Friday, 30 October 2015

ਸਰਾਭੇ ਦੀ ਵਾਰ -ਗੁਰਮੇਲ ਸਿੰਘ ਭੁਟਾਲ

ਸਰਾਭੇ ਦੀ ਵਾਰ
-ਗੁਰਮੇਲ ਸਿੰਘ ਭੁਟਾਲ

ਮੰਗਲ ਸਿਉਂ ਘਰ ਪੁੱਤ ਜਨਮਿਆ ਨਾਂ ਰੱਖਿਆ ਕਰਤਾਰ
ਧਰਤੀ ਅੰਬਰ ਨੱਚਣ ਲੱਗੇ ਖੁਸ਼ੀਆਂ ਬੇ-ਸ਼ੁਮਾਰ
ਮਾਂ ਦੀ ਲੋਰੀ ਲੈਂਦੇ ਲੈਂਦੇ ਬਚਪਨ ਪੂਰਾ ਹੋਇਆ
ਉੱਚੀ ਵਿੱਦਿਆ ਲਈ ਅਮਰੀਕਾ ਗਿਆ ਉਡਾਰੀ ਮਾਰ

ਆਪੇ ਦੇ ਫਿਕਰਾਂ ਦੀ ਵਲਗਣ ਚੂਰ ਚੂਰ ਸੀ ਕੀਤੀ
ਚਾਰ ਚੁਫੇਰੇ ਵੇਖ ਪਸਰਿਆ ਦੁੱਖਾਂ ਦਾ ਸੰਸਾਰ
ਪੜ੍ਹ ਕੇ ਉੱਚ ਪਦਵੀ ਵਾਲਾ ਸੁਪਨਾ ਵਿੱਚੇ ਛੱਡ ਕੇ
ਗ਼ਦਰ ਪਾਰਟੀ ਧਾਰਨ ਕੀਤੀ ਕਰਕੇ ਸੋਚ ਵਿਚਾਰ

ਭਕਨੇ ਤੇ ਹਰਦਿਆਲ ਐੱਮ.ਏ. ਨਾਲ਼ ਰਲ਼ ਕੇ ਮਤਾ ਪਕਾਇਆ
ਗੋਰਿਆਂ ਤਾਈਂ ਕੱਢ ਦਿਆਂਗੇ ਆਪਣੇ ਵਤਨੋਂ ਬਾਹਰ
ਬਾਗੀਆਂ ਦੇ ਨਾਲ਼ ਹੱਥ ਵਟਾਉਣ ਨੂੰ ਭਾਰਤ ਵਾਪਸ ਆ ਗਿਆ
ਗੁਪਤੋ-ਗੁਪਤ ਜੰਗ ਵਾਸਤੇ ਕੀਤੀ ਫੌਜ ਤਿਆਰ

ਕਿਰਪਾਲ ਟਾਊਟ ਨੇ ਨਾਲ਼ ਗ਼ਦਰੀਆਂ ਰੱਜ ਕੇ ਦਗ਼ਾ ਕਮਾਇਆ
ਭੇਦ ਬਗਾਵਤ ਵਾਲਾ ਦੱਸ 'ਤਾ ਆਪਣੇ ਸੂਬੇਦਾਰ
ਸੁਣ ਕੇ ਗੱਲ ਬਗਾਵਤ ਦੀ ਜਰਨੈਲ ਫੌਜ ਦੇ ਕੰਬੇ
ਬੇਤਹਾਸ਼ਾ ਗ਼ਦਰੀਆਂ 'ਤੇ ਫਿਰ ਕੀਤੇ ਅੱਤਿਆਚਾਰ

ਜਿਉਂਦੇ ਜਾਂ ਮੋਇਆਂ ਨੂੰ ਫੜ ਲੋ, ਜਿੱਥੇ ਵੀ ਕੋਈ ਮਿਲ਼ਦਾ
ਡਰਦੀ ਡਰਦੀ ਹੁਕਮ ਸੁਣਾਵੇ ਗੋਰਿਆਂ ਦੀ ਸਰਕਾਰ
ਅੰਤ ਸਰਾਭਾ ਫੜਿਆ ਗਿਆ ਤੇ ਕੇਸ ਅਦਾਲਤ ਚੱਲੇ
ਜੱਜ ਆਖਦਾ ਫਾਂਸੀ ਦੇ ਕੇ ਦਿਓ ਏਸ ਨੂੰ ਮਾਰ

ਪਰਬਤ ਜੇਡ ਬਣਾ ਕੇ ਜੇਰਾ ਫਾਂਸੀ ਗਲ਼ੇ 'ਚ ਪਾਈ
ਇੰਜ ਓਸ ਨੇ ਤੋੜ ਚੜ੍ਹਾਇਆ ਆਪਣਾ ਦੇਸ਼-ਪਿਆਰ
ਦੁਨੀਆਂ ਕਰਦੀ ਯਾਦ ਰਹੂਗੀ ਯੋਧੇ ਦੀ ਕੁਰਬਾਨੀ
ਜੱਗ ਦੇ ਅੰਦਰ ਸਦਾ ਗੂੰਜਦੀ ਰਹੂ ਓਸ ਦੀ ਵਾਰ
 0-0

No comments:

Post a Comment