Monday, 3 September 2018

ਕੇਰਲਾ 'ਚ ਆਏ ਹੜ੍ਹਾਂ ਦੇ ਸਬੰਧ ਵਿੱਚ ..........ਇਕਬਾਲੀਆ ਬਿਆਨ


ਕੇਰਲਾ 'ਚ ਆਏ ਹੜ੍ਹਾਂ ਦੇ ਸਬੰਧ ਵਿੱਚ ਭਾਰਤ ਦੇ ਧਰਤ-ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਰਾਜੀਵਨ ਦਾ ਇਕਬਾਲੀਆ ਬਿਆਨ

''ਸਾਨੂੰ ਇਹ ਵੀ ਨਹੀਂ ਪਤਾ ਕਿ ਡੈਮਾਂ 'ਚੋਂ ਹੜ੍ਹਾਂ ਦਾ ਪਾਣੀ ਕਦੋਂ ਅਤੇ ਕਿਵੇਂ ਛੱਡਣਾ ਹੈ....''
26 ਅਗਸਤ ਦੇ ਇੰਡੀਅਨ ਐਕਸਪ੍ਰੈਸ ਦੇ ''ਆਈਡੀਆ ਐਕਸਚੇਂਜ'' ਪੰਨੇ 'ਤੇ ਭਾਰਤ ਦੇ ਧਰਤ-ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਰਾਜੀਵਨ ਦੀ ਇੱਕ ਲੰਮੀ ਮੁਲਾਕਾਤ ਛਪੀ ਹੈ, ਜਿਸ ਵਿੱਚ ਉਸ ਨੇ ਹੋਰਨਾਂ ਅਨੇਕਾਂ ਵਿਸ਼ਿਆਂ ਸਮੇਤ ਕੇਰਲਾ ਵਿੱਚ ਹੁਣੇ ਜਿਹੇ ਆਏ ਹੜ੍ਹਾਂ ਸਬੰਧੀ ਵੀ ਇਸ ਸੱਚ ਨੂੰ ਕੁੱਝ ਕੁ ਸਵਿਕਾਰ ਕੀਤਾ ਹੈ ਕਿ ਇਹ ਹੜ੍ਹ ਕੁਦਰਤੀ ਆਫਤ ਨਹੀਂ ਬਲਕਿ ਇਸ ਪ੍ਰਬੰਧ ਦੀਆਂ ਖਾਮੀਆਂ ਦਾ ਨਤੀਜਾ ਹਨ। ਉਹਨਾਂ ਦੀ ਲੰਮੀ ਮੁਲਕਾਤ ਵਿੱਚੋਂ ਪੇਸ਼ ਹਨ ਕੁੱਝ ਅੰਸ਼: ''.......ਕੇਰਲਾ ਵਿੱਚ ਇਸ ਵਾਰੀ ਪਹਾੜੀਆਂ ਖਿਸਕਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ। ਇਹ ਭਾਰੀ ਮੀਂਹਾਂ ਦੀ ਵਜਾਹ ਕਰਕੇ ਹੋ ਸਕਦਾ ਹੈ। ਮਿੱਟੀ ਅਤੇ ਗਾਰਾ ਹੇਠਾਂ ਤਿਲ੍ਹਕ ਗਏ ਅਤੇ ਬਹੁਤ ਸਾਰੇ ਦਰਖਤ ਵੀ ਪੁੱਟੇ ਗਏ। ਕੇਰਲਾ  ਵਿੱਚ ਹਰ ਸਾਲ ਜੁਨ-ਜੁਲਾਈ ਵਿੱਚ ਬਾਰਸ਼ਾਂ ਹੁੰਦੀਆਂ ਹਨ। ਇਹ ਸਾਰਾ ਪਾਣੀ ਆਮ ਤੌਰ 'ਤੇ ਧਰਤੀ ਵੱਲੋਂ ਚੂਸ ਲਿਆ ਜਾਂਦਾ ਹੈ, ਮੀਂਹਾਂ ਕਾਰਨ ਧਰਤੀ ਨਰਮ ਹੋ ਕੇ ਪਹਾੜੀਆਂ ਢਹਿ ਗਈਆਂ। ਹੁਣ ਜੇਕਰ ਉੱਥੇ ਕਾਫੀ ਦਰਖਤ ਹੁੰਦੇ ਇਹ ਕੁੱਝ ਨਹੀਂ ਸੀ ਵਾਪਰਨਾ। ਭਾਰੀ ਮੀਂਹਾਂ ਦੀ ਵਜਾਹ ਕਾਰਨ ਪੱਛਮੀ ਘਾਟਾਂ ਜਾਂ ਉੱਤਰਾਖੰਡ ਆਦਿ ਵਿੱਚ ਤਿੱਖੀਆਂ ਢਲਾਨਾਂ ਵਿੱਚ ਪਹਾੜੀਆਂ ਖਿਸਕ ਜਾਂਦੀਆਂ ਹਨ। ਜੰਗਲਾਂ ਦੀ ਕਟਾਈ ਚਟਾਨਾਂ ਦੇ ਖਿਸਕਣ ਦੀ ਵਜਾਹ ਬਣਦੀ ਹੈ। ਇਹੀ ਵਜਾਹ ਹੈ ਕਿ ਗਾਡਗਿਲ ਕਮਿਸ਼ਨ ਦੀਆਂ ਸਿਫਾਰਸ਼ਾਂ ਵਿੱਚੋਂ ਇੱਕ ਜੰਗਲਾਂ ਦੀ ਕਟਾਈ ਨੂੰ ਰੋਕੇ ਜਾਣ ਦੀ ਵੀ ਹੈ।
''ਅਗਸਤ ਦੇ ਪਹਿਲੇ ਦੋ ਹਫਤਿਆਂ ਵਿੱਚ ਵੀ ਭਾਰੀ ਮੀਂਹ ਪਏ। ਜਿਹਨਾਂ ਦੀ ਵਜਾਹ ਕਾਰਨ ਡੈਮਾਂ ਵਿੱਚੋਂ ਹੋਰ ਪਾਣੀ ਛੱਡਣਾ ਪਿਆ। ਹੁਣ ਕੁੱਝ ਲੋਕ ਇਹ ਸਵਾਲ ਉਠਾਉਂਦੇ ਹਨ ਕਿ ਜਦੋਂ ਜੁਲਾਈ ਵਿੱਚ ਹੀ ਡੈਮ ਭਰ ਚੁੱਕੇ ਸਨ ਤਾਂ ਪਾਣੀ ਤਾਂ ਉਹਨਾਂ ਵਿੱਚੋਂ ਉਦੋਂ ਹੀ ਛੱਡਣਾ ਚਾਹੀਦਾ ਸੀ। ਹੋਰ ਦੇਸ਼ ਕੀ ਕਰਦੇ ਹਨ। ਕੋਲੋਰਾਡੋ ਦਰਿਆ ਅਮਰੀਕਾ ਦੇ ਸੱਤ ਸੂਬਿਆਂ ਵਿੱਚੀਂ ਲੰਘਦਾ ਹੈ, ਇਹ ਖੁਸ਼ਕ ਤੋਂ ਖੁਸ਼ਕ ਅਤੇ ਹੜ੍ਹਾਂ ਵਾਲੇ ਖੇਤਰਾਂ ਵਿੱਚੋਂ ਵੀ ਲੰਘਦਾ ਹੈ, ਪਰ ਉਹਨਾਂ ਨੇ ਪਾਣੀ ਦੀ ਸੰਭਾਲ ਲਈ ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਉਹ ਅਗਲੇ ਦਿਨਾਂ ਦੇ ਮੌਸਮ ਦਾ ਅਧਿਐਨ ਕਰਦੇ ਹਨ ਕਿ ਕਿੰਨਾ ਪਾਣੀ ਆ ਸਕਦਾ ਹੈ। ਉਹਨਾਂ ਦੇ ਕੋਲ ਵਿਗਿਆਨ 'ਤੇ ਆਧਾਰਤ ਇੱਕ 'ਫੈਸਲਾਕਰੂ ਸਹਾਇਕ ਪ੍ਰਬੰਧ'' ਹੈ। ਉਹ ਮੌਸਮ ਦੀਆਂ ਭਵਿੱਖਬਾਣੀਆਂ ਦੇ ਤਹਿਤ ਜਾਂ ਕੁੱਝ ਵੀ ਖਤਰਨਾਕ ਵਾਪਰਨ ਤੋਂ ਪਹਿਲਾਂ ਹੀ ਪਾਣੀ ਛੱਡਣਾ ਸ਼ੁਰੂ ਕਰ ਦਿੰਦੇ ਹਨ। ਕੇਰਲਾ ਵਿੱਚ ਅਜਿਹਾ ਕੁੱਝ ਨਹੀਂ ਕੀਤਾ ਗਿਆ।
