ਮੋਦੀ ਹਕੂਮਤ ਅਤੇ ਸੰਘ ਲਾਣੇ ਦੀਆਂ ਸਰਗਰਮੀਆਂ ਰਾਹੀਂ ਸਿਰ ਚੁੱਕ ਰਹੇ
ਹਿੰਦੂਤਵ ਦੇ ਫਿਰਕੂ ਫਾਸ਼ੀ ਰੁਝਾਨ ਨੂੰ ਪਛਾਣੋ
—ਨਵਜੋਤ
ਉੱਘੀ ਲੇਖਿਕਾ ਅਤੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭਾਣਜੀ ਨਾਇਣਤਾਰਾ ਸਹਿਗਲ ਵੱਲੋਂ ਆਪਣਾ ਸਾਹਿਤ ਅਕਾਦਮੀ ਇਨਾਮ ਵਾਪਸ ਕਰ ਦਿੱਤਾ ਗਿਆ ਹੈ। ਉਸ ਵੱਲੋਂ ਇਹ ਕਦਮ ''ਵੱਖਰੇ ਵਿਚਾਰ ਰੱਖਣ ਅਤੇ ਇਹਨਾਂ ਦਾ ਪ੍ਰਚਾਰ ਕਰਨ'' ਦੇ ਜਮਹੂਰੀ ਅਧਿਕਾਰਾਂ 'ਤੇ ਫਿਰਕੂ ਹਿੰਦੂ ਜਨੂੰਨੀ ਤਾਕਤਾਂ ਵੱਲੋਂ ਵਿੱਢੇ ਹਮਲੇ ਖਿਲਾਫ ਰੋਸ ਵਜੋਂ ਲਿਆ ਗਿਆ ਹੈ। ਉਸ ਵੱਲੋਂ ਤਰਕਸ਼ੀਲ ਅਤੇ ਵਿਗਿਆਨਕ ਵਿਚਾਰਾਂ ਦੇ ਧਾਰਨੀ ਲੇਖਕਾਂ ਐਮ.ਐਮ. ਕੁਲਬਰਗੀ, ਗੋਬਿੰਦ ਪਨਸਾਰੇ (ਹਿੰਦ ਕਮਿਊਨਿਸਟ ਪਾਰਟੀ ਦੇ ਆਗੂ) ਅਤੇ ਨਰਿੰਦਰ ਦਭੋਲਕਰ ਦੇ ਕਤਲਾਂ ਅਤੇ ਗਊ ਦਾ ਮਾਸ ਖਾਣ ਦੀ ਅਫਵਾਹ 'ਤੇ ਫਿਰਕੂ ਹਿੰਦੂ ਜਨੂੰਨੀਆਂ ਵੱਲੋਂ ਭੜਕਾਈ ਹਿੰਸਕ ਭੀੜ ਵੱਲੋਂ ਦਾਦਰੀ ਵਿਖੇ ਮੁਹੰਮਦ ਅਖਲਾਕ ਨੂੰ ਮਾਰ ਸੁੱਟਣ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ''ਇਹਨਾਂ ਸਾਰੇ ਮਾਮਲਿਆਂ ਵਿੱਚ ਇਨਸਾਫ ਪੈਰ ਘੜੀਸਦਾ ਹੈ। ਪ੍ਰਧਾਨ ਮੰਤਰੀ ਨੇ ਇਸ ਦਹਿਸ਼ਤ ਦੇ ਰਾਜ ਬਾਰੇ ਚੁੱਪ ਧਾਰੀ ਹੋਈ ਹੈ। ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਉਹ ਆਪਣੀ ਵਿਚਾਰਧਾਰਾ ਦੀਆਂ ਹਮਾਇਤੀ ਇਹਨਾਂ ਕਾਲੇ ਕਾਰਨਾਮੇ ਕਰਨ ਵਾਲੀਆਂ ਤਾਕਤਾਂ ਦਾ ਵਿਰੋਧ ਕਰਨ ਦਾ ਜੇਰਾ ਨਹੀਂ ਕਰ ਸਕਦਾ।'' (ਯਾਦ ਰਹੇ ਕਿ ਐੱਮ. ਐੱਮ. ਕਲਬੁਰਗੀ ਨੂੰ ਕਰਨਾਟਕ ਦੇ ਸ਼ਹਿਰ ਧਰਵਾੜ ਵਿਖੇ 30 ਅਗਸਤ 2015, ਗੋਬਿੰਦ ਪਨਸਾਰੇ ਨੂੰ ਮਹਾਂਰਾਸ਼ਟਰ ਦੇ ਸ਼ਹਿਰ ਕੋਹਲਾਪੁਰ ਵਿਖੇ ਫਰਵਰੀ 2015 ਅਤੇ ਨਰਿੰਦਰ ਦਭੋਲਕਰ ਨੂੰ ਪੂਨਾ ਵਿਖੇ 2013 ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।) ਸ੍ਰੀਮਤੀ ਸਹਿਗਲ ਦੇ ਰੋਸ ਵਿੱਚ ਸ਼ਾਮਲ ਹੁੰਦਿਆਂ, ਉੱਘੇ ਹਿੰਦੀ ਲੇਖਕ ਅਸ਼ੋਕ ਵਾਜਪਾਈ ਵੱਲੋਂ ਵੀ ਆਪਣਾ ਸਾਹਿਤ ਅਕਾਦਮੀ ਇਨਾਮ ਵਾਪਸ ਕਰ ਦਿੱਤਾ ਗਿਆ ਹੈ। ਇਹਨਾਂ ਦੋ ਪ੍ਰਸਿੱਧ ਜਾਗਦੀ ਜ਼ਮੀਰ ਵਾਲੇ ਲੇਖਕਾਂ ਦੇ ਜੁਰਅੱਤਮੰਦ ਕਦਮਾਂ ਨੇ ਮੁਲਕ ਭਰ ਦੇ ਵਿਗਿਆਨਕ, ਤਰਕਸ਼ੀਲ ਅਤੇ ਹਾਂਦਰੂ ਲੇਖਣੀ ਤੇ ਸਾਹਿਤ-ਸਭਿਆਚਾਰ ਨੂੰ ਪ੍ਰਣਾਏ ਹਲਕਿਆਂ ਅੰਦਰ ਹਲੂਣਵੀਆਂ ਤਰੰਗਾਂ ਛੇੜੀਆਂ ਹਨ। ਕਈ ਲੇਖਕਾਂ, ਸਾਹਿਤਕਾਰਾਂ ਅਤੇ ਕਲਾਕਾਰਾਂ ਵੱਲੋਂ ਕੇਂਦਰੀ ਤੇ ਸੁਬਾਈ ਸਾਹਿਤ ਅਕਾਦਮੀ ਇਨਾਮਾਂ ਨੂੰ ਵਾਪਸ ਕਰਨ ਅਤੇ ਕਈਆਂ ਵੱਲੋਂ ਇਹਨਾਂ ਦੀ ਹਮਾਇਤ ਵਿੱਚ ਆਵਾਜ਼ ਬੁਲੰਦ ਕਰਨ ਦੀਆਂ ਖਬਰਾਂ ਅਖਬਾਰਾਂ ਵਿੱਚ ਛਪ ਰਹੀਆਂ ਹਨ। ਰੋਸ ਵਜੋਂ ਆਪਣੇ ਸਾਹਿਤ ਅਕਾਦਮੀ ਇਨਾਮ ਵਾਪਸ ਕਰਨ ਵਾਲੇ ਲੇਖਕਾਂ ਵਿੱਚ ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸੰਧੂ, ਕਵੀ ਸੁਰਜੀਤ ਪਾਤਰ, ਨਾਵਲਿਸਟ ਬਲਦੇਵ ਸਿੰਘ ਸੜਕਨਾਮਾ, ਉੱਘੇ ਰੰਗ-ਕਰਮੀ ਅਜਮੇਰ ਸਿੰਘ ਔਲਖ ਅਤੇ ਪ੍ਰੋ. ਆਤਮਜੀਤ ਹੋਰੀਂ ਵੀ ਸ਼ਾਮਲ ਹਨ।
ਜਿਉਂਦੀ-ਜਾਗਦੀ ਜ਼ਮੀਰ ਦੇ ਮਾਲਕ ਇਹਨਾਂ ਨਾਮੀ ਬੁੱਧੀਜੀਵੀਆਂ, ਲੇਖਕਾਂ ਅਤੇ ਸਾਹਿਤਕਾਰਾਂ ਵੱਲੋਂ ਬੁਲੰਦ ਕੀਤੀ ਜਾ ਰਹੀ ਇਹ ਰੋਸ ਆਵਾਜ਼ ਸਿਰਫ ਫਿਰਕੂ ਹਿੰਦੂ ਫਾਸ਼ੀ ਤਾਕਤਾਂ ਅਤੇ ਇਹਨਾਂ ਤਾਕਤਾਂ ਨਾਲ ਘਿਓ-ਖਿਚੜੀ ਭਾਜਪਾ ਦੀ ਮੋਦੀ ਸਰਕਾਰ ਖਿਲਾਫ ਹੀ ਨਹੀਂ ਹੈ, ਇਹ ਕੇਂਦਰੀ ਸਾਹਿਤ ਅਕਾਦਮੀ ਅਤੇ ਸੂਬਾਈ ਸਾਹਿਤ ਅਕਾਦਮੀਆਂ ਖਿਲਾਫ ਵੀ ਹੈ, ਜਿਹਨਾਂ ਵੱਲੋਂ ਹਿੰਦੂ ਫਾਸ਼ੀ ਤਾਕਤਾਂ ਵੱਲੋਂ ਵੱਖਰੇ ਵਿਚਾਰ ਰੱਖਣ ਤੇ ਪ੍ਰਗਟ ਕਰਨ, ਖਾਣ-ਪੀਣ ਅਤੇ ਪਹਿਨਣ-ਪਚਰਨ ਦੇ ਜਮਹੂਰੀ ਹੱਕਾਂ 'ਤੇ ਬੋਲੇ ਹਮਲੇ ਬਾਰੇ ਕਾਇਰਤਾ ਭਰੀ ਜਾਂ ਸਾਜਸ਼ੀ ਚੁੱਪ ਧਾਰੀ ਹੋਈ ਹੈ। ਇਹਨਾਂ ਸਖਸ਼ੀਅਤਾਂ ਦਾ ਇਹ ਜੁਰਅੱਤਮੰਦ ਰੋਸ ਮੁਲਕ ਭਰ ਦੇ ਧਰਮ-ਨਿਰਪੱਖ, ਇਨਸਾਫਪਸੰਦ, ਲੋਕ-ਹਿਤੈਸ਼ੀ ਅਤੇ ਵਿਗਿਆਨਕ ਸੋਚ ਦੇ ਧਾਰਨੀ ਲੇਖਕਾਂ, ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਇਹ ਹਲੂਣਵਾਂ ਪੈਗ਼ਾਮ ਹੈ ਕਿ ਸਰਕਾਰੀ ਇਨਾਮਾ-ਕਿਨਾਮਾਂ ਤੋਂ ਬੇਪ੍ਰਵਾਹ ਸੋਚ (ਲਾਲਚ ਮੁਕਤ ਸੋਚ) ਅਤੇ ਲੋਕ-ਦੋਖੀ ਤਾਕਤਾਂ ਦੀ ਦਹਿਸ਼ਤ ਸਨਮੁੱਖ ਨਿੱਡਰ ਸੋਚ (ਡਰ ਮੁਕਤ ਸੋਚ) ਤੋਂ ਬਗੈਰ ਨਾ ਹੀ ਆਪਣੀ ਜ਼ਮੀਰ ਨੂੰ ਸਾਬਤ-ਸਬੂਤਾ ਰੱਖਿਆ ਜਾ ਸਕਦਾ ਹੈ ਅਤੇ ਨਾ ਹੀ ਆਪਣੀ ਸੰਵੇਦਨਸ਼ੀਲਤਾ ਨੂੰ ਧੜਕਦਾ ਰੱਖਿਆ ਜਾ ਸਕਦਾ ਹੈ। ਹਾਕਮਾਂ ਦੇ ਇਨਾਮਾਂ-ਕਿਨਾਮਾਂ ਅਤੇ ਰੁਤਬਿਆਂ ਦੇ ਲਾਲਚਾਂ ਮੂਹਰੇ ਵਿਛ ਕੇ ਰਹਿਣ ਵਾਲੀ ਅਤੇ ਲੋਕ-ਦੋਖੀ ਤਾਕਤਾਂ ਦੀ ਦਹਿਸ਼ਤ ਮੂਹਰੇ ਲਿਫ਼ ਕੇ ਰਹਿਣ ਵਾਲੀ ਸੋਚ ਦੇ ਮਾਲਕ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਜ਼ਮੀਰ ਦਾ ਕਾਣੀ ਹੋਣਾ ਅਤੇ ਸੰਵੇਦਨਸ਼ੀਲਤਾ ਦਾ ਠਰ ਜਾਣਾ ਲਾਜ਼ਮੀ ਹੈ।
ਇਸ ਤੋਂ ਇਲਾਵਾ ਇਹਨਾਂ ਸਖਸ਼ੀਅਤਾਂ ਵੱਲੋਂ ਆਰ.ਐਸ.ਐਸ. ਅਤੇ ਕਾਰਪੋਰੇਟ ਗੱਠਜੋੜ ਦੇ ਜ਼ੋਰ ਤਾਕਤ ਵਿੱਚ ਆਈ ਮੋਦੀ ਸਰਕਾਰ ਬਣਨ ਵੇਲੇ ਕਮਿਊਨਿਸਟ ਇਨਕਲਾਬੀ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਵੱਲੋਂ ਪ੍ਰਗਟ ਕੀਤੇ ਤੌਖਲਿਆਂ 'ਤੇ ਵੀ ਮੋਹਰ ਲਾਈ ਗਈ ਹੈ ਕਿ ਇਸ ਹਕੂਮਤ ਦੇ ਬਣਨ ਨਾਲ ਇੱਕ ਹੱਥ ਮੁਲਕ ਦੇ ਕਮਾਊ ਲੋਕਾਂ ਦੀ ਰੋਟੀ-ਰੋਜ਼ੀ ਅਤੇ ਕਮਾਈ ਦੇ ਵਸੀਲਿਆਂ 'ਤੇ ਕਾਰਪੋਰੇਟ ਆਰਥਿਕ ਹੱਲੇ ਅਤੇ ਇਸਦੇ ਨਾਲ ਜੁੜਵੇਂ ਜਬਰੋ-ਜ਼ੁਲਮ ਦੇ ਹੱਲੇ ਨੇ ਹੋਰ ਉਚਾਈਆਂ ਛੂਹਣੀਆਂ ਹਨ, ਉੱਥੇ ਹਿੰਦੂ ਫਿਰਕੂਫਾਸ਼ੀ ਤਾਕਤਾਂ ਦੀ ਵੀ ਚੜ੍ਹ ਮੱਚਣੀ ਹੈ। ਭਾਜਪਾ ਦੀ ਮੋਦੀ ਹਕੂਮਤ ਬਣਨ ਤੋਂ ਬਾਅਦ ਹਿੰਦੂ ਫਿਰਕੂ ਫਾਸ਼ੀ ਤਾਕਤਾਂ ਦਾ ਲੋਕਾਂ ਖਿਲਾਫ ਸੇਧਤ ਹਮਲਾ ਇੱਕ ਬਾਕਾਇਦਾ ਬੱਝਵੇਂ, ਬਹੁ-ਪਸਾਰੀ, ਭਰਵੇਂ ਅਤੇ ਇੱਕਜੁੱਟ ਐਲਾਨੀਆ ਰੁਝਾਨ ਦੀ ਸ਼ਕਲ ਅਖਤਿਆਰ ਕਰ ਗਿਆ ਹੈ। ਅੱਜ ਨਾ ਸਿਰਫ ਆਰ.ਐਸ.ਐਸ. ਅਤੇ ਉਸਦੀ ਛਤਰੀ ਹੇਠਲੀਆਂ ਵੱਖ ਵੱਖ ਫਿਰਕੂ ਜਥੇਬੰਦੀਆਂ (ਹਿੰਦੂ ਸ਼ਿਵ ਸੈਨਾ, ਬਜਰੰਗ ਦਲ ਆਦਿ) ਆਪਣੇ ਫਿਰਕੂ ਏਜੰਡਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹੋਣ ਦਾ ਸ਼ਰੇਆਮ ਐਲਾਨ ਕਰ ਰਹੀਆਂ ਹਨ, ਸਗੋਂ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਮੰਡਲ ਨਾਲ ਐਲਾਨੀਆ ਮੀਟਿੰਗਾਂ ਕਰਕੇ ਉਹਨਾਂ ਨੂੰ ਇਹ ਏਜੰਡੇ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਕੇਂਦਰ ਸਰਕਾਰ ਲਈ ਨੀਤੀ ਨਿਰਦੇਸ਼ਤ ਬਿਆਨ ਦਾਗੇ ਜਾ ਰਹੇ ਹਨ। ਭਾਜਪਾ ਦੇ ਸੂਬਾਈ ਮੰਤਰੀਆਂ, ਕੇਂਦਰੀ ਮੰਤਰੀਆਂ ਅਤੇ ਪਾਰਲੀਮਾਨੀ ਮੈਂਬਰਾਂ ਵੱਲੋਂ ਫਿਰਕੂ ਫਾਸ਼ੀ ਏਜੰਡਿਆਂ ਨੂੰ ਲਾਗੂ ਕਰਨ ਦੇ ਲਗਾਤਾਰ ਬਿਆਨ ਦਾਗੇ ਜਾ ਰਹੇ ਹਨ।
