ਸਿੱਖ ਧਾਰਮਿਕ ਘੱਟ-ਗਿਣਤੀ 'ਚ ਫੈਲ ਰਹੀ ਬੇਚੈਨੀ ਅਤੇ ਔਖ ਦਾ ਨਤੀਜਾ
ਪੰਜਾਬ ਅੰਦਰ ਸਿੱਖ ਜਨਤਾ ਦੇ ਗੁੱਸੇ ਦਾ ਭਬੂਕਾ
ਪੰਜਾਬ ਅੰਦਰ ਸਿੱਖ ਜਨਤਾ ਦੇ ਗੁੱਸੇ ਦਾ ਭਬੂਕਾ
-ਨਵਜੋਤ
ਪੰਜਾਬ ਅੰਦਰ ਕਈ ਦਿਨਾਂ ਤੋਂ ਸਿੱਖ ਧਰਮ ਨਾਲ ਸਬੰਧਤ ਜਨਤਾ ਵਿੱਚ ਤਿੱਖੇ ਗੁੱਸੇ ਦੀ ਲਹਿਰ ਭੜਕੀ ਹੋਈ ਹੈ। ਇਸਨੇ ਨਾ ਸਿਰਫ ਸਮੁੱਚੇ ਪੰਜਾਬ ਅੰਦਰ ਸਿੱਖ ਜਨਤਾ ਦੇ ਵੱਡੇ ਹਿੱਸਿਆਂ, ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ, ਸਗੋਂ ਇਹ ਵਿਦੇਸ਼ਾਂ ਅੰਦਰ ਵਸਦੀ ਸਿੱਖ ਜਨਤਾ ਵਿੱਚ ਵੀ ਫੈਲਦੀ ਜਾ ਰਹੀ ਹੈ। ਪੰਜਾਬ ਅੰਦਰ ਪਿੰਡ-ਦਰ-ਪਿੰਡ ਲੋਕਾਂ ਵੱਲੋਂ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ। ਕੌਮੀ ਸ਼ਾਹ ਰਾਹ ਅਤੇ ਸੂਬਾਈ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਹਨ। ਬਜ਼ਾਰ ਬੰਦ ਕਰਵਾਏ ਜਾ ਰਹੇ ਹਨ। ਬਹੁਤ ਸਾਰੀਆਂ ਥਾਵਾਂ 'ਤੇ ਨੌਜਵਾਨਾਂ ਦੇ ਕਾਫਲਿਆਂ ਵੱਲੋਂ ਤਲਵਾਰਾਂ ਲਹਿਰਾ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਗੁਰਦੁਆਰਿਆਂ ਵਿੱਚ ਇਕੱਠ ਕਰਕੇ ਰੋਸ ਮਤੇ ਪਾਏ ਜਾ ਰਹੇ ਹਨ। ਵਿਦੇਸ਼ 'ਚੋਂ ਵੀ ਸਿੱਖ ਜਨਤਾ ਦੇ ਇਕੱਠਾਂ ਅਤੇ ਮੁਜਾਹਰਿਆਂ ਦੀਆਂ ਖਬਰਾਂ ਆ ਰਹੀਆਂ ਹਨ। ਇਸ ਰੋਸ ਲਹਿਰ ਦਾ ਸੇਕ ਅਕਾਲੀ ਦਲ (ਬਾਦਲ) ਤੱਕ ਜਾ ਪਹੁੰਚਿਆ ਹੈ। ਅਕਾਲੀ ਦਲ (ਬਾਦਲ) ਨਾਲ ਸਬੰਧਤ ਵਜ਼ੀਰਾਂ, ਵਿਧਾਨ ਸਭਾ ਦੇ ਮੈਂਬਰਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਬਹੁਤ ਸਾਰੇ ਪਿੰਡਾਂ/ਇਲਾਕਿਆਂ ਵਿੱਚ ਦਾਖਲ ਹੋਣਾ ਮੁਸ਼ਕਲ ਹੋ ਗਿਆ ਹੈ। ਅਕਾਲੀ ਦਲ (ਬਾਦਲ) ਨਾਲ ਸਬੰਧਤ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਵੀ ਇਸ ਰੋਸ ਲਹਿਰ ਦੀ ਹਮਾਇਤ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਕੁੱਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਸਤੀਫੇ ਦੇਣ ਦਾ ਐਲਾਨ ਤੱਕ ਕਰਨਾ ਪਿਆ ਹੈ।
ਰੋਸ ਲਹਿਰ ਦਾ ਪਹਿਲਾ ਫੌਰੀ ਕਾਰਨ
ਇਸ ਰੋਸ ਅਤੇ ਗੁੱਸੇ ਦੀ ਲਹਿਰ ਨੂੰ ਚੁਆਤੀ ਲਾਉਣ ਵਾਲਾ ਪਹਿਲਾ ਕਾਰਨ ਅਕਾਲ ਤਖਤ ਅਤੇ ਦੂਸਰੇ ਤਖਤਾਂ ਦੇ ਜੱਥੇਦਾਰ ਸਾਹਿਬਾਨਾਂ ਵੱਲੋਂ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ ਮੁਕਤ ਕਰਨਾ ਅਤੇ ਉਸ ਖਿਲਾਫ ਜਾਰੀ ਕੀਤਾ ਹੁਕਮਨਾਮਾ ਵਾਪਸ ਲੈਣਾ ਬਣਿਆ ਹੈ। ਚੇਤੇ ਰਹੇ ਕਿ ਡੇਰਾ ਸਰਸਾ ਦੇ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਅਤੇ ਗੁਰੂ ਗੋਬਿੰਦ ਸਿੰਘ ਵੱਲੋਂ ਅੰਮ੍ਰਿਤ ਛਕਾਉਣ ਦੀ ਤਰਜ਼ 'ਤੇ ਸੱਤ ਜਣਿਆਂ ਨੂੰ ਜਾਮ-ਏ-ਇੰਸਾਂ ਪਿਲਾਉਣ ਦਾ ਦੋਸ਼ ਲਾਉਂਦਿਆਂ, ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਸਮੁੱਚੀ ਸਿੱਖ ਜਨਤਾ ਨੂੰ ਡੇਰਾ ਸਿਰਸਾ ਦੇ ਮੁਖੀ ਦਾ ਸਮਾਜਿਕ ਬਾਈਕਾਟ ਕਰਨ ਲਈ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਅਕਾਲੀ-ਭਾਜਪਾ ਗੱਠਜੋੜ ਵੱਲੋਂ ਆ ਰਹੀਆਂ 2017 ਦੀਆਂ ਪੰਜਾਬ ਵਿਧਾਨ ਸਭਾਈ ਚੋਣਾਂ ਦੌਰਾਨ ਹਰਿਆਣਾ ਵਿਧਾਨ ਸਭਾਈ ਚੋਣਾਂ ਵਾਂਗ ਡੇਰਾ ਸਰਸਾ ਦੀ ਹਮਾਇਤ ਪ੍ਰਾਪਤ ਕਰਨ ਲਈ ਇਸ ਹੁਕਮਨਾਮੇ ਨੂੰ ਰੱਦ ਕਰਵਾਉਣ ਦੀ ਚਾਲ ਚੱਲੀ ਗਈ। ਬਾਦਲ ਜੁੰਡਲੀ ਵੱਲੋਂ ਅਕਾਲ ਤਖਤ ਅਤੇ ਦੂਸਰੇ ਤਖਤਾਂ ਦੇ ਜਥੇਦਾਰਾਂ ਨੂੰ ਇਹ ਹੁਕਮਨਾਮਾ ਵਾਪਸ ਕਰਨ ਦਾ ਫੁਰਮਾਨ ਚਾੜ੍ਹਿਆ ਗਿਆ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਬੜੀ ਕਾਹਲੀ ਨਾਲ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਸੱਦੀ ਗਈ ਅਤੇ ਉਸ ਵਿੱਚ ਡੇਰਾ ਮੁਖੀ ਵੱਲੋਂ ਲਿਖੀ ਗਈ ਇੱਕ ਚਿੱਠੀ ਦੇ ਆਧਾਰ 'ਤੇ ਡੇਰਾ ਮੁਖੀ ਦੇ ਬਾਈਕਾਟ ਸਬੰਧੀ ਹੁਕਮਨਾਮਾ ਰੱਦ ਕਰਦਿਆਂ, ਉਸ ਨੂੰ ਮੁਆਫੀ ਦੇ ਦਿੱਤੀ ਗਈ। ਅਖਬਾਰਾਂ ਵਿੱਚ ਚੱਲੀ ਚਰਚਾ 'ਚੋਂ ਇਹ ਗੱਲ ਵੀ ਉੱਭਰੀ ਹੈ ਕਿ ਇਸ ਚਿੱਠੀ ਵਿੱਚ ਡੇਰਾ ਮੁਖੀ ਵੱਲੋਂ ਨਾ ਆਪਣੀ ਗਲਤੀ ਪ੍ਰਵਾਨ ਕੀਤੀ ਗਈ ਹੈ ਅਤੇ ਨਾ ਹੀ ਮੁਆਫੀ ਮੰਗੀ ਗਈ ਹੈ। ਇਸ ਲਈ ਸਿੱਖ ਜਨਤਾ ਅੰਦਰ ਇਹ ਪ੍ਰਭਾਵ ਬਣਿਆ ਹੈ ਕਿ ਫਿਰ ਉਸ ਨੂੰ ਮੁਆਫੀ ਕਿਸ ਆਧਾਰ 'ਤੇ ਦਿੱਤੀ ਗਈ ਹੈ? ਇੱਕ ਹੋਰ ਗੱਲ 'ਤੇ ਸਿੱਖ ਜਨਤਾ ਅੰਦਰ ਸਖਤ ਇਤਰਾਜ਼ ਪੈਦਾ ਹੋਇਆ ਹੈ। ਉਹ ਹੈ ਕਿ ਅਕਾਲ ਤਖਤ ਤੋਂ ਦੋਸ਼ੀ ਕਰਾਰ ਦਿੱਤੇ ਕਿਸੇ ਵੀ ਵਿਅਕਤੀ ਵੱਲੋਂ ਆਪਣੀ ''ਭੁੱਲ ਬਖਸ਼ਾਉਣ'' ਲਈ ਅਕਾਲ ਤਖਤ 'ਤੇ ਖੁਦ ਪੇਸ਼ ਹੋਣ ਦੀ ਮਰਿਆਦਾ ਪ੍ਰਚੱਲਤ ਹੈ। ਗੁਰਬਖਸ਼ ਸਿੰਘ ਕਾਲਾ ਅਫਗਾਨਾ (ਕੈਨੇਡਾ ਵਾਸੀ) ਅਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਦਰਸ਼ਨ ਸਿੰਘ ਰਾਗੀ ਨੂੰ ਮਾਫੀ ਦੇਣ ਤੋਂ ਇਸ ਕਰਕੇ ਇਨਕਾਰ ਕੀਤਾ ਗਿਆ ਹੈ ਕਿਉਂਕਿ ਉਹ ਅਕਾਲ ਤਖਤ 'ਤੇ ਖੁਦ ਪੇਸ਼ ਨਹੀਂ ਹੋ ਸਕੇ। ਇਸ ਲਈ, ਡੇਰਾ ਮੁਖੀ ਨੂੰ ਬਿਨਾ ਗਲਤੀ ਮੰਨਿਆਂ, ਬਿਨਾ ਮਾਫੀ ਮੰਗਿਆਂ ਫਟਾਫਟ ਦੋਸ਼-ਮੁਕਤ ਕਰਾਰ ਦੇਣ ਅਤੇ ਹੁਕਮਨਾਮਾ ਰੱਦ ਕਰਨ ਦੀ ਕਾਰਵਾਈ ਨੇ ਸਿੱਖ ਜਨਤਾ ਵਿੱਚ ਤਖਤ ਜਥੇਦਾਰਾਂ ਦੇ ਬਾਦਲ ਜੁੰਡਲੀ ਦੇ ਕਠਪੁਤਲੀ ਹੋਣ ਦੇ ਪਹਿਲਾਂ ਹੀ ਬਣੇ ਪ੍ਰਭਾਵ ਨੂੰ ਹੋਰ ਪੱਕਾ ਕਰਨ ਦਾ ਰੋਲ ਨਿਭਾਇਆ ਹੈ।
ਸਿੱਖ ਧਾਰਮਿਕ ਸੰਸਥਾਵਾਂ ਤੇ
ਸੰਸਥਾਨਾਂ ਦੀ ਦੁਰਵਰਤੋਂ
ਇਸ ਕਾਰਵਾਈ ਨੇ ਸਿੱਖ ਧਾਰਮਿਕ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਸਥਾਨਾਂ, ਧਾਰਮਿਕ ਸੰਸਥਾਨਾਂ ਦੇ ਆਮਦਨ ਦੇ ਸੋਮਿਆਂ ਅਤੇ ਧਾਰਮਿਕ ਰਹੁ-ਰੀਤਾਂ ਅਤੇ ਮਰਿਆਦਾ ਦੀ ਮੌਕਾਪ੍ਰਸਤ ਸਿਆਸਤਦਾਨਾਂ ਵਿਸ਼ੇਸ਼ ਕਰਕੇ ਬਾਦਲ ਜੁੰਡਲੀ ਵੱਲੋਂ ਲਗਾਤਾਰ ਕੀਤੀ ਜਾ ਰਹੀ ਦੁਰ-ਵਰਤੋਂ ਅਤੇ ਬੇਹੁਰਮਤੀ ਖਿਲਾਫ ਸਿੱਖ ਜਨਤਾ ਅੰਦਰ ਧੁਖ ਰਹੀ ਔਖ ਤੇ ਗੁੱਸੇ ਨੂੰ ਚੁਆਤੀ ਲਾਉਣ ਦਾ ਕੰਮ ਕੀਤਾ ਹੈ। ਇਹ ਗੱਲ ਸਭ ਨੂੰ ਪਤਾ ਹੈ ਕਿ ਪੰਜਾਬ ਅੰਦਰ ਹਾਕਮ ਜਮਾਤੀ ਸਿਆਸੀ ਖੇਡ ਦੀਆਂ ਦੋ ਮੋਹਰੀ ਧਿਰਾਂ— ਸ਼੍ਰੋਮਣੀ ਅਕਾਲੀ ਦਲ (ਇਸ ਤੋਂ ਵੱਖ ਹੋਈਆਂ ਫਾਂਕਾਂ) ਅਤੇ ਕਾਂਗਰਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਆਪੋ ਆਪਣਾ ਕਬਜ਼ਾ ਕਰਨ ਲਈ ਦਹਾਕਿਆਂ ਤੋਂ ਕੁੱਕੜਖੋਹੀ ਚੱਲਦੀ ਆ ਰਹੀ ਹੈ। ਇਸ ਕੁੱਕੜਖੋਹੀ ਵਿੱਚ ਅਕਾਲੀ ਦਲ ਦਾ ਪਲੜਾ ਹਮੇਸ਼ਾਂ ਭਾਰੀ ਰਿਹਾ ਹੈ ਅਤੇ ਉਸਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਰਿਹਾ ਹੈ। ਇਉਂ, ਸਿੱਖਾਂ ਦੀ ''ਪਾਰਲੀਮੈਂਟ'' ਸਮਝੀ ਜਾਂਦੀ ਇਸ ਸੰਸਥਾ 'ਤੇ ਕਾਬਜ਼ ਹੁੰਦਿਆਂ, ਅਕਾਲੀ ਦਲ ਵੱਲੋਂ ਇਸ ਸੰਸਥਾ ਦੀ ਮਾਨਤਾ, ਆਰਥਿਕ ਸੋਮਿਆਂ ਅਤੇ ਧਾਰਮਿਕ ਮਾਨਤਾ ਨੂੰ ਪੰਜਾਬ ਦੀ ਹਕੂਮਤੀ ਗੱਦੀ ਹਥਿਆਉਣ ਲਈ ਪੌੜੀ ਵਜੋਂ ਵਰਤਿਆ ਜਾਂਦਾ ਹੈ। ਧਰਮ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਵਰਤਣ ਦੀ ਇਸ ਕਾਰਵਾਈ ਨੂੰ ਮੌਕਾਪ੍ਰਸਤ ਅਕਾਲੀ ਸਿਆਸਤਦਾਨ ਇਹ ਕਹਿੰਦਿਆਂ, ਵਾਜਬ ਠਹਿਰਾਉਂਦੇ ਹਨ ਕਿ ਸਿੱਖਾਂ ਅੰਦਰ ਸਿਆਸਤ ਅਤੇ ਧਰਮ ਨੂੰ ਵੱਖ ਨਹੀਂ ਕੀਤਾ ਜਾ ਸਕਦਾ।
