Friday, 30 October 2015

ਚਿੱਟੇ ਮੱਛਰ ਦੀ ਖੇਤ-ਮਜ਼ਦੂਰਾਂ 'ਤੇ ਮਾਰ

ਚਿੱਟੇ ਮੱਛਰ ਦੀ ਖੇਤ-ਮਜ਼ਦੂਰਾਂ 'ਤੇ ਮਾਰ
ਚਿੱਟੇ ਮੱਛਰ ਨੇ ਜਿੱਥੇ ਮੱਧ ਵਰਗੀ ਅਤੇ ਗਰੀਬ ਕਿਸਾਨਾਂ ਦਾ ਧੂੰਆਂ ਕੱਢ ਦਿੱਤਾ ਹੈ, ਉੱਥੇ ਇਸ ਵੱਲੋਂ ਫੈਲਾਈ ਕਾਲਸ ਨੇ ਖੇਤ ਮਜ਼ਦੂਰਾਂ ਤੇ ਦਿਹਾੜੀਦਾਰ ਮਰਦਾਂ-ਔਰਤਾਂ ਦੇ ਚਿਹਰੇ ਵੀ ਧੁਆਂਖ ਦਿੱਤੇ ਹਨ। ਨਰਮੇ ਦੀ ਕਿਸੇ ਭਰਵੀਂ ਫਸਲ ਨੂੰ ਦੇਖ ਕੇ ਸਿਰਫ ਕਿਸਾਨ ਹੀ ਬਾਗੋਬਾਗ ਨਹੀਂ ਸਨ ਹੁੰਦੇ ਬਲਕਿ ਖੇਤ ਮਜ਼ਦੂਰ ਮਰਦ, ਔਰਤਾਂ ਅਤੇ ਬੱਚੇ ਵੀ ਤਰ੍ਹਾਂ ਤਰ੍ਹਾਂ ਦੇ ਸੁਪਨੇ ਸੰਜੋਦੇ ਸਨ ਕਿ ਭਰਵੀਂ ਫਸਲ ਵਿੱਚੋਂ ਭਰਵਾਂ ਝਾੜ ਨਿਕਲੇਗਾ। ਉਹਨਾਂ ਲਈ ਵੀ ਮਹੀਨੇ-ਦੋ ਮਹੀਨਿਆਂ ਦਾ ਰੁਜ਼ਗਾਰ ਹਾਸਲ ਹੋਵੇਗਾ। ਨਰਮੇ ਦੀ ਚੁਗਾਈ ਦੇ ਦਿਨਾਂ ਵਿੱਚ ਦੂਰ-ਨੇੜੇ ਦੇ ਪ੍ਰਵਾਸੀ ਪਰਿਵਾਰ ਵੀ ਨਰਮਾ ਪੱਟੀ ਵੱਲ ਨੂੰ ਵਹੀਰਾਂ ਘੱਤਦੇ ਸਨ। ਊਠਾਂ, ਖੱਚਰ-ਰੇੜਿਆਂ 'ਤੇ ਕਾਫ਼ਲਿਆਂ ਦੇ ਕਾਫ਼ਲੇ ਪਿੰਡਾਂ ਵਿੱਚ ਘੁੰਮਦੇ ਦਿਖਾਈ ਦਿੰਦੇ ਸਨ, ਪਰ ਇਸ ਵਾਰੀ ਨਰਮੇ ਦੀ ਹੋਈ ਤਬਾਹੀ ਨੇ ਉਹਨਾਂ ਦੇ ਇਧਰ ਆਉਣ ਦੇ ਬੂਹੇ ਹੀ ਬੰਦ ਕਰ ਦਿੱਤੇ ਹਨ। ਇਸ ਪੱਟੀ ਵਿਚਲੇ ਖੇਤ ਮਜ਼ਦੂਰ ਪਰਿਵਾਰਾਂ ਨੂੰ ਨਰਮੇ ਦੀ ਫਸਲ ਆਉਣ ਤੋਂ ਪਹਿਲਾਂ ਹੀ 5-7 ਹਜ਼ਾਰ ਰੁਪਏ ਤੱਕ ਦੇ ਨਕਦ-ਨਾਮੇ ਵਜੋਂ ਹਾਸਲ ਹੋ ਜਾਂਦੇ ਸਨ, ਜਿਹਨਾਂ ਨਾਲ ਉਹ ਆਪਣੀਆਂ ਮਾੜੀਆਂ-ਮੋਟੀਆਂ ਤੰਗੀਆਂ-ਤੁਰਸ਼ੀਆਂ 'ਤੇ ਕਾਬੂ ਪਾਉਣ ਦੇ ਸਮਰੱਥ ਹੋ ਕੇ ਕੁੱਝ ਨਾ ਕੁੱਝ ਰਾਹਤ ਮਹਿਸੂਸ ਕਰਦੇ ਸਨ ਪਰ ਕਿੰਨੇ ਅਰਮਾਨ ਤੇ ਕਿੰਨੀਆਂ ਹਸਰਤਾਂ ਸਨ ਇਹਨਾਂ ਦੇ ਮਨਾਂ ਵਿੱਚ, ਇਹ ਸਭ ਦੇ ਸਭ ਕੁਚਲੇ ਗਏ ਨਰਮੇ ਦੀ ਮਾਰ ਨਾਲ ਹੀ। ਕਿਸੇ ਨੇ ਆਪਣੀ ਧੀ ਦੇ ਹੱਥ ਪੀਲੇ ਕਰਨੇ ਸਨ ਤੇ ਕਿਸੇ ਨੇ ਕੱਚੇ ਕੋਠੜੇ ਨੂੰ ਪੱਕਿਆਂ ਕਰਨ ਅਤੇ ਕਿਸੇ ਨੇ ਬੁਰੀ ਤਰ੍ਹਾਂ ਲੜਖੜਾ ਰਹੀ ਕਬੀਲਦਾਰੀ ਨੂੰ ਕੋਈ ਹੋਰ ਠੁੰਮ੍ਹਣਾ ਦੇਣ ਦਾ ਮਨ ਬਣਾਇਆ ਹੋਇਆ ਸੀ। ਹੁਣ ਮਨ ਦੀਆਂ ਸਾਰੀਆਂ ਹੀ ਮਨ ਵਿੱਚ ਰਹਿ ਗਈਆਂ। ਗੱਲ ਇਹ ਹੀ ਨਹੀਂ ਕਿ ਪਹਿਲੋਂ ਮਿਲਣ ਵਾਲੇ ਪੈਸਿਆਂ ਨਾਲ ਉਹਨਾਂ ਨੂੰ ਪਹਿਲਾਂ ਹੀ ਕੋਈ ਵਕਤੀ ਸੌਖ ਹੋਣੀ ਸੀ, ਬਲਕਿ ਜਦੋਂ ਨਰਮੇ ਦੀ ਫਸਲ ਵਿੱਚੋਂ ਹੀ ਕੋਈ ਕਮਾਈ ਨਹੀਂ ਹੋਣੀ ਤਾਂ ਪੇਟ ਨੂੰ ਝੁਲਕਾ ਕਿਵੇਂ ਦੇਣਾ ਹੈ, ਇਹ ਸੰਸੇ ਵੀ ਵੱਢ ਵੱਢ ਖਾ ਰਹੇ ਹਨ। ਕੋਈ ਨਵਾਂ ਕੱਪੜਾ-ਲੀੜਾ ਖਰੀਦ ਕੇ ਮੇਲਾ ਵੇਖਣਾ ਸੀ ਜਾਂ ਕਿਸੇ ਦਾ ਮੰਗਣਾ-ਵਿਆਹ, ਦਿਵਾਲੀ ਲੋਹੜੀ ਮਾਨਣੀ ਸੀ ਜਾਂ ਕੋਈ ਹੋਰ ਰੀਝ— ਸਭ ਦੇ ਸਭ ਚਾਅ ਚੂਸ ਲਏ ਆ ਨਰਮੇ 'ਤੇ ਚਿੱਟੇ ਮੱਛਰ ਦੀ ਮਾਰ ਨੇ।
ਨਰਮੇ ਦੀ ਚੁਗਾਈ ਕਰਨ ਵਾਲੇ ਮਰਦਾਂ ਅਤੇ ਔਰਤਾਂ ਨੂੰ ਕਿਸਾਨਾਂ ਦੇ ਘਰਾਂ ਵਿੱਚੋਂ ਲੱਸੀ, ਦੁੱਧ, ਦਾਲਾਂ-ਸਬਜ਼ੀਆਂ ਜਾਂ ਚਾਹ-ਰੋਟੀ ਅਤੇ ਬਾਲਣ-ਛੱਟੀਆਂ ਆਦਿ ਵੀ ਅਕਸਰ ਹੀ ਮਿਲ ਜਾਂਦੇ ਸਨ, ਪਰ ਹੁਣ ਉੱਥੋਂ ਮਿਲਣ ਵਾਲੀਆਂ ਇਹਨਾਂ ਵਸਤਾਂ ਹਾਸਲ ਕਰਨ ਲਈ ਖੇਤ ਮਜ਼ਦੂਰਾਂ ਨੂੰ ਆਪਣੇ ਖਰਚੇ ਵਿੱਚੋਂ ਖਰਚਾ ਕੱਢਣਾ ਪੈਣਾ ਹੈ। ਫੇਰ ਵੀ ਇਹਨਾਂ ਚੀਜ਼ਾਂ ਦੀ ਤੋਟ ਪੂਰੇ ਸਿਆਲ ਵਾਸਤੇ ਬਣੀ ਹੀ ਰਹਿਣੀ ਹੈ- ਜੋ ਮੋੜਵੇਂ ਰੂਪ ਵਿੱਚ ਬੱਚਿਆਂ ਦੀ ਪੜ੍ਹਾਈ-ਲਿਖਾਈ, ਖੇਡਾਂ, ਕੱਪੜੇ-ਲੀੜੇ ਅਤੇ ਸਿਹਤ-ਸਹੂਲਤਾਂ ਦੀ ਗਿਰਾਵਟ ਦੇ ਰੂਪ ਵਿੱਚ ਪਹਿਲਾਂ ਹੀ ਗਰੀਬੀ ਝੰਬੇ ਮਜ਼ਦੂਰਾਂ ਨੂੰ ਹੋਰ ਵੀ ਪਿੰਜਣ ਦਾ ਸਬੱਬ ਬਣੇਗੀ। ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਰਮੇ ਦੀ ਮਾਰ ਦਾ ਭਾਰ ਹੀ ਨਹੀਂ ਪੈਣਾ ਬਲਕਿ ਘਰਾਂ ਵਿੱਚ ਰੱਖੇ ਗਏ ਡੰਗਰ-ਪਸ਼ੂਆਂ ਆਦਿ ਦੇ ਭਾਰ ਨੂੰ ਵੀ ਝੱਲਣਾ ਪੈਣਾ ਹੈ। ਨਰਮੇ 'ਤੇ ਕੀਤੀਆਂ ਗਈਆਂ ਬੇਥਾਹ ਕੀਟ-ਨਾਸ਼ਕ ਦਵਾਈਆਂ ਦੀਆਂ ਸਪਰੇਆਂ ਨੇ ਫਸਲਾਂ ਵਿੱਚੋਂ ਹਾਸਲ ਹੋਣ ਵਾਲੇ ਕੱਖ-ਪੱਠੇ ਨੂੰ ਵੀ ਝੁਲਸ ਕੇ ਰੱਖ ਦਿੱਤਾ ਹੈ। ਚਾਰੇ-ਪੱਠੇ ਦੀ ਤੋਟ ਨਾਲ ਪਸ਼ੂਆਂ (ਗਾਵਾਂ, ਮੱਝਾਂ ਅਤੇ ਬੱਕਰੀਆਂ ਆਦਿ) ਦਾ ਮਾੜਾ ਹਾਲ ਹੋਣਾ ਹੈ; ਦੁੱਧ ਨੇ ਸੁੱਕਣਾ ਤੇ ਘਟਣਾ ਹੈ। ਮਜ਼ਦੂਰ ਪਰਿਵਾਰਾਂ ਨੂੰ ਦੁੱਧ ਵੇਚ ਕੇ ਮਿਲਦੇ ਦਮੜਿਆਂ 'ਤੇ ਕੱਟ ਲੱਗਣੀ ਹੈ। ਪਹਿਲੋਂ ਹੀ ਮੰਦਹਾਲੀ ਦੇ ਝੰਬੇ ਮਜ਼ਦੂਰਾਂ ਦੀ ਹਾਲਤ ਹੋਰ ਬਦਤਰ ਹੋਣੀ ਹੈ। ਇਸ ਤਰ੍ਹਾਂ ਇਹਨਾਂ ਪਰਿਵਾਰਾਂ ਵਿੱਚ ਭੁੱਖ-ਦੁੱਖ, ਬਿਮਾਰੀਆਂ ਤੇ ਮੁਸ਼ਕਲਾਂ ਵਿੱਚ ਵਾਧਾ ਹੋਣਾ ਹੈ।
ਖੇਤ ਮਜ਼ਦੂਰਾਂ ਦੀ ਮੁਆਵਜ਼ੇ ਦੀ ਮੰਗ ਨੂੰ ਜਿੱਥੇ 7 ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਉੱਭਰਵੇਂ ਰੂਪ ਵਿੱਚ ਉਘਾੜਿਆ ਗਿਆ ਹੈ, ਉੱਥੇ 8 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਨੇ ਵੀ ਇਸ ਨੂੰ ਆਪਣੀ ਮੰਗ ਵਜੋਂ ਉਭਾਰ ਕੇ ਰੈਲੀਆਂ, ਧਰਨਿਆਂ, ਮੁਜਾਹਰਿਆਂ ਅਤੇ ਇਕੱਤਰਤਾਵਾਂ ਵਿੱਚ ਪੇਸ਼ ਕੀਤਾ ਹੈ, ਜਿਸ ਕਰਕੇ ਖੇਤ ਮਜ਼ਦੂਰ ਜਥੇਬੰਦੀਆਂ ਅਤੇ 8 ਕਿਸਾਨ ਜਥੇਬੰਦੀਆਂ ਦੇ ਘੋਲ ਦਬਾਅ ਹੇਠ ਪੰਜਾਬ ਸਰਕਾਰ ਨੂੰ ਖੇਤ ਮਜ਼ਦੂਰਾਂ ਵਾਸਤੇ ਚਾਹੇ 64 ਕਰੋੜ ਰੁਪਏ ਜਾਰੀ ਕਰਨ ਦਾ ਕਦਮ ਲੈਣਾ ਪਿਆ। ਉਂਝ ਇਹ ਰਕਮ ਬਹੁਤ ਹੀ ਨਿਗੂਣੀ ਅਤੇ ਮਾਮੂਲੀ ਹੈ। ਮੁੱਖ ਮੰਤਰੀ ਵੱਲੋਂ ਖੇਤ ਮਜ਼ਦੂਰਾਂ ਨੂੰ ਇਸ ਮਾਮੂਲੀ ਰਕਮ ਦੀ ਬੁਰਕੀ ਨਾਲ ਵਰਚਾਉਣ ਦੀ ਚਾਲ ਪਿੱਛੇਉਸਦੀ ਖੇਤ ਮਜ਼ਦੂਰਾਂ ਪ੍ਰਤੀ ਹਾਕਮਾਨਾ ਦੁਰਕਰ ਭਾਵਨਾ ਕੰਮ ਕਰਦੀ ਹੈ। ਚਿੱਟੇ ਮੱਛਰ ਦੀ ਮਾਰ ਨੇ ਜਿੱਥੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਅਨੇਕਾਂ ਤਰ੍ਹਾਂ ਦੇ ਸੰਸੇ, ਫਿਕਰ ਅਤੇ ਝੋਰੇ ਖੜ੍ਹੇ ਕੀਤੇ ਹਨ, ਉੱਥੇ ਇਸਦੀ ਵਜਾਹ ਕਰਕੇ ਕਿਸਾਨਾਂ ਦਾ ਨਕਲੀ ਬੀਜਾਂ, ਦਵਾਈਆਂ ਅਤੇ ਖਾਦਾਂ ਆਦਿ ਬਾਰੇ ਗੁੱਸਾ ਅਤੇ ਰੋਹ ਹੋਰ ਵੀ ਪ੍ਰਚੰਡ ਹੋਇਆ ਹੈ। ਜਿੱਥੇ ਅਨੇਕਾਂ ਹੀ ਕਿਸਾਨ ਜਥੇਬੰਦੀਆਂ ਨੇ ਚਿੱਟੇ ਮੱਛਰ ਦੀs sਮਾਰ ਤੇ ਹੋਰਨਾਂ ਮਸਲਿਆਂ ਨੂੰ ਲੈ ਕੇ ਤਿੱਖੇ ਸੰਘਰਸ਼ਾਂ ਦੇ ਬਿਗੁਲ ਵਜਾਏ ਹਨ ਉੱਥੇ ਖੇਤ ਮਜ਼ਦੂਰਾਂ ਦੇ ਧਰਨਿਆਂ ਵਿੱਚ ਖਾਸ ਕਰਕੇ ਨਰਮਾ ਪੱਟੀ ਦੇ ਇਲਾਕੇ ਵਿੱਚ ਕਿਤੇ ਵਧੇਰੇ ਸ਼ਮੂਲੀਅਤ ਹੋਈ ਹੈ। ਐਨਾ ਹੀ ਨਹੀਂ ਕਿ ਪਹਿਲਾਂ ਹੀ ਅਨੇਕਾਂ ਸੰਕਟਾਂ ਲਈ ਜੁੰਮੇਵਾਰ ਹਕੂਮਤਾਂ ਦੇ ਖਿਲਾਫ ਖੇਤ ਮਜ਼ਦੂਰ ਮਰਦਾਂ-ਔਰਤਾਂ ਦਾ ਗੁਸਾ ਫੁੱਟਣ ਦੇ ਰਾਹ ਪੈ ਰਿਹਾ ਹੈ। ਹੁਣ ਤਿੱਖੇ ਹੋਏ ਸੰਕਟ ਨੇ ਇਹਨਾਂ ਹਿੱਸਿਆਂ ਵਿੱਚ ਧੁਖਦੇ ਲਾਵੇ ਨੂੰ ਹੋਰ ਵਧੇਰੇ ਤਿੱਖਾ ਕੀਤਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਕਿਤੇ ਵਧੇਰੇ ਪ੍ਰਚੰਡ ਤੇ ਪ੍ਰਤੱਖ ਰੂਪ ਵਿੱਚ ਸਾਹਮਣੇ ਆਵੇਗਾ।

No comments:

Post a Comment