ਯੂ. ਪੀ. ਦੀ ਯੋਗੀ ਹਕੂਮਤ ਵੱਲੋਂ ਰਚਾਏ ਜਾ ਰਹੇ ਝੂਠੇ ਮੁਕਾਬਲੇ-
ਮੁਸਲਿਮ ਅਤੇ ਦਲਿਤ ਭਾਈਚਾਰਿਆਂ ਨੂੰ ਬਣਾਇਆ ਜਾ ਰਿਹੈ ਚੋਣਵਾਂ ਨਿਸ਼ਾਨਾ
-ਨਾਜ਼ਰ ਸਿੰਘ ਬੋਪਾਰਾਏ
ਆਦਿੱਤਿਆਨਾਥ ਯੋਗੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਵੱਲੋਂ ਯੂ.ਪੀ. ਨੂੰ ਜੁਰਮ ਮੁਕਤ ਕਰਨ ਦੇ ਨਾਹਰੇ ਹੇਠ ਚਲਾਏ ਜਾ ਰਹੇ ''ਅਪ੍ਰੇਸ਼ਨ ਕਲੀਨ'' ਦੇ ਤਹਿਤ ਡੇਢ ਸਾਲ ਦੇ ਅਰਸੇ ਵਿੱਚ 2371 ਝੂਠੇ ਪੁਲਸ ਮੁਕਾਬਲੇ ਰਚੇ ਗਏ, ਜਿਹਨਾਂ ਰਾਹੀਂ 63 'ਅਪਰਾਧੀਆਂ' ਨੂੰ ਮਾਰਨ, 584 ਨੂੰ ਜਖਮੀ ਕਰਨ ਅਤੇ 5000 ਨੂੰ ਜੇਲ੍ਹਾਂ ਵਿੱਚ ਡੱਕਣ ਦਾ ਦਾਅਵਾ ਕੀਤਾ ਗਿਆ ਹੈ। ਚੋਰੀ, ਲੁੱਟ-ਖੋਹ, ਡਾਕਾ ਜਾਂ ਫਿਰੌਤੀ ਵਰਗੇ ਮਾਮਲਿਆਂ ਵਿੱਚ ਜੇਲ੍ਹਾਂ ਬੰਦ ਕੀਤੇ ਗਏ 'ਮੁਜਰਿਮਾਂ' ਵਿੱਚੋਂ 188 ਉੱਪਰ ਕੌਮੀ ਸੁਰੱਖਿਆ ਐਕਟ (ਐਨ.ਐਸ.ਏ.) ਤੱਕ ਲਗਾਇਆ ਗਿਆ ਤਾਂ ਕਿ ਛੇਤੀ ਕੀਤੇ ਉਹਨਾਂ ਵਿੱਚੋਂ ਕਿਸੇ ਦੀ ਜਮਾਨਤ ਤੱਕ ਨਾ ਹੋ ਸਕੇ। ਯੋਗੀ ਹਕੂਮਤ ਨੇ 'ਫੜੋ ਅਤੇ ਮਾਰੋ' ਦੀ ਜਿਹੜੀ ਮੁਹਿੰਮ ਚਲਾਈ ਹੋਈ ਹੈ, ਉਸ ਤੋਂ ਡਰਦੇ ਜਿਹੜੇ ਜੇਲ੍ਹਾਂ ਵਿੱਚ ਬੰਦ ਹਨ, ਉਹਨਾਂ ਵਿੱਚੋਂ ਅਨੇਕਾਂ ਨੇ ਆਪਣੀਆਂ ਜਮਾਨਤਾਂ ਹੋ ਜਾਣ ਉਪਰੰਤ ਵੀ ਜਮਾਨਤਾਂ 'ਤੇ ਨਾ ਜਾਣ ਦਾ ਫੈਸਲਾ ਕਰ ਲਿਆ ਹੈ। ਕਿੰਨੇ ਹੀ ਅਜਿਹੇ ਹਨ, ਜਿਹਨਾਂ ਆਪਣੀਆਂ ਜਮਾਨਤਾਂ ਰੱਦ ਕਰਵਾ ਕੇ ਮੁੜ ਜੇਲ੍ਹਾਂ ਵਿੱਚ ਚਲੇ ਜਾਣਾ ਹੀ ਬੇਹਤਰ ਸਮਝਿਆ ਹੈ। ਕਿੰਨੇ ਹੀ ਉਹ ਜਿਹੜੇ ਜਮਾਨਤਾਂ 'ਤੇ ਆਏ ਹੋਏ ਹਨ, ਪਰ ਹਰ ਸ਼ਾਮ ਦਿਨ ਖੜ੍ਹੇ ਖੜ੍ਹੇ ਹੀ ਆਪੋ ਆਪਣੇ ਥਾਣਿਆਂ ਵਿੱਚ ਜਾ ਹਾਜ਼ਰੀ ਲਾਉਂਦੇ ਹਨ, ਤੇ ਉੱਥੇ ਹੀ ਰਾਤ ਗੁਜ਼ਾਰ ਕੇ ਅਗਲੇ ਦਿਨ ਘਰ ਆਉਂਦੇ ਹਨ।
'ਯੋਗੀ' ਦੀ ਭਾਸ਼ਾ ''ਠੋਕ ਦੀਏ ਜਾਏਂਗੇ''
ਹਕੂਮਤੀ ਗੱਦੀ 'ਤੇ ਬੈਠਦੇ ਸਾਰ ਹੀ ਯੋਗੀ ਨੇ ਐਲਾਨ ਕੀਤਾ ਸੀ ਕਿ ''ਅਪਰਾਧੀਆਂ ਨੂੰ ਜਾਂ ਤਾਂ ਯੂ.ਪੀ. ਛੱਡਣੀ ਪੈਣੀ ਹੈ ਜਾਂ ਫੇਰ ਦੋ ਵਿੱਚੋਂ ਕਿਸੇ ਇੱਕ ਜਗਾਹ 'ਤੇ ਜਾਣਾ ਪਵੇਗਾ ਜਿੱਥੇ ਕੋਈ ਜਾਣਾ ਨਹੀਂ ਚਾਹੁੰਦਾ।'' ਇੰਟਰਨੈੱਟ ਮੀਡੀਏ 'ਤੇ ਯੂ-ਟਿਊਬ ਵਿੱਚ ਯੋਗੀ ਦੇ ਭਾਸ਼ਣ ਹਰ ਕੋਈ ਸੁਣ ਸਕਦਾ ਹੈ ਜਿਹਨਾਂ ਵਿੱਚ ਉਹ ਅਪਰਾਧੀਆਂ ਨੂੰ ਆਖਦਾ ਹੈ ਕਿ ''ਅਗਰ ਅਪਰਾਧ ਕਰੇਂਗੇ ਤੋ ਠੋਕ ਦੀਏ ਜਾਏਂਗੇ'' ਜਾਂ ਫੇਰ ''ਜਿਨ ਲੋਗੋਂ ਕਾ ਬੰਦੂਕ ਕੀ ਨੋਕ ਪੇ ਵਿਸ਼ਵਾਸ਼ ਹੈ, ਉਨਹੇਂ ਬੰਦੂਕ ਕੀ ਹੀ ਭਾਸ਼ਾ ਮੇ ਜਵਾਬ ਦੇਨਾ ਚਾਹੀਏ। ਯਹ ਮੈਂ ਪੂਰੀ ਸਪੱਸ਼ਟਤਾ ਕੇ ਸਾਥ ਪ੍ਰਸ਼ਾਸਨ ਸੇ ਕਹੂੰਗਾ।'' 15 ਫਰਵਰੀ ਨੂੰ ਵਿਧਾਨ ਪ੍ਰੀਸ਼ਦ ਦੀ ਮੀਟਿੰਗ ਵਿੱਚ ਬੋਲਦੇ ਹੋਏ ਯੋਗੀ ਨੇ ਆਖਿਆ ਸੀ, ''22 ਕਰੋੜ ਦੀ ਆਬਾਦੀ (ਵਾਲੇ ਸੂਬੇ) ਵਿੱਚ, 1200 ਮੁਕਾਬਲੇ ਹੋਏ ਹਨ, ਜਿਹਨਾਂ ਵਿੱਚ 40 ਖੌਫ਼ਨਾਕ ਅਪਰਾਧੀ ਮਾਰੇ ਗਏ ਹਨ, ਇਹ ਸਿਲਸਿਲਾ ਜਾਰੀ ਰਹੇਗਾ।'' ਯੋਗੀ ਹਕੂਮਤ ਵੱਲੋਂ ਰਚਾਏ ਜਾ ਰਹੇ ਝੂਠੇ ਪੁਲਸ ਮੁਕਾਬਲਿਆਂ ਨਾਲ ਆਮ ਜਮਹੂਰੀਅਤ ਪਸੰਦ ਅਤੇ ਇਨਸਾਫਪਸੰਦ ਲੋਕਾਂ ਨੇ ਤਾਂ ਉੱਠਣਾ ਹੀ ਸੀ ਜਦੋਂ ਯੂ.