Tuesday, 4 September 2018

''ਆਪ'' ਵਿਚਲੀ ਆਪਾਧਾਪੀ ਅਤੇ ਕਾਟੋਕਲੇਸ਼

ਕੁਰਸੀ ਦੀ ਹਿਰਸ ਦਾ ਨਤੀਜਾ
''ਆਪ'' ਵਿਚਲੀ ਆਪਾਧਾਪੀ ਅਤੇ ਕਾਟੋਕਲੇਸ਼
-ਨਵਜੋਤ
ਆਮ ਆਦਮੀ ਪਾਰਟੀ (''ਆਪ'') ਅੰਦਰ ਲਗਾਤਾਰ ਚੱਲਦਾ ਕਾਟੋਕਲੇਸ਼ ਅਤੇ ਜੂਤ-ਪਤਾਣ ਇੱਕ ਉੱਭਰਵਾਂ ਸਿਆਸੀ ਲੱਛਣ ਬਣ ਗਿਆ ਹੈ। ਇਹ ਕਾਟੋਕਲੇਸ਼ ਪੰਜਾਬ ਤੱਕ ਹੀ ਸੀਮਤ ਨਹੀਂ ਹੈ, ਇਹ ਸਮੁੱਚੀ ਪਾਰਟੀ ਅੰਦਰਲਾ ਵਰਤਾਰਾ ਹੈ। ਕਿਸੇ ਸਮੇਂ ਕੇਜਰੀਵਾਲ ਦੇ ਬਹੁਤ ਹੀ ਨੇੜਲੇ ਸਮਝੇ ਜਾਂਦੇ ਅਤੇ ਕੇਂਦਰੀ ਆਗੂ ਟੁਕੜੀ ਵਿੱਚ ਸ਼ੁਮਾਰ ਕੁਮਾਰ ਵਿਸ਼ਵਾਸ਼ ਨੂੰ ਖੂੰਜੇ ਲਾ ਦਿੱਤਾ ਗਿਆ ਹੈ। ਜੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨੂੰ ਲਾਂਭੇ ਕਰ ਦਿੱਤਾ ਗਿਆ। ਲੋਕ ਸਭਾਈ ਚੋਣਾਂ ਤੋਂ ਥੋੜ੍ਹਾ ਚਿਰ ਬਾਅਦ ਹੀ ਮੌਕਾਪ੍ਰਸਤ ਸਿਆਸਤਦਾਨਾਂ ਦੇ ਭ੍ਰਿਸ਼ਟ ਵੱਗ ਵਿੱਚ ਕੁੱਝ ਹਾਂ-ਪੱਖੀ ਕਰਨ ਦੇ ਭਰਮ ਵਿੱਚ ਆ ਰਲੇ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਨੂੰ ਖੁੱਡੇ ਲਾਇਨ ਲਾ ਦਿੱਤਾ ਗਿਆ। ਪੰਜਾਬ ਵਿੱਚ ਦੋ ਸਾਲ ''ਆਪ'' ਦੇ ਜਥੇਬੰਦਕ ਤਾਣੇ-ਬਾਣੇ ਦੀ ਉਸਾਰੀ ਕਰਨ ਲਈ ਖਫ਼ਾਖੂਨ ਹੁੰਦੇ ਰਹੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਦੀਆਂ ਸੂਬਾਈ ਚੋਣਾਂ ਸਿਰ 'ਤੇ ਹੋਣ ਦੇ ਬਾਵਜੂਦ ਨਾਟਕੀ ਢੰਗ ਨਾਲ ਚੱਲਦਾ ਕਰ ਦਿੱਤਾ ਗਿਆ ਅਤੇ ਹਾਕਮ ਜਮਾਤੀ ਸਿਆਸੀ ਪਿੜ ਅੰਦਰ ਕਿਸੇ ਵੀ ਪੜਤ ਤੋਂ ਕੋਰੇ ਅਤੇ ਗੈਰ-ਤਜਰਬਾਕਾਰ ਗੁਰਪ੍ਰੀਤ ਘੁੱਗੀ ਨੂੰ ਵਿਧਾਨ-ਸਭਾਈ ਚੋਣਾਂ ਵੇਲੇ ਪਾਰਟੀ ਮੁਹਿੰਮ ਦੀ ਵਾਗਡੋਰ ਸੌਂਪ ਦਿੱਤੀ ਗਈ। ਸੂਬਾਈ ਚੋਣਾਂ ਵਿੱਚ ਜਿੱਤ ਕੇ ਹਕੂਮਤੀ ਗੱਦੀ 'ਤੇ ਪਹੁੰਚਣ ਦੇ ਹਵਾਈ ਸੁਪਨਿਆਂ ਵਿੱਚ ਗਲਤਾਨ ਅਤੇ ਇੱਕ-ਦੂਜੇ ਦੀਆਂ ਲੱਤਾਂ ਖਿੱਚਦੇ ਘੁੱਗੀ ਤੇ ਭਗਵੰਤ ਮਾਨ ਹੋਰੀਂ ਜਦੋਂ ਮੂਧੇ ਮੂੰਹ ਜਾ ਡਿਗੇ ਤਾਂ ਸੂਬਾਈ ਕਨਵੀਨਰਸ਼ਿੱਪ ਦਾ ਟੋਪ ਘੁੱਗੀ ਤੋਂ ਖੋਹ ਕੇ ਭਗਵੰਤ ਮਾਨ ਸਿਰ ਸਜਾ ਦਿੱਤਾ ਗਿਆ। ਚੋਣਾਂ ਵਿੱਚ ਵਿਰੋਧੀ ਧਿਰ ਹੋਣ ਵਜੋਂ ਐੱਚ.ਐਸ. ਫੂਲਕਾ ਨੂੰ ਵਿਰੋਧੀ ਧਿਰ ਮੁਖੀ ਬਣਾ ਦਿੱਤਾ ਗਿਆ। ਥੋੜ੍ਹੇ ਚਿਰ ਬਾਅਦ ਫੂਲਕਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਰੁਖਸਤ ਕਰ ਦਿੱਤਾ ਗਿਆ ਅਤੇ ਭਗਵੰਤ ਮਾਨ ਨੇ ਵੀ ਕਨਵੀਨਰਸ਼ਿੱਪ ਤੋਂ ਅਸਤੀਫਾ ਦੇ ਦਿੱਤਾ। ਫੂਲਕਾ ਦੀ ਥਾਂ 'ਤੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਮੁਖੀ ਥਾਪ ਦਿੱਤਾ ਗਿਆ। ਹੁਣ ਫਿਰ ਖਹਿਰਾ ਨੂੰ ਚੱਲਦਾ ਕਰ ਦਿੱਤਾ ਗਿਆ ਅਤੇ ਉਸਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਅਤੇ 7 ਹੋਰ ਵਿਧਾਇਕਾਂ ਵੱਲੋਂ ਕੇਂਦਰੀ ਲੀਡਰਸ਼ਿੱਪ ਖਿਲਾਫ ਬਾਗੀਆਨਾ ਮੁਹਿੰਮ ਵਿੱਢ ਦਿੱਤੀ ਗਈ ਹੈ।
ਇਸ ਵਰਤਾਰੇ ਦਾ ਪਹਿਲਾ ਅਹਿਮ ਕਾਰਨ ਹੈ ਕਿ ''ਆਪ'' ਉਹਨਾਂ ਹਾਕਮ ਜਮਾਤੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਦਾ ਹੀ ਇੱਕ ਹਿੱਸਾ ਹੈ, ਜਿਹੜੀਆਂ ਮੁਲਕ ਦੀ ਨਕਲੀ ਪਾਰਲੀਮਾਨੀ ਜਮਹੂਰੀਅਤ ਦੇ ਸੋਹਲੇ ਗਾਉਂਦੀਆਂ ਹਨ ਅਤੇ ਸਿਰੇ ਦੇ ਗੈਰ-ਜਮਹੂਰੀ, ਧੱਕੜ ਅਤੇ ਜਾਬਰ ਰਾਜ ਨੂੰ ਇੱਕ ਖਰੇ ਜਮਹੂਰੀ ਰਾਜ ਵਜੋਂ ਸ਼ਿੰਗਾਰ ਕੇ ਪੇਸ਼ ਕਰਦੀਆਂ ਹਨ। ਇਹਨਾਂ ਸਾਰੀਆਂ ਮੌਕਾਪ੍ਰਸਤ ਪਾਰਟੀਆਂ ਦਾ ਸਿਆਸੀ ਸੱਤਾ ਅਤੇ ਲੋਕਾਂ ਦੀ ਲੁੱਟ-ਖੋਹ ਦੀ ਢੇਰੀ ਵਿੱਚ ਵੱਧ ਤੋਂ ਵੱਧ ਹਿੱਸਾ-ਪੱਤੀ ਲਈ ਆਪਸ ਵਿੱਚੀਂ ਗੁੱਥਮ-ਗੁੱਥਾ ਹੋਣ ਦਾ ਵਰਤਾਰਾ ਨਾ ਸਿਰਫ ਦਿਨੋਂ ਦਿਨ ਤੇਜ਼ ਹੋ ਰਿਹਾ ਹੈ, ਸਗੋਂ ਸਭਨਾਂ ਪਾਰਟੀਆਂ ਅੰਦਰਲਾ ਧੜੇਬੰਦਕ ਰੱਟਾ-ਕਲੇਸ਼ ਵੀ ਮੂੰਹ-ਜ਼ੋਰ ਵਰਤਾਰੇ ਵਜੋਂ ਸਾਹਮਣੇ ਆ ਰਿਹਾ ਹੈ। ਇਸ ਸਿਆਸੀ ਅਤੇ ਆਰਥਿਕ ਹਿੱਸਾ-ਪੱਤੀ 'ਤੇ ਚੱਲਦੀ ਕੁੱਕੜਖੋਹੀ ਦੇ ਸਿੱਟੇ ਵਜੋਂ ਨਾ ਸਿਰਫ ਵੱਖ ਵੱਖ ਮੌਕਾਪ੍ਰਸਤ ਸਿਆਸੀ ਟੋਲਿਆਂ ਦੇ ਗੱਠਜੋੜਾਂ ਦੇ ਬਣਨ-ਟੁੱਟਣ ਦਾ ਅਮਲ ਸਾਹਮਣੇ ਆ ਰਿਹਾ ਹੈ, ਸਗੋਂ ਕਿਸ ਧੜੇ/ਵਿਅਕਤੀਆਂ ਦਾ ਇੱਕ ਮੌਕਾਪ੍ਰਸਤ ਸਿਆਸੀ ਪਾਰਟੀ ਦੇ ਛਕੜੇ ਵਿੱਚੋਂ ਛਾਲ ਮਾਰਕੇ ਕਿਸੇ ਹੋਰ ਦੇ ਛਕੜੇ 'ਚ ਜਾ ਸਵਾਰ ਹੋਣ ਦਾ ਅਮਲ ਵੀ ਪੂਰੀ ਬੇਸ਼ਰਮੀ ਨਾਲ ਚੱਲ ਰਿਹਾ ਹੈ। ਇਹ ਅਮਲ ਵੱਖ ਵੱਖ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਹੋਂਦ ਵਿੱਚ ਆਉਣ ਦੇ ਆਧਾਰ ਵਜੋਂ ਪ੍ਰਚਾਰੇ ਜਾਂਦੇ ਸਿਆਸੀ ਪ੍ਰੋਗਰਾਮ ਅਤੇ ਨੀਤੀਆਂ ਦੇ ਵਖਰੇਵਿਆਂ ਦੇ ਦੰਭ ਨੂੰ ਨੰਗਾ ਕਰਦਾ ਹੈ।
''ਆਪ'' ਵੀ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੂੰ ਬੇਪਰਦ ਅਤੇ ਬੇਪੜਤ ਕਰ ਰਹੇ ਉਪਰੋਕਤ ਵਰਤਾਰੇ ਤੋਂ ਅਭਿੱਜ ਨਹੀਂ ਰਹਿ ਸਕਦੀ। ਇਸਦੇ ਬਾਵਜੂਦ, ''ਆਪ'' ਅੰਦਰਲੇ ਧੜੇਬੰਦਕ ਰੱਫੜ ਦੀ ''ਆਪ'' ਦੀ ਹਾਸਲ ਜਥੇਬੰਦਕ ਹਾਲਤ ਦੇ ਪ੍ਰਸੰਗ ਵਿੱਚ ਆਪਣੀ ਇੱਕ ਵਿਸ਼ੇਸ਼ਤਾ ਹੈ। ਅੱਜ ਤੋਂ 4-5 ਸਾਲ ਪਹਿਲਾਂ ਨਵੀਂ ਹੋਂਦ ਵਿੱਚ ਆਈ ਹੋਣ ਕਰਕੇ ਅਤੇ ਸਿਆਸੀ ਸੱਤਾ ਦੇ ਗਲਿਆਰਿਆਂ ਤੋਂ ਦੂਰ ਹੋਣ ਕਰਕੇ ਇਸਦੀ ਚਾਦਰ ਹਾਲੀਂ ਭ੍ਰਿਸ਼ਟਾਚਾਰ ਨਾਲ ਦਾਗ਼ੀ ਨਹੀਂ ਸੀ ਹੋਈ। ਜਿਸ ਕਰਕੇ ਇਹ ਆਪਣੇ ਆਪ ਨੂੰ ਭ੍ਰਿਸ਼ਟਚਾਰ ਖਿਲਾਫ ਜਹਾਦ ਦੀ ਸ਼੍ਰੋਮਣੀ ਝੰਡਾਬਰਦਾਰ ਵਜੋਂ ਪੇਸ਼ ਕਰ ਰਹੀ ਸੀ। ਇੱਕ ਵਾਰੀ ਇਹ ਮੁਲਕ ਦੇ ਕੁੱਝ ਖੇਤਰਾਂ, ਵਿਸ਼ੇਸ਼ ਕਰਕੇ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਮੌਕਾਪ੍ਰਸਤ ਸਿਆਸਤਦਾਨਾਂ ਦੀਆਂ ਭ੍ਰਿਸ਼ਟ ਅਤੇ ਲੋਕ-ਦੋਖੀ ਕਾਰਵਾਈਆਂ ਤੋਂ ਅੱਕੇ-ਸਤੇ ਲੋਕਾਂ, ਵਿਸ਼ੇਸ਼ ਕਰਕੇ ਮੱਧਵਰਗੀ ਤਬਕਿਆਂ ਅਤੇ ਘੱਟ-ਵੱਧ ਪੜ੍ਹੇ-ਲਿਖੇ ਨੌਜਵਾਨਾਂ ਲਈ ਭਰਮਾਊ ਆਸ ਦੀ ਕਿਰਨ ਬਣ ਕੇ ਉੱਭਰੀ ਸੀ। ਦਿੱਲੀ ਵਿੱਚ ਚੋਣਾਂ ਜਿੱਤਣ ਅਤੇ ਹਕੂਮਤੀ ਗੱਦੀ 'ਤੇ ਪੁੱਜਣ ਵਿੱਚ ਸਫਲ ਹੋ ਗਈ ਸੀ। 2014 ਦੀਆਂ ਲੋਕ ਸਭਾਈ ਚੋਣਾਂ ਵਿੱਚ ਪੰਜਾਬ ਵਿੱਚ ਚਾਰ ਲੋਕ-ਸਭਾ ਚੋਣਾਂ ਜਿੱਤਣ ਅਤੇ ਬਾਕੀ ਹਲਕਿਆਂ ਵਿੱਚ ਚੰਗਾ ਵੋਟਰ ਹੁੰਗਾਰਾ ਮਿਲਣ ਕਰਕੇ ਇਸ 'ਤੇ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦਾ ਭਰਮ ਸਵਾਰ ਹੋ ਗਿਆ ਸੀ। ਉਸ ਤੋਂ ਬਾਅਦ ਨਾ-ਸਿਰਫ ਰਾਤੋ-ਰਾਤ ਨਾਂ, ਪ੍ਰਸਿੱਧੀ ਅਤੇ ਧਨ-ਦੌਲਤ ਹਾਸਲ ਕਰਨ ਦੀਆਂ ਵੱਡ-ਖਾਹਸ਼ਾਂ ਪਾਲਦੇ ਮੱਧਵਰਗੀ ਨੌਜਵਾਨਾਂ ਦਾ ''ਆਪ'' ਵਿੱਚ ਫਟਾਫਟ ਸ਼ਾਮਲ ਹੋਣ ਦਾ ਰੁਝਾਨ ਸਾਹਮਣੇ ਆਇਆ, ਸਗੋਂ ਸਥਾਪਤ ਹਾਕਮ ਜਮਾਤੀ ਸਿਆਸੀ ਪਾਰਟੀਆਂ 'ਤੇ ਭਾਰੂ ਪਕਰੋੜ ਸਿਆਸਤਦਾਨਾਂ ਨੂੰ ਮਾਤ ਦੇਣ ਵਿੱਚ ਅਸਫਲ ਅਤੇ ਹਕੂਮਤੀ ਕੁਰਸੀ ਨੂੰ ਜਲਦੀ ਤੋਂ ਜਲਦੀ ਹੱਥ ਪਾਉਣ ਦੀ ਲਾਲਸਾ ਵਿੱਚ ਗਲਤਾਨ ਕੁੱਝ ਵਿਅਕਤੀਆਂ ਵੱਲੋਂ ਵੀ ਆਪਣੀਆਂ ਪਹਿਲੀਆਂ ਪਾਰਟੀਆਂ ਨੂੰ ਛੱਡ ਕੇ ''ਆਪ'' ਦੇ ਛਕੜੇ ਵਿੱਚ ਸਵਾਰ ਹੋਇਆ ਗਿਆ।
ਇਹ ਸਾਫ ਹੈ ਕਿ ਜੇ ਕੋਈ ਵੀ ਸਿਆਸੀ ਪਾਰਟੀ ਸੂਬੇ ਅੰਦਰ ਸੱਤਾ ਹਾਸਲ ਕਰਨ ਵਿੱਚ ਸਫਲ ਹੁੰਦੀ ਹੈ ਤਾਂ ਮੁੱਖ ਮੰਤਰੀ ਦੀ ਗੱਦੀ 'ਤੇ ਉਸੇ ਵਿਅਕਤੀ ਨੇ ਬਿਰਾਜਮਾਨ ਹੋਣਾ ਹੈ, ਜਿਹੜਾ ਸੂਬਾ ਇਕਾਈ ਦੇ ਚੋਟੀ ਆਗੂ ਦੀ ਹੈਸੀਅਤ ਹਾਸਲ ਕਰ ਜਾਂਦਾ ਹੈ। ਵਜ਼ਾਰਤੀ ਕੁਰਸੀਆਂ ਅਤੇ ਵਿਧਾਨ ਸਭਾ ਮੈਂਬਰੀ ਆਦਿ ਨੂੰ ਉਹਨਾਂ ਦਾ ਹੱਥ ਪੈਣਾ ਹੈ, ਜਿਹੜੇ ਆਪਣੇ ਆਪ ਨੂੰ ਪਾਰਟੀ ਢਾਂਚੇ ਦੇ ਅਹਿਮ ਅਤੇ ਅਣਸਰਦੇ ਥੰਮ੍ਹਾਂ ਵਜੋਂ ਸਥਾਪਤ ਕਰ ਲੈਂਦੇ ਹਨ। ਆਪਣੇ ਆਪ ਨੂੰ ਸੂਬੇ ਵਿੱਚ ਚੋਟੀ ਆਗੂ ਵਜੋਂ ਅਤੇ ਪਾਰਟੀ ਢਾਂਚੇ ਦੇ ਅਹਿਮ ਅਤੇ ਅਸਰਦਾਰ ਥੰਮ੍ਹਾਂ ਵਜੋਂ ਉਭਾਰਨ ਅਤੇ ਸਥਾਪਤ ਕਰਨ ਦੀ ਹੋੜ ਹੀ ''ਆਪ'' ਦੇ ਵੱਖ ਵੱਖ ਪੱਧਰਾਂ ਦੀਆਂ ਆਗੂ ਪਰਤਾਂ, ਵਿਸ਼ੇਸ਼ ਕਰਕੇ ਸੂਬਾਈ ਪਰਤ ਅੰਦਰ ਲਗਾਤਾਰ ਚੱਲਦੀ ਆਪਾਧਾਪੀ ਅਤੇ ਰੱਟੇ-ਕਲੇਸ਼ ਦੀ ਫੌਰੀ ਵਜਾਹ ਬਣ ਰਹੀ ਹੈ।
