ ਸਾਬਤ ਹੋ ਜਾਣ 'ਤੇ ਆਰ.ਐਸ.ਐਸ. ਭਾਜਪਾ ਨੇ ਹੋਰ ਕੋਝੇ ਤਰੀਕੇ ਵਰਤ ਕੇ ਦੋਸ਼ੀਆਂ ਨੂੰ ਬਚਾਉਣਾ ਚਾਹਿਆ। ਭਾਜਪਾ ਦੇ ਦੋ ਮੰਤਰੀਆਂ ਦੀ ਅਗਵਾਈ ਵਿੱਚ ''ਹਿੰਦੂ ਏਕਤਾ ਮੰਚ'' ਖੜ੍ਹਾ ਕਰਕੇ ਦੋਸ਼ੀਆਂ ਨੂੰ ਬਚਾਉਣ ਲਈ ਆਪਣੇ ਰਵਾਇਤੀ ਆਧਾਰ, ਵਪਾਰੀ ਦੁਕਾਨਦਾਰਾਂ, ਪ੍ਰਾਪਰਟੀ ਡੀਲਰਾਂ, ਦਲਾਲਾਂ ਅਤੇ ਠੇਕੇਦਾਰਾਂ ਨੂੰ ਲਾਮਬੰਦ ਕਰਕੇ ਦੋਸ਼ੀਆਂ ਦੇ ਹੱਕ ਵਿੱਚ ਤਿਰੰਗਾ ਝੰਡਾ ਲੈ ਕੇ ਰੈਲੀਆਂ-ਮੁਜਾਹਰੇ ਤੇ ਰੇਲ ਜਾਮ ਵਰਗੇ ਐਕਸ਼ਨ ਸ਼ੁਰੂ ਕੀਤੇ ਗਏ। ਬਾਰ ਐਸੋਸੀਏਸ਼ਨ ਦੀ ਅਗਵਾਈ ਵਿੱਚ ਵਕੀਲ ਦੋਸ਼ੀਆਂ ਨੂੰ ਬਚਾਉਣ ਲਈ ਪ੍ਰਦਰਸ਼ਨ ਕਰਨ ਲੱਗੇ ਅਤੇ ਉਹਨਾਂ ਅਪਰਾਧ ਸ਼ਾਖਾ ਨੂੰ ਚਾਰਜਸ਼ੀਟ ਪੇਸ਼ ਕਰਨ ਤੋਂ ਵੀ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ. ਬੱਚੀ ਅਤੇ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਸਰਗਰਮ ਲੋਕਾਂ ਨੂੰ ਪਾਕਿਸਤਾਨ ਪੱਖੀ ਦੇਸ਼ ਧਰੋਹੀ ਗਰਦਾਨਣ ਦੇ ਨਾਲ ਨਾਲ ਇੱਕ ਦੋਸ਼ੀ ਨੂੰ ਨਾਬਾਲਗ ਤੇ ਇੱਕ ਨੂੰ ਮੁਜ਼ੱਫਰਨਗਰ ਵਿੱਚ 4 ਇਮਤਿਹਾਨ ਦਿੰਦੇ ਹੋਣ ਦੇ ਜਾਅਲੀ ਸਬੂਤ ਜੁਟਾਏ ਗਏ ਜੋ ਜਾਂਚ ਵਿੱਚ ਫੇਲ੍ਹ ਹੋ ਗਏ। ਭਾਜਪਾ ਦੇ ਲਾਮਬੰਦ ਕੀਤੇ ਸਮੁੱਚੇ ਵਕੀਲਾਂ ਵੱਲੋਂ ਆਸਿਫਾ ਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ। ਘਾਟੀ 'ਚੋਂ ਹਿਜਰਤ ਕਰਕੇ ਆਏ ਕਸ਼ਮੀਰੀ ਪੰਡਿਤਾਂ ਦੇ ਪਿਛੋਕੜ ਵਾਲੀ ਵਕੀਲ ਦੀਪਕਾ ਸਿੰਘ ਰਾਜਵਤ ਜੋ ਆਸਿਫਾ ਦਾ ਕੇਸ ਲੜ ਰਹੀ ਹੈ ਅਤੇ ਪੀੜਤ ਪਰਿਵਾਰ ਨਾਲ ਡਟ ਕੇ ਖੜ੍ਹੀ ਹੈ ਦਾ ਬਾਈਕਾਟ ਕਰਵਾ ਦਿੱਤਾ ਗਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬੀ.ਜੇ. ਸਾਲਾਖੀਆ ਨੇ ਉਸ ਨੂੰ ਡਰਾਇਆ-ਧਮਕਾਇਆ ਅਤੇ ਕੇਸ ਨਾ ਲੜਨ, ਉਸਦੇ ਸ਼ਬਦਾਂ ਵਿੱਚ ''ਇੱਥੇ ਗੰਦ ਨਾ ਖਿਲਾਰਨ' ਦੇ ਹੁਕਮ ਚਾੜ੍ਹੇ ਅਤੇ ਕੰਟੀਨ ਤੋਂ ਉਸਦਾ ਖਾਣਾ-ਪੀਣਾ ਬੰਦ ਕਰਵਾ ਦਿੱਤਾ। ਹਾਲਤਾਂ ਦੀ ਨਜ਼ਾਕਤ ਬਿਆਨ ਕਰਦੀ ਹੋਈ ਉਹ ਐਨ.ਡੀ.ਟੀ.ਵੀ. ਚੈਨਲ ਨੂੰ ਕਹਿੰਦੀ ਹੈ, ''ਮੈਨੂੰ ਨਹੀਂ ਪਤਾ ਮੈਂ ਕਦੋਂ ਤੱਕ ਜ਼ਿੰਦਾ ਰਹਾਂਗੀ। ਮੇਰਾ ਬਲਾਤਕਾਰ ਹੋ ਸਕਦਾ ਹੈ, ਮੇਰੀ ਇੱਜਤ ਨੂੰ ਬਰਬਾਦ ਕੀਤਾ ਜਾ ਸਕਦਾ ਹੈ, ਮੇਰਾ ਕਤਲ ਹੋ ਸਕਦਾ ਹੈ ਅਤੇ ਮੈਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਅਜੇ ਕੱਲ੍ਹ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਕੱਲ੍ਹ ਮੈਂ ਸੁਪਰੀਮ ਕੋਰਟ ਵਿੱਚ ਦੱਸਣ ਜਾ ਰਹੀ ਹਾਂ ਕਿ ਮੈਂ ਖਤਰੇ ਵਿੱਚ ਹਾਂ।''
ਦੂਸਰੇ ਪਾਸੇ ਦੋਸ਼ੀਆਂ ਦੇ ਬਚਾਅ ਲਈ ਲੜ ਰਹੇ ਵਕੀਲ ਏ.ਕੇ. ਸਾਹਨੀ ਦੇ ਲੜਕੇ ਅਸੀਮ ਸਾਹਨੀ, ਜੋ ਆਪ ਵੀ ਇਸ ਮਾਮਲੇ ਵਿੱਚ ਬਚਾਅ ਪੱਖ ਤੋਂ ਲੜ ਰਿਹਾ ਸੀ,  ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਜੰਮੂ-ਕਸ਼ਮੀਰ ਹਾਈਕੋਰਟ ਦੇ ਜੰਮੂ ਵਿੰਗ ਦਾ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਗਿਆ।
ਮੁੱਖ ਗਵਾਹ ਤਾਲਿਬ ਹੁਸੈਨ 'ਤੇ ਤਸ਼ੱਦਦ ਤੇ ਕੇਸ ਦਾ ਮੰਤਵ
ਇਸ ਸਾਰੇ ਪਿਛੋਕੜ ਵਿੱਚ ਅਸਲ ਵਿੱਚ ਜੰਮੂ ਖੇਤਰ ਦੀ ਭਾਜਪਾ ਲੀਡਰਸ਼ਿੱਪ, ਦੋ ਮੰਤਰੀ, ਬਾਰ ਐਸੋਸੀਏਸ਼ਨ ਦੀ ਵਕੀਲ ਲਾਬੀ ਅਤੇ ਪ੍ਰਸ਼ਾਸਨ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਕਿ ਜੰਮੂ ਖੇਤਰ ਵਿੱਚੋਂ ਗੁੱਜਰ ਬੱਕਰਵਾਲ ਭਾਈਚਾਰੇ ਦੇ ਲੋਕਾਂ ਨੂੰ ਭਜਾਇਆ ਜਾਵੇ। ਉਹਨਾਂ ਦੀ ਨਜ਼ਰ ਬੱਕਰਵਾਲ ਭਾਈਚਾਰੇ ਦੀਆਂ ਜ਼ਮੀਨਾਂ ਅਤੇ ਘਰਾਂ 'ਤੇ ਹੈ।
ਤਾਲਿਬ ਹੁਸੈਨ ਇਸ ਕੇਸ ਦਾ ਮੁੱਖ ਗਵਾਹ ਹੈ। ਉਸਦੀ ਪਹਿਲਕਦਮੀ ਅਤੇ ਸਿਦਕਦਿਲੀ ਕਰਕੇ ਹੀ ਬੱਚੀ ਦੇ ਬਲਾਤਕਾਰ ਅਤੇ ਕਤਲ ਖਿਲਾਫ ਐਨਾ ਵਿਸ਼ਾਲ ਸੰਘਰਸ਼ ਲੜਿਆ ਗਿਆ ਸੀ ਅਤੇ ਕੇਸ ਸੁਪਰੀਮ ਕੋਰਟ ਵਿੱਚ ਪੁੱਜਾ ਅਤੇ ਇਸਦੀ ਸੁਣਵਾਈ ਕਠੂਏ ਤੋਂ ਬਾਹਰ ਪਠਾਨਕੋਟ ਤਬਦੀਲ ਹੋਈ। ਉਸ ਕਰਕੇ ਹੀ ਮਾਮਲਾ ਵਿਧਾਨ ਸਭਾ ਤੱਕ ਪਹੁੰਚਿਆ ਅਤੇ ਮੁੱਖ ਮੰਤਰੀ ਮੁਫਤੀ ਮਹਿਬੂਬਾ ਨੂੰ ਕਹਿਣਾ ਪਿਆ ਕਿ ''ਜੇਕਰ ਭਾਜਪਾ ਕਾਤਲਾਂ ਦੇ ਹੱਕ ਵਿੱਚ ਇਸੇ ਤਰ੍ਹਾਂ ਸਰਗਰਮ ਰਹੀ ਤਾਂ ਸਾਡਾ ਗੱਠਜੋੜ ਵੀ ਟੁੱਟ ਸਕਦਾ ਹੈ।''
ਮਹੀਨਾ ਕੁ ਪਹਿਲਾਂ ਤਾਲਿਬ ਹੁਸੈਨ ਦੀ ਪਤਨੀ 'ਤੇ ਦਬਾਅ ਪਾ ਕੇ ਸਾਂਬਾ ਪੁਲਸ ਨੇ ਇੱਕ ਦਰਖਾਸਤ ਲਿਖਵਾਈ ਸੀ ਕਿ ''ਤਾਲਿਬ ਹੁਸੈਨ ਤਿੰਨ ਚਾਰ ਮਹੀਨੇ ਤੋਂ ਉਸ 'ਤੇ ਤਸ਼ੱਦਦ ਅਤੇ ਕੁੱਟਮਾਰ ਕਰ ਰਿਹਾ ਸੀ। ਉਸਨੇ ਜਦੋਂ ਦੂਸਰੀ ਲੜਕੀ ਨੂੰ ਜਨਮ ਦਿੱਤਾ ਤਾਂ ਤਾਲਿਬ ਹੁਸੈਨ 10 ਲੱਖ ਰੁਪਏ ਅਤੇ ਦਾਜ ਮੰਗਣ ਲੱਗਾ। ਉਸਦੀ ਪਤਨੀ ਨੁਸਰਤ ਬੇਗਮ ਮੁਤਾਬਕ ਉਹ 25 ਜੂਨ ਨੂੰ ਉਸ ਨੂੰ ਉਜਾੜ ਥਾਂ ਲੈ ਗਿਆ ਤੇ ਗਲ ਫਾਹਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਬੇਹੋਸ਼ ਹੋਈ ਨੂੰ ਉਹ ਮਰੀ ਸਮਝ ਕੇ ਭੱਜ ਗਿਆ। ਉਸ ਖਿਲਾਫ ਰਣਬੀਰ ਪੀਨਲ ਕੋਰਡ ਦੇ ਤਹਿਤ ਘਰੇਲੂ ਹਿੰਸਾ, ਦਾਜ ਆਦਿ ਦੇ ਕੇਸ ਦਰਜ਼ ਕਰਕੇ ਪੁਲਸ ਪਾਰਟੀ ਸਾਂਬਾ ਤੋਂ 250 ਕਿਲੋਮੀਟਰ ਸਫਰ ਤਹਿ ਕਰਕੇ ਪੁਲਵਾਮਾ ਜ਼ਿਲ੍ਹੇ ਦੇ ਤਰਾਹ ਵਿੱਚ ਪਹੁੰਚੀ ਤਾਂ ਪ੍ਰੇਸ਼ਾਨ ਹੋ ਗਈ ਕਿਉਂਕਿ ਕਸ਼ਮੀਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮੀਆਂ ਅਬਦੁੱਲ ਕਿਊਮ ਦੀ ਪਟੀਸ਼ਨ 'ਤੇ ਜੰਮੂ-ਕਸ਼ਮੀਰ ਹਾਈਕੋਰਟ ਨੇ ਤਾਲਿਬ ਦੀ ਗ੍ਰਿਫਤਾਰੀ 'ਤੇ ਰੋਕ ਲਾ ਦਿੱਤੀ ਸੀ। ਅਪ੍ਰੈਲ ਵਿੱਚ ਭਾਜਪਾ ਵਰਕਰਾਂ ਵੱਲੋਂ ਤਾਲਿਬ 'ਤੇ ਹਮਲਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਉਸ ਨੂੰ ਦੋ ਸੁਰੱਖਿਆ ਗਾਰਡ ਦਿੱਤੇ ਸਨ। ਹਰ ਵੇਲੇ ਨਾਲ ਰਹਿਣ ਵਾਲੇ ਸੁਰੱਖਿਆ ਗਾਰਡਾਂ ਨੇ ਹਲਫੀਆ ਬਿਆਨ ਵਿੱਚ ਦੱਸਿਆ ਕਿ ਉਸਦੀ ਪਤਨੀ ਵੱਲੋਂ ਦੱਸੇ ਵਾਕਿਆ ਸਮੇਂ ਤਾਲਿਬ ਹੁਸੈਨ ਉਸ ਸਥਾਨ ਤੋਂ 200 ਕਿਲੋਮੀਟਰ ਦੂਰ ਬਨੀਹਾਲ ਵਿੱਚ ਸੀ ਅਤੇ ਉਹ ਦੋਵੇਂ ਉਸਦੇ ਨਾਲ ਸਨ। ਇਸ ਗਵਾਹੀ ਦੇ ਆਧਾਰ 'ਤੇ ਹਾਈਕੋਰਟ ਨੇ ਗ੍ਰਿਫਤਾਰੀ 'ਤੇ ਰੋਕ ਲਾ ਦਿੱਤੀ ਸੀ। ਜਦੋਂ ਪੁਲਸ ਪਾਰਟੀ ਨੇ ਸਾਂਬਾ ਤੋਂ ਮੁੜ ਹਿਦਾਇਤਾਂ ਲੈਣ ਲਈ ਸੰਪਰਕ ਕੀਤਾ  ਤਾਂ ਉਸ ਨੂੰ ਕਿਹਾ ਕਿ ਤਾਲਿਬ ਨੂੰ ਉਸਦੀ ਪਤਨੀ ਦੀ ਦਰਾਣੀ/ਜੇਠਾਣੀ ਦੇ ਬਲਾਤਕਾਰ ਵਿੱਚ ਗ੍ਰਿਫਤਾਰ ਕਰ ਲਿਆ ਜਾਵੇ। ਤਾਲਿਬ ਦੇ ਵਕੀਲ ਮੁਬੀਨ ਫਾਰੂਕੀ ਦਾ ਕਹਿਣਾ ਹੈ ਕਿ ਇਸ ਬਲਾਤਕਾਰ ਕੇਸ ਦੀ ਐਫ.ਆਈ.