ਚਿੱਟੇ ਮੱਛਰ ਵੱਲੋਂ ਮਚਾਈ ਤਬਾਹੀ ਵਿਰੁੱਧ
ਪੰਜਾਬ ਦਾ ਕਿਸਾਨੀ ਸੰਘਰਸ਼ ਲੋਕਾਂ ਦੇ ਗੁੱਸੇ ਦਾ ਮਿਸਾਲੀ ਫੁਟਾਰਾ
ਬਾਦਲ ਸਰਕਾਰ ਦਾ ਲੋਕ ਵਿਰੋਧੀ ਚੇਹਰਾ ਹੋਰ ਬੇ-ਪਰਦ
-ਪੱਤਰਕਾਰ
ਪੰਜਾਬ ਦੇ ਮਾਲਵਾ ਖੇਤਰ ਵਿਚਲੀ ਕਪਾਹ ਪੱਟੀ ਦੇ ਕਿਸਾਨਾਂ-ਮਜ਼ਦੂਰਾਂ ਦੇ ਸੁਪਨਿਆਂ ਉੱਪਰ ਚਿੱਟੇ ਮੱਛਰ ਦੀ ਕਾਲਖ਼ ਫਿਰ ਗਈ ਹੈ। ਨਕਲੀ ਬੀਜ ਅਤੇ ਨਕਲੀ ਕੀੜੇਮਾਰ ਦਵਾਈਆਂ ਮੰਡੀ ਵਿੱਚ ਉਤਾਰਨ ਵਾਲੇ ਮੁਨਾਫ਼ੇਖੋਰ ਲੀਡਰ ਤੇ ਅਫ਼ਸਰ ਇਸ ਮਾਮਲੇ ਲਈ ਜੁੰਮੇਵਾਰ ਟਿੱਕੇ ਗਏ ਹਨ। ਰਾਮਾ ਮੰਡੀ, ਬਠਿੰਡਾ, ਜੈਤੋ ਅਤੇ ਕਈ ਥਾਵਾਂ 'ਤੇ ਕਰੋੜਾਂ ਰੁਪਏ ਦਾ ਨਕਲੀ ਮਾਲ ਬਰਾਮਦ ਹੋਇਆ ਹੈ ਪ੍ਰੰਤੂ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਚਿੱਟਾ ਮੱਛਰ ਕਿਸਾਨਾਂ-ਮਜ਼ਦੂਰਾਂ ਲਈ ਆਫਤ ਬਣ ਕੇ ਆਇਆ ਹੈ।
ਹਰਿਆਣਾ ਤੇ ਰਾਜਸਥਾਨ ਵੀ ਮਾਰ ਹੇਠ
ਪੰਜਾਬ ਦੇ ਨਾਲ ਲਗਦੇ ਰਾਜਸਥਾਨ ਅਤੇ ਹਰਿਆਣੇ ਦੇ ਇਲਾਕਿਆਂ ਵਿੱਚ ਵੀ ਚਿੱਟੇ ਮੱਛਰ ਦਾ ਕਹਿਰ ਵਾਪਰਿਆ ਹੈ ਪਰ ਇਹਨਾਂ ਸੂਬਿਆਂ ਵਿੱਚ ਪੰਜਾਬ ਦੇ ਮੁਕਾਬਲੇ ਕੋਈ ਪਾਏਦਾਰ ਕਿਸਾਨ ਜਥੇਬੰਦੀ ਨਹੀਂ ਹੈ ਜਿਸ ਕਰਕੇ ਇਹਨਾਂ ਸੂਬਿਆਂ ਦੇ ਕਿਸਾਨ ਲਾਚਾਰੀ ਤੇ ਬੇਵਸੀ ਮਹਿਸੂਸ ਕਰ ਰਹੇ ਹਨ। ਇਸ ਵਾਰ ਹਰਿਆਣੇ ਅੰਦਰ ਕਣਕ ਅਤੇ ਸਰ੍ਹੋਂ ਦੀਆਂ ਫ਼ਸਲਾਂ ਉੱਪਰ ਬੇਮੌਸਮੀ ਬਾਰਸ਼ ਹੋ ਜਾਣ 'ਤੇ ਉੱਥੋਂ ਦੀ ਸਰਕਾਰ ਨੇ ਵਿਰੋਧੀ ਪਾਰਟੀਆਂ ਦੇ ਸਿਆਸੀ ਪੈਂਤੜੇ ਤੋਂ ਬਚਣ ਲਈ, 1092 ਕਰੋੜ ਦਾ ਮੁਆਵਜਾ ਜਾਰੀ ਕਰ ਦਿੱਤਾ ਸੀ। ਹੁਣ ਚਿੱਟੇ ਮੱਛਰ ਦੀ ਸਮੱਸਿਆ ਵੇਲੇ ਵੀ ਕਿਸਾਨਾਂ ਨੂੰ ਇਹ ਭਰਮ ਸੀ ਕਿ ਪਹਿਲਾਂ ਵਾਂਗ ਹੁਣ ਵੀ ਸਰਕਾਰ ਰਾਹਤ ਦੇਵੇਗੀ। ਚਿੱਟੇ ਮੱਛਰ ਦਾ ਭਾਣਾ ਵਾਪਰਨ ਵੇਲੇ ਹਰਿਆਣਾ ਸਰਕਾਰ ਇਹ ਮਹਿਸੂਸ ਕਰ ਰਹੀ ਕਿ ਪਿਛਲੇ ਖਰਾਬੇ ਵੇਲੇ ਮੁਆਵਜ਼ਾ ਦੇ ਕੇ ਕਿਸਾਨਾਂ ਨੂੰ ਗਲ਼ ਪਾ ਲਿਆ ਹੈ। ਚਿੱਟੇ ਮੱਛਰ ਦੇ ਮਾਮਲੇ ਨੂੰ ਲੈ ਕੇ ਕੁੱਝ-ਇੱਕ ਥਾਵਾਂ 'ਤੇ ਹਰਿਆਣੇ ਅੰਦਰ ਵੀ ਭਾਵੇਂ ਧਰਨੇ-ਮੁਜ਼ਾਹਰੇ ਹੋਏ ਹਨ ਪਰ ਕਿਸਾਨ ਜਥੇਬੰਦੀਆਂ ਦੀ ਕਮਜ਼ੋਰੀ ਕਾਰਨ ਸੰਘਰਸ਼ ਨੂੰ ਬਲ ਨਹੀਂ ਮਿਲ ਸਕਿਆ।
ਚਿੱਟੇ ਮੱਛਰ ਨੇ ਖਾ ਲਿਆ ਨਰਮਾ
ਫ਼ਿਕਰਾਂ ਨੇ ਜ਼ਿੰਦਾਂ ਖਾ ਲਈਆਂ
ਇਸ ਆਫ਼ਤ ਦੇ ਚਲਦਿਆਂ ਕਈ ਦਰਜਨ ਮਜ਼ਦੂਰ ਕਿਸਾਨ ਜ਼ਿੰਦਗੀਆਂ ਤੋਂ ਹੱਥ ਧੋ ਬੈਠੇ ਹਨ। ਅਖ਼ਬਾਰਾਂ ਹਰ ਰੋਜ਼ ਦੋ ਤਿੰਨ ਖੁਦਕੁਸ਼ੀਆਂ ਦੀਆਂ ਬੁਰੀਆਂ ਦਿਲ ਚੀਰਵੀਆਂ ਖਬਰਾਂ ਲੈ ਕੇ ਆਉਂਦੀਆਂ ਹਨ। ਕਈ ਦਰਖਤਾਂ ਨਾਲ ਫਾਹੇ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰਦੇ ਹਨ, ਕਈ ਜ਼ਹਿਰੀਲੀ ਦਵਾਈ ਪੀ ਕੇ ਮੌਤ ਦੇ ਬੂਥੇ 'ਚ ਪਏ ਹਸਪਤਾਲਾਂ 'ਚ ਤੜਫਦੇ ਹਨ। ਸਿਰਾਂ 'ਤੇ ਕਰਜ਼ੇ ਦੀਆਂ ਪੰਡਾਂ ਹਨ ਤੇ ਹੱਥਾਂ 'ਚ ਬਰਬਾਦ ਹੋਈਆਂ ਫਸਲਾਂ ਹਨ। ਪੈਰ ਠੀਕ ਰਾਹ ਤੋਂ ਤਿਲ੍ਹਕ ਰਹੇ ਹਨ। ਮਾਵਾਂ, ਭੈਣਾਂ, ਪਤਨੀਆਂ ਦੇ ਆਸਮਾਨ ਚੀਰਦੇ ਕੀਰਨੇ ਦਿਲਾਂ ਨੂੰ ਵਲੂੰਧਰ ਰਹੇ ਹਨ। ਬਾਪ, ਬੱਚੇ, ਸਾਕ-ਸੰਬੰਧੀ ਵਿਲਕ ਰਹੇ ਹਨ। ਪੰਜਾਬੀ ਲੋਕਾਂ ਦਾ 'ਰੋਮ' ਸੜ ਰਿਹਾ ਹੈ ਤੇ ਉੱਧਰ ਨੀਲੇ 'ਨੀਰੋ' ਸਿਆਸਤ ਦੀਆਂ 'ਬੰਸਰੀਆਂ' ਵਜਾ ਰਹੇ ਹਨ। 'ਸਰਬੱਤ ਦਾ ਭਲਾ' ਮੰਗਣ ਵਾਲੀ ਅਕਾਲੀ ਸਰਕਾਰ ਇਸ ਕਰੋਪੀ ਦੇ ਜੁੰਮੇਵਾਰ ਮੰਤਰੀਆਂ-ਅਫ਼ਸਰਾਂ ਨੂੰ ਆਪਣੇ ਖੰਭਾਂ ਹੇਠ ਲੈ ਰਹੀ ਹੈ।
