Monday, 3 September 2018

ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਲੜੋ

ਮਨਜੀਤ ਧਨੇਰ ਦੀ ਤਰਸ ਦੇ ਆਧਾਰ ਉੱਤੇ ਮੁਆਫੀ ਲਈ ਨਹੀਂ-
ਸਜ਼ਾ ਰੱਦ ਕਰਵਾਉਣ ਲਈ ਲੜੋ
-ਸ਼ਾਹਬਾਜ਼
ਕਿਰਨਜੀਤ ਦੇ ਕਤਲ ਵਿਰੋਧੀ ਘੋਲ ਦੇ ਇੱਕ ਮੁੱਖ ਆਗੂ ਮਨਜੀਤ ਸਿੰਘ ਧਨੇਰ ਨੂੰ ਹੋਈ ਉਮਰ ਕੈਦ ਨੂੰ ਮੁਆਫ ਕਰਵਾਉਣ ਜਾਂ ਰੱਦ ਕਰਵਾਉਣ ਦਾ ਮੁੱਦਾ ਪੰਜਾਬ ਦੇ ਇਨਕਲਾਬੀ ਜਮਹੂਰੀ ਹਲਕਿਆਂ ਅੰਦਰ ਬਹਿਸ-ਭੇੜ ਅਤੇ ਮੱਤਭੇਦ ਦਾ ਮੱਦਾ ਬਣਿਆ ਹੋਇਆ ਹੈ। ਇਸ ਦਾ ਤਾਜ਼ਾ ਪ੍ਰਸੰਗ ਸੁਪਰੀਮ ਕੋਰਟ ਅੰਦਰ ਕੀਤੀ ਅਪੀਲ ਉੱਤੇ ਸੁਣਵਾਈ ਸ਼ੁਰੂ ਹੋਣ ਨਾਲ ਜੁੜਿਆ ਹੋਇਆ ਹੈ, ਜਿਸ ਉੱਤੇ ਪੰਜਾਬ ਦੀਆਂ ਦਰਜ਼ਨ ਦੇ ਕਰੀਬ ਜਨਤਕ ਜਥੇਬੰਦੀਆਂ ਵੱਲੋਂ ਇੱਕ ਕਮੇਟੀ ਬਣਾ ਕੇ ਸਰਗਰਮੀ ਸ਼ੁਰੂ ਕੀਤੀ ਹੋਈ ਹੈ। ਸਜ਼ਾ ਮੁਆਫੀ ਲਈ ਐਮ.ਐਲ.ਏ. ਅਤੇ ਐਮ.ਪੀ. ਨੂੰ ਮੈਮੋਰੈਂਡਮ ਦਿੱਤੇ ਜਾ ਰਹੇ ਹਨ। ਇਹ ਕਮੇਟੀ ਸਾਥੀ ਮਨਜੀਤ ਧਨੇਰ ਹੋਰਾਂ ਦੀ ਸਿਆਸੀ ਧਿਰ ਵੱਲੋਂ ਦਿੱਤੇ ਸੱਦੇ ਉੱਤੇ ਬਣਾਈ ਗਈ ਹੈ। ਬਾਕੀ ਸਿਆਸੀ ਧਿਰਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਅਚੇਤ/ਸੁਚੇਤ ਰੂਪ ਵਿੱਚ ਉਸ ਉੱਤੇ ਸਹਿਮਤੀ ਦਿੱਤੀ ਗਈ ਹੈ।
ਸਾਥੀ ਮਨਜੀਤ ਧਨੇਰ ਨੂੰ ਇਹ ਸਜ਼ਾ ਕਿਰਨਜੀਤ ਬਲਾਤਕਾਰ ਅਤੇ ਕਤਲ ਕਾਂਡ ਦੀ ਦੋਸ਼ੀ ਗੁੰਡਾ ਢਾਣੀ ਦੇ ਵਡੇਰੇ ਸਰਗਣੇ ਦਲੀਪ ਸਿੰਘ ਪੁੱਤਰ ਜਵਾਹਰ ਸਿੰਘ ਦੇ ਕਤਲ ਦੇ ਦੋਸ਼ ਤਹਿਤ ਚੱਲੇ ਕੇਸ ਵਿੱਚ ਸੈਸ਼ਨ ਜੱਜ ਬਰਨਾਲਾ ਵੱਲੋਂ 2005 ਵਿੱਚ ਸੁਣਵਾਈ ਗਈ ਸੀ। ਇਸ ਕੇਸ ਵਿੱਚ ਕੁੱਲ 7 ਬੰਦੇ ਸ਼ਾਮਲ ਸਨ। ਤਿੰਨ ਸਾਥੀ ਮਹਿਲ ਕਲਾਂ ਐਕਸ਼ਨ ਕਮੇਟੀ ਨਾਲ ਸਬੰਧ ਸਨ ਅਤੇ 4 ਬੰਦੇ ਮਾਨ ਦਲ ਨਾਲ ਸਬੰਧਤ ਸਨ। ਉਸ ਤੋਂ ਬਾਅਦ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚਲਾ ਗਿਆ ਸੀ। ਹਾਈਕੋਰਟ ਵੱਲੋਂ ਦੋ ਸਾਥੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ। ਪੰਜਾਂ ਦੀ ਸਜ਼ਾ ਬਰਕਰਾਰ ਰੱਖੀ ਗਈ ਸੀ। ਪੰਜਾਂ ਵਿੱਚੋਂ ਤਿੰਨ ਬੰਦੇ ਜੋ ਮਾਨ ਦਲ ਨਾਲ ਸਬੰਧਤ ਸਨ। ਉਹ ਸਜ਼ਾ ਕੱਟ ਚੁੱਕੇ ਹਨ। ਉਹਨਾਂ ਵੱਲੋਂ ਨਾ ਅਪੀਲ ਕੀਤੀ ਗਈ, ਨਾ ਰਾਜਪਾਲ ਨੂੰ ਸਜ਼ਾ ਮੁਆਫ ਕਰਨ ਲਈ ਰਹਿਮ ਦੀ ਅਪੀਲ ਕੀਤੀ ਗਈ। ਮੌਜੂਦਾ ਸਥਿਤੀ ਅੰਦਰ ਸਿਰਫ ਦੋ ਸਾਥੀ ਹਨ, ਇੱਕ ਸਾਥੀ ਧਨੇਰ ਹੈ, ਦੂਜਾ ਮਾਨ ਦਲ ਨਾਲ ਸਬੰਧਤ ਹੈ, ਜਿਹਨਾਂ ਨੂੰ ਜਮਾਨਤ ਮਿਲ ਗਈ ਸੀ, ਸੁਪਰੀਮ ਕੋਰਟ ਅੰਦਰ ਵੀ ਪਹਿਲਾਂ ਜੇਲ੍ਹਾਂ ਅੰਦਰ ਸਜ਼ਾ ਕੱਟ ਰਹੇ ਲੋਕਾਂ ਦੀ ਸੁਣਵਾਈ ਸ਼ੁਰੂ ਹੋਵੇਗੀ। ਫਿਰ ਜਮਾਨਤ ਵਾਲੇ ਲੋਕਾਂ ਦੀ। ਅਜੇ ਧਨੇਰ ਹੋਰਾਂ ਦੀਆਂ ਤਰੀਕਾਂ ਪੈਣ ਨਹੀਂ ਲੱਗੀਆਂ। ਨੇੜੇ ਭਵਿੱਖ ਪੈਣ ਲੱਗ ਜਾਣਗੀਆਂ। ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਫੈਸਲਾ ਹੋਵੇਗਾ।
ਚੇਤੇ ਰਹੇ ਕਿ ਮਹਿਲ ਕਲਾਂ ਦੀ ਇੱਕ ਸਕੂਲੀ ਵਿਦਿਆਰਥਣ ਕਿਰਨਜੀਤ ਨੂੰ ਦਲੀਪੇ ਦੇ ਭਰਾ ਲਾਲੇ ਦੇ ਗੁੰਡਾ-ਨੁਮਾ ਮੁੰਡਿਆਂ ਵੱਲੋਂ ਅਗਵਾ ਕਰਕੇ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਇਸ ਵਹਿਸ਼ੀ ਘਟਨਾ ਵਿਰੁੱਧ ਇਲਾਕੇ ਭਰ ਅੰਦਰ ਰੋਹ ਦਾ ਇੱਕ ਤੂਫਾਨ ਖੜ੍ਹਾ ਹੋ ਗਿਆ ਸੀ ਅਤੇ ਇਸ ਘਟਨਾ ਖਿਲਾਫ ਬਣੀ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਲੰਮਾ ਤੇ  ਵਿਸ਼ਾਲ ਸੰਘਰਸ਼ ਲੜਿਆ ਗਿਆ ਸੀ। ਇਸ ਘੋਲ ਦੇ ਦਬਾਓ ਹੇਠ ਬਲਾਤਕਾਰ ਤੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਮੁਕੱਦਮਾ ਦਰਜ਼ ਕੀਤਾ ਗਿਆ।
