ਪੰਜਾਬ ਅੰਦਰ ਖੇਤ-ਮਜ਼ਦੂਰਾਂ ਅਤੇ ਕਿਸਾਨ ਸੰਘਰਸ਼ ਸਬੰਧੀ
ਕੁੱਝ ਨਿਰਖਾਂ ਅਤੇ ਕੁੱਝ ਸਬਕ
ਪੰਜਾਬ
ਵਿੱਚ ਪਿਛਲੇ ਕਈ ਮਹੀਨਿਆਂ ਤੋਂ ਖੇਤ ਮਜ਼ਦੂਰਾਂ (ਬੇਜ਼ਮੀਨੇ ਕਿਸਾਨਾਂ) ਅਤੇ ਕਿਸਾਨਾਂ ਦੇ
ਸੰਘਰਸ਼ਾਂ ਦਾ ਅਖਾੜਾ ਭਖਿਆ ਹੋਇਆ ਹੈ। ਪਿਛਲੇ ਦਿਨਾਂ ਵਿੱਚ ਕਪਾਹ-ਪੱਟੀ ਵਿੱਚ ਚਿੱਟੇ
ਮੱਛਰ ਦੀ ਮਾਰ ਹੇਠ ਆਈ ਕਿਸਾਨੀ ਲਈ ਵਾਜਬ ਮੁਆਵਜੇ ਅਤੇ ਖੁਦਕੁਸ਼ੀਆਂ ਲਈ ਵਾਜਬ ਰਾਹਤ,
ਝੋਨੇ ਦੀ ਵਾਜਬ ਭਾਅ 'ਤੇ ਖਰੀਦ ਦੀ ਜਾਮਨੀ ਕਰਨ, ਕਰਜ਼ੇ 'ਤੇ ਲੀਕ ਮਾਰਨ ਅਤੇ ਕਿਸਾਨ
ਹਿੱਤੂ ਕਰਜ਼ਾ ਕਾਨੂੰਨ ਬਣਾਉਣ ਆਦਿ ਦੀਆਂ ਮੰਗਾਂ 'ਤੇ ਘੋਲ ਜਾਰੀ ਹੈ। ਇਸ ਤੋਂ ਪਹਿਲਾਂ
ਪੰਜਾਬ ਅੰਦਰ ਖੇਤ ਮਜ਼ਦੂਰਾਂ ਦੇ ਹੋਰਨਾਂ ਅੰਸ਼ਿਕ ਮੰਗਾਂ/ਮਸਲਿਆਂ 'ਤੇ ਸੰਘਰਸ਼ ਸਰਗਰਮੀਆਂ
ਤੋਂ ਇਲਾਵਾ ਜਿਹੜੀ ਸਰਗਰਮੀ ਨੇ ਸਭ ਤੋਂ ਵੱਧ ਉੱਭਰਵੀਂ ਥਾਂ ਅਤੇ ਅਹਿਮੀਅਤ ਅਖਤਿਆਰ ਕੀਤੀ
ਹੈ, ਉਹ ਹੈ ਖੇਤ ਮਜ਼ਦੂਰਾਂ ਵੱਲੋਂ ਪੰਚਾਇਤੀ ਜ਼ਮੀਨਾਂ 'ਚੋਂ ਕਾਨੂੰਨੀ ਤੌਰ 'ਤੇ ਬਣਦੇ
ਤੀਜੇ ਹਿੱਸੇ 'ਤੇ ਆਪਣਾ ਹੱਕ ਜਤਲਾਉਣ ਅਤੇ ਇਸ ਹਿੱਸੇ ਨੂੰ ਸਿਰਫ ਖੇਤ ਮਜ਼ਦੂਰਾਂ ਨੂੰ
ਸਸਤੇ ਠੇਕੇ 'ਤੇ ਦੇਣ ਲਈ ਰਾਖਵਾਂ ਰੱਖਣ ਦੀ ਮੰਗ ਲੈ ਕੇ ਵਿੱਢੀ ਜਚਵੀਂ, ਸਿਰੜੀ, ਲੰਮੀ
ਖਾੜਕੂ ਘੋਲ ਸਰਗਰਮੀ। ਚਾਹੇ ਇਹਨਾਂ ਖਾੜਕੂ ਘੋਲ ਕਾਰਵਾਈਆਂ ਦਾ ਅਘਾੜਾ ਕੁੱਝ ਚੋਣਵੇਂ
ਪਿੰਡ ਹੀ ਬਣੇ ਹਨ, ਪਰ ਇਹ ਕਾਰਵਾਈਆਂ ਇਸ ਮੁੱਦੇ ਦੀ ਖੇਤ ਮਜ਼ਦੂਰਾਂ ਦੇ ਜੀਵਨ ਅੰਦਰ
ਬੇਹੱਦ ਅਹਿਮੀਅਤ ਅਤੇ ਇਸ ਮੁੱਦੇ ਦੀ ਖੇਤ ਮਜ਼ਦੂਰਾਂ ਅੰਦਰ ਭਖਵੇਂ ਸੰਘਰਸ਼ ਮੁੱਦੇ ਵਜੋਂ
ਅਹਿਮੀਅਤ ਪੰਜਾਬ ਭਰ ਅੰਦਰ ਉਭਾਰਨ ਵਿੱਚ ਸਫਲ ਨਿੱਬੜੀਆਂ ਹਨ। ਕੁੱਝ ਨਿਰਖਾਂ ਅਤੇ ਕੁੱਝ ਸਬਕ
ਅੱਜ ਕੱਲ੍ਹ ਵੀ ਕਿਸਾਨਾਂ-ਖੇਤ ਮਜ਼ਦੂਰਾਂ ਅੰਦਰ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਬਣਦੀ ਰਾਹਤ ਦਿਵਾਉਣ, ਚਿੱਟੇ ਮੱਛਰ ਦੀ ਮਾਰ ਹੇਠ ਕਪਾਹ ਪੱਟੀ ਦੇ ਕਿਸਾਨਾਂ ਨੂੰ ਫੌਰੀ ਮੁਆਵਜਾ ਦਿਵਾਉਣ ਅਤੇ ਹੋਰ ਭਖਵੀਆਂ ਅਤੇ ਅਹਿਮ ਮੰਗਾਂ ਨੂੰ ਲੈ ਕੇ ਪਹਿਲਾਂ ਬਠਿੰਡਾ ਤੇ ਫਿਰ ਰੇਲਵੇ ਲਾਈਨਾਂ 'ਤੇ ਧਰਨਿਆਂ ਦਾ ਸਿਲਸਿਲਾ ਚੱਲਿਆ ਹੈ ਅਤੇ ਹੁਣ 8 ਕਿਸਾਨ ਜਥੇਬੰਦੀਆਂ ਵੱਲੋਂ ਇਸ ਸੰਘਰਸ਼ ਨੂੰ ਬਦਲਵੀਆਂ ਸ਼ਕਲਾਂ ਵਿੱਚ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਆ ਹੈ। ਪੁਲਸੀ ਰੋਕਾਂ ਦੇ ਬਾਵਜੂਦ 23 ਅਕਤੂਬਰ ਨੂੰ ਇੱਕ ਦਰਜ਼ਨ ਤੋਂ ਵੱਧ ਅਕਾਲੀ-ਭਾਜਪਾ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਮੂਹਰੇ ਸਫਲ ਧਰਨੇ ਲਾਏ ਗਏ ਹਨ।
ਇਹਨਾਂ ਸੰਘਰਸ਼ਾਂ ਅੰਦਰ ਝਲਕੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਜਨਤਕ ਸਰੋਕਾਰਾਂ, ਭੇੜੂ ਘੋਲ ਰੌਂਅ ਅਤੇ ਦਮਖ਼ਮ ਨਾਲ ਲੜਨ ਲਈ ਤਿਆਰ ਮਾਨਸਿਕ ਸਥਿਤੀ 'ਚੋਂ ਕੁੱਝ ਅਹਿਮ ਸਿਆਸੀ ਨਿਰਖਾਂ ਅਤੇ ਸਬਕ ਉੱਭਰਦੇ ਹਨ:
(1) ਪਹਿਲੋਂ ਹੀ ਦੇਸੀ-ਵਿਦੇਸ਼ੀ ਸ਼ਾਹੂਕਾਰਾਂ ਦੀ ਬੇਕਿਰਕ ਲੁੱਟ-ਖੋਹ ਦੇ ਝੰਬੇ ਕਿਸਾਨ ਅਤੇ ਖੇਤ ਮਜ਼ਦੂਰ ਹਾਕਮਾਂ ਦੇ ਨਵੇਂ ਆਰਥਿਕ ਹੱਲੇ ਦੀ ਮਾਰ ਹੇਠ ਹੋਰ ਵੀ ਗੁਰਬਤ, ਕੰਗਾਲੀ ਅਤੇ ਮੰਦਹਾਲੀ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਪਹਿਲੋਂ ਹੀ ਬੇਰੁਜ਼ਗਾਰੀ, ਗਰੀਬੀ ਅਤੇ ਮਹਿੰਗਾਈ ਦੀ ਮਾਰ ਹੰਢਾ ਰਹੇ ਖੇਤ ਮਜ਼ਦੂਰਾਂ ਦੀ ਮੰਦੇਹਾਲ ਜ਼ਿੰਦਗੀ ਹੋਰ ਵੀ ਦੁੱਭਰ ਹੁੰਦੀ ਜਾ ਰਹੀ ਹੈ। ਇਹ ਹਾਲਤ ਖੇਤ ਮਜ਼ਦੂਰਾਂ ਅਤੇ ਕਿਸਾਨ ਜਨਤਾ ਅੰਦਰ ਹਾਕਮਾਂ ਪ੍ਰਤੀ ਪਹਿਲੋਂ ਹੀ ਜਮ੍ਹਾਂ ਨਫਰਤ, ਔਖ ਅਤੇ ਰੋਹ ਨੂੰ ਚੁਆਤੀ ਲਾਉਣ ਦਾ ਕੰਮ ਕਰ ਰਹੀ ਹੈ। ਇਉਂ, ਲੋਕ-ਵੈਰੀ ਹਾਕਮਾਂ ਅਤੇ ਕਿਸਾਨਾਂ ਦਰਮਿਆਨ ਬਾਹਰਮੁਖੀ ਵਿਰੋਧ ਅਤੇ ਟਕਰਾਅ ਬਹੁਤ ਹੀ ਤਿੱਖ ਅਖਤਿਆਰ ਕਰ ਰਿਹਾ ਹੈ, ਜਿਹੜਾ ਜਥੇਬੰਦ ਅਤੇ ਗੈਰ-ਜਥੇਬੰਦ ਕਿਸਾਨ ਘੋਲ ਫੁਟਾਰਿਆਂ ਦੀ ਸ਼ਕਲ ਵਿੱਚ ਸਾਹਮਣੇ ਆ ਰਿਹਾ ਹੈ। ਇਹ ਕਿਸਾਨ ਘੋਲਾਂ ਨੂੰ ਜ਼ਰੱਈ ਇਨਕਲਾਬੀ ਬਦਲ-ਉਸਾਰੀ ਦਾ ਮਸਾਲਾ ਬਣਾਉਣ ਲਈ ਬੇਹੱਦ ਸਾਜਗਾਰ ਪੱਖ ਬਣਦਾ ਹੈ।
(2) ਹਾਕਮ ਜਮਾਤਾਂ ਦਾ ਆਰਥਿਕ ਅਤੇ ਜਾਬਰ ਹਮਲਾ ਵੱਡਾ ਹੈ, ਵਿਆਪਕ ਹੈ, ਬੇਮੇਚਾ ਹੈ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਕੁੱਲ ਮਿਲਵੀਂ ਜਥੇਬੰਦ ਤਾਕਤ ਹਾਕਮਾਂ ਦੇ ਹੱਲੇ ਨਾਲ ਮੜਿੱਕਣ ਪੱਖੋਂ ਨਾ ਸਿਰਫ ਛੋਟੀ ਹੈ, ਸਗੋਂ ਲੜਾਈ ਦੇ ਲੋੜੀਂਦੇ ਪੱਧਰ ਪੱਖੋਂ ਕਮ-ਚੇਤਨ, ਕਮ-ਵਿਕਸਤ ਅਤੇ ਕਮ-ਤਿਆਰ ਹੈ। ਇਸ ਤੋਂ ਵੀ ਅੱਗੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਕੁੱਲ ਜਥੇਬੰਦਕ ਤਾਕਤ ਵੀ ਵੱਖ ਵੱਖਾਂ ਫਾਂਕਾਂ/ਜਥੇਬੰਦੀਆਂ ਵਿੱਚ ਵੰਡੀ-ਖਿੰਡੀ ਹੋਈ ਹੈ। ਜਿਸ ਕਰਕੇ, ਇਹ ਹਾਕਮਾਂ ਲਈ ਇੱਕ ਲਾਹੇਵੰਦ ਅਤੇ ਕਿਸਾਨਾਂ-ਖੇਤ ਮਜ਼ਦੂਰਾਂ ਲਈ ਗੈਰ-ਲਾਹੇਵੰਦ ਪੱਖ ਬਣ ਜਾਂਦਾ ਹੈ। ਇਸ ਲਈ, ਇਸ ਗੈਰ-ਲਾਹੇਵੰਦ ਪੱਖ ਨੂੰ ਪਹਿਲਾਂ ਤਾਂ ਫੌਰੀ ਪ੍ਰਸੰਗ ਅੰਦਰ ਜਿੰਨਾ ਵੀ ਖਾਰਜ ਕੀਤਾ ਜਾ ਸਕਦਾ ਹੈ, ਖਾਰਜ ਕਰਨ ਲਈ ਵੱਖ ਵੱਖ ਕਿਸਾਨ ਜਥੇਬੰਦੀਆਂ ਦਰਮਿਆਨ ਅਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਦਰਮਿਆਨ ਸਾਂਝੀ ਸਰਗਰਮੀ ਦੀ ਅਣਸਰਦੀ ਲੋੜ ਉੱਭਰਦੀ ਹੈ। ਇਸ ਤਰ੍ਹਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਦਰਮਿਆਨ ਸਾਂਝੀਆਂ ਕਾਰਵਾਈਆਂ ਦੀ ਲੋੜ ਅਣਸਰਦੀ ਅਹਿਮੀਅਤ ਅਖਤਿਆਰ ਕਰ ਜਾਂਦੀ ਹੈ। ਇਸਦਾ ਮਤਲਬ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਆਪੋ ਆਪਣੇ ਪਲੇਟਫਾਰਮਾਂ ਤੋਂ ਆਜ਼ਾਦਾਨਾ ਸਰਗਰਮੀਆਂ ਦੀ ਲੋੜ ਅਤੇ ਅਹਿਮੀਅਤ ਨੂੰ ਖਾਰਜ ਕਰਨਾ ਨਹੀਂ ਹੈ। ਪਿਛਲੇ ਸਮੇਂ ਕਿਸਾਨਾਂ ਦੀਆਂ ਜਥੇਬੰਦੀਆਂ ਦਰਮਿਆਨ ਅਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਦਰਮਿਆਨ ਤੁਰਿਆ ਸਾਂਝੀਆਂ ਸਰਗਰਮੀਆਂ ਦਾ ਅਮਲ ਸੁਆਗਤਯੋਗ ਹੈ।
3. ਦੂਰਗਾਮੀ ਹਿੱਤਾਂ ਪੱਖੋਂ ਮੌਜੂਦਾ ਹਾਲਤ ਮੰਗ ਕਰਦੀ ਹੈ ਕਿ ਵੰਡੀ-ਪਾਟੀ ਕਿਸਾਨ ਤਾਕਤ ਅਤੇ ਇਸੇ ਤਰ੍ਹਾਂ ਵੰਡੀ ਪਾਟੀ ਖੇਤ ਮਜ਼ਦੂਰ ਤਾਕਤ ਨੂੰ ਏਕਤਾ ਵਿੱਚ ਪ੍ਰੋਣ ਲਈ ਜ਼ੋਰ ਲਾਇਆ ਜਾਵੇ। ਚਾਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਜਥੇਬੰਦ ਤਾਕਤ ਦੀਆਂ ਕੁੱਲ ਫਾਂਕਾਂ/ਜਥੇਬੰਦੀਆਂ ਹੇਠਲੀ ਤਾਕਤ ਨੂੰ ਇੱਕਜੁੱਟ ਕਰਨਾ ਸੰਭਵ ਨਹੀਂ ਹੈ, ਪਰ ਉਹਨਾਂ ਜਨਤਕ ਜਥੇਬੰਦੀਆਂ ਨੂੰ ਇੱਕੋ ਜਥੇਬੰਦੀ ਦੇ ਝੰਡੇ ਹੇਠ ਲਿਆਂਦਾ ਜਾ ਸਕਦਾ ਹੈ, ਜਿਹੜੀਆਂ ਆਪਣੇ ਆਪ ਨੂੰ ਜਮਹੂਰੀ ਲੀਹਾਂ 'ਤੇ ਚੱਲਣ ਦੀਆਂ ਅਤੇ ਕਿਸੇ ਵੀ ਸਿਆਸੀ ਪਾਰਟੀ ਦਾ ਐਲਾਨੀਆ/ਅਣ-ਐਲਾਨੀਆ ਵਿੰਗ ਨਾ ਹੋਣ ਦੇ ਦਾਅਵੇ ਕਰਦੀਆਂ ਹਨ ਅਤੇ ਇਹਨਾਂ ਦਾਅਵਿਆਂ ਨੂੰ ਆਪਣੇ ਅਮਲ ਵਿੱਚ ਪੁਗਾ ਵੀ ਰਹੀਆਂ ਹਨ। ਜੇ ਅਜਿਹੀਆਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੀ ਇੱਕ ਨਹੀਂ ਹੁੰਦੀਆਂ ਅਤੇ ਆਪੋ ਆਪਣੀ ਵੱਖਰੀ ਹੋਂਦ ਬਣਾ ਕੇ ਰੱਖਣ ਨੂੰ ਤਰਜੀਹ ਦਿੰਦੀਆਂ ਹਨ ਤਾਂ ਇਹ ਅਮਲ ਉਹਨਾਂ ਦੇ ਦਾਅਵਿਆਂ ਨਾਲ ਬੇਮੇਲ ਹੈ। ਹਾਕਮ ਜਮਾਤਾਂ ਦੇ ਬੇਕਿਰਕ ਅਤੇ ਜਾਬਰ ਹੱਲੇ ਦੀ ਮਾਰ ਹੰਡਾ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਫੌਰੀ ਅਤੇ ਦੂਰਗਾਮੀ ਹਿੱਤਾਂ ਨਾਲ ਬੇਮੇਲ ਹੈ ਅਤੇ ਉਹਨਾਂ ਵੱਲੋਂ ਇਨਕਲਾਬੀ ਜ਼ਰੱਈ ਲਹਿਰ ਖੜ੍ਹੀ ਕਰਨ ਤੇ ਹੇਠਲੀ ਉੱਤੇ ਕਰਨ ਵਾਲੀ ਇੱਕ ਸਮਾਜਿਕ ਸ਼ਕਤੀ ਵਜੋਂ ਸਾਹਮਣੇ ਆਉਣ ਲਈ ਯਤਨਸ਼ੀਲ ਹੋਣ ਦੇ ਦਾਅਵਿਆਂ ਨਾਲ ਬੇਮੇਲ ਹੈ। ਇੱਥੇ ਸਾਡੀ ਮੁਰਾਦ ਕਿਸਾਨਾਂ ਦੀਆਂ ਜਥੇਂਬਦੀਆਂ ਦੀ ਇੱਕ ਵੱਖਰੀ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਇੱਕ ਵੱਖਰੀ ਜਥੇਬੰਦੀ ਅੰਦਰ ਏਕਤਾ ਤੋਂ ਹੈ।
