Friday, 30 October 2015

ਨਿੱਜੀਕਰਨ ਦੀ ਮਾਰ ਹੇਠ ਆਏ ਭਿਵੰਡੀ ਦੇ ਪਾਵਰਲੂਮ ਕਾਮੇ

ਨਿੱਜੀਕਰਨ ਦੀ ਮਾਰ ਹੇਠ ਆਏ ਭਿਵੰਡੀ ਦੇ ਪਾਵਰਲੂਮ ਕਾਮੇ
ਸਵਾ ਸੌ ਕਰੋੜ ਭਾਰਤੀਆਂ ਦੇ ਤੀਜੇ ਹਿੱਸੇ ਵਾਸਤੇ ਕੱਪੜਾ ਤਿਆਰ ਕਰਨ ਵਾਲੇ, ਮੁੰਬਈ ਦੇ ਬਾਹਰਵਾਰ ਵਸੇ ਭਿਵੰਡੀ ਨਗਰ ਵਿੱਚ ਸਥਿਤ 10 ਲੱਖ ਪਾਵਰਲੂਮਾਂ 'ਤੇ ਕੱਪੜਾ ਬੁਣਨ ਵਾਲੇ ਮਜ਼ਦੂਰਾਂ ਦੀ ਹਾਲਤ ਅੰਤਾਂ ਦੀ ਮੰਦੀ ਹੈ। ਉਹਨਾਂ ਨੂੰ 8, 10 ਜਾਂ 12 ਮਸ਼ੀਨਾਂ 'ਤੇ 10 ਤੋਂ ਲੈ ਕੇ 18-18 ਘੰਟੇ ਤੱਕ ਕੰਮ ਕਰਨਾ ਪੈ ਰਿਹਾ ਹੈ। ਇਹਨਾਂ ਮਜ਼ਦੂਰਾਂ ਵਾਸਤੇ ਸਨਅੱਤੀ ਸੁਰੱਖਿਆ ਕਾਨੂੰਨਾਂ ਦੇ ਕੋਈ ਮਾਇਨੇ ਨਹੀਂ ਹਨ, ਲੋੜੀਂਦੇ ਸਮਾਨ ਦੀ ਥੁੜ੍ਹ ਹੈ, ਪੀਣ ਵਾਲਾ ਪਾਣੀ ਨਹੀਂ ਹੈ, ਪਖਾਨਿਆਂ ਦੀਆਂ ਸਹੂਲਤਾਂ ਨਹੀਂ ਹਨ। ਢੁਕਵੀਆਂ ਰਿਹਾਇਸ਼ਾਂ ਦਾ ਪ੍ਰਬੰਧ ਨਹੀਂ ਹੈ, ਛੱਪਰ-ਨੁਮਾ ਘਰਾਂ ਵਿੱਚ ਬਹੁਤ ਹੀ ਥੋੜ੍ਹੀ ਰੌਸ਼ਨੀ ਦਿਖਾਈ ਦਿੰਦੀ ਹੈ, ਹਵਾ-ਹਾਰੇ ਹੋਣ ਦਾ ਤਾਂ ਮਤਲਬ ਹੀ ਕੋਈ ਨਹੀਂ, ਸੰਤੁਲਿਤ ਭੋਜਨ ਦੀ ਘਾਟ ਹੈ, ਨੌਕਰੀ ਦੀ ਕੋਈ ਗਾਰੰਟੀ ਨਹੀਂ, ਕਿਸੇ ਤਰ੍ਹਾਂ ਦੇ ਮੁਆਵਜੇ ਦੀ ਪੂਰਤੀ ਹੋਣੀ ਤਾਂ ਦੂਰ ਦੀ ਗੱਲ ਰਹੀ। ਜਿਹੜੀਆਂ ਹਾਲਤਾਂ ਵਿੱਚ ਮਜ਼ਦੂਰ ਉੱਥੇ ਰਹਿ ਹੀ ਨਹੀਂ ਸਕਦੇ ਪਰ ਉਹਨਾਂ ਨੂੰ ਉੱਥੇ ਰਹਿਣਾ ਪੈ ਰਿਹਾ ਹੈ। ਇੱਕ ਮਜ਼ਦੂਰ ਦੇ ਸ਼ਬਦਾਂ ਵਿੱਚ ''ਪਿੰਡਾਂ ਵਿਚਲਾ ਜੀਵਨ ਤਾਂ ਇਸ ਤੋਂ ਵੀ ਭੈੜਾ ਹੈ।'' ਭਿਵੰਡੀ ਦੀਆਂ ਪਾਵਰਲੂਮਾਂ 'ਤੇ ਕੰਮ ਕਰਨ ਵਾਲੇ ਤਕਰੀਬਨ ਸਾਰੇ ਹੀ ਮਜ਼ਦੂਰ ਯੂ.ਪੀ. ਅਤੇ ਬਿਹਾਰ ਆਦਿ ਤੋਂ ਆਏ ਪ੍ਰਵਾਸੀ ਮਜ਼ਦੂਰ ਹਨ। ਇਹਨਾਂ ਮਜ਼ਦੂਰਾਂ ਵਿੱਚ ਬਾਲ-ਮਜ਼ਦੂਰ ਵੀ ਸ਼ਾਮਲ ਹਨ। ਇਹਨਾਂ ਸਾਰਿਆਂ ਨੂੰ ਠੇਕੇਦਾਰਾਂ ਦੀਆਂ ਧੌਂਸ-ਧਮਕੀਆਂ ਤਹਿਤ ਦਿਨ-ਕਟੀ ਕਰਨੀ ਪੈ ਰਹੀ ਹੈ। ਭਿਵੰਡੀ ਦੇ ਆਪਣੇ ਹੀ ਕਾਇਦੇ-ਕਾਨੂੰਨ ਹਨ, ਕਿਰਤ-ਕਾਨੂੰਨਾਂ ਨੂੰ ਇੱਥੇ ਘੱਟੇ ਰੋਲਿਆ ਜਾਂਦਾ ਹੈ। ਅਨੇਕਾਂ ਥਾਈਂ ਮਜ਼ਦੂਰਾਂ ਦੀ ਗਿਣਤੀ 10 ਤੋਂ ਉੱਪਰ ਹੈ ਪਰ ਇੱਥੇ ਕੋਈ ਕਿਰਤ-ਕਾਨੂੰਨ ਲਾਗੂ ਨਹੀਂ ਹੁੰਦਾ। ਇੱਥੇ ਕਈ ਤਰ੍ਹਾਂ ਦੀਆਂ ਯੂਨੀਅਨਾਂ ਹਨ, ਪਰ ਇਹਨਾਂ ਦੇ ਆਗੂ ਲੇਬਰ ਕੋਰਟਾਂ ਰਾਹੀਂ ਮਾਲਕਾਂ 'ਤੇ ਦਬਾਅ ਬਣਾ ਕੇ ਪੈਸੇ ਬਟੋਰਦੇ ਹਨ।
10 ਕਿਲੋਮੀਟਰ ਦੇ ਘੇਰੇ ਵਿੱਚ ਜਿੱਥੇ ਇਹ ਪਾਵਰਲੂਮਾਂ ਸਥਿਤ ਹਨ, ਉੱਥੇ ਝੁੱਗੀਆਂ-ਝੌਂਪੜੀਆਂ ਵਰਗੇ ਰਹਿਣ-ਬਸੇਰੇ ਹਨ ਅਤੇ ਚਿੱਕੜ-ਭਰੇ ਰਸਤੇ ਹਨ। ਮਜ਼ਦੂਰਾਂ ਦੀ ਰਿਹਾਇਸ਼ ਵਾਸਤੇ ਕੋਈ ਕੁਆਟਰ ਵਗੈਰਾ ਨਹੀਂ ਹਨ। 80-80 ਵਰਗ ਫੁੱਟ ਦੇ ਇੱਕ ਇੱਕ ਛੱਪਰ ਹੇਠ 6 ਤੋਂ ਲੈ ਕੇ 10-10 ਤੱਕ ਮਜ਼ਦੂਰ ਦਿਨ-ਕਟੀ ਕਰਦੇ ਹਨ। ਉਹ ਬਦਲ ਬਦਲ ਕੇ ਸੌਂਦੇ ਹਨ ਕਿਉਂਕਿ ਅਜਿਹੇ ਛੱਪਰਾਂ ਵਿੱਚ ਇਹਨਾਂ ਦੇ ਇਕੱਠੇ ਸੌਂ ਸਕਣ ਦੀ ਸਮਰੱਥਾ ਹੀ ਨਹੀਂ। ਮਜ਼ਦੂਰਾਂ ਕੋਲ ਰੋਟੀ-ਪਾਣੀ ਦਾ ਵੀ ਢੁਕਵਾਂ ਇੰਤਜ਼ਾਮ ਨਹੀਂ ਹੈ, ਉਹ 2000 ਰੁਪਏ ਮਹੀਨੇ ਦੇ ਹਿਸਾਬ ਨਾਲ ਢਾਬੇ ਵਾਲਿਆਂ ਨੂੰ ਦਿੰਦੇ ਹਨ, ਜਿੱਥੇ ਇਹਨਾਂ ਨੂੰ ਦਾਲ-ਚੌਲ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਕੰਮ ਅਤੇ ਰਿਹਾਇਸ਼ ਦੀਆਂ ਮੰਦੀਆਂ ਹਾਲਤਾਂ ਅਤੇ ਖੁਰਾਕ ਦੀ ਥੁੜ੍ਹ ਕਾਰਨ, ਕਪਾਹ ਦੀ ਧੂੜ-ਰੇਸ਼ੇ ਚੜ੍ਹਨ ਕਾਰਨ ਕਾਮੇ ਟੀ.ਬੀ. ਦੇ ਮਰੀਜ਼ ਬਣੇ ਹੋਏ ਹਨ। ਇੱਕ ਮਜ਼ਦੂਰ ਯਾਦਵ ਦੇ ਸ਼ਬਦਾਂ 'ਚ ਕਾਮਿਆਂ ਵਾਸਤੇ ਕੋਈ ਸਿਹਤ-ਸਹੂਲਤਾਂ ਨਾ ਹੋਣ ਕਾਰਨ ''35 ਸਾਲਾਂ ਦਾ ਨੌਜਵਾਨ 50 ਸਾਲ ਨੂੰ ਢੁਕਿਆ ਬਜ਼ੁਰਗ ਜਾਪਣ ਲੱਗਦਾ ਹੈ।'' ਭਿਵੰਡੀ ਦੇ ਸੇਠ (ਠੇਕੇਦਾਰ) ਬੜੇ ਹੀ ਕਰੂਰ ਹਨ, ਜਿਹੜੇ ਕਿ ਮਜ਼ਦੂਰਾਂ ਕੋਲੋਂ ਬਿਮਾਰ ਹੋ ਜਾਣ ਦੇ ਲਫਜ਼ ਤੱਕ ਨਹੀਂ ਸੁਣਨਾ ਚਾਹੁੰਦੇ। ਜੇ ਕੋਈ ਮਜ਼ਦੂਰ ਕੰਮ 'ਤੇ ਨਾ ਆ ਸਕਣ ਦੀ ਵਜਾਹ ਬਿਮਾਰੀ ਦੱਸਦਾ ਹੈ ਤਾਂ ਉਸ ਨੂੰ ਬਾਹਰ ਕੱਢ ਮਾਰਿਆ ਜਾਂਦਾ ਹੈ ਜਾਂ ਉਸਦੀ ਤਨਖਾਹ ਵਿੱਚੋਂ ਭਾਰੀ ਕਟੌਤੀ ਕੀਤੀ ਜਾਂਦੀ ਹੈ। ਅਜਿਹੀਆਂ ਹਾਲਤਾਂ ਵਿੱਚ ਕੰਮ ਕਰਦੇ ਹੋਏ ਮਜ਼ਦੂਰਾਂ 'ਚੋਂ ਹਰ ਰੋਜ਼ ਹੀ ਕੋਈ ਨਾ ਕੋਈ ਕੰਮ ਕਰਦੇ ਕਰਦੇ ਥਾਏਂ ਧੜੱਮ ਡਿਗ ਕੇ ਮੌਤ ਦੇ ਮੂੰਹ ਜਾ ਪੈਂਦਾ ਹੈ। ਇੱਕ ਇੱਕ ਕਮਰੇ ਵਿੱਚ 8-8, 10-10 ਮਜ਼ਦੂਰ ਰਹਿੰਦੇ ਹੋਣ ਕਾਰਨ ਉਹ ਆਪਣੇ ਪਰਿਵਾਰਾਂ ਨੂੰ ਨਾਲ ਨਹੀਂ ਰੱਖ ਸਕਦੇ। ਜਿਹੜੇ ਵੀ ਥੋੜ੍ਹੇ ਜਿਹੇ ਹਿੱਸੇ ਨੇ ਪਰਿਵਾਰ ਆਪਣੇ ਨਾਲ ਰੱਖੇ ਹੋਏ ਹਨ, ਉਹ ਮਰਦਾਂ ਦੇ ਕੰਮ 'ਤੇ ਜਾਣ ਕਾਰਨ ਅਸੁਰੱਖਿਆ ਦੀ ਜ਼ਿੰਦਗੀ ਹੰਢਾ ਰਹੇ ਹਨ। ਮਜ਼ਦੂਰ ਪਰਿਵਾਰਾਂ ਨੂੰ ਖੁੱਲ੍ਹੇ ਖੇਤਾਂ ਵਿੱਚ ਹੀ ਜੰਗਲ-ਪਾਣੀ ਜਾਣਾ ਪੈਂਦਾ ਹੈ ਤੇ ਨਹਾਉਣ-ਧੋਣ ਕਰਨਾ ਪੈਂਦਾ ਹੈ।
ਇੱਕ ਮਜ਼ਦੂਰ ਨੇ ਆਖਿਆ ਕਿ ''ਪਹਿਲੇ ਸਾਲਾਂ ਵਿੱਚ ਇੱਕ ਮਜ਼ਦੂਰ ਦੋ ਪਾਰਵਲੂਮਾਂ 'ਤੇ ਨਿਗਰਾਨੀ ਕਰਦਾ ਸੀ, ਪਰ ਹੁਣ ਉਸ ਨੂੰ 8 ਤੋਂ 12 ਪਾਵਰਲੂਮਾਂ 'ਤੇ ਕੰਮ ਕਰਨਾ ਪੈਂਦਾ ਹੈ। ਮਜ਼ਦੂਰ ਦਾ ਕੰਮ ਤਾਂ 4-5 ਗੁਣਾਂ ਵਧ ਗਿਆ ਹੈ ਪਰ ਤਨਖਾਹਾਂ ਨਹੀਂ ਵਧੀਆਂ। ਇੱਕ ਮਜ਼ਦੂਰ ਰੋਜ਼ਾਨਾ 10 ਹਜ਼ਾਰ ਰੁਪਏ ਦਾ ਕੰਮ ਕਰਦਾ ਹੈ ਪਰ ਮਿਲਦਾ ਉਸ ਨੂੰ ਸਿਰਫ 300 ਰੁਪਇਆ ਹੀ ਹੈ।
ਭਿਵੰਡੀ ਦੇ ਮਜ਼ਦੂਰਾਂ ਦੀ ਹਾਲਤ ਹੀ ਖਸਤਾ ਹਾਲ ਨਹੀਂ ਹੈ ਬਲਕਿ ਇੱਥੋਂ ਦੇ ਛੋਟੇ ਸਨਅੱਤਕਾਰ ਵੀ ਅਨੇਕਾਂ ਤਰ੍ਹਾਂ ਦੀ ਲੁੱਟ ਦਾ ਸ਼ਿਕਾਰ ਹਨ। ਕਿਸੇ ਇੱਕ ਪਾਵਰਲੂਮ 'ਤੇ ਤਿਆਰ ਹੋਣ ਵਾਲੇ ਕੱਪੜੇ ਦੀ ਜਿਹੜੀ ਕੀਮਤ 10-12 ਰੁਪਏ ਪ੍ਰਤੀ ਮੀਟਰ ਹੈ, ਉਹ ਬਰੈਂਡਡ ਕੰਪਨੀਆਂ ਦੇ ਹੱਥਾਂ ਵਿੱਚ ਜਾ ਕੇ 150 ਰੁਪਏ ਪ੍ਰਤੀ ਮੀਟਰ ਬਣ ਜਾਂਦੀ ਹੈ। ਇੱਥੋਂ ਦੀਆਂ ਪਾਵਰਲੂਮਾਂ ਸਿਰਫ ਸਫੈਦ (ਗਰੇਅ) ਕੱਪੜਾ ਹੀ ਤਿਆਰ ਕਰਦੀਆਂ ਹਨ, ਜਦੋਂ ਕਿ ਉਸਨੂੰ ਰੰਗ ਚਾੜ੍ਹਨ ਦਾ ਕੰਮ ਬਾਹਰੋਂ ਸੂਰਤ ਵਰਗੇ ਸ਼ਹਿਰਾਂ 'ਚੋਂ ਹੁੰਦਾ ਹੈ। ਇੱਥੇ ਬਿਜਲੀ ਵਾਧੂ ਹੋਣ ਦੇ ਬਾਵਜੂਦ ਵੀ ਪ੍ਰਤੀ ਪਾਵਰਲੂਮ ਬਿਜਲੀ ਦਾ ਖਰਚਾ 30 ਹਜ਼ਾਰ ਰੁਪਏ ਪ੍ਰਤੀ ਮਹੀਨੇ ਦਾ ਹੈ, ਜੋ ਕਿ ਪਾਵਰਲੂਮਾਂ ਦੇ ਮਾਲਕਾਂ ਦੀ ਸਮਰੱਥਾ ਤੋਂ ਬਾਹਰਾ ਹੈ, ਇਸ ਕਰਕੇ ਉਹਨਾਂ ਨੂੰ ਕੁੰਡੀਆਂ ਵੀ ਲਾਉਣੀਆਂ ਪੈਂਦੀਆਂ ਹਨ। ਭਿਵੰਡੀ ਕੌਮੀ ਸ਼ਾਹਰਾਹ ਨੰ. 3 ਅਤੇ 8 ਵਿਚਕਾਰ ਸਥਿਤ ਹੋਣ ਕਰਕੇ, ਮਹਾਰਾਸ਼ਟਰ ਅਤੇ ਕੇਂਦਰੀ ਸਰਕਾਰ ਨੇ ਇਸ ਨੂੰ ਸਮਾਰਟ ਸਿਟੀ ਦੀਆਂ ਯੋਜਨਾਵਾਂ ਵਿੱਚ ਰੱਖਿਆ ਹੋਇਆ ਹੈ, ਪਰ ਇਸ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਗੰਦਗੀ ਦੀਆਂ ਮੁਸ਼ਕ ਮਾਰਦੀਆਂ ਰੂੜੀਆਂ ਬਣੀਆਂ ਹੋਈਆਂ ਹਨ। ਕੇਂਦਰੀ ਸਰਕਾਰ ਨੇ ਸੰਨ 2008 ਵਿੱਚ ਇੱਥੋਂ ਦੀਆਂ ਪਾਵਰਲੂਮਾਂ ਦੇ ਵਿਕਾਸ ਵਾਸਤੇ 70 ਕਰੋੜ ਰੁਪਏ ਜਾਰੀ ਕੀਤੇ ਸਨ, ਪਰ ਇਹ ਕੋਈ ਨਹੀਂ ਜਾਣਦਾ ਕਿ ਉਹ ਗਏ ਕਿੱਥੇ? ਇੱਥੋਂ ਦੇ ਸਨਅੱਤਕਾਰਾਂ ਨੂੰ ਧਾਗੇ ਦੀਆਂ ਭਾਰੀ ਕੀਮਤਾਂ ਅਤੇ ਕੱਪੜੇ ਦੀਆਂ ਘਟਦੀਆਂ ਕੀਮਤਾਂ ਦੇ ਦੁਵੱਲੇ ਪੁੜਾਂ ਵਿੱਚ ਪਿਸਣਾ ਪੈ ਰਿਹਾ ਹੈ।
