Monday, 3 September 2018

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਦੀ ਚਿੱਠੀ

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਦੀ ਚਿੱਠੀ
ਸਤਿਕਾਰਯੋਗ ਸੰਪਾਦਕ,
ਸੁਰਖ ਰੇਖਾ (ਦੋ ਮਾਸਿਕ)

ਅਸੀਂ ਆਪ ਜੀ ਵਲੋਂ ਮਾਰਚ-ਅਪ੍ਰੈਲ ਅੰਕ ਵਿਚ ਲਗਾਈ ਇਸ ਖ਼ਬਰ ਵੱਲ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ, ਜੋ ਸੁਰਖ ਰੇਖਾ ਦੇ ਸਫ਼ਾ ਨੰ. 51 'ਤੇ ਲੱਗੀ ਹੈ। *ਪਿੰਡ ਸ਼ਕੂਰ ਦੇ ਕਿਸਾਨ ਨੂੰ ਮੁਆਵਜ਼ਾ ਦਿਵਾਇਆ* ਇਸ ਖ਼ਬਰ ਦੇ ਬਾਕੀ ਹਿੱਸੇ ਨੂੰ ਛੱਡ ਵੀ ਦਿੱਤਾ ਜਾਵੇ, ਸਾਡਾ ਸਰੋਕਾਰ ਤਾਂ ਇਸ ਨਾਲ ਹੈ ਕਿ ਇਸ ਖ਼ਬਰ ਵਿਚ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਆਗੂਆਂ ਨੇ ਕਿਸਾਨ ਸੁਖਵਿੰਦਰ ਸਿੰਘ ਤੇ ਬਰਾੜ ਬੀਜ ਸਟੋਰ ਲੁਧਿਆਣਾ ਵਿਚ ਸਮਝੌਤਾ ਕਰਵਾ ਕੇ 1 ਲੱਖ 11 ਹਜ਼ਾਰ ਰੁਪਏ ਦਾ ਚੈਕ ਦਿਵਾਇਆ ਸੀ ਅਤੇ 22 ਹਜ਼ਾਰ ਬੀ. ਕੇ. ਯੂ. ਏਕਤਾ ਡਕੌਂਦਾ ਨੇ ਬੀਜ ਵਿਕਰੇਤਾ ਤੋਂ ਲੈ ਲਏ ਹਨ। ਫਿਰ ਇਸ ਤੋਂ ਅੱਗੇ ਕਿ 1 ਲੱਖ 11000 ਰੁਪਏ ਜਾਣ ਬੁਝ ਕੇ ਬੀ. ਕੇ. ਯੂ. ਡਕੌਂਦਾ ਦੇ ਆਗੂਆਂ ਨੇ ਕਿਸਾਨ ਦੇ ਚੈਕ ਨੂੰ ਹੇਰਾਫੇਰੀ ਜਾਂ ਬੀਜ ਵਿਕਰੇਤਾ ਦੀ ਮਿਲੀਭੁਗਤ ਨਾਲ ਕੈਸ਼ ਹੋਣੋਂ ਰੁਕਵਾ ਦਿੱਤਾ।