(4) ਘੋਲ ਸ਼ਕਲਾਂ ਦੀ ਚੋਣ ਕਰਨ ਵੇਲੇ ਹੋਰਨਾਂ ਪੱਖਾਂ (ਜਥੇਬੰਦਕ ਤਾਕਤ, ਘੋਲ ਰੌਂਅ, ਤਿਆਰੀ ਅਤੇ ਹਕੂਮਤ ਵੱਲੋਂ ਅਖਤਿਆਰ ਕੀਤਾ ਜਾ ਰਿਹਾ ਜਾਂ ਸੰਭਾਵਿਤ ਰਵੱਈਆ ਤੇ ਪੈਂਤੜਾ ਚਾਲਾਂ ਵਗੈਰਾ) ਇੱਕ ਇਹ ਪੱਖ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਹ ਘੋਲ ਸ਼ਕਲਾਂ ਜਨਤਾ ਅਤੇ ਹਾਕਮਾਂ (ਪ੍ਰਸ਼ਾਸਨਿਕ ਅਧਿਕਾਰੀਆਂ, ਸੂਬਾਈ ਅਤੇ ਕੇਂਦਰੀ ਹਕੂਮਤਾਂ, ਰਾਜਭਾਗ ਦੀ ਦਬਸ਼ ਅਤੇ ਦਹਿਲ ਦਾ ਪ੍ਰਤੀਕ ਬਣਦੀਆਂ ਸੰਸਥਾਵਾਂ ਜਿਵੇਂ ਤਹਿਸੀਲ, ਜਿਲ੍ਹਾ ਅਤੇ ਸੂਬਾਈ ਪੱਧਰ ਦੇ ਸਿਵਲ ਅਤੇ ਪੁਲਸ ਅਧਿਕਾਰੀਆਂ ਦੇ ਹੈਡਕੁਆਟਰਾਂ ਵਗੈਰਾ) ਦਰਮਿਆਨ ਦੁਸ਼ਮਣਾਨਾ ਵਿਰੋਧਤਾਈ ਅਤੇ ਭੇੜ ਨੂੰ, ਜਨਤਕ ਹਿੱਤਾਂ ਅਤੇ ਹਾਕਮ ਹਿੱਤਾਂ ਦਰਮਿਆਨ ਬੁਨਿਆਦੀ ਟਕਰਾਅ ਨੂੰ ਉਘਾੜਨ-ਉਭਾਰਨ, ਅਤੇ ਜਨਤਾ ਦੀ ਹਾਕਮਾਂ ਖਿਲਾਫ ਨਫਰਤ, ਲੜਾਕੂ ਰੌਂਅ ਅਤੇ ਸੂਝ-ਬੂਝ ਨੂੰ ਵਧਾਉਣ ਦਾ ਰੋਲ ਅਦਾ ਕਰੇ। ਚਾਹੇ ਕੋਈ ਵੀ ਘੋਲ ਸ਼ਕਤ ਵਰਜਿੱਤ ਨਹੀਂ ਹੈ, ਪਰ ਕੋਈ ਵੀ ਅਜਿਹੀ ਘੋਲ-ਸ਼ਕਲ ਨੂੰ ਵਾਹ ਲੱਗਦੀ ਚੁਣਨ ਤੋਂ ਜਾਂ ਘੱਟੋ ਘੱਟ ਉਭਰਵੀਂ ਅਤੇ ਲੰਮੇ ਸਮੇਂ ਦੀ ਘੋਲ ਸ਼ਕਲ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਹਾਕਮਾਂ ਨੂੰ ਸਿੱਧੀ ਕੋਈ ਆਂਚ ਆਉਣ ਦੀ ਬਜਾਏ, ਸਾਧਾਰਨ ਜਨਤਾ ਨੂੰ ਅਜਿਹੀਆਂ ਅਣਚਾਹੀਆਂ ਦਿੱਕਤਾਂ ਅਤੇ ਮੁਸ਼ਕਲਾਂ ਖੜ੍ਹੀਆਂ ਹੋ ਜਾਣ, ਜਿਹੜੀਆਂ ਉਹਨਾਂ ਦੇ ਜ਼ਰੂਰੀ ਕੰਮਾਂ-ਕਾਰਾਂ ਅੰਦਰ ਵਿਘਨਕਾਰੀ ਹੋ ਨਿੱਬੜਦੀਆਂ ਹੋਣ ਅਤੇ ਜਿਹਨਾਂ ਦੀਆਂ ਅਰਥ-ਸੰਭਾਵਨਾਵਾਂ ਵਜੋਂ ਲੋਕਾਂ ਦੇ ਇਹਨਾਂ ਹਿੱਸਿਆਂ ਅੰਦਰ ਸੰਘਰਸ਼ਸ਼ੀਲ ਘੋਲ ਵਿਰੁੱਧ ਹੀ ਬੁੜਬੁੜ, ਔਖ ਅਤੇ ਗੁੱਸਾ-ਗਿਲਾ ਪੈਦਾ ਹੁੰਦਾ ਹੋਵੇ।
(5) ਪੰਜਾਬ ਦੀ ਕਿਸਾਨ ਲਹਿਰ ਅੰਦਰ ਜ਼ਰੱਈ ਇਨਕਲਾਬੀ ਲਹਿਰ ਦੀ ਗੁਲੀ ਅਤੇ ਮੋਹਰੀ ਟੁਕੜੀ ਬਣਦੇ ਖੇਤ ਮਜ਼ਦੂਰਾਂ/ਬੇਜ਼ਮੀਨੇ ਕਿਸਾਨਾਂ ਦੀ ਜਥੇਬੰਦ ਤਾਕਤ ਪੱਖੋਂ ਹਾਲਤ ਨਾ ਸਿਰਫ ਬਹੁਤ ਹੀ ਕਮਜ਼ੋਰ ਹੈ, ਸਗੋਂ ਇਹ ਮਾਲਕ ਕਿਸਾਨੀ (ਜਿਹੜੀ ਅਸਲ ਵਿੱਚ ਜੱਟ ਕਿਸਾਨੀ ਹੀ ਹੈ) ਦੀ ਜਥੇਬੰਦ ਤਾਕਤ ਨਾਲੋਂ ਪਛੜੀ ਹੋਈ ਹੈ। ਪੰਜਾਬ ਦੇ ਤਕਰੀਬਨ 12500 ਤੋਂ ਉੱਪਰ ਬਣਦੇ ਪਿੰਡਾਂ ਵਿੱਚ ਹੀ ਦਲਿਤ ਖੇਤ ਮਜ਼ਦੂਰਾਂ ਦੀ ਆਬਾਦੀ 60 ਲੱਖ ਦੇ ਨੇੜੇ-ਤੇੜੇ ਬਣਦੀ ਹੈ। ਕਿੰਨੇ ਹੀ ਦਲਤਿ ਖੇਤ ਮਜ਼ਦੂਰ ਕੰਮ ਦੀ ਭਾਲ ਵਿੱਚ ਸ਼ਹਿਰਾਂ ਵਿੱਚ ਰਹਿ ਰਹੇ ਹਨ, ਪਰ ਉਹਨਾਂ ਨੇ ਪਿੰਡਾਂ ਨਾਲੋਂ ਆਪਣਾ ਸਬੰਧ ਉੱਕਾ ਹੀ ਤੋੜਿਆ ਨਹੀਂ ਹੈ। ਇੱਕ ਤਰ੍ਹਾਂ ਨਾਲ ਉਹ ਵੀ ਦਲਿਤ ਬੇਜ਼ਮੀਨੇ ਕਿਸਾਨਾਂ ਦਾ ਹੀ ਹਿੱਸਾ ਬਣਦੇ ਹਨ। ਐਡੀ ਵੱਡੀ ਆਬਾਦੀ ਵਿੱਚੋਂ ਜੇ ਦਹਾਕਿਆਂ ਭਰ ਜ਼ੋਰ ਮਾਰ ਕੇ 5-7 ਹਜ਼ਾਰ ਮਜ਼ਦੂਰਾਂ ਨੂੰ ਜਥੇਬੰਦ ਕਰ ਵੀ ਲਿਆ ਜਾਂਦਾ ਹੈ, ਤਾਂ ਇਸ ਨੂੰ ਇੱਕ ਹਾਂ-ਪੱਖੀ ਪ੍ਰਾਪਤੀ ਦੇ ਬਾਵਜੂਦ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਖੇਤ ਮਜ਼ਦੂਰ ਇੱਕ ਸਮਾਜਿਕ-ਸ਼ਕਤੀ ਵਜੋਂ ਉੱਭਰ ਆਏ ਹਨ। ਹਾਂ— ਜੇ ਸਭਨਾਂ ਸੋਧਵਾਦੀਆਂ, ਬੀ.ਐਸ.ਪੀ. ਅਤੇ ਇਨਕਲਾਬੀ ਤਾਕਤਾਂ ਦੇ ਅਸਰ ਹੇਠਲੀ ਦਲਿਤ ਖੇਤ ਮਜ਼ਦੂਰਾਂ ਦੀ ਜਥੇਬੰਦ ਤਾਕਤ ਦੀ ਗੱਲ ਕਰਨੀ ਹੋਵੇ ਤਾਂ ਇਹ ਹੋਰ ਗੱਲ ਹੈ, ਪਰ ਇਨਕਲਾਬੀ ਤਾਕਤਾਂ ਲਈ ਇਹ ਕੋਈ ਤਸੱਲੀ ਅਤੇ ਖੁਸ਼ੀ ਵਾਲੀ ਗੱਲ ਨਹੀਂ ਹੈ।
(6) ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਘੱਟ-ਵੱਧ ਅਹਿਮ ਮੰਗਾਂ 'ਤੇ ਚੱਲਦੇ ਘੋਲ ਅੰਸ਼ਿਕ ਮੰਗਾਂ ਲਈ ਬਚਾਓਮੁਖੀ ਘੋਲ ਹਨ। (ਮੁਲਜ਼ਮਾਂ, ਸਨਅੱਤੀ ਮਜ਼ਦੂਰਾਂ, ਵਿਦਿਆਰਥੀਆਂ ਅਤੇ ਛੋਟੇ-ਮੋਟੇ ਦੁਕਾਨਾਂ, ਸਨਅੱਤਕਾਰਾਂ ਅਤੇ ਕਾਰੋਬਾਰੀ ਲੋਕਾਂ ਦੇ ਘੋਲ ਵੀ ਬਚਾਓਮੁਖੀ ਹਨ) ਪੇਂਡੂ ਖੇਤਰ ਅੰਦਰ ਹਾਕਮ ਜਮਾਤੀ ਆਰਥਿਕ ਹੱਲੇ ਦੀ ਮੁੱਖ ਧੁੱਸ, ਜੰਗਲ, ਜ਼ਮੀਨਾਂ ਅਤੇ ਕੁਦਰਤੀ ਸੋਮਿਆਂ 'ਤੇ ਝਪਟਣ ਵੱਲ ਸੇਧਤ ਹੈ, ਖੇਤੀ ਪੈਦਾਵਾਰ ਨੂੰ ਸਸਤੇ ਭਾਅ ਹਥਿਆਉਣ, ਖੇਤੀ ਲਈ ਲੋੜੀਂਦੀਆਂ ਖਪਤਕਾਰੀ ਵਸਤਾਂ ਦੀਆਂ ਉੱਚੀਆਂ ਕੀਮਤਾਂ ਰਾਹੀਂ ਕਿਸਾਨੀ ਦੀ ਛਿੱਲ ਪੁੱਟਣ ਅਤੇ ਸਰਕਾਰੀ ਅਤੇ ਗੈਰ-ਸਰਕਾਰੀ ਸੂਦਖੋਰੀ ਕਰਜ਼ੇ ਰਾਹੀਂ ਰੱਤ-ਨਿਚੋੜਨ ਵੱਲ ਸੇਧਤ ਹੈ। ਇਸ ਹਮਲੇ ਦੀ ਮਾਰ ਹੇਠ ਥੁੜ੍ਹ-ਜ਼ਮੀਨੇ ਅਤੇ ਦਰਮਿਆਨੇ ਕਿਸਾਨਾਂ ਹੱਥੋਂ ਜ਼ਮੀਨ ਖਿਸਕਦੀ ਜਾ ਰਹੀ ਹੈ ਅਤੇ ਉਹ ਕੰਗਾਲੀਪੁਣੇ ਦੇ ਮੂੰਹ ਧੱਕੇ ਜਾ ਰਹੇ ਹਨ। ਇਸ ਕਰਕੇ, ਆਪਣੀ ਕਮਾਈ, ਰੋਟੀ-ਰੋਜ਼ੀ ਦੇ ਵਸੀਲੇ (ਜ਼ਮੀਨ) ਅਤੇ ਸਮਾਜਿਕ ਰੁਤਬੇ ਦੇ ਖੁੱਸਣ ਦੇ ਸਿਰ ਮੰਡਲਾਉਂਦੇ ਖਤਰੇ ਅਤੇ ਹਕੀਕਤ ਵਿੱਚ ਵਟ ਰਹੇ ਖਤਰੇ ਦੀ ਹਾਲਤ ਥੁੜ੍ਹ-ਜ਼ਮੀਨੀ ਅਤੇ ਦਰਮਿਆਨੀ ਕਿਸਾਨੀ ਅੰਦਰ ਖੇਤੀ ਕਿੱਤੇ ਅਤੇ ਜ਼ਮੀਨ ਲਈ ਖੜ੍ਹੀ ਹੋ ਰਹੀ ਅਸੁਰੱਖਿਆ ਦਾ ਅਹਿਸਾਸ ਜ਼ੋਰ ਫੜ ਰਿਹਾ ਹੈ। ਉਹ ਆਪਣੇ ਕਿੱਤੇ, ਜ਼ਮੀਨ ਅਤੇ ਸਮਾਜਿਕ ਹੈਸੀਅਤ ਦੀ ਰਾਖੀ ਲਈ ਆਪਮੁਹਾਰੇ ਵੀ ਅਤੇ ਕਿਸਾਨ ਹਿਤੈਸ਼ੀ ਸਿਆਸੀ ਤਾਕਤ ਦੀ ਅਗਵਾਈ ਹੇਠ ਜਥੇਬੰਦ ਹੋ ਕੇ ਤਿੱਖੇ ਤੇ ਵਿਸ਼ਾਲ ਬਚਾਓਮੁਖੀ ਸੰਘਰਸ਼ਾਂ ਦੇ ਰਾਹ ਪੈ ਰਹੇ ਹਨ.
ਇਸਦੇ ਉਲਟ ਦਲਿਤ ਖੇਤ ਮਜ਼ਦੂਰ/ਬੇਜ਼ਮੀਨੇ ਕਿਸਾਨ ਸਦੀਆਂ ਤੋਂ ਹੀ ਜ਼ਮੀਨਾਂ, ਜੰਗਲਾਂ/ਕਮਾਈ ਦੇ ਵਸੀਲਿਆਂ ਤੋਂ ਵਿਰਵੇ ਕੀਤੇ ਹੋਏ ਹਨ। ਇਹਨਾਂ 'ਚੋਂ ਬਹੁਗਿਣਤੀ ਕੋਲ ਮਰਲੇ ਦੋ ਮਰਲੇ ਵਿੱਚ ਖੜ੍ਹੇ ਕੀਤੇ ਝੁੱਗੀਆਂ-ਢਾਰਿਆਂ ਅਤੇ ਕੱਚੇ-ਪੱਕੇ ਖੋਲਿਆਂ, ਅਤੇ ਟਾਵਿਆਂ-ਟੱਲਿਆਂ ਕੋਲ ਇੱਕ ਅੱਧੀ ਗਾਂ-ਬੱਕਰੀ ਆਦਿ ਤੋਂ ਸਿਵਾਏ ਹਾਕਮਾਂ ਨੇ ਛੱਡਿਆ ਹੀ ਕੁੱਝ ਨਹੀਂ। ਇਸ ਲਈ, ਇਸ ਹਾਕਮ ਜਮਾਤੀ ਹਮਲੇ ਦੀ ਸਿੱਧੀ/ਅਸਿੱਧੀ ਮਾਰ ਹੇਠ ਚਾਹੇ ਉਹ ਵੀ ਹਨ, ਜੇ ਕਮਾਈ ਦੇ ਵਸੀਲਿਆਂ ਨੂੰ ਗੁਆਉਣ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਮਾਲਕ ਕਿਸਾਨੀ ਦੇ ਮੁਕਾਬਲੇ ਉਹਨਾਂ ਕੋਲ ਗੁਆਉਣ ਲਈ ਨਾਮਾਤਰ ਸਾਧਨ ਹਨ। ਉਹਨਾਂ ਦੇ ਜੀਵਨ ਦੀ ਬਾਹਰਮੁਖੀ ਪ੍ਰਮੁੱਖ ਲੋੜ ਅਤੇ ਸੰਘਰਸ਼ ਦੀ ਪ੍ਰਮੁੱਖ ਫੌਰੀ ਲੋੜ ਆਪਣੇ ਲਗਾਤਾਰ ਸਾਧਨਾਂ ਦੀ ਸੁਰੱਖਿਆ ਲਈ ਨਿੱਤਰਨ ਨਾਲੋਂ ਵੱਧ ਜੋ ਕੁੱਝ ਸਦੀਆਂ ਤੋਂ ਖੁੱਸ ਚੁਕਿਆ ਹੈ, ਉਸ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰਨ ਦੀ ਹੈ। ਜਿਵੇਂ ਰੁਜ਼ਗਾਰ, ਜ਼ਮੀਨ, ਸਮਾਜਿਕ ਇੱਜਤ, ਸਵੈ-ਮਾਣ ਅਤੇ ਭਾਈਚਾਰਕ ਬਰਾਬਰਤਾ।
ਇਸ ਲਈ ਫੌਰੀ ਪ੍ਰਸੰਗ ਅੰਦਰ ਹਾਕਮ ਜਾਤੀ ਆਰਥਿਕ ਹੱਲੇ ਦੀ ਸਿੱਧੀ ਮਾਰ ਨਾਲੋਂ ਅਸਿੱਧੀ ਮਾਰ ਜ਼ਿਆਦਾ ਹੰਢਾਉਂਦੇ ਹਨ। ਜਦੋਂ ਕਿਸੇ ਕਾਰਪੋਰੇਟ ਪ੍ਰੋਜੈਕਟ ਲਈ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਈਆਂ ਜਾਂਦੀਆਂ ਹਨ ਅਤੇ ਕਿਸਾਨਾਂ ਦਾ ਉਜਾੜਾ ਹੁੰਦਾ ਹੈ, ਤਾਂ ਖੇਤ ਮਜ਼ਦੂਰਾਂ ਵੱਲੋਂ ਖੇਤੀ ਅੰਦਰ ਮਿਲਦੇ ਰੁਜ਼ਗਾਰ ਅਤੇ ਪਿੰਡ ਵਿੱਚ ਕੀਤੇ ਜਾਂਦੇ ਛੋਟੇ-ਮੋਟੇ ਧੰਦਿਆਂ— ਦੁਕਾਨਦਾਰੀ, ਲੁਹਾਰਾ-ਤਰਖਾਣਾ, ਉਸਾਰੀ ਮਜ਼ਦੂਰੀ- ਦਾ ਵੀ ਉਜਾੜਾ ਹੁੰਦਾ ਹੈ ਅਤੇ ਉਹਨਾਂ ਦੇ ਜੀਵਨ ਨਿਰਵਾਹ ਵਿੱਚ ਉਖੇੜਾ ਆਉਂਦਾ ਹੈ। ਕਈ ਵਾਰ ਜ਼ਮੀਨਾਂ ਦੇ ਨਾਲ ਨਾਲ ਉਹਨਾਂ ਦੇ ਘਰਬਾਰ ਵੀ ਝਪਟ ਲਏ ਜਾਂਦੇ ਹਨ। ਪਰ ਉਹਨਾਂ ਨੂੰ ਜ਼ਿਆਦਾਤਰ ਅਸਿੱਧਾ ਸੇਕ ਹੰਢਾਉਣਾ ਪੈਂਦਾ ਹੈ। ਇਸ ਲਈ, ਮੁੱਖ ਤੌਰ 'ਤੇ ਮਾਲਕ ਕਿਸਾਨੀ ਵੱਲੋਂ ਲੜੇ ਜਾਂਦੇ ਘੋਲਾਂ ਵਿੱਚ ਭਾਗੀਦਾਰ ਬਣਦੇ ਹਨ।