ਪੀ. ਦੀਆਂ ਭਾਜਪਾ ਵਿਰੋਧੀ ਪਾਰਲੀਮਾਨੀ ਪਾਰਟੀਆਂ ਸਮੇਤ ਯੋਗੀ ਦੀ ਕੈਬਨਿਟ ਦੇ ਮੰਤਰੀ ਓਮ ਪ੍ਰਕਾਸ਼ ਰਾਜਭਾਰ ਵਰਗਿਆਂ ਨੇ ਜੇ ਕੋਈ ਇਤਰਾਜ਼ ਉਠਾਏ ਤਾਂ ਯੋਗੀ ਮੱਚ ਉੱਠਿਆ, ''ਇਹ ਬਦਕਿਸਮਤੀ ਦੀ ਗੱਲ ਹੈ ਕਿ ਕੁੱਝ ਲੋਕ ਅਪਰਾਧੀਆਂ ਨਾਲ ਹਮਦਰਦੀ ਵਿਖਾ ਰਹੇ ਹਨ। ਇਹ ਜਮਹੂਰੀਅਤ ਵਾਸਤੇ ਬਹੁਤ ਖਤਰਨਾਕ ਹੈ। ਮੁਕਾਬਲੇ ਜਾਰੀ ਰਹਿਣਗੇ।'' ਆਮ ਤੌਰ 'ਤੇ ਆਖਿਆ ਜਾਂਦਾ ਹੈ ਕਿ ਪੁਲਸ ਦਾ ਕੰਮ ਅਪਰਾਧੀਆਂ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕਰਨਾ ਹੁੰਦਾ ਹੈ, ਪਰ ਯੂ. ਪੀ. ਵਿੱਚ ਪੁਲਸ ਥਾਣੇਦਾਰੀ ਕਰਨ ਤੋਂ ਅੱਗੇ ਵਧਦੀ ਹੋਈ ਖੁਦ ਹੀ ਜੱਜ ਬਣ ਬੈਠੀ ਹੈ ਤੇ ਇਸ ਨੂੰ ਹੱਲਾਸ਼ੇਰੀ ਦਿੰਦੇ ਹੋਏ ਯੋਗੀ ਆਦਿੱਤਿਆਨਾਥ ਆਖਦਾ ਹੈ, ''ਅਸੀਂ ਪੁਲਸ ਦਾ ਮਨੋਬਲ ਹੀ ਵਧਾਇਆ ਹੈ। ਗੱਲ ਬੜੀ ਸਾਫ ਹੈ, ਜੇ ਕੋਈ ਤੁਹਾਡੇ 'ਤੇ ਗੋਲੀ ਚਲਾਉਂਦਾ ਹੈ, ਤੁਸੀਂ ਉਸ 'ਤੇ ਗੋਲੀ ਚਲਾਓ।'' ਭਾਜਪਾ ਦੇ ਬੁਲਾਰੇ ਸ਼ਲੱਭ ਮਨੀ ਤ੍ਰਿਪਾਠੀ ਨੇ ਆਖਿਆ ਹੈ ਕਿ, ''ਜਦੋਂ ਅਪਰਾਧੀ ਸਾਡੇ ਬਲਾਂ 'ਤੇ ਗੋਲੀ ਚਲਾਉਂਦੇ ਹਨ, ਤਾਂ ਉਹ ਮੋੜਵੀਂ ਕਾਰਵਾਈ ਕਰਨ ਲਈ ਆਜ਼ਾਦ ਹਨ। ਯੋਗੀ ਹਕੂਮਤ ਅਧੀਨ ਪੁਲਸ ਦੇ ਹੱਥ ਖੁੱਲ੍ਹੇ ਰੱਖੇ ਹੋਏ ਹਨ। ਪੁਲਸ ਦੇ ਡਰ ਕਾਰਨ ਅਪਰਾਧੀ ਸੂਬੇ ਨੂੰ ਛੱਡ ਕੇ ਭੱਜ ਰਹੇ ਹਨ। ਅਸੀਂ ਅਮਨ-ਕਾਨੂੰਨ ਬਣਾਈ ਰੱਖਣ ਦਾ ਤਹੱਈਆ ਕੀਤਾ ਹੋਇਆ ਹੈ, ਅਪਰਾਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।''
ਯੋਗੀ ਹਕੂਮਤ ਨੇ ''ਅਮਨ-ਕਾਨੂੰਨ ਬਣਾਈ ਰੱਖਣ'' ਦੇ ਮਾਮਲੇ ਵਿੱਚ ਮਿਆਰ ਵੀ ਦੂਹਰੇ ਅਖਤਿਆਰ ਕੀਤੇ ਹੋਏ ਹਨ। ਜੇਕਰ ਹੁਣ ਮੁਕਾਬਲਿਆਂ ਵਿੱਚ ਮਾਰੇ ਜਾਣ ਵਾਲਿਆਂ ਵਿੱਚੋਂ ਕੋਈ ਵੀ ਉਹ ਵਿਅਕਤੀ ਅਪਰਾਧੀ ਆਖਿਆ ਜਾ ਸਕਦਾ ਹੈ ਜਿਸ 'ਤੇ ਕੋਈ ਪੁਲਸ ਕੇਸ ਹੋਵੇ ਤਾਂ ਸਭ ਤੋਂ ਪਹਿਲਾਂ ਯੋਗੀ ਨੂੰ ਹੀ ''ਠੋਕ'' ਦਿੱਤਾ ਜਾਣਾ ਚਾਹੀਦਾ ਹੈ, ਜਿਸ 'ਤੇ 15 ਪੁਲਸ ਕੇਸ ਚੱਲਦੇ ਹਨ। ਯੋਗੀ ਦੀ ਪਾਰਟੀ ਦੇ 83 ਵਿਧਾਇਕ ਹਨ, ਜਿਹਨਾਂ 'ਤੇ ਕੇਸ ਚੱਲਦੇ ਹਨ, ਫੇਰ ਉਹਨਾਂ ਨੂੰ ''ਠੋਕਿਆ'' ਜਾਣਾ ਚਾਹੀਦਾ ਹੈ ਅਤੇ ਯੂ.ਪੀ. ਵਿਧਾਨ ਸਭਾ ਵਿੱਚ ਕੁੱਲ 403 ਵਿਧਾਇਕਾਂ ਵਿੱਚੋਂ 143 ਅਜਿਹੇ ਹਨ, ਜਿਹਨਾਂ 'ਤੇ ਕੇਸ ਚੱਲਦੇ ਹਨ, ਕੀ ਇਹਨਾਂ ਸਾਰਿਆਂ ਨੂੰ ਪੁਲਸ ਭੋਰਾ ਵੀ ''ਬਰਦਾਸ਼ਤ'' ਨਹੀਂ ਕਰੇਗੀ? ਮਾਮਲੇ ਅਜਿਹੇ ਨਹੀਂ, ਬਲਕਿ ਕਹਾਣੀ ਕੁੱਝ ਹੋਰ ਹੈ, ਜੋ ਇਹ ਸਾਹਮਣੇ ਨਹੀਂ ਲਿਆਉਣੀ ਚਾਹੁੰਦੇ। ਯੋਗੀ ਹਕੂਮਤ ਨੇ ਆਪਣੀ ਸਾਲ ਦੀ ਕਾਰਗੁਜ਼ਾਰੀ 'ਤੇ ਇੱਕ ਕਿਤਾਬਚਾ ਜਾਰੀ ਕੀਤਾ ਹੈ, ਜਿਸ ਵਿੱਚ ਉਸ ਨੇ ਮੰਨਿਆ ਹੈ ਕਿ ''ਡਕੈਤੀਆਂ ਵਿੱਚ 5.7 ਫੀਸਦੀ, ਕਤਲਾਂ ਵਿੱਚ 7.35 ਫੀਸਦੀ ਅਤੇ ਅਗਵਾਜਨੀਆਂ ਵਿੱਚ 13.21 ਫੀਸਦੀ ਦੀਆਂ ਕਮੀਆਂ ਹੋਈਆਂ ਹਨ।'' ਹੁਣ ਸਵਾਲ ਤਾਂ ਐਥੇ ਵੀ ਖੜ੍ਹਾ ਹੋ ਜਾਂਦਾ ਹੈ ਕਿ ਜੇਕਰ ਦਰਜ਼ਨਾਂ ਹੀ ਵਿਅਕਤੀਆਂ ਨੂੰ ਮਾਰ ਕੇ, ਸੈਂਕੜਿਆਂ ਨੂੰ ਜਖਮੀ ਕਰਕੇ ਅਤੇ ਹਜ਼ਾਰਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਡਕੈਤੀਆਂ-ਕਤਲਾਂ ਵਿੱਚ 5-7 ਫੀਸਦੀ ਦਾ ਫਰਕ ਹੀ ਪਿਆ ਹੈ ਤਾਂ ਫੇਰ ਬਾਕੀ ਦੀਆਂ 92-95 ਫੀਸਦੀ ਡਕੈਤੀਆਂ ਅਤੇ ਕਤਲੋਗਾਰਦ ਦਾ ਜੁੰਮੇਵਾਰ ਕੌਣ ਹੈ? ਇਹ ਖੁਦ ਇਹਨਾਂ ਦੇ ਮੂੰਹੋਂ ਕੀਤਾ ਗਿਆ ਇਕਬਾਲ ਹੀ ਹੈ ਕਿ ਯੋਗੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਸਬੰਧ ਚੋਰੀਆਂ, ਡਕੈਤੀਆਂ ਜਾਂ ਕਤਲਾਂ ਆਦਿ ਨੂੰ ਰੋਕਣਾ ਕੋਈ ਮਨੋਰਥ ਨਹੀਂ ਬਲਕਿ ਮਾਮਲਾ ਹੋਰ ਹੈ।
ਮਾਰੇ ਜਾਣ ਵਾਲੇ ਕੌਣ?
