Friday, 8 March 2019

ਆਪਣੀਆਂ ਮੰਗਾਂ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਲਾਇਆ ਗਿਆ ਜਾਮ

ਆਪਣੀਆਂ ਮੰਗਾਂ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਲਾਇਆ ਗਿਆ ਜਾਮ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਨਜ਼ੂਲ ਜ਼ਮੀਨਾਂ ਦੇਣ ਮਾਲਕਾਨਾ ਹੱਕ ਦਲਿਤਾਂ ਨੂੰ  ਪੰਚਾਇਤੀ ਜ਼ਮੀਨਾਂ ਦਾ ਤੀਸਰਾ ਹਿੱਸਾ ਦਲਿਤਾਂ ਨੂੰ 99 ਸਾਲਾ ਪਟੇ 'ਤੇ ਦੇਣ, ਰਿਹਾਇਸ਼ੀ ਪਲਾਟ ਦੇਣ, ਸ਼ਹੀਦ ਮਾਤਾ ਗੁਰਦੇਵ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ, ਸੰਘਰਸ਼ ਦੌਰਾਨ ਪਏ ਝੂਠੇ ਪਰਚੇ ਰੱਦ ਕਰਨ, ਬਿਜਲੀ ਦੇ ਬਿੱਲ ਮੁਆਫ਼ ਕਰਨ ਆਦਿ ਮੰਗਾਂ 'ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਸਰਕਾਰ ਜਾਂ ਪ੍ਰਸਾਸ਼ਨ ਦਾ ਰਵੱਈਆ ਹਮੇਸ਼ਾ ਹੀ ਦਲਿਤ ਵਿਰੋਧੀ ਰਿਹਾ ਹੈ। ਸਰਕਾਰ ਦੇ ਇਸ ਰਵੱਈਏ ਖ਼ਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ 4 ਫਰਵਰੀ ਨੂੰ ਸੰਗਰੂਰ-ਪਟਿਆਲਾ ਹਾਈਵੇ ਉੱਪਰ ਜਾਮ ਲਾਇਆ ਗਿਆ। ਇਹ ਜਾਮ 5.30 ਘੰਟੇ ਤੱਕ ਚਲਦਾ ਰਿਹਾ ਜਿਸਦੀ ਵਜ੍ਹਾ ਨਾਲ ਪੂਰਾ ਹਾਈਵੇ ਟਰੈਫਿਕ ਨਾਲ ਭਰਿਆ ਰਿਹਾ। ਜਿਸ ਨਾਲ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਅੰਤ ਭਵਾਨੀਗੜ੍ਹ ਦੇ ਐਸ.ਡੀ.ਐਮ. ਅਤੇ ਡੀ.ਐਸ.ਪੀ. ਵੱਲੋਂ ਧਰਨੇ ਵਾਲੀ ਥਾਂ 'ਤੇ ਪਹੁੰਚ ਕੇ ਜਲਦੀ ਸਰਕਾਰ ਨਾਲ ਗੱਲ ਕਰਵਾਉਣ ਦਾ ਭਰੋਸਾ ਦੇਣ ਤੋਂ ਬਾਅਦ ਜਾਮ ਖੋਲਿਆ ਗਿਆ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਸਕੱਤਰ ਗੁਰਮੁਖ ਸਿੰਘ, ਮਨਪ੍ਰੀਤ ਭੱਟੀਵਾਲ, ਬਲਵਿੰਦਰ ਜਲੂਰ, ਸੁਖਵਿੰਦਰ ਹਥੋਆ ਅਤੇ ਰਾਜ ਸਿੰਘ ਆਦਿ ਨੇ ਸੰਬੋਧਨ ਕੀਤਾ।