ਕਿਰਨਜੀਤ ਅਗਵਾ, ਬਲਾਤਕਾਰ ਅਤੇ ਕਤਲ ਕੇਸ ਦੇ ਮੁਜਰਿਮ ਗੁੰਡਾ ਲਾਣੇ ਦਾ ਪਿਛਲਾ ਇਤਿਹਾਸ ਇਸ ਦੀ ਗਵਾਹੀ ਭਰਦਾ ਹੈ ਕਿ ਇਹਨਾਂ ਦੀ ਸਰਕਾਰੇ-ਦਰਬਾਰੇ ਸਿਆਸੀ ਪੁੱਗਤ ਆਸਰੇ ਉਹ ਆਪਣੇ ਵਿਰੋਧੀਆਂ ਨੂੰ ਝੂਠੇ ਪੁਲਸ ਕੇਸਾਂ ਅੰਦਰ ਫਸਾਉਂਦੇ ਆਏ ਹਨ। ਗਰੀਬਾਂ ਦੀਆਂ ਜ਼ਮੀਨਾਂ-ਜਾਇਦਾਦਾਂ ਉੱਤੇ ਧੱਕੇ ਨਾਲ ਕਬਜ਼ੇ ਕਰਦੇ ਆਏ ਹਨ। ਲੋਕਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜਤਾਂ ਨਾਲ ਖੇਡਣਾ ਇਹਨਾਂ ਲਈ ਆਮ ਗੱਲ ਸੀ। ਇਹ ਸਿਲਸਿਲਾ ਇਹਨਾਂ ਦੇ ਦਾਦੇ ਜਵਾਹਰੇ ਤੋਂ ਲੈ ਕੇ ਚੱਲਦਾ ਆ ਰਿਹਾ ਸੀ। ਉਸਦੇ ਚਾਰਾਂ ਵਿੱਚੋਂ ਤਿੰਨ ਮੁੰਡੇ- ਲਾਲਾ, ਦਲੀਪਾ ਅਤੇ ਮਲਕੀਤਾ ਅਜਿਹੇ ਲੋਕ-ਵਿਰੋਧੀ ਕਾਰਨਾਮਿਆਂ ਵਿੱਚ ਗਲਤਾਨ ਰਹੇ ਹਨ। ਲਾਲਾ ਅਤੇ ਦਲੀਪਾ ਤਾਂ ਮੋਹਰੀ ਰਹੇ ਹਨ। ਮਲਕੀਤਾ ਮਾਰਕਿਟ ਕਮੇਟੀ ਮਹਿਲ ਕਲਾਂ ਦਾ ਚੇਅਰਮੈਨ ਵੀ ਰਿਹਾ ਹੈ। ਅਕਾਲੀ ਦਲ ਦੇ ਆਗੂ ਸੁਖਦੇਵ ਢੀਂਡਸੇ ਦਾ ਖਾਸ ਬੰਦਾ ਰਿਹਾ ਹੈ। ਲਾਲੇ ਦੇ ਮੁੰਡਿਆਂ ਚੀਨੇ ਤੇ ਸਨੀ ਵੱਲੋਂ 1997 ਵਿੱਚ ਕਿਰਨਜੀਤ ਨੂੰ ਅਗਵਾ, ਬਲਾਤਕਾਰ, ਕਤਲ ਕਰਨ ਅਤੇ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਵਹਿਸ਼ੀ ਘਟਨਾ ਵਿੱਚ ਮੋਹਰੀ ਰੋਲ ਅਦਾ ਕੀਤਾ ਗਿਆ। ਜਿਸ ਵਿੱਚ ਪੰਜ ਹੋਰ ਵੀ ਸ਼ਾਮਲ ਸਨ। ਦਲੀਪੇ, ਮਲਕੀਤੇ ਅਤੇ ਸਮੁੱਚੇ ਲਾਣੇ ਵੱਲੋਂ ਉਹਨਾਂ ਨੂੰ ਹਰ ਪੱਖ ਤੋਂ ਡਟਵਾਂ ਥਾਪੜਾ ਦਿੱਤਾ ਗਿਆ ਸੀ। ਅਕਾਲੀ ਦਲ ਦੇ ਆਗੂ ਢੀਂਡਸੇ ਅਤੇ ਸੀ.ਪੀ.