ਇੱਕ ਸਾਲ ਵਿੱਚ 1478 'ਮੁਕਾਬਲਿਆਂ' ਵਿੱਚ ਮਾਰੇ ਗਏ ਜਿਹਨਾਂ 50 ਵਿਅਕਤੀਆਂ ਅਤੇ 390 ਜਖ਼ਮੀਆਂ ਦੇ ਅੰਕੜੇ ਸਾਹਮਣੇ ਆਏ ਹਨ, ਉਹਨਾਂ ਵਿੱਚੋਂ 70 ਫੀਸਦੀ ਮੁਸਲਮਾਨ, 15-20 ਫੀਸਦੀ ਦਲਿਤ ਅਤੇ ਬਾਕੀ ਹੋਰਨਾਂ ਪਛੜੀਆਂ ਜਾਤੀਆਂ ਵਿੱਚੋਂ ਹਨ। 1478 'ਮੁਕਾਬਲਿਆਂ' ਵਿੱਚੋਂ ਸਭ ਤੋਂ ਵੱਧ 569 ਮੇਰਠ ਜ਼ੋਨ ਵਿੱਚ ਰਚੇ ਗਏ ਅਤੇ ਦੂਸਰਾ ਨੰਬਰ 253 ਦੀ ਗਿਣਤੀ ਨਾਲ ਬਰੇਲੀ ਜ਼ੋਨ ਦਾ ਹੈ ਅਤੇ ਤੀਜਾ ਨੰਬਰ 241 ਦੀ ਗਿਣਤੀ ਨਾਲ ਆਗਰੇ ਜ਼ੋਨ ਦਾ ਹੈ। ਪੱਛਮੀ ਯੂ.ਪੀ. ਦੇ ਇਹ ਇਲਾਕੇ ਉਹ ਹਨ, ਜਿੱਥੇ ਮੁਸਲਿਮ ਅਤੇ ਦਲਿਤ ਵਸੋਂ ਵਧੇਰੇ ਹੈ। 7 ਮਈ 2018 ਤੱਕ ਫੜੇ ਗਏ 4881 ਵਿਅਕਤੀਆਂ ਵਿੱਚੋਂ 1455 'ਤੇ ਗੁੰਡਾ ਐਕਟ ਦੀ ਧਾਰਾ ਲਗਾਈ ਗਈ ਹੈ। ਸੂਚਨਾ ਅਧਿਕਾਰ ਤਹਿਤ ਹਾਸਲ ਹੋਏ ਅੰਕੜਿਆਂ ਵਿੱਚ ਸੰਨ 2000 ਤੋਂ 2017 ਤੱਕ ਦੇ 17 ਸਾਲਾਂ ਵਿੱਚ ਹਿੰਦੋਸਤਾਨ ਵਿੱਚ ਜਿਹੜੇ 1782 ਝੂਠੇ ਮੁਕਾਬਲੇ ਵਿਖਾਏ ਗਏ ਹਨ, ਉਹਨਾਂ ਵਿੱਚ ਇਕੱਲੇ ਯੂ.ਪੀ. ਦਾ ਹਿੱਸਾ 794 ਨਾਲ 44.55 ਫੀਸਦੀ ਬਣਦਾ ਹੈ। ਯਾਨੀ 22 ਕਰੋੜ ਦੀ ਵਸੋਂ ਨਾਲ ਯੂ.ਪੀ. ਦੀ ਭਾਰਤ ਵਿਚਲੀ 15 ਕੁ ਫੀਸਦੀ ਬਣਦੀ ਘੱਟ-ਗਿਣਤੀ 'ਤੇ 45 ਫੀਸਦੀ ਦੇ ਕਰੀਬ ਝੂਠੇ ਮੁਕਾਬਲੇ ਰਚੇ ਗਏ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ 2015 ਦੇ ਅੰਕੜਿਆਂ ਮੁਤਾਬਕ ਭਾਰਤ ਦੀਆਂ ਜੇਲ੍ਹਾਂ ਵਿੱਚ ਕੁੱਲ ਬੰਦੀਆਂ ਵਿੱਚੋਂ ਦੋ-ਤਿਹਾਈ ਹਵਾਲਾਤੀ ਹਨ। ਸਾਰੇ ਦੇਸ਼ ਦੇ ਹਵਾਲਾਤੀਆਂ ਵਿਚੋਂ 55 ਫੀਸਦੀ ਮੁਸਲਿਮ, ਦਲਿਤ ਅਤੇ ਕਬਾਇਲੀ ਹਨ। ਸਾਰੇ ਦੇਸ਼ ਵਿੱਚ ਮੁਸਲਿਮ, ਦਲਿਤ ਅਤੇ ਕਬਾਇਲੀ ਲੋਕਾਂ ਦੀ ਵਸੋਂ ਕੁੱਲ ਵਸੋਂ ਦਾ 39 ਫੀਸਦੀ ਹਨ, ਇਸ ਹਿਸਾਬ ਨਾਲ ਬਾਕੀ ਵਸੋਂ ਦੇ ਮੁਕਾਬਲੇ ਮੁਸਲਿਮ, ਦਲਿਤ ਅਤੇ ਕਬਾਇਲੀ ਲੋਕਾਂ ਦੇ ਹਵਾਲਾਤੀਆਂ ਦੀ ਗਿਣਤੀ ਕਿਤੇ ਵਧੇਰੇ ਹੈ। ਸਜ਼ਾ ਦਿੱਤੇ ਜਾਣ ਦੇ ਮਾਮਲੇ ਵਿੱਚ 15.8 ਫੀਸਦੀ ਮੁਸਲਿਮ ਵਸੋਂ ਦੀ ਸਜ਼ਾ ਦੀ ਫੀਸਦੀ 20.9 ਹੈ, ਜਿਹੜੀ ਕਿ ਹੋਰਨਾਂ ਸਾਰੇ ਤਬਕਿਆਂ ਨਾਲੋਂ ਕਿਤੇ ਵਧੇਰੇ ਹੈ। ''ਦਾ ਵਾਇਰ'' ਪੇਪਰ ਦੇ ਪੱਤਰਕਾਰਾਂ ਨੇ ਸ਼ਾਮਲੀ ਦੇ ਇਲਾਕੇ ਵਿੱਚ ਮਾਰੇ ਗਏ ਗਏ ਜਿਹਨਾਂ 14 ਘਰਾਂ ਦਾ ਦੌਰਾ ਕੀਤਾ ਹੈ, ਉਹਨਾਂ ਵਿੱਚੋਂ 13 ਘਰ ਮੁਸਲਿਮ ਪਰਿਵਾਰਾਂ ਵਿੱਚੋਂ ਹਨ। ਯੂ.ਪੀ. ਦੀ 403 ਮੈਂਬਰੀ ਵਿਧਾਨ ਸਭਾ ਵਿੱਚ ਮੁਸਲਿਮ ਵਸੋਂ ਦੇ ਨੁਮਾਇੰਦਿਆਂ ਦੀ ਗਿਣਤੀ ਕਦੇ ਵੀ ਵਸੋਂ ਦੇ ਹਿਸਾਬ ਪੰਜਵਾਂ ਹਿੱਸਾ ਨਹੀਂ ਰਹੀ। ਭਾਜਪਾ ਵੱਲੋਂ ਯੂ.ਪੀ. (ਪੂਰੇ ਮੁਲਕ) ਵਿੱਚ ਇੱਕ ਵੀ ਮੁਸਲਿਮ ਵਿਅਕਤੀ ਨੂੰ ਨਾ ਲੋਕ ਸਭਾ ਚੋਣਾਂ ਅਤੇ ਨਾ ਹੀ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਬਣਾਇਆ ਗਿਆ। ਇਸ ਤਰ੍ਹਾਂ ਯੂ.ਪੀ. ਦੇ ਮੁਸਲਿਮ ਅਤੇ ਦਲਿਤ ਵਸੋਂ 'ਤੇ ਜਦੋਂ ਨਿਗਾਹ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਸਿਆਸੀ-ਸਮਾਜੀ ਖੇਤਰਾਂ ਵਿੱਚ ਖੂੰਜੇ ਲਾਇਆ ਜਾ ਰਿਹਾ ਹੈ, ਉਹਨਾਂ ਨੂੰ ਨਿਖੇੜਿਆ ਜਾ ਰਿਹਾ ਹੈ ਅਤੇ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਮਿਥ ਕੇ ਕੀਤੇ ਗਏ ਕਤਲ