ਇਸ ਸਬੰਧੀ ਪ੍ਰਚਾਰ ਤਾਂ ਉਸ ਇਲਾਕੇ ਵਿਚ ਸੀ, ਸਾਡੇ ਉਸ ਇਲਾਕੇ/ਜ਼ਿਲ੍ਹੇ ਦੇ ਆਗੂਆਂ ਨੇ ਸਤਿਕਾਰਯੋਗ ਸੁਰਜੀਤ ਸਿੰਘ ਫੂਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਗੱਲਬਾਤ ਕੀਤੀ ਸੀ। ਉਸਨੇ ਵਿਸ਼ਵਾਸ ਦਿਵਾਇਆ ਸੀ ਕਿ ਇਹ ਪ੍ਰਚਾਰ ਅੱਜ ਤੋਂ ਬੰਦ ਹੋ ਜਾਵੇਗਾ ਕਿਉਂਕਿ ਇਹ ਕੋਈ ਸੰਪੂਰਨ ਤੱਥਾਂ 'ਤੇ ਆਧਾਰਤ ਨਹੀਂ ਹੈ।
ਦੋਨਾਂ ਜਥੇਬੰਦੀਆਂ ਦਾ ਸਾਂਝਾ ਡੈਲੀਗੇਸ਼ਨ ਬੀਜ ਵਿਕਰੇਤਾ ਕੋਲ ਜਾ ਕੇ ਇਸ ਬਾਰੇ ਤੱਥ ਜਾਣਨਗੇ। ਬੀ. ਕੇ. ਯੂ. ਕ੍ਰਾਂਤੀਕਾਰੀ ਦੇ ਆਗੂਆਂ ਨੇ ਮਜਬੂਰੀ ਦੱਸੀ ਕਿ 14 ਅਪ੍ਰੈਲ ਨੂੰ ਚੱਲਾਂਗੇ। ਕਿਉਂਕਿ ਉਨ੍ਹਾਂ ਨੇ ਬੀਜ ਵਿਕਰੇਤਾ ਨਾਲ 14 ਅਪ੍ਰੈਲ ਨੂੰ ਨਿਬੜਣ ਦਾ ਸਮਾਂ ਰੱਖਿਆ ਸੀ। ਹੁਣ ਉਹ ਸਾਂਝੇ ਰੂਪ ਵਿਚ ਜਾਣ ਤੋਂ ਇਨਕਾਰੀ ਹੋ ਗਏ ਹਨ। ਸਾਡੀ ਜਥੇਬੰਦੀ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਸੀ-ਸਾਡੇ ਮੁਤਾਬਕ ਸਾਡੇ ਆਗੂਆਂ ਨੂੰ ਬੇਲੋੜਾ ਬਦਨਾਮ ਕੀਤਾ ਜਾ ਰਿਹਾ ਹੈ, ਉਹ ਨਿਰਦੋਸ਼ ਹਨ ਅਤੇ ਨਾਲ ਹੀ ਅਸੀਂ ਇਹ ਵੀ ਫੈਸਲਾ ਕਰ ਲਿਆ ਸੀ ਕਿ ਇਸ ਮਸਲੇ 'ਤੇ ਕੋਈ ਪ੍ਰਚਾਰ 14 ਅਪ੍ਰੈਲ ਤੱਕ ਨਾ ਕੀਤਾ ਜਾਵੇ। ਇਕ ਤਾਂ 14 ਅਪ੍ਰੈਲ ਨੂੰ ਸਥਿਤੀ ਸਪਸ਼ਟ ਹੋ ਜਾਵੇਗੀ ਦੂਸਰਾ ਪੀੜਤ ਕਿਸਾਨ ਨੂੰ ਪੂਰਾ ਹੱਕ ਮਿਲਣ 'ਚ ਕੋਈ ਰੁਕਾਵਟ ਨਹੀਂ ਆਵੇਗੀ।
ਪਰ ਤੁਸੀਂ ਹੱਦ ਕਰ ਦਿੱਤੀ, ਇਸ ਨੂੰ ਆਪਣੇ ਮੈਗਜ਼ੀਨ ਵਿਚ ਖ਼ਬਰ ਦੇ ਰੂਪ ਵਿਚ ਲਗਾ ਦਿੱਤਾ (ਜਿਸ ਵਿਚ ਸਰੋਤ ਕੋਈ ਨਹੀਂ ਦੱਸਿਆ ਗਿਆ)। ਦੂਸਰਾ ਇਸ ਖ਼ਬਰ ਵਿਚ ਇਹ ਵੀ ਲਿਖਿਆ ਹੈ ਕਿ 'ਇਹ ਕਿਸਾਨੀ ਲਹਿਰ ਲਈ ਧੱਬਾ ਹੈ।' ਕੀ ਇਹ ਤੁਹਾਡੇ ਲਈ ਵਾਜਿਬ ਹੈ ਕਿ ਸਾਡੇ ਤੋਂ ਪੁੱਛ ਪੜਤਾਲ ਤੋਂ ਬਿਨਾਂ ਇਹ ਖ਼ਬਰ ਆਪਣੇ ਮੈਗਜ਼ੀਨ ਵਿਚ ਲਾਉਣੀ, ਸਿਰਫ਼ ਵਾਜਿਬੀਅਤ ਦਾ ਹੀ ਮਸਲਾ ਨਹੀਂ ਬਲਕਿ ਇਕ ਇਨਕਲਾਬੀ ਜਮਹੂਰੀ ਪੇਪਰ ਤੇ ਸੰਘਰਸ਼ਸ਼ੀਲ ਕਿਸਾਨ ਜਥੇਬੰਦੀ ਦੇ ਰਿਸ਼ਤੇ ਦਾ ਵੀ ਮਾਮਲਾ ਹੈ। ਸਮੁੱਚੀ ਕਿਸਾਨ ਲਹਿਰ ਲਈ ਵੀ ਬੇਹੱਦ ਸੰਵੇਦਨਸ਼ੀਲ ਅਤੇ ਆਪਣੇ ਭਰਾਤਰੀ ਰਿਸ਼ਤਿਆਂ ਨਾਲ ਸਬੰਧਤ ਮਸਲਾ ਹੈ।
ਭਰਵੇਂ ਅਤੇ ਤੁਰੰਤ ਹੁੰਗਾਰੇ ਦੀ ਆਸ ਨਾਲ
-ਜਗਮੋਹਨ ਸਿੰਘ, ਸੂਬਾ ਜਨਰਲ ਸਕੱਤਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ 94173-54165
ਅਦਾਰਾ ਸੁਰਖ਼ ਰੇਖਾ ਵੱਲੋਂ ਜੁਆਬ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਤਿਕਾਰਤ ਸਾਥੀਓ,
ਤੁਸੀਂ ਸੁਰਖ਼ ਰੇਖਾ ਦੇ ਮਾਰਚ-ਅਪ੍ਰੈਲ ਅੰਕ ਵਿੱਚ ''ਪਿੰਡ ਸ਼ੂਕਰ ਦੇ ਕਿਸਾਨ ਨੂੰ ਮੁਆਵਜਾ ਦਿਵਾਇਆ'' ਦੇ ਸਿਰਲੇਖ ਹੇਠ ਛਪੀ ਖਬਰ ਵੱਲ ਸਾਡਾ ਧਿਆਨ ਦੁਆਇਆ ਹੈ। ਇਸ ਖਬਰ ਵਿੱਚ ਤੁਹਾਡੀ ਯੂਨੀਅਨ 'ਤੇ ਬੀਜ ਵਿਕਰੇਤਾ ਤੋਂ ਪੈਸੇ ਲੈਣ ਅਤੇ ਚੈੱਕ ਕੈਸ਼ ਹੋਣ ਤੋਂ ਰੁਕਵਾਉਣ ਦੇ ਮਾਮਲੇ ਵਿੱਚ ਮਿਲੀਭੁਗਤ ਦਾ ਦੋਸ਼ ਲਗਾਇਆ ਗਿਆ ਹੈ।
ਅਸੀਂ ਸਾਨੂੰ ਖਬਰ ਭੇਜਣ ਵਾਲੇ ਸੋਮੇ ਅਤੇ ਹੋਰਨਾਂ ਪਾਸਿਆਂ ਤੋਂ ਇਸਦੀ ਪੜਤਾਲ ਕੀਤੀ ਹੈ। ਇਹ ਸੋਮੇ ਅਤੇ ਬੀ.ਕੇ.