Friday, 30 October 2015

ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀ ਸ਼ਹਾਦਤ ਸ਼ਤਾਬਦੀ ਦਾ ਅਰਥ

ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀ ਸ਼ਹਾਦਤ ਸ਼ਤਾਬਦੀ ਦਾ ਅਰਥ
ਆਓ ਸ਼ਹੀਦਾਂ ਦੇ ਰਾਹ ਦੇ ਰਾਹੀਂ ਬਣੀਏ
-ਬਲਵਿੰਦਰ ਮੰਗੂਵਾਲ
ਇਹ ਵਰ੍ਹਾ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ, ਫੇਰੂ ਸ਼ਹਿਰ ਦਾ ਸਾਕਾ, ਵੱਲਾ ਪੁਲ ਦਾ ਸਾਕਾ, 23 ਨੰਬਰ ਰਸਾਲੇ, ਸਿੰਘਾਪੁਰ ਦੀ ਬਗਾਵਤ ਦੇ ਸ਼ਹੀਦਾਂ ਸਮੇਤ ਅਨੇਕਾਂ ਸ਼ਹੀਦਾਂ ਦੀ ਸ਼ਹਾਦਤ ਦੀ ਸ਼ਤਾਬਦੀ ਦਾ ਵਰ੍ਹਾ ਹੈ। ਇਸ ਵਰ੍ਹੇ ਉਹਨਾਂ ਦੀ ਸ਼ਤਾਬਦੀ ਮਨਾਉਣ ਦਾ ਅਰਥ ਮਹਿਜ਼ ਉਨ੍ਹਾਂ ਨੂੰ ਯਾਦ ਕਰਕੇ ਚੰਦ ਸ਼ਬਦ ਤਕਰੀਰਾਂ ਰਾਹੀਂ, ਫੁਲ ਅਰਪਣ ਕਰਕੇ ਆਪਣੇ ਆਪ ਨੂੰ ਫੋਕੀ ਤਸੱਲੀ ਦੇਣਾ ਨਹੀਂ ਹੈ।
ਜਦੋਂ ਅਸੀਂ ਸੌ ਸਵਾ ਸੌ ਸਾਲ ਪਿਛਾਂਹ ਵੱਲ ਝਾਤ ਮਾਰਦੇ ਹਾਂ ਤਾਂ ਸਾਡੇ ਸਾਹਮਣੇ ਇਸ ਤੋਂ ਵੀ ਭਿਆਨਕ ਦ੍ਰਿਸ਼ ਆਉਂਦੇ ਹਨ। ਜਦੋਂ ਬਰਤਾਨਵੀ ਸਾਮਰਾਜੀਆਂ ਨੇ ਸਾਡੇ ਦੇਸ਼ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਵਿੱਚ ਨੂੜਿਆ ਹੋਇਆ ਸੀ, ਜਿਸਦੇ ਸਿੱਟੇ ਵਜੋਂ ਇਥੇ ਕਾਲ, ਪਲੇਗ, ਭੁੱਖਮਰੀ, ਗਰੀਬੀ, ਅਨਪੜ੍ਹਤਾ, ਬੇਰੋਜ਼ਗਾਰੀ, ਜਾਤ-ਪਾਤੀ ਵਿਤਕਰਾ ਆਦਿ ਅਲਾਮਤਾਂ ਵਧ-ਫੈਲ ਰਹੀਆਂ ਸਨ। ਉਸ ਮੌਕੇ ਅੱਜ ਨਾਲੋਂ ਇੱਕ ਗੱਲ ਵਧੇਰੇ ਸਪਸ਼ਟ ਸੀ ਕਿ ਉਹਨਾਂ ਨੂੰ ਆਪਣੇ ਦੁਸ਼ਮਣ ਦੀ ਪ੍ਰਤੱਖ ਪਛਾਣ ਸੀ ਕਿ ਇਹ ਗੋਰੇ ਅੰਗਰੇਜ਼ ਹਾਕਮ ਦੂਰ ਦੇਸ਼ੋ ਚੱਲ ਕੇ ਇੱਥੇ ਆਏ ਹਨ ਅਤੇ ਇਹਨਾਂ ਦੇ ਨਾਲ ਇਥੋਂ ਦਾ ਜਗੀਰਦਾਰਾਂ ਲਾਣਾ ਹੈ, ਜਿਹਨਾਂ ਨੇ ਸਾਨੂੰ ਗ਼ੁਲਾਮ ਕੀਤਾ ਹੋਇਆ ਹੈ। ਜਿਹਨਾਂ ਤੋਂ ਆਜ਼ਾਦੀ ਲੈਣ ਲਈ ਸਮੇਂ ਸਮੇਂ 'ਤੇ ਕਦੇ ਕੂਕਾ ਲਹਿਰ, ਕਦੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਰੂਪਾਂ 'ਚ ਲਹਿਰਾਂ ਉੱਠਦੀਆਂ ਤੇ ਲੜੀਆਂ ਜਾਂਦੀਆਂ ਰਹੀਆਂ ਸਨ।
ਇਸ ਹਾਲਤ ਵਿੱਚ ਕਰਤਾਰ ਸਿੰਘ ਸਰਾਭੇ ਦਾ 23 ਮਈ 1896 ਨੂੰ ਲੁਧਿਆਣੇ ਦੇ ਪਿੰਡ ਸਰਾਭਾ ਵਿਖੇ ਸ. ਮੰਗਲ ਸਿੰਘ ਤੇ ਬੀਬੀ ਸਾਹਿਬ ਕੌਰ ਦੇ ਘਰੇ ਜਨਮ ਹੋਇਆ। ਕਰਤਾਰ ਸਿੰਘ ਨੂੰ ਛੋਟੇ ਹੁੰਦਿਆਂ ਹੀ ਮਾਂ ਬਾਪ  ਦੀ ਮੌਤ ਤੇ ਵਿਛੋੜੇ ਦਾ ਦਰਦ ਝੱਲਣਾ ਪਿਆ। ਉਸ ਵਕਤ ਦੇਸ਼ ਵਿੱਚ ਉਪਰੋਕਤ ਹਾਲਤਾਂ ਚਰਮ ਸੀਮਾ 'ਤੇ ਸਨ। ਖੇਤੀ ਦੇ ਹਾਲਾਤ ਕੁਦਰਤ 'ਤੇ ਨਿਰਭਰ ਸਨ। ਅੰਗਰੇਜ਼ ਸਰਕਾਰ ਵੱਲੋਂ ਮੜ੍ਹੇ ਜ਼ਮੀਨੀ-ਮਾਲੇਏ ਅਤੇ ਜਗੀਰਦਾਰਾਂ ਦੀ ਅੰਨ੍ਹੀਂ ਲੁੱਟ ਅਤੇ ਦਾਬੇ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਸੀ। ਪੇਟ ਦੀ ਭੁੱਖ ਸ਼ਾਂਤ ਕਰਨ ਅਤੇ ਪਰਿਵਾਰਾਂ ਨੂੰ ਪਾਲਣ ਵਾਸਤੇ ਲੋਕ ਚੰਦ ਛਿੱਲੜਾਂ ਲਈ ਫੌਜ ਵਿੱਚ ਭਰਤੀ ਹੋ ਕੇ ਸਾਮਰਾਜੀਆਂ ਦੀਆਂ ਬਸਤੀਆਂ ਕਾਇਮ ਕਰਨ 'ਚ ਜੰਗਾਂ ਦਾ ਚਾਰਾ ਬਣਨ ਲਈ ਮਜ਼ਬੂਰ ਸਨ। ਕੁਝ ਅਮਰੀਕਾ, ਕਨੈਡਾ ਜਾ ਕੇ ਰੇਲਵੇ ਲਾਇਨਾਂ ਵਿਛਾਉਣ, ਕੁਝ ਲੱਕੜ ਕੱਟਣ-ਚੀਰਨ ਦੀਆਂ ਮਿਲਾਂ ਵਿਚ ਤੇ ਕੁਝ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਮੁਲਕ ਛੱਡਣ ਲਈ ਮਜਬੂਰ ਹੋਏ। ਇਸੇ ਤਰ੍ਹਾਂ ਨੌਜਵਾਨ ਕੰਮ ਦੇ ਨਾਲ ਨਾਲ ਪੜਾਈ ਕਰਨ ਲਈ ਵਿਦੇਸ਼ੀ ਧਰਤੀ 'ਤੇ ਜਾ ਰਹੇ ਸਨ। ਕਰਤਾਰ ਸਿੰਘ ਸਰਾਭਾ ਪੜਾ੍ਹਈ ਵਿੱਚ ਤੇਜ ਤਰਾਰ ਸੀ। ਉਹ ਵੀ ਪੜ੍ਹਨ ਲਈ ਅਮਰੀਕਾ ਜਾ ਪੁੱਜਿਆ।
ਵਿਦੇਸ਼ ਗਏ ਲੋਕਾਂ ਨੂੰ ਜਦੋਂ ਮਿਹਨਤ ਮਜ਼ਦੂਰੀ ਕਰਕੇ ਵੀ ਤਾਹਨੇ ਮਿਹਣੇ ਸੁਣਨੇ ਪੈਦੇ ਸਨ ਤਾਂ ਉਹਨਾਂ ਦੀ ਜ਼ਮੀਰ ਨੂੰ ਹਲੂਣਾ ਆਇਆ ਤੇ ਅਹਿਸਾਸ ਹੋਇਆ ਕਿ ਗ਼ੁਲਾਮ ਮੁਲਕ ਦੇ ਕਿਰਤੀਆਂ ਦੀ ਕਿਤੇ ਵੀ ਇੱਜਤ ਨਹੀਂ ਹੁੰਦੀ। ਉਹਨਾਂ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਆਪਸੀ ਤੌਰ 'ਤੇ ਸਲਾਹਾਂ ਕਰਦੇ ਹੋਏ ਅਤੇ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਂਣ ਲਈ ਹਿੰਦ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਨਾਂਅ ਦੀ ਜਥੇਬੰਦੀ ਖੜ੍ਹੀ ਕੀਤੀ ਜਿਸ ਨੂੰ ਬਾਅਦ ਵਿੱਚ ਗ਼ਦਰ ਪਾਰਟੀ ਦੇ ਨਾਂਅ ਨਾਲ ਪ੍ਰਸਿਧੀ ਮਿਲੀ। ਕਰਤਾਰ ਸਿੰਘ ਸਰਾਭਾ ਵੀ ਇਸ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ। ਗ਼ਦਰ ਪਾਰਟੀ ਦੇ ਆਗੂਆਂ ਨੇ ਦੋ ਗੱਲਾਂ ਅਜਿਹੀਆਂ ਅਪਣਾਈਆਂ ਜੋ ਪਹਿਲਾਂ ਕਿਸੇ ਨੇ ਨਹੀ ਸਨ ਅਪਣਾਈਆ ਇੱਕ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਹੈ ਇਹ ਕਿਵੇਂ ਹਿੰਦੋਸਤਾਨ ਦੇ ਲੋਕਾਂ ਨਾਲ ਧੋਖਾ ਤੇ ਧਰੋਹ ਕਮਾ ਰਹੀ ਤੇ ਕਿਵੇਂ ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਦੀ ਹਿੱਤ ਪਾਲਕ ਹੈ ਤੇ ਅੰਗਰੇਜ਼ਾਂ ਦੀ ਪਾਲੀ ਪੋਸੀ ਪਾਰਟੀ ਹੈ, ਲੋਕਾਂ ਖਿਲਾਫ਼ ਵਰਤਣ ਲਈ ਉਹਨਾਂ ਦਾ ਸੰਦ ਹੈ। ਦੂਜਾ ਇਹ ਕਿ ਹਿੰਦੁਸਤਾਨ ਵਿਚੋਂ ਅੰਗਰੇਜ਼ ਹਕੂਮਤ ਨੂੰ ਹਥਿਆਰਬੰਦ ਸੰਘਰਸ਼ ਨਾਲ ਹੀ ਕੱਢਿਆ ਜਾ ਸਕਦਾ ਹੈ। ਇਸੇ ਲਈ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਨੇ ਵਿਦੇਸ਼ਾਂ ਤੋਂ ਹਿੰਦੁਸਤਾਨ ਆ ਕੇ ਫੌਜੀ ਛਾਉਂਣੀਆਂ ਵਿੱਚ ਭਾਰਤੀ ਸਿਪਾਹੀਆਂ ਨਾਲ ਮੀਟਿੰਗਾਂ  ਕਰਕੇ ਹਥਿਆਰਬੰਦ ਬਗ਼ਾਵਤ(ਜਿਸ ਨੂੰ ਗ਼ਦਰ ਕਰਨਾ ਕਿਹਾ ਗਿਆ) ਕਰਨ ਲਈ ਤਿਆਰੀ ਕਰਨ ਦਾ ਅਮਲ ਚਲਾਇਆ ਗਿਆ। ਗ਼ਦਰ ਪਾਰਟੀ ਨੇ ਧਰਮ ਨਿਰਪੱਖਤਾ ਦਾ ਅਸੂਲ ਲਿਆਦਾ ਜਿਸ ਤਹਿਤ ਧਰਮ ਹਰੇਕ ਵਿਅਕਤੀ ਦਾ ਨਿੱਜੀ ਮਾਮਲਾ ਹੋਵੇਗਾ ਤੇ ਸਿਆਸਤ ਤੋਂ ਵਖਰਿਆਉਦਿਆ ਉਹਨਾਂ ਨੇ ਵਿਦੇਸ਼ਾਂ ਵਿੱਚ ਗਏ ਲੋਕਾਂ ਵਿੱਚ ਕੌਮਪ੍ਰਸਤੀ ਦਾ ਜ਼ਜ਼ਬਾ ਪੈਦਾ ਕੀਤਾ। ਸਭਨਾਂ ਧਰਮਾਂ, ਜਾਤਾਂ ਦੇ ਵਿਅਕਤੀ ਗ਼ਦਰ ਪਾਰਟੀ ਦੇ ਮੈਂਬਰ ਬਣੇ ਤੇ ਉਹਨਾਂ ਨੇ ਦੇਸ਼ ਤੇ ਕੌਮ ਦੀ ਖਾਤਰ ਜਬਰ ਤਸ਼ੱਸ਼ਦ ਝੱਲਦਿਆਂ ਜਾਨਾਂ ਕੁਰਬਾਨ ਕੀਤੀਆਂ ਜਾਤ-ਪਾਤ ਦੇ ਬੰਧਨਾਂ ਨੂੰ ਤੋੜਿਆ, ਔਰਤਾਂ ਨੂੰ ਬਰਾਬਰਤਾ ਦੇਣ ਤੇ ਕੌਮੀ ਜਮਹੂਰੀਅਤ ਦੇ ਨਾਲ ਸਭਨਾ ਲਈ ਬਰਾਬਰ ਵਿਦਿਆ ਅਤੇ ਰੁਜ਼ਗਾਰ ਮੁਹੱਈਆ ਕਰਨ ਦਾ ਐਲਾਨ ਕੀਤਾ। ਇਉਂ ਮੁੱਖ ਤੌਰ 'ਤੇ ਆਜ਼ਾਦੀ, ਬਰਾਬਰੀ ਦੀਆਂ ਬੁਨਿਆਦਾਂ 'ਤੇ ਕੌਮੀ ਜਮਹੂਰੀਅਤ ਕਾਇਮ ਕਰਨ ਦੇ ਨਿਸ਼ਾਨੇ ਨੂੰ ਸਾਹਮਣੇ ਰੱਖਦਿਆਂ ਹਥਿਆਰਬੰਦ ਸੰਘਰਸ਼ ਰਾਹੀਂ ਮੁਲਕ ਦੇ ਲੋਕਾਂ ਨੂੰ ਬਰਤਾਨਵੀ ਗੁਲਾਮੀ ਤੋਂ ਮੁਕਤ ਕਰਵਾਉਣ ਦਾ ਰਾਹ ਅਪਣਾਇਆ ਗਿਆ।
ਗ਼ਦਰ ਪਾਰਟੀ 'ਚ ਕਰਤਾਰ ਸਿੰਘ ਸਰਾਭਾ ਉਮਰ ਵਿੱਚ ਭਾਵੇ ਸਭ ਤੋਂ ਛੋਟਾ ਸੀ ਪ੍ਰੰਤੂ ਸਿਆਸੀ ਚੇਤਨਾ ਦੇ ਪੱਖੋਂ ਬਹੁਤ ਅੱਗੇ ਸੀ। ਬਾਬਾ ਸੋਹਣ ਸਿੰਘ ਭਕਨਾ ਸਰਾਭੇ ਨੂੰ 'ਬਾਲ ਜਰਨੈਲ' ਕਿਹਾ ਕਰਦੇ ਸਨ। ਸਰਾਭਾ ਤੇ ਸਾਥੀ ਆਪਣੇ ਮਿਥੇ ਨਿਸ਼ਾਨਿਆਂ ਨੂੰ ਪੂਰੇ ਕਰਨ ਲਈ ਵਿਦੇਸ਼ਾਂ ਤੋਂ ਆਪਣੇ ਦੇਸ਼ ਵੱਲ ਚੱਲੇ ਤੇ ਇਥੇ ਆ ਕੇ ਉਹਨਾਂ ਦੀ ਖਾਤਰ ਫਾਂਸੀ ਦੇ ਫੰਦੇ ਤੇ ਝੂਲ ਗਏ ਬਾਅਦ ਵਿੱਚ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਅਤੇ ਸ਼ਹੀਦ ਭਗਤ ਸਿੰਘ ਵੱਲੋਂ ਸਰਾਭੇ ਨੂੰ ਆਪਣਾ ਸਿਆਸੀ ਗੁਰੂ ਕਬੂਲਦਿਆਂ ਸ਼ਹਾਦਤ ਦਾ ਜਾਮ ਪੀਤਾ ਗਿਆ।
ਅੱਜ ਸਾਡੇ ਦੇਸ਼ ਦੀਆਂ ਹਾਲਤਾਂ ਉੱਤੇ ਝਾਤ ਮਾਰਿਆਂ ਸਾਡੇ ਸਾਹਮਣੇ ਸੁਆਲ ਹਨ ਕਿ 1947 ਵਿੱਚ ਜੋ ਸੱਤਾ ਬਦਲੀ ਹੋਈ, ਕੀ ਉਹ ਅਸਲੀ ਆਜ਼ਾਦੀ ਸੀ? ਕੀ ਜਮਹੂਰੀਅਤ ਅਸਲੀ ਹੈ? ਕੀ ਦੇਸ਼ ਦੇ ਕਰੋੜਾਂ ਲੋਕਾਂ ਨੂੰ ਬਰਾਬਰੀ ਮਿਲੀ ਹੈ ਜਾਂ ਨਹੀਂ! ਦੇਸ਼ ਵਿੱਚ ਆਜ਼ਾਦੀ ਦੇ ਨਾਂ ਹੇਠ ਦਲਾਲ-ਸਰਮਾਏਦਾਰਾਂ ਅਤੇ ਜਾਗੀਰੂ ਲਾਣੇ ਨੂੰ ਅੱਗੇ ਲਿਆ ਕੇ ਸਾਮਰਾਜੀਆਂ ਨੇ ਸਾਡੇ ਲੋਕਾਂ ਦੀਆਂ ਅੱਖਾਂ ਵਿੱਚ ਆਜ਼ਾਦੀ ਅਤੇ ਜਮਹੂਰੀਅਤ ਦਾ ਘੱਟਾ ਪਾਇਆ ਹੈ। ਕੌਮੀ ਮੁਕਤੀ ਲਹਿਰਾਂ ਨੂੰ ਲੀਹੋਂ ਲਾਹਿਆ ਹੈ, ਫਿਰਕੂ-ਜਨੂੰਨੀਆਂ ਵੱਲੋਂ ਹਨੇਰਗਰਦੀ ਫੈਲਾ ਕੇ ਦੇਸ਼ ਦੇ ਟੋਟੇ ਟੋਟੇ ਕਰਕੇ ਇੱਥੇ ਚੱਲ ਰਹੀਆਂ ਇਨਕਲਾਬੀ ਲਹਿਰਾਂ ਨੂੰ ਕੁਰਾਹੇ ਪਾਇਆ ਹੈ। ਧਰਮ-ਜਾਤ ਅਤੇ ਬੋਲੀ-ਇਲਾਕੇ ਦੇ ਨਾਂ 'ਤੇ ਲੋਕਾਂ ਨੂੰ ਲੋਕਾਂ ਨਾਲ ਲੜਾਉਣ ਦੇ ਬੀਜ ਬੀਜੇ ਹਨ।
ਅਜੋਕੇ ਦੌਰ ਅੰਦਰ ਹਿੰਦੋਸਤਾਨ ਦੀਆਂ ਹਾਕਮ ਜਮਾਤਾਂ ਸਾਮਰਾਜੀਆਂ ਦੀਆਂ ਦਲਾਲ ਬਣੀਆਂ ਹੋਈਆਂ ਹਨ। ਦੇਸ਼ ਦੇ ਜੰਗਲ, ਜ਼ਮੀਨਾਂ, ਦਰਿਆਵਾਂ, ਪਹਾੜਾਂ, ਖਣਿਜਾਂ, ਨੂੰ ਉਹਨਾਂ ਅੱਗੇ ਪਰੋਸਿਆ ਜਾ ਰਿਹਾ ਹੈ। ਕਾਰਪੋਰੇਟ ਲਾਣੇ ਨੂੰ ਕਿਰਤੀ ਲੋਕਾਂ ਦੀ ਲੁੱਟ ਕਰਨ ਦੀਆਂ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਹਨ। ਦੇਸ਼ ਦੇ ਭਵਿੱਖ ਬਾਲ-ਵਰੇਸ ਨੂੰ ਬਾਲ ਮਜ਼ਦੂਰੀ 'ਚ ਧੱਕਿਆ ਜਾ ਰਿਹਾ ਹੈ। ਨੌਜਵਾਨਾਂ ਨੂੰ ਨਸ਼ਿਆਂ, ਗੈਂਗਵਾਰ, ਬੇਰੁਜ਼ਗਾਰੀ, ਅੰਧ-ਵਿਸ਼ਵਾਸ਼ੀ ਦੇ ਆਲਮ ਵਿੱਚ ਸੁੱਟਿਆ ਜਾ ਰਿਹਾ ਹੈ। ਜ਼ਿੰਦਗੀ ਭਰ ਸਮਾਜ ਦੀ ਸੇਵਾ ਕਰਨ ਵਾਲੇ ਲੋਕਾਂ ਦੇ ਬੁਢਾਪੇ ਨੂੰ ਰੋਲਿਆ ਜਾ ਰਿਹਾ ਹੈ।