ਰਾਸ਼ਣ ਕਾਰਡ ਬਹਾਲੀ ਦਾ ਮੋਰਚਾ ਜੇਤੂ

ਰਾਸ਼ਣ ਕਾਰਡ ਬਹਾਲੀ ਦਾ ਮੋਰਚਾ ਜੇਤੂ
ਮਾਰਚ 2018 ਵਿੱਚ ਪਿੰਡ ਰਾਮਪੁਰਾ ਦੀ ਭਗਤ ਰਵਿਦਾਸ ਧਰਮਸ਼ਾਲਾ ਵਿੱਚ ਲੋਕ ਸੰਗਰਾਮ ਮੰਚ ਵੱਲੋਂ ਨਾਟਕ ਮੇਲਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਨਾਟਕ ਮੇਲੇ ਦਾ ਸੁਨੇਹਾ ਲੈ ਕੇ ਮੰਚ ਦੀ ਟੀਮ ਜਦ ਦਲਿਤ ਵਿਹੜਿਆਂ ਵਿੱਚ ਗਈ ਤਾਂ ਪਤਾ ਲੱਗਾ ਕਿ ਵੋਟ ਬਟੋਰੂਆਂ ਨੇ ਬਹੁਤ ਸਾਰੇ ਗਰੀਬ ਲੋਕਾਂ ਨੂੰ ਉਹਨਾਂ ਦੀ ਮਰਜੀ ਮੁਤਾਬਕ ਨਾ ਚੱਲਣ ਕਰਕੇ ਸਬਕ ਸਿਖਾਉਣ ਲਈ ਆਟਾ-ਦਾਲ ਵਾਲੇ ਕਾਰਡਾਂ 'ਤੇ ਕਾਟਾ ਮਰਵਾ ਦਿੱਤਾ ਹੈ ਤਾਂ ਜੋ ਗਰੀਬ ਜਨਤਾ ਉਹਨਾਂ ਦੇ ਪੈਰੀਂ ਡਿਗੇ ਅਤੇ ਸਿਰ ਨਾ ਚੁੱਕ ਸਕੇ। ਗਰੀਬ ਘਰਾਂ ਵਿੱਚ ਆਟੇ ਦੀ ਬੇਹੱਦ ਥੋੜ੍ਹ ਤੇ ਸਿਆਸੀ ਚੌਧਰੀਆਂ ਦੇ ਪੱਕੇ ਕਾਰਡ ਬਣੇ ਹੋਏ ਸਨ।
ਲੋਕ ਸੰਗਰਾਮ ਮੰਚ ਨੇ ਇਸ ਮਸਲੇ 'ਤੇ ਸੰਘਰਸ਼ ਲੜਨ ਦਾ ਫੈਸਲਾ ਕਰ ਲਿਆ। ਧਰਨੇ, ਮੁਜਾਹਰੇ, ਡੈਪੂਟੇਸ਼ਨਾਂ ਦੀ ਲੰਮੀ ਲੜਾਈ ਤੇ ਦੂਜੇ ਪਾਸੇ ਹਰ ਪੀੜਤ ਪਰਿਵਾਰ ਦੇ ਫਾਰਮ ਮੁੜ ਭਰਨ ਵਿੱਚ ਉਹਨਾਂ ਨੂੰ ਪਟਵਾਰੀਆਂ, ਕਾਨੂੰਨਗੋਆਂ ਦੇ ਚੱਕਰਾਂ ਤੋਂ ਨਿਜਾਤ ਦਿਵਾਉਣ ਤੋਂ ਬਾਅਦ ਬਹਾਲ ਹੋਏ ਵੱਡੀ ਗਿਣਤੀ ਰਾਸ਼ਣ ਕਾਰਡਾਂ ਨੂੰ ਮੁੜ ਚਾਲੂ ਕਰਵਾਉਣ ਲਈ ਇੰਟਰਨੈੱਟ ਤੇ ਚੜ੍ਹਾਉਣ ਤੱਕ ਵੀ ਮੰਚ ਦੀ ਪੂਰੀ ਟੀਮ ਸਰਗਰਮ ਰਹੀ। ਘਰ ਘਰ ਦਾ ਸਰਵੇ ਕਰਵਾ ਕੇ ਭਾਰੀ ਬਹੁਗਿਣਤੀ ਦੇ ਕਾਰਡਾਂ ਦੀ ਬਹਾਲੀ ਨੂੰ ਯਕੀਨੀ ਬਣਾਇਆ ਗਿਆ। 
ਘੋਲ ਦੇ ਜੇਤੂ ਨਿਬੇੜੇ ਕਾਰਨ ਹੁਣ ਵੱਡੀ ਗਿਣਤੀ ਦਲਿਤ ਮਜ਼ਦੂਰ ਪਰਿਵਾਰਾਂ ਨੂੰ ਦੁਬਾਰਾ ਕਣਕ ਮਿਲ ਗਈ ਹੈ, ਉਹ ਵੀ ਉਦੋਂ ਜਦੋਂ ਕਿਸੇ ਵੀ ਭਾਅ ਪਿੰਡ ਵਿੱਚ ਕਣਕ ਨਹੀਂ ਮਿਲ ਰਹੀ ਸੀ। ਦਲਿਤ ਮਜ਼ਦੂਰਾਂ ਨੂੰ ਚੌਧਰੀਆਂ ਵੱਲੋਂ ਪੈਰੀਂ ਰੋਲਣ ਦੀ ਚਾਲ ਨੂੰ ਨਕਾਮ ਕਰ ਦਿੱਤਾ ਗਿਆ ਹੈ। ਇਸ ਘੋਲ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਪਿੰਡ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਮਜਬੂਤ ਇਕਾਈ ਬਣ ਗਈ ਹੈ। ਸਾਲ ਭਰ ਵਿੱਚ ਕਾਰਡਾਂ ਦੀ ਬਹਾਲੀ ਤੋਂ ਇਲਾਵਾ ਵੀ ਅਨੇਕਾਂ ਸਥਾਨਕ ਮਸਲਿਆਂ 'ਤੇ ਘੋਲ ਸਰਗਰਮੀਆਂ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ ਹਨ ਅਤੇ ਗਰੀਬ ਲੋਕਾਂ ਨੂੰ ਆਪਣਾ ਸਿਰ ਉੱਚਾ ਰੱਖ ਕੇ ਆਪਣੇ ਮਸਲੇ ਆਪਣੀ ਜਥੇਬੰਦਕ ਤਾਕਤ ਦੇ ਜ਼ੋਰ ਨਜਿੱਠਣ ਦੀ ਜਾਗ ਲਾਈ ਹੈ। 

ਕਿਰਾਇਆ ਘੋਲ ਦੇ ਸ਼ਹੀਦ ਲਾਭ ਸਿੰਘ ਯਾਦਗਾਰੀ ਸਮਾਗਮ

ਕਿਰਾਇਆ ਘੋਲ ਦੇ ਸ਼ਹੀਦ ਲਾਭ ਸਿੰਘ ਯਾਦਗਾਰੀ ਸਮਾਗਮ
21 ਜਨਵਰੀ 1980 ਨੂੰ ਉਸ ਵਕਤ ਚੱਲ ਰਹੇ ਬੱਸ ਕਿਰਾਇਆ ਘੋਲ ਵਿੱਚ ਪੁਲਸ ਦੀ ਗੋਲੀ ਤੇ ਤਸ਼ੱਦਦ ਨਾਲ ਸ਼ਹੀਦ ਹੋਏ ਸ਼ਹੀਦ ਲਾਭ ਸਿੰਘ ਦੀ ਯਾਦ ਵਿੱਚ ਅਤੇ ਸੰਘ-ਬੀ.ਜੇ.ਪੀ. ਦੇ ਫਾਸ਼ੀਵਾਦੀ ਹਮਲਿਆਂ ਵਿਰੁੱਧ ਕਨਵੈਨਸ਼ਨ ਕੀਤੀ ਗਈ। ਇਹ ਕਨਵੈਨਸ਼ਨ ਲੋਕ ਸੰਗਰਾਮ ਮੰਚ (ਆਰ.ਡੀ.ਐਫ.), ਸੀ.ਪੀ.ਆਈ. ਐਮ.ਐਲ. (ਲਿਬਰੇਸ਼ਨ), ਇਨਕਲਾਬੀ ਕੇਂਦਰ ਅਤੇ ਇਨਕਲਾਬੀ ਲੋਕ ਮੋਰਚਾ 'ਤੇ ਆਧਾਰਿਤ ਸਾਂਝੀ ਕਮੇਟੀ ਦੇ ਸੱਦੇ 'ਤੇ ਹੋਈ। ਇਸ ਕਮੇਟੀ ਵਿੱਚ ਕਾਮਰੇਡ ਲਾਭ ਸਿੰਘ ਦੇ ਸਮਕਾਲੀ ਸਾਥੀ ਸੁਖਦੇਵ ਪਾਂਧੀ ਵੀ ਸ਼ਾਮਲ ਸਨ। 
ਸਾਥੀ ਸੁਖਦੇਵ ਪਾਂਧੀ ਨੇ ਸਟੇਜ ਦੀ ਸ਼ੁਰੂਆਤ ਕਰਦਿਆਂ ਆਏ ਲੋਕਾਂ, ਆਗੂਆਂ ਅਤੇ ਕਾਮਰੇਡ ਲਾਭ ਸਿੰਘ ਦੇ ਸਮਕਾਲੀਆਂ ਨੂੰ ਜੀ-ਆਇਆਂ ਕਿਹਾ। ਕਮੇਟੀ ਵਿਚਲੇ ਆਗੂਆਂ ਤੋਂ ਇਲਾਵਾ ਲਾਭ ਸਿੰਘ ਦੀ ਪਤਨੀ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ। 
ਲਿਬਰੇਸ਼ਨ ਦੇ ਆਗੂ ਕਾਮਰੇਡ ਸੁਖਦਰਸ਼ਨ ਨੱਤ ਨੇ ਫਾਸ਼ੀਵਾਦ ਕੀ ਹੈ? ਇਹ ਸਮਝਾਉਣ ਦਾ ਯਤਨ ਕੀਤਾ। ਇਨਕਲਾਬੀ ਕੇਂਦਰ ਦੇ ਸਾਥੀ ਮੁਖਤਿਆਰ ਪੂਹਲਾ ਅਤੇ ਇਨਕਲਾਬੀ ਲੋਕ ਮੋਰਚਾ ਦੇ ਸਾਥੀ ਸਵਰਨਜੀਤ ਸਿੰਘ ਨੇ ਸੰਘੀਆਂ ਵੱਲੋਂ ਲੋਕਾਂ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਭਰਪੂਰ ਵਰਨਣ ਕੀਤਾ। ਲੋਕ ਸੰਗਰਾਮ ਮੰਚ ਦੀ ਆਗੂ ਕਾਮਰੇਡ ਸੁਖਵਿੰਦਰ ਕੌਰ ਨੇ ਸਾਥੀ ਲਾਭ ਸਿੰਘ ਦੀ ਪਤਨੀ ਵੱਲੋਂ ਝੱਲੀਆਂ ਤਕਲੀਫਾਂ ਦੇ ਬਾਵਜੂਦ ਲਹਿਰ ਦੇ ਨਾਲ ਖੜ੍ਹੇ ਰਹਿਣ ਦੇ ਮਹੱਤਵ ਨੂੰ ਦੱਸਦਿਆਂ ਕਿਹਾ ਕਿ ਲੋਕਾਂ ਲਈ ਜਾਨਾਂ ਵਾਰਨ ਵਾਲਿਆਂ ਦੇ ਪਰਿਵਾਰਾਂ ਦੀਆਂ ਵੀ ਵੱਡੀਆਂ ਕੁਰਬਾਨੀਆਂ ਹਨ। ਉਹਨਾਂ ਖੱਬੀ ਲਹਿਰ ਖਿਲਾਫ ਮੋਦੀ ਹਕੂਮਤ ਦੇ ਹਮਲੇ ਤੇ ਲੋਕਾਂ ਦੇ ਟਾਕਰੇ ਬਾਰੇ ਬਾਖੂਬੀ ਤਸਵੀਰ ਪੇਸ਼ ਕੀਤੀ। ਉਹਨਾਂ ਲੋਕਾਂ ਨੂੰ ਚੁਣੌਤੀਆਂ ਨਾਲ ਮੱਥਾ ਲਾਉਣ ਦਾ ਸੱਦਾ ਦਿੱਤਾ। ਇਸ ਸਮਾਗਮ ਵਿੱਚ ਇਹ ਘਾਟ ਰੜਕੀ ਕਿ ਸਾਥੀ ਲਾਭ ਸਿੰਘ ਦੀ ਸ਼ਹਾਦਤ ਤੋਂ ਪਿੱਛੋਂ ਚੱਲੇ ਸ਼ਾਨਦਾਰ ਟਾਕਰਾ ਘੋਲ ਤੇ ਲਾਭ ਸਿੰਘ ਦੇ ਪਰਿਵਾਰ ਤੇ ਕੇਸਾਂ ਵਿੱਚ ਫਸੇ ਸਾਥੀਆਂ ਦੀਆਂ ਦੁਸ਼ਵਾਰੀਆਂ ਦਾ ਜ਼ਿਆਦਾ ਜ਼ਿਕਰ ਨਹੀਂ ਹੋਇਆ। 