''ਅਮਰੀਕਾ ਦੀ ਕੋਲੋਰਾਡੋ ਯੂਨੀਵਰਸਿਟੀ ਦਾ ਪ੍ਰਸਿੱਧ ਜਲ-ਵਿਗਿਆਨੀ ਗਿਲਬਰਟ ਵ੍ਹਾਈਟ ਕਹਿੰਦਾ ਹੁੰਦਾ ਸੀ  ਕਿ ਹੜ੍ਹ ਰੱਬ ਪੈਦਾ ਕਰਦਾ ਹੈ ਪਰ ਹੜ੍ਹਾਂ ਦੀ ਤਬਾਹੀ ਮਨੁੱਖ ਪੈਦਾ ਕਰਦੇ ਹਨ। ਭਾਰਤ ਵਿੱਚ ਸਾਡੇ ਕੋਲ ਵਿਗਿਆਨਕ ਢੰਗ-ਤਰੀਕਿਆਂ ਵਾਲਾ ਪੂਰਾ-ਸੂਰਾ ਹੜ੍ਹ-ਰੋਕੂ ਪ੍ਰਬੰਧ ਹੋਣਾ ਚਾਹੀਦਾ ਹੈ। ਜਿੱਥੋਂ ਤੱਕ ਮੇਰੀ ਸਮਝ ਹੈ ਅੱਜ ਕਿਸੇ ਵੀ ਵੱਡੇ ਜਲ-ਭੰਡਾਰ ਕੋਲ ਫੈਸਲਾਕੁੰਨ ਸਹਾਇਕ ਪ੍ਰਬੰਧ ਨਹੀਂ ਹੈ। ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਡੈਮ ਨੂੰ ਕਦੋਂ ਖੋਲ੍ਹਣਾ ਹੈ, ਢੁਕਵਾਂ ਸਮਾਂ ਕਿਹੜਾ ਹੈ। ਇਹ ਕੋਈ ਵੀ ਨਹੀਂ ਜਾਣਦਾ ਕਿ ਫੈਸਲਾ ਕਦੋਂ ਲਿਆ ਜਾਵੇਗਾ।
''ਮੈਂ ਕੇਰਲਾ ਦੇ ਹੜ੍ਹਾਂ ਦੀ ਜੁੰਮੇਵਾਰੀ ਕਿਸੇ ਇੱਕ ਉੱਪਰ ਨਹੀਂ ਸੁੱਟਦਾ। ਪਰ ਭਾਰਤ ਵਿੱਚ ਬਹੁਤੇ ਹੜ੍ਹ-ਰੋਕੂ ਪ੍ਰਬੰਧ ਵਿਗਿਆਨ 'ਤੇ ਆਧਾਰਤ ਨਹੀਂ ਹਨ। ਭਾਖੜਾ-ਨੰਗਲ ਤੋਂ ਬਿਨਾ ਭਾਰਤ ਵਿੱਚ ਕਿਤੇ ਵੀ ਹੜ੍ਹ-ਰੋਕੂ ਪ੍ਰਬੰਧ ਨਹੀਂ ਹੈ। (ਉਂਝ 1988 ਦੇ ਹੜ੍ਹਾਂ ਨੇ ਇਸ ਪ੍ਰਬੰਧ ਦੀ ਪੋਲ੍ਹ ਖੋਲ੍ਹ ਦਿੱਤੀ ਸੀ ਜਦੋਂ ਇਹ ਭਾਰੀ ਬਾਰਸ਼ਾਂ ਦੌਰਾਨ ਵੀ ਅਨੇਕਾਂ ਦਿਨ ਭਾਖੜਾ ਡੈਮ ਦਾ ਪਾਣੀ ਖਤਰੇ ਤੋਂ ਨਿਸ਼ਾਨ ਉੱਪਰ ਜਮ੍ਹਾਂ ਰੱਖਿਆ ਗਿਆ। ਅਤੇ ਫੇਰ ਅਚਾਨਕ ਹੀ ਫੱਟੇ ਚੁੱਕ ਦਿੱਤੇ ਗਏ ਸਨ। -ਅਨੁਵਾਦਕ) ਨਰਮਦਾ ਅਤੇ ਗੋਦਾਵਰੀ ਦੇ ਮੈਦਾਨਾਂ ਦੇ ਦਰਿਆਵਾਂ ਦੇ ਜਲ-ਭੰਡਾਰਾਂ ਬਾਰੇ ਮੇਰੇ ਖਿਆਲ ਵਿੱਚ ਕੋਈ ਫੈਸਲਾਕੁੰਨ ਸਹਾਇਕ ਪ੍ਰਬੰਧ ਨਹੀਂ ਹੈ, ਜਿਹਨਾਂ ਦਰਿਆਵਾਂ ਵਿੱਚ ਬਰਫਾਂ ਦਾ ਪਾਣੀ ਨਹੀਂ ਬਲਕਿ ਨਿਰੋਲ ਬਰਸਾਤੀ ਪਾਣੀ ਹੀ ਆਉਂਦਾ ਹੈ। ਸਾਨੂੰ ਇਸ ਦੀ ਜ਼ਰੂਰਤ ਹੈ, ਨਹੀਂ ਤਾਂ ਇਹ ਕਿਸੇ ਇੰਜਨੀਅਰ 'ਤੇ ਛੱਡੇ ਜਾਣ ਵਾਲੀ ਗੱਲ ਹੈ ਕਿ ''ਹੁਣ ਕਿਉਂਕਿ ਮੀਂਹ ਪੈ ਰਿਹਾ ਹੈ, ਚੱਲੋ ਦਰਿਆਵਾਂ ਵਿੱਚ ਪਾਣੀ ਛੱਡ ਦੇਈਏ।......''

No comments:

Post a Comment