Monday, 3 September 2018

ਅਖੌਤੀ ਆਸਰਾ ਘਰਾਂ ਦੇ ਫੱਟੇ ਓਹਲੇ ਚਲਾਏ ਜਾ ਰਹੇ .....ਪਾਪਾਂ ਦੇ ਅੱਡੇ

ਅਖੌਤੀ ਆਸਰਾ ਘਰਾਂ ਦੇ ਫੱਟੇ ਓਹਲੇ ਚਲਾਏ ਜਾ ਰਹੇ
ਧਨਾਢ ਰਸੂਖ਼ਵਾਨਾਂ ਦੇ ਘਿਨਾਉਣੇ ਪਾਪਾਂ ਦੇ ਅੱਡੇ

—ਵਸ਼ਿਸ਼ਟ
ਬਿਹਾਰ ਦੇ ਮੁਜ਼ੱਫਰਪੁਰ ਅਤੇ ਉੱਤਰ ਪ੍ਰਦੇਸ਼ ਦੇ ਦੇਵਰੀਆ ਵਿਚਲੇ ਬੱਚਿਆਂ ਅਤੇ ਔਰਤਾਂ ਲਈ ਚਲਾਏ ਜਾ ਰਹੇ ਆਸਰਾ ਘਰਾਂ (ਰੈਣ ਬਸੇਰੇ) ਵਿੱਚ ਬੱਚੀਆਂ ਨਾਲ ਹੁੰਦੀ ਅਣਮਨੁੱਖੀ ਦਰਿੰਦਗੀ ਦੇ ਜੋ ਮਾਮਲੇ ਸਾਹਮਣੇ ਆਏ ਹਨ, ਉਹਨਾਂ ਨੇ ਹਰ ਜਾਗਦੀ ਜਮੀਰ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਹੈ। ਬੱਚਿਆਂ, ਔਰਤਾਂ, ਬੇ-ਸਹਾਰਿਆਂ ਅਤੇ ਬੇਘਰਾਂ ਦੀ ਸੇਵਾ ਸੰਭਾਲ, ਭਲਾਈ ਸੁਰੱਖਿਆ ਅਤੇ ਸਮਾਜ ਵਿੱਚ ਜਿਉਣ ਦੇ ਕਾਬਲ ਬਣਾਉਣ ਦੇ ਨਾਂ ਹੇਠ ਕਰੋੜਾਂ ਰੁਪਏ ਸੂਬਾਈ ਅਤੇ ਕੇਂਦਰੀ ਹਕੂਮਤਾਂ ਤੋਂ ਲੈ ਕੇ ਸਰਕਾਰੀ ਤਾਣੇ-ਬਾਣੇ ਅਤੇ ਬਾਲ ਤੇ ਔਰਤ ਕਲਿਆਣ ਵਿਭਾਗ ਆਦਿ ਦੀ ਮਿਲੀ ਭੁਗਤ ਨਾਲ ਚਲਾਇਆ ਜਾ ਰਿਹਾ ਹੈ, ਇਹ ਜਿਬਹਾ-ਖਾਨਾ ਪੂਰੀ ਤਰ੍ਹਾਂ  ਇਹਨਾਂ ਸੰਸਥਾਵਾਂ, ਸਰਕਾਰਾਂ ਅਤੇ ਅਖੌਤੀ ਕਲਿਆਣਕਾਰੀ ਕਾਰਜ ਦਾ ਪਰਦਾਫਾਸ਼ ਕਰਦਾ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਟਾਟਾ ਸਮਾਜਿਕ ਵਿਗਿਆਨ ਸੰਸਥਾ ਜਿਸ ਨੂੰ ਬਿਹਾਰ ਦੇ ਆਸਰਾ ਘਰਾਂ ਦਾ ਸਮਾਜਿਕ ਲੇਖਾ ਜੋਖਾ (ਨਿਰੀਖਣ) ਕਰਨ ਦਾ ਕੰਮ ਸੌਂਪਿਆ ਗਿਆ ਸੀ ਦੀ ਸ਼ਾਖਾ 'ਕਸ਼ਿਸ਼'  ਮੁਜ਼ੱਫਰਪੁਰ ਸਥਿਤ ਗੈਰ-ਸਰਕਾਰੀ ਸੰਸਥਾ ਸੇਵਾ ਸੰਕਲਪ ਅਤੇ ਵਿਕਾਸ ਸਮਿਤੀ ਵੱਲੋਂ ਚਲਾਏ ਜਾਂਦੇ ਬੱਚੀਆਂ ਦੇ ਆਸਰਾ ਘਰ ਵਿੱਚ ਲੇਖਾ ਜੋਖਾ ਕਰਨ ਇੱਥੇ ਪੁੱਜੀ। 'ਕਸ਼ਿਸ਼' ਨੇ ਸਾਹਮਣੇ ਆਏ ਤੱਥਾਂ 'ਤੇ ਆਧਾਰਤ ਆਪਣੀ ਰਿਪੋਰਟ ਮਾਰਚ ਵਿੱਚ ਹੀ ਦਾਖਲ ਕਰਵਾ ਦਿੱਤੀ ਪਰ ਆਸਰਾ ਘਰ ਦੇ ਸੰਚਾਲਕ ਬਰਜੇਸ਼ ਠਾਕਰ ਦੇ ਅਧਿਕਾਰੀਆਂ ਨਾਲ ਸਬੰਧ ਹੋਣ ਅਤੇ ਸਰਕਾਰੇ ਦਰਬਾਰੇ ਹੱਥ ਪੈਂਦਾ ਹੋਣ ਕਾਰਨ ਰਾਜ ਦੇ ਸਮਾਜ ਕਲਿਆਣ ਵਿਕਾਸ ਵਿਭਾਗ ਵੱਲੋਂ ਇਸ ਬਾਰੇ ਐਫ.ਆਈ.ਆਰ. ਦਰਜ਼ ਕਰਵਾਉਣ ਵਿੱਚ ਐਨਾ ਲੰਬਾ ਸਮਾਂ ਲੰਘਾ ਦਿੱਤਾ ਤੇ 31 ਮਈ ਨੂੰ ਸੇਵਾ ਸੰਕਲਪ ਅਤੇ ਵਿਕਾਸ ਸਮਿਤੀ ਨੂੰ ਚਲਾਉਣ ਵਾਲੇ ਬਰਜੇਸ਼ ਠਾਕਰ ਸਮੇਤ 11 ਲੋਕਾਂ 'ਤੇ ਐਫ.ਆਈ.ਆਰ. ਦਰਜ਼ ਕੀਤੀ ਗਈ। ਇਸ ਆਸਰਾ ਘਰ ਵਿੱਚ 42 ਲੜਕੀਆਂ ਦੀ ਜਾਂਚ ਕੀਤੀ ਗਈ ਅਤੇ ਸਾਹਮਣੇ ਆਇਆ ਕਿ ਇਹਨਾਂ ਵਿੱਚੋਂ 34 ਨਾਲ ਬਲਾਤਕਾਰ ਹੋਇਆ ਸੀ। ਘੱਟੋ ਘੱਟ ਤਿੰਨ ਲੜਕਰੀਆਂ ਦਾ ਗਰਭਪਾਤ ਕਰਵਾਇਆ ਗਿਆ ਅਤੇ ਤਿੰਨ ਅਜੇ ਵੀ ਗਰਭਵਤੀ ਸਨ। ਇਹ ਸਾਰੀਆਂ ਲੜਕੀਆਂ 7 ਤੋਂ 14 ਸਾਲ ਦੀ ਉਮਰ ਦੇ ਦਰਮਿਆਨ ਸਨ। ਵਰਨਣਯੋਗ ਹੈ ਕਿ ਐਨਾ ਕਹਿਰ ਵਾਪਰਨ 'ਤੇ ਸਾਡਾ ਅਖੌਤੀ ਮੁੱਖ ਧਾਰਾਈ ਮੀਡੀਆ ਅਤੇ ਟੀ.ਵੀ. ਚੈਨਲ ਚੁੱਪ ਰਹੇ। ਮੈਜਿਸਟਰੇਟ ਸਾਹਮਣੇ ਲੜਕੀਆਂ ਵੱਲੋਂ ਬਿਆਨ ਕੀਤੀਆਂ ਕਹਾਣੀਆਂ ਰੂਹ ਨੂੰ ਕੰਬਣੀ ਛੇੜਨ ਵਾਲੀਆਂ ਹਨ। ਇੱਕ ਦਸ ਸਾਲਾ ਲੜਕੀ ਨੇ ਪੋਕਸੋ ਅਦਾਲਤ ਸਾਹਮਣੇ ਬਿਆਨ ਕੀਤਾ ਕਿ ਦਿਨੇ ਸਾਡੇ 'ਤੇ ਨਿਰਾਸ਼ਾ ਛਾਈ ਰਹਿੰਦੀ, ਰਾਤ ਢਲਦਿਆਂ ਹੀ ਜ਼ਿੰਦਗੀ ਬੇਹੱਦ ਡਰਾਉਣੀ ਹੋ ਜਾਂਦੀ ਸੀ। ਸਭ ਕੁੜੀਆਂ ਭੈਭੀਤ ਰਹਿੰਦੀਆਂ ਸਨ। 14 ਸਾਲਾ ਲੜਕੀ ਅਨੁਸਾਰ ਜਦੋਂ ਹੰਟਰ (ਚਾਬਕ) ਵਾਲੇ ਅੰਕਲ ਆਉਂਦੇ ਤਾਂ ਸਭ ਕੁੜੀਆਂ ਥਰ ਥਰ ਕੰਬਣ ਲੱਗ ਜਾਂਦੀਆਂ। ਇੱਕ 10 ਸਾਲਾ ਮਾਸੂਮ ਬੱਚੀ ਦੱਸਦੀ ਹੈ ਕਿ ਕਿਵੇਂ ਉਹਨਾਂ ਨੂੰ ਬਲਾਤਕਾਰ ਤੋਂ ਪਹਿਲਾਂ ਨਸ਼ੀਲੀਆਂ ਦਵਾਈਆਂ ਖੁਆਈਆਂ ਜਾਂਦੀਆਂ, ਨਿੱਜੀ ਅੰਗਾਂ ਵਿੱਚ ਦਰਦ ਦੇ ਨਾਲ ਉਹਨਾਂ ਦੀ ਬੇਹੋਸ਼ੀ ਟੁੱਟਦੀ ਅਤੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦਿੰਦੇ। ਜਦੋਂ ਕਿਰਨ ਮੈਡਮ (ਆਸਰਾ ਘਰ ਦੀ ਇੱਕ ਕਰਮਚਾਰੀ) ਨੂੰ ਸ਼ਿਕਾਇਤ ਕਰਦੀਆਂ ਤਾਂ ਉਹ ਅਣਸੁਣੀ ਕਰ ਦਿੰਦੀ। ਆਸਰਾ ਘਰ ਦੇ ਮਾਲਕ ਸੰਚਾਲਕ ਬਰਜੇਸ਼ ਠਾਕੁਰ ਦੀਆਂ ਲੜਕੀਆਂ ਨੇ ਬਲਾਤਕਾਰੀ ਦੇ ਤੌਰ 'ਤੇ ਪੁਸ਼ਟੀ ਕਰਦਿਆਂ ਉਸਦੀ ਫੋਟੋ 'ਤੇ ਥੁੱਕਦਿਆਂ ਕਿਹਾ ਕਿ ਜਦੋਂ ਵੀ ਕਿਸੇ ਨੇ ਠਾਕਰ ਦੀਆਂ ਹਰਕਤਾਂ ਦਾ ਵਿਰੋਧ ਕੀਤਾ, ਉਸ ਨੂੰ ਅਕਹਿ ਜ਼ੁਲਮ ਝੱਲਣੇ ਪਏ। ਇੱਕ 7 ਸਾਲਾ ਲੜਕੀ ਨੇ ਕਿਹਾ ਕਿ ਲੱਗਭੱਗ ਹਰ ਕਿਸੇ ਨੇ ਉਸਦਾ ਸੋਸ਼ਣ ਕੀਤਾ। ਠਾਕਰ ਦਾ ਵਿਰੋਧ ਕਰਨ 'ਤੇ ਹੱਥ ਪੈਰ ਬੰਨ੍ਹ ਕੇ ਲੋਹੇ ਦੇ ਰਾਡ ਨਾਲ ਕੁੱਟਿਆ ਅਤੇ ਬਲਾਤਕਾਰ ਕੀਤਾ ਗਿਆ ਅਤੇ ਭੁੱਖਾ ਰੱਖਿਆ ਗਿਆ ਅਤੇ ਆਖਰਕਾਰ ਮੈਨੂੰ ਠਾਕਰ ਅੱਗੇ ਆਤਮ ਸਮਰਪਣ ਕਰਨਾ ਪਿਆ। ਇੱਕ ਲੜਕੀ ਨੇ ਅਦਾਲਤ ਨੂੰ ਦੱਸਿਆ ਕਿ ਐਨ.ਜੀ.ਓ. (ਗੈਰ ਸਰਕਾਰੀ ਸੰਸਥਾ) ਦੇ ਅਹੁਦੇਦਾਰਾਂ ਅਤੇ ਬਾਹਰੀ ਲੋਕਾਂ ਵੱਲੋਂ ਵਾਰ ਵਾਰ ਬਲਾਤਕਾਰ ਕਰਨ ਕਰਕੇ ਉਹ ਚੰਗੀ ਤਰ੍ਹਾਂ ਤੁਰ ਨਹੀਂ ਸਕਦੀ। ਕਦੀ ਕਦੀ ਵੱਡੀਆਂ ਕੁੜੀਆਂ ਨੂੰ ਰਾਤ ਨੂੰ ਬਾਹਰ ਲਿਜਾਇਆ ਜਾਂਦਾ ਅਤੇ ਸਵੇਰੇ ਵਾਪਸ ਲਿਆਂਦਾ ਜਾਂਦਾ। ਇੱਕ 11 ਸਾਲਾ ਲੜਕੀ ਨੇ ਆਪਣੇ ਨਾਲ ਜਬਰ ਜਿਨਾਹ ਕਰਨ ਵਾਲੇ ਦੀ ਪਛਾਣ ਗੋਗੜ ਵਾਲੇ ਅੰਕਲ ਅਤੇ ਦੂਜੀ ਨੇ ਮੁੱਛਾਂ ਵਾਲੇ ਸਰ ਵਜੋਂ ਕੀਤੀ ਜੋ ਜ਼ਿਲ੍ਹਾ ਬਾਲ ਕਲਿਆਣ ਸਮਿਤੀ ਦਾ ਪ੍ਰਧਾਨ ਦਲੀਪ ਕੁਮਾਰ ਵਰਗਾ ਹੈ। ਇੱਕ ਮਾਮੂਲੀ ਕਾਰਕੁੰਨ ਤੋਂ ਉੱਚੇ ਅਹੁਦੇ 'ਤੇ ਪੁੱਜੇ ਵਰਮਾ ਬਾਰੇ ਲੜਕੀਆਂ ਕਹਿੰਦੀਆਂ ਹਨ ਕਿ ਹੈੱਡ ਸਰ ਲੋਹੇ ਦੀ ਰਾਡ ਨਾਲ ਸਾਡੇ ਨਿੱਜੀ ਅੰਗਾਂ 'ਤੇ ਮਾਰਦੇ ਹਨ।
