Monday, 3 September 2018

ਸਵਾਮੀ ਅਗਨੀਵੇਸ਼ 'ਤੇ ਹਮਲਾ ਗਿਣੀ-ਮਿਥੀ ਸਾਜ਼ਿਸ਼ ਦਾ ਹਿੱਸਾ

ਸਵਾਮੀ ਅਗਨੀਵੇਸ਼ 'ਤੇ ਹਮਲਾ ਗਿਣੀ-ਮਿਥੀ ਸਾਜ਼ਿਸ਼ ਦਾ ਹਿੱਸਾ
-ਜਮਹੂਰੀ ਅਧਿਕਾਰ ਸਭਾ
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਅਤੇ ਪ੍ਰੈਸ ਸਕੱਤਰ ਬੂਟਾ ਸਿੰਘ ਵੱਲੋਂ ਬਿਆਨ ਜਾਰੀ ਕਰਕੇ ਝਾਰਖੰਡ ਵਿੱਚ ਭਾਜਪਾ ਦੇ ਵਿਦਿਆਰਥੀ ਵਿੰਗ ਦੇ ਗੁੰਡਿਆਂ ਵੱਲੋਂ ਸਵਾਮੀ ਅਗਨੀਵੇਸ਼ ਉੱਪਰ ਹਮਲਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਸਭਾ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਸ਼ਹਿ ਪ੍ਰਾਪਤ ਸੰਘੀ ਗਰੋਹ ਐਨੇ ਬੇਖੌਫ਼ ਹਨ ਕਿ ਜਦੋਂ ਦੇਸ਼ ਦੀ ਸਰਵ-ਉੱਚ ਅਦਾਲਤ ਹਜੂਮੀ ਹਮਲਿਆਂ ਬਾਰੇ ਸਖਤ ਕਾਨੂੰਨ ਬਣਾਏ ਜਾਣ ਦੀਆਂ ਸਿਫਾਰਸ਼ਾਂ ਕਰ ਰਹੀ ਸੀ, ਉਸ ਵਕਤ ਝਾਰਖੰਡ ਵਿੱਚ ਹਿੰਦੂਤਵੀ ਦਹਿਸ਼ਤੀ ਗੁੰਡਿਆਂ ਵੱਲੋਂ ਇਸ ਜਾਣੀ-ਪਛਾਣੀ ਸਖਸ਼ੀਅਤ ਦੀ ਵਹਿਸ਼ੀ ਕੁੱਟਮਾਰ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਹਜੂਮੀ ਹਮਲੇ ਸਖਤ ਕਾਨੂੰਨਾਂ ਦੀ ਘਾਟ ਕਾਰਨ ਨਹੀਂ, ਸਗੋਂ ਸੱਤਾਧਾਰੀ ਭਾਜਪਾ ਵੱਲੋਂ ਘੱਟ ਗਿਣਤੀਆਂ ਅਤੇ ਹੋਰ ਹਾਸ਼ੀਆਗ੍ਰਸਤ ਹਿੱਸਿਆਂ ਅਤੇ ਉਹਨਾਂ ਦੇ ਹੱਕ ਵਿੱਚ ਬੋਲਣ ਵਾਲੇ ਕਾਰਕੁੰਨਾਂ ਅਤੇ ਹੋਰ ਚਿੰਤਨਸ਼ੀਲ ਲੋਕਾਂ ਨੂੰ ਦਹਿਸ਼ਤਜ਼ਦਾ ਕਰਨ ਦੇ ਬਾਕਾਇਦਾ ਏਜੰਡੇ ਤਹਿਤ ਗਿਣ-ਮਿਥ ਕੇ ਕੀਤੇ ਜਾ ਰਹੇ ਹਨ। ਸੱਤਾਧਾਰੀ ਭਾਜਪਾ ਵੱਲੋਂ ਉਕਸਾਏ ਲਹੂ ਦੇ ਤਿਹਾਏ ਹਜੂਮ ਸੰਵਾਦ ਅਤੇ ਕਾਨੂੰਨ ਦੇ ਰਾਜ ਦੀ ਬਜਾਏ ਧੌਂਸਬਾਜ਼ੀ ਅਤੇ ਦਹਿਸ਼ਤਵਾਦੀ ਕਤਲੋਗਾਰਤ ਵਿੱਚ ਯਕੀਨ ਰੱਖਦੇ ਹਨ। ਇਹ ਹਜੂਮੀ ਹਤਿਆਰੇ ਬੇਖੌਫ ਹੋ ਕੇ ਹਮਲਿਆਂ ਦੇ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ ਉੱਪਰ ਪਾਉਂਦੇ ਹਨ। ਸੰਘ ਪਰਿਵਾਰ ਦੇ ਆਗੂਆਂ ਵੱਲੋਂ ਮੀਡੀਆ ਵਿੱਚ ਖੁੱਲ੍ਹੇਆਮ ਜ਼ਹਿਰੀਲੇ ਬਿਆਨ ਦੇ ਕੇ ਅਤੇ ਸੰਘਰਸ਼ ਦੀ ਟਰੋਲ ਆਰਮੀ ਵੱਲੋਂ ਸੋਸ਼ਲ ਮੀਡੀਆ ਵਿੱਚ ਥੋਕ  ਪੈਮਾਨੇ 'ਤੇ ਫੇਕ ਨਿਊਜ਼ ਅਤੇ ਅਫਵਾਹਾਂ ਰਾਹੀਂ ਘੱਟ ਗਿਣਤੀਆਂ ਅਤੇ ਆਪਣੇ ਤੋਂ ਵੱਖਰੇ ਵਿਚਾਰਾਂ ਵਾਲਿਆਂ ਵਿਰੁੱਧ ਧੂੰਆਂਧਾਰ ਜ਼ਹਿਰੀਲੀ ਮੁਹਿੰਮ ਚਲਾ ਕੇ ਮਾਹੌਲ ਭੜਕਾਉਣਾ ਅਤੇ ਪ੍ਰਧਾਨ ਮੰਤਰੀ ਵੱਲੋਂ ਇਸ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨਾ ਸੱਤਾਧਾਰੀ ਧਿਰ ਦੀ ਮੁਜਰਮਾਨਾ ਮਿਲੀਭੁਗਤ ਦਾ ਜ਼ਾਹਰਾ ਸਬੂਤ ਹੈ। ਇਹਨਾਂ ਹਮਲਿਆਂ ਵਿੱਚ ਮਾਰੇ ਜਾਣ ਵਾਲਿਆਂ ਦੀ 86 ਫੀਸਦੀ ਮੁਸਲਮਾਨ ਅਤੇ 8 ਫੀਸਦੀ ਦਲਿਤ ਹੋਣਾ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਇਹ ਹਮਲੇ ਗਿਣੀ-ਮਿਥੀ ਸਾਜਿਸ਼ ਤਹਿਤ ਹਨ, ਜਿਹਨਾਂ ਦਾ ਮਨੋਰਥ ਭਾਰਤ ਨੂੰ ਉੱਚ ਜਾਤੀ ਹਿੰਦੂ ਰਾਜ ਵਿੱਚ ਬਦਲਣ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਮੰਤਰੀ ਨਾ ਕੇਵਲ ਹਜੂਮੀ ਹਮਲਿਆਂ ਅਤੇ ਹੱਤਿਆਵਾਂ ਨੂੰ ਜਾਇਜ਼ ਠਹਿਰਾਅ ਰਹੇ ਹਨ, ਸਗੋਂ ਇਸਦਾ ਗੁਣਗਾਣ ਕਰਕੇ ਮੁਜਰਿਮਾਂ ਨੂੰ ਸਿੱਧੇ ਤੌਰ 'ਤੇ ਸ਼ਹਿ ਦੇ ਰਹੇ ਨਹ।
ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਦਿਨੀਂ ਭਾਜਪਾ ਦੇ ਮੰਤਰੀ ਜੈਯੰਤ ਸਿਨਹਾ ਵੱਲੋਂ ਅਦਾਲਤ ਵੱਲੋਂ ਅਲੀਮੂਦੀਨ ਅੰਸਾਰੀ ਦੀ ਹਜੂਮ ਦੁਆਰਾ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਮੁਜਰਿਮਾਂ ਦੇ ਗਲਾਂ ਵਿੱਚ ਹਾਰ ਪਾ ਕੇ ਉਹਨਾਂ ਨੂੰ ਨਾਇਕਾਂ ਵਜੋਂ ਵਡਿਆਇਆ ਗਿਆ। ਰਾਜਸਥਾਨ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਰਾਮਨੌਵੀਂ ਜਲੂਸ ਦੇ ਮੌਕੇ ਕੱਢੇ ਪੈਂਫਲਟ ਵਿੱਚ ਰਾਮ ਅਤੇ ਸੀਤਾ ਦੇ ਨਾਲ ਹਤਿਆਰੇ ਸ਼ੰਭੂ ਲਾਲ ਨੂੰ ਨਾਇਕ ਵਜੋਂ ਪੇਸ਼ ਕੀਤਾ ਗਿਆ, ਜਿਸ ਨੇ ਮਜ਼ਦੂਰ ਮੁਹੰਮਦ ਅਫਰਾਜੁਲ ਦੀ ਹੱਤਿਆ ਕਰਦਿਆਂ ਉਸ ਘਿਨਾਉਣੇ ਕਾਂਡ ਨੂੰ ਫਿਲਮਾ ਕੇ ਸੋਸ਼ਲ ਮੀਡੀਆ ਉੱਪਰ ਪਾਇਆ ਸੀ। ਇਸ ਤੋਂ ਪਹਿਲਾਂ ਭਾਜਪਾ ਦੇ ਸੈਰ-ਸਪਾਟਾ ਮੰਤਰੀ ਮਹੇਸ਼ ਸ਼ਰਮਾ ਮੁਹੰਮਦ ਅਖਲਾਕ ਦੀ ਹੱਤਿਆ ਦੇ ਦੋਸ਼ੀ ਰਵੀ ਸਿਸੋਦੀਆ ਦੇ ਅੰਤਮ ਸਸਕਾਰ ਵਿੱਚ ਸ਼ਾਮਲ ਹੋਇਆ ਅਤੇ ਉਸਦੀ ਅਗਵਾਈ ਹੇਠ ਲਾਸ਼ ਉੱਪਰ ਭਗਵੇਂ ਕੈਂਪ ਵੱਲੋਂ ਤਿਰੰਗਾ ਝੰਡਾ ਪਾ ਕੇ ਉਸ ਨੂੰ ਸ਼ਹੀਦ ਦਾ ਦਰਜ਼ਾ ਦਿੱਤਾ ਗਿਆ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਝਾਰਖੰਡ ਵਿੱਚ ਹੱਤਿਆਵਾਂ ਲਈ ਹਜੂਮੀ ਹਤਿਆਰਿਆਂ ਦੀ ਹਮਾਇਤ ਕਰਦਿਆਂ ਉਹਨਾਂ ਦੇ ਬਚਾਓ ਲਈ ਵਕੀਲਾਂ ਦਾ ਖਰਚਾ ਦੇਣ ਦੀ ਐਲਾਨੀਆ ਤੌਰ 'ਤੇ ਪੇਸ਼ਕਸ਼ ਕੀਤੀ।
ਸਭਾ ਦੇ ਆਗੂਆਂ ਜ਼ੋਰ ਦਿੱਤਾ ਕਿ ਇਸ ਗਿਣੀ-ਮਿਥੀ ਦਹਿਸ਼ਤਗਰਦੀ ਅਤੇ ਧੌਂਸਬਾਜ਼ੀ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਸਮੂਹ ਜਮਹੂਰੀ ਅਤੇ ਇਨਸਾਫਪਸੰਦ ਤਾਕਤਾਂ ਨੂੰ ਇਸ ਵਿਰੁੱਧ ਡਟ ਕੇ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਵਿਚਾਰਾਂ ਦੀ ਆਜ਼ਾਦੀ ਤੇ ਹੋਰ ਜਮਹੂਰੀ ਹੱਕਾਂ ਦੀ ਰਾਖੀ ਲਈ ਇੱਕਜੁੱਟ ਹੋ ਕੇ ਇਹਨਾਂ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

No comments:

Post a Comment