ਕਿਸਾਨ-ਮਜ਼ਦੂਰ ਸੰਘਰਸ਼ ਦੇ ਰਾਹ
ਏਕੇ ਦੀਆਂ ਬਰਕਤਾਂ ਤੋਂ ਜਾਣੂ ਲੋਕਾਂ ਨੇ ਸੰਘਰਸ਼ਾਂ ਦੇ ਰਾਹ ਪੈ ਕੇ ਸਰਕਾਰ ਦੇ ਨੱਕ ਵਿੱਚ ਦਮ ਕੀਤਾ ਹੈ। ਬੀ ਕੇ ਯੂ ਉਗਰਾਹਾਂ, ਬੀ ਕੇ ਯੂ ਕ੍ਰਾਤੀਕਾਰੀ, ਬੀ ਕੇ ਯੂ ਡਕੌਂਦਾ, ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਆਦਿ ਮਜ਼ਦੂਰ-ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਦਾ ਬਿਗ਼ਲ ਵਜਾ ਕੇ ਲੋਕਾਂ ਨੂੰ ਲਾਮਬੰਦ ਕਰਨ ਦਾ ਬੀੜਾ ਚੁੱਕਿਆ। ਇੱਕ ਹਫਤੇ ਤੋਂ ਵੱਧ ਸਮੇਂ ਲਈ ਪੰਜਾਬ ਭਰ ਵਿੱਚ ਕਈ ਥਾਵਾਂ 'ਤੇ ਧਰਨੇ ਦਿੱਤੇ ਗਏ ਜਿਨ੍ਹਾਂ ਵਿੱਚ ਦਸ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਸੰਘਰਸ਼ ਨੇ ਕਈ ਥਾਵਾਂ 'ਤੇ ਕਈ ਤਰ੍ਹਾਂ ਦੇ ਮੋੜ ਕੱਟੇ। ਧਰਨਿਆਂ 'ਚ ਜਾ ਰਹੇ ਕਾਫ਼ਲਿਆਂ ਨੂੰ ਬਹੁਤ ਸਾਰੀਆਂ ਥਾਵਾਂ 'ਤੇ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜਿੱਥੇ ਪੁਲਸ ਵੱਲੋਂ ਰੋਕਿਆ ਜਾਂਦਾ, ਉੱਥੇ ਹੀ ਧਰਨੇ ਲੱਗ ਜਾਂਦੇ। ਕਈ ਥਾਵਾਂ 'ਤੇ ਨਾਕੇ ਤੋੜ ਕੇ, ਵੱਡੇ ਧਰਨਿਆਂ ਵਿੱਚ ਪੁੱਜਣ ਲਈ ਲੋਕ ਸਫਲ ਵੀ ਹੁੰਦੇ ਰਹੇ। ਪੁਲਸ ਨਾਲ ਹਲਕੇ ਟਕਰਾਅ ਵੀ ਹੋਏ। ਗ੍ਰਿਫ਼ਤਾਰੀਆਂ ਤੇ ਰਿਹਾਈਆਂ ਵੀ ਹੋਈਆਂ। ਇਸ ਸੰਘਰਸ਼ ਦਾ ਕੇਂਦਰ ਬਿੰਦੂ ਬਠਿੰਡਾ ਬਣਿਆ ਰਿਹਾ ਜੋ ਕਿ ਬਾਦਲਾਂ ਦਾ ਗੜ੍ਹ ਵੀ ਸਮਝਿਆ ਜਾਂਦਾ ਹੈ। ਬਠਿੰਡੇ ਦਾ ਧਰਨਾ 17 ਤੋਂ 26 ਸਤੰਬਰ ਤੱਕ ਚੱਲਿਆ। ਧਰਨੇ ਦੇ ਪਹਿਲੇ ਹੀ ਦਿਨ ਇੱਕ ਖੇਤ ਮਜ਼ਦੂਰ ਮੰਦਰ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਇਸ ਲਹਿਰ ਦੇ ਲੇਖੇ ਲੱਗ ਗਿਆ ਤੇ ਫੇਰ ਇੱਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਸਲਫਾਸ ਖਾ ਕੇ ਹਾਕਮਾਂ ਦੇ ਸਿਰ ਚੜ੍ਹ ਮਰਿਆ।