ਵਰਨਣਯੋਗ ਹੈ ਕਿ 21 ਜਨਵਰੀ 1980 ਨੂੰ ਟਰੈਫਿਕ ਜਾਮ ਦੇ ਸੱਦੇ ਮੌਕੇ ਰੱਲੇ ਦੇ ਬੱਸ ਅੱਡੇ 'ਤੇ ਇਕੱਤਰ ਹੋਏ 30-35 ਨੌਜੁਆਨ ਕਾਰਕੁੰਨਾਂ 'ਤੇ ਪੁਲਸ ਨੇ ਬਿਨਾ ਭੜਕਾਹਟ ਦੇ ਹਮਲਾ ਕਰ ਦਿੱਤਾ ਸੀ। ਨੌਜੁਆਨਾਂ ਵੱਲੋਂ ਸਾਹਮਣੇ ਤੋਂ ਟਾਕਰਾ ਕਰਨ 'ਤੇ ਪੁਲਸ ਨੇ ਗੋਲੀ ਚਲਾ ਦਿੱਤੀ। ਇਸ ਨਾਲ ਨੌਜੁਆਨ ਖਿੰਡ ਗਏ। ਖਿੰਡ ਰਹੇ ਨੌਜੁਆਨਾਂ ਦੇ ਪਿੱਛੇ ਜਾ ਕੇ ਥਾਣੇਦਾਰ ਜੋਗਿੰਦਰ ਸਿੰਘ ਨੇ ਲਾਭ ਸਿੰਘ ਦੇ ਪਹਿਲਾਂ ਗੋਲੀ ਮਾਰੀ, ਫਿਰ ਡਿਗੇ ਪਏ 'ਤੇ ਤਸ਼ੱਦਦ ਕੀਤਾ। ਲਾਭ ਸਿੰਘ ਦੀ ਲਾਸ਼ ਅਤੇ ਸੁਰਜਨ ਜੋਗਾ ਨੂੰ ਚੁੱਕ ਕੇ ਪੁਲਸ ਮੌਕੇ ਤੋਂ ਭੱਜ ਗਈ। 
ਬੁਢਲਾਡੇ ਸਮਸ਼ਾਨਘਾਟ ਵਿੱਚ ਪੁਲਸ ਨੇ ਖੁਦ ਹੀ ਸਾਥੀ ਲਾਭ ਸਿੰਘ ਦਾ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਨਾਜ਼ਰ ਸਿੰਘ ਬਾਗੀ ਦੀ ਅਗਵਾਈ ਵਿੱਚ ਨੌਜੁਆਨਾਂ ਨੇ ਅਸਫਲ ਕਰਦਿਆਂ ਚਿਤਾ ਵਿੱਚੋਂ ਅੱਧ ਸੜੀ ਲਾਸ਼ ਕੱਢ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਾਨਸਾ ਵਿਖੇ ਲਿਆ ਕੇ ਪੂਰੇ ਸਨਮਾਨ ਨਾਲ ਸਾਥੀ ਦਾ ਸਸਕਾਰ ਕੀਤਾ ਅਤੇ ਪੁਲਸੀ ਧਾੜਾਂ ਨੂੰ ਪਛਾੜ ਸੁੱਟਿਆ। ਇਸ ਪਿੱਛੋਂ ਪੁਲਸ ਨੇ ਕਾਫੀ ਜਣਿਆਂ ਨੂੰ ਕੇਸਾਂ ਵਿੱਚ ਉਲਝਾ ਲਿਆ ਜੋ ਲੰਬਾ ਸਮਾਂ ਬਿਨਾ ਕਿਸੇ ਖਾਸ ਸਹਾਇਤਾ ਦੇ ਕਾਫੀ ਮੁਸ਼ਕਲਾਂ ਵਿੱਚ ਰਹਿ ਕੇ ਕੇਸ ਭੁਗਤਦੇ ਰਹੇ। ਲੋਕ ਲਹਿਰ ਪੱਖੀ ਵਕੀਲਾਂ ਨੇ ਇਸਤਗਾਸਾ ਕਰਕੇ ਪੁਲਸੀਆਂ ਨੂੰ ਵੀ ਬਰਾਬਰ ਹੀ ਟੰਗ ਲਿਆ। ਸ਼ਹੀਦ ਲਾਭ ਸਿੰਘ ਜੋ ਕਿ ਗਰੀਬ ਪਰਿਵਾਰ ਵਿੱਚੋਂ ਸੀ, ਦੀ ਸ਼ਹਾਦਤ ਪਿੱਛੋਂ ਪਰਿਵਾਰ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਪਏ ਪਰ ਪਰਿਵਾਰ ਨੇ ਸਭ ਕੁੱਝ ਖਿੜੇ ਮੱਥੇ ਜਰਿਆ। ਪਰ ਖੱਬੀ ਲਹਿਰ ਨੂੰ ਅਜਿਹੀਆਂ ਕਮੀਆਂ 'ਤੇ ਗੰਭੀਰ ਵਿਚਾਰ ਕਰਨ ਦੀ ਲੋੜ ਹੈ।