ਇਸ ਰੁਝਾਨ ਦੀ ਫਿਰਕੂ ਫਾਸ਼ੀ ਵਿਚਾਰਧਾਰਾ
ਆਰ.ਐਸ.ਐਸ. ਅਤੇ ਇਸਦੀ ਛਤਰੀ ਹੇਠਲੀਆਂ ਫਿਰਕੂ ਹਿੰਦੂ ਜਥੇਬੰਦੀਆਂ ਯਾਨੀ ਸੰਘ ਪਰਿਵਾਰ ਦੀ ਵਿਚਾਰਧਾਰਾ ਹਿੰਦੂਤਵ ਦੇ ਸੰਕਲਪ 'ਤੇ ਟਿਕੀ ਹੋਈ ਹੈ। ਉਹਨਾਂ ਵੱਲੋਂ ਹਿੰਦੂਤਵ ਨੂੰ ਇੱਕ ਸਭਿਆਚਾਰਕ ਪਛਾਣ ਵਜੋਂ ਪੇਸ਼ ਕਰਦਿਆਂ, ਬੜੀ ਚਲਾਕੀ ਨਾਲ ਇਸ ਫਿਰਕੂ ਸੰਕਲਪ ਨੂੰ ਧਰਮ-ਨਿਰਪੱਖ ਸੰਕਲਪ ਵਜੋਂ ਪੇਸ਼ ਕਰਨ ਦਾ ਦੰਭ ਕੀਤਾ ਜਾਂਦਾ ਹੈ। ਸੰਘ ਪਰਿਵਾਰ ਮੁਤਾਬਕ ਮੁਸਲਿਮ ਅਤੇ ਮੁਗਲ ਰਾਜਿਆਂ ਦੇ ਭਾਰਤ ਵਿੱਚ ਆਗਮਨ ਤੋਂ ਪਹਿਲਾਂ ਸਮੁੱਚਾ ਭਾਰਤ ਇੱਕ ਇੱਕ-ਧਰਮੀ ਹਿੰਦੂ ਮੁਲਕ ਸੀ। ਰਾਮ ਚੰਦਰ ਦਾ ਰਾਜ ਇੱਕ ਆਦਰਸ਼ ਹਿੰਦੂ ਰਾਜ ਸੀ। ਬਾਅਦ ਵਿੱਚ ਚੰਦਰ ਗੁਪਤ ਮੋਰੀਆ ਅਤੇ ਅਸ਼ੋਕ ਦੇ ਅਧੀਨ ਭਾਰਤਵਰਸ਼ ਇੱਕਜੁੱਟ ਹਿੰਦੂ ਮੁਲਕ ਤੇ ਹਿੰਦੂ ਰਾਸ਼ਟਰ (ਕੌਮ) ਸੀ। ਰਾਮ ਚੰਦਰ ਹਿੰਦੂ ਰਾਸ਼ਟਰ ਦਾ ਪ੍ਰਤੀਕ ਅਤੇ ਮਾਣ ਹੈ। ਉਹਨਾਂ ਪ੍ਰਾਚੀਨ ਸਮਿਆਂ ਵਿੱਚ ਸਮੁੱਚਾ ਮੁਲਕ ਨਾ ਸਿਰਫ ਹਿੰਦੂ ਧਰਮੀ ਸੀ, ਸਗੋਂ ਹਿੰਦੂ ਰਹੁ-ਰੀਤਾਂ, ਰਹਿਣ-ਸਹਿਣ, ਖਾਣ-ਪੀਣ ਯਾਨੀ ਸਮੁੱਚੇ ਹਿੰਦੂ ਸਮਾਜਿਕ-ਸਭਿਆਚਾਰਕ ਤਰਜ਼ੇ-ਜ਼ਿੰਦਗੀ ਦੀ ਇੱਕਜੁੱਟ ਅਤੇ ਇੱਕ ਰੰਗ ਪਛਾਣ ਰੱਖਦਾ ਸੀ। ਮੁਗਲਾਂ ਦੇ ਆਉਣ ਤੋਂ ਬਾਅਦ ਭਾਰਤ ਮੁਗਲਾਂ ਦਾ ਗੁਲਾਮ ਹੋ ਗਿਆ ਅਤੇ ਉਹਨਾਂ ਵੱਲੋਂ ਧੱਕੇ ਨਾਲ ਹਿੰਦੂ ਲੋਕਾਂ ਦੀ ਧਰਮ ਬਦਲੀ ਕਰਕੇ, ਹਿੰਦੂ ਰਾਸ਼ਟਰ ਵਿੱਚ ਧਰਮ-ਭ੍ਰਸ਼ਟੀ ਦਾ ਖੋਟ ਰਲਾਇਆ ਗਿਆ। ਫਿਰ ਅੰਗਰੇਜ਼ਾਂ ਦੇ ਰਾਜ ਅਧੀਨ ਇਸਾਈ ਮਿਸ਼ਨਰੀਆਂ ਰਾਹੀਂ ਹੋਰ ਹਿੰਦੂ ਹਿੱਸਿਆਂ ਦਾ ਜਬਰਨ ਧਰਮ ਪਰੀਵਰਤਨ ਕਰਕੇ ਇਸਾਈ ਬਣਾਇਆ ਗਿਆ। ਇਸ ਲਈ, ਅੱਜ ਸੰਘ ਪਰਿਵਾਰ ਦਾ ਏਜੰਡਾ ਪਹਿਲਪ੍ਰਿਥਮੇ ਸਭਨਾਂ ਧਰਮ-ਭ੍ਰਿਸ਼ਟ ਹੋਏ ਹਿੱਸਿਆਂ ਨੂੰ ''ਘਰ ਵਾਪਸ ਲਿਆਉਣਾ'' ਅਰਥਾਤ ਹਿੰਦੂ ਧਰਮ ਧਾਰਨ ਕਰਵਾਉਣਾ ਹੈ ਅਤੇ ਸਾਰੇ ਮੁਲਕ ਨੂੰ ਖਾਲਸ ਹਿੰਦੂ ਧਰਮੀ ਮੁਲਕ ਵਿੱਚ ਬਦਲਦਿਆਂ, ਇਸ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੈ। ਉਹਨਾਂ ਮੁਤਾਬਿਕ ਇਸ ਮੁਲਕ ਅੰਦਰ ਇੱਕ ਧਰਮ (ਹਿੰਦੂ) ਇੱਕ ਬੋਲੀ (ਹਿੰਦੀ ਤੇ ਸੰਸਕ੍ਰਿਤ) ਅਤੇ ਇੱਕ ਕੌਮ (ਹਿੰਦੂ ਕੌਮ) ਹੋਣ ਨਾਲ ਇਹ ਅਸਲੀ ਹਿੰਦੁਸਤਾਨ ਬਣ ਜਾਵੇਗਾ। ਇਹ ਨੋਟ ਕਰਨਯੋਗ ਹੈ ਕਿ ਸੰਘ ਪਰਿਵਾਰ ਭਾਰਤ ਦੀ ਗੁਲਾਮੀ ਦੇ ਇਤਿਹਾਸ ਦਾ ਅਰਸਾ ਬਰਤਾਨਵੀ ਬਸਤੀਵਾਦ ਦੀ ਗੁਲਾਮੀ ਤੱਕ ਸੀਮਤ ਨਹੀਂ ਰੱਖਦਾ, ਸਗੋਂ ਭਾਰਤ ਦੇ ਗੁਲਾਮੀ ਦੇ ਇਤਿਹਾਸ ਦੀ ਸ਼ੁਰੂਆਤ ਮੁਗਲਾਂ ਦੇ ਭਾਰਤ ਅੰਦਰ ਆਗਮਨ ਤੋਂ ਮੰਨਦਾ ਹੈ ਅਤੇ ਉਦੋਂ ਤੋਂ ਲੈ ਕੇ ਭਾਰਤ ਦੇ ਇੱਕ ਹਜ਼ਾਰ ਸਾਲ ਦੇ ਇਤਿਹਾਸ ਨੂੰ ਗੁਲਾਮੀ ਦਾ ਇਤਿਹਾਸ ਗਰਦਾਨਦਾ ਹੈ।
ਇਉਂ ਇਹ ਸਿਰੇ ਦੇ ਫਿਰਕੂ ਤੁਅੱਸਬਾਂ ਅਤੇ ਜਨੂੰਨ ਦੀ ਪਾਹ ਚੜ੍ਹੀ ਹੋਈ ਇੱਕ ਫਾਸ਼ੀ ਵਿਚਾਰਧਾਰਾ ਹੈ, ਜਿਹੜੀ ਸਭਨਾਂ ਧਾਰਮਿਕ ਘੱਟ ਗਿਣਤੀਆਂ ਅਤੇ ਕਬੀਲਿਆਂ ਖਿਲਾਫ਼ ਸੇਧਤ ਹੈ। ਮੁਸਲਿਮ ਘੱਟ ਗਿਣਤੀ ਭਾਈਚਾਰਾ ਇਸਦਾ ਵਿਸ਼ੇਸ਼ ਨਿਸ਼ਾਨਾ ਹੈ। ਇਹ ਭਾਰਤ ਨੂੰ ਇੱਕ ਬਹੁ-ਕੌਮੀ (ਬਹੁ-ਰਾਸ਼ਟਰੀ) ਮੁਲਕ ਪ੍ਰਵਾਨ ਕਰਨ ਤੋਂ ਇਨਕਾਰੀ ਹੈ। ਇਸ ਲਈ, ਇਹ ਮੁਲਕ ਦੀਆਂ ਸਭਨਾਂ ਕੌਮੀਅਤਾਂ, ਉਹਨਾਂ ਦੀ ਬੋਲੀ ਅਤੇ ਸਮਾਜਿਕ-ਸਭਿਆਚਾਰਕ ਪਛਾਣ ਖਿਲਾਫ ਸੇਧੀ ਹੋਈ ਹੈ। ਇਹ ਸਾਰੀਆਂ ਕੌਮਾਂ ਨੂੰ ''ਹਿੰਦੂਤਵ'' ਦੇ ਨੱਕੇ ਰਾਹੀਂ ਲੰਘਾਉਣ ਦਾ ਭਰਮ ਪਾਲਦੀ ਹੈ। ਇਹ ਮੁਲਕ ਦੇ ਲੋਕਾਂ ਵੱਲੋਂ ਵੱਖਰੇ ਵਿਚਾਰ ਰੱਖਣ ਅਤੇ ਪ੍ਰਚਾਰਨ, ਆਪਣੀ ਮਨਪਸੰਦ ਮੁਤਾਬਕ ਖਾਣ-ਪੀਣ ਅਤੇ ਪਹਿਨਣ-ਪਚਰਨ ਅਤੇ ਸਮਾਜਿਕ ਰਹੁ-ਰੀਤਾਂ ਨੂੰ ਮੰਨਣ ਦੀ ਜਮਹੂਰੀ ਆਜ਼ਾਦੀ ਖਿਲਾਫ ਸੇਧਤ ਹੈ। ਇਹ ਵਿਗਿਆਨਕ ਅਤੇ ਤਰਕਸ਼ੀਲ ਸੋਚ ਖਿਲਾਫ ਸੇਧਤ ਹੈ। ਇਸਦੇ ਉੱਲਟ, ਇਹ ਇਹ ਮਨੂੰਵਾਦੀ ਤੇ ਬ੍ਰਾਹਮਣਵਾਦੀ ਪਿਛਾਖੜੀ, ਮੱਧਯੁੱਗੀ-ਜਾਗੀਰੂ ਰੂੜ੍ਹੀਵਾਦੀ ਸੋਚ ਦੀ ਆਲੰਬਰਦਾਰ ਹੈ, ਜਿਹੜੀ ਬੇਸਿਰ ਪੈਰ ਮਿਥਿਹਾਸਕ ਕਹਾਣੀਆਂ ਅਤੇ ਅੰਧ-ਵਿਸ਼ਵਾਸ਼ਾਂ ਦਾ ਆਸਰਾ ਲੈਂਦੀ ਹੈ। ਇਹ ਮਿਹਨਤਕਸ਼ ਜਨਤਾ ਦੀ ਜਮਾਤੀ/ਤਬਕਾਤੀ ਏਕਤਾ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੇ ਜੜ੍ਹੀਂ ਤੇਲ ਦੇਣ ਵੱਲ ਸੇਧਤ ਹੈ। ਇਸਦਾ ਮੰਤਵ ਮਿਹਨਤਕਸ਼ ਜਨਤਾ ਨੂੰ ਫਿਰਕੂ ਲੀਹਾਂ 'ਤੇ ਪਾੜਨਾ-ਵੰਡਣਾ ਹੈ ਅਤੇ ਉਹਨਾਂ ਨੂੰ ਭਰਾਮਾਰ ਫਿਰਕੂ ਦੰਗੇ-ਫਸਾਦਾਂ ਵਿੱਚ ਧੂਹਣਾ ਹੈ।
ਇਸ ਸੋਚ ਮੁਤਾਬਿਕ ਅੱਜ ਸਾਮਰਾਜ, ਦਲਾਲ ਵੱਡੀ ਸਰਮਾਏਦਾਰੀ ਅਤੇ ਜਾਗੀਰਦਾਰੀ ਅਤੇ ਇਹਨਾਂ ਦਾ ਪਹਿਰੇਦਾਰ ਮੁਲਕ ਦਾ ਆਪਾਸ਼ਾਹ ਰਾਜ-ਭਾਗ ਮੁਲਕ ਦੀਆਂ ਸਭਨਾਂ ਕੌਮੀਅਤਾਂ, ਘੱਟਗਿਣਤੀ ਭਾਈਚਾਰਿਆਂ ਅਤੇ ਵਿਸ਼ਾਲ ਲੋਕਾਈ ਦੇ ਦੁਸ਼ਮਣ ਨਹੀਂ ਹਨ। ਇਸ ਕਰਕੇ ਮੁਲਕ ਦੀ ਵਿਸ਼ਾਲ ਲੋਕਾਈ ਦੀ ਖੁਸ਼ਹਾਲੀ, ਖਰੇ ਜਮਹੂਰੀ ਅਤੇ ਆਜ਼ਾਦ ਸਮਾਜਿਕ ਪ੍ਰਬੰਧ ਦੀ ਉਸਾਰੀ ਲਈ ਇਹਨਾਂ ਦੁਸ਼ਮਣਾਂ ਤੋਂ ਮੁਕਤੀ ਦਾ ਕਾਰਜ ਇਸ ਸੰਘ-ਲਾਣੇ ਦਾ ਕਾਰਜ ਅਤੇ ਏਜੰਡਾ ਨਹੀਂ ਹੈ। ਸਗੋਂ ਇਹਨਾਂ ਦਾ ਏਜੰਡਾ ਸਾਮਰਾਜੀ ਸਰਪ੍ਰਸਤੀ ਹੇਠ ਮੁਲਕ ਦੇ ਸਾਮਰਾਜ-ਭਗਤ ਹਾਕਮ ਲਾਣੇ ਦੀ ਮਿਲੀਭੁਗਤ ਨਾਲ ਮੁਲਕ ਦੀਆਂ ਧਾਰਮਿਕ ਘੱਟ ਗਿਣਤੀਆਂ, ਕਬੀਲਾਈ ਭਾਈਚਾਰੇ, ਦਲਿਤ ਭਾਈਚਾਰੇ ਅਤੇ ਵੱਖ ਵੱਖ ਕੌਮੀਅਤਾਂ ਨੂੰ ਜਬਰੀ ਹਿੰਦੂ ਬਣਾਉਂਦਿਆਂ ਅਤੇ ਉਹਨਾਂ ਨੂੰ ਮਨੂੰਵਾਦੀ-ਬ੍ਰਾਹਮਣਵਾਦੀ ਤਰਜ਼ੇ-ਜ਼ਿੰਦਗੀ ਕਬੂਲ ਕਰਵਾਉਂਦਿਆਂ, ਅਖੌਤੀ ਹਿੰਦੂ ਰਾਸ਼ਟਰ ਦੀ ਕਲਪਿਤ ਪੁਰਾਣੀ ਆਣ-ਸ਼ਾਨ ਅਤੇ ਪਛਾਣ ਨੂੰ ਮੁੜ-ਬਹਾਲ ਕਰਨਾ ਹੈ। ਇਸ ਲਈ, ਸਾਰੀਆਂ ਧਾਰਮਿਕ ਘੱਟ-ਗਿਣਤੀਆਂ, ਕਬੀਲਾਈ ਭਾਈਚਾਰਿਆਂ ਅਤੇ ਕੌਮੀਅਤਾਂ ਸੰਘ ਲਾਣੇ ਦੇ ਫਿਰਕੂਜਨੂੰਨੀ ਜਹਾਦ ਦਾ ਨਿਸ਼ਾਨਾ ਬਣਦੇ ਹਨ। ਸਾਮਰਾਜ ਅਤੇ ਉਸਦੇ ਭਾਰਤੀ ਦਲਾਲ ਹਾਕਮ ਹਿੱਸਿਆਂ ਨਾਲ ਸੰਘ ਪਰਿਵਾਰ ਦੇ ਇਸ ਫਿਰਕੂ ਲਾਣੇ ਦਾ ਕੋਈ ਟਕਰਾਅ ਨਹੀਂ ਹੈ। ਅੰਨ੍ਹੀਂ ਫਿਰਕੂ ਨਫਰਤ ਤੇ ਜਨੂੰਨ ਦੀ ਡੰਗੀ ਹੋਈ ਹੋਣ ਕਰਕੇ ਇਹ ਸੋਚ ਨਿਹੱਥੇ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਪ੍ਰਤੀ ਇਨਸਾਨੀ ਸੰਵੇਦਨਸ਼ੀਲਤਾ ਅਤੇ ਨਰਮਦਿਲੀ ਤੋਂ ਸੱਖਣੀ ਹੈ ਅਤੇ ਉਹਨਾਂ ਪ੍ਰਤੀ ਸਿਰੇ ਦਾ ਕਰੂਰ, ਵਹਿਸ਼ੀ ਤੇ ਹਿੰਸਕ ਵਿਹਾਰ ਧਾਰਨ ਕਰਦੀ ਹੈ।
ਫਿਰਕੂ ਫਾਸ਼ੀ ਹਿੰਸਾ ਇਸਦਾ ਹਥਿਆਰ ਹੈ
ਸਮਾਜ ਅੰਦਰ ਹਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਆਪਣੇ ਵਿਚਾਰ ਰੱਖਣ ਅਤੇ ਇਹਨਾਂ ਦੀ ਜਮਹੂਰੀ ਢੰਗ ਨਾਲ ਪੈਰਵਾਈ ਕਰਨ ਦਾ ਜਮਹੂਰੀ ਅਧਿਕਾਰ ਹੈ। ਇਹ ਇੱਕ ਮੰਨੀ-ਪ੍ਰਮੰਨੀ ਸਚਾਈ ਹੈ ਕਿ ਜਿਹੋ ਜਿਹੇ ਕਿਸੇ ਦੇ ਵਿਚਾਰ ਹੋਣਗੇ, ਉਸ ਵੱਲੋਂ ਇਹਨਾਂ ਦੀ ਪੈਰਵਾਈ ਕਰਨ ਲਈ ਵੀ ਉਹੋ ਜਿਹੇ ਢੰਗ-ਤਰੀਕੇ ਅਪਣਾਏ ਜਾਣਗੇ। ਲੋਕ-ਹਿਤੈਸ਼ੀ ਅਤੇ ਇਨਕਲਾਬੀ ਵਿਚਾਰਾਂ ਦੀ ਪੈਰਵਾਈ ਲਈ ਜਨਤਾ ਨੂੰ ਸਮਝਾਉਣ-ਜਚਾਉਣ ਰਾਹੀਂ ਇਹਨਾਂ ਵਿਚਾਰਾਂ ਨਾਲ ਸਹਿਮਤ ਕਰਵਾਉਣ ਦੇ ਜਮਹੂਰੀ ਢੰਗ-ਤਰੀਕੇ ਅਮਲ ਵਿੱਚ ਲਿਆਂਦੇ ਜਾਂਦੇ ਹਨ। ਕਿਉਂਕਿ, ਇਹ ਵਿਚਾਰ ਲੋਕਾਂ ਦੇ ਭਲੇ ਵਿੱਚ ਹੁੰਦੇ ਹਨ, ਇਸ ਲਈ ਲੋਕ ਇਹਨਾਂ ਵਿਚਾਰਾਂ ਨੂੰ ਦੇਰ-ਸਵੇਰ ਹੁੰਗਾਰਾ ਦਿੰਦੇ ਹਨ ਅਤੇ ਇਹਨਾਂ ਨਾਲ ਸਹਿਮਤ ਹੋ ਜਾਂਦੇ ਹਨ। ਲੋਕ-ਦੋਖੀ ਅਤੇ ਪਿਛਾਖੜੀ ਵਿਚਾਰਾਂ ਦੀ ਪੈਰਵਾਈ ਲਈ ਗੈਰ-ਜਮਹੂਰੀ, ਧੱਕੜ ਅਤੇ ਜਾਬਰ ਢੰਗ-ਤਰੀਕੇ ਅਪਣਾਏ ਜਾਂਦੇ ਹਨ। ਕਿਉਂਕਿ ਇਹ ਵਿਚਾਰ ਲੋਕਾਂ ਦੇ ਭਲੇ ਵਿੱਚ ਨਾ ਹੋ ਕੇ, ਉਹਨਾਂ ਦੇ ਹਿੱਤਾਂ ਦੇ ਵਿਰੁੱਧ ਭੁਗਤਦੇ ਹਨ ਅਤੇ ਉਹਨਾਂ ਦੀਆਂ ਦੁਸ਼ਮਣ ਹਾਕਮ ਜਮਾਤਾਂ ਦੀ ਸੇਵਾ ਵਿੱਚ ਭੁਗਤਦੇ ਹਨ। ਇਸ ਲਈ, ਬਹੁਗਿਣਤੀ ਜਨਤਾ ਇਹਨਾਂ ਵਿਚਾਰਾਂ ਨੂੰ ਚਿੱਤੋਂ-ਮਨੋਂ ਹੁੰਗਾਰਾ ਨਹੀਂ ਦਿੰਦੀ ਅਤੇ ਸਹਿਮਤ ਨਹੀਂ ਹੁੰਦੀ। ਇਸ ਕਰਕੇ, ਇਹਨਾਂ ਵਿਚਾਰਾਂ ਦੀ ਪੈਰਵਾਈ ਕਰਨ ਵਾਲੀਆਂ ਲੋਕ-ਦੋਖੀ ਤਾਕਤਾਂ ਵੱਲੋਂ ਇਹਨਾਂ ਨੂੰ ਜਨਤਾ ਦੇ ਵੱਧ ਤੋਂ ਵੱਧ ਸੰਭਵ ਹਿੱਸਿਆਂ 'ਤੇ ਮੜ੍ਹਨ ਵਾਸਤੇ ਜਿੱਥੇ ਗੁੰਮਰਾਹੀ ਹਰਬਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਉੱਥੇ ਇਹਨਾਂ ਨੂੰ ਜਬਰੀ ਲੋਕਾਂ ਦੇ ਸੰਘ ਰਾਹੀਂ ਲੰਘਾਉਣ ਵਾਸਤੇ ਹਿੰਸਕ ਢੰਗ-ਤਰੀਕਿਆਂ ਨੂੰ ਇੱਕ ਹਥਿਆਰ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਹਿੰਸਕ ਢੰਗ-ਤਰੀਕਿਆਂ ਦਾ ਹਥਿਆਰ ਇਹਨਾਂ ਤਾਕਤਾਂ ਦੀ ਮੁੱਖ ਟੇਕ ਬਣਦਾ ਹੈ। ਸੰਘ ਪਰਿਵਾਰ ਵੱਲੋਂ ਵੱਖ ਵੱਖ ਹਿੰਦੂ ਜਥੇਬੰਦੀਆਂ ਦੇ ਝੰਡੇ ਹੇਠ ਫਿਰਕੂ ਫਾਸ਼ੀ ਗਰੋਹਾਂ ਨੂੰ ਜਥੇਬੰਦ ਕੀਤਾ ਜਾਂਦਾ ਹੈ। ਇਹਨਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਖਿਲਾਫ ਹਿੰਸਕ ਭੀੜਾਂ ਭੜਕਾਉਣ ਅਤੇ ਹਿੰਸਕ ਕਾਰਵਾਈਆਂ ਵਾਸਤੇ ਸਿੱਖਿਆ-ਸਿਖਲਾਈ ਦਿੱਤੀ ਜਾਂਦੀ ਹੈ। ਉਹਨਾਂ ਨੂੰ ਮੱਧਯੁੱਗੀ ਭਾਰਤ ਦੇ ਅਖੌਤੀ ਸੁਨਹਿਰੀ ਕਾਲ ਮਿਥਹਾਸਕ ਇਤਿਹਾਸ (ਹਿੰਦੂ ਰਾਸ਼ਟਰ) ਦਾ ਪਾਠ ਪੜ੍ਹਾਉਂਦਿਆਂ, ਹਿੰਦੂ ਜਨੂੰਨੀ ਹੰਕਾਰ ਦੀ ਪਾਣ ਚਾੜ੍ਹੀ ਜਾਂਦੀ ਹੈ ਅਤੇ ਇਸ ਨਕਲੀ ਸੁਨਹਿਰੀ ਕਾਲ ਵਿੱਚ ਵਿਘਨ ਪਾਉਣ ਤੇ ਅਖੌਤੀ ਹਿੰਦੂ ਰਾਸ਼ਟਰ ਨੂੰ ਗੁਲਾਮੀ ਦੇ ਜੂਲੇ ਹੇਠ ਲਿਆਉਣ ਦੇ ਦੋਸ਼ੀ ਗਰਦਾਨੇ ਮੁਸਲਮਾਨਾਂ ਅਤੇ ਇਸਾਈਆਂ ਖਿਲਾਫ ਫਿਰਕੂ ਨਫਰਤ ਤੇ ਜਨੂੰਨ ਨੂੰ ਕੁੱਟ ਕੁੱਟ ਕੇ ਭਰਿਆ ਜਾਂਦਾ ਹੈ। ਅਸਲ ਵਿੱਚ- ਇਹ ਨਕਲੀ ਹਿੰਦੂ ਰਾਸ਼ਟਰੀ ਹੰਕਾਰ ਅਤੇ ਫਿਰਕੂ ਨਫਰਤ ਤੇ ਜਨੂੰਨ ਹੀ ਇਹਨਾਂ ਫਿਰਕੂ ਫਾਸ਼ੀ ਹਿੰਦੂ ਗਰੋਹਾਂ ਦੀ ਜਨਤਾ ਖਿਲਾਫ ਸੇਧਤ ਫਾਸ਼ੀ ਹਿੰਸਾ ਦੀ ਚਾਲਕ ਸ਼ਕਤੀ (ਮੋਟੀਵੇਟਿੰਗ ਫੋਰਸ) ਬਣਦੇ ਹਨ।
ਇਸ ਹਿੰਦੂ ਫਿਰਕੂ ਲਾਣੇ ਵੱਲੋਂ ਬਹੁਗਿਣਤੀ ਹਿੰਦੂ ਧਰਮੀ ਜਨਤਾ ਨੂੰ ਪਿਛਲੇ ਇੱਕ ਹਜ਼ਾਰ ਸਾਲ ਤੋਂ 1947 ਤੱਕ ਜਾਰੀ ਰਹੀ ਅਖੌਤੀ ਗੁਲਾਮੀ ਤੇ ਜਬਰ ਦੇ ਸ਼ਿਕਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਘੱਟ-ਗਿਣਤੀ ਮੁਸਲਿਮ ਤੇ ਇਸਾਈ ਭਾਈਚਾਰਿਆਂ ਨੂੰ ਹਮਲਾਵਰ ਤੇ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਤਿਹਾਸ ਦੀ ਫਿਰਕੂ ਨਜ਼ਰੀਏ ਤੋਂ ਕੀਤੀ ਜਾਂਦੀ ਇਸ ਭੰਨ-ਤੋੜ ਰਾਹੀਂ ਇਸ ਫਿਰਕੂ ਲਾਣੇ ਵੱਲੋਂ ਇੱਕ ਤੀਰ ਨਾਲ ਦੋ ਪੰਛੀ ਫੁੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ: ਇੱਕ— ਮੁਗਲ ਅਤੇ ਹਿੰਦੂ (ਰਾਜਪੂਤ, ਮਰਹੱਟੇ ਆਦਿ) ਰਾਜਿਆਂ ਰਜਵਾੜਿਆਂ ਅਤੇ ਜਾਗੀਰਦਾਰਾਂ ਦੇ ਰਾਜ-ਭਾਗ ਅਤੇ ਬਰਤਾਨਵੀ ਸਾਮਰਾਜੀਆਂ ਦੇ ਰਾਜ-ਭਾਗ ਦੀ ਖਸਲਤ, ਲੁੱਟ-ਖੋਹ ਅਤੇ ਜਬਰ-ਜ਼ੁਲਮ 'ਤੇ ਪਰਦਾ ਪਾਉਣਾ ਅਤੇ ਦੂਜਾ— ਹਿੰਦੂ ਧਰਮੀ ਜਨਤਾ ਨੂੰ ਮੁਸਲਮਾਨ ਤੇ ਇਸਾਈ ਲੋਕਾਂ ਦੇ ਸ਼ਿਕਾਰ ਹੋਣ ਦੀ ਗਲਤ ਅਤੇ ਕਲਪਿਤ ਤਸਵੀਰ ਪੇਸ਼ ਕਰਦਿਆਂ, ਫਿਰਕੂ ਫਾਸ਼ੀ ਹਿੰਸਾ ਨੂੰ ਬਚਾਅਮੁਖੀ ਹਥਿਆਰ ਵਜੋਂ ਵਰਤਣ ਅਤੇ ਆਪਣੀ ਗੁਆਚੀ ਹੈਸੀਅਤ ਤੇ ਮਾਣ-ਸਤਿਕਾਰ ਦੀ ਮੁੜ-ਬਹਾਲੀ ਲਈ ਵਰਤਣ ਦੀ ਵਾਜਬੀਅਤ ਘੜਨਾ।