ਰੇਲ ਰੋਕੋ ਅੰਦੋਲਨ
ਪਹਿਲਾਂ-ਪਹਿਲਾਂ ਸੰਘਰਸ਼ ਭਾਵੇਂ ਚਿੱਟੇ ਮੱਛਰ ਅਤੇ ਨਕਲੀ ਕੀਟਨਾਸ਼ਕਾਂ ਕਾਰਨ ਬਰਬਾਦ ਹੋਈ ਨਰਮੇ-ਕਪਾਹ ਦੀ ਫ਼ਸਲ ਦਾ ਮੁਆਵਜਾ ਦੇਣ ਅਤੇ ਦੋਸ਼ੀ ਖੇਤੀ ਮੰਤਰੀ ਸਮੇਤ ਹੋਰ ਲੁੰਗ-ਲਾਣੇ ਵਿਰੁੱਧ ਸਖ਼ਤ ਕਾਰਵਾਈ ਕਰਨ ਆਦਿ ਮੰਗਾਂ 'ਤੇ ਕੇਂਦਰਿਤ ਰਿਹਾ ਸੀ ਪ੍ਰੰਤੂ ਬਾਸਮਤੀ ਝੋਨੇ ਦੀ ਸਹੀ ਮੁੱਲ 'ਤੇ ਵਿਕਰੀ ਅਤੇ ਬਰਬਾਦ ਹੋਈਆਂ ਕਈ ਹੋਰ ਫ਼ਸਲਾਂ ਨੂੰ ਖਰਾਬੇ 'ਚ ਸ਼ਾਮਲ ਕਰਨ ਆਦਿ ਮੰਗਾਂ ਨੂੰ ਲੈ ਕੇ ਇਸ ਸੰਘਰਸ਼ ਨੂੰ ਪੰਜਾਬ ਪੱਧਰ ਤੱਕ ਫੈਲਾਉਣ ਦੀ ਰਣਨੀਤੀ ਘੜੀ ਗਈ ਜਿਸ ਤਹਿਤ ਕਈ ਥਾਵਾਂ 'ਤੇ ਇਕੱਠ ਕਰ ਕੇ 6 ਦਿਨ ਲੰਬਾ ਰੇਲ ਜਾਮ ਲਾਇਆ ਗਿਆ।
ਲੋਕ-ਗੁੱਸੇ ਅੱਗੇ ਫਿੱਕੀਆਂ ਪਈਆਂ ਕਿਸਾਨ ਮੇਲਿਆ ਦੀਆਂ ਰੌਣਕਾਂ
ਕਿਸਾਨ ਸੰਘਰਸ਼ ਦੌਰਾਨ 22 ਸਤੰਬਰ ਨੂੰ ਬਠਿੰਡਾ ਵਿਖੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਕੀਤੇ ਕਿਸਾਨ ਮੇਲਿਆਂ ਅੰਦਰ ਹਜ਼ਾਰਾਂ ਲੋਕਾਂ ਨੇ ਲੀਡਰਾਂ ਅਤੇ ਅਫ਼ਸਰਾਂ ਖਿਲਾਫ਼ ਗੁੱਸੇ ਦਾ ਪ੍ਰਗਟਾਵਾ ਕੀਤਾ। ਬਠਿੰਡਾ ਵਿਖੇ ਬਲਵਿੰਦਰ ਸਿੰਘ ਭੂੰਦੜ, ਖੇਤੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਦਰਜਨ ਦੇ ਕਰੀਬ ਅਫਸਰਾਂ ਨੂੰ ਸਟੇਜ ਛੱਡ ਕੇ ਭੱਜਣ ਲਈ ਮਜ਼ਬੂਰ ਹੋਣਾ ਪਿਆ। 'ਭੂੰਦੜ ਸਾਹਿਬ' ਚਿੱਟੇ ਮੱਛਰ ਦੀ ਕਰੋਪੀ ਨੂੰ ਪੈਦਾ ਕਰਨ ਵਾਲਿਆਂ ਵਿਰੁੱਧ ਆਪਣੀ ਸਰਕਾਰ ਦੀ 'ਕਾਰਗੁਜ਼ਾਰੀ' ਦੱਸਦਿਆਂ ਕਹਿਣ ਹੀ ਲੱਗੇ ਸਨ ਕਿ ਵੇਖੋ ਅਸਾਡੀ ਸਰਕਾਰ ਨੇ ਮੰਗਲ ਸਿੰਘ ਸੰਧੂ ਖੇਤੀ ਡਾਇਰੈਕਟਰ ਨੂੰ ਮੁਅਤਲ ਕਰ ਦਿੱਤਾ ਹੈ, ਲੋਕਾਂ ਨੇ ਝੱਟ ਜੁੱਤੀਆਂ ਦਾ ਸਟੇਜ 'ਤੇ ਮੀਂਹ ਵਰ੍ਹਾ ਦਿੱਤਾ। ਕੁਰਸੀਆਂ ਵਗਾਹ ਵਗਾਹ ਕੇ ਸਟੇਜ ਵੱਲ ਚਲਾਈਆਂ ਗਈਆਂ। ਪੁਲਸ ਨੇ ਮਸਾਂ ਮਸਾਂ ਲੀਡਰਾਂ ਤੇ ਅਫ਼ਸਰਾਂ ਨੂੰ ਉੱਥੋਂ ਬਚਾ ਕੇ ਕੱਢਿਆ। ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ 'ਚ ਲੱਗੇ ਕਿਸਾਨ ਮੇਲੇ ਵਿੱਚ ਵੀ ਏਸੇ ਤਰ੍ਹਾਂ ਵਾਪਰਿਆ। ਬੱਸ ਫ਼ਰਕ ਏਨਾ ਸੀ ਕਿ ਇੱਥੇ ਕੋਈ ਮੁੱਖ ਮਹਿਮਾਨ ਨਹੀਂ ਪੁੱਜਿਆ। ਉਂਜ ਗਵਰਨਰ, ਪੰਜਾਬ ਨੇ ਲੁਧਿਆਣੇ ਦੇ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਧਾਰਨਾ ਸੀ ਪ੍ਰੰਤੂ ਬਠਿੰਡੇ ਦੇ ਕਿਸਾਨ ਮੇਲੇ ਦੇ ਛਿੱਤਰ-ਤਜ਼ਰਬੇ ਤੋਂ ਡਰਦੇ 'ਗਵਰਨਰ ਸਾਹਿਬ' ਦਾ ਨਾਂ ਕਾਰਡਾਂ ਵਿੱਚ ਛਾਪਿਆ ਹੀ ਰਹਿ ਗਿਆ।
ਮੁੱਖ ਮੰਤਰੀ ਨਾਲ ਗੱਲਬਾਤ ਬੇਸਿੱਟਾ
ਸੰਘਰਸ਼ ਜਾਰੀ ਸੀ। ਸਰਕਾਰ ਵੱਲੋਂ ਲੋਕਾਂ ਦੇ ਘਰਾਂ ਵਿੱਚ 11-11 ਰੁਪਏ ਦੇ ਮੁਆਵਜੇ ਦੇ ਚੈੱਕ ਭੇਜੇ ਜਾ ਰਹੇ ਸਨ। ਲੋਕ ਦੁਖੀ ਵੀ ਹੋ ਰਹੇ ਸਨ, ਹੱਸ ਵੀ ਰਹੇ ਸਨ। ਰੇਲਵੇ ਲਾਈਨਾਂ 'ਤੇ ਬੈਠੇ ਲੋਕ ਕਿਸੇ ਇਨਸਾਫ ਦੀ ਝਾਕ ਵਿੱਚ ਸਨ। ਨਿੱਕੇ ਨਿੱਕੇ ਬੱਚੇ ਗੋਦੀਆਂ ਵਿੱਚ ਲੈ ਕੇ ਸੰਘਰਸ਼ ਵਿੱਚ ਕੁੱਦੀਆਂ ਇਸਤਰੀਆਂ ਤੋਂ ਬਿਨਾ ਚੁੱਲ੍ਹੇ ਧੂੰਏਂ ਨੂੰ ਤਰਸ ਗਏ ਸਨ। ਫੁੱਟੀਆਂ ਤੋਂ ਸੱਖਣੀਆਂ ਛਿੱਟੀਆਂ ਦਾ ਭਾਰ ਚੁੱਕੀ ਖੜ੍ਹੇ ਖੇਤ ਮਾਲਕਾਂ ਨੂੰ ਉਡੀਕ ਰਹੇ ਸਨ। ਆਖਰ 12 ਅਕਤੂਬਰ ਨੂੰ ਮੁੱਖ ਮੰਤਰੀ ਨਾਲ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ। ਮੁੱਖ ਮੰਤਰੀ ਖਜ਼ਾਨਾ ਖਾਲੀ ਹੋਣ ਦੇ ਵਾਸਤੇ ਪਾਉਂਦਾ ਰਿਹਾ। ਮੁਆਵਜੇ ਸਮੇਤ ਕੋਈ ਮੁੱਖ ਮੰਗ ਮੰਨਣ ਦੀ ਬਜਾਏ ਬਾਸਮਤੀ, ਮੂੰਗੀ, ਗੁਆਰੀ, ਸਬਜ਼ੀਆਂ ਆਦਿ ਫਸਲਾਂ ਨੂੰ ਖਰਾਬੇ ਵਿੱਚ ਸ਼ਾਮਲ ਕਰਨ ਅਤੇ ਗਿਰਦਾਵਰੀ ਕਰਨ, ਖੇਤ ਮਜ਼ਦੂਰਾਂ ਲਈ 64 ਕਰੋੜ ਦੀ ਸਹਾਇਤਾ ਜਾਸ਼ੀ ਜਾਰੀ ਕਰਨ, ਕਰਜ਼ਾ ਕਾਨੂੰਨ ਬਣਾਉਣ ਅਤੇ ਹਰਿਆਊ ਕਾਂਢ ਦੀਆਂ ਮੰਗਾਂ ਮੰਨਣ ਦੇ ਭਰੋਸੇ ਦੇ ਕੇ ਮੀਟਿੰਗ ਸਮਾਪਤ ਕਰ ਲਈ ਗਈ। ਮੁੱਖ ਮੰਤਰੀ ਦਾ ਰਵੱਈਆ ਕੁੱਲ ਮਿਲਾ ਕੇ ਮੰਗਾਂ ਬਾਰੇ ਸੋਚਣ-ਵਿਚਾਰਨ ਦੇ ਲਾਰੇ ਲਾਉਣ ਅਤੇ ਟਰਕਾਉਣ ਵਾਲਾ ਸੀ। ਆਗੂਆਂ ਨੇ ਬਾਹਰ ਆ ਕੇ ਕੀਤੀ ਮੀਟਿੰਗ ਵਿੱਚ ਅਗਲੇ ਪੜਾਅ ਵਜੋਂ 23 ਅਕਤੂਬਰ ਨੂੰ ਹਾਕਮ ਵਿਧਾਇਕਾਂ, ਮੰਤਰੀਆਂ, ਸੰਸਦੀ ਸਕੱਤਰਾਂ ਦੇ ਘਰਾਂ ਮੂਹਰੇ ਧਰਨੇ ਦੇਣ ਦਾ ਐਲਾਨ ਕੀਤਾ ਸੀ। ਉੱਧਰ ਇਹ ਸਤਰਾਂ ਲਿਖੇ ਜਾਣ ਸਮੇਂ ਪੰਜਾਬ ਅੰਦਰ ਅਜਿਹੀ ਹਾਲਤ ਬਣੀ ਹੋਈ ਹੈ, ਜਿਸ ਬਾਰੇ ਸੂਝਵਾਨ ਲੋਕ ਅੰਦਾਜ਼ੇ ਲਾ ਰਹੇ ਹਨ ਕਿ ਇਹ ਸਭ ਕੁੱਝ, ਕਿਸਾਨੀ ਅੰਦੋਲਨ ਅਤੇ ਸਿੱਖ ਧਰਮੀ ਜਨਤਾ ਅੰਦਰ ਬਾਦਲ ਟੋਲੇ ਵੱਲੋਂ ਸਿੱਖ ਧਾਰਮਿਕ ਸੰਸਥਾਵਾਂ ਅਤੇ ਸੰਸਥਾਨਾਂ ਦੀ ਕੀਤੀ ਜਾ ਰਹੀ ਬੇਹੁਰਮਤੀ ਖਿਲਾਫ ਉੱਠੇ ਉਬਾਲੇ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਅਤੇ ਕਈ ਹੋਰ ਨਿਸ਼ਾਨੇ ਸਰ ਕਰਨ ਲਈ, ਖੁਦ ਹੀ ਕੀਤਾ-ਕਰਾਇਆ ਜਾ ਰਿਹਾ ਹੈ। ਇਸ ਘਟਨਾ-ਕ੍ਰਮ ਬਾਰੇ ਵੱਖਰੇ ਲੇਖ ਵਿੱਚ ਲਿਖਿਆ ਜਾ ਰਿਹਾ ਹੈ।