ਘੱਟ ਗਿਣਤੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ

ਘੱਟ ਗਿਣਤੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ
ਕੇਂਦਰੀ ਹਕੂਮਤ ਦਾ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਖਾਸ ਕਰਕੇ ਸਿੱਖ ਅਤੇ ਮੁਸਲਿਮ ਘੱਟ ਗਿਣਤੀਆਂ ਪ੍ਰਤੀ ਨਜ਼ਰੀਆ ਪੱਖ-ਪਾਤੀ ਹੈ। ਦਿੱਲੀ ਅਤੇ ਗੋਧਰਾ ਕਾਂਡ ਕਤਲੇਆਮ ਦਾ ਹਾਲੇ ਤੱਕ ਤਸੱਲੀਬਖਸ਼ ਇਨਸਾਫ ਨਹੀਂ ਮਿਲਿਆ। ਕੇਂਦਰ ਉੱਤੇ ਆਰ.ਐਸ.ਐਸ. ਅਤੇ ਬੀ.ਜੇ.ਪੀ. ਨੇ ਕਬਜ਼ਾ ਜਮਾਇਆ ਹੋਇਆ ਹੈ। ਉਹ ਸੱਤਾ ਦੇ ਸਾਰੇ ਅੰਗਾਂ 'ਤੇ ਪੱਕਾ ਕੰਟਰੋਲ ਕਰਕੇ ਤਾਨਾਸ਼ਾਹੀ ਰਾਜ ਚਲਾ ਰਹੇ ਹਨ। ਨਾਂ ਦੀ ਧਰਮ-ਨਿਰਪੱਖਤਾ ਬਿਲਕੁੱਲ ਲੀਰੋ ਲੀਰ ਹੋ ਗਈ ਹੈ। ਹਿੰਦੂ ਰਾਜ ਸਥਾਪਤ ਕਰਨ ਦੀਆਂ ਤਿਆਰੀਆਂ ਲੱਗਭੱਗ ਮੁਕੰਮਲ ਕਰ ਲਈਆਂ ਹਨ। 
ਪਿਛਲੇ ਦਿਨੀਂ ਨਵਾਂਸ਼ਹਿਰ ਸੈਸ਼ਨ ਕੋਰਟ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਹਨਾਂ 'ਤੇ ਦੋਸ਼ ਇਹ ਹੈ ਕਿ ਉਹਨਾਂ ਕੋਲੋਂ ਸਿੱਖ ਸਾਹਿਤ ਪਕੜਿਆ ਗਿਆ ਹੈ। ਸਾਡਾ ਕਹਿਣਾ ਹੈ ਕਿ ਇਸ ਕਰਕੇ ਹੀ ਸਖਤ ਸਜ਼ਾ ਦੇਣੀ ਦਰੁਸਤ ਨਹੀਂ। ਇਸ ਵਿਰੁੱਧ ਜ਼ੋਰਦਾਰ ਆਵਾਜ਼ ਉੱਠਣੀ ਚਾਹੀਦੀ ਹੈ ਤਾਂ ਜੋ ਪੰਜਾਬ ਸਰਕਾਰ ਇਸ ਕੇਸ 'ਤੇ ਨਜ਼ਰਸਾਨੀ ਕਰਕੇ- ਉਹਨਾਂ ਦੀ ਰਿਹਾਈ ਬਾਰੇ ਸੋਚੇ। ਦਲੀਲ ਲਈ ਡਾਕਟਰ ਵਿਨਾਇਕ ਸੇਨ ਦੇ ਕੇਸ ਸਬੰਧੀ ਸੁਪਰੀਮ ਕੋਰਟ ਵਿੱਚ ਦਿੱਤਾ ਫੈਸਲਾ ਕਾਫੀ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ''ਕਿਸੇ ਗੈਰ-ਕਾਨੂੰਨੀ ਪਾਰਟੀ ਦਾ ਮੈਂਬਰ ਹੋਣਾ, ਉਸਦਾ ਲਿਟਰੇਚਰ ਪੜ੍ਹਨਾ ਜਾਂ ਕੋਲ ਰੱਖਣਾ ਗੈਰ-ਕਾਨੂੰਨੀ ਨਹੀਂ। ਉਹ ਵਿਅਕਤੀ ਉਦੋਂ ਹੀ ਦੋਸ਼ੀ ਹੋ ਸਕਦਾ ਹੈ, ਜਦੋਂ ਉਹ ਕਿਸੇ ਹਿੰਸਕ ਕਾਰਵਾਈ ਵਿੱਚ ਭਾਗ ਲਵੇ।'' 
ਇਸੇ ਤਰ੍ਹਾਂ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਕੇ 40 ਤੋਂ ਉੱਪਰ ਅਰਧ-ਸੈਨਿਕ ਮਨੁੱਖੀ ਬੰਬ ਬਣੇ ਮੁਸਲਿਮ ਜਹਾਦੀ ਦੀ ਗੱਡੀ ਨਾਲ ਟਕਰਾ ਕੇ ਮਾਰੇ ਗਏ। ਜੰਮੂ-ਕਸ਼ਮੀਰ ਵਿੱਚ ਲੰਬੇ ਸਮੇਂ ਤੋਂ ਚੱਲਦੇ ਇਸ ਯੁੱਧ ਕਾਰਨ ਸਵਾ ਲੱਖ ਦੇ ਕਰੀਬ ਮੁਸਲਮਾਨ ਵੀ ਜਾਨਾਂ ਗੁਆ ਚੁੱਕੇ ਹਨ। ਕਸ਼ਮੀਰੀ ਕੌਮ ਖੁਦ ਮੁਖਤਿਆਰੀ ਅਤੇ ਆਪਾ-ਨਿਰਣੇ ਦੇ ਹੱਕ ਲਈ ਲੜਦੀ ਆ ਰਹੀ ਹੈ। ਉਹਨਾਂ ਦੀ ਇਹ ਮੰਗ ਨਫਰਤ ਨਾਲ ਠੁਕਰਾ ਕੇ ਉਹਨਾਂ ਨੂੰ ਬੰਦੂਕਾਂ ਦੇ ਜ਼ੋਰ ਝੁਕਾਉਣ ਲਈ ਕੇਂਦਰੀ ਹਕੂਮਤ ਦਾ ਜ਼ੋਰ ਲੱਗਾ ਹੋਇਆ ਹੈ। ਜਿਸ ਵਿੱਚ ਉਹ ਸਫਲ ਨਹੀਂ ਹੋਣਗੇ। 
ਪੁਲਵਾਮਾ ਘਟਨਾ ਦੇ ਪ੍ਰਤੀਕਰਮ ਵਜੋਂ ਪੰਜਾਬ ਦੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਾਲਜਾਂ ਅਤੇ ਹੋਸਟਲਾਂ ਵਿੱਚੋਂ ਕੱਢਿਆ ਜਾ ਰਿਹਾ ਹੈ। ਉਹਨਾਂ 'ਤੇ ਹਿੰਦੂ ਫਾਸ਼ੀ ਤਾਕਤਾਂ ਵੱਲੋਂ ਹਿੰਸਕ ਹਮਲੇ ਕੀਤੇ ਜਾ ਰਹੇ ਹਨ। ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ  ਗਿਆ। ਮੁਸਲਮਾਨ ਵਿਦਿਆਰਥੀ ਅਤੇ ਲੋਕ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ ਅਤੇ ਉਹਨਾਂ ਨੇ ਗੁਰਦੁਆਰਿਆਂ ਦੇ ਅੰਦਰ ਪਨਾਹ ਲੈ ਕੇ ਜਾਨ ਬਚਾਈ। ਸਿੱਖਾਂ ਖਾਸ ਕਰਕੇ ਗੁਰਦੁਆਰਿਆਂ ਦੇ ਇਸ ਰੋਲ ਦੀ ਸ਼ਲਾਘਾ ਕਰਨੀ ਬਣਦੀ ਹੈ।