ਇਸ ਤੋਂ ਇਲਾਵਾ, ਉਹਨਾਂ ਨੂੰ ਵਰਚਾ ਕੇ ਰੱਖਣ ਲਈ ਉਹਨਾਂ ਨੂੰ ਪਲਾਟਾਂ, ਮਨਰੇਗਾ ਜਿਹੀਆਂ ਸੀਮਤ ਨਿਗੂਣੀਆਂ ਸਹੂਲਤਾਂ ਦੀਆਂ ਬੁਰਕੀਆਂ ਮੁਹੱਈਆ ਕਰਨ ਦਾ ਢਕਵੰਜ ਰਚਿਆ ਜਾ ਰਿਹਾ ਹੈ। ਇਹਨਾਂ ਨਿਗੂਣੀਆਂ ਸਹੂਲਤਾਂ ਦੀ ਪ੍ਰਪਾਤੀ ਲਈ ਖੇਤ ਮਜ਼ਦੂਰਾਂ ਵੱਲੋਂ ਹੱਥ ਲਏ ਜਾ ਰਹੇ ਅਜਿਹੇ ਕੁੱਲ ਘੋਲ ਮੰਗਾਂ/ਮੁੱਦਿਆਂ ਦੀ ਕਿਸਮ ਅਜਿਹੀ ਹੈ, ਜਿਹੜੀ ਉਹਨਾਂ ਅੰਦਰ ਮੌਜੂਦ ਕਮ-ਚੇਤਨਾ ਅਤੇ ਗੈਰ-ਚੇਤਨਾ ਦੀ ਹਾਲਤ ਵਿੱਚ ''ਜਿੰਨਾ ਮਿਲਦਾ ਹੈ, ਲੈ ਲਓ'' ਦਾ ਅਹਿਸਾਸ ਜਗਾਉਂਦੀ ਹੈ ਪਰ ਉਹਨਾਂ ਅੰਦਰ ਉਸ ਹੱਦ ਤੱਕ ਤਿੱਖੀ ਚੋਭ ਲਾਉਣ ਅਤੇ ਘੋਲ ਰੌਂਅ ਤੇ ਤਾਂਘ ਨੂੰ ਪ੍ਰਚੰਡ ਕਰਨ ਦਾ ਕਾਰਨ ਨਹੀਂ ਬਣਦੀ, ਜਿਹੋ ਜਿਹਾ ਇਹ ਜ਼ਮੀਨ ਤੇ ਕਮਾਈ ਦੇ ਵਸੀਲਿਆਂ ਦੇ ਖੁੱਸਣ ਦਾ ਅਤੇ ਸਮਾਜ ਅੰਦਰ ਜ਼ਮੀਨ-ਜਾਇਦਾਦ ਦੇ ਮਾਲਕ ਦੀ ਹੈਸੀਅਤ ਤੋਂ ਗੈਰ-ਮਾਲਕ ਦੀ ਹੈਸੀਅਤ 'ਤੇ ਡਿਗਣ ਦਾ ਸਿਰ ਮੰਡਲਾਉਂਦਾ ਖਤਰਾ ਮਾਲਕ ਕਿਸਾਨੀ ਅੰਦਰ ਬਣਦਾ ਹੈ। ਇਹੀ ਕਾਰਨ ਹੈ ਕਿ ਮਾਲਕ ਕਿਸਾਨੀ ਅੰਦਰ ਫੌਰੀ ਪ੍ਰਸੰਗ ਅੰਦਰ ਜਮੀਨ ਤੇ ਆਪਣੀ ਕਮਾਈ ਦੇ ਵਸੀਲਿਆਂ ਦੀ ਰਾਖੀ ਲਈ ਮੁਕਾਬਲਤਨ ਬਹੁਤ ਜਲਦੀ ਅਤੇ ਘੱਟ ਜ਼ੋਰ-ਖਪਾਈ ਨਾਲ ਘੋਲ ਭਬੂਕੇ ਵਾਂਗ ਉੱਠ ਖੜ੍ਹਦੇ ਹਨ। ਕਾਫੀ ਹਿੱਸਾ ਆਪਮੁਹਾਰੇ ਹੀ ਘੋਲਾਂ ਨੂੰ ਆ ਮੋਢਾ ਲਾਉਂਦਾ ਹੈ। ਪਰ ਖੇਤ ਮਜ਼ਦੂਰਾਂ ਅੰਦਰ ਖੇਤ ਮਜ਼ਦੂਰ ਮੰਗਾਂ 'ਤੇ ਘੋਲ ਉਠਾਣ ਅਤੇ ਪਸਾਰਾ ਮੁਕਾਬਲਤਨ ਮੱਧਮ ਰਫਤਾਰ ਨਾਲ ਚੱਲਦੇ ਹਨ, ਮੁਕਾਬਲਤਨ ਮੱਧਮ ਰਫਤਾਰ ਭਖਾਅ ਫੜਦੇ ਹਨ।
ਇਸ ਹਾਲਤ ਵਿੱਚ— ਜਦੋਂ ਮਾਲਕ ਕਿਸਾਨੀ ਆਪਣੀ ਜ਼ਮੀਨ, ਕਮਾਈ ਦੇ ਵਸੀਲਿਆਂ ਅਤੇ ਸਮਾਜਿਕ ਹੈਸੀਅਤ ਦੀ ਰਾਖੀ ਅਤੇ ਬਚਾਓ ਲਈ ਲੜਦੀ ਹੈ ਅਤੇ ਖੇਤ ਮਜ਼ਦੂਰ ਆਪਣੀ ਕਮਾਈ ਦੇ ਵਸੀਲਿਆਂ ਤੋਂ ਵਿਰਵੀ, ਬੇਰੁਜ਼ਗਾਰੀ ਤੇ ਅਰਧ-ਬੇਰੁਜ਼ਗਾਰੀ ਦੀ ਮਾਰੀ ਜ਼ਿੰਦਗੀ ਨੂੰ ਢਾਸਣਾ ਦੇਣ ਲਈ ਹਾਕਮਾਂ ਵੱਲੋਂ ਸੁੱਟੀਆਂ ਨਿਗੂਣੀਆਂ ਆਰਥਿਕ ਰਾਹਤਾਂ ਦੀ ਪ੍ਰਾਪਤੀ ਲਈ ਲੜਦੇ ਹਨ ਤਾਂ ਪੰਜਾਬ ਦੇ ਕਿਸਾਨ ਘੋਲ ਵਿੱਚ ਮਾਲਕ ਕਿਸਾਨੀ ਦੇ ਘੋਲਾਂ ਦਾ ਪੱਖ ਹਾਵੀ ਰਹਿਣਾ ਅਤੇ ਖੇਤ ਮਜ਼ਦੂਰ ਘੋਲਾਂ ਦਾ ਪੱਖ ਮੁਕਾਬਲਤਨ ਪਛੜਿਆ ਰਹਿਣਾ ਹੈ।