ਮੰਗਲ ਸੰਧੂ 'ਤੇ ਕਾਰਵਾਈ ਦਾ ਡਰਾਮਾ ਵੱਡੇ ਡਾਕੂਆਂ ਨੂੰ ਬਚਾਉਣ ਦੀ ਕਸਰਤ
ਇਸ ਸੰਘਰਸ਼ ਦੇ ਚੱਲਦਿਆਂ ਇਹ ਗੱਲ ਜ਼ੋਰ ਨਾਲ ਉੱਭਰ ਗਈ ਸੀ ਕਿ ਚਿੱਟੇ ਮੱਛਰ ਨੂੰ ਪੈਦਾ ਕਰਨ ਵਾਲੇ ਨਕਲੀ ਕੀਟਨਾਸ਼ਕ ਅਤੇ ਜਾਅਲੀ ਬੀਜ ਮੰਡੀ ਵਿੱਚ ਉਤਾਰਨ ਵਾਲੇ ਕੋਈ ਹੋਰ ਨਹੀਂ ਸਗੋਂ ਖੇਤੀ ਮੰਤਰੀ, ਖੇਤੀਬਾੜੀ ਮਹਿਕਮੇ ਦਾ ਡਾਇਰੈਕਟਰ ਅਤੇ ਇਹਨਾਂ ਨਾਲ ਦੀ ਮੁਨਾਫੇਖੋਰ ਜੁੰਡਲੀ ਹੀ ਹੈ। ਡਾਇਰੈਕਟਰ ਮੰਗਲ ਸਿੰਘ ਸੰਧੂ ਉੱਪਰ ਦੋਸ਼ ਹੈ ਕਿ ਉਸ ਨੇ ਖੇਤੀ ਯੂਨੀਵਰਸਿਟੀ ਤੋਂ ਗੈਰ ਪ੍ਰਵਾਨਤ 92000 ਲਿਟਰ ਕੀਟਨਾਸ਼ਕ ਖਰੀਦੀ ਹੈ ਜੋ ਕਿ ਮੰਡੀ ਨਾਲੋਂ ਮਹਿੰਗੇ ਮੁੱਲ 'ਤੇ ਵੀ ਖਰੀਦੀ ਗਈ ਹੈ। ਮੰਡੀ ਵਿੱਚ ਇਹ 3000 ਰੁਪਏ ਪ੍ਰਤੀ ਲਿਟਰ ਮਿਲਦੀ ਹੈ, ਜਦ ਕਿ 'ਸੰਧੂ ਸਾਹਿਬ' ਨੇ ਇਸ ਦੀ ਕੀਮਤ 3550 ਰੁਪਏ 'ਤਾਰੀ' ਹੈ। ਡਾਇਰੈਕਟਰ ਦੀ ਇਹ ਕਰਤੂਤ, ਕੁੱਲ ਘੁਟਾਲੇ ਦੀ ਇੱਕ ਕੜੀ ਹੈ— ਖੇਤੀ ਮੰਤਰੀ ਤੋਤਾ ਸਿੰਘ ਅਤੇ ਹੋਰ ਇਸ ਘੁਟਾਲੇ ਤੋਂ ਕਿਵੇਂ ਵੀ ਬਾਹਰ ਨਹੀਂ ਹਨ। ਬਾਦਲਾਂ ਦਾ ਖਾਸਮ-ਖਾਸ ਸਮਝਿਆ ਜਾਂਦਾ ਖੇਤੀ ਡਾਇਰੈਕਟਰ ਮੰਗਲ ਸਿੰਘ ਸੰਧੂ ਝਟਕਾ ਦਿੱਤਾ ਗਿਆ। ਇਸ ਤਰ੍ਹਾਂ ਇੰਜ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਾਦਲ ਸਰਕਾਰ ਭ੍ਰਿਸ਼ਟਾਚਾਰ ਨੂੰ ਕਰੜੇ ਹੱਥੀਂ ਲੈ ਰਹੀ ਹੈ। ਜਦ ਕਿ ਅਸਲ ਮਾਮਲਾ ਲੋਕਾਂ ਨੂੰ ਭੁਲੇਖੇ ਵਿੱਚ ਪਾਉਣਾ ਹੈ ਅਤੇ ਆਪਣੇ ਸਿੰਘੁਸ਼ਨ ਦੇ ਇੱਕ ਪੌਡੇ ਅਤੇ ਭ੍ਰਿਸ਼ਟ ਅਕਾਲੀ ਕੋੜਮੇ ਦੇ ਇੱਕ ਅੰਗ ਤੋਤਾ ਸਿੰਘ ਐਂਡ ਕੰਪਨੀ ਨੂੰ ਬਚਾਉਣ ਦਾ ਹੈ।
ਜਿੱਤਾਂ ਹੋਵਣ ਜਾਂ ਹਾਰਾਂ:
ਤਜਰਬੇ ਸਬਕ ਦਿੰਦੇ ਹਨ