ਨੋਟ ਕਰਨ ਵਾਲੀ ਗੱਲ ਹੈ ਕਿ ਮੁਗਲਾਂ ਦੇ ਦਿੱਲੀ ਦੀ ਸਲਤਨਤ 'ਤੇ ਕਾਬਜ਼ ਹੋਣ ਨਾਲ ਭਾਰਤ ਅੰਦਰ ਕਤੱਈ ਤੌਰ 'ਤੇ ਮੁਸਲਿਮ ਰਾਜ-ਭਾਗ ਹੋਂਦ ਵਿੱਚ ਨਹੀਂ ਸੀ ਆ ਗਿਆ, ਸਗੋਂ ਇਹ ਮੁਸਲਿਮ ਅਤੇ ਹਿੰਦੂ ਰਾਜਿਆਂ, ਰਜਵਾੜਿਆਂ, ਜਾਗੀਰਦਾਰਾਂ ਅਤੇ ਵੱਡੇ ਅਹਿਲਕਾਰਾਂ ਦਾ ਰਲਿਆ-ਮਿਲਿਆ ਰਾਜ ਸੀ। ਚਾਹੇ ਦਿੱਲੀ ਦੇ ਤਖਤ 'ਤੇ ਮੁੱਖ ਤੌਰ 'ਤੇ ਮੁਸਲਿਮ ਬਾਦਸ਼ਾਹ ਬੈਠਦੇ ਰਹੇ, ਪਰ ਹੇਠਾਂ ਹਿੰਦੂ ਰਿਆਸਤਾਂ ਅਤੇ ਹਿੰਦੂ ਜਾਗੀਰਦਾਰਾਂ ਦਾ ਪੂਰੇ ਮੁਲਕ ਵਿੱਚ ਪਸਰਿਆ ਹੋਇਆ ਤਾਣਾ-ਬਾਣਾ ਸੀ। ਮੁਲਕ ਦੀ ਹਕੂਮਤ ਨੂੰ ਚਲਾਉਣ ਵਿੱਚ ਹਿੰਦੂ ਵਜ਼ੀਰਾਂ ਅਤੇ ਅਹਿਲਕਾਰਾਂ ਦੀ ਭੂਮਿਕਾ ਉੱਭਰਵੀਂ ਸੀ। ਅਕਬਰ ਦੇ ਦਰਬਾਰ ਵਿੱਚ ਉਸਦੇ ਨੌਂ ਰਤਨਾਂ ਵਿੱਚ ਰਾਜਾ ਬੀਰਬਲ ਅਤੇ ਉਸਦੇ ਖਜ਼ਾਨਾ ਮੰਤਰੀ ਦਿਵਾਨ ਟੋਡਰ ਮੱਲ ਤੋਂ ਇਲਾਵਾ ਫੌਜੀ ਜਰਨੈਲ ਰਾਜਾ ਮਾਨ ਸਿੰਘ ਵਰਗੇ ਸਭ ਹਿੰਦੂ ਸਨ। ਕਿੰਨੇ ਹੀ ਰਾਜਪੂਤ ਤੇ ਮਰਹੱਟੇ ਰਜਵਾੜੇ ਮੁਗਲ ਰਾਜਿਆਂ ਦੇ ਮਾਤਹਿਤ ਹੋ ਕੇ ਚੱਲਦੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਹੇਠ ਖਾਲਸਾ ਫੌਜ ਵੱਲੋਂ ਔਰੰਗਜ਼ੇਬ ਦੇ ਜਾਬਰ ਰਾਜ-ਭਾਗ ਨਾਲ ਟੱਕਰ ਲਈ ਜਾ ਰਹੀ ਸੀ ਤਾਂ ਬਾਈਧਾਰ ਦੇ ਪਹਾੜੀ ਹਿੰਦੂ ਰਾਜੇ ਔਰੰਗਜ਼ੇਬ ਦੇ ਰਾਜ-ਭਾਗ ਦੇ ਪੌਡੇ ਬਣ ਕੇ ਚੱਲ ਰਹੇ ਸਨ।
ਫਿਰਕੂ ਹਿੰਸਕ ਹਮਲਿਆਂ ਦਾ ਸਿਲਸਿਲਾ
ਪਿਛਲੇ ਲੱਗਭੱਗ ਤਿੰਨ ਦਹਾਕਿਆਂ ਦੇ ਅਰਸੇ ਦੇ ਮੁਲਕ ਦੇ ਸਮਾਜਿਕ-ਸਿਆਸੀ ਦ੍ਰਿਸ਼ 'ਤੇ ਝਾਤ ਮਾਰਿਆਂ ਇਹ ਸਹਿਜੇ ਹੀ ਦੇਖਿਆ ਜਾ ਸਕਦਾ ਹੈ ਕਿ ਸੰਘ-ਲਾਣੇ ਵੱਲੋਂ ਘੱਟਗਿਣਤੀ ਭਾਈਚਾਰਿਆਂ, ਖਾਸ ਕਰਕੇ ਮੁਸਲਿਮ ਭਾਈਚਾਰੇ ਖਾਲਫ ਫਿਰਕੂ ਜਨੂੰਨੀ ਹਿੰਸਕ ਹਮਲਿਆਂ ਦਾ ਇੱਕ ਸਿਲਸਿਲਾ ਵਿੱਢਿਆ ਹੋਇਆ ਹੈ। ਇਸ ਸਿਲਸਿਲੇ ਦਾ ਵਿਉਂਤਬੱਧ ਆਗਾਜ਼ ਭਾਰਤੀ ਜਨਤਾ ਪਾਰਟੀ ਦੇ ਉਸ ਵੇਲੇ ਦੇ ਪ੍ਰਧਾਨ ਐਲ.ਕੇ. ਅਡਵਾਨੀ ਵੱਲੋਂ ਰੱਥ ਯਾਤਰਾ ਨਾਲ ਕੀਤਾ ਗਿਆ ਸੀ। ਹਿੰਦੂ ਫਿਰਕੂ ਨਫਰਤ ਤੇ ਜਨੂੰਨ ਨੂੰ ਪਲੀਤਾ ਲਾਉਂਦਾ ਹੋਇਆ, ਜਿੱਥੋਂ ਜਿੱਥੋਂ ਦੀ ਇਹ ਅਡਵਾਨੀ ਰੱਥ ਲੰਘਿਆ, ਹਿੰਦੂ ਫਿਰਕੂ ਫਾਸ਼ੀ ਟੋਲਿਆਂ ਵੱਲੋਂ ਮੁਸਲਿਮ ਭਾਈਚਾਰੇ ਦੀਆਂ ਦੁਕਾਨਾਂ, ਘਰਾਂ ਕਾਰੋਬਾਰਾਂ ਅਤੇ ਜਾਨ-ਮਾਲ 'ਤੇ ਹਮਲਿਆਂ ਨੂੰ ਭੜਕਾਉਂਦਾ ਗਿਆ। ਉਸ ਤੋਂ ਬਾਅਦ 1992 ਵਿੱਚ ਅਯੁੱਧਿਆ ਵਿਖੇ ਬਾਬਰੀ ਮਸਜ਼ਿਦ ਨੂੰ ਢਾਹ ਦਿੱਤਾ ਗਿਆ ਅਤੇ ਉਸਦੀ ਥਾਂ ਜਬਰੀ ਰਾਮ ਮੰਦਰ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ। ਬਾਬਰੀ ਮਸਜ਼ਿਦ ਢਾਹੁਣ ਖਿਲਾਫ ਮੁਸਲਮਾਨ ਜਨਤਾ ਦੇ ਰੋਸ ਇਕੱਠਾਂ ਅਤੇ ਮੁਜਾਹਰਿਆਂ 'ਤੇ ਹਿੰਦੂ ਫਿਰਕੂ ਫਾਸ਼ੀ ਗਰੋਹਾਂ ਦੀ ਅਗਵਾਈ ਹੇਠ ਹਿੰਦੂ ਫਿਰਕੂ ਭੀੜਾਂ ਵੱਲੋਂ ਹਮਲੇ ਕੀਤੇ ਗਏ, ਜਿਹਨਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮੁਸਲਮਾਨ ਮਾਰੇ ਗਏ। ਘਰਬਾਰ ਅਤੇ ਦੁਕਾਨਾਂ ਨੂੰ ਅਗਨਭੇਟ ਕਰ ਦਿੱਤਾ ਗਿਆ। ਇਕੱਲੀ ਮੁੰਬਈ ਵਿੱਚ ਹੀ ਸੈਂਕੜੇ ਮੁਸਲਮਾਨ ਮਾਰੇ ਗਏ।
ਫਿਰ ਨਰਿੰਦਰ ਮੋਦੀ ਦੀ ਸੂਬਾਈ ਹਕੂਮਤ ਦੀ ਸਰਪ੍ਰਸਤੀ ਹੇਠ 2002 ਵਿੱਚ ਗੁਜਰਾਤ ਵਿੱਚ ਮੁਸਲਮਾਨ ਜਨਤਾ ਦਾ ਵੱਡਾ ਕਤਲੇਆਮ ਰਚਾਇਆ ਗਿਆ, ਜਿਸ ਵਿੱਚ 2000 ਤੋਂ ਵੱਧ ਮੁਸਲਿਮ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਬੱਚਿਆਂ, ਬੁੱਢਿਆਂ ਅਤੇ ਔਰਤਾਂ ਨੂੰ ਘਰਾਂ ਅੰਦਰ ਸਾੜ ਕੇ ਮਾਰ ਦਿੱਤਾ ਗਿਆ। ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਗਏ। ਹਜ਼ਾਰਾਂ ਘਰਾਂ, ਦੁਕਾਨਾਂ ਅਤੇ ਕਾਰੋਬਾਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਗਿਆ। 2013 ਵਿੱਚ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸੰਘ ਲਾਣੇ ਵੱਲੋਂ ਮੁਸਲਮਾਨਾਂ 'ਤੇ ਬੋਲੇ ਧਾੜਵੀ ਹੱਲੇ ਦੌਰਾਨ ਮਾਰੇ ਗਏ ਮੁਸਲਮਾਨ ਵਿਅਕਤੀਆਂ ਦੇ ਜਖ਼ਮ ਅੱਜ ਤੱਕ ਨਾ ਸਿਰਫ ਅੱਲੇ ਹਨ, ਸਗੋਂ ਉਜਾੜੇ ਅਤੇ ਦਹਿਸ਼ਤ ਦਾ ਸ਼ਿਕਾਰ ਹੋਏ ਸੈਂਕੜੇ ਪਰਿਵਾਰ ਆਪਣੇ ਜੱਦੀ ਘਰਾਂ ਵਿੱਚ ਜਾ ਵਸਣ ਦਾ ਅਜੇ ਤੱਕ ਹੀਆਂ ਨਹੀਂ ਕਰ ਸਕੇ। ਇਸਾਈ ਭਾਈਚਾਰੇ ਖਿਲਾਫ ਉੜੀਸਾ ਦੇ ਕੰਧਮਾਲ ਜ਼ਿਲ੍ਹੇ ਅੰਦਰ ਫਿਰਕੂ ਫਾਸ਼ੀ ਧਾਵਾ ਬੋਲਦਿਆਂ, ਦਰਜ਼ਨਾਂ ਇਸਾਈਆਂ ਨੂੰ ਮਾਰ ਦਿੱਤਾ ਗਿਆ ਅਤੇ ਘਰਬਾਰ ਉਜਾੜ ਦਿੱਤੇ ਗਏ। ਕਈਆਂ ਵੱਲੋਂ ਜੰਗਲਾਂ ਵਿੱਚ ਛੁਪ ਕੇ ਜਾਨ ਬਚਾਈ ਗਈ। ਇੱਕ ਇਸਾਈ ਮਿਸ਼ਨਰੀ ਸਟੇਨਜ਼ ਅਤੇ ਉਸਦੇ ਤਿੰਨ ਮਾਸੂਮ ਬੱਚਿਆਂ ਨੂੰ ਜੀਪ ਵਿੱਚ ਸੁਤੇ ਪਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ।
ਇਉਂ, ਸੰਘ ਲਾਣੇ ਵੱਲੋਂ ਘੱਟਗਿਣਤੀਆਂ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਖਿਲਾਫ ਫਿਰਕੂ ਹਿੰਸਕ ਹਮਲਿਆਂ ਦੇ ਸਿਲਸਿਲੇ ਨੂੰ ਕਦੇ ਮੱਠਾ ਕਰਦਿਆਂ ਅਤੇ ਕਦੇ ਭਖਾਉਂਦਿਆਂ ਜਾਰੀ ਰੱਖਿਆ ਗਿਆ ਹੈ। ਇਸਦੇ ਨਾਲ ਕਸ਼ਮੀਰ ਅੰਦਰ ਧਾਰਾ 370 ਖਤਮ ਕਰਨ, ਕਸ਼ਮੀਰੀ ਪੰਡਿਤਾਂ ਨੂੰ ਉੱਥੇ ਮੁੜ-ਵਸਾਉਣ, ਸਾਂਝਾ ਸਿਵਲ ਕੋਡ ਬਣਾਉਣ, ਬਾਬਰੀ ਮਸਜ਼ਿਦ ਦੀ ਥਾਂ ''ਰਾਮ ਮੰਦਰ'' ਬਣਾਉਣ, ਗਊ ਹੱਤਿਆ ਅਤੇ ਗਊ ਮਾਸ ਖਾਣ 'ਤੇ ਪਾਬੰਦੀ ਲਾਉਣ, ਬੰਗਲਾਦੇਸ਼ 'ਚੋਂ ਆਏ ਸ਼ਰਨਾਰਥੀ ਮੁਸਲਮਾਨਾਂ ਨੂੰ ਵਾਪਸ ਭੇਜਣ ਪਰ ਹਿੰਦੂਆਂ ਨੂੰ ਇੱਥੇ ਨਾਗਰਿਕਤਾ ਦੇਣ ਦੇ ਮੁੱਦਿਆਂ ਨੂੰ ਉਭਾਰਦਿਆਂ ਅਤੇ ਪਾਕਿਸਾਤਨ ਨੂੰ ਭਾਰਤ ਅੰਦਰ ਅਖੌਤੀ ਦਹਿਸ਼ਤਗਰਦ ਭੇਜਣ ਰਾਹੀਂ ਗੜਬੜ ਫੈਲਾਉਣ ਬਦਲੇ ਸਬਕ ਸਿਖਾਉਣ ਦੀ ਸੁਰ ਉੱਚੀ ਚੁੱਕਦਿਆਂ, ਨਕਲੀ ਦੇਸ਼ਭਗਤੀ ਦੀ ਪਾਹ ਵਾਲੇ ਹਿੰਦੂ ਫਿਰਕੂ ਜਨੂੰਨ ਨੂੰ ਉਗਾਸਾ ਦੇਣ ਅਤੇ ਮੁਸਲਿਮ ਭਾਈਚਾਰੇ ਖਿਲਾਫ ਤੁਅੱਸਬ ਤੇ ਨਫਰਤ ਦੇ ਮਾਹੌਲ ਨੂੰ ਭਖਾਉਣ-ਫੈਲਾਉਣ ਦਾ ਅਮਲ ਅੱਗੇ ਵਧਾਇਆ ਗਿਆ। ਇਸ ਤਰ੍ਹਾਂ, ਸੰਘ ਲਾਣੇ ਵੱਲੋਂ ਹਿੰਦੂ ਜਨਤਾ, ਖਾਸ ਕਰਕੇ ਇਸਦੇ ਮੱਧ-ਵਰਗੀ ਸ਼ਹਿਰੀ ਹਿੱਸਿਆਂ ਅੰਦਰ ਆਪਣੇ ਪ੍ਰਭਾਵ ਅਤੇ ਆਧਾਰ ਦਾ ਲਗਾਤਾਰ ਵਧਾਰਾ-ਪਸਾਰਾ ਕਰਨ ਵਿੱਚ ਕਿਸੇ ਹੱਦ ਤੱਕ ਸਫਲਤਾ ਵੀ ਹਾਸਲ ਕੀਤੀ ਗਈ। ਪਿਛਲੀਆਂ ਪਾਰਲੀਮਾਨੀ ਚੋਣਾਂ ਵਿੱਚ ਆਰ.ਐਸ.ਐਸ. ਅਤੇ ਸੰਘ ਲਾਣੇ ਦੀਆਂ ਸਭਨਾਂ ਜਥੇਬੰਦੀਆਂ ਵੱਲੋਂ ਪਹਿਲੀ ਵਾਰ ਸ਼ਰੇਆਮ ਅਤੇ ਜ਼ੋਰ-ਸ਼ੋਰ ਨਾਲ ਬੀ.ਜੇ.ਪੀ. ਦੀ ਚੋਣ ਮੁਹਿੰਮ ਵਿੱਚ ਕੁੱਦਿਆ ਗਿਆ। ਬੀ.ਜੇ.ਪੀ. ਅੰਦਰ ਭਾਰੀ ਵਿਰੋਧ ਦੇ ਬਾਵਜੂਦ, ਆਰ.ਐਸ.ਐਸ. ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਕਰਨ ਲਈ ਬੀ.ਜੇ.ਪੀ. ਦੀ ਬਾਂਹ ਨੂੰ ਮਰੋੜਾ ਦਿੱਤਾ ਗਿਆ। ਦੱਸ ਸਾਲਾ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਖਿਲਾਫ ਲੋਕ ਬੇਚੈਨੀ ਅਤੇ ਔਖ ਦਾ ਲਾਹਾ ਖੱਟਦਿਆਂ ਅਤੇ ਆਰ.ਐਸ.ਐਸ. ਦੇ ਫਿਰਕੂ ਲਾਣੇ ਤੇ ਦੇਸੀ-ਵਿਦੇਸ਼ੀ ਕਾਰਪੋਰੇਟ ਲਾਣੇ ਦੇ ਖੰਭਾਂ 'ਤੇ ਸਵਾਰ ਹੁੰਦਿਆਂ, ਆਖਰ ਬੀ.ਜੇ.ਪੀ. ਦੀ ਮੋਦੀ ਹਕੂਮਤ ਵੱਲੋਂ ਮੁਲਕ ਦੇ ਸਿੰਘਾਸਨ ਦੀ ਵਾਗਡੋਰ ਸੰਭਾਲ ਲਈ ਗਈ।
ਸੰਘ ਲਾਣੇ ਦੀਆਂ ਚੜ੍ਹ ਮੱਚੀਆਂ
ਆਰ.ਐਸ.ਐਸ. ਦਾ ਥਾਪੜਾ ਪ੍ਰਾਪਤ ਮੋਦੀ ਹਕੂਮਤ ਵੱਲੋਂ ਗੱਦੀ ਸੰਭਾਲਣ ਨਾਲ ਫਿਰਕੂ ਸੰਘ ਲਾਣੇ ਦੀਆਂ ਚੜ੍ਹ ਮੱਚੀਆਂ। ਮੋਦੀ ਹਕੂਮਤ ਵੱਲੋਂ ਫਿਰਕੂ ਸੰਘ ਲਾਣੇ ਅਤੇ ਕਾਰਪੋਰੇਟ ਗਿਰਝਾਂ ਦਰਮਿਆਨ ਗੱਠਜੋੜ ਦੇ ਏਜੰਡਿਆਂ ਨੂੰ ਲਾਗੂ ਕਰਨ ਲਈ ਤਿੰਨ ਦਿਸ਼ਾਵੀ ਕਦਮ ਲੈਣ ਦੀ ਧੁੱਸ ਅਖਤਿਆਰ ਕੀਤੀ ਗਈ: ਇੱਕ— ਵਿਦੇਸ਼ੀ-ਦੇਸੀ ਕਾਰਪੋਰੇਟ ਜੋਕਾਂ ਦੇ ਵਾਰੇ-ਨਿਆਰੇ ਕਰਨ ਲਈ ਢੁਕਵੀਆਂ ਕਾਨੂੰਨੀ ਤਬਦੀਲੀਆਂ 'ਤੇ ਜ਼ੋਰ ਦਿੱਤਾ ਗਿਆ। ਸਾਮਰਾਜੀ ਸ਼ਾਹੂਕਾਰਾਂ ਨੂੰ ਮੁਲਕ ਦੇ ਦੌਲਤ-ਖਜ਼ਾਨਿਆਂ ਨੂੰ ਬੇਰੋਕਟੋਕ ਤੇ ਰੱਜ ਕੇ ਲੁੱਟਣ ਲਈ ਪੂਰਾ ਸੁਰੱਖਿਅਤ ਮਾਹੌਲ ਮੁਹੱਈਆ ਕਰਨ ਦੀਆਂ ਯਕੀਨਦਹਾਨੀਆਂ ਦਾ ਸਿਲਸਿਲਾ ਤੋਰਿਆ ਗਿਆ। ਵਿਦੇਸ਼ ਨੀਤੀ ਅੰਦਰ ਅਮਰੀਕੀ ਸਾਮਰਾਜੀ ਪੱਖੀ ਝੁਕਾਓ ਨੂੰ ਮਜਬੂਤੀ ਦਿੰਦਿਆਂ, ਅਮਰੀਕਾ, ਜਪਾਨ ਅਤੇ ਇਜ਼ਰਾਇਲੀ ਹਾਕਮਾਂ ਦੇ ਸਾਮਰਾਜੀ-ਪਿਛਾਖੜੀ ਗੱਠਜੋੜ ਨਾਲ ਟੋਚਨ ਹੋਣ ਦੇ ਕਦਮਾਂ ਵਿੱਚ ਤੇਜੀ ਲਿਆਂਦੀ ਗਈ; ਦੂਜਾ— ਮੁਲਕ ਅੰਦਰ ਕਾਰਪੋਰੇਟ ਜੋਕਾਂ ਦੇ ਆਰਥਿਕ ਹੱਲੇ ਦਾ ਰਾਹ ਸਾਫ ਕਰਨ ਲਈ ਇਨਕਲਾਬੀ ਸੰਘਰਸ਼ਾਂ, ਵਿਸ਼ੇਸ਼ ਕਰਕੇ ਸੀ.ਪੀ.ਆਈ. (ਮਾਓਵਾਦੀ) ਦੀ ਅਗਵਾਈ ਹੇਠਲੇ ਆਦਿਵਾਸੀ ਕਿਸਾਨ ਟਾਕਰਾ ਸੰਘਰਸ਼ ਅਤੇ ਵੱਖ ਵੱਖ ਕੌਮੀਅਤਾਂ ਦੇ ਆਪਾ-ਨਿਰਣੇ ਲਈ ਸੰਘਰਸ਼ਾਂ ਨੂੰ ਕੁਚਲਣ ਲਈ ਜਾਰੀ ਫੌਜੀ ਹਮਲੇ ਨੂੰ ਹੋਰ ਪਸਾਰਾ ਅਤੇ ਖੂੰਖਾਰ ਮਾਰ ਮੁਹੱਈਆ ਕਰਨ ਦੇ ਕਦਮ ਲਏ ਗਏ; ਤੀਜਾ— ਇੱਕ ਹੱਥ ਫਿਰਕੂ ਸੰਘ ਲਾਣੇ ਦੇ ਹਿੰਦੂ, ਹਿੰਦੀ, ਹਿੰਦੋਸਤਾਨ ਦੇ ਫਿਰਕੂ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਇੱਕ ਪਾਸੇ ਭਾਜਪਾ ਦੀਆਂ ਕੇਂਦਰੀ ਅਤੇ ਸੂਬਾਈ ਹਕੂਮਤਾਂ ਵੱਲੋਂ ਬਾਕਾਇਦਾ ਵਿਉਂਤਬੱਧ ਢੰਗ ਨਾਲ ਵੱਖ ਵੱਖ ਕਦਮਾਂ ਦਾ ਸਿਲਸਿਲਾ ਵਿੱਢਿਆ ਗਿਆ ਅਤੇ ਦੂਜੇ ਹੱਥ— ਆਰ.ਐਸ.ਐਸ. ਸਮੇਤ ਸਭਨਾਂ ਫਿਰਕੂ ਫਾਸ਼ੀ ਜਥੇਬੰਦੀਆਂ ਨੂੰ ਸਿੱਧੀ/ਅਸਿੱਧੀ ਹਕੂਮਤੀ ਸਰਪ੍ਰਸਤੀ ਮੁਹੱਈਆ ਕਰਦਿਆਂ, ਖੁੱਲ੍ਹ-ਖੇਡਣ, ਫਿਰਕੂ ਸਰਗਰਮੀਆਂ ਵਿੱਚ ਤੇਜ਼ੀ ਲਿਆਉਣ ਅਤੇ ਆਪਣੇ ਤਾਣੇ-ਬਾਣਿਆਂ ਨੂੰ ਪਸਾਰਨ ਅਤੇ ਮਜਬੂਤ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ। ਹੁਣ ਹਕੂਮਤੀ ਪੱਧਰ 'ਤੇ ਲਏ ਜਾ ਰਹੇ ਵਿਉਂਤਬੱਧ ਕਦਮਾਂ ਅਤੇ ਸੰਘ ਲਾਣੇ ਦੀਆਂ ਜਥੇਬੰਦੀਆਂ ਵੱਲੋਂ ਜ਼ੋਰ-ਸ਼ੋਰ ਨਾਲ ਵਿੱਢੀਆਂ ਜਾ ਰਹੀਆਂ ਫਿਰਕੂ ਫਾਸ਼ੀ ਅਤੇ ਹਿੰਸਕ ਸਰਗਰਮੀਆਂ ਵਿੱਚ ਆਪਸੀ ਮਿਲੀਭੁਗਤ ਨਾਲ ਤਾਲਮੇਲ ਬਿਠਾ ਕੇ ਚੱਲਣ ਦਾ ਅਮਲ ਕੋਈ ਛੁਪੀ ਹੋਈ ਗੱਲ ਨਹੀਂ ਹੈ।
ਸੰਘ-ਲਾਣੇ ਦੇ ਏਜੰਡੇ 'ਤੇ ਅਮਲਦਾਰੀ ਲਈ ਸਰਕਾਰੀ ਕਦਮਾਂ ਦਾ ਸਿਲਸਿਲਾ
ਮੋਦੀ ਹਕੂਮਤ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਜਦੋਂ ਮੋਦੀ ਵੱਲੋਂ ਪਹਿਲੀ ਵਾਰ ਲੋਕ ਸਭਾ ਵਿੱਚ ਬੋਲਿਆ ਗਿਆ ਸੀ, ਤਾਂ ਉਸ ਵੱਲੋਂ ਆਪਣੇ ਭਾਸ਼ਣ ਵਿੱਚ ਭਾਰਤ ਦੀ ਇੱਕ ਹਜ਼ਾਰ ਸਾਲ ਦੀ ਗੁਲਾਮੀ ਦਾ ਜ਼ਿਕਰ ਕਰਦਿਆਂ, ਆਪਣੇ ਫਿਰਕੂ ਮਨਸੂਬਿਆਂ ਦਾ ਇਜ਼ਹਾਰ ਕਰ ਦਿੱਤਾ ਗਿਆ ਸੀ। ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਅਤੇ ਚੋਣ ਮੁਹਿੰਮ ਦੌਰਾਨ ਉਸਦੇ ਭਾਸ਼ਣਾਂ ਵਿੱਚ ਹਿੰਦੂਤਵ ਵਿਚਾਰਾਂ ਦੀ ਰੰਗਤ ਅਤੇ ਸੁਰ ਮੂੰਹ-ਜ਼ੋਰ ਸੀ, ਉੱਘੜਵੀਂ ਸੀ। ਉਸ ਵੱਲੋਂ ਹਾਕਮ ਜਮਾਤਾਂ ਦੇ ਦਿਓਕੱਦ ਸਮਝੇ ਜਾਂਦੇ ਸਿਆਸਤਦਾਨ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਖੌਤੀ ਧਰਮ ਨਿਰਪੱਖ ਪਛਾਣ ਦੇ ਚੀਥੜੇ ਕਰਨ ਅਤੇ ਉਸਦੇ ਮੁਕਾਬਲੇ ਕੱਟੜ ਫਿਰਕੂ ਜ਼ਹਿਨੀਅਤ ਦੇ ਮਾਲਕ ਵੱਲਭ ਭਾਈ ਪਟੇਲ ਨੂੰ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਅਸਲੀ ਹੱਕਦਾਰ ਬਣਦੇ ਦਿਓਕੱਦ ਸਿਆਸਤਦਾਨ ਵਜੋਂ ਉਭਾਰਨ ਅਤੇ ਗੁਜਰਾਤ ਵਿੱਚ ਉਸਦਾ 182 ਮੀਟਰ ਉੱਚਾ ਬੁੱਤ ਲਾਉਣ ਲਈ ਲੋਹਾ ਇਕੱਠਾ ਕਰਨ ਦੀ ਮੁਹਿੰਮ ਚਲਾਉਣ ਦਾ ਮਕਸਦ ਮੁਲਕ ਦੀ ਹਾਕਮ ਜਮਾਤੀ ਸਿਆਸਤ ਦੇ ਅਖਾੜੇ ਵਿੱਚ ਅਖੌਤੀ ਧਰਮ-ਨਿਰਪੱਖਤਾ ਦੇ ਧੂਰੇ ਦੀ ਬਜਾਇ ਹਿੰਦੂਤਵ ਦੇ ਧੁਰੇ ਨੂੰ ਉਭਾਰਨਾ ਸੀ। ਵਿਦੇਸ਼ੀ-ਦੇਸੀ ਕਾਰਪੋਰੇਟਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਫਿਰਕੂ ਸੰਘ ਲਾਣਾ ਇਹ ਮਕਸਦ ਹਾਸਲ ਕਰਨ ਵੱਚ ਇੱਕ ਵਾਰ ਕਿਸੇ ਹੱਦ ਤੱਕ ਸਫਲ ਵੀ ਹੋਇਆ ਹੈ।
ਹਕੂਮਤ ਵਿੱਚ ਆਉਣ ਸਾਰ ਭਾਜਪਾ ਦੇ ਕੇਂਦਰੀ ਮੰਤਰੀਆਂ ਵਿੱਚ ਸਾਧਵੀ ਨਿਰੰਜਣ ਜਿਓਤੀ ਅਤੇ ਗਿਰੀਰਾਜ ਕਿਸ਼ੋਰ ਅਤੇ ਸਾਧਵੀ ਪਰਾਚੀ, ਸਾਕਸ਼ੀ ਮਹਾਰਾਜ ਅਤੇ ਯੋਗੀ ਅਦਿੱਤਿਆ ਵਰਗੇ ਪਾਰਲੀਮਾਨੀ ਮੈਂਬਰਾਂ ਵੱਲੋਂ ਫਿਰਕੂ ਮਾਹੌਲ ਦਾ ਪਸਾਰਾ ਕਰਨ ਅਤੇ ਫਿਰਕੂ ਪਾਲਾਬੰਦੀ ਨੂੰ ਉਗਾਸਾ ਦੇਣ ਲਈ ਚੱਕਵੇਂ ਫਿਰਕੂ ਬਿਆਨਾਂ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਗਿਆ। ਸਾਧਵੀ ਨਿਰੰਜਣ ਜਿਓਤੀ ਨੇ ਲੋਕ ਸਭਾ ਵਿੱਚ ਬੋਲਦਿਆਂ ਕਿਹਾ ਕਿ ਭਾਰਤ ਵਿੱਚ ਦੋ ਤਰ੍ਹਾਂ ਦੇ ਲੋਕ ਹਨ— ਰਾਮ ਚੰਦਰ ਨੂੰ ਮੰਨਣ ਵਾਲੇ ਰਾਮਜ਼ਾਦੇ (ਹਿੰਦੂ) ਅਤੇ ਰਾਮਚੰਦਰ ਨੂੰ ਨਾ ਮੰਨਣ ਵਾਲੇ ਹਰਾਮਜ਼ਾਦੇ (ਘੱਟ ਗਿਣਤੀ ਧਰਮ ਤੇ ਵਰਗਾਂ ਦੇ ਲੋਕ)। ਵਿਰੋਧੀ ਪਾਰਲੀਮਾਨੀ ਸਿਆਸੀ ਪਾਰਟੀਆਂ ਵੱਲੋਂ ਇਸ ਬਿਆਨਬਾਜ਼ੀ ਖਿਲਾਫ ਇਤਰਾਜ਼ ਉਠਾਉਣ ਅਤੇ ਰੌਲਾਰੱਪਾ ਪਾਉਣ ਦੇ ਬਾਵਜੂਦ ਅਤੇ ਖਰੀਆਂ ਧਰਮ-ਨਿਰਪੱਖ ਤਾਕਤਾਂ ਅਤੇ ਵਿਅਕਤੀਆਂ ਵੱਲੋਂ ਰੋਸ ਜਤਾਉਣ ਦੇ ਬਾਵਜੂਦ, ਭਾਜਪਾ ਦੇ ਮੰਤਰੀਆਂ ਤੇ ਪਾਰਲੀਮਾਨੀ ਮੈਂਬਰਾਂ ਵੱਲੋਂ ਇਹ ਫਿਰਕੂ ਬਿਆਨਬਾਜ਼ੀ ਜਾਰੀ ਰਹਿ ਰਹੀ ਹੈ।
ਇੱਥੇ ਹੀ ਬੱਸ ਨਹੀਂ— ਕੇਂਦਰੀ ਹਕੂਮਤ ਵੱਲੋਂ ਨੰਗੇ-ਚਿੱਟੇ ਰੂਪ ਵਿੱਚ ਸੰਘ ਲਾਣੇ ਦੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਹਕੂਮਤੀ ਕਦਮਾਂ ਦਾ ਸਿਲਸਿਲਾ ਵਿੱਢ ਦਿੱਤਾ ਗਿਆ। ਮੁਲਕ ਭਰ ਦੇ ਸਕੂਲਾਂ ਵਿੱਚ ਸੂਰਜ ਨਮਸਕਾਰ ਨੂੰ ਲਾਜ਼ਮੀ ਕਰਾਰ ਦੇਣ ਅਤੇ ਯੋਗਾ ਸੈਸ਼ਨ ਸ਼ੁਰੂ ਕਰਨ ਦੇ ਫੁਰਮਾਨ ਚਾੜ੍ਹੇ ਦਿੱਤੇ ਗਏ। ਗਊ ਹੱਤਿਆ ਅਤੇ ਗਊ ਮਾਸ ਖਾਣ 'ਤੇ ਪਾਬੰਦੀ ਲਾਉਣ ਦੀ ਸੁਰ ਉੱਚੀ ਕਰ ਦਿੱਤੀ ਗਈ ਅਤੇ ਭਾਜਪਾਈ ਹਕੂਮਤ ਵਾਲੇ ਸੂਬਿਆਂ ਵਿੱਚ ਗਊ ਹੱਤਿਆ ਵਿਰੋਧੀ ਕਾਨੂੰਨ ਅਤੇ ਗਊ ਦਾ ਮਾਸ ਖਾਣ 'ਤੇ ਪਾਬੰਦੀ ਲਾਉਂਦੇ ਕਨੂੰਨ ਲਾਗੂ ਕਰ ਦਿੱਤੇ ਗਏ ਜਿਵੇਂ ਰਾਜਸਥਾਨ, ਗੁਜਰਾਤ, ਹਰਿਆਣਾ, ਮੱਧ ਪ੍ਰਦੇਸ਼ ਆਦਿ ਆਦਿ।
ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਮੁਲਕ ਦੇ ਸਿੱਖਿਆ ਖੇਤਰ ਨੂੰ ਚੋਣਵਾਂ ਨਿਸ਼ਾਨਾ ਬਣਾਇਆ ਗਿਆ। ਇਤਿਹਾਸ, ਸਾਇੰਸ, ਮੈਡੀਸਨ, ਖੋਜ, ਸਾਹਿਤ ਅਤੇ ਕਲਾ ਦੇ ਖੇਤਰਾਂ ਨੂੰ ਹਿੰਦੂਤਵ ਦੇ ਫਿਰਕੂ ਏਜੰਡੇ ਦੀ ਪਟੜੀ ਚਾੜ੍ਹਨ ਲਈ ਠੋਸ ਕਦਮ ਲਏ ਗਏ। ਇਹ ਮਕਸਦ ਹਾਸਲ ਕਰਨ ਲਈ ਇਹਨਾਂ ਖੇਤਰਾਂ ਦੀਆਂ ਚਾਲਕ ਸੰਸਥਾਵਾਂ 'ਤੇ ਸੰਘ ਲਾਣੇ ਦੇ ਧੁਤੂਆਂ ਨੂੰ ਤਾਇਨਾਤ ਕਰਨ ਲਈ ਪਹਿਲੇ ਸਥਾਪਤ ਯੋਗਤਾ ਮਿਆਰਾਂ ਅਤੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ। ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐਨ.ਸੀ.ਈ.ਆਰ.ਟੀ.), ਇੰਡੀਅਨ ਕੌਂਸਲ ਆਫ ਹਿਸਟਰੀ ਰਾਇਟਿੰਗ, ਲਲਿਤ ਕਲਾ ਅਕੈਡਮੀ, ਪੂਨਾ ਫਿਲਮ ਇੰਸਟੀਚਿਊਟ, ਯੂਨੀਵਰਸਿਟੀ ਗਰਾਂਟਸ ਕਮਿਸ਼ਨ, ਫਿਲਮ ਸੈਂਸਰ ਬੋਰਡ ਆਦਿ ਨੂੰ ਸੰਘ ਪਰਿਵਾਰ ਦੇ ਜੀ ਹਜੂਰੀਆਂ ਨਾਲ ਤੂੜਨ ਦੇ ਕਦਮ ਲਏ ਜਾ ਰਹੇ ਹਨ। ਵਿਸ਼ੇਸ਼ ਕਰਕੇ ਇਹਨਾਂ ਸਭਨਾਂ 'ਤੇ ਸੰਘ ਲਾਣੇ ਦੇ ਵਫ਼ਾਦਾਰ ਵਿਅਕਤੀਆਂ ਨੂੰ ਮੁਖੀਆਂ ਵਜੋਂ ਥੋਪ ਦਿੱਤਾ ਗਿਆ ਹੈ, ਜਿਹਨਾਂ ਦਾ ਆਪਣੇ ਖੇਤਰ ਅੰਦਰ ਕੋਈ ਉੱਭਰਵਾਂ ਯੋਗਦਾਨ ਨਹੀਂ ਹੈ। ਜਿਵੇਂ ਇੱਕ ਨਾਮ-ਨਿਹਾਦ ਇਤਿਹਾਸਕਾਰ ਸੁਦਰਸ਼ਨ ਰਾਓ ਨੂੰ ਆਈ.ਸੀ.ਐਚ.ਆਰ. ਦਾ ਮੁਖੀਆ ਥਾਪ ਦਿੱਤਾ ਗਿਆ ਹੈ। ਮਹਾਂਭਾਰਤ ਵਿੱਚ ਧਰਿਤਰਾਸ਼ਟਰ ਦਾ ਰੋਲ ਕਰਨ ਵਾਲੇ ਵਿਅਕਤੀ ਗਜੇਂਦਰ ਚੌਹਾਨ ਨੂੰ ਪੂਨਾ ਫਿਲਮ ਇਸੰਟੀਚਿਊਟ ਦਾ ਡਾਇਰੈਕਟਰ ਥਾਪ ਦਿੱਤਾ ਗਿਆ। ਸਿਨੇਮਾ ਖੇਤਰ ਵਿੱਚ ਉੱਭਰਵੇਂ ਰੋਲ ਨਿਭਾਉਣ ਵਾਲੀਆਂ ਕਿੰਨੀਆਂ ਹੀ ਨਾਮਵਰ ਹਸਤੀਆਂ ਨੂੰ ਨਜ਼ਰਅੰਦਾਜ਼ ਕਰਦਿਆਂ, ਕਿਤੇ ਊਣੀ ਯੋਗਤਾ ਦੇ ਮਾਲਕ ਨੂੰ ਸੰਸਥਾ ਦਾ ਡਾਇਰੈਕਟਰ ਲਾਉਣ ਖਿਲਾਫ ਇਸ ਸੰਸਥਾ ਦੇ ਸਮੁੱਚੇ ਸਿੱਖਿਆਰਥੀ ਤਕਰੀਬਨ ਤਿੰਨ ਮਹੀਨਿਆਂ ਤੋਂ ਹੜਤਾਲ 'ਤੇ ਹਨ। ਇਸੇ ਤਰ੍ਹਾਂ, ਫਿਲਮ ਸੈਂਸਰ ਬੋਰਡ ਦੇ ਕੰਮ ਕਾਰ ਵਿੱਚ ਭਾਜਪਾ ਹਕੂਮਤ ਦੀ ਧੱਕੜ ਦਖਲਅੰਦਾਜ਼ੀ ਕਰਦਿਆਂ, ਇਸਦੀ ਚੇਅਰਪਰਸਨ ਅਤੇ ਕਈ ਮੈਂਬਰਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਭਾਜਪਾ ਤੇ ਸੰਘ ਲਾਣੇ ਦੇ ਐਲਾਨੀਆ ਝੋਲੀਚੁੱਕ ਪ੍ਰਲਾਹਦ ਨਿਹਲਾਨੀ ਨੂੰ ਇਸਦਾ ਮੁਖੀਆ ਲਾ ਦਿੱਤਾ ਗਿਆ।
ਇਸ ਤਰ੍ਹਾਂ, ਹਿੰਦੂਤਵ ਦੇ ਫਿਰਕੂ ਫਾਸ਼ੀ ਨਜ਼ਰੀਏ ਦੀ ਰੌਸ਼ਨੀ ਵਿੱਚ ਸਮੁੱਚੇ ਇਤਾਹਸ ਨੂੰ ਮੁੜ-ਲਿਖਣ ਦਾ ਤੇ ਸਮਾਜਿਕ ਵਿਸ਼ਿਆਂ ਨੂੰ ਸੋਧਣ ਦਾ ਬੀੜਾ ਚੁੱਕ ਲਿਆ ਗਿਆ ਹੈ। ਮਿਥਿਹਾਸ ਨੂੰ ਇਤਿਹਾਸ, ਅੰਧ-ਵਿਸ਼ਵਾਸ਼ ਆਧਾਰਤ ਊਲ-ਜਲੂਲ ਗੱਲਾਂ ਨੂੰ ਵਿਗਿਆਨ ਬਣਾ ਕੇ ਪੇਸ਼ ਕਰਨ ਅਤੇ ਭਾਰਤੀ ਖਿੱਤੇ ਦੇ ਪੂਰਵ-ਇਤਿਹਾਸਕ ਦੌਰ ਦੇ ਬੇਹੱਦ ਅਣ-ਵਿਕਸਤ ਸਮਾਜ ਦੇ ਅਣਲਿਖਤ ਪ੍ਰਮਾਣ ਰਹਿਤ ਅਤੇ ਅਣਖੋਜੇ ਦੌਰ (ਜਦੋਂ ਹਿੰਦੂ ਧਰਮ ਅਤੇ ਹੋਰਨਾਂ ਧਰਮਾਂ ਦੀ ਹੋਂਦ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ) ਨੂੰ ਅਖੌਤੀ ਭਾਰਤਵਰਸ਼/ਹਿੰਦੂ ਰਾਸ਼ਟਰ ਦੇ ਸੁਨਹਿਰੀ ਕਾਲ ਵਜੋਂ ਪੇਸ਼ ਕਰਨ ਦੇ ਯਤਨ ਆਰੰਭੇ ਜਾ ਰਹੇ ਹਨ। ਵੇਦਾਂ ਅਤੇ ਪੁਰਾਣਾਂ ਨੂੰ ਮਨੁੱਖਾ ਗਿਆਨ-ਵਿਗਿਆਨ ਦੇ ਅਨਮੋਲ ਖਜ਼ਾਨਿਆਂ ਵਜੋਂ ਉਚਿਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹਨਾਂ ਨੂੰ ਸਿੱਖਿਆ ਸਿਲੇਬਸਾਂ ਵਿੱਚ ਦਾਖਲ ਕੀਤਾ ਜਾ ਰਿਹਾ ਹੈ ਅਤੇ ਖੋਜ ਵਿਸ਼ਿਆਂ ਵਜੋਂ ਯੂਨੀਵਰਸਿਟੀਆਂ ਵਿੱਚ ਠੋਸਿਆ ਜਾ ਰਿਹਾ ਹੈ। ਇਹ ਇਸ ਅੰਧਵਿਸ਼ਵਾਸ਼ੀ ਅਤੇ ਫਿਰਕੂ ਜਨੂੰਨੀ ਸੋਚ ਦਾ ਹੀ ਇੱਕ ਸਿਰੇ ਦਾ ਇਜ਼ਹਾਰ ਸੀ, ਜਦੋਂ ਮੁੰਬਈ ਵਿਖੇ ਹੋਈ ਭਾਰਤੀ ਸਾਇੰਸ ਕਾਂਗਰਸ ਵਿੱਚ ਬੋਲਦਿਆਂ, ਪ੍ਰਧਾਨ ਮੰਤਰੀ ਵੱਲੋਂ ਗਣੇਸ਼ ਦੇ ਹਾਥੀ ਦਾ ਸਿਰ ਲੱਗੇ ਹੋਣ ਦਾ ਜ਼ਿਕਰ ਕਰਦਿਆਂ ਉੱਚਰਿਆ ਗਿਆ ਕਿ ਇਹ ਪ੍ਰਾਚੀਨ ਭਾਰਤ ਅੰਦਰ ਵਿਕਸਤ ਪਲਾਸਟਿਕ ਸਰਜਰੀ ਦਾ ਇੱਕ ਕ੍ਰਿਸ਼ਮਾ ਹੈ।
ਫਿਰਕੂ ਹਿੰਦੂ ਜਥੇਬੰਦੀਆਂ ਵੱਲੋਂ ਫਾਸ਼ੀ ਹਿੰਸਕ ਸਰਗਰਮੀਆਂ ਦਾ ਦੌਰ ਜਾਰੀ