ਆਰ. ਰਾਤ ਸਾਡੇ ਬਾਰਾਂ ਵਜੇ 31 ਜੁਲਾਈ ਉਸ ਵੇਲੇ ਦਰਜ਼ ਕੀਤੀ ਗਈ, ਜਦੋਂ ਪੁਲਸ ਪਾਰਟੀ ਪਹਿਲਾਂ ਹੀ 250 ਕਿਲੋਮੀਟਰ ਦੂਰ ਤਰਾਲ ਦੇ ਪੁਲਸ ਥਾਣੇ ਵਿੱਚ ਬੈਠੀ ਹੋਈ ਸੀ। ਸਾਂਬਾ (ਜੰਮੂ) ਸਥਿਤ ਸੈਸ਼ਨ ਕੋਰਟ ਨੇ ਉਸ ਦਾ ਰਿਮਾਂਡ ਦੇ ਦਿੱਤਾ। 2 ਅਗਸਤ ਨੂੰ ਉਸਨੂੰ ਮਿਲਣ ਵਾਲੇ ਫਾਰੂਕੀ ਤੇ ਵਜੀਦ ਖਤਾਨਾ ਨੇ ਕਿਹਾ ਕਿ ਉਹ ਕੱਪਿੜਆਂ ਤੋਂ ਬਗੈਰ ਨੰਗਾ ਸੀ, ਸਿਰ ਦੀ ਹੱਡੀ ਤੋੜੀ ਹੋਈ ਸੀ ਅਤੇ ਹੱਥਕੜੀਆਂ ਲਾ ਕੇ ਕੁੰਡੇ ਨਾਲ ਬੰਨ੍ਹਿਆ ਹੋਇਆ ਸੀ। ਉਸ ਨੂੰ ਦੁਪਹਿਰ ਦਾ ਖਾਣਾ ਦੇਣ ਗਈ ਉਸਦੀ ਚਾਚੀ ਅਨੁਸਾਰ ਉਸਦੇ ਸੱਟਾਂ ਮਾਰੀਆਂ ਹੋਈਆਂ ਸਨ ਅਤੇ ਖੂਨ ਵਗ ਰਿਹਾ ਸੀ। ਉਸਦੀ ਪਤਨੀ ਦੀ ਦਰਾਣੀ ਵੱਲੋਂ ਦਰਜ਼ ਕਰਵਾਏ ਕੇਸ ਦੀ ਕਹਾਣੀ ਪੂਰੀ ਤਰ੍ਹਾਂ ਫਰਜ਼ੀ ਹੈ ਇੱਕ ਏਜੰਸੀ ਨੂੰ ਉਹ ਜੰਗਲ ਵਿੱਚ ਪਸ਼ੂ ਚਰਾਉਂਦੇ ਹੋਈ ਨੂੰ ਤਾਲਿਬ ਵੱਲੋਂ ਬਲਾਤਕਾਰ ਕੀਤੇ ਜਾਣ ਦੀ ਗੱਲ ਕਰਦੀ ਹੈ, ਪਰ ਦੂਸਰੀ ਜਗਾਹ ਕਹਿੰਦੀ ਹੈ ਕਿ ਉਸ ਨੇ ਉਸਦੇ ਘਰ ਵਿੱਚ ਬਲਾਤਕਾਰ ਦੀ ਕੋਸ਼ਿਸ਼ ਕੀਤੀ ਸੀ ਤੇ ਮੈਨੂੰ ਮੀਟ ਕੱਟਣ ਵਾਲੇ ਟੋਕੇ ਨਾਲ ਡਰਾਇਆ ਸੀ। ਮੀਟ ਕੱਟਣ ਵਾਲੇ ਟੋਕੇ ਨੂੰ ਗੈਰ-ਕਾਨੂੰਨੀ ਹਥਿਆਰ ਬਣਾ ਕੇ ਉਸ ਖਿਲਾਫ ਇੱਕ ਹੋਰ ਕੇਸ ਦਰਜ ਕਰ ਦਿੱਤਾ ਗਿਆ, ਜਦੋਂ ਕਿ ਇਹ ਹਰ ਬੱਕਰਵਾਲ ਪਰਿਵਾਰ ਕੋਲ ਹੋਣਾ ਆਮ ਰਵਾਇਤੀ ਗੱਲ ਹੈ। ਜਦੋਂ ਪਰਿਵਾਰ ਵੱਲੋਂ ਉਸਦੀਆਂ ਸੱਟਾਂ ਦਾ ਮਾਮਲਾ ਉਠਾਇਆ ਗਿਆ ਤਾਂ ਪੁਲਸ ਨੇ ਤੁਰੰਤ ਹਿਰਾਸਤ ਵਿੱਚ ਕੰਧ ਨਾਲ ਟੱਕਰਾਂ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਨਵਾਂ ਕੇਸ ਦਰਜ ਕਰ ਦਿੱਤਾ। ਬਲਾਤਕਾਰ ਕੇਸ ਦਰਜ ਹੁੰਦੇ ਸਾਰ ਉਰਦੂ ਵਿੱਚ ਲਿਖੀ ਐਫ.