ਭਿਵੰਡੀ ਵਰਗੇ ਸ਼ਹਿਰ ਵਿੱਚ ਜਿੱਥੇ ਪਾਵਰਲੂਮ ਸਨਅੱਤ ਹੀ ਲੜਖੜਾ ਰਹੀ ਹੋਵੇ, ਉੱਥੇ ਮਜ਼ਦੂਰਾਂ ਦੀ ਦਸ਼ਾ ਕਿੰਨੀ ਭਿਆਨਕ ਹੋਵੇਗੀ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇੱਥੋਂ ਦੇ ਸਨਅੱਤਕਾਰ ਆਪਣੇ ਆਰਥਿਕ ਸੰਕਟ ਦਾ ਬੋਝ ਤਾਲਾਬੰਦੀਆਂ ਕਰਕੇ ਮਜ਼ਦੂਰਾਂ ਦੇ ਸਿਰ ਸੁੱਟਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਨ ਤਾਂ ਕਿ ''ਕੰਮ ਨਹੀਂ ਤਾਂ ਤਨਖਾਹ ਨਹੀਂ'' ਦੇ 'ਅਸੂਲ' ਮੁਤਾਬਕ ਉਹ ਕੁੱਝ ਨਾ ਕੁੱਝ ਲਾਹੇ ਹਾਸਲ ਕਰ ਸਕਣ ਅਤੇ ਮਜ਼ਦੂਰ ਠੇਕੇਦਾਰਾਂ (ਸੇਠਾਂ) ਤੋਂ ਵਿਆਜੂ ਪੈਸੇ ਲੈਣ ਲਈ ਮਜਬੂਰ ਹੋਣ। ਪਿਛਲੇ ਅਗਸਤ ਵਿੱਚ ਇੱਥੋਂ ਦੇ ਸਨਅੱਤਕਾਰਾਂ ਨੇ ਦੋ ਹਫਤਿਆਂ ਦੀ ਤਾਲਾਬੰਦੀ ਕੀਤੀ ਸੀ ਤਾਂ ਕਿ ਯੂ.ਪੀ. ਤੇ ਬਿਹਾਰ ਤੋਂ ਆਉਣ ਵਾਲੇ ਮਜ਼ਦੂਰ ਆਪਣੇ ਪਿੰਡਾਂ ਨੂੰ ਵਾਪਸ ਪਰਤ ਜਾਣਗੇ। ਪਰ ਉਹਨਾਂ ਨੇ ਸੇਠਾਂ (ਠੇਕੇਦਾਰਾਂ) ਅੱਗੇ ਹੱਥ ਅੱਡਣ ਦੀ ਥਾਂ ਆਪਣੀ ਹੋਣੀ ਨੂੰ ਯੂਨੀਅਨਾਂ ਅਤੇ ਭਾਈਚਾਰਕ ਏਕਤਾ ਨਾਲ ਨੱਥੀ ਕਰ ਲਿਆ। ਮਜ਼ਦੂਰਾਂ ਦੀ ਏਕਤਾ ਅਤੇ ਸੰਘਰਸ਼ ਦੇ ਸਨਮੁੱਖ ਸਨਅੱਤਕਾਰਾਂ ਵੱਲੋਂ ਦੋ ਹਫਤਿਆਂ ਲਈ ਕੀਤੀ ਗਈ ਤਾਲਾਬੰਦੀ ਨੂੰ 9 ਦਿਨਾਂ ਬਾਅਦ ਹੀ ਖੋਲ੍ਹਣਾ ਪੈ ਗਿਆ।
('ਫਰੰਟ-ਲਾਈਨ' 16 ਅਕਤੂਬਰ 2015 'ਤੇ ਆਧਾਰਤ)

No comments:

Post a Comment