ਝੂਠੇ ਪੁਲਸ ਮੁਕਾਬਲਿਆਂ ਵਿੱਚ ਕੀਤੇ ਗਏ ਕਤਲਾਂ ਨੂੰ ''ਦਾ ਪ੍ਰਿੰਟ'' ਨੇ ਆਪਣੀ ਜਾਂਚ ਪੜਤਾਲ ਵਿੱਚ ਮਿਥ ਕੇ ਕੀਤੇ ਗਏ ਕਤਲ ਸਿੱਧ ਕੀਤਾ ਹੈ। 3 ਅਕਤੂਬਰ 2017 ਨੂੰ ਮਾਰੇ ਗਏ 22 ਸਾਲਾ ਦੇ ''ਬਦਮਾਸ਼'' ਦਾ ਪਿਤਾ ''ਦਾ ਪ੍ਰਿੰਟ'' ਨੂੰ ਦੱਸਦਾ ਹੈ ਕਿ ਉਸ ਨੂੰ 1 ਅਕਤੂਬਰ ਨੂੰ ਪਤਾ ਲੱਗਾ ਕਿ ਉਸਦਾ ਪੁੱਤਰ ਡਕੈਤੀ ਦੇ ਕੇਸ ਵਿੱਚ ਫੜਿਆ ਗਿਆ। ਉਸ ਨੂੰ ਡਰ ਸੀ ਕਿ ਉਸਦਾ ਮੁਕਾਬਲਾ ਬਣਾਇਆ ਜਾ ਸਕਦਾ ਹੈ। ਉਸਨੇ ਮੁੱਖ ਮੰਤਰੀ ਅਤੇ ਜ਼ਿਲ੍ਹਾ ਮੈਜਿਸਟਰੇਟ ਤੱਕ ਇੱਕ ਦਿਨ ਪਹਿਲਾਂ ਪਹੁੰਚ ਕੀਤੀ, ਪਰ ਉਸਦੀ ਕਿਸੇ ਨਹੀਂ ਸੁਣੀ। 3 ਅਕਤੂਬਰ ਨੂੰ ਉਸਦਾ ਪੁੱਤਰ ਮਾਰਿਆ ਗਿਆ।
4 ਅਗਸਤ 2017 ਨੂੰ ਆਜ਼ਮਗੜ੍ਹ ਦੇ ਮੇਹਨਗਰ ਵਿੱਚ ਮਾਰੇ ਗਏ ਜੈਹਿੰਦ ਦਾ ਪਿਤਾ ਸ਼ਿਵ ਪੂਜਾਂ ਦੱਸਦਾ ਹੈ ਕਿ ਉਹ ਆਪਣੇ ਵੱਡੇ ਲੜਕੇ ਨਾਲ ਆਜ਼ਮਗੜ੍ਹ ਸ਼ਹਿਰ ਦੇ ਹਸਪਤਾਲ ਵਿੱਚੋਂ ਦਵਾਈ ਲੈਣ ਲਈ ਬੱਸ ਦਾ ਇੰਤਜ਼ਾਰ ਕਰ ਰਹੇ ਸਨ ਕਿ ਅਧੀ ਦਰਜ਼ਨ ਦੇ ਕਰੀਬ ਬੰਦਿਆਂ ਨੇ ਉਸਦੇ ਪੁੱਤਰ ਨੂੰ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ। ਜੈਹਿੰਦ ਦੇ ਸਰੀਰ 'ਤੇ ਕੁੱਲ 22 ਜਖ਼ਮ ਸਨ, ਜਿਹਨਾਂ ਵਿੱਚੋਂ 18 ਗੋਲੀਆਂ ਦੇ ਲੱਗਣ ਨਾਲ ਹੋਏ ਸਨ।
9 ਜਨਵਰੀ ਨੂੰ ਜਹਾਨਗੰਜ ਵਿੱਚ ਮਾਰੇ ਗਏ ਚੰਨੂ ਸੋਨਕਰ ਬਾਰੇ ਪੁਲਸ ਦਾ ਕਹਿਣਾ ਹੈ ਕਿ ਉਹ ਅਤੇ ਉਸਦਾ ਸਾਥੀ ਸੰਦੀਪ ਪਾਸ਼ੀ ਨੇ ਇੱਕ ਔਰਤ ਤੋਂ ਲੁੱਟ-ਖੋਹ ਕੀਤੀ। 8 ਜਨਵਰੀ ਦੀ ਰਾਤ ਨੂੰ ਪੁਲਸੀ ਗੋਲੀ ਨਾਲ ਉਹ ਜਖ਼ਮੀ ਹੋ ਗਿਆ। ਪੁਲਸ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਉਹ ਪੁਲਸ ਮੁਲਾਜ਼ਮ ਕੋਲੋਂ ਉਸਦਾ .38 ਬੋਰ ਦਾ ਰਿਵਾਲਵਰ ਖੋਹ ਕੇ ਭੱਜ ਗਏ। ਅਗਲੀ ਸਵੇਰ ਉਹ ਕਿਸੇ ਤੋਂ ਮੋਟਰ ਸਾਈਕਲ ਖੋਹ ਕੇ ਭੱਜਦੇ ਹੋਏ ਪੁਲਸ ਦੇ ਅੜਿੱਕੇ ਆ ਗਏ। ਉਹਨਾਂ ਪੁਲਸ 'ਤੇ ਗੋਲੀ ਚਲਾ ਦਿੱਤੀ- ਪੁਲਸ ਵੱਲੋਂ ਕੀਤੀ ਮੋੜਵੀਂ ਕਾਰਵਾਈ ਵਿੱਚ ਸੋਨਕਰ ਮਾਰਿਆ ਗਿਆ, ਪਾਸ਼ੀ ਭੱਜ ਗਿਆ।
22 ਅਕਤੂਬਰ ਨੂੰ ਫੁਰਕਾਨ ਆਪਣੀ ਪਤਨੀ ਨਾਲ ਬਾਗਪਤ ਜ਼ਿਲ੍ਹੇ ਦੇ ਕਸਬੇ ਬਰੌਤ ਵਿੱਚ ਉਸਦੇ ਸਾਲੇ ਨੂੰ ਮਿਲਣ ਗਏ। ਨਸਰੀਨ ਦੀ ਸਿਹਤ ਠੀਕ ਨਹੀਂ ਸੀ, ਇਸ ਕਰਕੇ ਫੁਰਕਾਨ ਸੇਬ ਲੈਣ ਬਾਜ਼ਾਰ ਵਿੱਚ ਗਿਆ ਕਿ ਮੁੜ ਕੇ ਨਾ ਆਇਆ। ਬੁਧਾਨਾ ਪੁਲਸ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ 23 ਅਕਤੂਬਰ ਦੀ ਰਾਤ ਨੂੰ ਜਦੋਂ ਉਹ ਆਮ ਦੀ ਤਰ੍ਹਾਂ ਪੜਤਾਲ ਕਰ ਰਹੇ ਸਨ ਤਾਂ ਦੋ ਮੋਟਰ ਸਾਈਕਲ ਵਾਲਿਆਂ ਨੇ ਰੁਕਣ ਤੋਂ ਇਨਕਾਰ ਕਰ ਦਿੱਤਾ ਤੇ ਪੁਲਸ 'ਤੇ ਗੋਲੀ ਚਲਾ ਦਿੱਤੀ। ਜੁਆਬੀ ਫਾਇਰਿੰਗ ਵਿੱਚ ਫੁਰਕਾਨ ਮਾਰਿਆ ਗਿਆ- ਪੁਲਸ ਮੁਤਾਬਕ ਉਸ ਉੱਪਰ ਮੁਜ਼ੱਫਰਨਗਰ ਪੁਲਸ ਦੇ 36 ਕੇਸ ਪਾਏ ਹੋਏ ਸਨ ਅਤੇ ਸਿਰ ਦਾ ਇਨਾਮ 50 ਹਜ਼ਾਰ ਰੱਖਿਆ ਹੋਇਆ ਸੀ। ਨਸਰੀਨ ਦਾ ਕਹਿਣਾ ਹੈ ਕਿ ''ਜੇਲ੍ਹ ਵਿੱਚੋਂ ਆਉਣ ਤੋਂ ਬਾਅਦ ਉਹ ਦੋ ਹਫਤਿਆਂ ਤੋਂ ਲਗਾਤਾਰ ਘਰ ਹੀ ਰਹਿ ਰਿਹਾ ਸੀ ਤਾਂ ਉਸਨੇ ਡਾਕੇ ਕਦੋਂ ਮਾਰ ਲਏ?'' ਨਸਰੀਨ ਮੁਤਾਬਕ ਫੁਰਕਾਨ ਦੀਆਂ ਬਹੁਤ ਸਾਰੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ ਜਿਹਨਾਂ ਤੋਂ ਪਤਾ ਲੱਗਦਾ ਹੈ ਕਿ ਉਸਦੀ ਕੁੱਟਮਾਰ ਕਰਕੇ ਮਾਰਨ ਉਪਰੰਤ ਮੁਕਾਬਲਾ ਦਿਖਾਇਆ ਗਿਆ ਹੈ। ਫੁਰਕਾਨ ਦੇ ਪੰਜੇ ਹੀ ਭਰਾਵਾਂ ਨੂੰ ਚੋਰੀਆਂ-ਡਕੈਤੀਆਂ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਕਰਕੇ ਤਸੀਹੇ ਦਿੱਤੇ ਜਾ ਰਹੇ ਹਨ। ਫੁਰਕਾਨ ਦੇ ਛੋਟੇ ਭਰਾ ਫਰਹੀਨ ਦੇ ਗੁਪਤ ਅੰਗਾਂ ਵਿੱਚ ਕਰੰਟ ਲਾ ਕੇ ਉਸ ਨੂੰ ਰੋਗੀ ਬਣਾ ਦਿੱਤਾ ਗਿਆ ਹੈ। ਨਸਰੀਨ ਦਾ ਕਹਿਣਾ ਹੈ ਕਿ ''ਜੇਕਰ ਉਸਦੇ ਪਰਿਵਾਰ ਵਾਲੇ ਐਨੇ ਹੀ ਖੌਫਨਾਕ ਅਪਰਾਧੀ ਸਨ ਤਾਂ ਸਾਨੂੰ ਦੋ ਵਕਤ ਦੀ ਰੋਟੀ ਦੇ ਪੈਸੇ ਵੀ ਕਿਉਂ ਨਾ ਜੁੜੇ? ਅਸੀਂ ਹੁਣ ਤੱਕ ਕੱਚੇ ਘਰਾਂ ਵਿੱਚ ਕਿਉਂ ਰਹਿ ਰਹੇ ਹਾਂ?'' ਕੋਈ ਵੀ ਅਦਾਲਤੀ ਜਾਂਚ ਦੀ ਮੰਗ ਨਾ ਕਰਨ ਬਾਰੇ ਨਸਰੀਨ ਦਾ ਕਹਿਣਾ ਹੈ ਕਿ ''ਜੇਕਰ ਪੁਲਸ ਦੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਡਰ ਹੈ ਕਿ ਦੂਸਰੇ ਭਰਾਵਾਂ ਨਾਲ ਵੀ ਉਹੀ ਹੋਣੀ ਵਾਪਰ ਸਕਦੀ ਹੈ, ਜੋ ਫੁਰਕਾਨ ਨਾਲ ਬੀਤੀ ਹੈ।''
ਸ਼ਾਮਲੀ ਦੇ ਬੁੰਤਾ ਪਿੰਡ ਦਾ ਅਸਲਮ ਚਾਹ-ਸਮੋਸੇ ਦਾ ਖੋਖਾ ਚਲਾਉਂਦਾ ਸੀ। 9 ਦਸੰਬਰ 2017 ਨੂੰ ਦਾਦਰੀ-ਨੋਇਡਾ ਦੀ ਪੁਲਸ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਦਾਦਰੀ ਦੇ ਸਰਕਲ ਅਫਸਰ ਮੁਤਾਬਕ ਅਸਲਮ ''ਵੱਡੇ ਅਪਰਾਧ ਦੀ ਯੋਜਨਾ ਬਣਾ ਰਿਹਾ'' ਸੀ। ਉਹ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ। ਅਸਲਮ ਦੇ ਪੰਜਾਂ ਵਿਚੋਂ ਚਾਰ ਭਰਾ ਇਸ ਸਮੇਂ ਜੇਲ੍ਹ ਵਿੱਚ ਹਨ। ਉਸ ਸਮੇਂ ਉਸਦੀ 9 ਮਹੀਨਿਆਂ ਦੀ ਗਰਭਵਤੀ ਪਤਨੀ ਦਾ ਕਹਿਣਾ ਸੀ ਕਿ ''ਇਲਾਕੇ ਵਿੱਚ ਕੋਈ ਵੀ ਘਟਨਾ ਹੋ ਜਾਵੇ ਪੁਲਸ ਉਹਨਾਂ ਦੇ ਘਰ ਆ ਧਮਕਦੀ ਹੈ। ਪੁਲਸ ਨੇ ਸਾਨੂੰ ਫੁਟਬਾਲ ਸਮਝ ਰੱਖਿਆ ਹੈ, ਜਦੋਂ ਚਾਹਿਆ ਠੁੱਡੇ ਮਾਰਨ ਆ ਜਾਂਦੀ ਹੈ।''
ਪੁਲਸ ਮੁਤਾਬਕ 10 ਅਗਸਤ 2017 ਨੂੰ ਪੁਲਸ ਨੇ ਮੋਟਰਸਾਈਕਲ ਖੋਹ ਕੇ ਭੱਜੇ ਜਾ ਰਹੇ 40 ਸਾਲ ਦੇ ਫਲ-ਵਿਕਰੇਤਾ ਇਕਰਾਮ ਨੂੰ ਸ਼ਾਮਲੀ ਲਾਗੇ ਬਨਜਾਰਾ ਬਸਤੀ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ। ਉਸਨੇ ਪੁਲਸ 'ਤੇ ਗੋਲੀ ਚਲਾ ਦਿੱਤੀ, ਮੋੜਵੀਂ ਗੋਲੀਬਾਰੀ ਵਿੱਚ ਉਹ ਜਖ਼ਮੀ ਹੋ ਗਿਆ। ਹਸਪਤਾਲ ਪਹੁੰਚ ਕੇ ਉਸਦੀ ਮੌਤ ਹੋ ਗਈ। ਇਕਰਾਮ ਦੀ ਪਤਨੀ ਹਨੀਫਾ ਦਾ ਕਹਿਣਾ ਹੈ ਕਿ ''ਜਦੋਂ ਇਕਰਾਮ ਨੂੰ ਮੋਟਰਸਾਈਕਲ ਹੀ ਚਲਾਉਣਾ ਨਹੀਂ ਆਉਂਦਾ ਤਾਂ ਪੁਲਸ ਨੇ ਉਸ ਨੂੰ ਮੋਟਰਸਾਈਕਲ 'ਤੇ ਕਿਵੇਂ ਭਾਲ ਲਿਆ?'' ਇਕਰਾਮ ਦੇ ਦੋ ਭਰਾਵਾਂ ਇਖਲਾਕ ਅਤੇ ਜ਼ਾਕਿਰ ਨੂੰ ਪੁਲਸ ਨੇ 1998 ਵਿੱਚ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ।''
ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਪਠਾਣਪੁਰਾ ਦੇ 35 ਸਾਲਾਂ ਦੇ ਮਨਸੂਰ ਨੂੰ ਪੁਲਸ ਨੇ ਬਿਜਲੀ ਦੇ ਝਟਕੇ ਲਾ ਕੇ ਪਾਗਲ ਬਣਾਉਣ ਉਪਰੰਤ ਸਾਢੇ ਤਿੰਨ ਸਾਲ ਜੇਲ੍ਹ ਵਿੱਚ ਰੱਖਿਆ। ਜਦੋਂ ਉਹ ਘਰੇ ਆਇਆ ਤਾਂ ਉਹ ਪਾਗਲਾਂ ਦੀ ਤਰ੍ਹਾਂ ਪਿੰਡ ਵਿੱਚ ਫਟੇ-ਪੁਰਾਣੇ ਕੱਪੜਿਆਂ ਵਿੱਚ ਘੁੰਮਦਾ ਅਤੇ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਰਹਿੰਦਾ। ਪਿੰਡ ਦੇ ਲੋਕ ਹੀ ਉਸ ਨੂੰ ਰੋਟੀ-ਪਾਣੀ ਦਿੰਦੇ। 28 ਸਤੰਬਰ ਦੀ ਦੁਪਹਿਰੇ ਸਾਦੇ ਕੱਪੜਿਆਂ ਵਿੱਚ ਤਿੰਨ ਬੰਦੇ ਆਏ ਅਤੇ ਉਸ ਨੂੰ ਆਪਣੇ ਨਾਲ ਲੈ ਗਏ। ਉਸੇ ਹੀ ਸ਼ਾਮ ਉਸਦੇ ਸਿਰ 25 ਕੇਸ ਪਾਏ ਅਤੇ ਗੋਲੀਆਂ ਮਾਰ ਕੇ ਉਸ ਨੂੰ ਮਾਰ ਦਿੱਤਾ ਗਿਆ। ਪੁਲਸ ਨੇ ਆਖਿਆ ਕਿ ਮੌਕੇ ਤੋਂ ਉਸ ਕੋਲੋਂ 'ਜਰਮਨੀ ਮਾਰਕਾ' ਇੱਕ ਰਿਵਾਲਵਰ ਬਰਾਮਦ ਹੋਇਆ। ਮਨਸੂਰ ਦੇ ਪਿਤਾ ਅਕਬਰ ਨੇ ਆਖਿਆ ਕਿ ''ਜੇ ਕਿਸੇ ਗਰੀਬ, ਬੇਸਹਾਰਾ ਅਤੇ ਪਾਗਲ ਬੰਦੇ ਦੇ ਮਾਰੇ ਜਾਣ ਨਾਲ ਸੂਬੇ ਦਾ ਅਪਰਾਧ ਖਤਮ ਹੋ ਸਕਦਾ ਹੈ ਤਾਂ ਮੈਂ ਕਹਿ ਹੀ ਕੀ ਸਕਦਾ ਹਾਂ?''