''ਆਪ'' ਅੰਦਰ ਘੱਟੋ-ਘੱਟ ਚੁਣੌਤੀ-ਰਹਿਤ ਲੀਡਰਸ਼ਿੱਪ ਅਤੇ ਮੁਕਾਬਲਤਨ ਮਜਬੂਤ ਜਥੇਬੰਦਕ ਢਾਂਚੇ ਦੀ ਅਣਹੋਂਦ ਦੀ ਹਾਲਤ ਵਿੱਚ ਧੜੇਬੰਦਕ ਆਪਾਧਾਪੀ ਅਤੇ ਜੂਤ-ਪਤਾਣ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਕਿਤੇ ਵੱਧ ਹੈ। ਇਹ ਧੜੇਬੰਦਕ ਆਪਾਧਾਪੀ ਅਤੇ ਰੱਟੇ-ਕਲੇਸ਼ ਦਾ ਵਰਤਾਰਾ ''ਆਪ'' ਨਾਲ ਜੁੜੇ ਲੋਕਾਂ ਦੇ ਉਹਨਾਂ ਹਿੱਸਿਆਂ ਵਿੱਚ ਨਿਰਾਸ਼ਾ ਦਾ ਛਿੱਟਾ ਦੇਣ ਦਾ ਕਾਰਨ ਬਣ ਰਿਹਾ ਹੈ, ਜਿਹੜੇ ਦੂਸਰੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਅੱਕ-ਸਤ ਕੇ ਇੱਕ ਵਾਰ ਇਸ ਉਮੀਦ ਨਾਲ ''ਆਪ'' ਮਗਰ ਧੂਹੇ ਗਏ ਸਨ ਕਿ ਸ਼ਾਇਦ ਇਹ ਪਾਰਟੀ ਉਹਨਾਂ ਦੇ ਦੁੱਖਾਂ ਦੀ ਦਾਰੂ ਬਣੇਗੀ। ਪਰ ਜਦੋਂ ਉਹ ਦੇਖਦੇ ਹਨ ਕਿ ਵਜ਼ਾਰਤੀ ਕੁਰਸੀਆਂ ਤਾਂ ਦੂਰ ਦੀ ਗੱਲ ਹੈ, ਵੱਖ ਵੱਖ ਪਰਤਾਂ ਦੇ ਲੀਡਰ ਪਾਰਟੀ ਢਾਂਚੇ ਅੰਦਰ ਅਹਿਮ ਥਾਵਾਂ ਮੱਲਣ ਲਈ ਕਿਵੇਂ ਇੱਕ ਦੂਜੇ ਦੇ ਉਤੋਂ ਦੀ ਡਿਗ ਰਹੇ ਹਨ ਅਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਗਲਤਾਨ ਹਨ, ਕਿਵੇਂ ਪਾਰਟੀ ਵਿਧਾਨ ਅਤੇ ਮਰਿਆਦਾ ਨੂੰ ਪੈਰਾਂ ਹੇਠ ਮਧੋਲਦਿਆਂ ਆਪਹੁਦਰਾਸ਼ਾਹੀ ਦਾ ਮਜ਼੍ਹਮਾ ਲਾ ਰਹੇ ਹਨ, ਤਾਂ ਉਹਨਾਂ ਨੂੰ ਸਪੱਸ਼ਟ ਹੋ ਰਿਹਾ ਹੈ ਕਿ ਅਕਾਲੀ, ਕਾਂਗਰਸੀ, ਭਾਜਪਾਈ ਸਿਆਸੀ ਟੋਲਿਆਂ ਨਾਲੋਂ ''ਆਪ'' ਦਾ ਕੋਈ ਬੁਨਿਆਦੀ ਵਖਰੇਵਾਂ ਨਹੀਂ ਹੈ। ਇਸ ਦਾ ਨਿਸ਼ਾਨਾ ਵੀ ਲੋਕਾਂ ਦਾ ਭਲਾ ਕਰਨਾ ਨਹੀਂ, ਸਗੋਂ ਲੋਕਾਂ ਨੂੰ ਕੁੱਟਣ-ਲੁੱਟਣ ਲਈ ਹਾਕਮਾਂ ਦਾ ਸੰਦ ਬਣਦੀ ਹਕੂਮਤੀ ਕੁਰਸੀ ਨੂੰ ਹੱਥ ਪਾਉਣਾ ਹੈ। 0-

No comments:

Post a Comment