ਯੂ. (ਕ੍ਰਾਂਤੀਕਾਰੀ) ਦੇ ਸਾਥੀ ਸਮਝਦੇ ਹਨ। ਇਹ ਉਹਨਾਂ ਤੋਂ ਗੰਭੀਰ ਗਲਤੀ ਹੋਈ ਹੈ। ਉਹਨਾਂ ਦਾ ਬੀਜ ਵਿਕਰੇਤਾ ਦੀ ਗੱਲ 'ਤੇ ਯਕੀਨ ਕਰਨਾ ਗਲਤ ਸੀ। ਜਦੋਂ ਉਹ ਤਹਿ ਨਿਪਟਾਰੇ ਲਈ ਮੁੜ ਬੀਜ ਵਿਕਰੇਤਾ ਕੋਲ ਗਏ ਤਾਂ ਉਹਨਾਂ ਨੇ ਮੁੜ ਉਸ ਤੋਂ ਗੱਲ ਚਿਤਾਰੀ। ਬੀਜ ਵਿਕਰੇਤਾ ਆਪਣੀ ਕਹੀ ਪਹਿਲੀ ਗੱਲ ਤੋਂ ਪਿੱਛੇ ਹਟਿਆ, ਜਿਸ ਕਰਕੇ ਬੀ.ਕੇ.ਯੂ. (ਕ੍ਰਾਂਤੀਕਾਰੀ) ਦੇ ਸਾਥੀਆਂ ਨੂੰ ਪੜਤਾਲ ਦੀ ਲੋੜ ਨਹੀਂ ਲੱਗੀ। ਬੀ.ਕੇ.ਯੂ. (ਕ੍ਰਾਂਤੀਕਾਰੀ) ਦੇ ਸਾਥੀਆਂ ਦੇ ਦੋਸ਼ ਲਾਉਣ ਦਾ ਸੋਮਾ ਅਤੇ ਆਧਾਰ ਗਲਤ ਸੀ। ਪੜਤਾਲ 'ਚੋਂ ਸਾਬਤ ਹੁੰਦਾ ਹੈ ਕਿ ਤੁਹਾਡੀ ਯੂਨੀਅਨ ਦੇ ਆਗੂਆਂ 'ਤੇ ਲਾਏ ਗਏ ਦੋਸ਼ ਨਿਰ-ਆਧਾਰ ਹਨ, ਨਿਰਮੂਲ ਹਨ। ਇਸ ਲਈ, ਬਿਨਾ ਕਿਸੇ ਠੋਸ ਸਬੂਤ ਅਤੇ ਆਧਾਰ 'ਤੇ ਇੱਕ ਕਿਸਾਨ ਹਿੱਤਾਂ ਲਈ ਲੜਨ ਵਾਲੀ ਜਥੇਬੰਦੀ ਦੇ ਆਗੂਆਂ 'ਤੇ ਐਡਾ ਵੱਡਾ ਦੋਸ਼ ਥੱਪ ਦੇਣਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ।
ਸਾਨੂੰ ਬੇਹੱਦ ਅਫਸੋਸ ਹੈ ਕਿ ਅਸੀਂ ਅਜਿਹੀ ਖਬਰ ਨੂੰ ਬਿਨਾ ਪੜਤਾਲਿਆਂ ਛਾਪਣ ਦੀ ਕੁਤਾਹੀ ਕੀਤੀ ਹੈ, ਜਿਸ ਕਰਕੇ ਤੁਹਾਡੀ ਯੂਨੀਅਨ ਦੇ ਆਗੂ ਤੇ ਤੁਹਾਨੂੰ ਬੇਲੋੜੇ ਸੁਆਲਾਂ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕੁਤਾਹੀ ਲਈ ਮੁਆਫੀ ਚਾਹੁੰਦਿਆਂ, ਅਸੀਂ ਤੁਹਾਨੂੰ ਅਤੇ ਕਿਸਾਨ/ਲੋਕ ਹਿੱਤਾਂ ਲਈ ਲੜਨ ਵਾਲੇ ਸਭਨਾਂ ਹਲਕਿਆਂ ਨੂੰ ਯਕੀਨ ਦੁਆਉਂਦੇ ਹਾਂ ਕਿ ਅੱਗੇ ਤੋਂ ਕੋਈ ਵੀ ਰਿਪੋਰਟ ਸੰਪਾਦਕੀ ਛਾਣੇ 'ਚੋਂ ਲੰਘਾਏ ਬਗੈਰ ਨਹੀਂ ਛਾਪੀ ਜਾਵੇਗੀ।
ਹਾਂ-ਪੱਖੀ ਹੁੰਗਾਰੇ ਦੀ ਆਸ ਨਾਲ-
-ਅਦਾਰਾ ਸੁਰਖ਼ ਰੇਖਾ

No comments:

Post a Comment