ਘੜੀ-ਘੜਾਈ ਇੱਕੋ ਕਹਾਣੀ
10 ਅਗਸਤ 2018 ਦੇ ਇੰਡੀਅਨ ਐਕਸਪ੍ਰੈਸ ਨੇ ਯੋਗੀ ਹਕੂਮਤ ਦੇ ਡੇਢ ਸਾਲ ਦੇ ਅਰਸੇ ਵਿੱਚ ਕੀਤੇ ਗਏ ਝੂਠੇ 2351 ਮੁਕਾਬਲਿਆਂ ਦੀ ਪੜਤਾਲ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ 24 ਜ਼ਿਲ੍ਹਿਆਂ ਵਿੱਚ 63 ਵਿਅਕਤੀ ਮਾਰੇ ਗਏ ਹਨ। ਅਖਬਾਰ ਨੇ ਇਹਨਾਂ ਵਿੱਚੋਂ 40 ਮਾਮਲਿਆਂ ਦੀ ਘੋਖ ਕੀਤੀ ਹੈ। ਇਹਨਾਂ ਵਿੱਚੋਂ 20 ਐਫ.ਆਈ.ਆਰ. ਹੀ ਹਾਸਲ ਹੋ ਸਕੀਆਂ ਹਨ, ਬਾਕੀ ਦੇ ਮਾਮਲਿਆਂ ਵਿੱਚ ਜਾਂ ਤਾਂ ਪੁਲਸ ਨੇ ਮੁਢਲੀ ਰਿਪੋਰਟ ਪਰਿਵਾਰ ਨੂੰ ਦਿੱਤੀ ਹੀ ਨਹੀਂ ਜਾਂ ਫੇਰ ਪਰਿਵਾਰ ਘਰ ਛੱਡ ਕੇ ਕਿਤੇ ਚਲਾ ਗਿਆ ਜਾਂ ਫੇਰ ਸਬੰਧਤ ਥਾਣਾ ਅਧਿਕਾਰੀਆਂ ਨੇ ਨਵੇਂ ਆਏ ਹੋਏ ਹੋਣ ਦੇ ਬਹਾਨੇ ਹੇਠ ਐਫ.ਆਈ.ਆਰ. ਦੀ ਕਾਪੀ ਮੁਹੱਈਆ ਕਰਨ ਤੋਂ ਟਾਲਾ ਵੱਟਿਆ। ਹਾਸਲ ਹੋਈਆਂ ਮੁਢਲੀਆਂ ਰਿਪੋਰਟਾਂ ਵਿੱਚ ਵਰਤੀ ਗਈ ਸ਼ਬਦਾਵਲੀ, ਢੰਗ-ਤਰੀਕਿਆਂ ਬਾਰੇ ਪੜ੍ਹ ਕੇ ਇਉਂ ਜਾਪਦਾ ਹੈ ਜਿਵੇਂ ਕਿਤੇ ਕਿਸੇ ਇੱਕ ਬੰਦੇ ਦੇ ਹੀ ਵਾਕਾਂ ਦੀ ਬਣਤਰ ਹੀ ਬਦਲੀ ਹੋਵੇ, ਸ਼ਬਦ ਤੇ ਸ਼ੈਲੀ ਇੱਕੋ ਜਿਹੇ ਹੀ ਹਨ।
20 ਵਿੱਚੋਂ 12 ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ''ਅਪਰਾਧੀਆਂ'' ਨੂੰ ''ਸੂਹੀਏ'' ਦੀ ''ਸੂਚਨਾ'' ਦੇ ਆਧਾਰ 'ਤੇ ਘੇਰਿਆ ਗਿਆ, ਉਹ ''ਮੋਟਰਸਾਈਕਲ'' 'ਤੇ ਆਇਆ, ਮੋਟਰਸਾਈਕਲ ''ਤਿਲਕ'' ਗਿਆ ਜਾਂ ਉਹ ''ਡਿਗ'' ਪਿਆ, ਉਸਨੇ ''ਗੋਲੀ ਚਲਾ'' ਦਿੱਤੀ। 11 ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਕਾਰਵਾਈ, ''ਸਿਖਲਾਏ ਗਏ ਤਰੀਕੇ'' ਜਾਂ ''ਸਿਖਲਾਈ ਦੇ ਅਨੁਸਾਰ'' ਕੀਤੀ ਗਈ। 18 ਰਿਪੋਰਟਾਂ ਵਿੱਚ ਪੁਲਸ ਨੇ ''ਮਿਸਾਲੀ ਸਾਹਸ'' ਵਿਖਾਇਆ ਹੈ। 16 ਰਿਪੋਰਟਾਂ ਵਿੱਚ ਪੁਲਸ ਵੱਲੋਂ ''ਜਾਨ ਦੀ ਪ੍ਰਵਾਹ ਕੀਤੇ ਬਿਨਾ'' ਦਾ ਜ਼ਿਕਰ ਹੈ, ਜਿਹਨਾਂ ਵਿੱਚੋਂ 9 ਜਵਾਨ ''ਬੁਲਟ ਪਰੂਫ ਜੈਕਟ'' ਪਹਿਨੇ ਹੋਣ ਦੇ ਬਾਵਜੂਦ ਜਖ਼ਮੀ ਹੋ ਗਏ। 8 ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ''ਸੁਪਰੀਮ ਕੋਰਟ ਦੇ ਹੁਕਮਾਂ'' ਅਤੇ ''ਕੌਮੀ ਮਨੁੱਖੀ ਅਧਿਕਾਰ ਕੌਂਸਲ'' ਦੀਆਂ ''ਹਦਾਇਤਾਂ'' ਦਾ ''ਪੂਰਾ'' ਖਿਆਲ ਰੱਖਿਆ ਗਿਆ ਹੈ। 12 ਰਿਪੋਰਟਾਂ ਵਿੱਚ ਆਖਿਆ ਗਿਆ ਹੈ ਕਿ ''ਰਾਤ ਜਾਂ ਬੇਵਕਤ'' ਹੋਣ ਕਾਰਨ ਜਾਂ ''ਡਰ'' ਦੇ ਮਾਰੇ ਕੋਈ ਵੀ ਮੌਕੇ ਦਾ ਗਵਾਹ ਬਣਨ ਨੂੰ ਤਿਆਰ ਨਹੀਂ ਹੋਇਆ। 18 ਰਿਪੋਰਟਾਂ ਵਿੱਚ ਕਿਹਾ ਹੈ ਕਿ ਨਾਲ ਦਾ ਸਾਥੀ ਭੱਜ ਗਿਆ, ਅਪਰਾਧੀ ਮਾਰਿਆ ਗਿਆ। ਤਕਰੀਬਨ ਸਾਰੀਆਂ ਹੀ ਰਿਪੋਰਟਾਂ ਕਿਹਾ ਗਿਆ ਹੈ ਕਿ ਰਾਤ ਜਾਂ ਸਵੇਰੇ ਸਾਜਰੇ ਹਨੇਰਾ ਹੋਣ ਕਾਰਨ ਅਪਰਾਧੀਆਂ ਦਾ ਪਤਾ ''ਟਾਰਚ ਲਾਈਟ'' ਨਾਲ ਲੱਗਾ, ਪੁਲਸ ਨੇ ''ਆਤਮ-ਰੱਖਿਆ'' ਦੀ ਖਾਤਰ ''ਨਿਊਨਤਮ'' (ਘੱਟ ਤੋਂ ਘੱਟ) ਗੋਲੀਬਾਰੀ ਕੀਤੀ। 41 ਕਤਲਾਂ ਵਿੱਚੋਂ 25 ਦੇ ਪੋਸਟ ਮਾਰਟਮ ਦੀ ਰਿਪੋਰਟ ਪੁਲਸ ਨੇ ਪਰਿਵਾਰਾਂ ਨੂੰ ਦਿੱਤੀ ਹੀ ਨਹੀਂ। ਤਕਰੀਬਨ ਸਾਰੇ ਹੀ ਮਾਮਲਿਆਂ ਵਿੱਚ ਸਬੰਧਤ ਪੁਲਸੀ ਅਮਲੇ ਦੀ ਬਦਲੀ ਕਰ ਦਿੱਤੀ ਗਈ ਤਾਂ ਕਿ ਕੋਈ ਉਹਨਾਂ ਕੋਲੋਂ ਪੁੱਛ-ਪੜਤਾਲ ਨਾ ਕਰ ਸਕੇ। ਪੁਲਸ ਨੇ 584 ''ਅਪਰਾਧੀਆਂ'' ਅਤੇ 4 ਪੁਲਸੀਆਂ ਦੇ ਮਾਰੇ ਜਾਣ ਸਮੇਤ 415 ਮੁਲਾਜ਼ਮਾਂ ਨੂੰ ਜਖ਼ਮੀ ਵਿਖਾਇਆ ਹੈ, ਪਰ ਉਹਨਾਂ ਦੀ ਕੋਈ ਵੀ ਡਾਕਟਰੀ ਰਿਪੋਰਟ ਨਸ਼ਰ ਨਹੀਂ ਕੀਤੀ।
ਮੁਖਬਰਾਂ ਦਾ ਜਾਲ