ਲੋਕ ਸੰਗਰਾਮ ਮੰਚ ਵੱਲੋਂ ਮਾਰਚ

ਲੋਕ ਸੰਗਰਾਮ ਮੰਚ ਵੱਲੋਂ ਮਾਰਚ
ਲੋਕ ਸੰਗਰਾਮ ਮੰਚ (ਪੰਜਾਬ) ਇਕਾਈ ਮੋਗਾ ਨੇ ਸਿੱਖ ਸੰਘਰਸ਼ ਕਮੇਟੀ ਨਾਲ ਰਲ ਕੇ 25 ਫਰਵਰੀ ਨੂੰ ਬੀਬੀ ਕਾਹਨ ਕੌਰ ਦੇ ਗੁਰਦੁਆਰੇ ਇਕੱਠੇ ਹੋ ਕੇ ਮੀਟਿੰਗ ਕੀਤੀ, ਜਿਸ ਨੂੰ ਲੋਕ ਸੰਗਰਾਮ ਮੰਚ (ਪੰਜਾਬ) ਦੇ ਮੋਗਾ ਇਕਾਈ ਦੇ ਆਗੂ ਰਵਾਇਤ ਸਿੰਘ, ਸਿੱਖ ਆਗੂ ਸੁਖਵਿੰਦਰ ਸਿੰਘ ਆਜ਼ਾਦ, ਸਾਬਕਾ ਆਈ.ਏ.ਐਸ. ਡਾ. ਸਵਰਨ ਸਿੰਘ ਆਦਿ ਨੇ ਸੰਬੋਧਨ ਕੀਤਾ। 
ਮੀਟਿੰਗ ਉਪਰੰਤ ਮੁੱਖ ਬਾਜ਼ਾਰ ਵਿੱਚ ਦੀ ਰੋਹ ਭਰਪੂਰ ਨਾਹਰੇ ਲਾਉਂਦੇ ਹੋਏ ਮੁੱਖ ਚੌਕ ਤੱਕ ਮਾਰਚ ਕੀਤਾ। ਨਾਹਰੇ ਸਨ- ''ਤਿੰਨ ਸਿੱਖ ਨੌਜਵਾਨਾਂ ਦੀ ਉਮਰ ਕੈਦ ਰੱਦ ਕਰੋ'', ''ਮੁਸਲਿਮ ਤੇ ਸਿੱਖ ਧਾਰਮਿਕ ਘੱਟ ਗਿਣਤੀ 'ਤੇ ਜਬਰ ਬੰਦ ਕਰੋ''। ਜਿੱਥੇ ਪੁਲ ਦੇ ਥੱਲੇ ਹੱਥਾਂ ਵਿੱਚ ਮੰਗਾਂ ਵਾਲੇ ਕਾਰਡ ਫੜ ਕੇ ਰੋਹ ਭਰਪੂਰ ਨਾਹਰੇ ਲਾਏ ਗੇ। ਬਾਅਦ ਵਿੱਚ ਡਿਪਟੀ ਕਮਿਸ਼ਨਰ, ਮੋਗਾ ਰਾਹੀਂ ਚੀਫ ਜਸਟਿਸ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਗਏ। 

ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਮੰਚ ਪੰਜਾਬ ਵੱਲੋਂ ਕਨਵੈਨਸ਼ਨ

ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਮੰਚ ਪੰਜਾਬ ਵੱਲੋਂ ਕਨਵੈਨਸ਼ਨ
27 ਫਰਵਰੀ ਨੂੰ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਤਿੰਨ ਇਨਕਲਾਬੀ ਜਮਹੂਰੀ ਜਥੇਬੰਦੀਆਂ 'ਤੇ ਆਧਾਰਤ ਗਰੀਨ ਹੰਟ ਵਿਰੋਧੀ ਮੰਚ ਪੰਜਾਬ ਵੱਲੋਂ ਕਨਵੈਨਸ਼ਨ ਆਯੋਜਿਤ ਕੀਤੀ ਗਈ। ਯਾਦ ਰਹੇ ਕਿ ਇਫਟੂ, ਏ.ਆਈ.ਕੇ.ਐਮ.ਐਸ., ਪੀ.ਐਸ.ਯੂ., ਲੋਕ ਸੰਗਰਾਮ ਮੰਚ ਪੰਜਾਬ ਅਤੇ ਇਨਕਲਾਬੀ ਲੋਕ ਮੋਰਚਾ ਪੰਜਾਬ 'ਤੇ ਆਧਾਰਿਤ ਮੰਚ ਵੱਲੋਂ ਦੇਸ਼ ਦੀ ਸਰਬ ਉੱਚ ਅਦਾਲਤ ਵੱਲੋਂ 12 ਲੱਖ ਦੇ ਕਰੀਬ ਆਦਿਵਾਸੀਆਂ ਨੂੰ ਉਜਾੜਨ ਦੇ ਦਿੱਤੇ ਫੈਸਲੇ ਵਿਰੁੱਧ, ਪਿਛਲੇ ਦਿਨੀਂ ਕਮਸ਼ੀਰ ਦੇ ਪੁਲਵਾਮਾ ਹਮਲੇ ਦੀ ਆਜ਼ ਵਿਚੱ ਕਸ਼ਮੀਰੀ ਲੋਕਾਂ 'ਤੇ ਵਿੱਢੇ ਤਸ਼ੱਦਦ ਵਿਰੁੱਧ ਕਨਵੈਨਸ਼ਨ ਕੀਤੀ ਗਈ। ਕਾਮਰੇਡ ਅਜਮੇਰ ਸਿੰਘ ਨਿਊ ਡੈਮੋਕਰੇਸੀ, ਲਾਲ ਸਿੰਘ ਗੋਲੇਵਾਲਾ, ਇਨਕਲਾਬੀ ਲੋਕ ਮੋਰਚਾ ਪੰਜਾਬ ਅਤੇ ਕਾਮਰੇਡ ਤਾਰਾ ਸਿੰਘ ਮੋਗਾ ਲੋਕ ਸੰਗਰਾਮ ਮੰਚ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ਵਿੱਚ ਮੁੱਖ ਬੁਲਾਰਿਆਂ ਸਾਥੀ ਰਾਜੇਸ਼ ਮਲਹੋਤਰਾ, ਸੁਖਵਿੰਦਰ ਕੌਰ ਅਤੇ ਕਾਮਰੇਡ ਦਰਸ਼ਨ ਖਟਕੜ ਨੇ ਬੋਲਦਿਆਂ ਕਿਹਾ ਕਿ ਭਾਰਤੀ ਹਕੂਮਤ ਵੱਲੋਂ ਕੇਂਦਰੀ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਪੁਲਸ, ਨੀਮ-ਫੌਜੀ ਬਲ ਅਤੇ ਭਾਰਤੀ ਫੌਜ ਦੀ ਲੱਗਭੱਗ 10 ਲੱਖ ਦੀ ਨਫਰੀ ਝੋਕ ਕੇ ਆਦਿਵਾਸੀਆਂ ਨੂੰ ਉਹਨਾਂ ਦੇ ਘਰਾਂ ਅਤੇ ਜ਼ਮੀਨਾਂ ਤੋਂ ਬੇਰਹਿਮੀ ਨਾਲ ਉਜਾੜਿਆ ਜਾ ਰਿਹਾ ਹੈ। ਆਦਿਵਾਸੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ, ਪ੍ਰੋਫੈਸਰਾਂ ਅਤੇ ਵਕੀਲਾਂ ਨੂੰ ਸ਼ਹਿਰੀ ਨਕਸਲੀ ਕਹਿ ਕੇ ਜੇਲ੍ਹੀਂ ਬੰਦ ਕੀਤਾ ਜਾ ਰਿਹਾ ਹੈ। ਉਹਨਾਂ 'ਤੇ ਅੱਤ ਦਰਜ਼ੇ ਦੇ ਵਹਿਸ਼ੀ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਕਨਵੈਸ਼ਨ ਵਿੱਚ ਮੰਚ ਨੇ ਮੰਗ ਕੀਤੀ ਕਿ ਆਦਿਵਾਸੀਆਂ 'ਤੇ ਵਿੱਢੇ ਅਣਮਨੁੱਖੀ ਤਸ਼ੱਦਦ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਉਹਨਾਂ ਦੀਆਂ ਜ਼ਮੀਨਾਂ ਤੇ ਮਲਟੀਪਲੈਕਸ ਕੰਪਨੀਆਂ ਨੂੰ ਕਰਵਾਏ ਜਾ ਰਹੇ ਕਬਜ਼ਿਆਂ ਤੋਂ ਹੱਥ ਪਿੱਛੇ ਕੀਤਾ ਜਾਵੇ। ਬੁਲਾਰਿਆਂ ਨੇ ਪਿਛਲੇ ਦਿਨੀਂ ਕਸ਼ਮੀਰ ਵਿੱਚ ਹੋਏ ਪੁਲਵਾਮਾ ਹਮਲੇ ਦੀ ਆੜ ਵਿੱਚ ਸਮੁੱਚੇ ਕਸ਼ਮੀਰੀ ਲੋਕਾਂ ਅਤੇ ਵਿਦਿਆਰਥੀਆਂ 'ਤੇ ਵਿੱਢੇ ਤਸ਼ੱਦਦ ਦੀ ਨਿਖੇਧੀ ਕੀਤੀ। ਇਸ ਹਮਲੇ ਨੂੰ ਭਾਰਤ ਬਨਾਮ ਮੁਸਲਮਾਨ ਬਣਾਇਆ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ। ਇਸ ਦੀ ਆੜ ਹੇਠ ਭਾਜਪਾ ਅਤੇ ਆਰ.ਐਸ.ਐਸ. ਜਿਸ ਤਰੀਕੇ ਨਾਲ ਪਾਕਿਸਤਾਨ ਵਿਰੁੱਧ ਜੰਗੀ ਜਨੂੰਨ ਭੜਕਾਅ ਰਹੀਆਂ ਹਨ, ਉਹ ਅੱਤ ਦਰਜ਼ੇ ਦਾ ਘਿਨਾਉਣਾ ਵਰਤਾਰਾ ਹੈ। ਬੁਲਾਰਿਆਂ ਨੇ ਸਮੁੱਚੇ ਲੋਕਾਂ, ਬੁੱਧੀਜੀਵੀਆਂ, ਵਕੀਲਾਂ, ਪ੍ਰੋਫੈਸਰਾਂ ਨੂੰ ਅਪੀਲ ਕੀਤੀ ਕਿ ਭਾਜਪਾ ਤੇ ਆਰ.ਐਸ.ਐਸ. ਵੱਲੋਂ ਚੋਣਾਂ ਜਿੱਤਣ ਲਈ ਕੀਤੇ ਜਾ ਰਹੇ ਘਟੀਆ ਮਨਸੂਬਿਆਂ ਦਾ ਸਖਤ ਪੈਂਤੜੇ ਤੋਂ ਵਿਰੋਧ ਕਰਨ। 