ਇੱਕ ਉਹ ਵੇਲਾ ਸੀ, ਜਦੋਂ ਛੇਵੇਂ ਗੁਰੂ ਹਰਗੋਬਿੰਦ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਵੱਲੋਂ ਆਪਣੇ ਅਧਿਆਤਮਿਕ-ਧਾਰਮਿਕ ਵਿਸ਼ਵਾਸ਼ ਅਤੇ ਅਕੀਦਿਆਂ ਨੂੰ ਉਹਨਾਂ ਸਮਿਆਂ ਦੇ ਜਾਬਰ ਹਾਕਮਾਂ ਦੇ ਧੱਕੇ, ਜਬਰੋ-ਜ਼ੁਲਮ ਅਤੇ ਲੁੱਟ-ਮਾਰ ਖਿਲਾਫ ਹਥਿਆਰਬੰਦ ਟੱਕਰ ਅੰਦਰ ਆਪਣੇ ਉਤਸ਼ਾਹ ਦੇ ਵਿਚਾਰਧਾਰਕ ਸੋਮਿਆਂ ਵਜੋਂ ਵਰਤਿਆ ਗਿਆ ਸੀ। ਇੱਕ ਵੇਲਾ ਉਹ ਆਇਆ ਜਦੋਂ ਬਰਤਾਨਵੀ ਸਾਮਰਾਜੀ ਹਾਕਮਾਂ ਵੱਲੋਂ ਸਿੱਖ ਧਾਰਮਿਕ ਸੰਸਥਾਨਾਂ 'ਤੇ ਮਹੰਤ ਟੋਲਿਆਂ ਨੂੰ ਕਾਬਜ਼ ਕਰਵਾਇਆ ਗਿਆ ਅਤੇ ਇਹਨਾਂ ਧਾਰਮਿਕ ਸੰਸਥਾਨਾਂ ਦੀ ਆਪਣੇ ਸਾਮਰਾਜੀ ਸਿਆਸੀ ਹਿੱਤਾਂ ਲਈ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ। ਸਿੱਖ ਧਾਰਮਿਕ ਸੰਸਥਾਨਾਂ ਦੀ ਅੰਗਰੇਜ਼ ਹਾਕਮਾਂ ਵੱਲੋਂ ਦੁਰਵਰਤੋਂ ਦਾ ਸਿਰਾ ਇਹ ਸੀ ਕਿ 1919 ਦੀ ਵਿਸਾਖੀ ਮੌਕੇ ਜਦੋਂ ਜਲ੍ਹਿਆਂਵਾਲਾ ਬਾਗ ਦਾ ਖ਼ੂਨੀ ਸਾਕਾ ਰਚਾਇਆ ਗਿਆ ਤਾਂ ਉਸ ਵੇਲੇ ਅਕਾਲ ਤਖਤ ਦੇ ਜਥੇਬੰਦ ਅਰੂੜ ਸਿੰਘ ਵੱਲੋਂ ਇਸ ਸਾਕੇ ਦੇ ਮੁੱਖ ਮੁਜਰਮ ਅੰਗਰੇਜ਼ ਪੁਲਸ ਮੁਖੀ ਜਨਰਲ ਡਾਇਰ ਨੂੰ ਸਿਰੋਪਾ ਭੇਟ ਕੀਤਾ ਗਿਆ ਅਤੇ ਉਸਦੀ ਨਿਹੱਥੀ ਜਨਤਾ ਨੂੰ ਗੋਲੀਆਂ ਨਾਲ ਭੁੰਨ ਸੁੱਟਣ ਲਈ ਪ੍ਰਸੰਸਾ ਦੇ ਸੋਹਲੇ ਗਾਏ ਗਏ। ਇਸ ਤੋਂ ਬਾਅਦ ਸਿੱਖ ਜਨਤਾ ਅੰਦਰ ਆਪਣੇ ਧਾਰਮਿਕ ਸੰਸਥਾਨਾਂ ਨੂੰ ਅੰਗਰੇਜ਼ ਹਾਕਮਾਂ ਦੇ ਗਲਬੇ ਤੋਂ ਮੁਕਤ ਕਰਵਾਉਣ ਲਈ ਗੁਰੂ ਕੇ ਬਾਗ, ਨਨਕਾਣਾ ਸਾਹਿਬ ਅਤੇ ਜੈਤੋ ਦੇ ਮੋਰਚਿਆਂ ਦਾ ਸਿਲਸਿਲਾ ਸ਼ੁਰੂ ਹੋਇਆ। ਇਹਨਾਂ ਮੋਰਚਿਆਂ ਵਿੱਚ ਸੈਂਕੜੇ ਸਿੱਖ ਵਿਅਕਤੀਆਂ ਵੱਲੋਂ ਜੇਲ੍ਹਾਂ-ਥਾਣਿਆਂ ਅੰਦਰ ਤਸੀਹਿਆਂ ਦਾ ਸਾਹਮਣਾ ਕੀਤਾ ਗਿਆ। ਆਪਣੀਆਂ ਧਾਰਮਿਕ ਪ੍ਰੰਪਰਾਵਾਂ ਅਤੇ ਮਰਿਆਦਾਵਾਂ ਦੀ ਹੋ ਰਹੀ ਬੇਅਦਬੀ ਖਿਲਾਫ ਸਿੱਖ ਜਨਤਾ ਦੇ ਇਸ ਬੇਮਿਸਾਲ, ਅਣਲਿੱਫ ਅਤੇ ਜੂਝਾਰ ਉਭਾਰ ਨੂੰ ਖ਼ੂਨ ਵਿੱਚ ਡਬੋਣ ਲਈ ਬਰਤਾਨਵੀ ਹਾਕਮਾਂ ਵੱਲੋਂ ਪੂਰਾ ਟਿੱਲ ਲਾਇਆ ਗਿਆ, ਪਰ ਉਹਨਾਂ ਦੇ ਹਰ ਜਾਬਰ ਵਾਰ ਨਾਲ ਇਹ ਉਭਾਰ ਹੋਰ ਪ੍ਰਚੰਡ ਹੁੰਦਾ ਗਿਆ। ਆਖਰ ਅੰਗਰੇਜ਼ ਹਾਕਮਾਂ ਵੱਲੋਂ ਸਮੇਂ ਦੀ ਨਜ਼ਾਕਤ ਪਛਾਣਦਿਆਂ, 1925 ਵਿੱਚ ਸਮੂਹ ਗੁਰਦੁਆਰਿਆਂ 'ਤੇ ਸਿੱਖ ਜਨਤਾ ਦੇ ਆਜ਼ਾਦਾਨਾ ਤੇ ਖੁਦਮੁਖਤਿਆਰ ਢੰਗ ਨਾਲ ਸਾਂਭ-ਸੰਭਾਲ ਦੇ ਹੱਕ ਨੂੰ ਪ੍ਰਵਾਨ ਕਰਨਾ ਪਿਆ ਅਤੇ ਇਸ ਸਾਂਭ-ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ ਇੱਕ ਬਾਕਾਇਦਾ ਕਾਨੂੰਨ ਪਾਸ ਕਰਨ ਦਾ ਕੌੜਾ ਅੱਕ ਚੱਬਣਾ ਪਿਆ।
ਸਿੱਖ ਧਾਰਮਿਕ ਸੰਸਥਾਵਾਂ ਮੌਕਾਪ੍ਰਸਤ ਸਿਆਸੀ ਖੇਡ ਦਾ ਅਖਾੜਾ
ਅੱਜ ਫਿਰ ਸਿੱਖ ਧਾਰਮਿਕ ਸੰਸਥਾਵਾਂ ਅਤੇ ਸੰਸਥਾਨ— ਸਾਮਰਾਜ-ਸੇਵਕ ਮੌਕਾਪ੍ਰਸਤ ਸਿਆਸਤਦਾਨਾਂ ਦੀ ਲੋਕ-ਦੁਸ਼ਮਣ ਸਿਆਸੀ ਖੇਡ ਦਾ ਅਖਾੜਾ ਬਣੇ ਹੋਏ ਹਨ। ਬਾਦਲ ਜੁੰਡਲੀ ਵੱਲੋਂ ਸਿੱਖ ਧਾਰਮਿਕ ਸੰਸਥਾਵਾਂ, ਸੰਸਥਾਨਾਂ ਅਤੇ ਇਸਦੇ ਸੋਮਿਆਂ ਦੀ ਦੁਰਵਰਤੋਂ ਦੀਆਂ ਸਭ ਹੱਦਾਂ ਲੰਘ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਟਿਕਟਾਂ ਸਿੱਖ ਧਾਰਮਿਕ ਰਹੁ-ਰੀਤਾਂ ਅਤੇ ਮਰਿਆਦਾ ਦੀ ਪਾਲਣਹਾਰ ਕਿਸੇ ਸਖਸ਼ੀਅਤ ਨੂੰ ਦੇਣ ਦੀ ਬਜਾਇ, ਆਪਣੀ ਜੁੰਡਲੀ ਦੇ ਵਫ਼ਾਦਾਰ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਤੋਂ ਬਾਅਦ ਤਾਂ ਇਹ ਅਮਲ ਹੋਰ ਵੀ ਨੰਗਾ-ਚਿੱਟਾ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਮਹਿਜ਼ ਇੱਕ ਡਰਾਮਾ ਬਣ ਕੇ ਰਹਿ ਗਈ ਹੈ। ਹਰ ਵਰ੍ਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਹੋਣ ਵਾਲੇ ਜਨਰਲ ਇਜਲਾਸ ਵਿੱਚ ਪ੍ਰਧਾਨ ਦੀ ਚੋਣ ਇਜਲਾਸ ਵੱਲੋਂ ਨਹੀਂ ਕੀਤੀ ਜਾਂਦੀ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇਜਲਾਸ ਵਿੱਚ ਭੇਜੇ ਜਾਂਦੇ ਇੱਕ ਬੰਦ ਲਫਾਫੇ ਵਿੱਚੋਂ ਨਿਕਲਦਾ ਹੈ। ਇਸ ਬੰਦ ਲਿਫਾਫੇ ਵਿੱਚ ਭੇਜੀ ਪਰਚੀ 'ਤੇ ਪ੍ਰਧਾਨ ਵੱਲੋਂ ਜਿਸਦਾ ਵੀ ਨਾਂ ਝਰੀਟਿਆ ਹੁੰਦਾ ਹੈ, ਉਸਦੀ ਪ੍ਰਧਾਨ ਬਣਨ ਦੀ ਲਾਟਰੀ ਨਿਕਲ ਆਉਂਦੀ ਹੈ। ਅਗਲੀ ਹੱਦ ਇਹ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ 'ਚੋਂ ਸਭ ਤੋਂ ਵੱਧ ਕਾਬਲ ਬਣਦੇ ਵਿਅਕਤੀ ਨੂੰ ਪ੍ਰਧਾਨ ਥਾਪਣ ਦੀ ਬਜਾਇ, ਪੈਮਾਨਾ ਇਹ ਬਣਾਇਆ ਹੋਇਆ ਹੈ ਕਿ ਉਹ ਬਾਦਲ-ਜੁੰਡਲੀ ਦਾ ਅੰਨ੍ਹਾ ਭਗਤ ਹੋਵੇ ਅਤੇ ਪ੍ਰਧਾਨਗੀ ਦੀ ਕੁਰਸੀ ਨੂੰ ਵਰਤਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਪਣੇ ਦੁਆਲੇ ਜੋੜ ਸਕਣ ਅਤੇ ਇਉਂ ਅਕਾਲੀ ਸਿਆਸਤ ਵਿੱਚ ਆਪਣਾ ਵਿਅਕਤੀਗਤ ਪ੍ਰਭਾਵ ਤੇ ਆਧਾਰ ਸਿਰਜਣ ਅਤੇ ਵਧਾਉਣ ਜੋਗਰਾ ਸਿਆਸੀ ਦਮ ਤੇ ਤੰਤ ਨਾ ਰੱਖਦਾ ਹੋਵੇ। ਸ਼੍ਰੋਮਣੀ ਕਮੇਟੀ ਦੇ ਪਿਛਲੇ ਲੱਗਭੱਗ 10 ਸਾਲਾਂ ਤੋਂ ਚਲੇ ਆ ਰਹੇ ਪ੍ਰਧਾਨ ਅਵਤਾਰ ਸਿੰਘ ਮੱਕੜ ਕੋਲ ਅਜਿਹੀ ਯੋਗਤਾ ਹੈ, ਜਿਹੜੀ ਪ੍ਰਧਾਨਗੀ ਦੇ ਸਭਨਾਂ ਦਾਅਵੇਦਾਰ ਵਿਅਕਤੀਆਂ ਨੂੰ ਖੂੰਜੇ ਲਾ ਕੇ ਉਸਦੇ ਸਿਰ 'ਤੇ ਪ੍ਰਧਾਨਗੀ ਦਾ ਤਾਜ ਸਜਾਉਣ ਦਾ ਸਬੱਬ ਬਣੀ ਹੋਈ ਹੈ। ਇਹ ਕੱਠਪੁਤਲੀ ਪ੍ਰਧਾਨ ਬਾਦਲਾਂ ਪ੍ਰਤੀ ਆਪਣੇ ਚਾਪਲੂਸ ਵਿਹਾਰ ਦੀ ਨੁਮਾਇਸ਼ ਲਾਉਣ ਕਰਕੇ ਸਿੱਖ ਜਨਤਾ ਅੰਦਰ ਕਿਸੇ ਝੂਠੇ ਸੱਚੇ ਸਨਮਾਨ ਦਾ ਪਾਤਰ ਨਾ ਹੋ ਕੇ ਉਹਨਾਂ ਅੰਦਰ ਔਖ, ਗੁੱਸੇ ਅਤੇ ਦੁਰਕਾਰ ਭਾਵਨਾ ਦੇ ਪਾਤਰ ਵਜੋਂ ਉੱਭਰ ਰਿਹਾ ਹੈ। ਐਥੇ ਹੀ ਬੱਸ ਨਹੀਂ ਹੈ ਬਾਦਲ ਜੁੰਡਲੀ ਵਾਲੋਂ ਪਿਛਲੇ 8-10 ਸਾਲਾਂ ਵਿੱਚ ਤਖਤਾਂ ਦੇ ਜਥੇਦਾਰਾਂ ਦੀ ਰਸਮੀ ਹੈਸੀਅਤ ਨੂੰ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਕਿਤੇ ਵੱਧ ਨੰਗੀ-ਚਿੱਟੀ ਤਰ੍ਹਾਂ ਅਤੇ ਬੁਰੀ ਤਰ੍ਹਾਂ ਪੈਰਾਂ ਹੇਠ ਰੋਲਿਆ ਗਿਆ ਹੈ। ਇਸ ਅਰਸੇ ਵਿੱਚ ਤਖਤਾਂ ਦੇ ਜਥੇਦਾਰਾਂ, ਵਿਸ਼ੇਸ਼ ਕਰਕੇ ਅਕਾਲ ਤਖਤ ਅਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰਾਂ ਨੂੰ ਬਾਦਲਾਂ ਦੇ ਫੁਰਮਾਨ 'ਤੇ ਜਿਵੇਂ ਸ਼੍ਰੋਮਣੀ ਕਮੇਟੀ ਵੱਲੋਂ ਵਾਰ ਵਾਰ ਬਦਲਿਆ ਅਤੇ ਚੱਲਦਾ ਕੀਤਾ ਗਿਆ ਹੈ, ਇਸ ਅਮਲ ਨੇ ਤਖਤਾਂ ਦੇ ਜਥੇਦਾਰਾਂ ਦੇ ਬਾਦਲ-ਜੁੰਡਲੀ ਦੀ ਮਹਿਜ਼ ਕੱਠਪੁਤਲੀ ਹੋਣ ਦਾ ਪ੍ਰਭਾਵ ਬਣਾਇਆ ਅਤੇ ਪੱਕਾ ਕੀਤਾ ਹੈ ਅਤੇ ਇਹਨਾਂ ਕੱਠਪੁਤਲੀ ਜੱਥੇਦਾਰਾਂ ਰਾਹੀਂ ਤਖਤਾਂ ਦੀ ਦੁਰਵਰਤੋਂ ਕਰਨ, ਇਹਨਾਂ ਦੀ ਸਿੱਖਾਂ ਅੰਦਰ ਸਥਾਪਤ ਸਿਰਮੌਰ ਧਾਰਮਿਕ ਹੈਸੀਅਤ ਅਤੇ ਮਾਣ-ਮਰਿਆਦਾ ਨੂੰ ਪੈਰਾਂ ਹੇਠ ਰੋਲਣ ਦੀ ਜੁੰਮੇਵਾਰ ਬਾਦਲ ਜੁੰਡਲੀ ਖਿਲਾਫ ਤਿੱਖੇ ਰੋਸ ਅਤੇ ਰੋਹ ਨੂੰ ਉਗਾਸਾ ਦਿੱਤਾ ਹੈ।
ਸਿੱਖ ਧਾਰਮਿਕ ਘੱਟ ਗਿਣਤੀ 'ਚ
ਅਸੁਰੱਖਿਆ ਅਤੇ ਔਖ ਦਾ ਪਸਾਰਾ
ਦੂਜਾ— ਕੇਂਦਰ ਵਿੱਚ ਮੋਦੀ ਹਕੂਮਤ ਬਣਨ ਤੋਂ ਬਾਅਦ, ਮੁਲਕ ਭਰ ਅੰਦਰ ਫਿਰਕੂ ਹਿੰਦੂਤਵ ਲਾਣੇ ਵੱਲੋਂ ਧਾਰਮਿਕ ਘੱਟ ਗਿਣਤੀਆਂ ਖਿਲਾਫ ਜਿਹੋ ਜਿਹਾ ਫਾਸ਼ੀ ਹਮਲਾਵਰ ਰਵੱਈਆ ਸਾਹਮਣੇ ਆ ਰਿਹਾ ਹੈ ਅਤੇ ਉਹਨਾਂ 'ਤੇ ਕਾਤਲੀ ਹਮਲਿਆਂ ਦਾ ਸਿਲਸਿਲਾ ਵਿੱਢਿਆ ਹੋਇਆ ਹੈ, ਇਸਨੇ ਸਿੱਖ ਜਨਤਾ ਸਮੇਤ ਸਭਨਾਂ ਧਾਰਮਿਕ ਘੱਟ ਗਿਣਤੀਆਂ ਵਿੱਚ ਅਸੁਰੱਖਿਆ, ਬੇਚੈਨੀ ਅਤੇ ਔਖ ਦੀਆਂ ਤਰੰਗਾਂ ਛੇੜੀਆਂ ਹਨ।
''ਅਪ੍ਰੇਸ਼ਨ ਬਲਿਊ ਸਟਾਰ'' ਰਾਹੀਂ ਸਿੱਖਾਂ ਦੇ ਸਰਬ-ਉੱਚ ਧਾਰਮਿਕ ਸੰਸਥਾਨਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਨੂੰ ਢਾਹੁਣ ਅਤੇ ਉਸ ਤੋਂ ਬਾਅਦ 1984 ਵਿੱਚ ਦਿੱਲੀ ਅਤੇ ਮੁਲਕ ਦੇ ਕਈ ਸ਼ਹਿਰਾਂ ਵਿੱਚ ਨਿਹੱਥੀ ਸਿੱਖ ਜਨਤਾ ਦਾ ਕਤਲੇਆਮ ਰਚਾਉਣ ਦੀਆਂ ਇਹ ਅਜਿਹੀਆਂ ਦੋ ਵੱਡੀਆਂ ਇਤਿਹਾਸਕ ਘਟਨਾਵਾਂ ਹਨ, ਜਿਹਨਾਂ ਰਾਹੀਂ ਭਾਰਤੀ ਹਾਕਮਾਂ ਵੱਲੋਂ ਸਿੱਖ ਜਨਤਾ ਦੀ ਮਾਨਸਿਕਤਾ ਅੰਦਰ ਇਸ ਅਹਿਸਾਸ ਨੂੰ ਬਹੁਤ ਹੀ ਡੂੰਘੀ ਤਰ੍ਹਾਂ ਉੱਕਰ ਦਿੱਤਾ ਗਿਆ ਹੈ ਕਿ ਉਹ ਮੁਲਕ ਅੰਦਰ ਇੱਕ ਧਾਰਮਿਕ ਘੱਟ ਗਿਣਤੀ ਵਜੋਂ ਹਮੇਸ਼ਾਂ ਅਸੁਰੱਖਿਅਤ ਹਨ। ਇਹਨਾਂ ਘਟਨਾਵਾਂ ਤੋਂ ਬਾਅਦ ਵੱਖ ਵੱਖ ਕੇਂਦਰੀ ਹਕੂਮਤਾਂ ਵੱਲੋਂ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇ ਭਾਗੀਦਾਰ ਬਣਾਉਣ ਲਈ ਯਤਨ ਤਾਂ ਕੀ ਕਰਨੇ ਸਨ, ਸਗੋਂ ਵੱਖ ਵੱਖ ਕਮਿਸ਼ਨ ਬਿਠਾਉਣ ਦੇ ਦੰਭ ਰਚਦਿਆਂ, ਦੋਸ਼ੀਆਂ ਨੂੰ ਸਾਫ ਬਚ ਨਿਕਲਣ ਲਈ ਰਾਹ ਮੁਹੱਈਆ ਕੀਤਾ ਗਿਆ। ਮੁਲਕ ਦੇ ਕਈ ਸ਼ਹਿਰਾਂ ਤੇ ਪਿੰਡਾਂ ਵਿੱਚ ਇਸ ਫਿਰਕੂ ਕਤਲੇਆਮ ਦੇ ਦੋਸ਼ੀਆਂ ਖਿਲਾਫ ਥਾਣਿਆਂ ਅੰਦਰ ਮੁਢਲੀ ਰਿਪੋਰਟ ਤੱਕ ਦਰਜ਼ ਨਹੀਂ ਕੀਤੀ ਗਈ। ਖਾਲਿਸਤਾਨੀ ਦਹਿਸ਼ਤਗਰਦ ਸਰਗਰਮੀਆਂ ਦੇ ਦੋਸ਼ ਹੇਠ ਫੜੇ ਗਏ ਦਰਜ਼ਨਾਂ ਸਿੱਖ ਬੰਦੀਆਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਇਹਨਾਂ ਬੰਦੀਆਂ ਦੀ ਹੱਕੀ ਰਿਹਾਈ ਲਈ ਉੱਠਦੀ ਹਰ ਆਵਾਜ਼ ਅਤੇ ਮਰਨ ਵਰਤ ਰੱਖ ਕੇ ਰੋਸ ਜ਼ਾਹਰ ਕਰਨ ਦੀਆਂ ਗੱਲਾਂ ਨੂੰ ਟਿੱਚ ਕਰਕੇ ਜਾਣਿਆ ਜਾਂਦਾ ਹੈ। ਇਸ ਕਤਲੇਆਮ ਤੋਂ ਬਚ ਕੇ ਨਿਕਲੇ ਅਨੇਕਾਂ ਪੀੜਤ ਪਰਿਵਾਰ ਅੱਜ ਤੱਕ ਉਜਾੜੇ ਦਾ ਸੇਕ ਝੱਲ ਰਹੇ ਹਨ। ਹੁਣ ਤੱਕ ਉਹ ਜੀਵਨ ਅੰਦਰ ਆਪਣੇ ਪੈਰ ਨਾ ਲਾ ਸਕਣ ਕਰਕੇ ਅਤੇ ਮੁੜ-ਵਸੇਵੇਂ ਲਈ ਅਖੌਤੀ ਸਰਕਾਰੀ ਸਹਾਇਤਾ ਦੇ ਐਲਾਨਾਂ 'ਤੇ ਅਮਲਦਾਰੀ ਦੀ ਝਾਕ ਵਿੱਚ ਦਫਤਰਾਂ ਦੀ ਖਾਕ ਛਾਣ ਰਹੇ ਹਨ।
ਹਿੰਦੂਤਵ ਦੀ ਝੰਡਾਬਰਦਾਰ ਆਰ.ਐਸ.ਐਸ. ਦਾ ਤਾਂ ਮੱਤ ਹੀ ਇਹ ਹੈ ਕਿ ਸਿੱਖ ਧਰਮ ਕੋਈ ਵੱਖਰਾ ਧਰਮ ਨਹੀਂ ਹੈ। ਇਹ ਹਿੰਦੂ ਧਰਮ ਦਾ ਹੀ ਇੱਕ ਅੰਗ ਹੈ। ਇਸੇ ਸਮਝ ਅਨੁਸਾਰ ਆਰ.ਐਸ.ਐਸ. ਵੱਲੋਂ ਸਿੱਖਾਂ ਨੂੰ ਆਪਣੇ ਨਾਲ ਨੱਥੀ ਕਰਨ ਲਈ ਕੁੱਝ ਸਿੱਖ ਵਿਅਕਤੀਆਂ ਨੂੰ ਲੈ ਕੇ ਇੱਕ ''ਰਾਸ਼ਟਰੀ ਸਿੱਖ ਸੰਗਤ'' ਨਾਂ ਦੀ ਜਥੇਬੰਦੀ ਬਣਾਈ ਹੋਈ ਹੈ। ਇਸ ਜਥੇਬੰਦੀ ਵੱਲੋਂ ਹਿੰਦੂਤਵ ਲਾਣੇ ਦੀਆਂ ਫਿਰਕੂ ਜਨੂੰਨੀ ਸਰਗਰਮੀਆਂ ਅਤੇ ਸੋਚ ਨੂੰ ਵਾਜਬ ਠਹਿਰਾਉਣ ਲਈ ਬਿਆਨਬਾਜ਼ੀ ਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਮੋਦੀ ਹਕੂਮਤ ਦੇ ਆਉਣ ਤੋਂ ਬਾਅਦ, ਹਿੰਦੂਤਵੀ ਲਾਣੇ ਵੱਲੋਂ ਪੰਜਾਬ ਦੇ ਸ਼ਹਿਰਾਂ ਤੋਂ ਅੱਗੇ ਵਧ ਕੇ ਪਿੰਡਾਂ ਅੰਦਰ ਪੈਰ ਲਾਉਣ ਲਈ ਆਪਣੀਆਂ ਸਰਗਰਮੀਆਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਹਿੰਦੂ ਸ਼ਿਵ ਸੈਨਾ ਅਤੇ ਬਜਰੰਗ ਦਲੀਆਂ ਵੱਲੋਂ ਇਸਾਈਆਂ ਦੇ ਕੁੱਝ ਹਿੱਸਿਆਂ ਨੂੰ ''ਘਰ ਵਾਪਸੀ'' ਦੀ ਮੁਹਿੰਮ ਤਹਿਤ ਜਬਰੀ ਮੁੜ ਸਿੱਖ ਧਰਮ ਗ੍ਰਹਿਣ ਕਰਵਾਉਣ ਦੀਆਂ ਕੁੱਝ ਕਾਰਵਾਈਆਂ ਕਰਦਿਆਂ ਸਿੱਖ ਧਰਮ ਦੇ ਅੰਦਰ ਅਣਚਾਹੇ ਦਖਲ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਅਵਾਰਾ ਗਊਆਂ ਦੇ ਪਿੰਡਾਂ (ਅਤੇ ਸ਼ਹਿਰਾਂ) ਵਿੱਚ ਫਿਰਦੇ ਝੁੰਡਾਂ ਦੇ ਝੁੰਡ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਉਜਾੜਾ ਕਰਦੇ ਹਨ। ਜਿਸ ਕਰਕੇ ਉਹ ਕਿਸਾਨਾਂ ਦੀ ਸਿਰਦਰਦੀ ਬਣੇ ਹੋਏ ਹਨ। ਕਿਸਾਨਾਂ ਵੱਲੋਂ ਅਕਸਰ ਇਹਨਾਂ ਨੂੰ ਘੇਰ ਕੇ ਫੜਦਿਆਂ, ਟਰਾਲੀਆਂ-ਟਰੱਕਾਂ ਵਿੱਚ ਲੱਦ ਕੇ ਦੂਰ-ਦੁਰਾਡੇ ਛੱਡ ਆਉਣ ਦਾ ਤਰੀਕਾ ਅਪਣਾਇਆ ਜਾਂਦਾ ਹੈ। ਪਿਛਲੇ ਅਰਸੇ ਵਿੱਚ ਗਊ ਰਾਖੀ ਦੇ ਨਕਲੀ ਠੇਕੇਦਾਰ ਇਹਨਾਂ ਹਿੰਦੂ ਫਿਰਕੂ ਟੋਲਿਆਂ ਵੱਲੋਂ ਕਿਸਾਨਾਂ ਦੀਆਂ ਇਹਨਾਂ ਅਵਾਰਾ ਗਊਆਂ ਨੂੰ ਲਿਜਾ ਰਹੇ ਟਰਾਲੀਆਂ-ਟਰੱਕਾਂ ਨੂੰ ਘੇਰਨ, ਕਿਸਾਨਾਂ ਨਾਲ ਧੱਕਾ-ਮੁੱਕੀ ਕਰਨ ਅਤੇ ਕੁੱਟਮਾਰ ਕਰਨ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਹਿੰਦੂ ਫਿਰਕੂ ਜਨੂੰਨ ਦਾ ਨੰਗਾ ਇਜ਼ਹਾਰ ਬਣਦੀਆਂ ਇਹਨਾਂ ਘਟਨਾਵਾਂ ਨੇ ਪੰਜਾਬ ਦੀ ਸਿੱਖ ਕਿਸਾਨ ਜਨਤਾ ਵਿੱਚ ਧਾਰਮਿਕ ਬੇਚੈਨੀ ਅਤੇ ਅਹਿਸਾਸ ਨੂੰ ਆਰ ਲਾਉਣ ਦਾ ਰੋਲ ਨਿਭਾਇਆ ਹੈ।