ਯੂ.ਪੀ. ਹਕੂਮਤ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਖਬਰਾਂ ਦਾ ਜਾਲ ਵਿਛਾਇਆ ਹੋਇਆ ਹੈ। 3000 ਦੀ ਵਸੋਂ ਵਾਲੇ ਜਹਾਨਗੰਜ ਵਿੱਚ 70-80 ਮੁਖਬਰ ਹਨ। ਇਹਨਾਂ ਮੁਖਬਰਾਂ ਦਾ ਮੁੱਖ ਕੰਮ ਮੁਸਲਿਮ ਅਤੇ ਦਲਿਤ ਹਿੱਸਿਆਂ ਵਿੱਚੋਂ ਉਹਨਾਂ ਬੰਦਿਆਂ ਬਾਰੇ ਪੁਲਸ ਨੂੰ ਸੂਹ ਦੇਣਾ ਹੈ, ਜਿਹੜੇ ਕਦੇ ਨਾ ਕਦੇ, ਕਿਸੇ ਨਾ ਕਿਸੇ ਝੂਠੇ-ਸੱਚੇ ਕੇਸ ਵਿੱਚ ਗ੍ਰਿਫਤਾਰ ਹੋਏ ਹੋਣ। ਸ਼ਾਮਲੀ ਦੇ ਭੂਰਾ ਪਿੰਡ ਵਿੱਚ ਅਜਿਹਾ ਹੀ ਇੱਕ ਕੇਸ ਸਾਹਮਣੇ ਆਇਆ ਜਦੋਂ ਇਸ ਪਿੰਡ ਦੇ ਦੋ ਨੌਜਵਾਨਾਂ ਨੂੰ 2 ਅਗਸਤ ਨੂੰ ਇੱਕ ਝੂਠੇ ਪੁਲਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਮਾਰੇ ਗਏ ਨੌਜਵਾਨਾਂ ਵਿੱਚੋਂ ਇੱਕ ਸਰਵਰ ਸੀ, ਜਿਹੜਾ 11 ਸਾਲ ਦੀ ਉਮਰ ਤੋਂ ਹੀ ਦਿਹਾੜੀ-ਜੋਤਾ ਲਾ ਕੇ 8 ਜੀਆਂ ਦੇ ਪਰਿਵਾਰ ਦਾ ਖਰਚਾ ਚਲਾਉਂਦਾ ਰਿਹਾ, ਕਿਉਂਕਿ ਉਸਦੇ ਪਿਤਾ ਦੀ ਮੌਤ ਹੋ ਗਈ ਸੀ। ਦੂਸਰਾ ਨੌਜਵਾਨ ਨੌਸ਼ਾਦ ਸੀ, ਜਿਹੜਾ ਖੇਤੀਬਾੜੀ ਦਾ ਕੰਮ ਕਰਦਾ ਸੀ। ਪਿੰਡ ਦੀ ਇੱਕ ਜਾਣਕਾਰ ਔਰਤ ਜਾਸਮੀਨ ਉਰਫ ਰਾਣੋ ਇਹਨਾਂ ਨੂੰ ਆਪਣੇ ਘਰੇ ਰਾਤ ਦੀ ਪਾਰਟੀ 'ਤੇ ਬੁਲਾਉਂਦੀ ਹੈ- ਉਹ ਜਾਣ ਤੋਂ ਝਿਜਕਦੇ ਹਨ, ਪਰ ਫੇਰ ਜਦੋਂ ਰਾਣੋ ਹੀ ਉਹਨਾਂ ਨੂੰ ਲੈਣ ਇਹਨਾਂ ਦੇ ਘਰ ਆ ਗਈ ਤਾਂ ਇਹਨਾਂ ਨੂੰ ਜਾਣਾ ਪਿਆ। ਰਾਤ ਨੂੰ ਉੱਥੇ ਪੁਲਸ ਆਉਂਦੀ ਹੈ ਅਤੇ ਦੋਵਾਂ ਨੂੰ ਫੜ ਕੇ ਲੈ ਜਾਂਦੀ ਹੈ, ਤਿੰਨ ਦਿਨ ਤਸੀਹੇ ਢਾਹੁਣ ਉਪਰੰਤ ਉਹਨਾਂ ਦਾ ਮੁਕਾਬਲਾ ਰਚ ਦਿੱਤਾ ਜਾਂਦਾ ਹੈ। ਅਜੇਪਾਲ ਨਾਂ ਦੇ ਇਸ ਪੁਲਸ ਅਫਸਰ ਨੇ ਪਹਿਲਾਂ ਵੀ 6 ਨੌਜੁਆਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਸੀ। ਇਹ ਭਾਜਪਾ ਦੇ ਫੁਰਮਾਨਾਂ ਨੂੰ ਇੰਨ-ਬਿੰਨ ਲਾਗੂ ਕਰਦਾ ਹੈ। ਇਸ ਕਰਕੇ ਭਾਜਪਾ ਦੇ ਆਗੂ ਉਸ ਨੂੰ ਰਥ ਵਿੱਚ ਬਿਠਾ ਕੇ ਇਲਾਕੇ ਵਿੱਚ ਲਲਕਾਰੇ ਮਾਰਦੇ ਹੋਏ ਪ੍ਰਦਰਸ਼ਨ ਕਰਦੇ ਹਨ। ਯੋਗੀ ਆਦਿੱਤਿਆ ਨਾਥ ਉਸ ਨੂੰ ਆਪਣੇ ਨਾਲ ਹੈਲੀਕਾਪਟਰ ਵਿੱਚ ਬਿਠਾ ਕੇ ਲਿਜਾਂਦਾ ਹੈ ਅਤੇ ਉਸ ਨੂੰ ਐਸ.ਐਸ.ਪੀ. ਬਣਾ ਕੇ ਆਖਦਾ ਹੈ, ''ਪੁਲਸ ਦੇ ਸਾਰੇ ਅਮਲੇ ਨੂੰ ਉਸੇ ਰਾਹ 'ਤੇ ਚੱਲਣਾ ਚਾਹੀਦਾ ਹੈ, ਜਿਸ 'ਤੇ ਅਜੇਪਾਲ ਨੇ ਚੱਲ ਕੇ ਅਪਰਾਧ 'ਤੇ ਕਾਬੂ ਪਾਇਆ ਹੈ।'' ਹਰਿਆਣੇ ਦਾ ਮੁੱਖ ਮੰਤਰੀ ਖੱਟੜ ਵੀ ਉਸਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਾ ਹੈ।
ਝੂਠੇ ਮੁਕਾਬਲਿਆਂ ਦਾ ਸਿਲਸਿਲਾ ਨਵਾਂ ਨਹੀਂ
ਯੂ.ਪੀ. ਵਿੱਚ ਵੀ ਝੂਠੇ ਪੁਲਸ ਮੁਕਾਬਲਿਆਂ ਦਾ ਜਿਹੜਾ ਸਿਲਸਿਲਾ ਹੁਣ ਚਲਾਇਆ ਜਾ ਰਿਹਾ ਹੈ, ਇਹ ਕੋਈ ਨਵਾਂ ਨਹੀਂ। 1980 ਵਿੱਚ ਉਦੋਂ ਦੇ ਕਾਂਗਰਸੀ ਮੁੱਖ ਮੰਤਰੀ ਵੀ.ਪੀ. ਸਿੰਘ ਨੇ ਵੀ ਪੂਰੇ ਜ਼ੋਰ-ਸ਼ੋਰ ਨਾਲ ਚਲਾਇਆ ਸੀ। ਉਸੇ ਹੀ ਸਮੇਂ ਡਾਕੂਆਂ ਨੂੰ ਖਤਮ ਕਰਨ ਦੇ ਨਾਂ ਹੇਠ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇਹ ਸਿਲਸਿਲਾ ਚਲਾਇਆ ਗਿਆ ਸੀ। ਅਸਲ ਵਿੱਚ ਜਦੋਂ ਇੱਥੋਂ ਦੇ ਹਾਕਮ ਖੁਦ ਵੱਡੇ ਚੋਰ, ਲੁਟੇਰੇ, ਡਾਕੂ ਅਤੇ ਦੇਸ਼ ਨੂੰ ਸਾਮਰਾਜੀਆਂ ਦੇ ਚਰਨੀਂ ਪਰੋਸਣ ਵਾਲੇ ਹਨ ਤਾਂ ਇਹਨਾਂ ਦਾ ਮਾਮਲਾ ਚੋਰੀਆਂ, ਲੁੱਟ-ਖੋਹਾਂ, ਡਕੈਤੀਆਂ ਆਦਿ ਨੂੰ ਰੋਕਣਾ ਬਿਲਕੁੱਲ ਨਹੀਂ ਬਲਕਿ ਇਹਨਾਂ ਦਾ ਅਸਲ ਮਨੋਰਥ ਆਪਣੇ ਸਿਆਸੀ ਵਿਰੋਧੀਆਂ ਜਾਂ ਜਮਾਤੀ ਵਿਰੋਧੀਆਂ ਨੂੰ ਖਤਮ ਕਰਨਾ ਹੈ। 1967 ਵਿੱਚ ਜਦੋਂ ਨਕਸਲਬਾੜੀ ਲਹਿਰ ਦਾ ਉਠਾਣ ਹੋਇਆ ਸੀ, ਤਾਂ ਇੰਦਰਾ ਗਾਂਧੀ ਨੇ ਨਕਸਲੀ ਲਹਿਰ ਦੇ ਆਗੂਆਂ ਅਤੇ ਕਾਰਕੁੰਨਾਂ ਦੇ ''ਕੰਘਾ ਕਰੂ'' ਮੁਹਿੰਮ ਤਹਿਤ ਝੂਠੇ ਮੁਕਾਬਲੇ ਰਚ ਕੇ 5 ਹਜ਼ਾਰ ਦੇ ਕਰੀਬ ਸਾਥੀਆਂ ਨੂੰ ਸ਼ਹੀਦ ਕਰ ਦਿੱਤਾ ਸੀ, ਇਸ ਮਾਮਲੇ ਵਿੱਚ ਪੰਜਾਬ ਵਿੱਚ ਅਕਾਲੀ ਦਲ ਬਾਦਲ ਅਤੇ ਬੰਗਾਲ ਵਿੱਚ ਸੀ.