ਇਹ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸੰਘਰਸ਼ ਸਫਲਤਾ ਦੀ ਮੰਜ਼ਿਲ 'ਤੇ ਪਹੁੰਚਦਾ ਹੈ ਜਾਂ ਨਹੀਂ.. ..ਇਹ ਦੇਖਣਾ ਬਾਕੀ ਹੈ। ਅੰਸ਼ਿਕ ਮੰਗਾਂ ਲਈ ਲੜਿਆ ਜਾ ਰਿਹਾ ਇਹ ਬਚਾਓਮੁਖੀ ਸੰਘਰਸ਼ ਜੇ ਸਫਲ ਹੁੰਦਾ ਹੈ, ਤਾਂ ਹੁੱਬ ਕੇ ਸ਼ੇਖੀ ਮਾਰ ਦਾਅਵੇ ਕਰਨ ਅਤੇ ਦਮਗਜ਼ੇ ਮਾਰਨ ਤੋਂ ਬਚਣਾ ਚਾਹੀਦਾ ਹੈ। ਹਾਲਤ ਕੋਈ ਬਣੇ— ਇਸ ਸੰਘਰਸ਼ 'ਚੋਂ ਕੁੱਝ ਐਸੀਆਂ ਨਿਰਖਾਂ ਅਤੇ ਸਬਕ ਉੱਭਰਦੇ ਹਨ, ਜਿਹਨਾਂ ਦਾ ਇੱਕ ਲੜ ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਲਈ ਅਹਿਮੀਅਤ ਰੱਖਦਾ ਹੈ ਅਤੇ ਦੂਸਰਾ ਲੜ ਉਹਨਾਂ ਸ਼ਕਤੀਆਂ ਲਈ ਅਹਿਮੀਅਤ ਰੱਖਦਾ ਹੈ, ਜਿਹੜੀਆਂ ਆਪਣੇ ਆਪ ਨੂੰ ਖਰੀਆਂ ਇਨਕਲਾਬੀ ਹੋਣ ਦੀਆਂ ਦਾਅਵੇਦਾਰ ਹਨ ਅਤੇ ਜਿਹੜੀਆਂ ਕਿਸਾਨ ਸੰਘਰਸ਼ ਨੂੰ ਦਰੁਸਤ ਅਗਵਾਈ ਦੇਣ ਲਈ ਯਤਨਸ਼ੀਲ ਹਨ। ਸਰੁਖ਼ ਰੇਖਾ ਦੇ ਇਸੇ ਅੰਕ ਵਿੱਚ ਇਹਨਾਂ ਸਬਕਾਂ ਨੂੰ ਛੂਹਿਆ ਜਾ ਰਿਹਾ ਹੈ।
ਅਦਾਰਾ ਸੁਰਖ਼ ਰੇਖਾ ਫਸਲਾਂ ਦੀ ਤਬਾਹੀ ਅਤੇ ਹਕੂਮਤੀ ਬੇਰੁਖੀ ਦਾ ਸ਼ਿਕਾਰ ਹੋਏ ਕਿਸਾਨਾਂ-ਮਜ਼ਦੂਰਾਂ ਦੇ ਦੁੱਖ-ਦਰਦਾਂ ਵਿੱਚ ਸ਼ਰੀਕ ਹੁੰਦਾ ਹੈ, ਕਰਜ਼ੇ ਅਤੇ ਮੰਦਹਾਲੀ ਦੇ ਝੰਬੇ ਕਿਸਾਨਾਂ-ਖੇਤ ਮਜ਼ਦੂਰਾਂ 'ਚੋਂ ਖੁਦਕੁਸ਼ੀਆਂ ਕਾਰਨ ਬੇਵਕਤੀ ਤੇ ਦੁਖਦਾਈ ਮੌਤ ਦਾ ਸ਼ਿਕਾਰ ਹੋਏ ਕਮਾਊ ਵਿਅਕਤੀਆਂ ਦੇ ਪਰਿਵਾਰਾਂ ਦੇ ਦੁਖ ਵਿੱਚ ਸ਼ਾਮਲ ਹੁੰਦਿਆਂ, ਉਚਿਤ ਮੁਆਵਜੇ ਅਤੇ ਹੱਕੀ ਮੰਗਾਂ ਲਈ ਜੂਝ ਰਹੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸੰਘਰਸ਼ ਦੀ ਜੈ ਜੈਕਾਰ ਕਰਦਾ ਹੈ। -੦-

No comments:
Post a Comment