ਇੱਕ ਪਾਸੇ— ਭਾਜਪਾਈ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਹਿੰਦੂਤਵ ਦੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਹਕੂਮਤੀ ਤੇ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਸਿਧਾਉਣ ਅਤੇ ਵਰਤਣ ਦੀ ਦਿਸ਼ਾ ਵਿੱਚ ਲਗਾਤਾਰ ਕਦਮ ਲਏ ਜਾ ਰਹੇ ਹਨ। ਦੂਜੇ ਪਾਸੇ— ਸੰਘ ਲਾਣੇ ਦੀ ਫਿਰਕੂ ਫਾਸ਼ੀ ਜਥੇਬੰਦੀਆਂ ਵੱਲੋਂ ਆਪਣੇ ਹਿੰਸਕ ਤਾਣੇਬਾਣੇ ਨੂੰ ਪਸਾਰਿਆ ਅਤੇ ਮਜਬੂਤ ਕੀਤਾ ਜਾ ਰਿਹਾ ਹੈ। ਵਿਉਂਤਬੱਧ ਫਾਸ਼ੀ ਹਿੰਸਕ ਸਰਗਰਮੀਆਂ ਨੂੰ ਬੇਰੋਕਟੋਕ ਜਾਰੀ ਰੱਖਿਆ ਜਾ ਰਿਹਾ ਹੈ। ਇਹ ਹਿੰਸਕ ਸਰਗਰਮੀਆਂ ਇੱਕ ਹੱਥ ਧਾਰਮਿਕ ਘੱਟ ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਖਿਲਾਫ ਸੇਧੀਆਂ ਹੋਈਆਂ ਹਨ। ਮੁਸਲਮਾਨਾਂ ਖਿਲਾਫ ਹਿੰਸਕ ਕਾਰਵਾਈਆਂ ਕਿਤੇ ''ਲਵ ਜਹਾਦ'' ਦਾ ਬਹਾਨਾ ਘੜ ਕੇ, ਕਿਤੇ ਮੁਸਲਮਾਨਾਂ 'ਤੇ ਗਊ ਹੱਤਿਆ ਕਰਨ ਤੇ ਗਊ ਮਾਸ ਖਾਣ ਦਾ ਦੋਸ਼ ਮੜ੍ਹ ਕੇ ਕੀਤੀਆਂ ਜਾ ਰਹੀਆਂ ਹਨ। ਮੁਜੱਫਰਨਗਰ ਵਿੱਚ ਮੁਸਲਮਾਨਾਂ ਦਾ ਕਤਲੇਆਮ ਅਤੇ ਉਜਾੜਾ ਸੰਘ ਲਾਣੇ ਵੱਲੋਂ ''ਲਵ-ਜਿਹਾਦ'' ਦੇ ਸੋਸ਼ੇ ਛੱਡ ਕੇ ਭੜਕਾਈ ਫਿਰਕੂ ਹਿੰਸਾ ਦਾ ਨਤੀਜਾ ਸੀ। ਗਊ ਮਾਸ ਖਾਣ ਦੀ ਅਫਵਾਹ ਫੈਲਾ ਕੇ ਯੂ.ਪੀ. ਦੇ ਬਿਸਹੇੜਾ ਪਿੰਡ ਵਿੱਚ ਮੁਹੰਮਦ ਅਖਲਾਕ ਦਾ ਬੇਰਹਿਮੀ ਨਾਲ ਕਤਲ, ਹਿਮਾਚਲ ਪ੍ਰਦੇਸ਼ ਦੇ ਨਾਹਨ ਲਾਗੇ ਸਹਾਰਨਪੁਰ ਦੇ ਮੁਸਲਿਮ ਨੌਜਵਾਨ ਨੋਮਨ ਦਾ ਕਤਲ ਅਤੇ ਕਸ਼ਮੀਰ ਦੇ ਦੋ ਮੁਸਲਿਮ ਟਰੱਕ ਡਰਾਇਵਰਾਂ ਦੇ ਕਤਲ ਸੰਘ ਲਾਣੇ ਦੀਆਂ ਫਾਸ਼ੀ ਹਿੰਸਕ ਹਮਲਿਆਂ ਦੀਆਂ ਉੱਭਰਵੀਆਂ ਮਿਸਾਲਾਂ ਹਨ।
ਦੂਜੇ ਹੱਥ— ਇਹਨਾਂ ਫਾਸ਼ੀ ਹਿੰਦੂ ਜਥੇਬੰਦੀਆਂ ਵੱਲੋਂ ਆਪਣੀਆਂ ਹਿੰਸਕ ਕਾਰਵਾਈਆਂ ਨੂੰ ਉਹਨਾਂ ਅਗਾਂਹਵਧੂ, ਜਮਹੂਰੀ, ਵਿਗਿਆਨਕ ਅਤੇ ਤਰਕਸ਼ੀਲ ਸੋਚ ਦੇ ਮਾਲਕ ਵਿਅਕਤੀਆਂ ਤੇ ਸੰਸਥਾਵਾਂ ਖਿਲਾਫ ਸੇਧਿਆ ਹੋਇਆ ਹੈ, ਜਿਹਨਾਂ ਦੀਆਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਕਿਰਤਾਂ, ਸਾਹਿਤਕ-ਸਭਿਆਚਾਰਕ ਅਤੇ ਸਮਾਜਿਕ ਸਰਗਰਮੀਆਂ 'ਚੋਂ ਉੱਭਰਦੀ ਸੋਚ ਅਤੇ ਸੁਰ ''ਹਿੰਦੂਤਵ'' ਦੇ ਫਿਰਕੂ ਫਾਸ਼ੀ ਏਜੰਡੇ ਨਾਲ ਮੇਲ ਨਹੀਂ ਖਾਂਦੀ ਜਾਂ ਜਿਹਨਾਂ ਵੱਲੋਂ ਸੰਘ ਲਾਣੇ ਦੀਆਂ ਫਿਰਕੂ ਜਨੂੰਨੀ ਸਰਗਰਮੀਆਂ ਅਤੇ ਹਿੰਸਕ ਕਾਰਵਾਈਆਂ ਦਾ ਵਿਰੋਧ ਕੀਤਾ ਜਾਂਦਾ ਹੈ। ਇਹਨਾਂ ਕਾਲੀਆਂ ਤਾਕਤਾਂ ਵੱਲੋਂ ਤਰਕਸ਼ੀਲ ਅਤੇ ਵਿਗਿਆਨਕ ਸੋਝੀ ਦੇ ਪ੍ਰਚਾਰਕ ਡਾ. ਨਰਿੰਦਰ ਦਭੋਲਕਰ ਦਾ ਕਤਲ ਕੀਤਾ ਗਿਆ। ਫਿਰ ਸੀ.ਪੀ.ਆਈ. ਦੇ ਬਜ਼ੁਰਗ ਆਗੂ ਗੋਬਿੰਦ ਪਨਸਾਰੇ ਦਾ ਕੋਹਲਾਪੁਰ ਵਿਖੇ ਅਤੇ ਪਿੱਛੇ ਜਿਹੇ ਕਰਨਾਟਕ ਵਿੱਚ ਇਤਿਹਾਸਕ-ਖੋਜਾਰਥੀ ਅਤੇ ਸਾਬਕਾ ਵਾਇਸ ਚਾਂਸਲਰ ਪ੍ਰੋਫੈਸਰ ਐਮ.ਐਮ. ਕਲਬੁਰਗੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ।
ਉਪਰੋਕਤ ਵਿਆਖਿਆ 'ਚੋਂ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਆਰ.ਐਸ.ਐਸ. ਦੇ ''ਹਿੰਦੂਤਵ'' ਦੇ ਫਿਰਕੂ ਫਾਸ਼ੀ ਏਜੰਡੇ ਨੂੰ ਪ੍ਰਣਾਈ ਭਾਜਪਾ ਦੀ ਕੇਂਦਰੀ ਹਕੂਮਤ ਦੀਆਂ ਫਿਰਕੂ ਕਾਰਵਾਈਆਂ ਅਤੇ ਫਿਰਕੂ ਹਿੰਦੂ ਜਨੂੰਨੀ ਜਥੇਬੰਦੀਆਂ ਦੀਆਂ ਦਹਿਸ਼ਤਗਰਦ ਹਿੰਸਕ ਕਾਰਵਾਈਆਂ ਬਾਕਾਇਦਾ ਆਪਸੀ ਤਾਲਮੇਲ ਨਾਲ ਚਲਾਈਆਂ ਜਾ ਰਹੀਆਂ ਹਨ। ਹੁਣ ਇਹ ਗੱਲ ਜੱਗ-ਜ਼ਾਹਰ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਇਹਨਾਂ ਸਰਗਰਮੀਆਂ ਦਾ ਸਰਬ-ਉੱਚ ਨੀਤੀ-ਨਿਰਦੇਸ਼ਤ ਅਤੇ ਤਾਲਮੇਲ ਕੇਂਦਰ ਦਾ ਰੋਲ ਨਿਭਾ ਰਿਹਾ ਹੈ। ਪ੍ਰਧਾਨ ਮੰਤਰੀ ਤੇ ਉਸਦੀ ਵਜ਼ਾਰਤੀ ਜੁੰਡਲੀ ਨਾ ਪਾਰਲੀਮੈਂਟ ਨੂੰ ਜਵਾਬਦੇਹ ਹੈ ਅਤੇ ਨਾ ਮੁਲਕ ਦੀ ਜਨਤਾ ਨੂੰ ਜਵਾਬਦੇਹ ਹੈ। ਉਹ ਅਜਿਹੀ ਕਿਸੇ ਜਵਾਬਦੇਹੀ ਦਾ ਵਿਖਾਵਾ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ। ਜੇ ਉਹ ਜਵਾਬਦੇਹ ਹਨ, ਤਾਂ ਸਿਰਫ ਤੇ ਸਿਰਫ ਆਰ.ਐਸ.ਐਸ. ਨੂੰ। ਇਸ ਜੁੰਡਲੀ ਦੀਆਂ ਤਾਰਾਂ ਆਰ.ਐਸ.ਐਸ. ਦੇ ਹੈੱਡਕੁਆਟਰ ਨਾਗਪੁਰ ਤੋਂ ਹਿਲਦੀਆਂ ਹਨ।
ਇਸ ਦੀ ਸਿਰੇ ਦੀ ਉੱਭਰਵੀਂ ਮਿਸਾਲ ਹੈ ਕਿ ਆਰ.ਐਸ.ਐਸ. ਵੱਲੋਂ ਆਏ ਵਰ੍ਹੇ ਦਸਹਿਰੇ ਵਾਲੇ ਦਿਨ ਆਪਣੇ ਹੈੱਡਕੁਆਟਰ ਨਾਗਪੁਰ ਵਿਖੇ ਸਾਲਾਨਾ ਸਮਾਗਮ ਕੀਤਾ ਜਾਂਦਾ ਹੈ, ਜਿੱਥੇ ਭਾਜਪਾ ਅਤੇ ਸੰਘ ਲਾਣੇ ਦੇ ਆਗੂ, ਮੁੱਖ ਮੰਤਰੀ, ਮੰਤਰੀ, ਐਮ.ਪੀ. ਅਤੇ ਵਿਧਾਇਕਾਂ 'ਚੋਂ ਬਹੁਤ ਸਾਰੇ ਹਾਜ਼ਰ ਹੁੰਦੇ ਹਨ। ਇਸ ਸਮਾਗਮ ਨੂੰ ਆਰ.ਐਸ.ਐਸ. ਦੇ ਮੁਖੀ ਵੱਲੋਂ ਆਪਣਾ ਪਲਿਸੀ ਭਾਸ਼ਣ ਦਿੱਤਾ ਜਾਂਦਾ ਹੈ ਅਤੇ ਆਰ.ਐਸ.ਐਸ. ਦੇ ਵਾਲੰਟੀਅਰਾਂ ਦੇ ਮਾਰਚ ਤੋਂ ਸਲਾਮੀ ਲਈ ਜਾਂਦੀ ਹੈ। ਮੋਦੀ ਹਕੂਮਤ ਆਉਣ ਤੋਂ ਬਾਅਦ, ਇਸ ਸਮਾਗਮ ਦੀ ਸਮੁੱਚੀ ਕਾਰਵਾਈ ਅਤੇ ਆਰ.ਐਸ.ਐਸ. ਮੁਖੀ ਦਾ ਸਮੁੱਚਾ ਭਾਸ਼ਣ ਦੂਰਦਰਸ਼ਨ ਤੋਂ ਨਸ਼ਰ ਕੀਤਾ ਜਾ ਰਿਹਾ ਹੈ। ਆਰ.ਐਸ.ਐਸ. ਮੁਖੀ ਦਾ ਇਹ ਪਾਲਿਸੀ ਭਾਸ਼ਣ ਮੋਦੀ ਹਕੂਮਤ ਅਤੇ ਸਮੁੱਚੇ ਸੰਘ ਲਾਣੇ ਦੀਆਂ ਸਰਗਰਮੀਆਂ ਦਾ ਨੀਤੀ-ਨਿਰਦੇਸ਼ਤ ਐਲਾਨ ਬਣਦਾ ਹੈ।
ਆਰ.ਐਸ.ਐਸ. ਦੀ ਰਹਿਨੁਮਾਈ ਹੇਠ ਇੱਕ ਹੱਥ— ਮੋਦੀ ਹਕੂਮਤ ਵੱਲੋਂ ਰਾਜਭਾਗ ਦੇ ਵੱਖ ਵੱਖ ਅੰਗਾਂ ਵਿੱਚ ਫਿਰਕੂ ਹਿੰਦੂ ਅਨਸਰਾਂ ਨੂੰ ਭਰਤੀ ਕਰਨ, ਅਹਿਮ ਅਹੁਦਿਆਂ 'ਤੇ ਤਾਇਨਾਤ ਕਰਨ ਅਤੇ ਹਕੂਮਤੀ ਨੀਤੀ-ਨਿਰਣਿਆਂ ਨੂੰ ''ਹਿੰਦੂਤਵ'' ਦੇ ਸੰਚੇ ਵਿੱਚ ਢਾਲਣ ਦੇ ਕਦਮ ਲੈਂਦਿਆਂ, ਰਾਜਭਾਗ ਦੇ ਭਗਵੇਂਕਰਨ ਦਾ ਅਮਲ ਵਿੱਢਣ ਲਈ ਰੱਸੇ ਪੈੜੇ ਵੱਟੇ ਜਾ ਰਹੇ ਹਨ। ਦੂਜੇ ਹੱਥ— ਫਿਰਕੂ ਹਿੰਦੂ ਜਥੇਬੰਦੀਆਂ ਦੀ ਮੁਲਕ ਅੰਦਰ ਫਿਰਕੂ ਪਾਲਾਬੰਦੀ ਨੂੰ ਉਗਾਸਾ ਦੇਣ, ਲੋਕਾਂ ਨੂੰ ਭਰਾਮਾਰ ਦੰਗੇ-ਫਸਾਦਾਂ ਮੂੰਹ ਧੱਕਣ ਅਤੇ ਘੱਟਗਿਣਤੀ ਭਾਈਚਾਰਿਆਂ ਨੂੰ ਹਿੰਸਕ ਮਾਰ ਹੇਠ ਲਿਆਉਣ ਵਾਲੀਆਂ ਫਿਰਕੂ ਦਹਿਸ਼ਤਗਰਦ ਕਾਰਵਾਈਆਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਹਨਾਂ ਫਿਰਕੂ ਅਤੇ ਕਾਤਲੀ ਕਾਰਵਾਈਆਂ ਨਾਲ ਮਿਲੀਭੁਗਤ ਦਾ ਇਸ ਤੋਂ ਵੱਡਾ ਸਬੁਤ ਕੀ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਖੁਦ ਅਤੇ ਉਸਦੀ ਵਜ਼ਾਰਤੀ ਜੁੰਡਲੀ ਵੱਲੋਂ ਇਹਨਾਂ ਕਾਰਵਾਈਆਂ ਦੀ ਕਦੇ ਵੀ ਖੁੱਲ੍ਹ ਕੇ ਤੇ ਸਾਫ ਸਪਸ਼ਟ ਨਿਖੇਧੀ ਕਰਨ ਦੀ ਬਜਾਇ, ਜਾਂ ਤਾਂ ਚੁੱਪ ਵੱਟੀ ਗਈ ਹੈ ਜਾਂ ਵਿਰੋਧੀ ਧਿਰ ਦੇ ਰੌਲੇ-ਰੱਪੇ ਅਤੇ ਜਨਤਕ ਰੋਸ ਨੂੰ ਦੇਖਦਿਆਂ, ਗੋਲਮੋਲ ਤੇ ਆਮ ਬਿਆਨਬਾਜ਼ੀ ਨਾਲ ਮਸਲੇ ਤੋਂ ਧਿਆਨ ਤਿਲ੍ਹਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਫਿਰ ਇਹਨਾਂ ਫਿਰਕੂ ਹਿੰਸਕ ਕਾਰਵਾਈਆਂ ਦੀ ਸ਼ਿਕਾਰ ਧਿਰ ਅਤੇ ਇਸਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਦੋਸ਼ੀ ਠਹਿਰਾਉਣ ਦੀ ਘ੍ਰਿਣਤ ਹੱਦ ਤੱਕ ਵੀ ਜਾਇਆ ਗਿਆ ਹੈ।