ਪੀ.ਐਮ. ਸਮੇਤ ਸਾਰੀਆਂ ਹੀ ਹਾਕਮ ਜਮਾਤੀ ਪਾਰਟੀਆਂ ਦੇ ਆਗੂ ਕਿਸੇ ਤੋਂ ਘੱਟ ਨਹੀਂ ਰਹੇ। ਜੰਮੂ-ਕਸ਼ਮੀਰ ਦੇ ਲੋਕਾਂ ਦੀ ਆਪਣੀ ਆਜ਼ਾਦੀ ਦੀ ਲੜਾਈ ਚੱਲ ਰਹੀ ਹੈ, ਤਾਂ 1990ਵਿਆਂ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਾਰ ਕੇ ਖਪਾ ਦਿੱਤਾ ਗਿਆ ਹੈ, ਜਿਹਨਾਂ ਦੀਆਂ ਮਾਵਾਂ ਆਏ ਦਿਨ ਕਸ਼ਮੀਰ ਵਿੱਚ ਕੋਈ ਨਾ ਕੋਈ ਵਿਖਾਵਾ ਕਰਦੀਆਂ ਰਹਿੰਦੀਆਂ ਹਨ। ਮਨੀਪੁਰ ਵਿੱਚ ਸੰਨ 2000 ਤੋਂ 2012 ਤੱਕ 1582 ਵਿਅਕਤੀਆਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ ਹੈ। ਇਹਨਾਂ ਕਤਲਾਂ ਦੇ ਦੋਸ਼ਾਂ ਵਿੱਚ 74 ਅਫਸਰਾਂ ਸਮੇਤ 356 ਫੌਜੀਆਂ 'ਤੇ ਅਦਾਲਤੀ ਕੇਸ ਚੱਲ ਰਹੇ ਹਨ।
ਅਸਲ ਮਨਸ਼ਾ ਹੈ ਮੁਸਲਿਮ ਅਤੇ ਦਲਿਤ ਭਾਈਚਾਰਿਆਂ ਨੂੰ ਪੈਰ ਦੀ ਜੁੱਤੀ ਬਣਾਉਣਾ
ਮੌਰਾਨੀਪੁਰ ਪੁਲਸ ਥਾਣੇ ਦੇ ਇੰਚਾਰਜ ਸੁਨੀਤ ਕੁਮਾਰ ਸਿੰਘ ਲੇਖਰਾਜ ਸਿੰਘ ਯਾਦਵ ਨੂੰ ਫੋਨ ਕਰਦਾ ਹੈ। ਲੇਖਰਾਜ ਕਤਲ ਸਮੇਤ ਅਨੇਕਾਂ ਲੁੱਟਾਂ-ਖੋਹਾਂ ਦੇ ਕੇਸਾਂ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ। ਇਹਨਾਂ ਦੇ ਫੋਨ ਦੀ ਰਿਕਾਰਡਿੰਗ ਹੋ ਰਹੀ ਹੈ। ਥਾਣਾ ਇੰਚਾਰਜ ਯਾਦਵ ਨੂੰ ਆਖਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਝਾਂਸੀ ਦੇ ਬਾਬੀਨਾ ਹਲਕੇ ਤੋਂ ਵਿਧਾਇਕ ਰਾਜੀਵ ਸਿੰਘ ਪਾਰੀਛਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਦੁਬੇ ਨੂੰ ਮਿਲੇ ਜੇਕਰ ਉਹ ਆਪਣਾ ਭਲਾ ਚਾਹੁੰਦਾ ਹੈ, ਕਿਉਂਕਿ ''ਇਹ ਮੁਕਾਬਲਿਆਂ ਦਾ ਸੀਜ਼ਨ ਚੱਲ ਰਿਹਾ ਹੈ... ਤੁਹਾਡਾ ਫੋਨ ਨੰਬਰ ਨਿਗਰਾਨੀ ਹੇਠ ਹੈ ਅਤੇ ਤੁਸੀਂ ਜਲਦੀ ਹੀ ਮਾਰੇ ਜਾ ਸਕਦੇ ਹੋ। ਬਾਬੀਨਾ ਦੇ ਵਿਧਾਇਕ ਅਤੇ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਨੂੰ ਫੌਰੀ ਮਿਲੋ ਜੇਕਰ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ।'' ਇਹ ਖਬਰ ਟੈਲੀਗਰਾਫ ਅਖਬਾਰ ਨੇ ਜਾਰੀ ਕੀਤੀ ਹੈ। ਮਨੋਰਥ ਸਾਫ ਹੈ ਕਿ ਮੁਸਲਿਮ ਅਤੇ ਦਲਿਤ ਭਾਈਚਾਰਿਆਂ ਵਿੱਚੋਂ ਜਿਹੜੇ ਵੀ ਬੰਦੇ ਭਾਜਪਾ ਦੇ ਮੰਨੂਵਾਦੀ ਹਾਕਮਾਂ ਨੂੰ ਕੋਈ ਚੁਣੌਤੀ ਦੇ ਸਕਦੇ ਹਨ, ਉਹਨਾਂ ਨੂੰ ਭਾਜਪਾ ਆਗੂਆਂ ਦੇ ਚਰਨੀਂ ਸੁੱਟਿਆ ਜਾ ਰਿਹਾ ਹੈ। ਜੇਕਰ ਉਹ ਲੇਲ੍ਹਕੜੀਆਂ ਕੱਢ ਉਹਨਾਂ ਦੀ ਤਾਬੇਦਾਰੀ ਵਿੱਚ ਚਲੇ ਜਾਣਗੇ ਤਾਂ ਉਹਨਾਂ ਨੂੰ 'ਬਖਸ਼' ਦਿੱਤਾ ਜਾਵੇਗਾ ਨਹੀਂ ਤਾਂ ਪਾਰ ਬੁਲਾ ਦਿੱਤਾ ਜਾਵੇਗਾ।
ਯੂ.ਪੀ. ਵਿੱਚ ਰਚਾਏ ਜਾ ਰਹੇ ਝੂਠੇ ਮੁਕਾਬਲੇ ਦੱਬੀਆਂ-ਕੁਚਲੀਆਂ ਧਾਰਮਿਕ ਤੇ ਸਮਾਜਿਕ ਘੱਟ-ਗਿਣਤੀਆਂ ਬਣਦੇ ਮੁਸਲਮਾਨਾਂ ਅਤੇ ਦਲਿਤਾਂ 'ਤੇ ਹੀ ਫਿਰਕੂ-ਫਾਸ਼ੀ ਹਮਲਾ ਨਹੀਂ ਹੈ, ਇਹ ਅਖੌਤੀ ਸੰਵਿਧਾਨ ਵਿੱਚ ਦਿੱਤੇ ਲੋਕਾਂ ਦੇ ਜੀਣ ਦੇ ਜਮਹੂਰੀ ਅਧਿਕਾਰ 'ਤੇ ਵੀ ਹਮਲਾ ਹੈ। ਸਭਨਾਂ ਲੋਕ-ਪੱਖੀ, ਧਰਮ-ਨਿਰਲੇਪ, ਜਮਹੂਰੀਅਤਪਸੰਦ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਨੂੰ ਯੂ.ਪੀ. ਵਿੱਚ ਰਚਾਏ ਜਾ ਰਹੇ ਝੂਠੇ ਮੁਕਾਬਲਿਆਂ ਰਾਹੀਂ ਮੁਸਲਮਾਨਾਂ ਅਤੇ ਦਲਿਤ ਭਾਈਚਾਰਿਆਂ ਖਿਲਾਫ ਵਿੱਢੇ ਨਸਲਕੁਸ਼ੀ ਹਮਲੇ ਦੀ ਹਕੀਕਤ ਨੂੰ ਨੰਗਾ ਕਰਨਾ ਚਾਹੀਦਾ ਹੈ ਅਤੇ ਇਸਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ੦-੦

No comments:
Post a Comment