(7) ਬਚਾਓਮੁਖੀ ਕਿਸਾਨ ਘੋਲ ਅੰਦਰ ਦਲਿਤ ਖੇਤ ਮਜ਼ਦੂਰਾਂ ਵੱਲੋਂ ਕਿਸਾਨ ਲਹਿਰ ਦੀ ਗੁਲੀ ਤੇ ਮੋਹਰੀ ਟੁਕੜੀ ਦਾ ਰੋਲ ਅਖਤਿਆਰ ਕਰਨਾ ਸੰਭਵ ਨਹੀਂ ਹੋ ਸਕਦਾ। ਇਹ ਉਦੋਂ ਹੀ ਸੰਭਵ ਹੈ, ਜਦੋਂ ਕਿਸਾਨ ਘੋਲਾਂ ਨੇ ਬਚਾਓਮੁਖੀ ਘੋਲਾਂ ਦੀ ਬਜਾਇ, ਹਮਲਾਵਰਮੁਖੀ ਲੜਾਈ ਵਿੱਚ ਪਲਟਣਾ ਹੈ, ਯਾਨੀ ਜ਼ਮੀਨ ਦੀ ਮੁੜ-ਵੰਡ ਦੇ ਇਨਕਲਾਬੀ ਕਾਰਜ ਨੂੰ ਮੁਖਾਤਿਬ ਜ਼ਰੱਈ ਇਨਕਲਾਬੀ ਲਹਿਰ ਦੀ ਉਠਾਣ ਬੱਝਣੀ ਹੈ। ਜ਼ਰੱਈ ਇਨਕਲਾਬੀ ਲਹਿਰ ਦਾ ਮਤਲਬ ਹੈ, ਮਜ਼ਦੂਰ ਜਮਾਤ ਦੀ ਪਾਰਟੀ ਦੀ ਅਗਵਾਈ ਵਿੱਚ ਜ਼ਰੱਈ ਇਨਕਲਾਬੀ ਜੰਗ, ਜਿਸ ਅੰਦਰ ਦਲਿਤ ਖੇਤ ਮਜ਼ਦੂਰਾਂ/ਬੇਜ਼ਮੀਨੇ ਕਿਸਾਨਾਂ ਨੇ ਇਸਦੀ ਧੁਰੀ ਅਤੇ ਮੋਹਰੀ ਜੁਝਾਰ ਟੁਕੜੀ ਬਣਨਾ ਹੈ। ਜਿਸ ਨੇ ਪਿੰਡਾਂ ਅੰਦਰ ਅਰਧ-ਜਾਗੀਰੂ ਲੁੱਟ ਅਤੇ ਦਾਬੇ ਦੀ ਜਕੜ ਭੰਨਦਿਆਂ ਅਤੇ ਇਸਦੀ ਪਿੱਠ 'ਤੇ ਖੜ੍ਹੇ ਜਾਬਰ ਰਾਜਭਾਗ ਦੀ ਸੱਤਾ ਨੂੰ ਤਹਿਸ਼-ਨਹਿਸ਼ ਕਰਦਿਆਂ, ਕਿਸਾਨ ਤਾਕਤ ਦੁਆਲੇ ਇਨਕਲਾਬੀ ਲੋਕ-ਸੱਤਾ ਦੇ ਥੰਮ੍ਹਾਂ ਦੀ ਉਸਾਰੀ ਕਰਨੀ ਹੈ, ਜਿਸ ਨੇ ਜ਼ਮੀਨ, ਰੁਜ਼ਗਾਰ, ਦਲਿਤ ਮੁਕਤੀ, ਸਮਾਜਿਕ ਸਵੈਮਾਣ ਅਤੇ ਬਰਾਬਰਤਾ ਮੁਹੱਈਆ ਕਰਨ ਦੀ ਹਾਲਤ ਸਿਰਜਣ ਵੱਲ ਸੇਧਤ ਹੋਣਾ ਹੈ। ਇਸ ਲਈ, ਠੋਸ ਜ਼ਰੱਈ ਇਨਕਲਾਬੀ ਪ੍ਰੋਗਰਾਮ ਦੇ ਆਧਾਰ 'ਤੇ ਜ਼ੱਰਈ ਇਨਕਲਾਬੀ ਜੰਗ ਦੀਆਂ ਤਿਆਰੀਆਂ ਵਿੱਢਣ ਦਾ ਅਮਲ ਚਲਾਏ ਬਗੈਰ ਕਿਸਾਨ ਲਹਿਰ ਅੰਦਰ ਦਲਿਤ ਖੇਤ ਮਜ਼ਦੂਰਾਂ/ਬੇਜ਼ਮੀਨੇ ਕਿਸਾਨਾਂ ਦੀ ਸ਼ਮੂਲੀਅਤ ਦਾ ਪਸਾਰਾ ਤਾਂ ਕੀਤਾ ਜਾ ਸਕਦਾ ਹੈ, ਪਰ ਉਸ ਨੂੰ ਕਿਸਾਨ ਲਹਿਰ ਦੀ ਜੁਝਾਰ ਗੁਲੀ ਤੇ ਮੋਹਰੀ ਟੁਕੜੀ ਬਣਾਇਆ ਅਤੇ ਸਥਾਪਤ ਕਦਾਚਿਤ ਨਹੀਂ ਕੀਤਾ ਜਾ ਸਕਦਾ।
੦-੦
No comments:
Post a Comment