ਮਨੀਪੁਰ ਦੇ ਲੋਕਾਂ ਵਿੱਚ ਆਪਸੀ 'ਝੜਪਾਂ'
ਹੱਕਾਂ ਲਈ ਜੂਝਦੀ ਜਨਤਾ ਲਈ ਨਾ-ਖੁਸ਼ਗਵਾਰ ਖ਼ਬਰ
ਪਿਛਲੇ
ਤਕਰੀਬਨ ਤਿੰਨ ਮਹੀਨਿਆਂ ਤੋਂ ਭਾਰਤ ਦੇ ਉੱਤਰ-ਪੂਰਬੀ ਖਿੱਤੇ ਮਨੀਪੁਰ ਦੇ ਚੂਰਾਚੰਦਪੁਰ
ਵਿੱਚ ਮੀਤੇਈ ਲੋਕਾਂ ਅਤੇ ਕਬਾਇਲੀਆਂ ਦਰਮਿਆਨ ਹੋਈਆਂ ਝੜੱਪਾਂ ਵਿੱਚ 8 ਵਿਅਕਤੀ ਮਾਰੇ ਗਏ
ਅਤੇ ਜਖਮੀ ਹੋਏ ਹਨ। ਪੁਲਸ ਦੀ ਗੋਲੀ ਨਾਲ ਵੀ ਉਸ ਵਕਤ ਦੋ ਲੋਕ ਮਾਰੇ ਗਏ, ਜਦੋਂ
ਕਬਾਇਲੀਆਂ ਦੀਆਂ ਤਿੰਨ ਪ੍ਰਮੁੱਖ ਜਥੇਬੰਦੀਆਂ— ਕੁੱਕੀ ਵਿਦਿਆਰਥੀ ਯੂਨੀਅਨ, ਸਰਬ-ਨਾਗਾ
ਵਿਦਿਆਰਥੀ ਐਸੋਸੀਏਸ਼ਨ ਮਨੀਪੁਰ ਅਤੇ ਸਰਬ-ਕਬਾਇਲੀ ਵਿਦਿਆਰਥੀ ਯੂਨੀਅਨ ਮਨੀਪੁਰ ਵੱਲੋਂ
ਪਹਾੜੀ ਜ਼ਿਲ੍ਹਿਆਂ ਵਿੱਚ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਅਤੇ ਉਹਨਾਂ ਵੱਲੋਂ
ਰੋਸ ਵਜੋਂ ਰਸਤਿਆਂ ਵਿੱਚ ਜਾਮ ਲਾਏ ਜਾ ਰਹੇ ਸਨ। ਹੱਕਾਂ ਲਈ ਜੂਝਦੀ ਜਨਤਾ ਲਈ ਨਾ-ਖੁਸ਼ਗਵਾਰ ਖ਼ਬਰ
ਬੰਦ ਦਾ ਇਹ ਸੱਦਾ ਮਨੀਪੁਰ ਦੀ ਸੂਬਾਈ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਕਾਨੂੰਨਾਂ ਖਿਲਾਫ ਪ੍ਰਤੀਕਰਮ ਵਜੋਂ ਦਿੱਤਾ ਗਿਆ ਸੀ। ਇਹ ਕਾਨੂੰਨ ਸਨ— ਮਨੀਪੁਰ ਲੋਕ ਸੁਰੱਖਿਆ ਕਾਨੂੰਨ 2015, ਮਨੀਪੁਰ ਜ਼ਮੀਨੀ ਮਾਲੀਆ ਅਤੇ ਜ਼ਮੀਨੀ ਸੁਧਾਰ ਸੋਧ ਕਾਨੂੰਨ 2015 ਅਤੇ ਮਨੀਪੁਰ ਦੁਕਾਨ ਅਤੇ ਕਾਰੋਬਾਰ ਕਾਨੂੰਨ 2015 ਇਹ ਕਾਨੂੰਨ ਇੰਫਾਲ ਘਾਟੀ ਵਿੱਚ ਮੀਤੇਈ ਕਬਾਇਲੀਆਂ ਵੱਲੋਂ ਇਨਰ ਲਾਈਨ ਪਰਮਿਟ (ਆਈ.ਐਲ.ਪੀ.) ਲਾਗੂ ਕਰਨ ਲਈ ਲੱਗਭੱਗ ਤਿੰਨ ਮਹੀਨੇ ਚਲਾਏ ਗਏ ਸੰਘਰਸ਼ ਬਾਅਦ ਲਿਆਂਦੇ ਗਏ ਹਨ। ਇੰਫਾਲ ਘਾਟੀ ਵਿੱਚ ਕੇਂਦਰਤ ਮੀਤੇਈ ਕਬੀਲੇ ਦੀ ਜਨਤਾ ਵੱਲੋਂ ਆਈ.ਐਲ.ਪੀ. ਲਾਗੂ ਕਰਨ ਦੀ ਮੰਗ ਘਾਟੀ ਅੰਦਰ ''ਬਾਹਰਲਿਆਂ'' ਦੇ ਦਾਖਲੇ ਅਤੇ ਜ਼ਮੀਨ-ਜਾਇਦਾਦ ਖਰੀਦਣ 'ਤੇ ਪਾਬੰਦੀ ਲਾਉਣ ਵਾਸਤੇ ਕੀਤੀ ਜਾ ਰਹੀ ਸੀ।
ਨੋਟ ਕਰਨ ਵਾਲੀ ਗੱਲ ਹੈ ਕਿ ਮਨੀਪੁਰ ਦੀ ਕੁੱਲ ਆਬਾਦੀ 27 ਲੱਖ ਤੋਂ ਥੋੜ੍ਹੀ ਵੱਧ ਹੈ। ਇਸਦਾ 60 ਫੀਸਦੀ ਮੀਤੇਈਆਂ ਦੀ ਬਣਦੀ ਹੈ, ਜਿਹੜੀ ਜ਼ਿਆਦਾਤਰ ਹਿੰਦੂ ਹੈ। ਇੰਫਾਲ ਘਾਟੀ ਦਾ ਰਕਬਾ ਮਨੀਪੁਰ ਦੇ ਕੁੱਲ ਰਕਬੇ ਦਾ 10 ਫੀਸਦੀ ਬਣਦਾ ਹੈ। ਘਾਟੀ ਵਿੱਚ ਮੀਤੇਈਆਂ ਤੋਂ ਇਲਾਵਾ ਪਹਾੜੀ ਜ਼ਿਲ੍ਹਿਆਂ ਅਤੇ ਹੋਰਨਾਂ ਥਾਵਾਂ ਤੋਂ ਆ ਕੇ ਵਸੇ ਕਬਾਇਲੀ ਅਤੇ ਕੁੱਝ ਗੈਰ ਕਬਾਇਲੀ (''ਬਾਹਰਲੇ'') ਵੀ ਰਹਿੰਦੇ ਹਨ। ਮੀਤੇਈਆਂ ਅੰਦਰ ਪਹਿਲਾਂ ਹੀ ''ਬਾਹਰਲੇ'' ਗੈਰ-ਕਬਾਇਲੀਆਂ ਵੱਲੋਂ ਆ ਕੇ ਵਸਣ ਅਤੇ ਜ਼ਮੀਨ-ਜਾਇਦਾਦ 'ਤੇ ਕਾਬਜ਼ ਹੋਣ ਖਿਲਾਫ ਰੋਸ ਪਾਇਆ ਜਾਂਦਾ ਸੀ। ਪਰ ਪਿਛਲੇ ਦੋ ਦਹਾਕਿਆਂ ਤੋਂ ਕੇਂਦਰੀ ਸੂਬਾਈ ਹਕੂਮਤਾਂ ਵੱਲੋਂ ਅੱਗੇ ਵਧਾਏ ਜਾ ਰਹੇ ਨਵੇਂ ਆਰਥਿਕ ਹੱਲੇ ਤਹਿਤ ਬਿਜਲੀ ਪ੍ਰੋਜੈਕਟਾਂ, ਵੱਡੀਆਂ ਸੜਕਾਂ, ਖਾਣਾਂ, ਤੇਲ ਦੀ ਖੋਜ ਲਈ ਪੁਟਾਈ ਆਦਿ ਵਗੈਰਾ ਵਾਸਤੇ ਜ਼ਮੀਨਾਂ ਹਥਿਆਉਣ ਦੀ ਹਕੂਮਤੀ ਮੁਹਿੰਮ ਵੱਲੋਂ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਗਿਆ। ਮੀਤੇਈ ਲੋਕਾਂ ਅੰਦਰ ਲਗਾਤਾਰ ਹੱਥੋਂ ਖਿਸਕਦੀ ਜਾ ਰਹੀ ਜ਼ਮੀਨ ਅਤੇ ਸਮਾਜਿਕ-ਸਭਿਆਚਾਰਕ ਜੀਵਨ ਵਿੱਚ ਪੈ ਰਹੇ ਖਲਲ ਖਿਲਾਫ ਰੋਸ ਅਤੇ ਅਸੁਰੱਖਿਆ ਨੇ ਆਈ.ਐਲ.ਪੀ. ਲਾਗੂ ਕਰਵਾਉਣ ਲਈ ਲੰਮੇ ਅਤੇ ਭਖਵੇਂ ਸੰਘਰਸ਼ ਦਾ ਰੂਪ ਧਾਰ ਲਿਆ। ਮਨੀਪੁਰ ਹਕੂਮਤ ਵੱਲੋਂ ਆਈ.ਐਲ.ਪੀ. ਲਾਗੂ ਕਰਨ ਦੀ ਬਜਾਇ, ਪਿੱਛੇ ਜ਼ਿਕਰ ਕੀਤੇ ਤਿੰਨ ਕਾਨੂੰਨ ਲਿਆ ਕੇ ਘਾਟੀ ਅੰਦਰ ਵਸਦੇ ਮੀਤੇਈਆਂ ਦੇ ਸੰਘਰਸ਼ ਨੂੰ ਤਾਂ ਇੱਕ ਵਾਰ ਸ਼ਾਂਤ ਕਰ ਲਿਆ ਗਿਆ, ਪਰ ਇਹਨਾਂ ਕਾਨੂੰਨਾਂ ਨਾਲ ਪਹਾੜੀ ਜ਼ਿਲ੍ਹਿਆਂ ਦੀ ਕਬਾਇਲੀ ਜਨਤਾ (ਕੁੱਕੀ, ਨਾਗਾ, ਮੀਜ਼ੋ ਆਦਿ) 'ਚ ਰੋਹ ਤਰੰਗਾਂ ਛਿੜ ਪਈਆਂ ਅਤੇ ਉਹਨਾਂ ਵੱਲੋਂ ਤਿੰਨ ਕਬਾਇਲੀ ਜਥੇਬੰਦੀਆਂ ਦੀ ਅਗਵਾਈ ਵਿੱਚ ਇਹਨਾਂ ਕਾਨੂੰਨਾਂ ਖਿਲਾਫ ਸੰਘਰਸ਼ ਛੇੜ ਦਿੱਤਾ ਗਿਆ।
ਹਾਕਮ ਜਮਾਤੀ ਮੀਡੀਏ ਵੱਲੋਂ ਜਿਵੇਂ ਮੀਤੇਈ ਅਤੇ ਕਬਾਇਲੀ ਲੋਕਾਂ ਦਰਮਿਆਨ ਭਖੇ ਤਣਾਅ ਅਤੇ ਹੋਈਆਂ ਝੜਪਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਇਹ ਸਭਨਾਂ ਮੌਕਾਪ੍ਰਸਤ ਹਾਕਮ ਸਿਆਸੀ ਪਾਰਟੀਆਂ ਦੇ ਸੌੜੇ ਸਿਆਸੀ ਮਨਸੂਬਿਆਂ ਨੂੰ ਰਾਸ ਬੈਠਦਾ ਹੈ। ਮਨੀਪੁਰ ਦੇ ਲੋਕਾਂ ਦਰਮਿਆਨ ਪੈਦਾ ਹੋਇਆ ਤਣਾਅ ਅਤੇ ਟਕਰਾਅ ਵੀ ਇਹਨਾਂ ਮੌਕਾਪ੍ਰਸਤ ਸਿਆਸੀ ਟੋਲਿਆਂ ਅਤੇ ਉਹਨਾਂ ਦੇ ਸਥਾਨਕ ਪਿਆਦਿਆਂ ਵੱਲੋਂ ਪੈਦਾ ਕੀਤਾ ਅਤੇ ਭੜਕਾਇਆ ਨਕਲੀ ਤਣਾਅ ਹੈ। ਅਸਲ ਵਿੱਚ ਮਨੀਪੁਰ ਦੇ ਲੋਕਾਂ ਦੇ ਵੱਖ ਵੱਖ ਵਰਗਾਂ/ਕਬੀਲਿਆਂ ਦੇ ਹਿੱਤਾਂ ਦਰਮਿਆਨ ਕੋਈ ਬੁਨਿਆਦੀ ਤੇ ਵੱਡਾ ਟਕਰਾਅ ਨਹੀਂ ਹੈ। ਉਹਨਾਂ ਅੰਦਰ ਜੇ ਕੋਈ ਰੋਸ ਹੈ ਤਾਂ ਉਹ ''ਬਾਹਰਲੇ'' ਗੈਰ-ਕਬਾਇਲੀ ਲੋਕਾਂ (ਲੱਗਭੱਗ 7 ਲੱਖ) ਵੱਲੋਂ ਉਹਨਾਂ ਦੀ ਜ਼ਮੀਨ-ਜਾਇਦਾਦ ਅਤੇ ਕਾਰੋਬਾਰਾਂ 'ਤੇ ਕਾਬਜ਼ ਹੋਣ ਅਤੇ ਉਹਨਾਂ ਦੇ ਸਮਾਜਿਕ-ਸਭਿਆਚਾਰਕ ਜੀਵਨ ਅੰਦਰ ਖਲਲ ਪਾਉਣ ਖਿਲਾਫ ਹੈ। ਸਾਮਰਾਜੀ ਦਿਸ਼ਾ-ਨਿਰਦੇਸ਼ਤ ਆਰਥਿਕ ਹੱਲੇ ਨਾਲ ਦੇਸੀ ਵਿਦੇਸ਼ੀ ਕਾਰਪੋਰੇਟਾਂ ਵੱਲੋਂ ਮਨੀਪੁਰ ਅੰਦਰ ਜ਼ਮੀਨ, ਜੰਗਲ ਤੇ ਕੁਦਰਤੀ ਦੌਲਤ-ਖਜ਼ਾਨਿਆਂ 'ਤੇ ਝਪਟਣ ਦੀਆਂ ਕੋਸ਼ਿਸ਼ਾਂ ਵਿੱਚ ਆਈ ਤੇਜ਼ੀ ਮਨੀਪੁਰ ਦੀ ਸਮੁਹ ਜਨਤਾ ਵਿੱਚ ਰੋਸ ਅਤੇ ਔਖ ਨੂੰ ਲਾਂਬੂ ਲਾਉਣ ਦਾ ਕੰਮ ਕਰ ਰਹੀ ਹੈ।
ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੇ ਟੁਕੜਿਆਂ 'ਤੇ ਪਲਦੇ ਮੌਕਾਪ੍ਰਸਤ ਸਿਆਸੀ ਟੋਲੇ ਮਨੀਪੁਰ ਦੀ ਸਮੁਹ ਜਨਤਾ ਅੰਦਰ ਜਮ੍ਹਾਂ ਹੋ ਰਹੇ ਇਸ ਔਖ ਅਤੇ ਗੁੱਸੇ ਦੇ ਬਾਰੂਦ ਦੀਆਂ ਹਾਕਮਾਂ ਵਿਰੋਧੀ ਅਰਥ-ਸੰਭਾਵਨਾਵਾਂ ਨੂੰ ਬੁੱਝਦੇ ਹਨ। ਉਹ ਚੌਕਸ ਹਨ ਕਿ ਕਿਤੇ ਇਹ ਔਖ ਤੇ ਗੁੱਸਾ ਉੱਤਰ-ਪੂਰਬੀ ਖਿੱਤੇ ਅੰਦਰ ਨਾਗਾ, ਕੂਕੀ, ਮੀਜ਼ੋ ਆਦਿ ਲੋਕਾਂ ਦੀਆਂ ਕੌਮੀ ਆਪਾ-ਨਿਰਣੇ ਦੀਆਂ ਚੱਲ ਰਹੀਆਂ ਲਹਿਰਾਂ ਨੂੰ ਭੰਬੂਕਾ ਬਣਾਉਣ ਵਾਲਾ ਮਸਾਲਾ ਨਾ ਬਣ ਜਾਵੇ। ਇਸ ਲਈ ਉਹਨਾਂ ਵੱਲੋਂ ਮੀਤੇਈ ਅਤੇ ਕਬਾਇਲੀ ਲੋਕਾਂ ਦੀਆਂ ਹੱਕੀ ਲਹਿਰਾਂ ਦੀਆਂ ਲੀਡਰਸ਼ਿੱਪਾਂ ਦੀਆਂ ਸਿਆਸੀ ਕਮੀਆਂ-ਪੇਸ਼ੀਆਂ ਦਾ ਲਾਹਾ ਲੈਂਦਿਆਂ, ਉਹਨਾਂ ਦਰਮਿਆਨ ਆਪਸੀ ਹਿੱਤਾਂ ਦੇ ਨਕਲੀ ਟਕਰਾਅ ਨੂੰ ਉਭਾਰਿਆ ਗਿਆ, ਹਵਾ ਦਿੱਤੀ ਗਈ ਅਤੇ ਤਣਾਅ ਪੈਦਾ ਕੀਤਾ ਗਿਆ, ਜਿਹੜਾ ਆਪਸੀ ਹਿੰਸਕ ਝੜਪਾਂ ਤੱਕ ਜਾ ਪਹੁੰਚਿਆ।
ਉੱਤਰੀ-ਪੂਰਬੀ ਖਿੱਤੇ ਦੀਆਂ ਕੌਮੀ ਆਪਾ-ਨਿਰਣੇ ਦੀਆਂ ਲਹਿਰਾਂ ਨਾਲ ਇੱਕ ਹੱਥ ਜਬਰ ਰਾਹੀਂ, ਅਤੇ ਦੂਜੇ ਹੱਥ ਛੱਲ ਰਾਹੀਂ ਨਜਿੱਠਣ 'ਤੇ ਜ਼ੋਰ ਲਾ ਰਹੇ ਭਾਰਤੀ ਹਾਕਮਾਂ ਵੱਲੋਂ ਮਨੀਪੁਰ ਦੇ ਲੋਕਾਂ ਨੂੰ ਪਾੜਨ-ਵੰਡਣ ਵਿੱਚ ਹਾਸਲ ਕੀਤੀ ਵਕਤੀ ਸਫਲਤਾ 'ਤੇ ਜਿੱਥੇ ਉਹ ਢਿੱਡੋਂ-ਚਿੱਤੋਂ ਖੁਸ਼ ਹਨ, ਉੱਥੇ ਇਹ ਹੱਕੀ ਸੰਘਰਸ਼ਾਂ ਦੇ ਰਾਹ ਪਈ ਸਮੁੱਚੀ ਜਨਤਾ ਲਈ ਇੱਕ ਨਾ-ਖੁਸ਼ਗਵਾਰ ਅਤੇ ਨਾਂਹ-ਪੱਖੀ ਖਬਰ ਹੈ। ਇਹ ਖਬਰ ਇਹਨਾਂ ਲਹਿਰਾਂ ਦੀਆਂ ਗੈਰ-ਪ੍ਰੋਲੇਤਾਰੀ ਲੀਡਰਸ਼ਿੱਪਾਂ ਦੀਆਂ ਵਾਜੂਦ ਸਮੋਈਆਂ ਕਮੋਜ਼ਰੀਆਂ ਅਤੇ ਇਸ ਘਾਟੇਵੰਦੀ ਹਾਲਤ ਵੱਲ ਸੰਕੇਤ ਕਰਦੀ ਹੈ ਕਿ ਇਨਕਲਾਬੀ ਪ੍ਰੋਲੇਤਾਰੀ ਲੀਡਰਸ਼ਿੱਪ ਦੀ ਅਣਹੋਂਦ ਦੀ ਹਾਲਤ ਵਿੱਚ ਮੁਲਕ ਦੀਆਂ ਕੌਮੀ ਆਪਾ ਨਿਰਣੇ ਦੀਆਂ ਲਹਿਰਾਂ ਨੂੰ ਸ਼ਾਤਰ ਹਾਕਮਾਂ ਦੀਆਂ ਪਾਟਕ-ਪਾਊ, ਤਿਲ੍ਹਕਾਊ ਅਤੇ ਲੀਹੋਂ ਲਾਹੁਣ ਲਈ ਚੱਲੀਆਂ ਜਾਂਦੀਆਂ ਚਾਲਾਂ ਅਤੇ ਵਰਤੇ ਜਾਂਦੇ ਹਰਬਿਆਂ ਦੀ ਅਸਰਕਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ।
-0-
No comments:
Post a Comment