ਸੋ, ਬਾਦਲ-ਜੁੰਡਲੀ ਵੱਲੋਂ ਸਿੱਖ ਧਾਰਮਿਕ ਸੰਸਥਾਵਾਂ ਅਤੇ ਧਾਰਮਿਕ ਸੰਸਥਾਨਾਂ ਦੀ ਕੀਤੀ ਜਾ ਰਹੀ ਦੁਰਵਰਤੋਂ ਅਤੇ ਬੇਹੁਰਮਤੀ, ਸਿੱਖ ਧਾਰਮਿਕ ਘੱਟ ਗਿਣਤੀ ਨਾਲ ਭਾਰਤੀ ਹਾਕਮਾਂ ਵੱਲੋਂ ਧਾਰਨ ਕੀਤੇ ਫਿਰਕੂ ਪੁੱਠ ਵਾਲੇ ਧੱਕੜ ਤੇ ਜਾਬਰ ਰਵੱਈਏ ਅਤੇ ਹਿੰਦੂਤਵੀ ਲਾਣੇ ਵੱਲੋਂ ਮੁਲਕ ਦੀਆਂ ਸਭਨਾਂ ਧਾਰਮਿਕ ਘੱਟ ਗਿਣਤੀਆਂ ਖਿਲਾਫ ਖੋਲ੍ਹੇ ਫਿਰਕੂ ਫਾਸ਼ੀ ਹਮਲਾਵਰ ਮੋਰਚੇ ਦੇ ਕੁੱਲ ਮਿਲਵੇਂ ਅਸਰ ਦਾ ਬਾਹਰਮੁਖੀ ਇਜ਼ਹਾਰ ਹੀ ਹੈ, ਜਿਹੜਾ ਤਖਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਕਦਮ ਤੋਂ ਲੈ ਕੇ ਅੱਜ ਤੱਕ ਦੇ ਘਟਨਾ-ਵਿਕਾਸ ਦੌਰਾਨ ਹੋ ਰਿਹਾ ਹੈ। ਅਕਾਲੀ ਦਲ (ਬਾਦਲ) ਅਤੇ ਭਾਜਪਾ ਦਾ ਗੱਠਜੋੜ ਹੋਣ ਕਰਕੇ ਬਾਦਲ ਟੋਲੇ ਦੇ ਹਿੰਦੂਤਵੀ ਲਾਣੇ ਦੇ ਨਾਲ ਰਲੇ ਹੋਣ ਦਾ ਪ੍ਰਭਾਵ ਵੀ ਪੈਦਾ ਹੋਇਆ ਅਤੇ ਉਭਰਿਆ ਹੈ। ਇਹ ਹਾਲਤ ਦਾ ਇੱਕ ਪਹਿਲੂ ਹੈ। ਇੱਥੇ ਇਹ ਗੱਲ ਵੀ ਕਾਬਲੇ-ਗੌਰ ਹੈ ਕਿ ਜਨਤਾ ਦੇ ਖਰੇ ਸਰੋਕਾਰ ਅਤੇ ਗੁੱਸੇ ਨੂੰ ਖਰੀਆਂ ਲੋਕ-ਹਿਤੈਸ਼ੀ ਤਾਕਤਾਂ ਆਪਣੇ ਹਿਸਾਬ ਨਾਲ ਅਤੇ ਲੋਕ-ਵਿਰੋਧੀ ਤਾਕਤਾਂ ਆਪਣੇ ਹਿਸਾਬ ਨਾਲ ਮੂੰਹਾਂ ਦੇਣ ਲਈ ਜ਼ੋਰ ਲਾਉਂਦੀਆਂ ਹਨ। ਇਸ ਮਾਮਲੇ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਸਿਮਰਨਜੀਤ ਸਿੰਘ ਮਾਨ ਦੀ ਅਗਾਈ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਅਤੇ ਅਕਾਲੀ ਦਲ (1920) ਅਤੇ ਕੁੱਝ ਹੋਰ ਅਜਿਹੀਆਂ ਹਾਕਮ ਜਮਾਤਾਂ ਪੱਖੀ ਫਿਰਕੂ ਤਾਕਤਾਂ ਵੀ ਸਰਗਰਮ ਹਨ, ਜਿਹੜੀਆਂ ਸਿੱਖ ਜਨਤਾ ਅੰਦਰ ਇੱਕ ਧਾਰਮਿਕ ਘੱਟ ਗਿਣਤੀ ਵਜੋਂ ਮਘ-ਭਖ ਰਹੀ ਔਖ ਅਤੇ ਗੁੱਸੇ ਨੂੰ ਕੁਰਾਹੇ ਪਾਉਣ ਅਤੇ ਆਪਣੀਆਂ ਸੌੜੀਆਂ ਸਿਆਸੀ ਲੋੜਾਂ ਲਈ ਵਰਤਣ ਦੇ ਆਹਰ ਲੱਗੀਆਂ ਹੋਈਆਂ ਹਨ। ਸੌੜੇ ਸਿਆਸੀ ਹਿਤਾਂ ਤੋਂ ਪ੍ਰੇਰਤ ਅਜਿਹੇ ਟੋਲਿਆਂ ਦੀਆਂ ਗੁੰਮਰਾਹਕੁੰਨ ਫਿਰਕੂ ਚਾਲਾਂ ਅਤੇ ਸਿੱਖ ਜਨਤਾ ਦੇ ਖਰੇ ਜਮਹੂਰੀ ਧਾਰਮਿਕ ਸਰੋਕਾਰਾਂ ਦਰਮਿਆਨ ਨਿਖੇੜਾ ਕਰਨਾ ਚਾਹੀਦਾ ਹੈ ਅਤੇ ਸਿੱਖ ਜਨਤਾ ਨੂੰ ਇਹਨਾਂ ਤਾਕਤਾਂ ਦੇ ਖੋਟੇ ਮਨਸੂਬਿਆਂ ਬਾਰੇ ਚੌਕਸ ਕਰਨਾ ਚਾਹੀਦਾ ਹੈ।
ਕਿਸਾਨ ਜਨਤਾ 'ਚ ਬੇਚੈਨੀ ਅਤੇ ਗੁੱਸੇ ਦਾ ਪਸਾਰਾ
ਹਾਲਤ ਦਾ ਦੂਜਾ ਪਹਿਲੂ ਇਹ ਹੈ ਕਿ ਪੰਜਾਬ ਅੰਦਰ ਸਿੱਖ ਜਨਤਾ ਦੀ ਵੱਡੀ ਬਹੁਗਿਣਤੀ ਬੇਜ਼ਮੀਨੀ, ਥੁੜ੍ਹ-ਜ਼ਮੀਨੀ ਅਤੇ ਦਰਮਿਆਨੀ ਕਿਸਾਨੀ ਨਾਲ ਸਬੰਧਤ ਹੈ। ਕੇਂਦਰੀ ਅਤੇ ਸੁਬਾਈ ਹਕੂਮਤਾਂ ਵੱਲੋਂ ਸਮੁੱਚੀ ਮਿਹਨਤਕਸ਼ ਜਨਤਾ ਵਿਰੁੱਧ ਸੇਧਤ ਸਾਮਰਾਜੀ-ਨਿਰਦੇਸ਼ਤ ਆਰਥਿਕ ਹੱਲੇ ਦੀ ਝੰਬੀ ਕਿਸਾਨੀ ਗੁਰਬਤ ਤੇ ਕੰਗਾਲੀ ਦੇ ਮੂੰਹ ਧੱਕੀ ਜਾ ਰਹੀ ਹੈ ਅਤੇ ਕਰਜ਼ਾ ਜਾਲ ਵਿੱਚ ਧਸਦੀ ਜਾ ਰਹੀ ਹੈ। ਹਾਕਮਾਂ ਹੱਥੋਂ ਕਿਸਾਨ ਜਨਤਾ ਦੀ ਹੋ ਰਹੀ ਇਹ ਦੁਰਦਸ਼ਾ ਦੇ ਸਿੱਟੇ ਵਜੋਂ ਅਨੇਕਾਂ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਇਹ ਹਾਲਤ ਕਿਸਾਨਾਂ ਅੰਦਰ ਤਿੱਖੀ ਬੇਚੈਨੀ ਅਤੇ ਗੂਸੈਲੇ ਪ੍ਰਤੀਕਰਮ ਦੇ ਪਸਾਰੇ ਦੀ ਵਜਾਹ ਬਣ ਰਹੀ ਹੈ। ਇਹ ਪ੍ਰਤੀਕਰਮ ਵਿਸ਼ਾਲ ਕਿਸਾਨ ਘੋਲਾਂ ਦੀ ਸ਼ਕਲ ਵਿੱਚ ਫੁੱਟ ਰਿਹਾ ਹੈ। ਪਿਛਲੇ ਹਫਤਿਆਂ ਵਿੱਚ ਕਿਸਾਨਾਂ ਦੇ ਧਰਨਿਆਂ-ਮੁਜਾਹਰਿਆਂ ਅਤੇ ਰੇਲ ਰੋਕੋ ਮੋਰਚਿਆਂ ਦਾ ਸਿਲਸਿਲਾ ਇਸੇ ਪ੍ਰਤੀਕਰਮ ਦਾ ਇਜ਼ਹਾਰ ਹੈ। ਅੱਠ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਅਗਲੇਰੇ ਘੋਲ ਦੀ ਰੂਪ-ਰੇਖਾ ਦਾ ਐਲਾਨ ਕੀਤਾ ਹੋਇਆ ਹੈ। ਪੰਜਾਬ ਅੰਦਰ ਬੇਰੁਜ਼ਗਾਰ ਅਧਿਆਪਕਾਂ, ਬੇਰੁਜ਼ਗਾਰ ਲਾਈਨਮੈਨਾਂ, ਮੁਲਾਜ਼ਮਾਂ, ਵਿਦਿਆਰਥੀਆਂ-ਨੌਜਵਾਨਾਂ ਵੱਲੋਂ ਵੀ ਆਪੋ ਆਪਣੇ ਮੰਗਾਂ/ਮਸਲਿਆਂ 'ਤੇ ਘੋਲ ਅਖਾੜਾ ਮਘਾਇਆ ਹੋਇਆ ਹੈ।