ਆਈ.ਆਰ. ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਬੱਚੀ ਦੇ ਕਾਤਲਾਂ ਨੂੰ ਬਚਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਵਕੀਲ ਏ.ਕੇ. ਸਾਹਨੀ ਨੇ ਤੁਰੰਤ ਮੀਡੀਆ ਅਤੇ ਪ੍ਰਚਾਰ ਸਾਧਨਾਂ ਵਿੱਚ ਜ਼ੋਰ-ਸ਼ੋਰ ਨਾਲ ਟਿੱਪਣੀ ਕਰਕੇ ਘੁਮਾਇਆ। ਵਕੀਲਾਂ ਦਾ ਇੱਕ ਹਿੱਸਾ ਸਥਾਨਕ ਮੀਡੀਆ, ਭਾਜਪਾ ਅਤੇ ਸਥਾਨਕ ਪੁਲਸ ਨੇ ਜਿਸ ਢੰਗ ਨਾਲ ਖੁਸ਼ੀਆਂ ਮਨਾਈਆਂ, ਉਸ ਤੋਂ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਉਹਨਾਂ ਦਾ ਅਸਲ ਮਕਸਦ ਤੇ ਇਰਾਦਾ ਕੀ ਹੈ। 8 ਅਗਸਤ ਨੂੰ ਇੰਦਰਾ ਜੈ ਸਿੰਘ ਅਤੇ ਸੁਨੀਲ ਫਰਨਾਡੇਜ਼ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਵਿੱਚ ਮੰਗ ਕੀਤੀ ਗਈ ਕਿ ਤਾਲਿਬ 'ਤੇ ਸਰੀਰਕ ਤਸ਼ੱਦਦ ਕੀਤਾ ਗਿਆ ਹੈ ਇਸ ਲਈ ਉਸ ਨੂੰ ਪੇਸ਼ ਕੀਤਾ ਜਾਵੇ। ਮੁੱਖ ਜੱਜ ਤੇ ਬੈਂਚ ਦੀ ਸੁਰ ਪੁਲਸ ਦੇ ਹੱਕ ਵਿੱਚ ਹੀ ਰਹੀ। ਉਸ 'ਤੇ ਉਸਦੇ ਸਹੁਰੇ ਦਾ ਕਤਲ ਕਰਨ ਦੀ ਕੋਸ਼ਿਸ਼ ਦਾ ਵੀ ਇੱਕ ਕੇਸ ਦਰਜ਼ ਕੀਤਾ ਗਿਆ ਹੈ। ਵਕੀਲ ਏ.ਕੇ. ਸਾਹਨੀ ਨੇ ਜੰਮੂ ਕਸ਼ਮੀਰ ਪੁਲਸ ਦੇ ਮੁਖੀ ਨੂੰ ਸਲਾਹ ਦਿੱਤੀ ਹੈ ਕਿ ਉਸ ਖਿਲਾਫ ਕੇਸਾਂ ਦੀ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਜਾਵੇ। ਇੱਕ ਹੋਰ ਕੇਸ ਉਸਦੀ ਘਰਵਾਲੀ ਤੋਂ ਕਰਵਾਇਆ ਗਿਆ ਹੈ ਕਿ ਤਾਲਿਬ ਨੇ ਆਪਣੇ ਭਰਾ ਜੁਨੈਦ ਨਾਲ ਸਾਜਿਸ਼ ਕਰਕੇ ਉਸ ਕੋਲੋਂ ਉਸਦਾ ਬਲਾਤਕਾਰ ਨਵੰਬਰ 2016 ਵਿੱਚ ਕਰਵਾਇਆ ਸੀ। ਇਸ ਕੇਸ ਦਾ ਵਕੀਲ ਵੀ ਏ.