ਐਮ. ਦੇ ਚੰਦ ਚੋਪੜੇ ਵੱਲੋਂ ਇਹਨਾਂ ਦੀ ਸਿਆਸੀ ਸਰਪ੍ਰਸਤੀ ਕੀਤੀ ਗਈ ਸੀ। ਦੋ-ਢਾਈ ਮਹੀਨੇ ਚੱਲੇ ਸ਼ਾਨਦਾਰ ਘੋਲ ਨੇ ਲੋਕ ਸੱਥਾਂ ਵਿੱਚ ਇਹਨਾਂ ਦੀ ਜਮਾਤੀ-ਸਿਆਸੀ ਪੱਤ ਨੂੰ ਰੋਲਿਆ ਸੀ, ਜਿਸ ਕਰਕੇ ਲੋਕ ਇਹਨਾਂ ਦੇ ਗੁੰਡਾ ਕਾਰਨਾਮਿਆਂ ਨੂੰ ਨਸ਼ਰ ਕਰਨ ਲੱਗੇ ਸਨ। ਚੱਲਦੇ ਘੋਲ ਦੌਰਾਨ ਹੀ ਇਸ ਗੁੰਡਾ ਲਾਣੇ ਦੇ ਸਾਢੇ ਚਾਰ ਦਰਜ਼ਨ ਦੇ ਕਰੀਬ ਕਾਲੇ ਕਾਰਨਾਮੇ ਨਸ਼ਰ ਹੋਏ। ਜਵਾਹਰੇ, ਲਾਲੇ, ਦਲੀਪੇ, ਮਲਕੀਤੇ ਅਤੇ ਉਸਦੇ ਪੁੱਤਰ ਸਵਰਨੇ ਉਰਫ ਪਰਨੇ ਵਿਰੁੱਧ ਰਜਿਸਟਰਡ ਹੋਏ 27 ਕੇਸਾਂ ਦੀ ਲੰਮੀ ਲਿਸਟ ਚਮਕਦਾ ਲਾਲਾ ਤਾਰਾ ਮੈਗਜ਼ੀਨ ਵੱਲੋਂ ਛਾਪੀ ਗਈ ਸੀ। ਇਸ ਘੋਲ ਵਿੱਚ ਪੰਜਾਬ ਦੀਆਂ ਸਮੁੱਚੀਆਂ ਇਨਕਲਾਬੀ ਜਮਹੂਰੀ ਸ਼ਕਤੀਆਂ ਵੱਲੋਂ ਉੱਭਰਵਾਂ ਰੋਲ ਅਦਾ ਕੀਤਾ ਗਿਆ। ਸਿਟੇ ਵਜੋਂ ਦੋਸ਼ੀਆਂ ਨੂੰ ਤਾ-ਉਮਰ ਕੈਦ ਹੋਈ। ਉੱਪਰਲੀ ਅਦਾਲਤ ਵੱਲੋਂ ਉਹਨਾਂ ਦੀ ਸਜ਼ਾ ਘਟਾ ਦਿੱਤੀ ਗਈ, ਹੁਣ ਉਹ ਉਮਰ ਕੈਦ ਦੀ ਸਜ਼ਾ ਭੁਗਤ ਕੇ ਬਾਹਰ ਆ ਚੁੱਕੇ ਹਨ।
ਬਾਹਰ ਆਉਂਦਿਆਂ ਹੀ ਗੁੰਡਾ ਲਾਣੇ ਵੱਲੋਂ ਆਪਣਾ ਪਹਿਲਾ ਰੰਗ ਫਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਗਿਆ। ਉਹਨਾਂ ਵੱਲੋਂ ਕਿਰਨਜੀਤ ਦਾ ਨਾਂ ਸਕੂਲ ਦੇ ਨਾਂ ਨਾਲੋਂ ਲਹਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਲੋਕਾਂ ਵੱਲੋਂ ਪਛਾੜਿਆ ਗਿਆ। ਉਹਨਾਂ ਵੱਲੋਂ ਪਿੰਡ ਦੀ ਸਰਪੰਚ ਉੱਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਲਈ ਉਹ ਕਾਮਯਾਬ ਹੋਏ। ਉਹਨਾਂ ਵੱਲੋਂ ਮਾਨ ਦਲ ਦੇ ਬੰਦਿਆਂ ਨੂੰ ਮਰਵਾਉਣ ਲਈ ਸੁਪਾਰੀ ਦਿੱਤੀ ਗਈ ਸੀ, ਜਿਸਦਾ ਉਹਨਾਂ ਨੂੰ ਪਤਾ ਲੱਗ ਗਿਆ। ਉਹਨਾਂ ਵੱਲੋਂ ਮੋੜਵੀਂ ਅਗਾਊਂ ਵਿਉਂਤਬੰਦੀ ਕਰਕੇ ਬਰਨਾਲਾ ਕਚਹਿਰੀਆਂ ਵਿੱਚ ਦਲੀਪੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਸਾਡੀ ਜਾਣਕਾਰੀ ਅਨੁਸਾਰ ਉਹ ਕੋਈ ਗੁੰਡਾ ਪਰਿਵਾਰ ਨਹੀਂ, ਆਮ ਸਾਧਾਰਨ ਪਰਿਵਾਰ ਹੈ, ਜਿਹੜਾ ਮਾਨ ਦਲ ਨਾਲ ਜੁੜਿਆ ਹੋਇਆ ਸੀ। ਉਹਨਾਂ ਨਾਲ ਵੀ ਇਸ ਗੁੰਡਾ ਲਾਣੇ ਵੱਲੋਂ ਧੱਕਾ ਕੀਤਾ ਗਿਆ। ਜਿਸ ਕਰਕੇ ਉਸ ਪਰਿਵਾਰ ਦੀ ਇਸ ਗੁੰਡਾ ਲਾਣੇ ਨਾਲ ਰੰਜਿਸ਼ ਸੀ। ਇਹ ਘਟਨਾ ਕੋਈ ਦੋ ਗੁੰਡਾ ਪਰਿਵਾਰ ਦੀ ਲੜਾਈ ਦਾ ਸਿੱਟਾ ਨਹੀਂ ਸੀ। ਜਿਵੇਂ ਹੁਣ ਪੇਸ਼ ਕੀਤਾ ਜਾ ਰਿਹਾ ਹੈ। ਮਹਿਲ ਕਲਾਂ ਘੋਲ ਨੇ ਅਜਿਹੇ ਪਰਿਵਾਰਾਂ ਦੀ ਗੁੰਡਾ ਲਾਣੇ ਵਿਰੁੱਧ ਨਫਰਤ ਨੂੰ ਸਾਣ ਉੱਤੇ ਲਾਇਆ, ਜਿਹੜੇ ਪਹਿਲਾਂ ਦਬੇ ਰਹਿੰਦੇ ਸਨ। ਉਹ ਗੁੰਡਾ ਲਾਣੇ ਸਾਹਮਣੇ ਸਿਰ ਉਠਾ ਕੇ ਜਿਉਣ ਲੱਗੇ। ਸਬੰਧਤ ਬੰਦਿਆਂ ਵੱਲੋਂ ਵੀ ਐਕਸ਼ਨ ਕਮੇਟੀ ਦੇ ਇਹਨਾਂ ਆਗੂਆਂ ਵੰਨੀ ਗੱਲ ਖਿਸਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਖੁਦ ਜੁੰਮੇਵਾਰੀ ਲਈ। ਪਰ ਗੁੰਡਾ ਲਾਣੇ ਵੱਲੋਂ ਕਿੜ ਕੱਢਣ ਲਈ ਤਿੰਨ ਸਾਥੀਆਂ ਨੂੰ ਚੇਤੰਨ ਤੌਰ 'ਤੇ ਕੇਸ ਵਿੱਚ ਫਸਾਇਆ ਗਿਆ ਹੈ। ਮਨਜੀਤ ਧਨੇਰ ਨੂੰ ਇਸ ਘਟਨਾ ਦੇ ਮੋਹਰੀ ਦੇ ਤੌਰ 'ਤੇ ਪੇਸ਼ ਕੀਤਾ ਗਿਆ। ਸੋ ਮਨਜੀਤ ਧਨੇਰ ਉੱਤੇ ਪਾਇਆ ਕੇਸ ਸਰਾਸਰ ਝੂਠਾ ਹੈ। ਸੈਸ਼ਨ ਕੋਰਟ ਤੇ ਹਾਈਕੋਰਟ ਦਾ ਫੈਸਲਾ ਬੇਇਨਸਾਫੀ ਹੈ, ਪੱਖਪਾਤੀ ਹੈ, ਜਿਸ ਵਿਰੁੱਧ ਤਿੱਖੀ ਜੱਦੋਜਹਿਦ ਦੀ ਜ਼ਰੂਰਤ ਹੈ।
ਉਪਰੋਕਤ ਪ੍ਰਸੰਗ ਅੰਦਰ ਮੱਤਭੇਦ ਦਾ ਮੁੱਦਾ ਇਹ ਹੈ ਕਿ ਨਿਰਦੋਸ਼ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਲੜਿਆ ਜਾਵੇ ਜਾਂ ਮਨਜੀਤ ਧਨੇਰ ਨੂੰ ਦੋਸ਼ੀ ਮੰਨ ਕੇ ਧਾਰਾ 161 ਤਹਿਤ ਤਰਸ ਦੇ ਆਧਾਰ ਉੱਤੇ ਗਵਰਨਰ ਤੋਂ ਸਜ਼ਾ ਮੁਆਫ ਕਰਵਾਉਣ ਲਈ ਲੜਿਆ ਜਾਵੇ। ਸਾਡਾ ਵਿਚਾਰ ਇਹ ਹੈ ਕਿ ਸਜ਼ਾ ਰੱਦ ਕਰਵਾਉਣ ਲਈ ਲੜਨਾ ਦਰੁਸਤ ਪੈਂਤੜਾ ਹੈ। ਧਾਰਾ 161 ਤਹਿਤ ਤਰਸ ਦੇ ਆਧਾਰ ਉੱਤੇ ਸਜ਼ਾ ਮੁਆਫ ਕਰਵਾਉਣ ਲਈ ਲੜਨਾ ਗਲਤ ਤੇ ਗੋਡੇਟੇਕੂ ਪੈਂਤੜਾ ਹੈ। ਪੰਜਾਬ ਦੀਆਂ ਕਰੀਬ ਦੋ ਦਰਜ਼ਨ ਜਥੇਬੰਦੀਆਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਅੰਦਰ ਦੋਵਾਂ ਗੱਲਾਂ ਨੂੰ ਰੱਲਗੱਡ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਲੋਕਾਂ ਅੰਦਰ ਇਹ ਉਭਾਰਿਆ ਜਾ ਰਿਹਾ ਹੈ ਕਿ ਉਹ ਸਜ਼ਾ ਰੱਦ ਕਰਵਾਉਣ ਲਈ ਜੱਦੋਜਹਿਦ ਕਰ ਰਹੇ ਹਨ। ਇਸਦੇ ਉਲਟ ਜੋ ਗਵਰਨਰ ਨੂੰ ਮੰਗ-ਪੱਤਰ ਭੇਜਿਆ ਗਿਆ ਹੈ, ਉਹ ਧਾਰਾ 161 ਤਹਿਤ ਮਨਜੀਤ ਨੂੰ ਦੋਸ਼ੀ ਮੰਨਦੇ ਹੋਏ ਤਰਸ ਦੇ ਆਧਾਰ 'ਤੇ ਮੁਆਫੀ ਦੀ ਮੰਗ ਕਰਦਾ ਹੈ। ਉਹਨਾਂ ਨੂੰ ਸਾਫ ਹੋਣਾ ਚਾਹੀਦਾ ਹੈ ਕਿ ਸਜ਼ਾ ਰੱਦ ਕਰਵਾਉਣ ਦਾ ਧਾਰਾ 161 ਨਾਲ ਕੋਈ ਸਬੰਧ ਨਹੀਂ। ਨਾ ਹੀ ਇਸ ਧਾਰਾ ਤਹਿਤ ਰਾਜਪਾਲ ਕਿਸੇ ਵਿਅਕਤੀ ਨੂੰ ਦੋਸ਼ ਮੁਕਤ ਕਰ ਸਕਦਾ ਹੈ। ਕੋਈ ਵਿਅਕਤੀ ਦੋਸ਼ੀ ਹੈ ਜਾਂ ਨਹੀਂ, ਇਹ ਕੰਮ ਅਦਾਲਤਾਂ ਦਾ ਹੈ। ਇਸ ਸਬੰਧੀ ਹੇਠਲੀਆਂ ਦੋ ਅਦਾਲਤਾਂ ਸਾਥੀ ਮਨਜੀਤ ਧਨੇਰ ਨੂੰ ਦੋਸ਼ੀ ਕਰਾਰ ਦੇ ਚੁੱਕੀਆਂ ਹਨ। ਸੰਵਿਧਾਨ ਦੀ ਧਾਰਾ 161 ਕਿਸੇ ਗਵਰਨਰ ਦੀਆਂ ਨਿਆਇਕ ਸ਼ਕਤੀਆਂ ਨਾਲ ਸਬੰਧਤ ਹੈ। ਇਹ ਕਿਸੇ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਕਿਸੇ ਵਿਅਕਤੀ ਦੀ ਸਜ਼ਾ ਮੁਆਫ ਕਰਨ ਦਾ ਅਧਿਕਾਰ ਦਿੰਦੀ ਹੈ। ਦੋਸ਼ ਮੁਕਤ ਕਰਾਰ ਦੇਣ ਦਾ ਨਹੀਂ। ਇਹ ਰਾਸ਼ਟਰਪਤੀ ਨੂੰ ਤਰਸ ਦੇ ਆਧਾਰ 'ਤੇ ਕੀਤੀ ਅਪੀਲ ਦੀ ਤਰ੍ਹਾਂ ਹੈ, ਪਰ ਘੱਟ ਸ਼ਕਤੀਸ਼ਾਲੀ ਹੈ। ਸੋ ਮਨਜੀਤ ਧਨੇਰ ਦੀ ਖੁਦ ਦੀ ਅਰਜੀ ਤੇ ਜਥੇਬੰਦੀਆਂ ਦਾ ਮੰਗ-ਪੱਤਰ ਰਹਿਮ ਦੀ ਅਪੀਲ ਤੋਂ ਵੱਧ ਕੁੱਝ ਨਹੀਂ। ਇਸ ਨੂੰ ਸਜ਼ਾ ਰੱਦ ਕਰਵਾਉਣ ਲਈ ਜੱਦੋਜਹਿਦ ਦਾ ਨਾਂ ਦੇਣਾ ਸਵੈ ਭੁਲੇਖੇ ਦਾ ਸ਼ਿਕਾਰ ਹੋਣਾ ਹੈ ਜਾਂ ਲੋਕਾਂ ਨਾਲ ਧੋਖਾ ਕਰਨਾ ਹੈ।
ਇਸਦੀ ਵਾਜਬੀਅਤ ਲਈ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਕਾਨੂੰਨੀ ਦਾਅਪੇਚ ਦਾ ਮਾਮਲਾ ਹੈ। ਸਾਡਾ ਵਿਚਾਰ ਇਹ ਹੈ ਕਿ ਅਜਿਹੀ ਮੁਆਫੀ ਦੀ ਮੰਗ ਕੋਈ ਦਾਅਪੇਚ ਦਾ ਮਾਮਲਾ ਨਹੀਂ ਹੁੰਦੀ। ਇਹ ਗੋਡੇਟੇਕੂ ਕਾਰਵਾਈ ਹੁੰਦੀ ਹੈ। ਇਹ ਗੋਡੇਟੇਕੂ ਥਿੜਕਣ ਵੀ ਅਜਿਹੀ ਇੱਕ ਵਹਿਸ਼ੀਆਨਾ ਸਮਾਜ-ਦੋਖੀ ਕਾਰੇ ਦੇ ਦੋਸ਼ੀ ਗੁੰਡਾ ਲਾਣੇ ਦੇ ਇੱਕ ਮੋਢੀ ਦਲੀਪੇ ਦੇ ਕਤਲ ਕੇਸ ਵਿੱਚ ਸਾਹਮਣੇ ਆ ਰਹੀ ਹੈ, ਜਿਹਨਾਂ ਨੂੰ ਮਿਸਾਲੀ ਸਜ਼ਾਵਾਂ ਦੇਣ/ਦਿਵਾਉਣ ਦੇ ਹੋਕਰੇ ਆਏ ਸਾਲ ਅਗਸਤ ਮਹੀਨੇ ਸਟੇਜਾਂ ਤੋਂ ਮਾਰੇ ਜਾਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਦਲੀਪੇ ਨੂੰ ਕਤਲ ਕਰਨ ਵਾਲਿਆਂ ਨੇ ਕੋਈ ਰਹਿਮ ਦੀ ਅਪੀਲ ਨਹੀਂ ਕੀਤੀ। ਕਿਰਨਜੀਤ ਦੇ ਕਾਤਲਾਂ ਨੇ ਕੋਈ ਰਹਿਮ ਦੀ ਅਪੀਲ ਨਹੀਂ ਕੀਤੀ। ਦੋਵਾਂ ਨੇ ਸਜ਼ਾਵਾਂ ਭੁਗਤੀਆਂ ਹਨ। ਪਰ ਇਸ ਘੋਲ ਦੇ ਚੋਟੀ ਆਗੂ ਤੇ ਉਹਨਾਂ ਦੀ ਸਿਆਸੀ ਧਿਰ, ਜਿਹਨਾਂ ਨੇ ਕੁਰਬਾਨੀ ਦੀ ਮਿਸਾਲ ਬਣਨਾ ਸੀ, ਉਹ ਰਹਿਮ ਦੀਆਂ ਅਪੀਲਾਂ ਉੱਤੇ ਉਤਾਰੂ ਹੋ ਰਹੇ ਹਨ। ਇਹ ਮਾਮਲਾ ਸਾਥੀ ਮਨਜੀਤ ਧਨੇਰ ਤੱਕ ਸੀਮਤ ਨਹੀਂ। ਇਹ ਬਹੁਤ ਗਲਤ ਕਿਸਮ ਦਾ ਲੀਹਾ ਪਾਇਆ ਜਾ ਰਿਹਾ ਹੈ। ਜਦੋਂ ਵੀ ਕੋਈ ਝੂਠੇ ਕੇਸ ਅੰਦਰ ਫਸਿਆ ਕਰੇਗਾ, ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਜਾਇਆ ਕਰੇਗਾ, ਉਹ ਕੁਰਬਾਨੀ ਕਰਨ ਦੀ ਥਾਂ ਰਹਿਮ ਦੀ ਅਪੀਲ ਕਰਿਆ ਕਰੇਗਾ। ਇਨਕਲਾਬੀ ਸ਼ਕਤੀਆਂ ਨੂੰ ਕੁਰਬਾਨੀ ਲਈ ਤਿਆਰ ਹੋਣਾ ਚਾਹੀਦਾ ਹੈ ਨਾ ਕਿ ਰਹਿਮ ਦੀਆਂ ਅਪੀਲਾਂ ਲਈ ਜਾਂ ਲਾਸ਼ਾਂ ਸੜਕਾਂ ਉੱਤੇ ਰੱਖ ਕੇ ਮੁਆਵਜੇ ਲੈਣ ਲਈ। ਇਹ ਸਿਵਿਆਂ ਨੂੰ ਜਾਂਦਾ ਰਾਹ ਹੈ, ਜਿਸ 'ਤੇ ਸਾਥੀਆਂ ਨੂੰ ਨਹੀਂ ਪੈਣਾ ਚਾਹੀਦਾ। ਦਰੁਸਤ ਇਨਕਲਾਬੀ ਸ਼ਕਤੀਆਂ ਨੂੰ ਇਸ ਗੋਡੇਟੇਕੂ ਪੈਂਤੜੇ ਨੂੰ ਰੱਦ ਕਰਨਾ ਚਾਹੀਦਾ ਹੈ। ਸਾਥੀ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਜੱਦੋਜਹਿਦ ਕਰਨੀ ਚਾਹੀਦੀ ਹੈ। ਅਚੇਤ ਰੂਪ ਵਿੱਚ ਸਹਿਮਤੀ ਦੇ ਚੁੱਕੇ ਹਿੱਸਿਆਂ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਮੋੜਾ ਕੱਟਣਾ ਚਾਹੀਦਾ ਹੈ। ਸਜ਼ਾ ਰੱਦ  ਕਰਵਾਉਣ ਲਈ ਲੜਨਾ ਚਾਹੀਦਾ ਹੈ ਨਾ ਕਿ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਤਰਸ ਦੇ ਆਧਾਰ ਉੱਤੇ ਮੁਆਫੀ ਮੰਗਣ ਲਈ। ਇਨਕਲਾਬੀ ਜਮਹੂਰੀ ਜਥੇਬੰਦੀਆਂ ਦਾ ਕੋਈ ਕੰਮ ਨਹੀਂ ਕਿ ਉਹ ਲੋਕਾਂ ਅੰਦਰ ਰਹਿਮ ਦੀ ਅਪੀਲ ਲਈ ਮੁਹਿੰਮ ਚਲਾਉਣ। ਇਹ ਕੰਮ ਅਦਾਲਤਾਂ ਅੰਦਰ ਕਿਸੇ ਵਕੀਲ ਦਾ, ਕਿਸੇ ਵਿਅਕਤੀ ਦਾ ਕੰਮ ਹੋ ਸਕਦਾ ਹੈ।
ਯਾਦ ਰੱਖੋ- ਇਨਕਲਾਬੀ ਘੁਲਾਟੀਆਂ ਨੂੰ ਸੱਟ ਮਾਰਨ ਅਤੇ ਲਿਫਾਉਣ ਲਈ ਹਾਕਮ ਜਮਾਤੀ ਅਦਾਲਤਾਂ ਵੱਲੋਂ ਕੀਤੀਆਂ ਜਾਂਦੀਆਂ ਨਿਹੱਕੀਆਂ ਸਜ਼ਾਵਾਂ ਵੀ ਇਨਕਲਾਬੀ ਲਹਿਰ 'ਤੇ ਕਾਨੂੰਨੀ ਸ਼ਕਲ ਵਿੱਚ ਬੋਲਿਆ ਹਮਲਾ ਹੁੰਦਾ ਹੈ, ਜਿਹੜਾ ਇਨਕਲਾਬੀ ਲਹਿਰ ਵੱਲ ਸੇਧਤ ਜਾਬਰ ਹਮਲੇ ਦਾ ਹੀ ਇੱਕ ਅੰਗ ਹੁੰਦਾ ਹੈ। ਕਾਨੂੰਨ ਦੀ ਸ਼ਕਲ ਵਿੱਚ ਬੋਲੇ ਇਸ ਹਮਲੇ ਸਾਹਮਣੇ ਅਣਲਿਫ ਅਤੇ ਸਾਬਤ-ਕਦਮ ਰਹਿਣਾ ਇਨਕਲਾਬੀ ਲਹਿਰ ਦੇ ਹਿੱਤਾਂ ਨਾਲ ਵਫ਼ਾ ਪਾਲਣਾ ਹੈ ਅਤੇ ਇਸ ਹਮਲੇ ਸਾਹਮਣੇ ਥਿੜਕ ਜਾਣਾ ਅਤੇ ਲਿਫ ਜਾਣਾ ਇਨਕਲਾਬੀ ਲਹਿਰ ਦੇ ਹਿੱਤਾਂ ਵੱਲ ਪਿੱਠ ਕਰਨਾ ਹੈ।

No comments:

Post a Comment