ਮਾਂ-ਬੋਲੀ ਦੀ ਰਾਖੀ ਲਈ ਕਾਫਲਾ ਤੁਰਿਆ

ਮਾਂ-ਬੋਲੀ ਦੀ ਰਾਖੀ ਲਈ ਕਾਫਲਾ ਤੁਰਿਆ


ਮਾਂ ਬੋਲੀ ਸਤਿਕਾਰ ਕਮੇਟੀ ਪੰਜਾਬ ਵੱਲੋਂ ਗੁਰਮੁਖੀ ਚੇਤਨਾ ਮਾਰਚ ਦੇ ਬੈਨਰ ਹੇਠ 30-35 ਗੱਡੀਆਂ ਦਾ ਕਾਫਲਾ 18 ਮਾਰਚ ਨੂੰ ਤਲਵੰਡੀ ਸਾਬੋ ਤੋਂ ਤੋਰਿਆ ਗਿਆ, ਜੋ ਕਿ ਪੰਜਾਬ ਦੇ ਵੱਡੇ ਇਲਾਕੇ ਵਿੱਚ ਪ੍ਰਚਾਰ ਕਰਦਾ ਹੋਇਆ 20 ਫਰਵਰੀ ਨੂੰ ਰਾਜਪਾਲ ਨੂੰ ਮੰਗ ਪੱਤਰ ਦੇ ਕੇ 21 ਫਰਵਰੀ ਨੂੰ ਪਟਿਆਲੇ ਭਾਸ਼ਾ ਵਿਭਾਗ ਦੇ ਦਫਤਰ ਸਾਹਮਣੇ ਰੈਲੀ ਵਿੱਚ ਤਬਦੀਲ ਹੋ ਗਿਆ। ਬੇਸ਼ੱਕ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੇ ਆਗੂਆਂ ਨੂੰ ਸਨਮਾਨਿਤ ਕਰਕੇ ਆਪਣੇ ਚੱਲ ਰਹੇ ਸਮਾਗਮ ਵਿੱਚ ਹਿੱਸਾ ਬਣਾ ਲੈਣ ਦੀ ਚਾਲ ਚੱਲੀ ਪਰ ਮੌਕੇ 'ਤੇ ਹਾਜ਼ਰ ਆਗੂਆਂ ਲੱਖਾ ਸਿਧਾਣਾ, ਸੁਰਜੀਤ ਸਿੰਘ ਫੂਲ ਨੇ ਚਾਲ ਨੂੰ ਭਾਂਪਦਿਆਂ ਉਲਟਾ ਉਹਨਾਂ ਦੀ ਹੀ ਸਟੇਜ ਤੋਂ ਉਹਨਾਂ ਦੀਆਂ ਨਕਾਮੀਆਂ ਗਿਣਾਉਣ ਦਾ ਤਹਿ ਕਰ ਲਿਆ। ਮੌਕਾ ਮਿਲਦਿਆਂ ਹੀ ਲੱਖਾ ਸਿਧਾਣਾ ਨੇ ਅਧਿਕਾਰੀਆਂ ਦੀ ਮਾਂ ਬੋਲੀ ਨਾਲ ਬੇਲਗਾਤਾ ਦਾ ਪਰਦਾਚਾਕ ਕਰ ਦਿੱਤਾ। ਖੁਦ ਭਾਸ਼ਾ ਵਿਭਾਗ ਦੇ ਬੋਰਡਾਂ 'ਤੇ ਵੀ ਪੰਜਾਬੀ ਦੂਜੇ ਨੰਬਰ 'ਤੇ ਲਿਖੀ ਦੇਖ ਕਾਫਲਾ ਰੋਹ ਵਿੱਚ ਆ ਗਿਆ ਤੇ ਮੌਕੇ 'ਤੇ ਬੋਰਡਾਂ 'ਤੇ ਕਾਲਾ ਰੰਗ ਕਰ ਦਿੱਤਾ ਗਿਆ। 
ਮਾਂ ਬੋਲੀ ਸਤਿਕਾਰ ਕਮੇਟੀ ਵਿੱਚ ਮਾਲਵਾ ਯੂਥ ਫੈਡਰੇਸ਼ਨ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਦਲ ਖਾਲਸਾ ਸ਼ਾਮਲ ਹਨ। ਇਸੇ ਕਮੇਟੀ ਦੀ ਅਗਵਾਈ ਵਿੱਚ ਪਿਛਲੇ ਸਾਲ ਮਾਂ ਬੋਲੀ ਨੂੰ ਪਹਿਲਾ ਸਥਾਨ ਨਾ ਦੇਣ ਵਾਲੇ ਬੋਰਡਾਂ 'ਤੇ ਕਾਲਾ ਪੋਚਾ ਪੰਜਾਬ ਭਰ ਵਿੱਚ ਫੇਰ ਦਿੱਤਾ ਗਿਆ ਸੀ। ਟੀ.ਐਸ.ਯੂ. ਦੇ ਆਗੂ ਅਤੇ ਵਰਕਰ ਤਲਵੰਡੀ ਸਾਬੋ ਅਤੇ ਬਠਿੰਡਾ ਵਿਖੇ ਕਾਫਲੇ ਦੇ ਸਵਾਗਤ ਲਈ ਅੱਗੇ ਆਏ। ਟੀ.ਐਸ.ਯੂ. ਵਾਲੇ ਸਾਥੀਆਂ ਨੇ ਬੇਸ਼ੱਕ ਹੋਰਨਾਂ ਥਾਵਾਂ 'ਤੇ ਵੀ ਹਾਜ਼ਰ ਹੋਣ ਦੀ ਪੇਸ਼ਕਸ਼ ਕੀਤੀ ਸੀ ਪਰ ਮੀਂਹ ਅਤੇ ਸਮੇਂ ਦੀ ਘਾਟ ਕਾਰਨ  ਬਰਗਾੜੀ, ਕੋਟਕਪੂਰਾ, ਫਰੀਦਕੋਟ ਵਿੱਚ ਮਾਰਚ ਨਹੀਂ ਰੁਕ ਸਕਿਆ। ਤਲਵੰਡੀ ਭਾਈ ਤੇ ਜ਼ੀਰਾ ਵਿਖੇ ਫਿਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸਾਥੀ ਮਾਰਚ ਦੇ ਸਵਾਗਤ ਲਈ ਅੱਗੇ ਆਏ। ਮਾਰਚ ਦੌਰਾਨ ਵੱਖ ਵੱਖ ਪੜਾਵਾਂ 'ਤੇ ਮਾਂ ਬੋਲੀ ਸਤਿਕਾਰ ਕਮੇਟੀ ਵੱਲੋਂ ਲੱਖਾ ਸਿਧਾਣਾ, ਹਰਦੀਪ ਸਿੰਘ ਮਹਿਰਾਜ ਅਤੇ ਹਮਾਇਤੀ ਜਥੇਬੰਦੀਆਂ ਵਜੋਂ ਲੋਕ ਸੰਗਰਾਮ ਮੰਚ ਦੀ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬਲਵੰਤ ਮੱਖੂ ਨੇ ਇੱਕ ਅਵਾਜ਼ਾ ਹੋ ਕੇ ਮਾਂ ਬੋਲੀ ਨਾਲ ਹੋ ਰਹੇ ਧੱਕੇ ਵਿਤਕਰੇ ਵਿਰੁੱਧ ਆਵਾਜ਼ ਉਠਾਈ। 
ਅਖੀਰਲੇ ਦਿਨ ਮਾਂ ਬੋਲੀ ਸਤਿਕਾਰ ਕਮੇਟੀ ਨੇ ਪੰਜਾਬੀ ਭਾਸ਼ਾ ਵਿਭਾਗ ਨੂੰ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਤੁਹਾਨੂੰ ਵਾਰ ਵਾਰ ਮਿਲ ਕੇ ਦੱਸ ਚੁੱਕੇ ਹਾਂ। ਹੁਣ ਵੀ ਅਗਰ ਤੁਸੀਂ ਆਪਣਾ ਫਰਜ਼ ਨਿਭਾਉਣ ਵਿੱਚ ਕੁਤਾਹੀ ਕੀਤੀ ਤਾਂ ਤੁਹਾਡੇ ਦਫਤਰ ਨੂੰ ਜਿੰਦਾ ਲਾ ਦਿੱਤਾ ਜਾਵੇਗਾ ਜੋ ਕਿ ਲੋਕਾਂ ਉੱਪਰ ਬੋਝ ਬਣਿਆ ਚਿੱਟਾ ਹਾਥੀ ਸਾਬਤ ਰਿਹਾ ਹੈ।