ਕੇ. ਸਾਹਨੀ ਖੁਦ ਹੈ। ਇੱਕ ਨਵੇਂ ਕੇਸ ਵਿੱਚ ਸਾਹਨੀ ਨੇ ਪੁਲਸ ਅਤੇ ਸਥਾਨਕ ਮੀਡੀਆ ਨੂੰ ਕਿਹਾ ਹੈ ਕਿ ਜਨਵਰੀ ਵਿੱਚ ਆਸਿਫਾ ਦੀ ਲਾਸ਼ ਮਿਲਣ ਵੇਲੇ ਇੱਕ ਰੋਸ ਪ੍ਰਦਰਸ਼ਨ ਵਿੱਚ ਭੀੜ ਵੱਲੋਂ ਇੱਕ ਥਾਣੇ 'ਤੇ ਕੀਤੇ ਹਮਲੇ ਵਿੱਚ ਵੀ ਤਾਲਿਬ ਹੁਸੈਨ ਸ਼ਾਮਲ ਸੀ, ਇਸ ਕਰਕੇ ਉਹ ਕੇਸ ਵੀ ਉਸ ਵਿਰੁੱਧ ਚਲਾਇਆ ਜਾਵੇ। ਸਭ ਤੋਂ ਅਜੀਬ ਗੱਲ ਇਹ ਹੈ ਕਿ ਉਸਦੀ ਘਰਵਾਲੀ ਦੀ ਸ਼ਿਕਾਇਤ ਵਿੱਚ ਇਹ ਪੱਖ ਉਭਾਰਿਆ ਗਿਆ ਹੈ ਕਿ ਉਹ ਭਾਰਤ ਪੱਖੀ ਪਰਿਵਾਰ ਨਾਲ ਸਬੰਧਤ ਹੈ, ਜਿਸ ਨੂੰ ਕਸ਼ਮੀਰ ਵਿੱਚੋਂ ਦੇਸ਼ ਦੀ ਸੇਵਾ ਕਰਨ ਕਰਕੇ ਨਿਕਲਣ ਲਈ ਮਜਬੂਰ ਕੀਤਾ ਗਿਆ ਸੀ, ਜਦੋਂ ਕਿ ਤਾਲਿਬ ਪਾਕਿਸਤਾਨ ਪੱਖੀ ਹੁਰੀਅਤ ਨਾਲ ਮਿਲ ਕੇ ਜਿਹਾਦ ਕਰਵਾਉਣ ਵਾਲਾ ਅਤੇ ਦੇਸ਼ਧਰੋਹੀ ਹੈ। ਇਸਦੇ ਨਾਲ ਭਾਜਪਾ ਤੇ ਸਥਾਨਕ ਮੀਡੀਆ ਵੱਲੋਂ ਜ਼ੋਰਦਾਰ ਪ੍ਰਚਾਰ ਚਲਾਇਆ ਜਾ ਰਿਹਾ ਹੈ ਕਿ ਸਥਾਨਕ ਹਿੰਦੂਆਂ ਨੂੰ ਜੰਮੂ ਖੇਤਰ ਵਿੱਚੋਂ ਉਜਾੜ ਕੇ ਰੋਹਿੰਗੀਆ ਮੁਸਲਮਾਨਾਂ ਤੇ ਪਾਕਿਸਤਾਨ ਪੱਖੀ ਗੁੱਜਰਾਂ ਅਤੇ ਬੱਕਰਵਾਲਾਂ ਨੂੰ ਇੱਥੇ ਵਸਾਇਆ ਜਾਵੇਗਾ। ਇਹ ਸਾਰਾ ਕੁੱਝ ਆਰ.ਐਸ.ਐਸ. ਅਤੇ ਭਾਜਪਾ ਦੀ ਘੱਟ ਗਿਣਤੀਆਂ, ਖਾਸ ਕਰਕੇ ਮੁਸਲਿਮ ਵਿਰੋਧੀ ਮਾਹੌਲ ਬਣਾ ਕੇ ਫਿਰਕੂ ਵੰਡ ਨੂੰ ਪੱਕੀ ਅਤੇ ਸਥਾਈ ਕਰਨ ਦੀ ਵੱਡੀ ਰਣਨੀਤੀ ਦਾ ਹਿੱਸਾ ਹੈ, ਜਿਸ ਖਿਲਾਫ ਘੱਟ-ਗਿਣਤੀਆਂ ਅਤੇ ਜਮਹੂਰੀਅਤਪਸੰਦ ਤਾਕਤਾਂ ਨੂੰ ਇੱਕਮੁੱਠ ਹੋ ਕੇ ਮੈਦਾਨ ਵਿੱਚ ਡਟਣਾ ਚਾਹੀਦਾ ਹੈ।
੦-੦

No comments:

Post a Comment