ਮੁਜੱਫਰਪੁਰ ਵਿੱਚ ਹੀ ਚਲਾਏ ਜਾ ਰਹੇ ਇੱਕ ਹੋਰ ਆਸਰਾ ਘਰ ਵਿੱਚ ਰਹਿਣ ਵਾਲੀਆਂ 11 ਔਰਤਾਂ ਆਪਣੇ 4 ਬੱਚਿਆਂ ਨਾਲ ਗਾਇਬ ਹਨ, ਇੱਥੇ ਠਾਕਰ ਦੀ ਐਨ.ਜੀ.ਓ. ਨੂੰ  ਔਰਤਾਂ ਅਤੇ ਲੜਕੀਆਂ ਨੂੰ ਕੰਮਕਾਜੀ ਸਿੱਖਿਆ ਦੇ ਕੇ ਸਵੈ-ਨਿਰਭਰ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਜਦੋਂ ਇੱਕ ਅਗਸਤ ਨੂੰ ਪੁਲਸ ਨੇ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਤਾਲੇ ਤੋੜ ਕੇ ਤਲਾਸ਼ੀ ਲਈ ਤਾਂ ਉੱਥੇ ਵੱਡੀ ਮਾਤਰਾ ਵਿੱਚ ਕੰਡੋਮ ਦੇ ਪੈਕਟ, ਨਸ਼ੀਲੀਆਂ ਦਵਾਈਆਂ ਅਤੇ ਗਰਭਪਾਤ ਕਰਵਾਉਣ ਵਾਲੀਆਂ ਦਵਾਈਆਂ ਅਤੇ ਸਾਜੋ ਸਮਾਨ ਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਭਾਰੀ ਮਾਤਰਾ ਵਿੱਚ ਮਿਲੀਆਂ। ਇੱਕ ਕਮਰੇ ਵਿੱਚ ਗਰਭ-ਪਾਤ ਥੀਏਟਰ ਬਣਾਇਆ ਹੋਇਆ ਸੀ,  ਜਿਸ ਤੋਂ ਸਪੱਸ਼ਟ ਸੀ ਕਿ ਇੱਥੇ ਦੇਹ ਵਪਾਰ ਦਾ ਅੱਡਾ ਵੀ ਚਲਾਇਆ ਜਾ ਰਿਹਾ ਸੀ।
ਪ੍ਰਬੰਧ ਨਾਲ ਡੂੰਘੀ ਮਿਲੀਭੁਗਤ
ਆਸਰਾ ਘਰ ਦੇ ਮਾਲਕ ਸੰਚਾਲਕ ਬਰਜੇਸ਼ ਠਾਕਰ ਦੀ ਰਾਜ ਪ੍ਰਬੰਧ ਨਾਲ ਡੂੰਘੀ ਮਿਲੀਭਗੁਤ ਤੇ ਗੰਢ-ਤੁੱਪ ਦਾ ਹੀ ਕਾਰਨ ਸੀ ਕਿ 'ਕਸ਼ਿਸ਼' ਵੱਲੋਂ ਰਿਪੋਰਟ ਦਾਖਲ ਕਰਨ ਤੋਂ ਬਾਅਦ ਕਈ ਮਹੀਨੇ ਕੋਈ ਕਾਰਵਾਈ ਨਹੀਂ ਹੋਈ। ਜਦੋਂ ਸਥਾਨਕ ਪੱਤਰਕਾਰ ਨੇ ਮਾਮਲਾ ਚੁੱਕਿਆ ਤਾਂ ਚਰਚਾ ਵਿੱਚ ਆਉਣ 'ਤੇ ਸੁਪਰੀਮ ਕੋਰਟ ਨੇ ਸਵੈ-ਪ੍ਰੇਰਿਤ ਨੋਟਸਿ ਲਿਆ ਅਤੇ ਸੀ.ਬੀ.ਆਈ. ਨੂੰ ਸ਼ਾਮਲ ਕੀਤਾ ਗਿਆ। ਹੈਰਾਨੀ ਹੈ ਕਿ ਜਿਸ ਦਿਨ 31 ਮਈ ਨੂੰ ਠਾਕਰ 'ਤੇ ਐਫ.ਆਈ.ਆਰ. ਹੋਈ, ਉਸੇ ਦਿਨ ਉਸ ਦੇ ਇੱਕ ਹੋਰ ਪ੍ਰੋਜੈਕਟ 'ਭਿਖਾਰੀਆਂ ਲਈ ਆਸਰਾ ਘਰ' ਚਲਾਉਣ ਦੀ ਮਨਜੂਰੀ ਦਿੱਤੀ ਗਈ ਜੋ ਚਰਚਾ ਹੋਣ ਅਤੇ ਵਿਰੋਧ ਹੋਣ ਕਾਰਨ ਸਮਾਜਿਕ ਕਲਿਆਣ ਵਿਭਾਗ ਨੇ 3 ਜੂਨ ਨੂੰ ਰੱਦ ਕੀਤੀ। ਇਸ ਵਿੱਚ ਠਾਕਰ ਦੀ ਐਨ.ਜੀ.ਓ. ਨੂੰ ਇੱਕ ਲੱਖ ਰੁਪਏ ਮਹੀਨਾਵਾਰ ਗਰਾਂਟ ਦਿੱਤੀ ਜਾਣੀ ਸੀ।
ਮੁਜ਼ੱਫਰਪੁਰ ਦੇ ਸਮਾਜਿਕ ਕਲਿਆਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਤਰਾਜ਼ ਕੀਤੇ ਜਾਣ ਦੇ ਬਾਵਜੂਦ ਪਟਨਾ ਸਥਿਤ ਸਮਾਜ ਕਲਿਆਣ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਬਰਜੇਸ਼ ਠਾਕਰ ਨੂੰ 2013 ਵਿੱਚ ਬੱਚੀਆਂ ਲਈ ਆਸਰਾ ਘਰ ਚਲਾਉਣ ਦਾ ਕੰਮ ਸੋਂਪਿਆ। ਸ਼ੁਰੂਆਤ ਵਿੱਚ ਠਾਕਰ ਵੱਲੋਂ ਆਪਣੀ ਅਖਬਾਰ ਪ੍ਰਾਤਾ ਕਮਲ ਦੀ ਇਮਾਰਤ ਵਿੱਚ ਹੀ ਇਹ ਆਸਰਾ ਘਰ ਚਲਾਉਣ ਦੀ ਤਜ਼ਵੀਜ ਦਾ ਸਥਾਨਕ ਅਧਿਕਾਰੀਆਂ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਉਤਲੇ ਅਧਿਕਾਰੀਆਂ (ਪਟਨਾ ਸਥਿਤ) ਨੇ ਮਨਜੂਰੀ ਦੇ ਦਿੱਤੀ। ਇਸ ਤਰ੍ਹਾਂ ਪੌੜੀਆਂ ਵਾਲੀ ਇਮਾਰਤ ਵਿੱਚ ਸੀ.ਸੀ.ਟੀ.ਵੀ. ਕੈਮਰੇ ਵੀ ਨਹੀਂ ਸਨ। ਠਾਕਰ ਮੁਜ਼ੱਫਰਪੁਰ ਵਿੱਚ ਲੜਕੀਆਂ ਅਤੇ ਔਰਤਾਂ ਲਈ ਪੰਜ ਆਸਰਾ ਘਰ ਚਲਾਉਣ ਲਈ ਕੇਂਦਰ ਅਤੇ ਰਾਜ ਸਰਕਾਰ ਤੋਂ ਹਰ ਸਾਲ ਕਰੀਬ ਇੱਕ ਕਰੋੜ ਰੁਪਏ ਭੁਗਤਾਨ ਪ੍ਰਾਪਤ ਕਰ ਰਿਹਾ ਸੀ। ਠਾਕਰ ਦੇ ਐਨ.ਜੀ.ਓ. ਨੂੰ ਮੁਜ਼ੱਫਰਪੁਰ ਵਿੱਚ 44 ਲੜਕੀਆਂ ਦੇ ਲਈ ਘੱਟ ਸਮੇਂ ਦਾ ਨਿਵਾਸ ਘਰ ਚਲਾਉਣ ਲਈ 34 ਲੱਖ ਦੀ ਸਾਲਾਨਾ ਗਰਾਂਟ ਮਿਲੀ। ਬਿਰਧ ਆਸ਼ਰਮ ਲਈ 15 ਲੱਖ, ਔਰਤਾਂ ਲਈ ਛੋਟੇ ਵਨਪ੍ਰਵਾਸ ਘਰ 19 ਲੱਖ, ਇੱਕ ਸਵੈ-ਸਹਾਇਤਾ ਮੁੜ ਵਸੇਬਾ ਘਰ ਲਈ 12 ਲੱਖ ਅਤੇ ਹਸਤਖੇਪ ਯੋਜਨਾ ਲਈ 19 ਲੱਖ ਰੁਪਏ ਸਲਾਨਾ ਦਿੱਤੇ ਜਾਂਦੇ ਸਨ।
ਔਰਤਾਂ ਅਤੇ ਲੜਕੀਆਂ ਲਈ ਆਸਰਾ ਘਰ ਚਲਾਉਣ ਤੋਂ ਇਲਾਵਾ ਠਾਕਰ ਪਰਿਵਾਰ ਤਿੰਨ ਅਖਬਾਰ ਪ੍ਰਾਤਾ ਕਮਲ (ਹਿੰਦੀ), ਹਾਲਾਤ ਏ ਬਿਹਾਰ (ਉਰਦੂ) ਅਤੇ ਨੈਕਸਟ ਨਿਊਜ (ਅੰਗਰੇਜ਼ੀ) ਕੱਢਦਾ ਹੈ। ਪ੍ਰਾਤਾ ਕਮਲ ਦੀਆਂ ਰੋਜ਼ਾਨਾ 300 ਕਾਪੀਆਂ ਛਾਪ ਕੇ 60862 ਕਾਪੀਆਂ ਦਿਖਾ ਕੇ ਬਿਹਾਰ ਸਰਕਾਰ ਤੋਂ ਹਰ ਸਾਲ 40 ਲੱਖ ਦੇ ਇਸ਼ਤਿਹਾਰ ਵੀ ਲੈ ਰਿਹਾ ਸੀ। ਸਮਸਤੀਪੁਰ ਵਿੱਚ ਇੱਕ ਹੱਥ ਕਲਾ ਸਿਖਲਾਈ ਕੇਂਦਰ, ਮਜ਼ਦੂਰਾਂ ਨੂੰ ਜੋੜਨ ਵਾਲੀ ਇੱਕ ਯੋਜਨਾ ਅਤੇ ਬੇਤੀਆ ਵਿੱਚ ਇੱਕ ਮਹਿਲਾ ਘਰ ਵਾਮਾ ਸ਼ਕਤੀ ਵਾਹਿਨੀ ਦਾ ਸੰਚਾਲਨ ਵੀ ਠਾਕਰ ਦੇ ਰਿਸ਼ਤੇਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ। ਬਲਾਤਕਾਰੀਆਂ ਨਾਲ ਬਾਲ ਸੁਰੱਖਿਆ ਜ਼ਿਲ੍ਹਾ ਅਧਿਕਾਰੀ ਰੌਸ਼ਨ ਰਵੀ ਅਪਰਾਧ ਲੁਕੋਣ ਵਿੱਚ ਸ਼ਾਮਲ ਹੈ ਅਤੇ ਸਮਾਜ ਕਲਿਆਣ ਮੰਤਰੀ ਮੰਜੂ ਵਰਮਾ ਦਾ ਪਤੀ ਚੰਦਰੇਸ਼ਵਰ ਵਾਰ ਵਾਰ ਠਾਕਰ ਦੇ ਆਸਰਾ ਘਰ ਵਿੱਚ ਬੱਚੀਆਂ ਦੇ ਸੋਸ਼ਣ ਵਿੱਚ ਬਰਾਬਰ ਦਾ ਦੋਸ਼ੀ ਹੈ, ਉੱਚ ਅਧਿਕਾਰੀਆਂ ਤੇ ਸਿਆਸੀ ਲੋਕਾਂ ਨਾਲ ਚੰਗੀ ਗੰਢ-ਤੁੱਪ ਹੋਣ ਕਰਕੇ ਹੀ ਗ੍ਰਿਫਤਾਰੀ ਦੇਣ ਵੇਲੇ ਠਾਕਰ ਆਪਣੀ ਵੱਡੀ ਗੱਡੀ 'ਤੇ ਜਾਂਦਾ ਹੈ ਤੇ ਸ਼ੈਤਾਨੀ ਹਾਸਾ ਹੱਸਦਾ ਹੈ ਕਿਉਂਕਿ ਰਾਜਭਾਗ ਉਸਦੇ ਬਚਾਅ 'ਤੇ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਸਦਾ ਕੁੱਝ ਨਹੀਂ ਵਿਗੜੇਗਾ।
ਦੇਵਰੀਆ ਕਾਂਡ
ਮੁਜ਼ੱਫਰਪੁਰ ਕਾਂਡ ਦੀ ਅਜੇ ਸਿਆਹੀ ਨਹੀਂ ਸੀ ਸੁੱਕੀ ਕਿ ਪੂਰਬੀ ਯੂ.ਪੀ. (ਉੱਤਰ ਪ੍ਰਦੇਸ) ਵਿੱਚੋਂ ਇੱਕ ਹੋਰ ਦਿਲ ਕੰਬਾਊ ਘਟਨਾ ਸਾਹਮਣੇ ਆ ਗਈ। ਦੇਵਰੀਆ ਕਸਬੇ ਦੇ ਇੱਕ ਆਸਰਾ ਘਰ ਤੋਂ ਦੌੜ ਕੇ ਪੁਲਸ ਕੋਲ ਪੁੱਜੀ ਇੱਕ 12 ਸਾਲਾ ਲੜਕੀ ਨੇ ਸ਼ਿਕਾਇਤ ਕੀਤੀ ਕਿ ਆਸਰਾ ਘਰ ਵਿੱਚ ਉਸਦਾ ਜਿਸਮਾਨੀ ਸੋਸ਼ਣ ਕੀਤਾ ਜਾਂਦਾ ਹੈ। ਇੱਥੋਂ ਪੁਲਸ ਨੇ 24 ਲੜਕੀਆਂ ਬਰਾਮਦ ਕੀਤੀਆਂ ਜਦੋਂ ਕਿ 18 ਸੜਕੀਆਂ ਗੁੰਮਸ਼ੁਦਾ ਪਾਈਆਂ ਗਈਆਂ। ਇਸਦੀ ਸੰਚਾਲਕ ਗਿਰਜਾ ਤ੍ਰਿਪਾਠੀ ਤੇ ਉਸਦੇ ਘਰ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ। ਇੱਥੋਂ ਰਾਤ ਨੂੰ 15 ਸਾਲਾ ਜਾਂ ਉਸ ਤੋਂ ਵੱਧ ਉਮਰ ਦੀਆਂ ਲੜਕੀਆਂ ਨੂੰ ਰਾਤ ਨੂੰ ਕਾਰ ਵਿੱਚ ਲਿਜਾਇਆ ਜਾਂਦਾ ਸੀ ਅਤੇ ਸਵੇਰੇ ਉਹ ਤੜਫਦੀਆਂ ਕੁਰਲਾਉਂਦੀਆਂ ਵਾਪਸ ਮੁੜਦੀਆਂ ਸਨ। ਜ਼ਿਲ੍ਹਾ ਪ੍ਰੋਬੇਸ਼ਨ ਅਫਸਰ ਦੀ ਸ਼ਿਕਾਇਤ 'ਤੇ ਬਾਲ ਕਲਿਆਣ ਕਮੇਟੀ ਦੇ ਚੇਅਰਮੈਨ ਤੇ 4 ਹੋਰਾਂ 'ਤੇ ਮਾਮਲਾ ਦਰਜ਼ ਕੀਤਾ ਗਿਆ।
ਇਹ ਆਸਰਾ ਘਰ ਅਨੇਕਾਂ ਉਹਨਾਂ ਆਸਰਾ ਘਰਾਂ ਵਿੱਚ ਸ਼ਾਮਲ ਹੈ, ਜਿਹਨਾਂ ਦੀ ਸੀ.ਬੀ.ਆਈ. ਵੱਲੋਂ ਕੀਤੀ ਜਾਂਚ ਪੜਤਾਲ ਤੋਂ ਬਾਅਦ ਮਾਨਤਾ ਰੱਦ ਕਰ ਕੇ ਇਹਨਾਂ ਨੂੰ ਬੰਦ ਕਰ ਦਿੱਤਾ ਸੀ ਪਰ ਸਾਰਾ ਕੁੱਝ ਕਾਗਜ਼ਾਂ ਵਿੱਚ ਹੀ ਰਿਹਾ। ਅਜੇ ਜੂਨ ਵਿੱਚ ਪੁਲਸ ਨੇ ਇੱਕ ਬੇਘਰ ਲੜਕੀ ਨੂੰ ਇਸ ਆਸਰਾ ਘਰ ਵਿੱਚ ਭੇਜਿਆ ਸੀ। ਜ਼ਿਲ੍ਹਾ ਬਾਲ ਤੇ ਔਰਤ ਕਲਿਆਣ ਕਮੇਟੀ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਲੜਕੀਆਂ ਨੂੰ ਮੇਰੇ ਇਤਾਰਜ਼ ਦੇ ਬਾਵਜੂਦ ਇਸ ਆਸਰਾ ਘਰ ਵਿੱਚ ਭੇਜਿਆ ਜਾ ਰਿਹਾ ਸੀ। ਅਜਿਹੇ ਇੱਕ ਮਮਲੇ ਵਿੱਚ 2012 ਵਿੱਚ ਦਰਜ਼ ਹੋਏ ਕੇਸ ਵਿੱਚ ਹਰਿਆਣਾ ਵਿੱਚ ਸੀ.ਬੀ.ਆਈ. ਅਦਾਲਤ ਨੇ ਜਸਵੰਡੀ ਦੇਵੀ ਅਤੇ ਕੁੱਝ ਹੋਰਾਂ ਨੂੰ ਦੋਸ਼ੀ ਠਹਿਰਾਇਆ, ਜਿਸ ਦੇ ਆਸਰਾ ਘਰ ''ਆਪਣਾ ਘਰ'' ਵਿੱਚ ਬੱਚਿਆਂ ਨਾਲ ਬਲਾਤਕਾਰ ਕੀਤਾ ਗਿਆ ਸੀ, ਜਿਸ ਵਿੱਚ ਜਸਵੰਡੀ ਦੇਵੀ ਦਾ ਜਵਾਈ ਵੀ ਸ਼ਾਮਲ ਸੀ। ਲੜਕੀਆਂ ਦਾ ਵਾਰ ਵਾਰ ਗਰਭਪਾਤ ਕਰਵਾਇਆ ਜਾਂਦਾ ਸੀ। ਇਸਦੇ ਬਾਵਜੂਦ ਦੋ ਬੱਚੀਆਂ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ, ਜਿਹਨਾਂ ਨੂੰ ਅੱਗੇ ਵੇਚ ਦਿੱਤਾ ਗਿਆ ਸੀ। ਇਸੇ ਤਰ੍ਹਾਂ ਹਾਜੀਪੁਰ ਵਿਚਲੇ ਥੋੜ੍ਹੇ ਠਹਿਰਾਓ ਵਾਲੇ ਆਸਰਾ ਘਰ ਵਿੱਚ ਇੱਕ ਔਰਤ ਦੇ ਜਿਨਸੀ ਸੋਸ਼ਣ ਅਤੇ ਪਟਨਾ ਦੇ ਨੇਪਾਲੀ ਨਗਰੀ ਕਲੋਨੀ ਵਿੱਚ ਰਾਜ ਵੱਲੋਂ ਸੰਚਾਲਤ ਆਸਰਾ ਘਰ ਦੇ ਬਾਸ਼ਿੰਦਿਆਂ ਦਾ ਸ਼ੱਕੀ ਹਾਲਤ ਵਿੱਚ ਮਰੇ ਹੋਏ ਪਾਇਆ ਜਾਣਾ ਅਤੇ ਆਰਾ ਵਿੱਚ ਇੱਕ ਛੋਟੇ ਬੱਚਿਆਂ ਦੇ ਆਸਰਾ ਘਰਾਂ ਵਿੱਚ ਬੱਚਿਆਂ 'ਤੇ ਜਿਨਸੀ ਹਮਲੇ ਆਦਿ ਅਣਗਿਣਤ ਮਾਮਲੇ ਸਾਹਮਣੇ ਆਏ। ਇਹ ਆਟੇ ਵਿੱਚ ਲੂਣ ਦੇ ਬਰਾਬਰ ਹੈ। ਬਿਹਾਰ ਵਿੱਚ ਹੀ ਟਾਟਾ ਸਮਾਜ ਵਿਗਿਆਨ ਨੇ 14 ਅਜਿਹੇ ਹੋਰ ਆਸਰਾ ਘਰਾਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਲ ਇਸ਼ਾਰਾ ਕੀਤਾ ਸੀ। ਦੇਸ਼ ਭਰ ਵਿੱਚ ਵੱਖ ਵੱਖ ਸ਼੍ਰੇਣੀਆਂ ਲਈ ਅਣਗਿਣਤ (ਹਜ਼ਾਰਾਂ) ਆਸਰਾ ਘਰ ਚੱਲਦੇ ਹਨ। ਸਿਰਫ ਛੋਟੇ ਬੱਚਿਆਂ ਲਈ ਹੀ ਕਰੀਬ ਨੌ ਹਜ਼ਾਰ ਆਸਰਾ ਘਰਾਂ ਵਿੱਚੋਂ ਸਿਰਫ 2000 ਹੀ ਰਜਿਸਟਰਡ ਹਨ। ਬਾਲ ਅਧਿਕਾਰਾਂ ਦੀ ਰਾਖੀ ਵਾਸਤੇ ਕੌਮੀ ਕਮਿਸ਼ਨ ਅਨੁਸਾਰ ਬਿਹਾਰ ਉਹਨਾਂ 9 ਸੂਬਿਆਂ ਵਿੱਚ ਸ਼ਾਮਲ ਹੈ ਜੋ ਆਪਣੇ ਆਸਰਾ ਘਰਾਂ ਦੀ ਸਮਾਜਿਕ ਲੇਖੇਜੋਖੇ ਦਾ ਵਿਰੋਧ ਕਰਦੇ ਆ ਰਹੇ ਹਨ। ਇਹ ਤਾਂ 'ਕਸ਼ਿਸ਼' ਏਜੰਸੀ ਦੇ ਲੇਖੇ ਜੋਖੇ ਨਾਲ ਸਾਹਮਣੇ ਆਈਆਂ ਘ੍ਰਿਣਾਜਨਕ ਸਚਾਈਆਂ ਹਨ, ਜੋ ਪੂਰੀ ਤਸਵੀਰ ਦਾ ਨਾ-ਮਾਤਰ ਵੀ ਨਹੀਂ ਹਨ। ਦਹਾਕਿਆਂ ਤੋਂ ਹਕੂਮਤਾਂ ਅਤੇ ਅਫਸਰੀ ਸਹਿਯੋਗ ਤੇ ਮਿਲੀਭੁਗਤ ਨਾਲ ਚੱਲ ਰਹੇ ਇਹ ਗੋਰਖ ਧੰਦੇ ਬਾਲ ਭਲਾਈ ਕਲਿਆਣ ਬੇ-ਆਸਰਿਆਂ ਨੂੰ ਆਸਰਾ ਆਦਿ ਨਾਵਾਂ 'ਤੇ ਚੱਲ ਰਹੇ ਇਹ ਅਦਾਰੇ, ਮਨੁੱਖਤਾ ਅਤੇ ਬਚਪਨ ਵਿਰੋਧੀ ਘਿਨਾਉਣੇ ਕਾਰਿਆਂ ਦੇ ਇਹ ਅੱਡੇ, ਮੌਜੂਦਾ ਲੋਕ-ਦੁਸ਼ਮਣ ਨਿਜ਼ਾਮ ਦੇ ਕਰਤੇ-ਧਰਤੇ— ਮੌਕਾਪ੍ਰਸਤ ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਧਨਾਢ ਰਸੂਖਵਾਨਾਂ ਦੇ ਬੇਦਰੇਗ ਵਹਿਸ਼ੀਆਨਾ ਬਿਰਤੀ ਅਤੇ ਰਾਖਸ਼ੀ ਚਿਹਰਿਆਂ 'ਤੇ ਚਾੜ੍ਹੇ ਅਖੌਤੀ ਕਲਿਆਣਕਾਰੀ ਨਕਾਬਾਂ ਨੂੰ ਲੀਰੋ ਲੀਰ ਕਰਦਿਆਂ, ਉਹਨਾਂ ਦੇ ਘਿਨਾਉਣੇ ਪਾਪੀ ਗੁਨਾਹਾਂ ਦੀ ਗਵਾਹੀ ਭਰਦੇ ਹਨ।

No comments:

Post a Comment