ਇੱਕ ਪਾਸੇ— ਸਿੱਖ ਜਨਤਾ ਅੰਦਰ ਧਾਰਮਿਕ ਸੰਸਥਾਵਾਂ ਅਤੇ ਸੰਸਥਾਨਾਂ ਦੀ ਦੁਰਵਰਤੋਂ ਤੇ ਬੇਹੁਰਮਤੀ ਖਿਲਾਫ ਅਤੇ ਫਿਰਕੂ ਵਿਤਕਰੇ, ਧੱਕੇ ਅਤੇ ਬੇਇਨਸਾਫੀ ਖਿਲਾਫ ਆਪਮੁਹਾਰੇ ਰੋਹ ਫੁਟਾਰਾ ਹੋ ਰਿਹਾ ਹੈ, ਜਿਹੜਾ ਮੁੱਖ ਤੌਰ 'ਤੇ ਬਾਦਲ ਜੁੰਡਲੀ ਖਿਲਾਫ ਸੇਧਤ ਹੈ। ਇਹ ਰੋਹ-ਫੁਟਾਰਾ ਸਿੱਖ ਧਾਰਮਿਕ ਸੰਸਥਾਵਾਂ ਅਤੇ ਸੰਸਥਾਨਾਂ 'ਤੇ ਬਾਦਲ-ਜੁੰਡਲੀ ਦੇ ਗਲਬੇ ਲਈ ਖਤਰੇ ਦੀ ਘੰਟੀ ਬਣ ਰਿਹਾ ਹੈ। ਜਿਸ ਨੂੰ ਸਿੱਖ ਜਨਤਾ ਦੇ ਹੱਕੀ ਧਾਰਮਿਕ ਸਰੋਕਾਰਾਂ ਨੂੰ ਜਮਹੂਰੀ ਨਜ਼ਰੀਏ ਤੋਂ ਮੁਖਾਤਿਬ ਹੋਣ ਵਾਲੀਆਂ ਖਰੀਆਂ ਸਿਆਸੀ ਤਾਕਤਾਂ ਦੀ ਕਮਜ਼ੋਰੀ ਦੀ ਹਾਲਤ ਵਿੱਚ ਹਾਕਮ ਜਮਾਤੀ ਖੇਮੇ ਅੰਦਰਲੀਆਂ ਤਾਕਤਾਂ ਵੱਲੋਂ ਆਪਣੀ ਖੱਟੀ ਵਿੱਚ ਢਾਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਦੂਜੇ ਪਾਸੇ— ਮਿਹਨਤਕਸ਼ ਲੋਕਾਂ ਦੇ ਵੱਖ ਵੱਖ ਤਬਕਿਆਂ, ਵਿਸ਼ੇਸ਼ ਕਰਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸੰਘਰਸ਼ ਬਾਦਲ ਹਕੂਮਤ ਦੀ ਸਿਰਦਰਦੀ ਬਣੇ ਹੋਏ ਹਨ। ਇਉਂ, ਇਹ ਪਹਿਲੀ ਵਾਰ ਹੈ ਜਦੋਂ ਬਾਦਲ-ਕੋੜਮਾ ਅਜਿਹੇ ਦੋਪਾਸੜ ਵਾਰਾਂ ਦੀ ਮਾਰ ਦੀ ਕਸੂਤੀ ਹਾਲਤ ਦਾ ਸਾਹਮਣਾ ਕਰ ਰਿਹਾ ਹੈ।
ਬਾਦਲ ਜੁੰਡਲੀ ਵੱਲੋਂ ਇਸ ਕਸੂਤੀ ਸਥਿਤੀ ਤੋਂ ਸੁੱਕਾ ਬਚ ਨਿਕਲਣ ਲਈ ਸਿੱਖ ਜਨਤਾ ਦੇ ਰੋਹਲੇ ਰੌਂਅ ਅਤੇ ਕਿਸਾਨ ਜਨਤਾ ਦੇ ਘੋਲ ਰੌਂਅ 'ਤੇ ਠੰਢਾ ਛਿੜਕਣ ਲਈ ਤਖਤ ਜਥੇਦਾਰਾਂ ਕੋਲੋਂ ਜਿੱਥੇ ਡੇਰਾ ਮੁਖੀ ਨੂੰ ਬਰੀ ਕਰਦਾ ਗੁਰਮਤਾ ਰੱਦ ਕਰਵਾਉਣ ਦਾ ਕਦਮ ਲਿਆ ਗਿਆ, ਉੱਥੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਦਿਆਂ, ਉਹਨਾਂ ਨੂੰ ਭੋਰ-ਚੋਰ ਨਾਲ ਵਰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਉਂ ਕਰਕੇ ਇਸ ਨਾਲ ਨਾ ਤਾਂ ਸਿੱਖ ਜਨਤਾ ਅੰਦਰ ਭੜਕੇ ਗੁਸੈਲੇ ਰੌਂਅ ਨੂੰ ਸ਼ਾਂਤ ਕਰਨ ਅਤੇ ਨਾ ਹੀ ਕਿਸਾਨ ਘੋਲ 'ਤੇ ਠੰਢਾ ਛਿੜਕਣ ਵਿੱਚ ਸਫਲ ਹੋਈ। ਇਸ ਤੋਂ ਬਾਅਦ, ਬਾਦਲ-ਕੋੜਮੇ ਵੱਲੋਂ ਇੱਕ ਤੀਰ ਨਾਲ ਦੋ ਪੰਛੀ ਫੁੰਡਣ ਦਾ ਭਟਕਾਊ ਪੱਤਾ ਖੇਡਣ ਦੀ ਚਾਲ ਦਾ ਆਸਰਾ ਲਿਆ ਗਿਆ। ਉਸ ਵੱਲੋਂ ਸਿੱਖ ਧਾਰਮਿਕ ਗਰੰਥ ਅਤੇ ਪੋਥੀਆਂ ਨਾਲ ਛੇੜਛਾੜ ਤੇ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਦਾ ਤੋਰਾ ਤੋਰਦਿਆਂ, ਸਿੱਖ ਜਨਤਾ ਦੇ ਧਾਰਮਿਕ ਜਜ਼ਬਾਤਾਂ ਨੂੰ ਭੜਕਾਉਣ ਅਤੇ ਕੁਰਾਹੇ ਪਾਉਣ ਦੀ ਚਾਲ ਚੱਲੀ ਗਈ. ਤਾਂ ਕਿ ਸਿੱਖ ਜਨਤਾ ਦਾ ਉਹਨਾਂ ਦੇ ਵਾਜਬ ਧਾਰਮਿਕ ਸਰੋਕਾਰਾਂ ਤੋਂ ਅਤੇ ਕਿਸਾਨ ਜਨਤਾ ਦਾ ਉਹਨਾਂ ਦੀਆਂ ਹੱਕੀ ਮੰਗਾਂ ਤੋਂ ਧਿਆਨ ਭਟਕਾਇਆ ਜਾਵੇ। ਪਰ ਇਸ ਚਾਲ ਦਾ ਵੀ ਬਹੁਤਾ ਕੁੱਝ ਵੱਟਿਆ ਨਹੀਂ ਗਿਆ। ਸਗੋਂ ਇਹ ਚਾਲ ਉਲਟੀ ਪੈ ਗਈ। ਇਸਨੇ ਨਾ ਸਿਰਫ ਬਾਦਲ-ਕੋੜਮੇ ਖਿਲਾਫ ਸਿੱਖ ਜਨਤਾ ਦੇ ਗੁੱਸੇ ਅਤੇ ਰੌਂਅ ਨੂੰ ਹੋਰ ਪਲੀਤਾ ਲਾਉਣ ਦਾ ਕੰਮ ਕੀਤਾ, ਸਗੋਂ ਕਿਸਾਨ ਜਨਤਾ ਅੰਦਰ ਬਾਦਲ ਟੋਲੇ ਦੀਆਂ ਭਟਕਾਊ ਅਤੇ ਪਾਟਕਪਾਊ ਚਾਲਾਂ ਦੀ ਚਰਚਾ ਛੇੜਨ ਅਤੇ ਕਿਸਾਨਾਂ ਦੇ ਆਪਣੇ ਮੰਗਾਂ/ਮਸਲਿਆਂ 'ਤੇ ਸੰਘਰਸ਼ ਦੇ ਰਾਹ ਡਟੇ ਰਹਿਣ ਦੇ ਇਰਾਦਿਆਂ ਨੂੰ ਹੋਰ ਦ੍ਰਿੜ੍ਹਾਉਣ ਦਾ ਕੰਮ ਕੀਤਾ ਹੈ।