ਮੁੱਕਦੀ ਗੱਲ— ਹਿੰਦੂਤਵ ਦੇ ਫਿਰਕੂ ਫਾਸ਼ੀ ਏਜੰਡੇ ਨੂੰ ਮੁਲਕ ਦੇ ਲੋਕਾਂ 'ਤੇ ਮੜ੍ਹਨ ਲਈ ਸੰਘ ਲਾਣੇ ਵੱਲੋਂ ਦੋ-ਪਾਸੜ ਹਮਲਾ ਵਿੱਢਿਆ ਜਾ ਰਿਹਾ ਹੈ। ਇਹ ਹਮਲਾ ਮੁਲਕ ਦੀ ਸਮੁੱਚੀ ਵਿਸ਼ਾਲ ਲੋਕਾਈ ਦਾ ਅੰਗ ਬਣਦੇ ਸਨਅੱਤੀ ਮਜ਼ਦੂਰਾਂ, ਕਿਸਾਨਾਂ, ਆਦਿਵਾਸੀਆਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਛੋਟੇ-ਮੋਟੇ ਕਾਰੋਬਾਰੀ ਲੋਕਾਂ ਖਿਲਾਫ ਸੇਧਤ ਹੈ। ਇਹ ਹਮਲਾ ਸਭਨਾਂ ਧਾਰਮਿਕ ਘੱਟ-ਗਿਣਤੀਆਂ, ਆਦਿਵਾਸੀ ਵਰਗਾਂ ਅਤੇ ਕੌਮੀਅਤਾਂ ਖਿਲਾਫ ਸੇਧਤ ਹੈ। ਉਹਨਾਂ ਸਭਨਾਂ ਤਾਕਤਾਂ ਖਿਲਾਫ ਸੇਧਤ ਹੈ, ਜਿਹੜੀਆਂ ਧਰਮ-ਨਿਰਪੱਖ, ਇਨਸਾਫਪਸੰਦ, ਵਿਗਿਆਨਕ, ਤਰਕਸ਼ੀਲ ਅਤੇ ਜਮਹੂਰੀ ਸੋਚ ਤੇ ਕਦਰਾਂ-ਕੀਮਤਾਂ ਦੀ ਰਾਖੀ ਅਤੇ ਸਥਾਪਤੀ ਲਈ ਯਤਨਸ਼ੀਲ ਹਨ। ਇਹ ਉਹਨਾਂ ਸਭਨਾਂ ਤਾਕਤਾਂ ਖਿਲਾਫ ਸੇਧਤ ਹੈ, ਜਿਹੜੀਆਂ ਭਾਰਤੀ ਲੋਕਾਂ ਨੂੰ ਸਾਮਰਾਜੀਆਂ ਅਤੇ ਉਹਨਾਂ ਦਾ ਪਾਣੀ ਭਰਦੀਆਂ ਭਾਰਤ ਦੀਆਂ ਵੱਡੇ ਪੂੰਜੀਪਤੀਆਂ ਤੇ ਜਾਗੀਰੂ ਜਮਾਤਾਂ ਦੀ ਅਧੀਨਗੀ ਅਤੇ ਲੁੱਟ-ਖੋਹ ਤੋਂ ਮੁਕਤ ਕਰਾਉਂਦਿਆਂ, ਹਕੀਕੀ ਲੋਕ ਜਮਹੂਰੀ ਅਤੇ ਖੁਸ਼ਹਾਲ ਮੁਲਕ ਦੀ ਸਿਰਜਣਾ ਲਈ ਜੂਝ ਰਹੀਆਂ ਹਨ।
ਇਸ ਲਈ, ਲੋਕ-ਦਰਦੀ ਅਤੇ ਲੋਕ-ਹਿਤੈਸ਼ੀ ਪਾਲੇ ਵਿੱਚ ਖੜ੍ਹੀਆਂ ਸਭਨਾਂ ਤਾਕਤਾਂ, ਵਿਸ਼ੇਸ਼ ਕਰਕੇ ਕਮਿਊਨਿਸਟ ਇਨਕਲਾਬੀ ਅਤੇ ਜਮਹੂਰੀ ਇਨਕਲਾਬੀ ਤਾਕਤਾਂ ਨੂੰ ਇਹ ਗੱਲ ਮਨੀਂ ਵਸਾਉਣੀ ਚਾਹੀਦੀ ਹੈ ਕਿ ਮੁਲਕ ਅੰਦਰ ਸੰਘ ਲਾਣੇ ਦੀਆਂ ਸਰਗਰਮੀਆਂ ਮਹਿਜ਼ ਭਟਕਾਉਣ-ਤਿਲ੍ਹਕਾਉਣ, ਪਾਟਕ ਪਾਉਣ ਅਤੇ ਭਰਾਮਾਰ ਦੰਗੇ-ਫਸਾਦ ਭੜਕਾਉਣ ਰਾਹੀਂ ਪਾਲਾਬੰਦੀ ਕਰਨ ਦੇ ਮਕਸਦ ਤੱਕ ਹੀ ਸੀਮਤ ਨਹੀਂ ਹਨ, ਇਹ ਹਾਕਮ ਜਮਾਤੀ ਸਿਆਸੀ ਅਖਾੜੇ ਵਿੱਚ ਭਾਰੂ ਚਲੇ ਆ ਰਹੇ ਅਖੌਤੀ ਧਰਮ-ਨਿਰਪੱਖ ਤੇ ਜਮਹੂਰੀ ਰੁਝਾਨ ਦੇ ਮੁਕਾਬਲੇ ਉੱਭਰ ਰਹੇ ਅਤੇ ਇਸ ਨੂੰ ਚੁਣੌਤੀ ਦੇ ਰਹੇ ਪਿਛਾਖੜੀ ਫਿਰਕੂ ਫਾਸ਼ੀ ਰੁਝਾਨ ਦੀ ਸ਼ਕਲ ਅਖਤਿਆਰ ਕਰ ਰਹੀਆਂ ਹਨ। ਇਸ ਲਈ, ਸੰਘ ਲਾਣੇ ਦੀਆਂ ਫਿਰਕੂ ਫਾਸ਼ੀ ਵਿਚਾਰਧਾਰਕ, ਸਿਆਸੀ ਅਤੇ ਹਮਲਾਵਰ ਹਿੰਸਕ ਕਾਰਵਾਈਆਂ ਖਿਲਾਫ ਲੜਾਈ ਦਾ ਕਾਰਜ ਇੱਕ ਸੀਮਤ, ਵਕਤੀ ਜਾਂ ਚਲੰਤ ਕਾਰਜ ਹੋਣ ਦੀ ਬਜਾਇ, ਇੱਕ ਵਿਸ਼ੇਸ਼ ਅਹਿਮੀਅਤ ਹਾਸਲ ਕਰ ਗਿਆ ਹੈ। ਸਭਨਾਂ ਕਮਿਊਨਿਸਟ ਇਨਕਲਾਬੀ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਨੂੰ ਇਸ ਕਾਰਜ ਨੂੰ ਨਾ ਸਿਰਫ ਇਸ ਨੂੰ ਆਪਣੇ ਇਨਕਲਾਬੀ ਅਭਿਆਸ ਦਾ ਅੰਗ ਬਣਾਉਂਦਿਆਂ, ਲਗਾਤਾਰ ਸੰਬੋਧਿਤ ਹੋਣਾ ਚਾਹੀਦਾ ਹੈ ਅਤੇ ਸਫਾ-8 'ਤੇ ਦਰਜ਼ ਧਾਰਮਿਕ ਘੱਟ ਗਿਣਤੀਆਂ, ਕੌਮੀਅਤਾਂ ਅਤੇ ਲੋਕਾਂ ਦੇ ਜਮਹੂਰੀ ਸਰੋਕਾਰਾਂ ਨਾਲ ਸਬੰਧਤ ਮੰਗਾਂ ਨੂੰ ਬੁਲੰਦ ਕਰਨਾ ਚਾਹੀਦਾ ਹੈ, ਸਗੋਂ ਇਹਨਾਂ ਪਿਛਾਖੜੀ ਕਾਰਵਾਈਆਂ ਖਿਲਾਫ ਜਿਹੜੀਆਂ ਵੀ ਖਰੀਆਂ ਧਰਮ-ਨਿਰਪੱਖ, ਇਨਸਾਫਪਸੰਦ, ਵਿਗਿਆਨਕ ਤੇ ਤਰਕਸ਼ੀਲ ਸੋਚ ਦੀਆਂ ਮਾਲਕ ਕੌਮਪ੍ਰਸਤ, ਦੇਸ਼ਭਗਤ ਅਤੇ ਲੋਕ-ਹਿਤੈਸ਼ੀ ਤਾਕਤਾਂ ਨੂੰ ਲਾਮਬੰਦ ਕੀਤਾ ਜਾ ਸਕਦਾ ਹੈ, ਉਹਨਾਂ ਨੂੰ ਲਾਮਬੰਦ ਕਰਨਾ ਚਾਹੀਦਾ ਹੈ ਅਤੇ ਸੰਘ ਲਾਣੇ ਦੀਆਂ ਪਿਛਾਖੜੀ ਕਾਰਵਾਈਆਂ ਖਿਲਾਫ ਵੱਧ ਤੋਂ ਵੱਧ ਸੰਭਵ ਵਿਸ਼ਾਲ ਸਾਂਝੀਆਂ/ਤਾਲਮੇਲਵੀਆਂ ਸਰਗਰਮੀਆਂ ਦਾ ਤੋਰਾ ਤੋਰਨਾ ਚਾਹੀਦਾ ਹੈ।
ਘੱਟ-ਗਿਣਤੀਆਂ ਲਈ ਕੌਮੀ ਕਮਿਸ਼ਨ ਵਲੋਂ ਦਾਦਰੀ ਘਟਨਾ ਨੂੰ ਪਹਿਲੋਂ ਸੋਚੀ-ਸਮਝੀ ਵਿਉਂਤ ਦਾ ਸਿੱਟਾ ਕਰਾਰ
ਘੱਟ ਗਿਣਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਮ.) ਕੇਂਦਰੀ ਹਕੂਮਤ ਵਲੋਂ ਬਣਾਈ ਹੋਈ ਇੱਕ ਸੰਸਥਾ ਹੈ, ਜਿਸ ਦਾ ਮਕਸਦ ਮੁਲਕ ਵਿਚਲੀਆਂ ਘੱਟ-ਗਿਣਤੀਆਂ ਦੇ ''ਸੰਵਿਧਾਨਿਕ ਅਧਿਕਾਰਾਂ'' ਦੀ ਰਾਖੀ ਕਰਨਾਂ ਮਿਥਿਆ ਗਿਆ ਹੈ। ਇਸ ਕਮਿਸ਼ਨ ਵਲੋਂ ਦਾਦਰੀ ਨੇੜੇ ਬਿਸਹੇੜਾ ਪਿੰਡ 'ਚ ਹਿੰਦੂ ਫ਼ਿਰਕੂ ਜਨੂੰਨੀਆਂ ਵਲੋਂ ਮੁਹੰਮਦ ਅਖ਼ਲਾਕ ਨੂੰ ਕਤਲ ਕਰਨ ਅਤੇ ਉਸਦੇ ਪ੍ਰੀਵਾਰਕ ਮੈਂਬਰਾਂ ਨੂੰ ਜਖ਼ਮੀ ਕਰਨ ਬਾਰੇ ਪੜਤਾਲੀਆਂ ਰਿਪੋਰਟ ਜਾਰੀ ਕੀਤੀ ਗਈ ਹੈ।
ਰਿਪੋਰਟ 'ਚ ਕਿਹਾ ਗਿਆ ਹੈ ''ਟੀਮ ਮਹਿਸੂਸ ਕਰਦੀ ਹੈ ਕਿ ਮੰਦਰ ਦੇ ਲਾਊਡ ਸਪੀਕਰ ਤੋਂ ਐਲਾਨ ਹੋਣ ਤੋਂ ਬਾਦ ਮਿੰਟਾਂ ਅੰਦਰ ਹੀ ਐਡੀ ਗਿਣਤੀ 'ਚ ਭੀੜ ਦਾ ਜਮ੍ਹਾਂ ਹੋਣਾ, ਅਤੇ ਉਹ ਵੀ ਉਸ ਵਕਤ ਜਦੋਂ ਪਿੰਡ ਦੇ ਬਹੁਤੇ ਬਸ਼ਿੰਦੇ ਸੁੱਤੇ ਪਏ ਹੋਣ ਦਾ ਦਾਅਵਾ ਕਰਦੇ ਹਨ, ਇਸ ਗੱਲ ਵੱਲ ਸੰਕੇਤ ਕਰਦਾ ਹੈ, ਕਿ ਪਹਿਲਾਂ ਕੋਈਂ ਗਿਣੀ ਮਿਥੀ ਵਿਉਂਤ ਬਣਾਈ ਹੋਈ ਸੀ।'' ਰਿਪੋਰਟ ਵਲੋਂ ਕੇਂਦਰੀ ਰਾਜ ਗ੍ਰਹਿ ਮੰਤਰੀ ਮਹੇਸ਼ ਸ਼ਰਮਾਂ ਵਲੋਂ ਇਸ ਘਟਨਾ ਨੂੰ ਆਪ-ਮੁਹਾਰੀ ਵਾਪਰੀ ਘਟਨਾ ਕਰਾਰ ਦੇਣ ਦੀ ਕਹਾਣੀ ਨੂੰ ਰੱਦ ਕਰਦਿਆਂ ਕਿਹਾ ਕਿ ''ਇੱਕ ਨਿਹੱਥੇ ਪ੍ਰੀਵਾਰ 'ਤੇ ਹਮਲਾ ਕਰਨ ਵਾਸਤੇ ਲੋਕਾਂ ਨੂੰ ਉਕਸਾਉਣ-ਭੜਕਾਉਣ ਲਈ ਮੰਦਰ ਵਰਗੇ ਇੱੱਕ ਪਵਿੱਤਰ ਸੰਸਥਾਨ ਦੀ ਵਰਤੋਂ ਕੀਤੀ ਗਈ ਹੈ, ਇਸ ਲਈ ਇਸ ਘਟਨਾ ਨੂੰ ਮਹਿਜ਼ ਦੁਰਘਟਨਾ ਕਹਿਣਾ ਮਾਮਲੇ ਨੂੰ ਮਾਮੂਲੀ ਬਣਾਕੇ ਪੇਸ਼ ਕਰਨਾ ਹੈ।''
ਕਮਿਸ਼ਨ ਕੋਲ ਪੱਛਮੀ ਉੱਤਰ ਪ੍ਰਦੇਸ਼ 'ਚ ਵਧ-ਫੈਲ ਰਹੇ ਧਾਰਮਿਕ ਅਸਹਿਣਸ਼ੀਲਤਾ ਅਤੇ ਦੂਜੇ ਧਰਮ 'ਤੇ ਨਿਗਾਹਦਾਰੀ ਰੱਖਣ ਨੂੰ ਇੱਕ ਅਲਾਮਤ ਕਿਹਾ ਗਿਆ ਹੈ।

No comments:
Post a Comment