ਅੱਜ ਦੇਸ਼ ਅੰਦਰ ਆਰਥਿਕ ਪਾੜਾ ਵੱਧ ਰਿਹਾ ਹੈ। ਗਰੀਬਾਂ ਦੀ ਸੰਖਿਆ 'ਚ ਬੇ-ਥਾਹ ਵਾਧਾ ਹੋ ਰਿਹਾ ਹੈ। ਅਮੀਰਾਂ ਕੋਲ ਧਨ ਦੌਲਤਾਂ ਦੇ ਅੰਬਾਰ ਲੱਗ ਰਹੇ ਹਨ, ਦੇਸ਼ ਦੇ ਕਿਰਤੀ ਕਿਸਾਨ ਆਰਥਿਕ ਤੰਗੀਆਂ ਕਾਰਨ ਫਾਹੇ ਲੈ ਕੇ, ਜ਼ਹਿਰਾਂ ਪੀ ਕੇ, ਨਹਿਰਾਂ 'ਚ ਛਾਲਾਂ ਮਾਰ ਕੇ ਖੁਦਕੁਸ਼ੀਆਂ ਕਰ ਰਹੇ ਹਨ।
ਸਿਆਸਤ ਵਿੱਚ ਵੱਡੀ ਪੱਧਰ 'ਤੇ ਗੰਧਲ ਚੌਦੇਂ ਹੈ। ਹਾਕਮ ਜਮਾਤੀ ਸਿਆਸੀ ਟੋਲੇ ਦੇਸ਼ ਨੂੰ ਦੋਹੀਂ ਹੱਥੀ ਲੁੱਟ ਰਹੇ ਹਨ, ਲੋਕਾਂ ਨੂੰ ਧਾਰਮਿਕ ਫਿਰਕੂ ਫਸਾਦਾਂ ਵਿੱਚ ਧੂਹ ਕੇ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਰਹੇ ਹਨ। ਇਤਿਹਾਸ ਨੂੰ ਤੋੜ ਮਰੋੜ ਕੇ ਅੰਧ-ਵਿਸ਼ਵਾਸ਼ ਭਰਿਆ ਜਾ ਰਿਹਾ ਹੈ। ਕਰਮ-ਕਾਢਾਂ  ਭਰੇ ਮਿਥਿਹਾਸ ਨੂੰ ਲੋਕਾਂ ਉੱਪਰ ਲੱਦਣ ਲਈ ਅਤੇ ਵਿਰੋਧ ਦੀ ਸੁਰ ਨੂੰ ਨੱਪਣ ਲਈ ਕਾਤਲੀ ਫਿਰਕੂ ਟੋਲਿਆਂ ਨੂੰ ਉਕਸਾਇਆ ਜਾ ਰਿਹਾ ਹੈ। ਸਮਾਜਕ-ਸਭਿਆਚਾਰਕ ਕਦਰਾਂ ਕੀਮਤਾਂ ਨੂੰ ਘੱਟੇ ਰੋਲਿਆ ਜਾ ਰਿਹਾ ਹੈ। ਨੌਜਵਾਨਾਂ ਨੂੰ ਅਸ਼ਲੀਲ, ਢਾਹੂ ਅਤੇ ਬਿਮਾਰ ਸਾਹਿਤ-ਸਭਿਆਚਾਰ ਦੀ ਦਲਦਲ 'ਚ ਧੱਕਿਆ ਜਾ ਰਿਹਾ ਹੈ।
ਮੁਲਕ ਦੇ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਕੌਮਾਂ ਦੇ ਆਪਾ-ਨਿਰਣੇ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਕਾਲੇ ਕਾਨੂੰਨ ਮੜ੍ਹੇ ਜਾ ਰਹੇ ਹਨ। ਇਹਨਾਂ ਸੰਘਰਸ਼ਾਂ ਨੂੰ ਅਰਧ-ਸੈਨਿਕ ਬਲ, ਸੈਨਿਕ ਬਲ, ਸਪੈਸ਼ਲ ਫੋਰਸਾਂ, ਹਵਾਈ ਫੌਜਾਂ ਝੋਕ ਕੇ ਡਰੋਨ ਹਮਲਿਆਂ ਰਾਹੀਂ ਖ਼ਤਮ ਕਰਨ ਦੇ ਰਾਹ 'ਤੇ ਚੱਲਿਆ ਜਾ ਰਿਹਾ ਹੈ।
ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਸਾਥੋਂ ਮੰਗ ਕਰਦੀ ਹੈ ਕਿ ਅੱਜ ਦੇ ਸਮੇਂ 'ਚ ਉਹਨਾਂ ਸਰਕਾਰਾਂ, ਲੀਡਰਾਂ ਤੋ ਖ਼ਬਰਦਾਰ ਹੋ ਕੇ ਚੱਲਣ ਦੀ ਲੋੜ ਹੈ, ਜੋ ਗ਼ਦਰੀ ਸੂਰਬੀਰ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਬੁਰਕੇ ਹੇਠ ਮਜ਼ਦੂਰਾਂ-ਕਿਸਾਨਾਂ ਦੇ ਦਰਦੀ ਹੋਣ ਦਾ ਦੰਭ ਕਰਦੇ ਹਨ। ਕਿਉਂਕਿ ਇਤਿਹਾਸ ਵਿੱਚ ਵੀ ਸਾਡੇ ਕਿਰਤੀ ਲੋਕਾਂ ਦੇ ਰੋਹ ਨੂੰ ਇਨਕਲਾਬੀ ਤਬਦੀਲੀ ਤੋਂ ਭਟਕਾਉਣ ਲਈ ਅੰਗਰੇਜ਼ਾਂ ਨੇ ਮਹਾਤਮਾ ਗਾਂਧੀ ਵਰਗਿਆਂ ਨੂੰ ਕਾਂਗਰਸ ਪਾਰਟੀ ਦੇ ਅੱਗੇ ਲਾਇਆ ਹੋਇਆ ਸੀ। ਜਿਸ ਨੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਸੀ। ਸਾਡੇ ਸ਼ਹੀਦਾਂ ਨੇ ਇੱਕ ਆਜ਼ਾਦ, ਖੁਸ਼ਹਾਲ ਅਤੇ ਬਰਾਬਰੀ ਭਰਿਆ ਸਮਾਜ ਸਿਰਜਣ ਦੇ ਸੁਪਨੇ ਲਏ ਸਨ।
ਕੀ ਉਹਨਾਂ ਸ਼ਹੀਦਾ ਦੇ ਸੁਪਨੇ ਪੂਰੇ ਹੋ ਗਏ ਹਨ ਜਿਨ੍ਹਾਂ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਅਸੀਂ ਮਨਾ ਰਹੇ ਹਾਂ। ਅੱਜ ਅਖੌਤੀ ਆਜ਼ਾਦੀ ਦੇ 68 ਸਾਲ ਬਾਦ ਵੀ ਦੇਸ਼ ਵਿੱਚ ਨੌਜਵਾਨ ਵਿਦੇਸ਼ ਜਾਣ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਦੇ ਹਨ। ਲੱਖਾਂ ਹੀ ਬੇਰੁਜ਼ਗਾਰ ਹਨ, ਉਹਨਾਂ ਨੂੰ ਸਮੋਣ ਵਾਸਤੇ ਨਾ ਸੱਨਅਤਾਂ ਲੱਗੀਆਂ, ਨਾ ਹੀ ਸਰਕਾਰੀ ਅਦਾਰਿਆਂ ਵਿੱਚ ਨੌਕਰੀਆਂ ਦੇ ਮੌਕੇ ਨੇ।  ਨੌਜਵਾਨ ਕਿਸੇ ਵੀ ਦੇਸ਼ ਦੀ ਅਜਿਹੀ ਸ਼ਕਤੀ ਹੁੰਦੀ ਹੈ ਜਿਸ ਨੂੰ ਜੇ ਇਹਨਾਂ ਨੂੰ ਸਹੀ ਦਿਸ਼ਾ ਦਿੱਤੀ ਜਾਵੇ ਤਾਂ ਇਹ ਤਰਥੱਲੀਆਂ ਮਚਾ ਦਿੰਦੀ ਹੈ। ਪਰ ਅੱਜ ਸਾਡੇ ਦੇਸ਼ ਦੀ ਨੌਜਵਾਨ ਪੀੜੀ ਬੇਗਾਨਗੀ, ਮਾਯੂਸੀ ਤੇ ਨਿਰਾਸ਼ਾ ਦੇ ਆਲਮ ਦਾ ਸ਼ਿਕਾਰ ਹੋਈ ਪਈ ਹੈ। ਉੱਚ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਕਿਸੇ ਨੂੰ ਕੋਈ ਯੋਗਤਾ ਅਨੁਸਾਰ ਨੌਕਰੀ ਨਹੀਂ, ਉਹ ਨਸ਼ਿਆਂ ਦੀ ਮਾਰ ਹੇਠ ਲਿਆਦੇ ਜਾ ਰਹੇ ਹਨ। ਉਹਨਾਂ ਦੀ ਜਿਸਮਾਨੀ ਤੇ ਮਾਨਸਿਕ ਸ਼ਕਤੀ ਨੂੰ ਪਿਛਾਹ ਖਿਚੂ  ਤਾਕਤਾਂ ਵਲੋਂ ਵਰਤਿਆ ਜਾ ਰਿਹਾ ਹੈ। ਬਹੁਤ ਵੱਡੇ ਹਿੱਸੇ ਨੂੰ ਹਾਕਮ ਜਮਾਤੀ ਪਾਰਟੀਆਂ ਵਲੋਂ ਗੁੰਮਰਾਹ ਕਰਕੇ ਧਾਰਮਿਕ ਕੱਟੜਤਾ ਦਾ ਪਾਠ ਪੜਾਇਆ ਜਾ ਰਿਹਾ ਹੈ ਤਾਂ ਕਿ ਫਿਰਕੂ ਦੰਗੇ ਕਰਵਾਏ ਜਾ ਸਕਣ। ਸਾਡੀ ਨੌਜਵਾਨ ਪੀੜੀ ਨੂੰ ਉਹਨਾਂ ਸ਼ਹੀਦਾਂ ਦੀ ਸ਼ਾਨਾਂਮੱਤੀ ਵਿਰਾਸਤ ਤੋਂ ਦੂਰ ਰੱਖਿਆ ਜਾ ਰਿਹਾ ਹੈ। ਹਾਕਮਾਂ ਨੂੰ ਪਤਾ ਹੈ ਕਿ ਜੇ ਇਹ ਨੌਜਵਾਨ ਆਪਣੇ ਵਿਰਸੇ ਤੇ ਇਤਿਹਾਸ ਵੱਲ ਮੂੰਹ ਕਰ ਲੈਣ ਤਾਂ ਸਾਡਾ ਲੁੱਟ ਜਬਰ ਅਤੇ ਅਨਿਆਂ 'ਤੇ ਟਿਕਿਆ ਰਾਜਭਾਗ ਖਤਰੇ ਮੂੰਹ ਆ ਜਾਵੇਗਾ।  
ਸੋ ਇਸੇ ਕਰਕੇ ''ਨੌਜਵਾਨੋਂ ਜਾਗੋ! ਉਠੋਂ!! ਸੁੱਤਿਆ ਨੂੰ ਜੁਗ ਬੀਤ ਗਏ!!!'' ਇਹਨਾਂ ਹਾਕਮਾਂ ਦੀਆਂ ਕੋਝੀਆਂ ਚਾਲਾਂ ਨੂੰ ਪਛਾਣੋਂ। ਲੁੱਟ ਜਬਰ ਅਤੇ ਅਨਿਆਂ 'ਤੇ ਟਿਕੇ ਇਸ ਰਾਜ ਪ੍ਰਬੰਧ ਨੂੰ ਬਦਲਣ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ ਰਾਹ 'ਤੇ ਅੱਗੇ ਵਧੋ ਤਾਂ ਹੀ ਅਸੀਂ ਅਸਲ ਅਰਥਾਂ ਵਿੱਚ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਮਨਾਉਣ ਦੇ ਵਾਰਸ ਕਹਾ ਸਕਾਂਗੇ। ਨੌਜਵਾਨਾਂ ਨੂੰ ਇਹ ਸ਼ਤਾਬਦੀ ਸੁਆਲ ਕਰਦੀ ਹੈ ਕਿ ਅਸੀਂ ਏਸ ਹਾਲਤ ਨੂੰ ਖਾਮੋਸ਼ੀ ਨਾਲ ਸਹਿੰਦਿਆਂ ਹੋਇਆਂ ਜੀਵਨ ਕਟੀ ਕਰਨਾ ਹੈ ਜਾਂ ਅਜੋਕੇ ਗਲੇ-ਸੜੇ ਪ੍ਰਬੰਧ ਨੂੰ ਖ਼ਤਮ ਕਰਨ ਲਈ ਸ਼ਹੀਦਾਂ ਦੇ ਰਾਹ ਦੇ ਰਾਹੀ ਬਣਨਾ ਹੈ।

No comments:

Post a Comment