ਹਾਲਤ ਨੂੰ ਆਪਣੀ ਕੀਲ ਵਿੱਚ ਲਾ ਆਉਂਦਾ ਦੇਖਦਿਆਂ, ਇੱਕ ਹੱਥ ਬਾਦਲ-ਜੁੰਡਲੀ ਵੱਲੋਂ ਸਿੱਖ ਧਾਰਮਿਕ ਗ੍ਰੰਥਾਂ ਦੀ ਬੇਹੁਰਮਤੀ ਦੀਆਂ ਘਟਨਾਵਾਂ 'ਚ ''ਵਿਦੇਸ਼ ਹੱਥ ਹੋਣ'' ਦਾ ਪੱਤਾ ਚੱਲ ਦਿੱਤਾ ਹੈ। ਕਿਸੇ ''ਵਿਦੇਸ਼ੀ ਹੱਥ'' ਨਾਲ ਤਾਰਾਂ ਜੁੜੀਆਂ ਹੋਣ ਦਾ ਦੋਸ਼ ਥੱਪਦਿਆਂ, ਬਰਗਾੜੀ ਖੁਰਦ ਪਿੰਡ ਦੇ ਦੋ ਨੌਜਵਾਨਾਂ— ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਜੇ ਹੱਥ— ਪੰਜਾਬ ਅੰਦਰ ਹਕੂਮਤੀ ਦਹਿਲ ਦਾ ਮਾਹੌਲ ਬਣਾਉਣ ਲਈ ਕੇਂਦਰ ਤੋਂ ਕੇਂਦਰੀ ਰਿਜ਼ਰਵ ਬਲਾਂ ਦੀਆਂ 25 ਕੰਪਨੀਆਂ ਮੰਗ ਲਈਆਂ ਹਨ। ਸੀ.ਆਰ.ਪੀ.ਐਫ. ਦੀਆਂ 15 ਕੰਪਨੀਆਂ ਪਹੁੰਚ ਵੀ ਚੁੱਕੀਆਂ ਹਨ।
ਧਾਰਮਿਕ ਘੱਟ-ਗਿਣਤੀਆਂ ਦੇ ਜਮਹੂਰੀ ਧਾਰਮਿਕ ਸਰੋਕਾਰਾਂ ਦੀ ਹਮਾਇਤ ਕਰੋ
ਸਿੱਖ ਜਨਤਾ ਦੇ ਇੱਕ ਪੀੜਤ ਧਾਰਮਿਕ ਘੱਟ ਗਿਣਤੀ ਵਜੋਂ ਹੱਕੀ ਧਾਰਮਿਕ ਸਰੋਕਾਰਾਂ ਅਤੇ ਕਿਸਾਨ ਜਨਤਾ ਦੇ ਇੱਕ ਪੀੜਤ ਜਮਾਤ ਵਜੋਂ ਹੱਕੀ ਸਰੋਕਾਰਾਂ/ਮੰਗਾਂ-ਮਸਲਿਆਂ ਦਾ ਆਪਸ ਵਿੱਚ ਕੋਈ ਟਕਰਾਅ ਨਹੀਂ ਹੈ। ਦੋਵਾਂ ਦੇ ਪੱਖਾਂ ਤੋਂ ਦੁਸ਼ਮਣ ਸਾਂਝਾ ਹੈ। ਇਹ ਦੁਸ਼ਮਣ ਹੈ— ਸਾਮਰਾਜੀਆਂ, ਵੱਡੇ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦਾ ਗੱਠਜੋੜ ਅਤੇ ਇਸ ਗੱਠਜੋੜ ਦੇ ਹਿੱਤਾਂ ਦੀਆਂ ਪਹਿਰੇਦਾਰ ਸੂਬਾਈ ਅਤੇ ਕੇਂਦਰੀ ਹਕਮਤਾਂ, ਜਨਤਾ ਦੀ ਲੁੱਟ ਅਤੇ ਦਾਬੇ ਦੇ ਜੂਲੇ ਹੇਠ ਰੱਖਣ ਵਾਲੀਆਂ ਉਹਨਾਂ ਦੀਆਂ ਲੋਕ-ਦੋਖੀ ਨੀਤੀਆਂ। ਇਸ ਲਈ, ਸਭਨਾਂ ਖਰੀਆਂ ਲੋਕ-ਹਿਤੈਸ਼ੀ, ਧਰਮ ਨਿਰਪੱਖ, ਕਮਿਊਨਿਸਟ ਇਨਕਲਾਬੀ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਨੂੰ ਜਿੱਥੇ ਕਿਸਾਨਾਂ ਸਮੇਤ ਮਿਹਨਤਕਸ਼ ਲੋਕਾਂ ਦੇ ਹੱਕੀ ਮੰਗਾਂ/ਮਸਲਿਆਂ ਲਈ ਚੱਲਦੇ ਸੰਘਰਸ਼ਾਂ ਵਿੱਚ ਉਹਨਾਂ ਨਾਲ ਡਟ ਕੇ ਖੜ੍ਹਨਾ ਚਾਹੀਦਾ ਹੈ, ਉੱਥੇ ਉਹਨਾਂ ਵੱਲੋਂ ਸਿੱਖ ਜਨਤਾ ਸਮੇਤ ਸਭਨਾਂ ਧਾਰਮਿਕ ਘੱਟ ਗਿਣਤੀਆਂ ਖਿਲਾਫ ਸੇਧਤ ਵਿਤਕਰੇ ਅਤੇ ਹਮਲੇ ਦੀਆਂ ਕਾਰਵਾਈਆਂ ਖਿਲਾਫ ਜ਼ੋਰਦਾਰ ਆਵਾਜ਼ ਉਠਾਉਂਦਿਆਂ ਇਹ ਮੰਗ ਕਰਨੀ ਚਾਹੀਦੀ ਹੈ ਕਿ- (1) ਸਿੱਖ ਧਾਰਮਿਕ ਸੰਸਥਾਵਾਂ ਤੇ ਸੰਸਥਾਨਾਂ ਦੀ ਦੁਰਗਤੀ ਅਤੇ s sਬੇਹੁਰਮਤੀ ਨੂੰ ਰੋਕਣ ਲਈ ਸਿੱਖ ਧਾਰਮਿਕ ਮਾਮਲਿਆਂ ਵਿੱਚ ਸਿਆਸੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਸਿੱਖ ਧਾਰਮਿਕ ਸੰਸਥਾਵਾਂ ਅਤੇ ਸੰਸਥਾਨਾਂ ਦੀ ਸਿਆਸੀ ਮੁਫਾਦਾਂ ਅਤੇ ਸਰਗਰਮੀਆਂ ਵਾਸਤੇ ਵਰਤੋਂ 'ਤੇ ਪਾਬੰਦੀ ਲਾਈ ਜਾਵੇ, (2) ਸਿੱਖ ਧਾਰਮਿਕ ਗ੍ਰੰਥਾਂ ਦੀ ਬੇਹੁਰਮਤੀ ਕਰਨ ਵਾਲੀਆਂ ਅਸਲੀ ਤਾਕਤਾਂ ਨੂੰ ਨੰਗਾ ਕਰਦਿਆਂ, ਸਖਤ ਸਜ਼ਾਵਾਂ ਦਿੱਤੀਆਂ ਜਾਣ, (3) 1984 ਦੇ ਸਿੱਖ ਕਤਲੇਆਮ ਦੀਆਂ ਦੋਸ਼ੀ ਜਿੰਮੇਵਾਰ ਤਾਕਤਾਂ ਅਤੇ ਵਿਅਕਤੀਆਂ ਨੂੰ ਸਜ਼ਾਵਾਂ ਦੇਣ ਦਾ ਸਮਾਂਬੱਧ ਅਮਲ ਚਲਾਇਆ ਜਾਵੇ, (4) ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕੀਤਾ ਜਾਵੇ, (5) ਮੁਲਕ ਭਰ ਅੰਦਰ ਧਾਰਮਿਕ ਘੱਟ ਗਿਣਤੀਆਂ ਖਿਲਾਫ ਹਿੰਦੂਤਵੀ ਫਾਸ਼ੀ ਫਿਰਕੂ ਲਾਣੇ ਵੱਲੋਂ ਵਿੱਢੀਆਂ ਹਮਲਾਵਰ ਕਾਰਵਾਈਆਂ ਨੂੰ ਨੱਥ ਮਾਰੀ ਜਾਵੇ, (6) ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੀ ਧਾਰਮਿਕ ਬਰਾਬਰਤਾ, ਆਜ਼ਾਦੀ ਅਤੇ ਧਾਰਮਿਕ ਸੰਸਥਾਵਾਂ ਦੀ ਖੁਦਮੁਖਤਿਆਰ ਹੋਂਦ ਦੀ ਜਮਾਨੀ ਕੀਤੀ ਜਾਵੇ, (7) ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ, ਆਸਤਿਕ ਜਾਂ ਨਾਸਤਿਕ ਹੋਣ, ਵਿਅਕਤੀਗਤ ਪਸੰਦਗੀ ਮੁਤਾਬਿਕ ਖਾਣ-ਪੀਣ, ਪਹਿਨਣ-ਪਚਰਨ ਅਤੇ ਆਪਣੇ ਵਿਚਾਰਾਂ ਦੀ ਵਾਜਬ ਢੰਗਾਂ ਰਾਹੀਂ ਪੈਰਵਾਈ ਕਰਨ ਦੇ ਜਮਹੂਰੀ ਹੱਕਾਂ ਦੀ ਸੰਵਿਧਾਨਕ ਜਾਮਨੀ ਕੀਤੀ ਜਾਵੇ। (8) ਹਿੰਦੂਤਵੀ ਫਾਸ਼ੀ ਜਨੂੰਨੀ ਜਥੇਬੰਦੀਆਂ ਨੂੰ ਭਾਈਚਾਰਕ ਸਾਂਝ ਤੇ ਰਸਨਾ ਅਤੇ ਲੋਕਾਂ ਦੀ ਜਾਨ-ਮਾਲ ਲਈ ਖਤਰਾ ਕਰਾਰ ਦਿੰਦਿਆਂ ਇਹਨਾਂ ਦੀਆਂ ਫਿਰਕੂ ਫਾਸ਼ੀ ਸਰਗਰਮੀਆਂ 'ਤੇ ਪਾਬੰਦੀ ਲਾਈ ਜਾਵੇ।

No comments:
Post a Comment